ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਅੰਮ੍ਰਿਤਧਾਰੀ ਹੋਏ ਲੋਕ ਸਿੱਖੀ ਦਾ ਕੀ ਭਲਾ ਕਰਨਗੇ?ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਮਹਿਜ ਹੀ ਕੁਝ ਦਿਨ ਬਾਕੀ ਹਨ, ਤਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣ ਵਾਲੇ ਵੋਟਰਾਂ ਬਾਰੇ ਭੰਬਲਭੂਸਾ ਅਜੇ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਸਹਿਜਧਾਰੀ ਸਿੱਖਾਂ ਨੂੰ ਵੋਟਰ ਬਣਾਉਣ ਸਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਵਿਚਾਰ ਅਧੀਨ ਹੈ। ਸਹਿਜਧਾਰੀ ਫੈਡਰੇਸ਼ਨ ਵੱਲੋਂ ਇਸ ਸਬੰਧੀ ਪਾਈ ਗਈ ਪਟੀਸ਼ਨ ਬਾਰੇ  ਮਾਨਯੋਗ ਅਦਾਲਤ ਵੱਲੋਂ ਸੁਣਵਾਈ ਵੀ ਕੀਤੀ ਜਾ ਰਹੀ ਹੈ ਅਤੇ ਨਾਲੋਂ ਨਾਲ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ 18 ਸਤੰਬਰ ਨੂੰ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਅਦਾਲਤ ਵੱਲੋਂ ਲਏ ਗਏ ਫੈਸਲੇ ਨਾਲ ਇਹ ਚੋਣਾਂ ਸਮੇਂ 'ਤੇ ਹੋ ਸਕਣਗੀਆਂ ਜਾਂ ਨਹੀਂ ਇਹ ਇਕ ਵਖਰਾ ਵਿਸ਼ਾ ਹੈ, ਪਰ ਜਿਸ ਹਾਲਾਤ ਵਿਚ ਮੌਜੂਦਾ ਐਲਾਨੇ ਪ੍ਰੋਗਰਾਮ ਤਹਿਤ ਇਹ ਚੋਣਾਂ ਹੋ ਰਹੀਆਂ ਹਨ, ਉਸ ਦੇ ਮੱਦੇਨਜ਼ਰ ਵੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈ ਰਹੇ ਉਮੀਦਵਾਰਾਂ ਅਤੇ ਵੋਟਰਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਪਿਛਲੇ ਸਮੇਂ ਦੌਰਾਨ ਅਦਾਲਤ ਵੱਲੋਂ 'ਸਹਿਜਧਾਰੀ ਅਤੇ ਪਤਿੱਤ ਸਿੱਖ ਦੀ ਪ੍ਰੀਭਾਸ਼ਾ' ਮੰਗੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾਲਤ ਵਿਚ ਦਿੱਤੇ ਗਏ ਨਵੇਂ ਹਲਫ਼ਨਾਮੇ 'ਚ ਕਿਹਾ ਗਿਆ ਸੀ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 2 ਅਨੁਸਾਰ 'ਜੋ ਵਿਅਕਤੀ ਕੇਸਧਾਰੀ ਹੈ, ਪਰ ਉਸਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ, ਉਹ ਸਹਿਜਧਾਰੀ ਹੈ ਅਤੇ ਜੋ ਜਿਸ ਵਿਅਕਤੀ ਨੇ ਅੰਮ੍ਰਿਤ ਛਕ ਕੇ ਭੰਗ ਕੀਤਾ ਹੈ, ਉਹ ਪਤਿੱਤ ਸਿੱਖ ਹੈ। ਇਸ ਪ੍ਰੀਭਾਸ਼ਾ ਨਾਲ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਤੋਂ ਇਸ ਨਵੇਂ ਹਲਫਨਾਮੇ ਨਾਲ ਪੱਲਾ ਤਾਂ ਛੁੜਵਾ ਲਿਆ ਸੀ, ਪਰ Àਸ ਸਮੇਂ ਸਿੱਖ ਕੌਮ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਹੀ ਨਹੀਂ ਸੋਚਿਆ ਕਿ 'ਸਹਿਜਧਾਰੀ ਸਿੱਖ' ਦੀ ਇਸ ਪ੍ਰੀਭਾਸ਼ਾ ਨਾਲ ਸਿੱਖ ਕੌਮ ਨੂੰ ਕਿਹੜੀਆਂ ਨਵੀਆਂ ਦਿੱਕਤਾਂ ਆ ਸਕਦੀਆਂ ਹਨ? ਇਕ ਪਾਸੇ ਤਾਂ ਇਸ ਵਾਰ ਦੀਆਂ ਚੋਣਾਂ ਲਈ ਗੁਰਦੁਆਰਾ ਚੋਣ ਕਮਿਸ਼ਨ ਇਥੋਂ ਤੱਕ ਕਹਿ ਦਿੱਤਾ ਹੈ ਕਿ ਪਤਿੱਤ ਸਿੱਖ ਵੋਟਰਾਂ ਦੀ ਵੋਟ ਪਾਉਣ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਸਾਰੇ ਉਮੀਦਵਾਰ ਪਰਿਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਗੁਰਦੁਆਰਾ ਚੋਣ ਕਮਿਸ਼ਨ ਦਾ ਇਹ ਫੈਸਲਾ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਜਿਥੇ ਵੱਡੇ ਕਲੇਸ਼ ਦਾ ਕਾਰਨ ਬਣੇਗਾ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮੇ  ਨਾਲ ਦੁਨੀਆਂ ਸਾਹਮਣੇ ਸਿੱਖ ਕੌਮ ਦੀ ਜੱਗ ਹਸਾਈ ਵੱਖਰੀ ਹੋਵੇਗੀ, ਕਿਉਂਕਿ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇੱਛਾ ਨਾਲ ਅੰਮ੍ਰਿਤਧਾਰੀ ਹੋਣ ਵਾਲੇ ਉਮੀਦਵਾਰ ਸਿੱਖ ਕੌਮ ਦਾ ਕਿਹੋ ਜਿਹਾ ਭਵਿੱਖ ਸਿਰਜਣਗੇ, ਇਸ ਬਾਰੇ ਕੁਝ ਕਹਿਣ ਸੁਣਨ ਦੀ ਗੁਜਾਇਸ਼ ਹੀ ਨਹੀਂ ਬਚਦੀ। ਦੂਸਰੇ ਪਾਸੇ ਸਿਰਫ਼ ਕੇਸਧਾਰੀਆਂ ਨੂੰ ਵੋਟਰ ਮੰਨਣ ਨਾਲ ਕੇਸਾਧਾਰੀ ਹਿੰਦੂਆਂ ਦੇ ਨਾਲ ਨਾਲ ਡੇਰੇਵਾਦੀਆਂ ਨਾਲ ਜੁੜੇ ਕੇਸਾਧਾਰੀ ਲੋਕਾਂ ਨੂੰ ਵੀ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਮਿਲ ਜਾਵੇਗੀ। ਮਸਲਨ ਰਾਧਾ ਸੁਆਮੀਆਂ ਦੇ ਡੇਰੇ ਅਤੇ ਡੇਰਾ ਸਿਰਸਾ ਦੇ ਮੁਖੀਆਂ ਸਮੇਤ ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਵਿਚ ਤੀਹ ਫੀਸਦੀ ਤਦਾਦ ਕੇਸਾਧਾਰੀ ਲੋਕਾਂ ਦੀ ਹੈ। ਇਸੇ ਤਰ੍ਹਾਂ ਉਹ ਲੋਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਵੱਡੀ ਗਿਣਤੀ 'ਚ ਉਹ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨਾਂ ਲੋਕਾਂ ਨੂੰ ਹੁਣ ਤੱਕ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਨਾਮ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਯੋਗਾ-ਗੁਰੂ ਕਹੇ ਜਾਣ ਵਾਲੇ ਬਾਬਾ ਰਾਮਦੇਵ ਸਮੇਤ ਕਿੰਨੇ ਹੀ ਸਨਾਤਨ ਧਰਮ ਨੂੰ ਮੰਨਣ ਵਾਲੇ ਸਾਧੂ ਸੰਤ ਕੇਸਾਧਾਰੀ ਹਨ। ਇਸ ਤੋਂ ਇਲਾਵਾ ਔਰਤਾਂ ਤਾਂ ਕੁਝ ਕੁ ਛੱਡ ਕੇ ਸਾਰੀਆਂ ਹੀ ਕੇਸਾਧਾਰੀ ਹਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਵੋਟਰ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ। ਆਰ.ਐਸ.ਐਸ. ਦੁਆਰਾ ਸਿਰਜੀ ਗਈ ਜਥੇਬੰਦੀ 'ਰਾਸ਼ਟਰੀ ਸਿੱਖ ਸੰਗਤ' ਤਾਂ ਸਾਰੀ ਹੀ ਕੇਸਾਧਾਰੀ ਹੈ। ਇਸ ਤਰ੍ਹਾਂ ਇਕ ਅਜਿਹਾ ਤਬਕਾ ਗੁਰਦੁਆਰਾ ਪ੍ਰਬੰਧਾਂ ਵਿਚ ਭਾਰੂ ਹੋਵੇਗਾ, ਜੋ ਅਸਲੋਂ ਸਿੱਖ ਧਰਮ ਦੀ ਬੁਨਿਆਦ ਨੂੰ ਖਤਮ ਕਰਕੇ, ਬਿਪਰਵਾਦ ਅਤੇ ਡੇਰਾਵਾਦ ਨੂੰ ਲਾਗੂ ਕਰਨਾ ਚਾਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬਉੱਚ ਮੰਨਣ ਦੀ ਥਾਂ ਦੇਹਧਾਰੀ ਗੁਰੂਆਂ ਨੂੰ ਮੰਨ ਰਿਹਾ ਹੈ।
ਆਪਣੀ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾ ਕੇ, ਗ੍ਰੰਥ ਅਤੇ ਪੰਥ ਦੀ ਸਾਰੀ ਸੇਵਾ ਸੰਭਾਲ ਖਾਲਸੇ ਨੂੰ ਸੌਂਪ ਦਿੱਤੀ ਤਾਂ ਉਥੇ ਉਹਨਾਂ ਕਿਤੇ ਵੀ ਸਹਿਜਧਾਰੀ ਸਿੱਖਾਂ ਲਈ ਕੋਈ ਵੱਖਰੀ ਜ਼ਿੰਮੇਵਾਰੀ ਨਹੀਂ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਨਿਹਚਾ ਰੱਖਣ ਵਾਲੇ ਦੂਸਰੇ ਧਰਮਾਂ ਦੇ ਲੋਕਾਂ ਲਈ ਅਤੇ ਪੂਰੀ ਤਰ੍ਹਾਂ ਰਹਿਤ ਮਰਿਯਾਦਾ ਵਿਚ ਨਾ ਰਹਿਣ ਵਾਲੇ ਸਿੱਖਾਂ ਲਈ ਗੁਰੂਘਰਾਂ 'ਚ ਗੁਰਬਾਣੀ ਸੁਨਣ, ਕੀਰਤਨ ਸੁਨਣ ਅਤੇ ਗੁਰੂਘਰਾਂ 'ਚ ਸੇਵਾ ਕਰਨ ਲਈ ਕਿਤੇ ਵੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ, ਪਰ ਗੁਰੂਘਰਾਂ ਦੀ ਸੇਵਾ ਸੰਭਾਲ ਦਾ ਜ਼ਿੰਮਾਂ ਦਾ ਗੁਰੂ ਸਾਹਿਬਾਨ ਵੱਲੋਂ ਪ੍ਰਮਾਣਿਤ ਕੀਤੇ ਗਏ ਅੰਮ੍ਰਿਤਧਾਰੀ ਸਿੱਖਾਂ ਦਾ ਹੀ ਹੋਣਾ ਚਾਹੀਦਾ ਹੈ। ਜੇਕਰ ਅਸੀਂ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ 'ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ' ਤਾਂ ਇਥੇ ਕੋਈ ਗੁਜਾਇਸ਼ ਨਹੀਂ ਬਚਦੀ ਕਿ ਗੁਰੂਘਰਾਂ ਦੇ ਪ੍ਰਬੰਧਾਂ ਵਿਚ ਰਹਿਤ ਮਰਿਯਾਦਾ ਤੋਂ ਬਾਹਰਲੇ ਵਿਅਕਤੀਆਂ ਨੂੰ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੋਵੇ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਸਾਰੇ ਉਮੀਦਵਾਰ ਪਰਿਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਹੁਣ ਵੀ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਜਿੱਤ ਕੇ ਗੁਰੂਘਰਾਂ 'ਤੇ ਕਬਜ਼ਾ ਕਰਨ ਦੀ ਮਨਸ਼ਾ ਲੈ ਕੇ ਮੈਦਾਨ 'ਚ ਉਤਰੇ ਉਮੀਦਵਾਰ ਵੀ ਚੋਣਾਂ ਲੜਨ ਦੀ ਇੱਛਾ ਨਾਲ ਹੀ ਅੰਮ੍ਰਿਤਧਾਰੀ ਹੋਣਗੇ ਅਤੇ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਆਪਣੀ ਇੱਛਾ ਪੂਰਤੀ ਲਈ ਹੀ ਮੰਨਣਗੇ। ਇਸੇ ਹੁਕਮਨਾਮੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਂਬਰ ਅਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੀ ਧਰਮਪਤਨੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਿਜਾ ਕੇ ਅੰਮ੍ਰਿਤਪਾਨ ਕਰਵਾਇਆ ਗਿਆ ਹੈ। ਹੁਣ  ਇਥੇ ਇਹ ਵਰਨਣਯੋਗ ਹੈ ਕਿ ਪਿਛਲੀ ਸ਼੍ਰੋਮਣੀ ਕਮੇਟੀ 'ਚ ਮੈਂਬਰ ਰਹਿਣ ਸਮੇਂ ਜੋ ਲੰਗਾਹ ਸਾਬ੍ਹ ਆਪਣੀ ਧਰਮ ਪਤਨੀ ਨੂੰ ਵੀ ਪ੍ਰੇਰਕੇ ਅੰਮ੍ਰਿਤਧਾਰੀ ਨਹੀਂ ਕਰ ਸਕੇ, ਉਹਨਾਂ ਨੇ ਸਿੱਖੀ ਦੇ ਪਸਾਰ ਪ੍ਰਚਾਰ ਲਈ ਕਿਹੋ ਜਿਹਾ ਯੋਗਦਾਨ ਪਾਇਆ ਹੋਵੇਗਾ, ਇਹ ਸਮਝਣਾ ਕਿਸੇ ਲਈ ਵੀ ਬਹੁਤਾ ਔਖਾ ਨਹੀਂ ਹੈ। ਹੁਣ ਇਹੋ ਜਿਹੇ ਉਮੀਦਵਾਰ ਜਿੱਤਣ ਲਈ ਪਤਿੱਤ ਸਿੱਖਾਂ ਦੀਆਂ ਵੋਟਾਂ ਲੈਣ ਲਈ ਤਾਂ ਤਰਲੋਮੱਛੀ ਹੋਣਗੇ ਹੀ, ਸਗੋਂ ਉਪਰ ਦਿੱਤੇ ਵਾਂਗ ਇੱਛਾਧਾਰੀ ਸਿੱਖ ਵੀ ਪੈਂਦਾ ਕਰਨ 'ਚ ਢਿੱਲ ਨਹੀਂ ਕਰਨਗੇ। ਇਸ ਵਰਤਾਰੇ ਨਾਲ ਜਿਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਹੋਣ ਲਈ ਪਤਿੱਤ ਤਾਂ ਕੀ ਹਰ ਕਿਸਮ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਰਾਜਨੀਤਕ ਲੋਕ ਹਰ ਤਰ੍ਹਾਂ ਦੇ ਹਥਕੰਡੇ ਵਰਤਣ ਤੋਂ ਗੁਰੇਜ ਨਹੀਂ ਕਰਨਗੇ, ਉਥੇ ਇਹ ਗੱਲ ਵੀ ਸਾਫ਼ ਹੋ ਰਹੀ ਹੈ ਕਿ ਵੋਟਾਂ ਸਮੇਂ ਅਜਿਹੇ ਇੱਛਾਧਾਰੀ ਵੋਟਰਾਂ ਲਈ ਨਸ਼ਿਆਂ ਦਾ ਦੌਰ ਵੀ ਚਲਾਉਣਾ ਚੋਣਾਂ ਲੜਨ ਵਾਲਿਆਂ ਦੀ ਹਰ ਹਾਲਤ ਵਿਚ ਮਜ਼ਬੂਰੀ ਬਣੇਗਾ। ਸਿੱਖ ਕੌਮ ਵਿਚ ਵੱਖ-ਵੱਖ ਮਰਿਯਾਦਾ ਵਾਲੀਆਂ ਪਹਿਲਾਂ ਹੀ ਅਨੇਕਾਂ ਸੰਪਰਦਾਵਾਂ ਬਣੀਆਂ ਹੋਈਆਂ ਹਨ, ਹੁਣ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਠੰਡੇ ਮਨ ਨਾਲ ਅਤੇ ਗੁਰੂ ਤੋਂ ਸੇਧ ਲੈ ਕੇ ਸੋਚਣ ਦੀ ਲੋੜ ਹੈ। ਵੱਧ ਰਹੇ ਪਤਿੱਤਪੁਣੇ ਨੂੰ ਰੋਕਣ ਅਤੇ ਨਵੀਂ ਪੀੜ੍ਹੀ ਨੂੰ ਗੁਰੂ ਨਾਲ ਜੋੜਨ ਲਈ ਇਹ ਸੋਚਣਾ ਅਤਿ ਜ਼ਰੂਰੀ ਹੋ ਗਿਆ ਹੈ ਕਿ ਗੁਰੂਘਰਾਂ ਦਾ ਪ੍ਰਬੰਧ ਸੌਂਪਣ ਵੇਲੇ ਸਾਰੀ ਕੌਮ ਨਿੱਕੀ ਮੋਟੀ ਧੜੇਬੰਦੀ ਅਤੇ ਘਟੀਆ ਰਾਜਨੀਤੀ ਤੋਂ ਉਪਰ ਉਠ ਕੇ 18 ਸਤੰਬਰ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਪਹਿਰਾ ਦੇਵੇ ਅਤੇ ਇੱਛਾਧਾਰੀ ਵੋਟਰਾਂ ਨੂੰ ਹਰ ਹਾਲਤ ਵਿਚ ਪੋਲਿੰਗ ਸਟੇਸ਼ਨਾਂ ਤੋਂ ਦੂਰ ਰੱਖੇ ਤਾਂ ਕਿ ਸਹੀ ਪੰਥਕ ਨੁਮਾਇੰਦਿਆਂ ਦੇ ਹੱਥਾਂ ਵਿਚ ਗੁਰੂਘਰਾਂ ਦਾ ਪ੍ਰਬੰਧ ਸਂੌਂਪਿਆ ਜਾ ਸਕੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਢਿੱਲ ਦਾ ਫਾਇਦਾ ਉਠਾ ਕੇ ਚਿਰਾਂ ਤੋਂ ਸਿੱਖੀ ਦੀਆਂ ਜੜ੍ਹਾਂ ਕੁਤਰਨ ਵਾਲੇ ਬਿਪਰਵਾਦੀ ਤਬਕੇ ਦਾ ਸਾਡੇ ਗੁਰੂਘਰਾਂ 'ਤੇ ਵੀ ਮੁਕੰਮਲ ਕਬਜ਼ਾ ਹੋ ਜਾਵੇਗਾ ਅਤੇ ਸਿੱਖੀ ਨੂੰ ਸਿੱਖੀ ਦੇ ਕਾਤਲਾਂ ਹਵਾਲੇ ਕਰਨ ਵਿਚ ਸਿੱਖਾਂ ਦਾ ਆਪਣਾ ਹੀ ਵੱਡਾ ਰੋਲ ਹੋਵੇਗਾ।
- ਜਗਸੀਰ ਸਿੰਘ ਸੰਧੂ
98764-16009