ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲਗਤਾਰ ਪੈਰ ਹਿਲਾਉਣਾ ਆਦਤ ਨਹੀਂ, ਬਿਮਾਰੀ ਹੈ


ਮੈਂ ਤੁਹਾਡੇ ਨਾਲ ਇਕ ਨਿੱਜੀ ਤਜਰਬਾ ਸਾਂਝਾ ਕਰਦਾ ਹਾਂ। ਕੁਝ ਵਰ੍ਹਿਆਂ ਤੱਕ ਮੇਰੇ ਨਾਲ ਇਕ ਟਾਈਪਿਸਟ ਸੀ। ਜਦੋਂ ਵੀ ਮੈਂ ਕੋਈ ਲੇਖ ਟਾਈਪ ਕਰਵਾਉਣ ਲਈ ਉਸ ਦੇ ਕੋਲ ਬੈਠਦਾ ਤਾਂ ਵੇਖਦਾ ਕਿ ਉਹ ਕੰਮ ਕਰਦਿਆਂ ਭਾਵ ਮੇਰਾ ਲੇਖ ਟਾਈਪ ਕਰਦਿਆਂ ਪੂਰਾ ਸਮਾਂ ਆਪਣੇ ਪੈਰਾਂ ਨੂੰ ਵੀ ਹਿਲਾ ਰਿਹਾ ਹੁੰਦਾ ਸੀ। ਜਦੋਂ ਮੈਂ ਉਸ ਨੂੰ ਰੋਕਦਾ ਕਿ ਪੈਰ ਕਿਉਂ ਹਿਲਾ ਰਹੇ ਹੋ ਤਾਂ ਉਹ ਤੁਰੰਤ ਪੈਰ ਹਿਲਾਉਣਾ ਬੰਦ ਕਰ ਦਿੰਦਾ ਪਰ ਕੁਝ ਮਿੰਟਾਂ ਬਾਅਦ ਉਹ ਭੁੱਲ ਜਾਂਦਾ ਅਤੇ ਫਿਰ ਪੈਰ ਹਿਲਾਉਣੇ ਸ਼ੁਰੂ ਕਰ ਦਿੰਦਾ। ਜਦੋਂ ਮੈਂ ਉਸ ਨੂੰ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਪੈਰ ਕਿਉਂ ਹਿਲਾਉਂਦੇ ਹੋ ਤਾਂ ਉਹ ਕਹਿੰਦਾ ਕਿ ਕੀ ਕਰਾਂ ਸਰ, ਬਚਪਨ ਤੋਂ ਹੀ ਇਹ ਆਦਤ ਪੈ ਚੁੱਕੀ ਹੈ। ਬੜੀ ਕੋਸ਼ਿਸ਼ ਕਰਦਾ ਹਾਂ, ਛੁੱਟਦੀ ਹੀ ਨਹੀਂ। ਕੁਝ ਹੀ ਮਿੰਟਾਂ ਬਾਅਦ ਸਾਰੀਆਂ ਹਦਾਇਤਾਂ ਮੈਨੂੰ ਭੁੱਲ ਜਾਂਦੀਆਂ ਹਨ। ਜੇ ਮੈਂ ਕਹਿੰਦਾ ਕਿ ਇਹ ਆਦਤ ਨਹੀਂ ਬਿਮਾਰੀ ਹੈ ਤਾਂ ਮੈਨੂੰ ਗ਼ਲਤ ਸਿੱਧ ਕਰਨ ਲਈ ਉਹ ਤੁਰੰਤ ਜਵਾਬ ਦਿੰਦਾ ਕਿ ਇਹ ਆਦਤ ਹੈ ਸਰ। ਮੇਰੇ ਪਿਤਾ ਜੀ ਨੂੰ ਵੀ ਹੈ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਵੀ ਸੀ।
ਚੰਦਨ ਠੀਕ ਕਹਿ ਰਿਹਾ ਸੀ। ਦਰਅਸਲ ਇਹ ਬਿਮਾਰੀ ਹੀ ਹੈ ਪਰ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਹੈ। ... ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੋਗੀ ਨੂੰ ਕਦੇ ਨਹੀਂ ਲਗਦਾ, ਖਾਸ ਕਰਕੇ ਜਿਨ੍ਹਾਂ ਨੂੰ ਇਹ ਰੋਗ ਮੁਢਲੇ ਪੱਧਰ ਦਾ ਹੁੰਦਾ ਹੈ ਕਿ ਇਹ ਰੋਗ ਹੈ, ਇਹ ਬਿਮਾਰੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਇਕ ਬੁਰੀ ਆਦਤ ਹੈ, ਜਿਸ ਤੋਂ ਉਹ ਚਾਹੁੰਦੇ ਹੋਏ ਵੀ ਛੁਟਕਾਰਾ ਨਹੀਂ ਪਾ ਸਕਦੇ। ਪਰ ਯਾਦ ਰੱਖੋ ਇਹ ਆਦਤ ਨਹੀਂ ਬਿਮਾਰੀ ਹੈ। ਇਸ ਨੂੰ ਰੈਸਟਲੈੱਸ ਲੈੱਗ ਸਿੰਡਰੋਮ ਜਾਂ ਆਰ. ਐਲ. ਐਸ. ਕਹਿੰਦੇ ਹਨ।
ਰੈਸਟਲੈੱਸ ਲੈੱਗ ਸਿੰਡਰੋਮ ਦੇ ਕਾਰਨਾਂ ਦਾ ਪਤਾ ਨਹੀਂ ਅਜੇ ਤੱਕ ਲੱਗ ਸਕਿਆ। ਪੰ੍ਰਤੂ ਇਹ ਜ਼ਰੂਰ ਦੇਖਣ 'ਚ ਆਇਆ ਹੈ ਕਿ ਇਹ 70 ਫ਼ੀਸਦੀ ਤੋਂ ਵਧੇਰੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਘਰ-ਪਰਿਵਾਰ ਵਿਚ ਇਹ ਪਹਿਲਾਂ ਵੀ ਕਿਸੇ ਨੂੰ ਹੁੰਦਾ ਹੋਵੇ। ਭਾਵ ਇਹ ਕਿ ਇਹ ਬੇਲੋੜੇ ਕਾਰਨਾਂ ਕਾਰਨ ਹੁੰਦਾ ਹੈ। ਆਮ ਤੌਰ 'ਤੇ ਪ੍ਰਾਇਮਰੀ ਆਰ. ਐਲ. ਐਸ. ਵੰਸ਼ ਅਨੁਸਾਰ ਹੁੰਦੇ ਹਨ। ਅਜਿਹੇ ਵੰਸ਼ ਵਿਚ ਆਰ. ਐਲ. ਐਸ. ਛੋਟੀ ਉਮਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਦੂਜੇ ਮਾਮਲਿਆਂ ਦੀ ਤੁਲਨਾ ਵਿਚ ਉਮਰ ਅਨੁਸਾਰ ਹੌਲੀ-ਹੌਲੀ ਵਧਦਾ ਹੈ। ਆਰ. ਐਲ. ਐਸ. ਨੂੰ ਕੁਝ ਦਵਾਈਆਂ ਦੀ ਵਰਤੋਂ ਨਾਲ ਜੋੜਿਆ ਗਿਆ ਹੈ ਜਿਸ ਵਿਚ ਕੈਫੀਨ ਅਤੇ ਅਲਕੋਹਲ ਸ਼ਾਮਿਲ ਹਨ।
ਕੈਫੀਨ ਜਾਂ ਅਲਕੋਹਲ ਦੀ ਵਰਤੋਂ ਘੱਟ ਕਰਨ ਜਾਂ ਪੂਰੀ ਤਰ੍ਹਾਂ ਵਰਤੋਂ ਨਾ ਕਰਨ ਨਾਲ ਇਸ ਤੋਂ ਲਾਭ ਮਿਲਦਾ ਹੈ। ਸਿਗਰਟਨੋਸ਼ੀ ਛੱਡਣ ਕਾਰਨ ਇਸ ਤੋਂ ਲਾਭ ਮਿਲ ਸਕਦਾ ਹੈ। ਚੰਗੀ ਨੀਂਦ ਜਾਂ ਕਸਰਤ ਕੁਝ ਰੋਗੀਆਂ ਨੂੰ ਇਸ ਤੋਂ ਠੀਕ ਹੋਣ ਵਿਚ ਮਦਦਗਾਰ ਹੋ ਸਕਦਾ ਹੈ। ਜਿਨ੍ਹਾਂ ਰੋਗੀਆਂ ਵਿਚ ਇਸ ਦੇ ਲੱਛਣ ਗੰਭੀਰ ਨਹੀਂ ਹੁੰਦੇ, ਉਨ੍ਹਾਂ ਨੂੰ ਆਪਣੀ ਜੀਵਨਸ਼ੈਲੀ ਵਿਚ ਤਬਦੀਲੀ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਆਇਰਨ, ਪਫੋਲੇਟ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਆਪਣੇ ਭੋਜਨ ਵਿਚ ਉਨ੍ਹਾਂ ਦੀ ਭਰਪੂਰ ਮਾਤਰਾ ਲੈਣੀ ਚਾਹੀਦੀ ਹੈ। ਗਰਮ ਪਾਣੀ ਨਾਲ ਨਹਾਉਣਾ, ਪੈਰਾਂ ਦੀ ਮਾਲਿਸ਼ ਕਰਨਾ, ਗਰਮ ਜਾਂ ਠੰਢੀ ਸਿਕਾਈ ਕਰਨਾ ਅਤੇ ਇਸ ਤਰ੍ਹਾਂ ਕਰਨ 'ਤੇ ਚਲਣ-ਫਿਰਨ ਨਾਲ ਰੋਗੀ ਨੂੰ ਤੁਰੰਤ ਲਾਭ ਮਿਲਦਾ ਹੈ ਪਰ ਇਹ ਲਾਭ ਬਹੁਤ ਘੱਟ ਹੁੰਦਾ ਹੈ। ਤੁਰਨ-ਫਿਰਨ ਤੋਂ ਇਲਾਵਾ ਕਸਰਤ, ਸਾਈਕਲ ਚਲਾਉਣਾ ਅਤੇ ਹੋਰ ਸਰੀਰਕ ਕਿਰਿਆਵਾਂ ਕਰਨ ਨਾਲ ਵੀ ਲਾਭ ਮਿਲਦਾ ਹੈ। ਕਿਸੇ ਵੀ ਤਰ੍ਹਾਂ ਦਾ ਕੰਮ ਜਿਵੇਂ ਬੈਠੇ ਰਹਿਣਾ, ਲੇਟਣਾ, ਕਿਤਾਬ ਪੜ੍ਹਨਾ, ਟੀ. ਵੀ. ਦੇਖਣਾ, ਨੀਂਦ ਲੈਣਾ ਆਰ. ਐਲ. ਐਸ. ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਰੈਸਟਲੈੱਸ ਲੈੱਗ ਸਿੰਡਰੋਮ ਅਸਹਿਣਯੋਗ ਬਿਮਾਰੀ ਹੋ ਸਕਦੀ ਹੈ ਜੇ ਇਸ ਦਾ ਇਲਾਜ ਨਾ ਕੀਤਾ ਜਾਏ। ਇਹ ਬਿਮਾਰੀ ਅਪੰਗਤਾ ਦਾ ਕਾਰਨ ਵੀ ਬਣ ਸਕਦੀ ਹੈ। ਹਾਲਾਂ ਕਿ ਇਸ ਦੇ ਲੱਛਣ ਛੋਟੀ ਉਮਰ ਵਿਚ ਵਧੇਰੇ ਨਹੀਂ ਹੁੰਦੇ ਪੰ੍ਰਤੂ 50 ਸਾਲ ਦੀ ਉਮਰ ਤੱਕ ਪਹੁੰਚਦਿਆਂ ਇਸ ਦੇ ਲੱਛਣ ਇੰਨੇ ਗੰਭੀਰ ਹੋ ਜਾਂਦੇ ਹਨ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਸ ਕਾਰਨ ਦਿਨ ਭਰ ਤਣਾਅ ਬਣਿਆ ਰਹਿੰਦਾ ਹੈ। ਇਸ ਨਾਲ ਜੀਵਨਸ਼ੈਲੀ ਵਿਗੜ ਜਾਂਦੀ ਹੈ। ਆਰ. ਐਲ. ਐਸ. ਇਕ ਅਜਿਹੀ ਬਿਮਾਰੀ ਹੈ ਜਿਸ ਦਾ ਸਹੀ ਇਲਾਜ ਦਵਾਈਆਂ ਨਾਲ ਸੰਭਵ ਹੈ। ਘਾਟ ਸਿਰਫ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਇਸ ਲਈ ਬਜਾਏ ਇਸ ਬਿਮਾਰੀ ਤੋਂ ਨਿਰਾਸ਼ ਹੋਈਏ, ਇਸ ਸਬੰਧੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਅਤੇ ਚੰਗੇ ਨਿਊਰੋਲੋਜਿਸਟ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਇਸ ਦਾ ਸਹੀ ਇਲਾਜ ਹੋ ਸਕੇ। ਇਹ ਬਿਮਾਰੀ ਵਧ ਜਾਣ 'ਤੇ ਜਾਨਲੇਵਾ ਅਤੇ ਸਰੀਰ ਲਈ ਘਾਤਕ ਸਾਬਤ ਹੋ ਸਕਦੀ ਹੈ। ਜਾਣਕਾਰੀ ਅਤੇ ਸਹੀ ਸਮੇਂ 'ਤੇ ਇਸ ਦਾ ਇਲਾਜ ਰੈਸਟਲੈੱਸ ਲੈੱਗ ਸਿੰਡਰੋਮ ਲਈ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਲਗਾਤਾਰ ਪੈਰ ਹਿਲਾਉਣ ਦੀ ਆਦਤ ਹੈ ਤਾਂ ਇਸ ਨੂੰ ਬਿਮਾਰੀ ਮੰਨੋ ਅਤੇ ਇਸ ਦਾ ਸਹੀ ਇਲਾਜ ਕਰਵਾਉ।