ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਤਲੇ ਅਤੇ ਸੋਹਣੇ ਲੱਗੋ, ਨਾ ਕਿ ਹੱਡੀਆਂ ਦਾ ਢਾਂਚਾ


ਦੁਨੀਆ ਵਿਚ ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ, ਉੱਥੇ ਅਜਿਹੇ ਲੋਕ ਵੀ ਹਨ ਜੋ ਕਿ ਸਰੀਰ ਦੇ ਜ਼ਿਆਦਾ ਪਤਲੇ ਹੋਣ ਤੋਂ ਵੀ ਦੁਖੀ ਹਨ। ਮੋਟਾਪਾ ਦੂਰ ਕਰਨ ਵਾਲੇ ਲੋਕਾਂ ਦੇ ਨਾਲ ਮੋਟਾਪਾ ਚਾਹੁਣ ਵਾਲੇ ਲੋਕਾਂ ਦੀ ਵੀ ਕੋਈ ਘਾਟ ਨਹੀਂ। ਮਤਲਬ ਕਿ ਬਹੁਤ ਸਾਰੇ ਪਤਲੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਰੀਰ ਨਾ ਤਾਂ ਜ਼ਿਆਦਾ ਮੋਟਾ ਹੋਵੇ ਨਾ ਹੀ ਜ਼ਿਆਦਾ ਪਤਲਾ ਹੋਵੇ। ਸਰੀਰ ਭਰਿਆ-ਭਰਿਆ ਹੋਣਾ ਚਾਹੀਦਾ ਹੈ। ਵਜ਼ਨ ਸਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਸਰੀਰ ਇੰਨਾ ਪਤਲਾ ਹੋਵੇ ਕਿ ਹੱਡੀਆਂ ਦਾ ਢਾਂਚਾ ਦੇਖਣ ਨੂੰ ਮਿਲੇ ਅਤੇ ਨਾ ਹੀ ਇੰਨਾ ਮੋਟਾ ਹੋਵੇ ਕਿ ਪੇਟ ਬਾਹਰ ਨਿਕਲ ਗਿਆ ਹੋਵੇ। ਵਜ਼ਨ ਜ਼ਿਆਦਾ ਵਧਿਆ ਹੋਇਆ ਵੀ ਠੀਕ ਨਹੀਂ ਅਤੇ ਜ਼ਿਆਦਾ ਘਟਿਆ ਹੋਇਆ ਵੀ ਠੀਕ ਨਹੀਂ। ਇਕ ਅੰਦਾਜ਼ੇ ਮੁਤਾਬਕ ਸਾਡਾ ਵਜ਼ਨ ਸਾਡੇ ਸਰੀਰ ਦੇ ਕੱਦ ਨਾਲ ਸਬੰਧ ਰੱਖਦਾ ਹੈ। ਮੰਨ ਲਵੋ ਕਿ ਕਿਸੇ ਵਿਅਕਤੀ ਦਾ ਕੱਦ 5 ਫੁੱਟ 8 ਇੰਚ ਹੈ। ਇਸ ਦਾ ਮਤਲਬ ਇਹ ਹੈ ਕਿ ਉਸ ਵਿਅਕਤੀ ਦਾ ਵਜ਼ਨ 58 ਕਿਲੋਗ੍ਰਾਮ ਦੇ ਲਗਪਗ ਘੱਟੋ-ਘੱਟ ਹੋਣਾ ਚਾਹੀਦਾ ਹੈ।
       ਸਰਦੀਆਂ ਦਾ ਮੌਸਮ ਸਿਹਤ ਬਣਾਉਣ ਦਾ ਵਧੀਆ ਮੌਕਾ ਮੰਨਿਆ ਗਿਆ ਹੈ। ਜਿਨ੍ਹਾਂ ਦਾ ਵਜ਼ਨ ਘੱਟ ਹੈ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਹਾਜ਼ਮੇ ਸਬੰਧੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਹਾਜ਼ਮੇ ਨਾਲ ਸਬੰਧਤ ਰੋਗਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਸਾਡਾ ਹਾਜ਼ਮਾ ਦਰੁਸਤ ਰਹੇਗਾ ਤਾਂ ਹੀ ਖਾਧਾ ਗਿਆ ਭੋਜਨ ਚੰਗੀ ਤਰ੍ਹਾਂ ਪਚੇਗਾ ਅਤੇ ਭੋਜਨ ਪਾਚਣ ਤੋਂ ਬਾਅਦ ਸਾਡੇ ਸਰੀਰ ਵਿਚ 7 ਧਾਤੂਆਂ ਬਣਨਗੀਆਂ ਅਤੇ ਉਸ ਨਾਲ ਸਾਡੇ ਸਰੀਰ ਦੀ ਬਣਤਰ ਵਿਚ ਫਰਕ ਪਵੇਗਾ। ਆਪਣੇ ਭੋਜਨ ਵਿਚ ਤਲੀਆਂ ਹੋਈਆਂ, ਮਿਰਚ-ਮਸਾਲੇਦਾਰ ਚੀਜ਼ਾਂ ਖਾਣੀਆਂ ਘੱਟ ਜਾਂ ਬੰਦ ਕਰ ਦਿਓ। ਖੱਟੇ ਅਤੇ ਨਸ਼ੀਲੇ ਪਦਾਰਥ ਬਿਲਕੁਲ ਬੰਦ ਕਰ ਦੇਵੋ। ਚਾਹ, ਕਾਫ਼ੀ ਦੇ ਮਾਮਲੇ ਵਿਚ ਸੰਕੋਚ ਵਰਤੋਂ। ਭੋਜਨ ਤੋਂ ਕੁਝ ਮਿੰਟ ਪਹਿਲਾਂ ਸਲਾਦ ਅਤੇ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਭੋਜਨ ਕਰਨ ਦਾ ਇਕ ਸਮਾਂ ਨਿਸ਼ਚਤ ਕਰ ਲਵੋ। ਸਾਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਸਾਡੀ ਪਾਚਨ ਸਮਰੱਥਾ ਵਧਦੀ ਹੈ। ਪਾਣੀ ਸਾਨੂੰ ਖੁੱਲ੍ਹਾ ਪੀਣਾ ਚਾਹੀਦਾ ਹੈ। ਸਵੇਰੇ-ਸ਼ਾਮ ਖੁੱਲ੍ਹੀ ਹਵਾ ਵਿਚ ਸੈਰ ਕਰਨੀ ਚਾਹੀਦੀ ਹੈ, ਕਸਰਤ ਕਰਨੀ ਚਾਹੀਦੀ ਹੈ। ਯੋਗ ਦੇ ਆਸਨ ਅਤੇ ਪ੍ਰਣਾਯਾਮ ਵਜ਼ਨ ਵਧਾਉਂਦੇ ਵੀ ਹਨ। ਆਮ ਤੌਰ 'ਤੇ ਸਾਡੇ ਮਨਾਂ ਦੀ ਧਾਰਨਾ ਹੈ ਕਿ ਪ੍ਰਣਾਯਾਮ ਕਰਨ ਦੇ ਨਾਲ ਸਿਰਫ਼ ਪਤਲੇ ਹੀ ਹੋਇਆ ਜਾ ਸਕਦਾ ਹੈ। ਸੈਂਕੜੇ ਮਰੀਜ਼ ਪ੍ਰਣਾਯਾਮ ਕਰਨ ਦੇ ਨਾਲ ਵਜ਼ਨ ਵਧਾਉਣ ਵਾਲੇ ਵੀ ਮੇਰੇ ਸੰਪਰਕ ਵਿਚ ਹਨ। ਰੋਜ਼ਾਨਾ ਇਸ਼ਨਾਨ ਤੋਂ ਪਹਿਲਾਂ ਸਰੀਰ 'ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਹ ਮਾਲਿਸ਼ ਕਿਸੇ ਤੋਂ ਨਾ ਕਰਵਾ ਕੇ ਖੁਦ ਹੀ ਕਰਨੀ ਚਾਹੀਦੀ ਹੈ। ਰਾਤ ਨੂੰ 9-10 ਵਜੇ ਤਕ ਸੌਂ ਜਾਣਾ ਚਾਹੀਦਾ ਹੈ ਅਤੇ ਸਵੇਰੇ 4-5 ਵਜੇ ਤਕ ਉਠ ਜਾਣਾ ਚਾਹੀਦਾ ਹੈ। ਆਪਣੇ ਪਿਸ਼ਾਬ ਅਤੇ ਪਖਾਨੇ ਨੂੰ ਕਦੀ ਵੀ ਨਹੀਂ ਰੋਕਣਾ ਚਾਹੀਦਾ। ਜੇ ਤੁਸੀਂ ਸੱਚਮੁੱਚ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਚਿੰਤਾ, ਗੁੱਸਾ, ਡਰ, ਸਦਮੇ ਅਤੇ ਮਾਨਸਿਕ ਰੋਗਾਂ ਤੋਂ ਦੂਰ ਰਹਿੰਦਿਆਂ ਹੋਇਆਂ ਉਸਾਰੂ ਸਾਹਿਤ ਪੜ੍ਹਨ ਅਤੇ ਸਮਾਜਿਕ, ਧਾਰਮਿਕ ਕੰਮਾਂ ਵਿਚ ਯੋਗਦਾਨ ਪਾਉਣਾ ਸ਼ੁਰੂ ਕਰੋ। ਚਿੰਤਾ, ਗੁੱਸਾ ਅਤੇ ਮਾਨਸਿਕ ਰੋਗ ਸਾਡੇ ਸਰੀਰ ਨੂੰ ਸੁਕਾ ਦਿੰਦੇ ਹਨ ਅਤੇ ਬਿਮਾਰ ਕਰ ਦਿੰਦੇ ਹਨ। ਸਵੇਰੇ ਨਾਸ਼ਤੇ ਵਿਚ 50 ਗਰਾਮ ਕਾਲੇ ਛੋਲੇ ਅਤੇ 20 ਗ੍ਰਾਮ ਮਨਕਾ ਚਬਾ-ਚਬਾ ਕੇ ਖਾਣਾ ਚਾਹੀਦਾ ਹੈ। ਨੈਚੁਰਪੈਥੀ ਵਿਚ ਰਾਮਬਾਣ ਸਮਝਿਆ ਜਾਣ ਵਾਲਾ ਵਹੀਟ ਗਰਾਸ ਪਾਊਡਰ/ਜੂਸ ਜ਼ਰੂਰ ਆਪਣੀ ਖੁਰਾਕ ਵਿਚ ਸ਼ਾਮਲ ਕਰੋ। ਅਸ਼ਵਗੰਧਾ ਦੀ ਜੜ੍ਹ ਦਾ ਚੂਰਨ ਬਣਾ ਕੇ ਮਿੱਠੇ ਦੁੱਧ ਨਾਲ ਪੀਣਾ ਚਾਹੀਦਾ ਹੈ। ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਵੀ ਹਰੀਆਂ ਸਬਜ਼ੀਆਂ, ਸਲਾਦ ਅਤੇ ਰੋਟੀਆਂ ਖੂਬ ਚਬਾ ਕੇ ਖਾਣੀਆਂ ਚਾਹੀਦੀਆਂ ਹਨ। ਸ਼ਾਮ ਨੂੰ ਫਲ ਵੀ ਖਾ ਸਕਦੇ ਹਾਂ ਅਤੇ ਫਲਾਂ ਦਾ ਰਸ ਵੀ ਪੀ ਸਕਦੇ ਹਾਂ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਪਾਈਆ ਦੁੱਧ ਵਿਚ ਪਾਈਆ ਪਾਣੀ ਅਤੇ ਚਾਰ-ਪੰਜ ਗਿਟਕਾਂ ਤੋਂ ਬਿਨਾਂ ਛੁਹਾਰੇ ਅਤੇ ਇਕ ਚਮਚ ਅਸ਼ਵਗੰਧਾ ਦੀ ਜੜ੍ਹ ਦਾ ਚੂਰਨ ਅਤੇ 20 ਮਿਲੀ ਗਰਾਮ ਕੇਸਰ ਪਾ ਕੇ ਗਰਮ ਕਰੋ। ਜਦੋਂ ਪਾਣੀ ਉੱਡ ਜਾਵੇ ਅਤੇ ਇਕੱਲਾ ਦੁੱਧ ਰਹਿ ਜਾਵੇ ਤਾਂ ਉਸ ਨੂੰ ਉਤਾਰ ਲਵੋ। ਹੁਣ ਇਸ ਦੁੱਧ ਨੂੰ ਘੁੱਟ-ਘੁੱਟ ਕਰਕੇ ਪੀ ਜਾਵੋ ਅਤੇ ਉਸ ਤੋਂ ਬਾਅਦ ਪਾਣੀ ਨਾ ਪੀਵੋ। ਸਿਰਫ਼ ਕੁਰਲੀ ਕਰਕੇ ਮੂੰਹ ਸਾਫ਼ ਕਰ ਲਵੋ। ਪਾਣੀ ਪੀਣਾ ਹੈ ਤਾਂ ਘੱਟੋ-ਘੱਟ ਅੱਧੇ ਘੰਟੇ ਬਾਅਦ ਪੀਓ। ਇਸ ਤੋਂ ਬਾਅਦ 10-15 ਮਿੰਟ ਸੈਰ ਕਰ ਲਵੋ ਅਤੇ ਸੌਂ ਜਾਵੋ। ਯੋਗ ਦੇ ਆਸਨ ਅਤੇ ਪ੍ਰਾਣਾਯਮ ਰੋਜ਼ਾਨਾ ਕਰਦੇ ਹੋਰ। ਵਿਗਿਆਨਕ ਮਾਲਿਸ਼ ਅਤੇ ਐਕਯੂਪ੍ਰੈਸ਼ਰ ਦੇ ਰਾਹੀਂ ਅਸੀਂ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੋਂ ਸੂਰਜ ਕੇਂਦਰ ਦਬਾਅ ਵੀ ਵਜ਼ਨ ਵਧਾਉਣ ਵਿਚ ਮਦਦ ਲੈ ਸਕਦੇ ਹਾਂ। ਤੁਸੀਂ ਦੇਖੋਗੇ ਕਿ ਤੁਹਾਡਾ ਵਜ਼ਨ ਹਰ ਮਹੀਨੇ ਦੋ-ਚਾਰ ਕਿਲੋ ਵਧਣ ਲੱਗਿਆ ਹੈ ਅਤੇ ਸਰੀਰ ਵੀ ਭਰਨ ਲੱਗਿਆ ਹੈ। ਚਿਹਰੇ 'ਤੇ ਰੌਣਕ ਆ ਜਾਵੇਗੀ। ਖੂਨ ਦੀ ਘਾਟ, ਕਮਜ਼ੋਰੀ ਆਦਿ ਰੋਗ ਵੀ ਸਭ ਦੂਰ ਹੋ ਜਾਣਗੇ। ਤਿੰਨ-ਚਾਰ ਮਹੀਨਿਆਂ ਵਿਚ ਵਿਚ ਹੀ ਤੁਹਾਡਾ ਵਜ਼ਨ 8-10 ਕਿਲੋ ਵਧ ਜਾਵੇਗਾ। ਤੁਹਾਡਾ ਸਰੀਰ ਦਾ ਘਟਿਆ ਵਜ਼ਨ ਵਧ ਕੇ ਪਤਲਾਪਨ ਦੂਰ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਵਿਚ ਖੂਨ ਦੀ ਘਾਟ ਨਹੀਂ ਰਹੇਗੀ। ਜੇ ਕਮਰ ਦਰਦ ਹੁੰਦਾ ਹੈ ਉਹ ਵੀ ਖਤਮ ਹੋ ਜਾਵੇਗਾ। ਹਾਂ, ਪਰ ਹਿੰਮਤ ਅਤੇ ਸਬਰ ਰੱਖਣਾ ਪਵੇਗਾ। ਖਾਣ-ਪੀਣ ਨੂੰ ਨਿਯਮਤ ਰੂਪ ਵਿਚ ਕਰਨਾ ਪਵੇਗਾ। ਇਸ ਤਰ੍ਹਾਂ ਨਹੀਂ ਕਿ ਜੋ ਮਿਲਿਆ ਉਹ ਖਾ ਲਿਆ ਜਾਂ 8-10 ਕੱਪ ਚਾਹ ਦੇ ਪੀ ਲਏ। ਭੋਜਨ ਸਮੇਂ 'ਤੇ ਕਰਨਾ ਪਵੇਗਾ। ਸੌਣ ਅਤੇ ਜਾਗਣ ਦਾ ਸਮਾਂ ਨਿਸ਼ਚਤ ਕਰਨਾ ਪਵੇਗਾ। ਸ਼ਰਾਬ, ਤੰਬਾਕੂ, ਪਾਨ-ਮਸਾਲੇ ਸਮੇਤ ਹਰ ਤਰੀਕੇ ਦਾ ਨਸ਼ਾ ਬੰਦ ਕਰਨਾ ਪਵੇਗਾ। ਭੋਜਨ ਵਿਚ ਸਾਨੂੰ ਤਾਜ਼ੀਆਂ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। ਸੜੀਆਂ-ਗਲੀਆਂ ਸਬਜ਼ੀਆਂ ਅਤੇ ਫਲ ਨਹੀਂ ਖਾਣੇ ਚਾਹੀਦੇ। ਫਰਿੱਜ ਵਿਚ ਰੱਖਿਆ ਭੋਜਨ ਵੀ ਅਗਲੇ ਦਿਨ ਪੌਸ਼ਟਿਕ ਤੱਤਾਂ ਨੂੰ ਖ਼ਤਮ ਕਰ ਦਿੰਦਾ ਹੈ। ਭੋਜਨ ਦੇ ਨਾਲ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ, ਜਿਸ ਵਿਚ ਖੀਰਾ, ਟਮਾਟਰ, ਬੰਦ ਗੋਭੀ, ਮੂਲੀ, ਸੇਬ, ਗਾਜਰ, ਤਾਜ਼ਾ ਨਾਰੀਅਲ ਨੂੰ ਕੱਦੂਕਸ਼ ਕਰਕੇ ਸਲਾਦ ਦੇ ਉਪਰ ਪਾ ਕੇ ਖਾਣਾ ਚਾਹੀਦਾ ਹੈ। ਕੁਝ ਲੋਕ ਵਜ਼ਨ ਵਧਾਉਣ ਦੇ ਲਈ ਮਾਸ ਅਤੇ ਅੰਡਿਆਂ ਨੂੰ ਖੂਬ ਖਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਵਜ਼ਨ ਵਧੇ ਨਾ ਵਧੇ ਪਰ ਸਰੀਰ ਨੂੰ ਕੋਲੈਸਟਰੋਲ ਤੇ ਯੂਰਿਕ ਐਸਿਡ ਵਧਣ ਵਰਗੇ ਰੋਗ ਜ਼ਰੂਰ ਲੱਗ ਜਾਂਦੇ ਹਨ। ਚਮੜੀ ਵਿਚ ਖੁਰਕ ਹੋਣ ਲੱਗਦੀ ਹੈ। ਪਿਸ਼ਾਬ ਬਹੁਤ ਬਦਬੂਦਾਰ ਆਉਣ ਲੱਗਦਾ ਹੈ ਅਤੇ ਗੰਧਲਾ ਹੋ ਜਾਂਦਾ ਹੈ। ਵਜ਼ਨ ਵਧੇਗਾ ਇਸ ਦਾ ਯਕੀਨ ਰੱਖੋ। ਸ਼ਾਕਾਹਾਰ ਬਹੁਤ ਵਧੀਆ ਆਹਾਰ ਹੈ। ਵੈਸੇ ਵੀ ਮਨੁੱਖ ਦਾ ਸਰੀਰ ਸ਼ਾਕਾਹਾਰੀ ਭੋਜਨ ਨੂੰ ਜਲਦੀ ਹਜ਼ਮ ਕਰ ਸਕਦਾ ਹੈ। ਜੇਕਰ ਮੋਟਾ ਹੋਣਾ ਮਾੜਾ ਹੈ ਤਾਂ ਇੰਨਾ ਪਤਲਾ ਹੋਣਾ ਵੀ ਮਾੜਾ ਹੈ ਕਿ ਤੁਸੀਂ ਲੋਕਾਂ ਦੀ ਨਜ਼ਰ ਵਿਚ ਹੱਡੀਆਂ ਦਾ ਢਾਂਚਾ ਲੱਗੋ। ਇਸ ਲਈ ਹਰੀਆਂ ਸਬਜ਼ੀਆਂ, ਫਲਾਂ ਸਮੇਤ ਦੁੱਧ, ਘਿਓ ਅਤੇ ਸੁੱਕੇ ਮੇਵਿਆਂ ਦਾ ਸੇਵਨ ਕਰਦੇ ਹੋਏ ਆਪਣਾ ਵਜ਼ਨ ਸਹੀ ਤੌਰ 'ਤੇ ਵਧਾਉਣਾ ਅੱਜ ਤੋਂ ਹੀ ਸ਼ੁਰੂ ਕਰੋ।
- ਡਾ. ਹਰਪ੍ਰੀਤ ਸਿੰਘ ਭੰਡਾਰੀ