ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਾਸਟਰ ਤਾਰਾ ਸਿੰਘ ਦੀ ਗੱਦਾਰੀ ਦਾ ਇਕ ਹੋਰ ਵਰਕਾਕੌਮ ਦੀ ਸਾੜਸਤੀ ਦੀ ਇਕ ਘਟਨਾ ਦੂਜੀ ਵਾਰ ਅਹਿਸਾਸ ਕਰਵਾਉਣ ਲਈ ਲਿਖ ਰਿਹਾ ਆਂ। 1947 ਵਿਚ ਅਜ਼ਾਦੀ ਆਉਣ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਉਠ ਪਏ। ਰਾਜਸੀ ਪਾਰਟੀਆਂ ਵਿਚ ਬਹਿਸਾਂ ਜਾਰੀ ਸਨ। ਮੈਂ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨੱਬੇ ਰੁਪਏ ਦੇ ਕਲਰਕ ਗਰੇਡ ਵਿਚ ਸੇਵਾ ਨਿਭਾਅ ਰਿਹਾ ਸਾਂ। ਸਾਰੇ ਸੋਚ ਰਹੇ ਸਨ, ਜੋ ਪਾਕਿਸਤਾਨ ਬਣ ਗਿਆ, ਆਪਣੇ ਦੋ ਥਾਂ ਹੋਏ ਸਿੱਖਾਂ ਦਾ ਕੀ ਬਣੂੰ?
ਸਮੁੰਦਰੀ ਹਾਲ ਵਿਚ ਸਮਝੋ ਦੋਹਾਈ ਪਈ ਹੋਈ ਸੀ। ਅਸੀਂ ਤਿੰਨ ਜਣੇ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਾਂ। ਵੱਖ-ਵੱਖ ਆਗੂ ਬੋਲ ਰਹੇ ਸਨ; ਪਰ ਪਿੜ ਪੱਲੇ ਕੁਝ ਨਹੀਂ ਪੈ ਰਿਹਾ ਸੀ। ਇਹ ਤਾਂ ਸਾਫ਼ ਜ਼ਾਹਰ ਸੀ ਰਾਵੀ ਪਾਰਲੇ ਸਿੱਖ ਮੁਸਲਮਾਨਾਂ ਦੇ ਗੁਲਾਮ ਤੇ ਏਧਰਲੇ ਹਿੰਦੂਆਂ ਦੇ ਗੁਲਾਮ ਹੋ ਜਾਣਗੇ। ਜਮਹੂਰੀਅਤ ਦੇ ਦਿਲਾਸਿਆਂ ਦੇ ਬਾਵਜੂਦ ਫਿਰਕੂ ਤੁਅਸਬ ਉਸ ਸਮੇਂ ਪੂਰੀ ਬੁਲੰਦੀ ਉਤੇ ਸੀ। ਸਿੱਖ ਪਾਕਿਸਤਾਨ ਤੇ ਹਿੰਦੋਸਤਾਨ ਦੀ ਕੁੜੱਕੀ ਵਿਚ ਚੱਜ ਨਾਲ ਹੀ ਫਸਣ ਵਾਲੇ ਸਨ। ਸਿੱਖਾਂ ਦੀ ਸੋਚ ਬੌਂਦਲ ਕੇ ਰਹਿ ਗਈ ਸੀ। ਇਸ ਰੌਲੇ ਰੱਪੇ ਵਿਚ ਇਕ ਸਿੰਘ ਨੇ ਉਠ ਕੇ ਸੰਗਤ ਨੂੰ ਫਤਹਿ ਬੁਲਾਈ।
''ਪਿਆਰੇ ਖਾਲਸਾ ਜੀ! ਮੈਂ ਮਿਸਟਰ ਜਿਨਾਹ ਸਾਹਬ ਨੂੰ ਮਿਲ ਕੇ ਆ ਰਿਹਾ ਆਂ।''
ਉਹਦੀ ਐਨੀ ਗੱਲ ਸੁਣ ਕੇ ਸਾਰਾ ਰੌਲਾ ਇਕ ਦਮ ਬੰਦ ਹੋ ਗਿਆ ਤੇ ਸਾਰੇ ਹਾਲ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ''ਦਾਸ ਦਾ ਨਾਂ ਹਰੀ ਸਿੰਘ ਹੈ। ਮੈਂ ਵੀ ਤੁਹਾਡੇ ਸਾਰਿਆਂ ਵਾਂਗ ਬੁਰੀ ਤਰ੍ਹਾਂ ਦੋਚਿੱਤੀ ਵਿਚ ਫਸਿਆ ਹੋਇਆ ਸਾਂ। ਪਾਕਿਸਤਾਨ ਬਣ ਜਾਣ ਨਾਲ ਅਸੀਂ ਸਿੱਖ ਹਰ ਹਾਲ ਦੋ ਥਾਂ ਹੋ ਜਾਵਾਂਗੇ। ਅਸੀਂ ਪਹਿਲੋਂ ਹੀ ਛੋਟੀ ਘਟ ਗਿਣਤੀ, ਦੋ ਥਾਂ ਹੋਇਆਂ ਦਾ ਤਾਂ ਰਹਿਣਾ ਈ ਕੁਝ ਨਹੀਂ। ਲਾਹੌਰ ਦਾ ਪਤਾ ਨਹੀਂ, ਪਾਕਿਸਤਾਨ ਵਿਚ ਜਾਵੇ ਜਾਂ ਨਾ, ਪਰ ਸਾਡਾ ਸ੍ਰੀ ਨਨਕਾਣਾ ਸਾਹਿਬ ਸਮਝੋ ਮੱਕਾ ਮਦੀਨਾ ਜ਼ਰੂਰ ਪਾਕਿਸਤਾਨ ਵਿਚ ਜਾਵੇਗਾ। ਉਹਦੇ ਦਰਸ਼ਨਾਂ ਬਿਨਾਂ ਸਾਡਾ ਬੁਰਾ ਹਾਲ ਹੋਵੇਗਾ। ਇਹਨਾਂ ਵਿਚਾਰਾਂ ਦਾ ਘੇਰਿਆ ਬੜੀ ਔਖ ਨਾਲ ਮਿਸਟਰ ਜਿਨਾਹ ਨੂੰ ਜਾ ਮਿਲਿਆ ਤੇ ਹੱਥ ਜੋੜਦਿਆਂ ਅਰਜ਼ ਕੀਤੀ।
'ਸਾਅਬ ਜੀ! ਤੁਹਾਨੂੰ ਮਿਲ ਗਿਆ ਪਾਕਿਸਤਾਨ ਤੇ ਹਿੰਦੂਆਂ ਨੂੰ ਹਿੰਦੋਸਤਾਨ; ਸਾਡਾ ਦੋ ਥਾਂ ਹੋਇਆਂ ਦਾ ਕੀ ਹਾਲ ਹੋਵੇਗਾ? ਅੱਧੇ ਤੁਹਾਡੇ ਗੁਲਾਮ ਅਤੇ ਅੱਧੇ ਹਿੰਦੂ ਕਾਂਗਰਸੀਆਂ ਦੇ। ਇਹ ਅਜ਼ਾਦੀ, ਜਿਸ ਲਈ ਅਸੀਂ ਅੱਸੀ ਫੀਸਦੀ ਲਾਹੌਰ ਕਿਲ੍ਹੇ ਵਿਚ ਫਾਂਸੀਆਂ ਚੜ੍ਹਦੇ ਰਹੇ ਤੇ ਕਾਲੇ ਪਾਣੀ ਦੀਆਂ ਉਮਰ ਕੈਦਾਂ ਭੁਗਤਦੇ ਰਹੇ; ਸਾਡੇ ਲਈ ਤਾਂ ਇਹ ਅਜ਼ਾਦੀ ਬਰਬਾਦੀ ਬਣ ਕੇ ਆਈ ਐ, ਤੁਸੀਂ ਸਿਆਣੇ ਐਡਵੋਕੇਟ ਹੋ; ਸਾਡੇ ਬਚਾ ਦੀ ਕੋਈ ਰਾਹ ਦੱਸੋ?''
ਮੇਰੀ ਗੱਲ ਸੁਣ ਕੇ ਮਿਸਟਰ ਜਿਨਾਹ ਸ਼ਸ਼ੋਪੰਜ ਵਿਚ ਪੈ ਗਿਆ ਤੇ ਸੋਚ ਸੋਚ ਆਖਣ ਲੱਗਾ।
''ਤੇਰੀ ਗੱਲ ਵਾਅਕਈ ਸੋਚਣ ਵਾਲੀ ਐ ਸਰਦਾਰਾ!'' ਉਹ ਥੋੜ੍ਹਾ ਗਹਿਰਾ ਉਤਰ ਗਿਆ।
''ਦੋ ਥਾਂ ਹੋਏ ਤਾਂ ਸਾਅਬ ਅਸੀਂ ਬਚ ਹੀ ਨਹੀਂ ਸਕਦੇ।'' ਮੈਂ ਹੱਥ ਜੋੜੀ ਬੇਨਤੀ ਕਰ ਰਿਹਾ ਸਾਂ। ''ਇਕ ਪਾਸੇ ਨਨਕਾਣਾ ਸਾਹਿਬ, ਦੂਜੇ ਪਾਸੇ ਸ੍ਰੀ ਅੰਮ੍ਰਿਤਸਰ; ਇਕ ਘਟ ਗਿਣਤੀ, ਦੂਜੇ ਹੋ ਗਈ ਦੋ ਥਾਂ ਤੋਂ ਤੀਜੇ ਦੋਵੇਂ ਰਾਜਸੀ ਦੁਸ਼ਮਣਾਂ, ਦੋ ਬਘਿਆੜਾਂ ਵਿਚਕਾਰ ਆਇਆ ਬੱਕਰਾ ਭੱਜ ਕੇ ਕਿੱਥੇ ਜਾਵੇਗਾ। ਤੁਸੀਂ ਦਾਨਾ ਪੁਰਸ਼ ਹੋ, ਸਾਡੇ ਬਚਾ ਲਈ ਕੋਈ ਉਪਾਅ ਕੱਢੋ? ਮੈਂ ਆਪਣੇ ਕੌਮੀ ਬਚਾ ਵਾਸਤੇ ਹੀ ਤੁਹਾਡੇ ਕੋਲ ਆਇਆ ਆਂ। ਕੋਈ ਸਬੀਲ ਸੋਚ ਕੇ ਦੱਸੋ?
ਮਿਸਟਰ ਜਿਨਾਹ ਲੰਮਾ ਸਾਹ ਭਰ ਕੇ ਬੋਲਿਆ।
''ਸਰਦਾਰ ਹਰੀ ਸਿਆਂ, ਬਚਾ ਤਾਂ ਹੈ, ਪਰ ਤੁਹਾਡੇ ਜਥੇਦਾਰਾਂ ਕੋਲੋਂ ਸਿਰੇ ਨਹੀਂ ਚੜ੍ਹਿਆ ਜਾਣਾ।''
''ਨਹੀਂ ਸਾਅਬ ਜੀ! ਅਸੀਂ ਭਲਾ ਆਪਣੇ ਬਚਾ ਵਾਸਤੇ ਕਿਉਂ ਨਹੀਂ ਸਿਰੇ ਚਾੜ੍ਹਾਂਗੇ। ਅਸੀਂ ਮਰ ਕੇ ਖੜਾਂਗੇ, ਤੁਸੀਂ ਸਬੀਲ ਦੱਸੋ ਸਹੀ।'' ਮੈਂ ਹੌਂਸਲੇ ਵਿਚ ਆ ਗਿਆ ਸਾਂ।
''ਜੇ ਇਹ ਗੱਲ ਹੈ ਤਾਂ ਸੁਣ :- ਤੁਸੀਂ ਸਿੱਖ ਆਓ ਪਾਕਿਸਤਾਨ ਨਾਲ। ਤੁਹਾਡੇ ਖਾਲਿਸਤਾਨ ਦੀ ਹੱਦ ਹੋਵੇਗੀ ਦਰਿਆ ਝਨਾ ਤੋਂ ਲੈ ਕੇ ਮਾਰਕੰਡਾ ਦਰਿਆ ਤੱਕ। ਪਾਕਿਸਤਾਨ ਵਲੋਂ ਤੁਹਾਨੂੰ ਦਿੱਤੀ ਜਾਵੇਗੀ ਅੰਦਰੂਨੀ ਖੁਦਮੁਖਤਾਰੀ ਤੇ ਤੁਹਾਡੀ ਪੁਰਾਣੀ ਰਾਜਧਾਨੀ ਹੋਵੇਗੀ ਲਾਹੌਰ। ਹੋਰ ਤੁਹਾਡੀ ਹਰ ਤਰ੍ਹਾਂ ਹਿਫਾਜ਼ਤ ਤੇ ਅਜ਼ਾਦੀ ਲਈ ਮਿਲਟਰੀ ਵਿਚ ਵੀਹ ਫੀਸਦੀ ਪੱਕੀ ਭਰਤੀ ਹੋਵੇਗੀ। ਹੋਰ ਕੋਈ ਛੋਟੀ ਮੋਟੀ ਗੱਲ ਐ ਤਾਂ ਉਹ ਵੀ ਪੂਰੀ ਕਰ ਦਿੱਤੀ ਜਾਵੇਗੀ। ਇਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਰਿਹਾ।''
ਏਨੀ ਗੱਲ ਕਹਿ ਕੇ ਮਿਸਟਰ ਜਿਨਾਹ ਨੇ ਮੇਰੇ ਨਾਲ ਹੱਥ ਮਿਲਾਇਆ। ਮੈਂ ਬਾਗੋ ਬਾਗ ਹੋ ਕੇ ਆਖਿਆ,
''ਸਾਅਬ ਜੀ; ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਅਸੀਂ ਇਸ ਤਕਸੀਮ ਨਾਲ ਇਕ ਥਾਂ ਇਕੱਠੇ ਰਹਿ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਤਾਂ ਆਪਣਾ ਪੱਕਾ ਬਚਾ ਚਾਹੁੰਦੇ ਸਾਂ।''
''ਤੁਸੀਂ ਕਮਾਊ ਤੇ ਬਹਾਦਰ ਕੌਮ ਹੋ; ਤੁਸੀਂ ਪਾਕਿਸਤਾਨ ਵਿਚ ਆ ਜਾਵੋ ਤਾਂ ਪਾਕਿਸਤਾਨ ਹਰ ਤਰ੍ਹਾਂ ਮਜ਼ਬੂਤ ਹੋ ਜਾਵੇਗਾ। ਹੁਣ ਤੂੰ ਆਪਣੇ ਅਕਾਲੀ ਦਲ ਤੋਂ ਪੱਕਾ ਰੈਜੋਲੂਸ਼ਨ ਪਾਸ ਕਰਵਾ ਲਿਆ। ਇਸ ਵਿਚ ਤੁਹਾਡਾ ਵੀ ਭਲਾ ਤੇ ਪਾਕਿਸਤਾਨ ਵੀ ਮਜ਼ਬੂਤ ਹੋਵੇਗਾ।
ਮੈਂ ਬਾਗੋ ਬਾਗ ਹੋ ਕੇ ਉਥੋਂ ਤੁਰ ਆਇਆ।
''ਹੁਣ ਸਾਧ ਸੰਗਤ ਜੀ, ਏਨੀ ਉਛਲ ਤੁਹਾਨੂੰ ਮਿਸਟਰ ਜਿਨਾਹ ਤੋਂ ਲਿਆ ਦਿੱਤੀ। ਏਧਰ ਕਾਂਗਰਸ ਨੇ ਸਾਡੇ ਬਚਾ ਲਈ ਕੁਝ ਵੀ ਔਫਰ ਨਹੀਂ ਦਿੱਤੀ। ਮੇਰੀ ਬੇਨਤੀ ਹੈ, ਜੇ ਪੰਥ ਨੂੰ ਮਿਸਟਰ ਜਿਨਾਹ ਦੀ ਔਫਰ ਪ੍ਰਵਾਨ ਹੈ ਤਾਂ ਬੋਲੇ ਸੋ ਨਿਹਾਲ ਦਾ ਨਾਅਰਾ ਗਜਾਇਆ ਜਾਵੇ।'' ਏਨੀਆਂ ਬੇਨਤੀਆਂ ਕਰਦਾ ਹਰੀ ਸਿੰਘ ਥਾਏਂ ਬਹਿ ਗਿਆ ਤੇ ਮੈਂ ਉਸ ਅੱਗੇ ਪਾਣੀ ਦਾ ਗਲਾਸ ਕਰ ਦਿੱਤਾ। ਸੰਗਤ ਨੇ ਹਰੀ ਸਿੰਘ ਦੀ ਔਫਰ ਸੁਣ ਕੇ ਪੰਜ ਜੈਕਾਰੇ ਗਜਾ ਦਿੱਤੇ।
ਸ੍ਰ. ਹਰੀ ਸਿੰਘ ਦੀ ਔਫਰ ਸੁਣ ਕੇ ਰਾਵੀ ਪਾਰ ਦੇ ਸਿੰਘਾਂ ਨੇ ਸੁੱਕੇ ਸਾਹ ਹਰੇ ਹੋ ਗਏ। ਪਹਿਲਾ ਜੈਕਾਰਾ ਗਿਆਨੀ ਕਰਤਾਰ ਸਿੰਘ ਨੇ ਛੱਡਿਆ। ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ। ਫਿਰ ਵਾਰੀ ਵਾਰੀ ਚਾਰ ਜੈਕਾਰੇ ਹੋਰ ਛੱਡੇ ਗਏ। ਅਜ਼ਾਦੀ ਦੀ ਥਾਂ ਬਰਬਾਦੀ ਦੀ ਸੋਚ ਵਿਚ ਫਸੇ ਸਿੰਘਾਂ ਦੇ ਚਿਹਰੇ ਦਗ ਦਗ ਕਰ ਉਠੇ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਉਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਤਿੰਨ ਧੜੇ ਸਨ। ਵੱਡਾ ਧੜਾ ਜਥੇਦਾਰ ਊਧਮ ਸਿੰਘ ਨਾਲ ਸੀ। ਪੱਛਮੀ ਪੰਜਾਬ ਤੇ ਮਾਲਵੇ ਵਾਲੇ ਗਿਆਨੀ ਕਰਤਾਰ ਸਿੰਘ ਨਾਲ ਸਨ। ਸਾਰਿਆਂ ਨਾਲੋਂ ਛੋਟਾ ਧੜਾ ਪੋਠੋਹਾਰ ਵਾਲਾ ਮਾਸਟਰ ਤਾਰਾ ਸਿੰਘ ਨਾਲ ਸੀ। ਮਾਸਟਰ ਧੜੇ ਤੋਂ ਬਿਨਾਂ ਦੂਜੇ ਦੋਵੇਂ ਵੱਡੇ ਧੜਿਆਂ ਹਰੀ ਸਿੰਘ ਦੀ ਤਜਵੀਜ਼ ਦੀ ਪੂਰੇ ਜ਼ੋਰ ਹਮਾਇਤ ਕੀਤੀ, ਸਹਿਜ ਨਾਲ ਹੱਥ ਕਿਰਪਾਨ ਫੜੀ ਮਾਸਟਰ ਤਾਰਾ ਸਿੰਘ ਨੇ ਉਠ ਕੇ ਸਾਰੇ ਸਿੰਘਾਂ ਨੂੰ ਫਤਹਿ ਬੁਲਾਈ।
''ਮਿਸਟਰ ਜਿਨਾਹ ਖੋਚਰੀ ਨੂੰ ਮਹਾਤਮਾ ਗਾਂਧੀ ਨਹੀਂ ਸਮਝ ਸਕਿਆ; ਤੁਸੀਂ ਝੱਟ ਪੱਟ ਉਹਦੇ ਝਾਂਸੇ ਵਿਚ ਕਿਵੇਂ ਆ ਗਏ। ਇਹ ਬਿੱਲੀ ਚੂਹੇ ਵਾਲੀ ਯਾਰੀ ਮੈਨੂੰ ਕਿਵੇਂ ਵੀ ਪ੍ਰਵਾਨ ਨਹੀਂ। ਇਹ ਮਿਸਟਰ ਜਿਨਾਹ ਦੀ ਜ਼ਰਖੇਜ਼ ਇਲਾਕੇ ਹਥਿਆਉਣ ਦੀ ਚਾਲ ਹੈ। ਸਾਨੂੰ ਸਿੱਖਾਂ ਨੂੰ ਹੱਥ ਵਿਚ ਲਏ ਬਿਨਾਂ ਉਹ ਇਹ ਮਾਰ ਮਾਰ ਨਹੀਂ ਸਕਦਾ।''
''ਨਹੀਂ ਨਾਅ ਹੀ'' ਦੀਆਂ ਅਵਾਜ਼ਾਂ ਦਾ ਰੌਲਾ ਹਾਲ ਵਿਚੋਂ ਆਪ ਮੁਹਾਰਾ ਉਠ ਪਿਆ। ਮਾਸਟਰ ਤਾਰਾ ਸਿੰਘ ਮਜ਼ਬੂਰੀ ਹਾਲਤ ਵਿਚ ਬਹਿ ਗਿਆ। ਲੋਕਾਂ ਸੁਖ ਦਾ ਸਾਹ ਲਿਆ ਤੇ ਜੈਕਾਰਿਆਂ ਦੀ ਗੂੰਜ ਨਾਲ ਇਜਲਾਸ ਖਤਮ ਹੋ ਗਿਆ।
(ਉਤਲੀ ਗੱਲ ਬਾਤ ਮੇਰੇ ਸਾਹਮਣੇ ਹੋਈ ਸੀ; ਮੈਂ ਉਸ ਦਾ ਸੁਲਤਾਲੀ ਗਵਾਹ ਹਾਂ)
ਉਸ ਰਾਤ ਹੀ ਸ੍ਰ. ਹਰੀ ਸਿੰਘ ਦੇ ਘਰ 'ਤੇ ਮਾਰੂ ਹਮਲਾ ਹੋ ਗਿਆ। ਹਰੀ ਸਿੰਘ ਨੇ ਪਹਿਲੋਂ ਸਮਝਿਆ, ਮੁਸਲਿਮ ਲੀਗ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ। ਜਦੋਂ ਘਰ ਦੀ ਮਾਰ ਕਾਟ ਵਿਚੋਂ ਬੋਲੇ ਸੋ ਨਿਹਾਲ ਦੇ ਲਲਕਾਰੇ ਸੁਣੇ; ਜਾਣਿਆ, ਇਹ ਤਾਂ ਮਾਸਟਰ ਤਾਰਾ ਸਿੰਘ ਦੇ ਭੇਜੇ ਗੁੰਡੇ ਹਨ। ਇਹ ਗੱਲਾਂ ਸ੍ਰ. ਹਰੀ ਸਿੰਘ ਨੇ ਮੈਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਆਪ ਜ਼ਬਾਨੀ ਦੱਸੀਆਂ ਸਨ। ਉਹਨਾਂ ਕਿਹਾ ਕਿ ਸਾਡਾ ਸਾਰਾ ਟੱਬਰ ਬਰਾ, ਮੇਰੀ ਘਰ ਵਾਲੀ ਤੇ ਬੱਚੇ ਮਾਸਟਰ ਦੇ ਗੁੰਡਿਆਂ ਕਤਲ ਕਰ ਦਿੱਤੇ। ਨਾਲੇ ਜੈਕਾਰੇ ਛੱਡ ਰਹੇ ਸਨ। ਹਰੀ ਸਿੰਘ ਤੇ ਉਸ ਦੀ ਇਕ ਭਰਜਾਈ ਕੋਠੇ ਦੇ ਪਿਛਵਾੜੇ ਲਮਕ ਕੇ, ਛਾਲਾਂ ਮਾਰ ਕੇ ਮਸੀਂ ਬਚੇ। ਸ੍ਰੀ ਅੰਮ੍ਰਿਤਸਰ ਨੂੰ ਇਸ ਲਈ ਜਾਨਾਂ ਬਚਾਉਣ ਵਾਸਤੇ ਨਾ ਭੱਜੇ; ਕਿ ਅਗਾਂਹ ਵੀ ਮਾਸਟਰ ਤਾਰਾ ਸਿੰਘ ਦੇ ਹੀ ਕਾਤਲ ਬੰਦੇ ਹੋਣਗੇ। ਹਰੀ ਸਿੰਘ ਨੇ ਧਾਹੀਂ ਰੋਂਦਿਆਂ ਸ੍ਰੀ ਡੇਰਾ ਸਾਹਿਬ ਦੇ ਗੁਰਦੁਆਰੇ ਪਹੁੰਚਣ ਦੀ ਦਾਸਤਾਂ ਸੁਣਾਈ। ਭਲੀ ਕਰਦਿਆਂ ਮੇਰਾ ਸਾਰਾ ਪਰਿਵਾਰ ਹੀ ਕਤਲ ਕਰ ਸੁੱਟਿਆ। ਹੁਣ ਗੁਰੂ ਘਰ ਦੇ ਟੁਕੜਿਆਂ 'ਤੇ ਦੋਵੇਂ ਜੀਅ ਆ ਪਏ ਆਂ। ਮਿਸਟਰ ਜਿਨਾਹ ਨੇ ਦਸ ਏਕੜ ਜ਼ਮੀਨ ਰੋਟੀ ਖਾਣ ਲਈ ਅਲਾਟ ਕੀਤੀ ਸੀ, ਜਿਹੜੀ ਉਸ ਦੀ ਮੌਤ ਪਿੱਛੋਂ ਪਾਕਿਸਤਾਨ ਸਰਕਾਰ ਨੇ ਖੋਹ ਲਈ। ਬਸ ਹੁਣ ਗੁਰੂ ਆਸਰੇ ਸਾਹ ਵਰੋਲ ਰਹੇ ਆਂ।
ਤੇਜਾ ਸਿੰਘ ਸਮੁੰਦਰੀ ਹਾਲ ਦੇ ਇਕੱਠ ਪਿੱਛੋਂ ਮੈਂ ਹਰੀ ਸਿੰਘ ਨੂੰ ਲਾਹੌਰ ਵਿਚ ਧੌਲਾਧਰ ਵੇਖ ਰਿਹਾ ਸਾਂ। ਮੈਂ ਹਮਦਰਦੀ ਨਾਲ ਆਖਿਆ, ''ਸਿੰਘਾ! ਤੇਰੀ ਐਨ ਸਮੇਂ ਸਾਰ ਠੀਕ ਕੀਤੀ ਸੇਵਾ ਪੁੱਠੀ ਪੈ ਗਈ। ਕਿੱਥੇ ਪੰਥ ਦੀ ਸ਼ਾਨ ਨੇ ਵਧਣਾ ਫੁਲਣਾ ਸੀ ਕਿੱਥੇ ਗੁਲਾਮ ਹੋ ਕੇ ਰਹਿ ਗਈ।''
''ਜਦੋਂ ਮਾਸਟਰ ਨੂੰ ਦਿੱਲੀ ਵਾਲਿਆਂ ਹਰ ਪੱਖੋਂ ਝੰਡੇ ਦੇ ਜੁੱਲ ਵਾਂਗ ਝਾੜ ਦਿੱਤਾ।'' ਹਰੀ ਸਿੰਘ ਨੇ ਮੁੜ ਦੱਸਿਆ। ''ਆਪਣੀਆਂ ਗਲਤੀਆਂ ਤੇ ਪਛਤਾਵੇ ਵਜੋਂ ਗੁਰੂ ਤੋਂ ਮਾਫ਼ੀ ਮੰਗ ਲਈ। ਏਥੇ ਡੇਹਰਾ ਸਾਹਿਬ ਅਖੰਡ ਪਾਠ ਆ ਕਰਵਾਇਆ। ਭੋਗ ਪੈਣ ਪਿੱਛੋਂ ਮੇਰੇ ਕੋਲੋਂ ਮਾਫ਼ੀ ਮੰਗੀ।
''ਅਖੇ ਹਰੀ ਸਿਆਂ ਤੂੰ ਠੀਕ ਸੋਚਦਾ ਸੀ, ਅਸੀਂ ਸਾਰੇ ਗਲਤ ਸਾਂ। ਸਾਨੂੰ ਮਾਫ਼ ਕਰ ਦੇ; ਅਸੀਂ ਤੇਰੇ ਦੇਣਦਾਰ ਆ।''
ਮੈਂ ਹਾਉਕਾ ਲੈ ਕੇ ਉਤਰ ਦਿੱਤਾ।
''ਮਾਸਟਰ ਜੀ ਮੈਂ ਗੁਰੂ ਘਰ ਦੇ ਟੁਕੜੇ ਖਾਣ ਵਾਲਾ ਤੁਹਾਨੂੰ ਕੀ ਮਾਫ਼ੀ ਦੇ ਸਕਦਾ ਆਂ। ਗੁਰੂ ਜੀ ਬਖਸ਼ਣਹਾਰ ਐ। ਪੰਥ ਦਾ ਭਲਾ ਸੋਚਦਾ ਤੇ ਕਰਦਾ, ਦਸੌਟਿਆਂ ਦੇ ਰਾਹ ਆ ਪਿਆ ਹਾਂ। ਬਸ ਹੁਣ ਤਾਂ ਤੁਹਾਡੇ ਕਾਰਨ ਗੁਰੂ ਘਰ ਸਾਹ ਵਰੋਲ ਰਿਹਾ ਆਂ। ਵਾਹਿਗੁਰੂ ਚੰਗਿਆਂ ਮਾੜਿਆਂ ਨੂੰ ਆਪ ਪਛਾਣੇਗਾ।'' ਏਨੀ ਆਖਦਾ ਟੁੱਟੀ ਮੰਜੀ 'ਤੇ ਆ ਡਿੱਗਾ।
ਸ੍ਰ. ਹਰੀ ਸਿੰਘ ਦੀ ਆਪ ਬੀਤੀ ਜਾਣ ਕੇ ਦਿਲ ਬੜਾ ਦੁਖੀ ਹੋਇਆ। ਅਜ਼ਾਦੀ ਦੀ ਭਗਦੜ, ਕਤਲਾਮ ਅਤੇ ਅੰਨੇਰਗਰਦੀ ਵਿਚ ਨੇਕੀ ਕਮਾਉਂਦਿਆਂ ਦੇ ਕਿੰਨੇ ਆਹੂ ਲਾਹੇ ਗਏ ਤੇ ਗੁੰਡੇ ਲਛਣਾਂ ਨਾਲ ਅਸੀਂ ਰਸਾਤਲ ਵਿਚ ਆ ਧਸੇ। ਸਿਆਣੀ ਸੋਚ ਬਿਨਾਂ ਕੌਮ ਗਾਰਤਗਰੀ ਨੂੰ ਪਹੁੰਚ ਗਈ। ਮੈਨੂੰ ਸਿੱਖ ਕੌਮ ਦੇ ਵਰਤਮਾਨ ਆਗੂ ਵੀ ਆਪਣੇ ਕੰਮ ਦੇ ਕਾਤਲ ਹੀ ਜਾਪਦੇ ਸਨ। ਗੁਰੂਕਿਆਂ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਖੜ੍ਹੀ ਕੀਤੀ ਸਿੱਖ ਕੌਮ ਵਰਤਮਾਨ ਦੇ ਗਦਾਰੇ ਆਗੂਆਂ ਹੱਥੋਂ ਖੁਆਰ ਹੁੰਦੀ ਹੀ ਵੇਖ ਰਿਹਾ ਆਂ। ਹਮਾਰੇ ਭੀ ਹੈਂ, ਮਿਹਰਬਾਂ ਕੈਸੇ ਕੈਸੇ।
- ਜਸਵੰਤ ਸਿੰਘ ਕੰਵਲ