ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਮਹਾਰਾਜ ਨੇ ਆਪ ਪੰਥ ਸਾਜਿਆ ਹੈ ਆਪੇ ਭਲੀ ਕਰੇਗਾ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਅਸੀਂ 'ਸਿੱਖ ਵੀਕਲੀ' 'ਚ ਲਗਾਤਾਰ ਪੰਥਕ ਏਕੇ ਲਈ ਅਪੀਲਾਂ ਕੀਤੀਆਂ ਸੀ। ਸਿਰਫ਼ ਅਸੀਂ ਹੀ ਨਹੀਂ ਸਗੋਂ ਸਮੁੱਚੇ 'ਸਿੱਖ ਮੀਡੀਆ' ਨੇ ਹੀ ਗੈਰਬਾਦਲੀ ਸਿੱਖ ਜਥੇਬੰਦੀਆਂ ਨੂੰ ਏਕਤਾ ਦਾ ਵਾਸਤਾ ਪਾ ਕੇ ਗੁਰਦੁਆਰਾ ਸੁਧਾਰ 'ਚ ਨਵੀਂ ਜਾਗਰਤੀ ਪੈਦਾ ਹੋਣ ਦੀ ਆਸ ਰੱਖੀ ਸੀ। ਇਸ ਵੇਲੇ ਹਾਲਾਤ ਇਹ ਹਨ ਕਿ ਸਿੱਖ ਸੰਗਤ ਦੀ ਆਸ ਨੂੰ ਠੁਕਰਾਉਂਦਿਆਂ ਸਿੱਖ ਆਗੂਆਂ ਨੇ ਆਪਣੀਆਂ ਅੜੀਆਂ ਨਹੀਂ ਛੱਡੀਆਂ ਜਿਸ ਦੇ ਨਤੀਜੇ ਵਜੋਂ ਅਜੇ 'ਗੁਰਦੁਆਰਾ ਸੁਧਾਰ ਲਹਿਰ' ਦਾ ਪੈਦਾ ਹੋਣਾ ਮਹਿਜ਼ ਸੁਪਨਾ ਹੀ ਮੰਨਿਆ ਜਾ ਰਿਹਾ ਹੈ। ਅਜਿਹੇ ਹਾਲਾਤਾਂ ਦੇ ਹੁੰਦਿਆਂ ਹੋਇਆਂ ਵੀ ਕਈ ਹੌਂਸਲਾ-ਯੁਕਤ ਸਿੱਖ ਆਗੂ ਅਜਿਹਾ ਮਾਹੌਲ ਸਿਰਜਣ ਲਈ ਆਸਵੰਦ ਹਨ ਜਿਸ ਨਾਲ ਕਿਸੇ ਚੰਗੇ ਦੀ ਆਸ 'ਤੇ ਮਿੱਟੀ ਪਾਉਣੋਂ ਰੁਕਿਆ ਜਾ ਸਕਦਾ ਹੈ। ਗੁਰਦੁਆਰਾ ਪ੍ਰਬੰਧ ਦੇ ਮੌਜੂਦਾ ਨਿਜ਼ਾਮ ਦੀ ਹਾਲਤ ਨੂੰ ਦੇਖਦਿਆਂ ਆਮ ਸਿੱਖ ਸੰਗਤ ਇਹ ਮੰਨਣ ਲੱਗੀ ਹੈ ਕਿ ਹਾਲੀਆ ਹਾਲਾਤਾਂ ਨੂੰ ਦੇਖ ਕੇ ਭਵਿੱਖ 'ਚ ਵੀ ਛੇਤੀ ਕੀਤੇ ਕਬਜ਼ਾਧਾਰੀਆਂ  ਨੂੰ ਪਾਸੇ ਕੀਤਾ ਜਾਣਾ ਸੰਭਵ ਨਹੀਂ ਹੈ। ਆਮ ਸਿੱਖਾਂ 'ਚ ਤਾਂ ਨਿਰਾਸ਼ਾ ਦਾ ਪਰਛਾਵਾਂ ਸਗੋਂ ਵੱਧ ਸੰਘਣਾ ਹੋ ਗਿਆ ਹੈ।
ਜਿਸ ਦਾ ਅੰਦਾਜ਼ਾ ਸਿਰਲੇਖ ਵਾਲੀ ਲਾਈਨ ਤੋਂ ਲੱਗ ਸਕਦਾ ਹੈ। 'ਸਿੱਖ ਵੀਕਲੀ' 'ਚ ਏਕਤਾ ਦੇ ਛਪੇ ਸੰਪਾਦਕੀ ਲੇਖਾਂ ਅਤੇ ਚਿੰਤਕਾਂ ਦੇ ਵਿਚਾਰ ਪੜ੍ਹਨ ਤੋਂ ਬਾਅਦ ਇਹ ਸ਼ਬਦ ਇਕ ਸਿੱਖ ਪਾਠਕ ਨੇ ਸਾਨੂੰ ਫੋਨ 'ਤੇ ਆਖੇ ਹਨ। ਸਿੱਖ ਵੀਕਲੀ ਦੇ ਪਾਠਕ ਨੇ ਆਪਣੇ ਵਿਚਾਰਾਂ 'ਚ ਕੌਮੀ ਫੁੱਟ ਦੇ ਅੱਥਰੂ ਰੋਣ ਤੋਂ ਬਾਅਦ ਆਖਰ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ 'ਜਿਸ ਗੁਰੂ ਮਹਾਰਾਜ ਨੇ ਪੰਥ ਸਾਜਿਆ ਹੈ ਹੁਣ ਤਾਂ ਉਹ ਹੀ ਕੋਈ ਭਲੀ ਕਰੇ ਤਾਂ ਹੀ ਕੌਮ ਦਾ ਕੁਝ ਸੰਵਰ ਸਕਦਾ ਹੈ ਨਹੀਂ ਤਾਂ ਸਾਡੇ ਆਗੂਆਂ 'ਚ ਨਿੱਜੀ ਸਵਾਰਥ ਦੀ ਬਹੁਤਾਤ ਕੌਮ ਨੂੰ ਸਦਾ ਲਈ ਖਤਮ ਕਰਨ ਵਾਲੀ ਘਾਤਕ ਬਿਮਾਰੀ ਹੈ।
ਇਸ ਪਾਠਕ ਵੱਲੋਂ ਝਾੜੇ ਗਏ ਤੋੜੇ ਤੋਂ ਇਲਾਵਾ ਇਸ ਸਮੇਂ ਕੁਝ ਸ਼ਬਦ ਅਕਸਰ ਵੱਖ-ਵੱਖ ਥਾਵਾਂ 'ਤੇ ਲਿਖੇ ਹੋਏ ਪੜ੍ਹਨ ਨੂੰ ਮਿਲਦੇ ਹਨ। ਜਿਵੇਂ
ਤੇਰੇ ਖੰਡੇ ਨੇ ਜਿਨਾਂ ਦੇ ਮੂੰਹ ਮੋੜੇ,
ਸਾਨੂੰ ਅੱਜ ਉਹ ਫਿਰ ਲਲਕਾਰਦੇ ਨੇ।
ਬਾਜਾਂ ਵਾਲਿਆ ਬਾਜ਼ ਨੂੰ ਭੇਜ ਮੁੜ ਕੇ,
ਤਿੱਤਰ ਫੇਰ ਉਡਾਰੀਆਂ ਮਾਰਦੇ ਨੇ।
ਇਸੇ ਤਰ੍ਹਾਂ ''ਹੁਣ ਫਿਰ ਭਿੰਡਰਾਂਵਾਲੇ ਦੀ ਲੋੜ ਹੈ'' ਮਨੋਵਿਗਿਆਨਕ ਤੌਰ 'ਤੇ ਇਹ ਤਿੰਨੇ ਸ਼ਬਦ ਕੌਮੀ ਨਿਰਾਸ਼ਤਾ ਦੀ ਉਪਜ ਹਨ। ਅਸੀਂ ਸਮਝ ਸਕਦੇ ਹਾਂ ਕਿ 'ਗੁਰੂ ਆਪੇ ਭਲੀ ਕਰੇਗਾ', ਗੁਰੂ ਦੇ ਬਾਜ਼ ਦਾ ਸੰਤ ਭਿੰਡਰਾਂਵਾਲੇ ਦੀ ਲੋੜ ਆਦਿ ਅਤਿ ਦੁਖੀ ਅਵਸਥਾ ਸਮੇਂ ਦਿਲ 'ਚੋਂ ਨਿਕਲੇ ਹਾਉਂਕੇ ਦੀ ਅਵਾਜ਼ ਹੈ। ਸਾਨੂੰ ਇਹ ਪੱਕਾ ਨਿਸ਼ਚਾ ਰੱਖਣਾ ਪਵੇਗਾ ਕਿ  ਗੁਰੂ ਦਾ ਕੋਈ ਬਾਜ਼ ਅਚਾਨਕ ਕੌਮ ਦੇ ਬਨੇਰੇ 'ਤੇ ਆ ਕੇ ਨਹੀਂ ਬੈਠਣਾ ਜਿਹੜਾ ਇਕੋ ਦਿਨ 'ਚ ਕੌਮ ਦੀਆਂ ਸਥਿਤੀਆਂ ਚੜ੍ਹਦੀ ਕਲਾ ਵੱਲ ਪਰਤਾਅ ਦੇਵੇਗਾ। ਨਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੌਮ ਦੀ ਖਾਤਰ ਮੁੜ ਹਿੱਕ 'ਚ ਸਰਕਾਰ ਦੀਆਂ ਗੋਲੀਆਂ ਖਾਣ ਸਪੈਸ਼ਲ ਜਨਮ ਧਾਰਨ ਕਰਨਾ ਹੈ ਇਸੇ ਤਰ੍ਹਾਂ ਹੀ ਇਹ ਕਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਵੀ ਕਿਸੇ ਤਰ੍ਹਾਂ ਠੀਕ ਨਹੀਂ ਕਿ 'ਗੁਰੂ ਆਪੇ ਭਲੀ ਕਰੇਗਾ' ਸਗੋਂ ਇਸ ਵੇਲੇ ਸਭ ਤੋਂ ਵੱਡੀ ਲੋੜ ਨਵੀਂ ਨਵੀਂ ਸਿੱਖ ਲੀਡਰਸ਼ਿਪ ਪੈਦਾ ਕਰਨ ਦੀ ਹੈ ਜੋ ਆਪਣੇ ਮਾਇਆ ਦੇ ਜ਼ਖੀਰੇ ਹੋਰ ਭਾਰੀ ਕਰਨ ਵੱਲੋਂ ਧਿਆਨ ਛੱਡ ਕੇ ਸਿੱਖ ਕੌਮ ਦੇ ਹਿੱਤਾਂ ਲਈ ਦਿਨ ਰਾਤ ਇਕ ਕਰ ਦੇਵੇ। ਅਜਿਹੇ ਹਾਲਤ ਸਿਰਜਣ ਲਈ ਨਿਰਾਸ਼ਾਵਾਦੀ ਸੋਚ ਨੂੰ ਛੱਡ ਕੇ ਗੁਰੂ ਸਾਹਿਬਾਨਾਂ ਦੇ ਉਹਨਾਂ ਫੈਸਲਿਆਂ ਨੂੰ ਚੇਤੇ 'ਚ ਵਸਾਉਣਾ ਪਏਗਾ ਜਿਸ ਰਾਹੀਂ ਆਪਣੇ ਹੱਥੀਂ ਖੁਦ ਆਪਣਾ 'ਕਾਜ਼ ਸਵਾਰਨ' ਦਾ ਸੰਦੇਸ਼ ਸਾਡੇ ਸਾਹਮਣੇ ਹੈ। ਸਾਡੇ ਕੋਲ ਸਿੱਖ ਇਤਿਹਾਸ ਦੇ ਅਨੇਕਾਂ ਕਾਂਡ ਸਾਂਭੇ ਪਏ ਹਨ ਜਦੋਂ ਸਿੱਖਾਂ ਨੇ ਸਿਰਫ਼  ਕੁਦਰਤ 'ਤੇ ਡੋਰ ਨਾਂ ਛੱਡ ਕੇ ਬੁਲੰਦ ਹੌਂਸਲਿਆਂ ਸਦਕਾ ਅਨੇਕਾਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਤੋਂ ਬਾਅਦ ਜਿੱਤ ਹਾਸਲ ਕੀਤੀ ਹੋਈ ਹੈ। ਹੁਣ ਜਦੋਂ ਅਸੀਂ ਮੌਜੂਦਾ ਨਿਰਾਸ਼ਤਾ ਵਾਲੀ ਸਥਿਤੀ ਦਾ ਮੁਲੰਕਣ ਵੀ ਕਰਦੇ ਹਾਂ ਤਾਂ ਸਿਰਫ਼ ਇਕੋ ਘਾਟ ਸਾਡੇ ਸਾਹਮਣੇ ਆਉਂਦੀ ਹੈ, ਤੇ ਉਹ ਹੈ 'ਸੁਹਿਰਦ ਸਿੱਖ ਲੀਡਰਸ਼ਿਪ ਦੀ ਘਾਟ' ਜੇਕਰ ਸਿੱਖ ਕੌਮ ਇਸ ਸਮੇਂ ਆਪਣਾ ਸਾਰਾ ਜ਼ੋਰ ਚੰਗੀ ਲੀਡਰਸ਼ਿਪ ਪੈਦਾ ਕਰਨ ਲਈ ਲਾ ਦੇਵੇ ਤਾਂ ਸਾਡੇ ਪੰਜਾਹ ਫੀਸਦੀ ਕੌਮੀ ਮਾਮਲੇ ਕੁਝ ਕੁ ਸਾਲਾਂ 'ਚ ਹੀ ਹੱਲ ਹੋ ਜਾਣਗੇ। ਜੇ ਪਿਛਲਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਕੌਮਾਂ ਨੂੰ ਚੰਗੀ ਲੀਡਰਸ਼ਿਪ ਪੈਦਾ ਕਰਨ ਲਈ ਹਾਲਾਤਾਂ ਨੇ ਹਲੂਣੇ ਦਿੱਤੇ ਹਨ। ਜਦੋਂ ਕੌਮਾਂ ਇਹਨਾਂ ਹਲੂਣਿਆਂ ਨਾਲ ਜਾਗ ਕੇ ਏਕਤਾ ਦਾ ਰਾਹ ਫੜ ਲੈਣ ਤਾਂ ਇਸ 'ਚੋਂ ਉਪਜੇ ਚੰਗੇ ਵਿਚਾਰਾਂ ਤੋਂ ਢੁਕਵੀਂ ਲੀਡਰਸ਼ਿਪ ਪੈਦਾ ਕਰ ਲੈਂਦੀਆਂ ਹਨ। ਫਿਰ ਸਮੇਂ ਦੀ ਸਮਰੱਥਾ ਕੌਮਾਂ ਦੇ ਹੱਕ 'ਚ ਭੁਗਤਣ ਨੂੰ ਵੀ ਆਪਣਾ ਧੰਨਭਾਗ ਸਮਝਦੀ ਹੈ। ਇਸ ਵੇਲੇ ਸਾਡੀ ਮੰਨੀ ਜਾ ਰਹੀ ਸਿੱਖ ਲੀਡਰਸ਼ਿਪ ਨੇ ਜੇ ਸਾਡੀ ਕੌਮ ਦੇ ਸਧਾਰਨ ਸਿੱਖਾਂ 'ਚ ਸਿਰਫ਼ ਨਿਰਾਸ਼ਾ ਹੀ ਪੈਦਾ ਕੀਤੀ ਹੈ ਤੇ ਜਾਂ ਫਿਰ ਉਹਨਾਂ ਨੇ ਆਪਣੇ ਸਿੱਖ ਭਰਾਵਾਂ ਦੇ ਵਿਚਾਰਾਂ ਨੂੰ ਅਣਗੌਲਿਆ ਕੀਤਾ ਹੈ ਤਾਂ ਇਹ ਇਸ ਨੂੰ ਪੱਕੇ ਤੌਰ 'ਤੇ ਨਕਾਰ ਦੇਣਾ ਸਾਡੇ ਲਈ ਫਾਇਦੇਮੰਦ ਰਹੇਗਾ। ਹੁਣ ਜੇ ਕੌਮ ਦੇ ਬੁਰੇ ਹਾਲਾਤਾਂ ਸਮੇਂ ਵੀ ਸਿੱਖ ਆਗੂ ਆਪੋ ਆਪਣਾ ਢੋਲ ਵਜਾ ਰਹੇ ਹਨ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੌਮ ਨੂੰ ਜਗਾਉਣ ਲਈ ਕੁਦਰਤ ਦੇ ਹਲੂਣੇ ਹਨ। ਜਿਸ ਵਾਹਿਗੁਰੂ ਨੇ ਸਿੱਖ ਕੌਮ ਨੂੰ ਵੱਖਰੀ ਦਿੱਖ ਬਖਸ਼ੀ ਹੈ ਇਹ ਉਸੇ ਦਾ ਸੁਨੇਹਾ ਹੈ ਕਿ ਕੌਮ ਦਾ ਭਲਾ ਤਾਂ ਹੀ ਹੋ ਸਕਦਾ ਹੈ ਕਿ ਜੇ ਅਸੀਂ ਇਹਨਾਂ ਕੁਰਸੀ ਦੇ ਭੁਖਿਆਂ ਦੀ ਥਾਂ ਕੌਮੀ ਹਿੱਤਾਂ ਲਈ ਸੋਚਣ ਵਾਲੇ ਆਗੂ ਪੈਦਾ ਕਰਨ 'ਚ ਜੁਟ ਜਾਈਏ ਜੋ ਉਸੇ ਗੁਰੂ ਦੇ ਬਾਜ਼ਾਂ ਵਰਗੇ ਹੋਣ ਜਿਨਾਂ ਸਾਹਮਣੇ ਦੋਖੀ ਤਿੱਤਰਾਂ ਦੀਆਂ ਉਡਾਰੀਆਂ ਸਦਾ ਲਈ ਖਤਮ ਹੋ ਜਾਣ।