ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਦੋਂ ਮਿਲਣਗੇ ਇਨ੍ਹਾਂ ਸਵਾਲਾਂ ਦੇ ਜਵਾਬ?


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਨੇ ਅਥਾਹ ਕੁਰਬਾਨੀਆਂ ਦੇ ਕੇ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਅਤੇ ਕੌਮ ਦੀ ਡੋਰ ਉਸ ਦੇ ਹੱਥ ਫੜਾਉਣ ਹਿੱਤ ਹੋਂਦ ਵਿੱਚ ਲਿਆਂਦੀ ਸੀ। ਪਰ ਜਿਸ ਤੇ ਰਾਜਸੀ ਧਿਰਾਂ ਨੇ ਕੌਮ ਨੂੰ ਗੁੰਮਰਾਹ ਕਰਕੇ ਗਲਬਾ ਪਾ ਲਿਆ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਉਸਦੇ ਰਾਹ ਤੋਂ ਭਟਕਾ ਦਿੱਤਾ ਹੈ ਜਿਸ ਨਾਲ ਉਸ ਵਿੱਚੋਂ ਰਾਜਸੀ ਸੜਿਆਦ ਮਾਰਨ ਲੱਗ ਪਈ ਹੈ, ਉਸਦੀ ਸਫ਼ਾਈ ਕੌਮ ਦੇ ਧੁੰਦਲੇ ਹੁੰਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਬੇਹੱਦ ਜ਼ਰੂਰੀ ਹੈ। ਪ੍ਰੰਤੂ ਜਦੋਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ਤੋਂ ਬਾਅਦ ਨਾਮਜ਼ਦਗੀਆਂ ਭਰਨ ਤੱਕ ਦਾ ਸਫ਼ਰ ਵੀ ਪੂਰਾ ਹੋ ਗਿਆ ਹੈ ਅਤੇ ਜੇਹੋ ਜਿਹੇ ਉਮੀਦਵਾਰ ਚੋਣ ਮੈਦਾਨ ਵਿੱਚ ਆਏ ਹਨ ਅਤੇ ਜਿਸ ਤਰ੍ਹਾਂ ਢੋਲ-ਢਮੱਕਿਆਂ ਨਾਲ ਰਾਜਸੀ ਆਗੂਆਂ ਦੀ ਜੈ-ਜੈ-ਕਾਰ ਕਰਦਿਆਂ ਕਾਗਜ਼ ਭਰੇ ਗਏ ਹਨ, ਉਸ ਤੋਂ ਚੋਣਾਂ ਦੀ ਸਾਰੀ ਤਸਵੀਰ ਭਾਵੇਂ ਸਾਫ਼ ਹੋ ਗਈ ਹੈ। ਕਿ ਕਿਸੇ ਚਾਨਣੇ ਦੀ ਹਾਲੇਂ ਕੋਈ ਵੀ ਉਮੀਦ ਨਹੀਂ ਪ੍ਰੰਤੂ ਅਸੀਂ ਫਿਰ ਵੀ 'ਹੋਕਾ' ਦੇ ਕੇ ਕੌਮ ਨੂੰ ਜਗਾਉਣ ਦਾ ਆਪਣਾ ਯਤਨ ਨਿਰੰਤਰ ਜਾਰੀ ਰੱਖਾਗੇ ਤਾਂ ਕਿ ਹੋ ਸਕਦਾ ਹੈ ਗਫ਼ਲਤ ਦੀ ਨੀਂਦ ਵਿੱਚੋਂ ਕੋਈ ਨਾ ਕੋਈ ਜਾਗਦੀ ਜ਼ਮੀਰ ਵਾਲਾ ਜਾਗ ਹੀ ਪਵੇ। ਇਸ ਤੋਂ ਪਹਿਲਾ ਵੀ ਅਸੀਂ ਇਹ ਸੁਆਲ ਕੌਮ ਅੱਗੇ ਰੱਖੇ ਸਨ ਪ੍ਰੰਤੂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਇਨ੍ਹਾਂ ਦੀ ਅਹਿਮੀਅਤ ਹੋਰ ਵਧੇਰੇ ਹੈ। ਇਸ ਲਈ ਅਸੀਂ ਇਕ ਵਾਰ ਫਿਰ ਕੌਮ ਦੀ ਜ਼ਮੀਰ ਨੂੰ ਝੰਜੋੜਣ ਦਾ ਉਪਰਾਲਾ ਕਰ ਰਹੇ ਹਾਂ। ਸਿੱਖ ਰਾਜਨੀਤੀ ਅੱਜ ਆਵਦੇ ਇਤਿਹਾਸ ਵਿੱਚ ਸੱਭ ਤੋਂ ਨਿਘਾਰ ਦੀ ਅਵਸਥਾ ਵਿੱਚ ਹੈ ਅਤੇ ਇਸ ਤੋਂ ਧਰਮੀ ਆਚਰਣ ਦੀ ਆਸ ਰੱਖਣਾ, ਮੱਸਿਆ ਦੀ ਰਾਤ ਨੂੰ ਚੰਨ ਲੱਭਣ ਵਾਗੂੰ ਹੈ। ਸਿੱਖ ਧਰਮ ਜਿਹੜਾ ਰਹਿੰਦੀ ਦੁਨੀਆ ਤੱਕ ਮਾਨਵਤਾ ਦਾ ਅਸਲ ਧਰਮ ਬਣਨ ਦੇ ਸਮਰੱਥ ਹੈ, ਉਸਨੂੰ ਸਾਡੀ ਭ੍ਰਿਸ਼ਟ, ਸੁਆਰਥੀ ਤੇ ਨਿਕੰਮੀ ਸਿੱਖ ਲੀਡਰਸ਼ਿਪ ਨੇ ਅੱਜ ਉਸ ਮੁਕਾਮ ਤੇ ਲਿਆ ਖੜ੍ਹਾ ਕੀਤਾ ਹੈ ਕਿ ਸਿਰਫ਼ 56 ਲੱਖ ਸਿੱਖ, ਜਿਨ੍ਹਾਂ 'ਚ ਮਿਲਾਵਟੀ ਸਿੱਖ ਵੀ ਸ਼ਾਮਲ ਹਨ, ਸ਼੍ਰੋਮਣੀ ਕਮੇਟੀ ਦੇ ਵੋਟਰ ਬਣਨ ਲਈ ਨਿੱਤਰੇ ਹਨ। 542 ਸਾਲਾਂ ਦੇ ਦੁਨੀਆ ਸਰਬਸ੍ਰੇਸਟ ਧਰਮ ਦਾ 56 ਲੱਖ ਦੀ ਗਿਣਤੀ ਤੱਕ ਸੁੰਘੜ ਜਾਣਾ, ਕੌਮ ਲਈ ਵੱਡੀ ਚੁਣੌਤੀ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅਸੀਂ ਅੱਜ ਵੀ ਨੀਮ ਬੇਹੋਸ਼ੀ ਦੀ ਹਾਲਤ 'ਚ ਸੁੱਤੇ ਪਏ ਹਾਂ। ਇਸ ਲਈ ਅਸੀਂ ਸੁੱਤੀ ਕੌਮ ਨੂੰ ਜਗਰਾਉਣ ਲਈ 'ਹੋਕਾ' ਦੇ ਰਹੇ ਹਾਂ ਅਤੇ ਹਰ ਸਿੱਖ ਨੂੰ ਆਪਣੀ ਆਤਮਾ ਤੋਂ ਇਨ੍ਹਾਂ ਸੁਆਲਾਂ ਦੇ ਜਵਾਬ ਜਿਹੜੇ ਅਸੀਂ ਕੌਮ ਅੱਗੇ ਰੱਖ ਰਹੇ ਹਾਂ, ਜ਼ਰੂਰ ਪੁੱਛਣੇ ਚਾਹੀਦੇ ਹਨ ਅਤੇ ਜਦੋਂ ਸਾਡੀ ਜ਼ਮੀਰ, ਸਾਨੂੰ ਹਲੂਣਾ ਦੇ ਕੇ ਜਗਾਊਗੀ, ਫ਼ਿਰ ਹੀ ਜਾਗਰੂਕਤਾ ਲਹਿਰ ਪੈਦਾ ਹੋਵੇਗੀ ਅਤੇ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਅਸੀਂ ਆਪਣੇ ਭਵਿੱਖ ਦੀ ਹੋਣੀ ਨੂੰ ਘੜ੍ਹਨ ਦੇ ਸਮਰੱਥ ਹੋਵਾਂਗੇ।
J ਕੀ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਸਾਹਿਬ ਸਰਵਉੱਚ ਹਨ ਜਾਂ ਨਹੀਂ?
J ਕੀ ਸਾਡੇ ਕੌਮੀ ਲੀਡਰ ਵੀਇਸ ਸਰਵਉੱਚਤਾ ਨੂੰ ਸਵੀਕਾਰ ਕਰਦੇ ਹਨ?
J ਕੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਥਾਪਣਾ ਲਈ ਇਹ ਯੋਗਤਾ ਹੋਣੀ ਜਾਇਜ਼ ਹੈ ਕਿ ਉਹ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧੜ੍ਹੇ ਦਾ ਵਫਾਦਾਰ ਹੋਵੇ?
J ਕੀ ਦੇਹਧਾਰੀ ਗੁਰੂ-ਡੰਮ੍ਹ ਦੇ ਚੇਲੇ ਅਤੇ ਉਸਨੂੰ ਥਾਪੜਾ ਦੇਣ ਵਾਲੇ ਸਿੱਖ ਕੌਮ ਦੀ ਰਹਿਨੁਮਾਈ ਤੋਂ ਲਾਂਭੇ ਨਹੀਂ ਕੀਤੇ ਜਾਣੇ ਚਾਹੀਦੇ?
J ਕੀ ਦੇਹਧਾਰੀ ਗੁਰੂ-ਡੰਮ ਨੂੰ ਵਧਾਉਣ ਵਿਚ ਸਾਡੇ ਲੀਡਰਾਂ ਦਾ ਅਤੇ ਸਰਕਾਰੀ ਏਜੰਸੀਆਂ ਦਾ ਹੱਥ ਨਹੀਂ?
J ਕੀ ਗੁਰਦੁਆਰਾ ਐਕਟ ਦੇ ਪਰਦੇ ਹੇਠ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ 'ਤੇ ਕੇਂਦਰ ਸਰਕਾਰ ਦਾ ਕਬਜ਼ਾ ਨਹੀਂ?
J ਕੀ ਗੁਰਦੁਆਰਾ ਚੋਣਾਂ ਵਿੱਚ ਪੰਜ ਕਕਾਰੀ ਰਹਿਤ ਤੋਂ ਭਗੌੜੇ ਬੰਦਿਆਂ ਨੂੰ ਚੋਣ ਲੜਨ ਦਾ ਹੱਕ ਦੇਣਾ ਅਤੇ ਵੋਟ ਪਾਉਣ ਦਾ ਹੱਕ ਦੇਣਾ ਜਾਇਜ਼ ਹੈ?
J ਕੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦਾ ਪ੍ਰਚਾਰ ਸਹੀ ਢੰਗ ਨਾਲ ਹੋ ਰਿਹਾ ਹੈ?
J ਸ਼੍ਰੋਮਣੀ ਕਮੇਟੀ ਦਾ ਬਜਟ 300 ਕਰੋੜ ਦੇ ਕਰੀਬ ਸਲਾਨਾ ਹੋਣ ਦੇ ਬਾਵਜੂਦ ਸਾਡਾ ਕੌਮੀ ਅਖਬਾਰ ਜਾਂ ਟੀ. ਵੀ. ਚੈਨਲ ਅੱਜ ਤਾਂਈ ਕਿਉਂ ਨਹੀਂ ਬਣਾਇਆ ਗਿਆ ਜਦਕਿ ਪੰਜਾਬ ਵਿੱਚ ਹਿੰਦੀ ਅਖਬਾਰਾਂ ਅਤੇ ਹਿੰਦੂ ਧਾਰਮਿਕ ਚੈਨਲਾਂ ਦਾ ਹੜ੍ਹ ਆਇਆ ਹੋਇਆ ਹੈ?
J ਕੀ ਚੈਨਲਾਂ ਅਤੇ ਫਿਲਮਾਂ 'ਚ ਸਿੱਖਾਂ ਅੰਦਰ ਕੁਰਹਿਤਾਂ ਕਿਰਦਾਰ ਜਾਣ ਬੁੱਝ ਕੇ ਜੋਕਰਨੁਮਾ ਨਹੀਂ ਦਿਖਾਇਆ ਜਾਂਦਾ?
J ਕੀ ਪੰਜਾਬੀ ਗਾਣਿਆਂ ਵਿੱਚ ਸਾਡੇ ਵਿਰਸੇ ਨੂੰ ਅਸ਼ਲੀਲ ਅਤੇ ਵੈਲੀਆਂ ਦਾ ਵਿਰਸਾ ਬਣਾ ਕੇ ਪੇਸ਼ ਕਰਨਾ ਕੋਈ ਸੋਚੀ ਸਮਝੀ ਸ਼ਰਾਰਤ ਤਾਂ ਨਹੀਂ? J ਕੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੀ ਕੋਈ ਭੂਮਿਕਾ ਨਹੀਂ?
J ਜੇਕਰ ਸੀ ਤਾਂ ਪੰਜਾਬ ਤੋਂ ਬਾਹਰ ਭਾਰਤ ਅੰਦਰ ਪੜ੍ਹਾਏ ਜਾਂਦੇ ਇਤਿਹਾਸ ਵਿੱਚ ਉਹ ਨਜ਼ਰ ਕਿਉਂ ਨਹੀਂ ਆਉਂਦੀ?
J ਕੀ ਪੰਜਾਬ ਵਿੱਚ ਪੰਜਾਬੀ ਨੂੰ ਪੂਰਾ ਦਰਜਾ ਅਤੇ ਮਾਣ ਪ੍ਰਾਪਤ ਹੈ?
J ਕੀ ਪੰਜਾਬੀ ਵਿਚ ਹਿੰਦੀ ਦੀ ਘੁਸਪੈਠ ਜਾਣ-ਬੁੱਝ ਕੇ ਨਹੀਂ ਕੀਤੀ ਜਾ ਰਹੀ?
J ਕੀ ਪੇਂਡੂ ਹਲਕਿਆਂ ਵਿਚਲੇ ਸਕੂਲਾਂ ਵਿੱਚ (ਜਿੱਥੇ ਬਹੁਗਿਣਤੀ ਸਿੱਖ ਹੈ) ਸਿੱਖਿਆ ਦਾ ਮਿਆਰ ਤੇਜੀ ਨਾਲ ਨਿਘਰਨਾ ਸਾਡੀ ਕੌਮ ਨੂੰ ਜਾਹਿਲ ਬਣਾਉਣ ਦੀ ਕੋਸ਼ਿਸ ਨਹੀਂ?
J ਕੀ ਸਾਡੇ ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਲੱਤ ਕਿਸੇ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ?
J ਕੀ ਪੰਜਾਬ ਵਿੱਚ ਨੌਕਰੀਆਂ ਉੱਪਰ ਸਿੱਖਾਂ ਦੀ ਗਿਣਤੀ ਵਸੋਂ ਦੇ ਅਨੁਪਾਤ ਵਿੱਚ ਹੈ? ਖਾਸਕਰ ਉੱਚ ਅਹੁਦਿਆਂ ਉੱਪਰ?
J ਕੀ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਕੇਂਦਰ ਦਾ?
J ਕੀ ਪੰਜਾਬ ਦੇ ਡੈਮਾਂ ਦੀ ਬਿਜਲੀ 'ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਕਿ ਕੇਂਦਰ ਦਾ?
J ਕੀ ਪੰਜਾਬ ਨੂੰ ਬੰਜਰ ਮਾਰੂਥਲ ਬਣਾ ਕੇ ਦਰਿਆਈ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇਣਾ ਪੰਜਾਬ ਨਾਲ ਧੱਕਾ ਨਹੀਂ?
J ਕੀ ਪੰਜਾਬ ਨੂੰ ਨਾਲ ਲੱਗਦੇ ਪੰਜਾਬੀ ਇਲਾਕੇ ਦੇ ਕੇ ਪੰਜਾਬੀ ਸੂਬਾ ਪੂਰਾ ਕਰ ਦਿੱਤਾ ਗਿਆ?
J ਕੀ ਪੰਜਾਬ 'ਤੇ ਆਰਟੀਕਲ 370 ਲਾਗੂ ਹੋ ਗਿਆ?
J ਕੀ ਪੰਜਾਬ ਨੂੰ ਵਧੇਰੇ ਆਰਥਿਕ ਅਧਿਕਾਰ ਮਿਲ ਗਏ ਹਨ?
J ਬਹੁਤ ਸਾਰੇ ਬੇਗੁਨਾਹ ਸਿੱਖ ਨੌਜਵਾਨ 2 ਦਹਾਕੇ ਬਾਅਦ ਵੀ ਜੇਲ੍ਹ 'ਚੋਂ ਰਿਹਾਅ ਕਿਉਂ ਨਹੀਂ ਕੀਤੇ?
J ਕੀ ਅਣਪਛਾਤੀਆਂ ਲਾਸ਼ਾਂ ਦਾ ਕੇਸ ਹੱਲ ਕਰਵਾ ਲਿਆ ਗਿਆ ਹੈ?
J ਕੀ '84 ਦੇ ਸਿੱਖ ਕਤਲੇਆਮ ਦੇ ਕਿਸੇ ਵੀ ਅਪਰਾਧੀ ਨੂੰ ਸਜ਼ਾ ਮਿਲੀ ਹੈ?
J ਕੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਸਬੂਤਾਂ ਤੋਂ ਬਾਹਰ ਜਾ ਕੇ ਨਹੀਂ ਦਿੱਤੀ ਜਾ ਰਹੀ?
J ਸਭ ਤੋਂ ਵੱਡਾ ਸੌ ਸਵਾਲਾਂ ਦਾ ਇਕ ਸਵਾਲ ਕੀ ਭਾਰਤ ਸਰਕਾਰ ਅੱਜ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਮੰਨਦੀ ਹੈ ਜਾਂ ਕਿ ਇਕ ਵੱਖਰੀ ਕੌਮ?
J ਕੀ ਇਹ ਸਾਰੀਆਂ ਮੰਗਾਂ ਨੂੰ ਮੰਗਣ ਵਾਲੇ ਸਾਡੇ ਅਖੌਤੀ ਕੌਮੀ ਲੀਡਰ, ਸਿੱਖ ਜਵਾਨੀ ਦਾ ਸਾਲਾਂ ਬੱਧੀ ਘਾਣ ਕਰਵਾ ਕੇ ਅਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਵਾ ਕੇ, ਅੱਜ ਵੀ ਆਪਦੇ ਅਸੂਲਾਂ 'ਤੇ ਖੜ੍ਹੇ ਹਨ? ਜੇਕਰ ਨਹੀਂ ਤਾਂ ਕੀ ਕੌਮ ਦਾ ਫਰਜ਼ ਨਹੀਂ ਕਿ ਅਜਿਹੇ ਲੀਡਰਾਂ ਤੋਂ ਆਪਣਾ ਖਹਿੜਾ ਛੁੜਾਵੇ?
ਇਨ੍ਹਾਂ ਸੁਆਲਾਂ ਤੋਂ ਇਲਾਵਾ ਵੀ ਬੇਅੰਤ ਸੁਆਲ ਹਨ, ਜਿਹੜੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਤੇ ਪਾਸਾਰ ਨਾਲ ਸਬੰਧਿਤ ਹਨ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਘੱਟੋ ਘੱਟ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਹਰ ਸਿੱਖ ਦੇ ਮੱਥੇ 'ਚ ਇਹ ਸੁਆਲ ਜ਼ਰੂਰ ਰੋਸ਼ਨ ਹੋਣ ਅਤੇ ਉਹ ਇਨ੍ਹਾਂ ਸੁਆਲਾਂ ਦੇ ਜਵਾਬ ਲਈ ਜਿਥੇ ਆਪਣੀ ਆਤਮਾ ਨੂੰ ਤਿਆਰ ਕਰੇ, ਉੱਥੇ ਸਮੁੱਚੀ ਕੌਮ ਵੀ ਇਨ੍ਹਾਂ ਕੌਮੀ ਸੁਆਲਾਂ ਦੀ ਰੋਸ਼ਨੀ 'ਚ ਕੋਈ ਫੈਸਲਾ ਲੈਣ ਦੇ ਸਮਰੱਥ ਹੋ ਸਕੇ।