ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਵਾਰਥ ਦੀ ਰਾਜਨੀਤੀ ਨੇ ਹਾਸ਼ੀਏ 'ਤੇ ਖੜ੍ਹਾਈ ਸਿੱਖ ਕੌਮ


ਸਿੱਖ ਕੌਮ 'ਤੇ ਇਹ ਕੁਦਰਤ ਦੀ ਕਰੋਪੀ ਹੀ ਮੰਨੀ ਜਾਵੇਗੀ ਕਿ ਇਹ ਕੌਮ 17 ਦਹਾਕਿਆਂ ਤੋਂ ਵੀ ਵੱਧ ਸਮੇਂ ਵਿਚ ਆਪਣੀ ਸਰਬਪ੍ਰਮਾਣਿਤ ਲੀਡਰਸ਼ਿਪ ਪੈਦਾ ਨਹੀਂ ਕਰ ਸਕੀ। ਗੁਰੂ ਕਾਲ ਤੋਂ ਹੀ ਸਿੱਖ ਕੌਮ ਨੂੰ ਖਤਮ ਕਰਨ ਲਈ ਇਸ ਦੀ ਪੈਡ ਦੱਬੀ ਆ ਰਹੀ ਗੰਗੂਸ਼ਾਹੀ ਸੋਚ ਨੇ ਡੋਗਰਿਆਂ ਦੀ ਸਹਾਇਤਾ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਰਾਜਭਾਗ ਖਤਮ ਕਰਨ ਤੋਂ ਬਾਅਦ ਸਿੱਖ ਸਿਧਾਂਤਾਂ ਨੂੰ ਵੀ ਖਤਮ ਕਰਨ ਦੇ ਆਪਦੇ ਮਨਸੂਬੇ ਲਗਾਤਾਰ ਤੇਜ਼ ਕਰ ਦਿੱਤੇ ਹੋਏ ਹਨ। ਬਿਨਾਂ ਕਿਸੇ ਆਗੂ ਦੇ ਚੱਲ ਰਹੀ ਕੌਮ ਨੂੰ ਲੁਕਵੇਂ ਰੂਪ 'ਚ ਸ਼ਾਮਲ ਸਿੱਖ ਵਿਰੋਧੀ ਤਾਕਤਾਂ ਦੀ ਸਦੀਆਂ ਲੰਮੀ ਵਿਉਂਤਬੰਦੀ ਨੇ ਇਕੱਠੇ ਹੋਣ ਤੋਂ ਰੋਕਣ ਦੇ ਸਾਰੇ ਯਤਨ ਮਜ਼ਬੂਤ ਕੀਤੇ ਹੋਏ ਹਨ। ਇਸ ਸਮੇਂ ਕੌਮ ਦੀ ਜੋ ਲੀਡਰਸ਼ਿਪ ਦਿਸ ਰਹੀ ਹੈ ਇਸ ਵਿਚ ਜ਼ਿਆਦਾਤਰ ਆਗੂ ਉਹ ਰਾਜਨੀਤੀਵਾਨ ਹਨ ਜਿਨ੍ਹਾਂ ਨੇ ਸਿੱਖੀ ਦੇ ਭੇਖ ਵਿਚ ਪੂਰੀ ਕੌਮ ਨੂੰ ਭੁਲੇਖੇ 'ਚ ਰੱਖਿਆ ਹੋਇਆ ਹੈ ਕਿ ਅਸਲ ਵਿਚ ਉਹ ਹੀ ਸਿੱਖਾਂ ਦੇ ਵਾਹਿਦ ਨੇਤਾ ਹਨ ਜਿਸ ਦੀ ਅਗਵਾਈ 'ਚ ਕੌਮ ਤਰੱਕੀ ਦੇ ਰਾਹ 'ਤੇ ਚੱਲ ਰਹੀ ਹੈ। ਸਿਆਸੀ ਲੋਕਾਂ ਦੇ ਇਸ ਝੂਠ ਨੂੰ ਬਹੁਗਿਣਤੀ ਸਿੱਖਾਂ ਨੇ ਵੀ ਸੱਚ ਮੰਨ ਲਿਆ ਹੋਇਆ ਹੈ। ਅਜਿਹੇ ਸਿੱਖ ਸਗੋਂ ਸਿਆਸੀ ਲੋਕਾਂ ਦੇ ਵਹਿਕਾਵੇ 'ਚ ਆ ਕੇ ਫਿਰ ਤੋਂ ਇਹਨਾਂ ਭੇਸਧਾਰੀ ਸਿੱਖ ਆਗੂਆਂ ਨੂੰ ਲਗਾਤਾਰ ਤਾਕਤ ਦੇ ਕੇ ਆਪਣੀ ਕੌਮ ਦਾ ਖੁਦ ਨੁਕਸਾਨ ਕਰਨ 'ਚ ਵਿਰੋਧੀ ਲੋਕਾਂ ਦੇ ਭਾਈਵਾਲ ਬਣ ਰਹੇ ਹਨ।
ਦਹਾਕਿਆਂ ਤੋਂ ਲੁਕਵੇ ਰੂਪ 'ਚ ਮੰਨੇ ਜਾਂਦੇ ਸਿੱਖ ਆਗੂਆਂ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਇਸ ਸਮੇਂ ਸਭ ਦੇ ਸਾਹਮਣੇ ਆ ਕੇ ਸਿੱਖੀ ਨੂੰ ਖਤਮ ਕਰਨ ਲਈ ਢੰਗ ਤਰੀਕੇ ਅਪਣਾਅ ਰਹੀਆਂ ਹਨ, ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਫਿਰ ਵੀ ਸਾਡੀ ਜ਼ਿਆਦਾਤਰ ਕੌਮ ਉਹਨਾਂ ਨੂੰ ਮੁੜ-ਮੁੜ ਕੇ ਤਾਕਤ 'ਚ ਕਿਉਂ ਲਿਆ ਰਹੀ ਹੈ? ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਸਿੱਖ ਕੌਮ 'ਚ 'ਸਵਾਰਥ ਦਾ ਭਾਰੂ ਹੋਣਾ' ਹੀ ਇਕੋ ਇਕ ਕਾਰਨ ਹੈ। ਜੇਕਰ ਇਹ ਗੱਲ ਸੱਚੀ ਹੈ ਤਾਂ ਵੀ ਕੌਮ ਆਪਣੇ ਭਾਈਚਾਰੇ ਨੂੰ ਖਤਮ ਕਰਨ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦੀ। ਅਜਿਹੀ ਹਾਲਤ ਵਿਚ ਚਾਹੀਦਾ ਤਾਂ ਇਹ ਸੀ ਕਿ ਕੌਮ ਦੇ ਆਗੂ ਅਖਵਾਉਣ ਵਾਲੀਆਂ ਸ਼ਖਸੀਅਤਾਂ ਆਪਣੀ ਕੌਮ ਦੀ ਭਲਾਈ ਲਈ ਕੋਈ ਲੰਮੀ ਵਿਉਂਤਬੰਦੀ ਬਣਾ ਕੇ ਸਾਂਝੀ ਲੀਡਰਸ਼ਿਪ ਪੈਦਾ ਕਰਨ 'ਚ ਆਪਣਾ ਯੋਗਦਾਨ ਪਾਉਂਦੀਆਂ ਸਗੋਂ ਇਸ ਦੇ ਉਲਟ ਜਿਨ੍ਹਾਂ ਲੋਕਾਂ ਨੂੰ ਵੀ ਸਿੱਖਾਂ ਨੇ ਸਮਝਦਾਰ ਬੰਦਾ ਮੰਨ ਕੇ ਰਾਜਸੀ ਪਿੜ 'ਚ ਥਾਂ ਦੇਣ ਦੀ ਕੋਸ਼ਿਸ਼ ਕੀਤੀ ਉਹ ਹੀ ਆਪਣੀ ਸਾਰੀ ਤਾਕਤ ਕੌਮ ਦੇ ਭਲੇ 'ਚ ਵਰਤਨ ਦੀ ਥਾਂ ਆਪਣੇ ਆਪ ਨੂੰ ਕੌਮ ਦਾ ਇਕੋ ਇਕ ਵਾਹਿਦ ਆਗੂ ਅਖਵਾਉਣ ਦਾ ਐਲਾਨ ਕਰਦਾ ਰਿਹਾ ਜਿਸ ਦੇ ਸਿੱਟੇ ਵਜੋਂ ਕੋਈ ਡੇਢ ਸਦੀ ਵੀ ਵੱਧ ਸਮਾਂ ਕੌਮ ਆਗੂ ਵਿਹੂਣੀ ਹੋਈ ਬੈਠੀ ਹੈ। ਇਹ ਵਰਤਾਰਾ ਅਜੇ ਵੀ ਜਾਰੀ ਹੈ।
ਬਿਨਾਂ ਕਿਸੇ ਸ਼ੱਕ ਦੇ ਇਹ ਗੱਲ ਸਾਫ਼ ਹੈ ਕਿ ਕੌਮ ਰਾਜਸੱਤਾ ਪ੍ਰਾਪਤ ਧਿਰ ਤੋਂ ਬਿਨਾਂ ਅਜਿਹੀਆਂ ਹੋਰ ਸਿੱਖ ਸ਼ਖਸੀਅਤਾਂ ਦੀ ਵੀ ਥੋੜ ਨਹੀਂ ਜੋ ਸੱਚੇ ਦਿਲੋਂ ਕੌਮ ਨੂੰ ਦੁਨੀਆਂ ਭਰ ਵਿਚ ਮਾਣ-ਸਨਮਾਨ ਵਾਲੀ ਜਗ੍ਹਾ 'ਤੇ ਬੈਠਾ ਦੇਖਣਾ ਚਾਹੁੰਦੀਆਂ ਹਨ ਪਰ ਇਹਨਾਂ ਦਾ ਇਕੋ-ਇਕ ਨਿੱਜੀ ਸਵਾਰਥਾਂ ਵਾਲਾ ਔਗੁਣ ਸਾਰੇ ਸਿੱਖਾਂ ਨੂੰ ਫਨਾਅ ਕਰਨ ਵਾਲੇ ਰਾਹ 'ਤੇ ਤੋਰ ਰਿਹਾ ਹੈ। ਰਾਜਸੱਤਾ ਦੀ ਪ੍ਰਾਪਤੀ ਲਈ 'ਏਕੇ ਦੀ ਤਾਕਤ' ਵਾਲਾ ਨੁਕਤਾ ਜਿਸ ਤਰ੍ਹਾਂ ਅੱਖੋਂ ਉਹਲੇ ਕੀਤਾ ਜਾਂਦਾ ਹੈ ਉਸ ਦੀ ਤਾਜ਼ਾ ਮਸਾਲ ਇਸ ਸਮੇਂ ਚਰਚਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਰਹੀ ਅਨੀਤੀ ਤੋਂ ਲਈ ਜਾ ਸਕਦੀ ਹੈ। ਬਹੁਤੀਆਂ ਸਿੱਖ ਧਿਰਾਂ ਗੁਰਦੁਆਰਾ ਪ੍ਰਬੰਧ 'ਚ ਸੁਧਾਰ ਦੀਆਂ ਹਾਮੀ ਹੋਣ ਦੇ ਬਾਵਜੂਦ ਵੀ ਸਿਰਫ਼ ਇਸੇ ਕਰਕੇ ਏਕੇ ਤੋਂ ਪਾਸੇ ਹਨ ਕਿ ਜੇ ਭਵਿੱਖ 'ਚ ਕਿਤੇ ਰਾਜਸੱਤਾ ਉਹਨਾਂ ਦੇ ਕਬਜ਼ੇ 'ਚ ਆ ਵੀ ਗਈ ਤਾਂ ਨਾਲ ਰਲੀਆਂ ਹੋਈਆਂ ਧਿਰਾਂ ਵੀ ਉਸ 'ਚ ਭਾਗੀਦਾਰ ਨਾ ਬਣ ਜਾਣ। ਹਾਲਾਂਕਿ 'ਊਠ ਦੇ ਬੁਲ੍ਹ ਡਿੱਗਣ' ਵਾਂਗੂ ਕਦੇ ਵੀ ਅਜਿਹੇ ਕ੍ਰਿਸ਼ਮੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਬਹੁਤੀਆਂ ਸਿੱਖ ਧਿਰਾਂ ਨੇ ਇਕਜੁੱਟਤਾ ਦੀ ਤਾਕਤ ਨੂੰ ਸਮਝਦੇ ਹੋਏ ਵੀ ਸਗੋਂ ਆਪਣੀ ਅਨੇਕਤਾ ਦੇ ਪੱਖ 'ਚ ਬੇਥਵੀਆਂ ਦਲੀਲਾਂ ਦੇਣ ਲਈ ਆਪਣੀ ਹੀ ਕੌਮ ਦੇ ਦੂਜੇ ਸ਼ਰਧਾਵਾਨ ਸਿੱਖ ਆਗੂਆਂ ਵਿਰੁੱਧ ਭੰਡੀ-ਪ੍ਰਚਾਰ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਇਹ ਗੱਲ ਸਾਰੇ ਸਿੱਖ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਉਹਨਾਂ ਨੇ ਵੇਲੇ ਸਿਰ ਏਕਾ ਨਾ ਕੀਤਾ ਤਾਂ ਭਵਿੱਖ 'ਚ ਉਹਨਾਂ ਦੀ ਪਾਰਟੀ ਨੂੰ ਭਾਵੇਂ ਕੁਝ ਵੀ ਹਾਸਲ ਨਹੀਂ ਹੋਵੇਗਾ ਪਰ ਗੁਰਦੁਆਰਾ ਪ੍ਰਬੰਧ 'ਤੇ ਤੇਜ਼ੀ ਨਾਲ ਉਹ ਲੋਕ ਕਾਬਜ਼ ਹੋ ਰਹੇ ਹਨ ਜਿਨ੍ਹਾਂ ਦਾ ਸਿੱਖ ਸਰੋਕਾਰਾਂ ਨਾਲ ਕੋਈ ਸਬੰਧ ਨਹੀਂ। ਇਸੇ ਤਰ੍ਹਾਂ ਸਵਾਰਥ ਅਧੀਨ ਹੀ ਸਿੱਖਾਂ ਦੀ ਮਾਤ ਭੂਮੀ 'ਤੇ ਉਹਨਾਂ ਲੋਕਾਂ ਨੂੰ ਕਾਬਜ਼ ਕਰਨ 'ਚ ਸਿੱਖ ਆਗੂ ਭਾਈਵਾਲ ਬਣ ਰਹੇ ਹਨ ਜਿਨ੍ਹਾਂ ਨੇ ਕੌਮ ਨੂੰ ਸੁਨਹਿਰੀ ਕੁਰਸੀ ਤੋਂ ਉਠਾ ਕੇ ਹੱਥ-ਠੂਠਾ ਫੜਾ ਦਿੱਤਾ ਹੈ। ਜਿਸ ਜਰਖੇਜ਼ ਧਰਤੀ ਨੇ ਕੌਮ ਨੂੰ ਖੁਸ਼ਹਾਲ ਕਰਨ ਲਈ ਅਨੇਕਾਂ ਨਿਆਮਤਾਂ ਸਾਡੀ ਝੋਲੀ ਪਾਉਣੀਆਂ ਸਨ ਉਹ ਧਰਤੀ ਦਾ ਹੁਣ ਕੋਈ ਫਿਕਰਮੰਦ ਨਹੀਂ ਰਿਹਾ ਤਾਂ ਹੀ ਹੁਣ ਇਹ ਧਰਤੀ ਖੁਸ਼ੀਆਂ ਦੀਆਂ ਮਹਿਕਾਂ ਵੰਡਣ ਦੀ ਥਾਂ ਬਿਮਾਰੀਆਂ ਦੇ ਕੀਟਾਣੂ ਪੈਦਾ ਕਰਦੀ ਹੈ। ਇਸ ਸਿਰ ਕਰਜ਼ਾ ਏਨਾ ਵਧ ਗਿਆ ਹੈ ਕਿ ਇਕ ਲੱਖ ਰੁਪਏ ਗਜ਼ ਵੇਚ ਕੇ ਵੀ ਸੁਰਖਰੂ ਨਹੀਂ ਹੋਇਆ ਜਾ ਸਕਦਾ। ਇਸ ਧਰਤੀ ਦੇ ਜ਼ਿੰਦਾਦਿਲ ਵਸ਼ਿੰਦੇ ਹੱਕਾਂ ਖਾਤਰ ਜੂਝਣ ਦੀ ਥਾਂ ਖੁਦਕੁਸ਼ੀਆਂ ਨੂੰ ਅਪਣਾਅ ਰਹੇ ਹਨ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਥਾਂ ਮੁਕਰਨ 'ਚ ਕੇਂਦਰੀ ਨੇਤਾਵਾਂ ਨੂੰ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ। ਸਵਾਰਥ ਦੀ ਰਾਜਨੀਤੀ ਨੇ ਕੌਮ ਨੂੰ ਉਸ ਹਾਸ਼ੀਏ 'ਤੇ ਲਿਆ ਖੜ੍ਹਾ ਕੀਤਾ ਹੈ ਜਿਸ ਤੋਂ ਅੱਗੇ ਨਰਕਾਂ ਦਾ ਦੁਆਰ ਖੁਲ੍ਹਦਾ ਹੈ। ਕੀ ਸਿੱਖ ਲੀਡਰਸ਼ਿਪ ਆਪਣੇ ਇਸ ਇਕ ਔਗੁਣ 'ਤੇ ਕੰਟਰੋਲ ਕਰ ਸਕੇਗੀ ਜਾਂ ਫਿਰ ਇਤਿਹਾਸ ਵਿਚ ਆਪਣਾ ਨਾਮ ਉਹਨਾਂ ਲੋਕਾਂ ਵਜੋਂ ਦਰਜ ਕਰਵਾਏਗੀ ਜਿਸ ਨੂੰ ਭਾਈ ਗੁਰਦਾਸ ਦੇ ਲਫਜ਼ਾਂ 'ਚ 'ਅਕਿਰਤਘਣੁ' ਆਖਿਆ ਗਿਆ ਹੈ।