ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?


ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਰਫਤਾਰ ਲਗਾਤਾਰ ਵਧਦੀ ਜਾ ਰਹੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਅਗਾਂਹ ਚਲ ਕੇ ਇਸ ਤੇਜ਼ ਗਤੀ ਦਾ ਨਤੀਜਾ ਕੀ ਹੋਵੇਗਾ? ਅਸੀਂ ਤਾਂ ਸਿਰਫ ਭੱਜ ਕੇ ਅੱਗੇ ਨਿਕਲਣ ਦੇ ਚੱਕਰ ਵਿਚ ਰਹਿੰਦੇ ਹਾਂ, ਜਿਸ ਨਾਲ ਅਸੀਂ ਆਪਣੇ ਅਸਲ ਉਦੇਸ਼ ਨੂੰ ਭੁੱਲ ਕੇ ਕਿਸੇ ਹੋਰ ਦਿਸ਼ਾ ਵਿਚ ਭਟਕ ਜਾਂਦੇ ਹਾਂ। ਭੱਜ-ਦੌੜ ਦੇ ਇਸ ਚੱਕਰ ਵਿਚ ਇਹ ਵੀ ਖਿਆਲ ਨਹੀਂ ਰਹਿੰਦਾ ਕਿ ਸਾਡਾ ਦੂਸਰਿਆਂ ਪ੍ਰਤੀ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਅਸੀਂ ਨਿੱਤ ਨਵੀਆਂ ਚੀਜ਼ਾਂ ਦੀ ਖੋਜ ਕਰਦੇ ਜਾ ਰਹੇ ਹਾਂ, ਕਿਉਂਕਿ ਸਾਨੂੰ ਠਹਿਰਾਵ ਪਸੰਦ ਨਹੀਂ ਹੈ। ਹਰ ਕੰਮ ਜਲਦੀ-ਜਲਦੀ ਕਰਨ ਦੀ ਲਲਕ ਲੱਗੀ ਰਹਿੰਦੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਵਿਚ ਠਹਿਰਾਵ ਨਾ ਰਹਿ ਜਾਣ ਕਾਰਨ ਆਮ ਨਾਗਰਿਕ ਲਈ ਖੁਸ਼ੀ ਇਕ ਸੌਗਾਤ ਬਣ ਚੁੱਕੀ ਹੈ। ਤਰੱਕੀ ਦੀ ਅੰਧਾਧੁੰਦ ਦੌੜ ਵਿਚ ਸ਼ਾਮਲ ਹੋਣਾ ਹਰ ਵਿਅਕਤੀ ਦੀ ਮਜਬੂਰੀ ਬਣ ਗਈ ਹੈ। ਸਮਾਜ ਵਿਚ ਆਏ ਇਸ ਬਦਲਾਓ ਨੂੰ ਸਾਡੀ ਮਾਨਸਿਕਤਾ ਸਵੀਕਾਰ ਕਰਨ ਤੋਂ ਅਸਮਰਥ ਹੈ ਜਿਸ ਦੇ ਨਤੀਜੇ ਵਜੋਂ ਹਰ ਵੇਲੇ ਬੇਚੈਨ ਰਹਿੰਦੇ ਹਨ ਅਤੇ ਇਸ ਅਸਮਰਥਾ ਨਿਰਾਸ਼ਾ ਨੂੰ ਜਨਮ ਦਿੰਦੀ ਹੈ, ਜੋ ਅਗਾਂਹ ਚਲ ਕੇ ਡਿਪਰੈਸ਼ਨ ਵਿਚ ਤਬਦੀਲ ਹੋ ਜਾਂਦੀ ਹੈ।
ਡਿਪਰੈਸ਼ਨ ਆਧੁਨਿਕ ਸਮਾਜ ਵਿਚ ਇਕ ਬਹੁ-ਪ੍ਰਚੱਲਤ ਮਾਨਸਿਕ ਰੋਗ ਦੀ ਸ਼੍ਰੇਣੀ ਵਿਚ ਆਉਂਦਾ ਹੈ। ਵੱਧ ਰਹੇ ਘਰੇਲੂ ਵਿਵਾਦ, ਆਪਸੀ ਮਤਭੇਦ, ਕੰਮਾਂ-ਕਾਜਾਂ 'ਚ ਜ਼ਿਆਦਾ ਰੁੱਝੇ ਰਹਿਣਾ, ਦੂਸਰਿਆਂ ਤੋਂ ਅੱਗੇ ਨਿਕਲਣ ਦੀ ਹੋੜ, ਆਪਣੀ ਇੱਛਾ ਮੁਤਾਬਕ ਕੰਮ ਨਾ ਹੋਣਾ, ਦਫਤਰ 'ਚ ਉੱਚ ਅਧਿਕਾਰੀ ਵੱਲੋਂ ਨਜ਼ਰਅੰਦਾਜ਼ ਅਤੇ ਬੇਇੱਜ਼ਤ ਕੀਤੇ ਜਾਣਾ, ਵਧਦੇ ਤਣਾਅ ਅਤੇ ਗਲਤ ਸੰਗਤ ਦੀ ਵਜ੍ਹਾ ਨਾਲ ਕਿਸੇ ਨਸ਼ੇ ਦਾ ਆਦੀ ਹੋਣਾ, ਬਦਲਦੇ ਸਮੇਂ ਨਾਲ ਆਪਣੀ ਸੋਚ ਵਿਚ ਬਦਲਾਅ ਨਾ ਲਿਆ ਪਾਉਣਾ, ਲੰਬੇ ਸਮੇਂ ਤੋਂ ਕਿਸੇ ਬਿਮਾਰੀ ਦੇ ਸ਼ਿਕਾਰ ਹੋਣਾ ਅਤੇ ਸਭ ਤੋਂ ਮਹੱਤਵਪੂਰਨ, ਆਪਣੇ ਅੰਦਰ ਚੰਗੇ ਗੁਣ ਤੇ ਕਵਾਲਟੀ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਦੂਸਰਿਆਂ ਤੋਂ ਹੀਣ ਸਮਝਣਾ ਆਦਿ ਡਿਪਰੈਸ਼ਨ ਦੇ ਮੁੱਖ ਕਾਰਨਾਂ ਵਿਚੋਂ ਹਨ।
ਵੱਡੇ ਤਾਂ ਵੱਡੇ, ਬੱਚੇ ਅਤੇ ਨੌਜਵਾਨ ਵੀ ਤੇਜ਼ੀ ਨਾਲ ਇਸ ਦੇ ਸ਼ਿਕਾਰ ਹੋ ਰਹੇ ਹਨ। ਪੜ੍ਹਾਈ ਦਾ ਹੱਦੋਂ ਵੱਧ ਬੋਝ, ਘਰ 'ਚ ਹੋਮ-ਵਰਕ ਦੀ ਟੈਂਸ਼ਨ, ਮਾਤਾ-ਪਿਤਾ ਦੁਆਰਾ ਬੱਚੇ ਨੂੰ ਸਕੂਲ 'ਚੋਂ ਇਮਤਿਹਾਨਾਂ ਜਾਂ ਟੈਸਟਾਂ ਵਿਚੋਂ ਘਟ ਨੰਬਰ ਮਿਲਣ 'ਤੇ ਗੁੱਸੇ ਹੋਣਾ ਜਾਂ ਮਾਰਨਾ, ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਕ ਕੰਮ ਕਰਨ ਤੋਂ ਰੋਕਣਾ ਆਦਿ ਵੀ ਡਿਪਰੈਸ਼ਨ ਦੇ ਕਾਰਨਾਂ ਵਿਚੋਂ ਹੀ ਹਨ।
ਡਿਪਰੈਸ਼ਨ ਦੀਆਂ ਕਈ ਸਥਿਤੀਆਂ ਹਨ। ਇਨ੍ਹਾਂ ਵਿਚੋਂ ਕੁਝ ਦਾ ਇਲਾਜ ਉੱਚਿਤ ਸਲਾਹ, ਸਹੀ ਸੋਚ ਜਾਂ ਖੁਦ 'ਤੇ ਕਾਬੂ ਰੱਖ ਕੇ ਸੰਭਵ ਹੈ। ਡਿਪਰੈਸ਼ਨ ਦੇ ਸਮਾਪਤ ਹੋਣ 'ਚ ਕਿੰਨਾ ਸਮਾਂ ਲੱਗੇਗਾ, ਇਸ ਸਬੰਧੀ ਸਹੀ ਪਤਾ ਮਰੀਜ਼ ਦੀ ਜਾਂਚ ਕਰਨ ਤੋਂ ਬਾਅਦ ਹੀ ਲਗਦਾ ਹੈ। ਪਰ ਇਕ ਗੱਲ ਤੈਅ ਹੈ ਕਿ ਜੇਕਰ ਰੋਗੀ ਦੇ ਘਰਦਿਆਂ ਵੱਲੋਂÐ ਇਲਾਜ ਦੇ ਦੌਰਾਨ ਪੂਰਾ ਸਹਿਯੋਗ ਮਿਲੇ ਤਾਂ ਇਲਾਜ ਜਲਦੀ ਸੰਭਵ ਹੋ ਜਾਂਦਾ ਹੈ।
   ਡਿਪਰੈਸ਼ਨ ਦੀਆਂ ਕਿਸਮਾਂ: ਡਿਪਰੈਸ਼ਨ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਯੂਰੀਪੋਲਰ ਅਤੇ ਬਾਈਪੋਲਰ ਡਿਪਰੈਸ਼ਨ ਬਾਈਪੋਲਰ ਡਿਪਰੈਸ਼ਨ ਵਿਚ ਰੋਗੀ ਦੋ ਤਰ੍ਹਾਂ ਦੇ ਲੱਛਣ ਪ੍ਰਗਟ ਕਰਦਾ ਹੈ-ਕਦੇ ਉਹ ਬਹੁਤ ਜ਼ਿਆਦਾ ਉਤਸ਼ਾਹੀ ਹੋ ਜਾਂਦਾ ਹੈ ਅਤੇ ਕਦੇ ਇਕਦਮ ਹਤਾਸ਼। ਇਕ ਹੋਰ ਪ੍ਰਕਾਰ ਦਾ ਡਿਪਰੈਸ਼ਨ ਜੋ ਆਮ ਤੌਰ 'ਤੇ ਬਜ਼ੁਰਗਾਂ ਵਿਚ ਪਾਇਆ ਜਾਂਦਾ ਹੈ, ਉਹ ਨੂੰ ਓਲਡ ਏਜ਼ ਡਿਪਰੈਸ਼ਨ ਕਹਿੰਦੇ ਹਨ। ਇਕ ਸੈਕੰਡਰੀ ਡਿਪਰੈਸ਼ਨ ਵੀ ਹੁੰਦਾ ਹੈ। ਇਸ ਦਾ ਕਾਰਨ ਭੌਤਿਕ ਜ਼ਿਆਦਾ ਅਤੇ ਮਾਨਸਿਕ ਘੱਟ ਹੁੰਦਾ ਹੈ। ਇਸ ਪ੍ਰਕਾਰ ਦੇ ਡਿਪਰੈਸ਼ਨ ਹਾਰਮੋਰਨਲ ਜਾਂ ਨਸ਼ੀਲੀ ਦਵਾਈਆਂ ਦੀ ਵਧੇਰੇ ਵਰਤੋਂ, ਦਿਲ ਦੇ ਦੌਰੇ ਜਾਂ ਕਿਸੇ ਰੋਗ ਦੇ ਲੰਬੇ ਸਮੇਂ ਤਕ ਬਣੇ ਰਹਿਣ ਦੇ ਕਾਰਨ ਹੁੰਦਾ ਹੈ। ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋਣ 'ਤੇ ਵੀ ਸੈਕੰਡਰੀ ਡਿਪਰੈਸ਼ਨ ਦੇ ਲੱਛਣ ਵੇਖੇ ਜਾ ਸਕਦੇ ਹਨ।
ਨੌਕਰੀ ਦੇ ਟੁੱਟ ਜਾਣ, ਵਪਾਰ ਵਿਚ ਘਾਟਾ ਹੋ ਜਾਣ ਜਾਂ ਕਿਸੇ ਆਪਣੇ ਅਜ਼ੀਜ ਦੀ ਮੌਤ ਹੋ ਜਾਣ 'ਤੇ ਅਸਥਾਈ ਸੈਕੰਡਰੀ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਪਰ ਜੇਕਰ ਸਮਾਂ ਰਹਿੰਦੀਆਂ ਇਸ 'ਤੇ ਕਾਬੂ ਨਾ ਪਾਇਆ ਜਾ ਸਕੇ ਤਾਂ ਇਹ ਮਾਨਸਿਕ ਰੋਗ ਵਿਚ ਤਬਦੀਲ ਹੋ ਜਾਂਦੀ ਹੈ।
    ਲੱਛਣ: ਡਿਪਰੈਸ਼ਨ ਦੇ ਸ਼ਿਕਾਰ ਰੋਗੀ (ਇਸਤਰੀ ਜਾਂ ਪੁਰਸ਼) ਵਿਚ ਊਰਜਾ ਅਤੇ ਉਤਸ਼ਾਹ ਦੀ ਕਮੀ, ਕੰਮ-ਕਾਜ ਵਿਚ ਮਨ ਨਾ ਲੱਗਣਾ, ਭੁੱਖ ਅਤੇ ਨੀਂਦ ਵਿਚ ਕਮੀ, ਜਿਉਣ ਦੇ ਪ੍ਰਤੀ ਕੋਈ ਰੁਚੀ ਨਾ ਰਹਿਣਾ, ਕਿਸੇ ਵੀ ਨਵੇਂ ਕੰਮ ਜਾਂ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਡਰ ਮਹਿਸੂਸ ਕਰਨਾ, ਸਰੀਰ ਦੇ ਵਜ਼ਨ ਵਿਚ ਕਮੀ ਹੋਣਾ, ਸਰੀਰ ਵਿਚ ਥਕਾਨ ਅਤੇ ਕਿਸੇ ਵੀ ਹਿੱਸੇ 'ਚ ਦਰਦ ਦਾ ਹੋਣਾ ਅਤੇ ਕਦੇ-ਕਦੇ ਆਤਮ-ਹੱਤਿਆ ਕਰਨ ਦੀ ਭਾਵਨਾ ਦਾ ਪੈਦਾ ਹੋਣਾ ਆਦਿ ਇਸ ਰੋਗ ਦੇ ਪ੍ਰਮੁੱਖ ਲੱਛਣ ਹਨ।
ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ:
* ਖਾਲੀ ਸਮਾਂ ਮਿਲਣ 'ਤੇ ਵਿਹਲੇ ਨਾ ਬੈਠੋ, ਸਗੋਂ ਉਸ ਸਮੇਂ ਦੌਰਾਨ ਆਪਣੀ ਰੁਚੀ ਦਾ ਕੋਈ ਕੰਮ ਜਾਂ ਕੋਈ ਅਖ਼ਬਾਰ, ਰਸਾਲਾ ਜਾਂ ਪੁਸਤਕ ਆਦਿ ਨੂੰ ਪੜ੍ਹੋ ਜਾਂ ਆਪਣੇ ਮਿੱਤਰਾਂ ਨਾਲ ਕਿਸੇ ਚੰਗੇ ਵਿਸ਼ੇ 'ਤੇ ਵਿਚਾਰ-ਵਟਾਂਦਰਾ ਕਰੋ।
* ਸਾਹਮਣੇ ਵਾਲੇ ਵਿਅਕਤੀ ਦੀ ਜੋ ਗੱਲ ਚੰਗੀ ਨਾ ਲੱਗੇ, ਉਸ ਨੂੰ ਨਜ਼ਰ-ਅੰਦਾਜ਼ ਕਰ ਦੇਵੋ।
* ਰੋਜ਼ ਸਵੇਰੇ ਯੋਗਾ ਜਾਂ ਕਸਰਤ ਕਰਨ ਦੇ ਨਾਲ-ਨਾਲ ਈਸ਼ਵਰ ਅੱਗੇ ਪ੍ਰਾਰਥਨਾ ਜ਼ਰੂਰ ਕਰੋ।
* ਆਪਣੀਆਂ ਗਲਤੀਆਂ 'ਤੇ ਦੁਖ ਅਤੇ ਅਫਸੋਸ ਕਰਨ ਦੀ ਬਜਾਏ ਅੱਗੇ ਤੋਂ ਉਹ ਨਾ ਹੋਣ, ਇਸ ਲਈ ਪੱਕਾ ਇਰਾਦਾ ਰੱਖੋ।
* ਇਹ ਵੀ ਸਦਾ ਯਾਦ ਰੱਖੋ ਕਿ ਦੁੱਖ ਅਤੇ ਕਸ਼ਟ ਜੀਵਨ ਦਾ ਇਕ ਅੰਗ ਹਨ।
ਹੋਮਿਓਪੈਥੀ ਇਲਾਜ : ਡਿਪਰੈਸ਼ਨ ਦੇ ਇਲਾਜ ਲਈ ਹੋਮਿਓਪੈਥੀ ਦਵਾਈਆਂ ਦੇ ਨਾਲ-ਨਾਲ ਕਾਊਂਸਲਿੰਗ ਵੀ ਜ਼ਰੂਰੀ ਰਹਿੰਦੀ ਹੈ। ਹੋਮਿਓਪੈਥੀ ਵਿਧੀ ਰਾਹੀਂ ਇਲਾਜ ਕਰਨ 'ਤੇ ਡਿਪਰੈਸ਼ਨ ਦੇ ਸ਼ਿਕਾਰ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਜਲਦੀ ਆਰਾਮ ਮਿਲਦਾ ਹੈ ਅਤੇ ਉਹ ਬਹੁਤ ਜਲਦੀ ਡਿਪਰੈਸ਼ਨ 'ਚੋਂ ਬਾਹਰ ਆ ਜਾਂਦਾ ਹੈ।