ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਰੀਰ ਨੂੰ ਤੰਦਰੁਸਤ ਰੱਖਣ ਦੇ ਯਤਨ!


ਨਵੇਂ ਜ਼ਮਾਨੇ ਦੀ ਭਾਵੇਂ ਔਰਤ ਹੋਵੇ ਜਾਂ ਮਰਦ, ਸਾਰੇ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਰੋਮਾਂਚਿਕ ਹੋ ਰਹੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਤਾਂ ਫਿੱਟ ਰਹਿਣ ਦਾ ਸਹੀ ਸਲੀਕਾ ਹੀ ਪਤਾ ਨਹੀਂ, ਜਿਸ ਵਜ੍ਹਾ ਤੋਂ ਉਹ ਫਿਟਨੈੱਸ ਲਈ ਜੂਝਦੇ ਰਹਿੰਦੇ ਹਨ ਅਤੇ ਆਪਣਾ ਸਰੀਰਕ ਤੇ ਮਾਨਸਿਕ ਨੁਕਸਾਨ ਕਰਾ ਬੈਠਦੇ ਨੇ। ਗੱਲ ਜਦੋਂ ਫਿਟਨੈੱਸ ਦੀ ਹੁੰਦੀ ਹੈ, ਤਾਂ ਹਰ ਕਿਸੇ ਦੇ ਕੋਲ ਇਸ ਨੂੰ ਪਾਉਣ ਦੇ ਵੱਖ ਵੱਖ ਤਰੀਕੇ ਹੁੰਦੇ ਹਨ। ਲੇਕਿਨ ਫਿਟਨੈੱਸ ਦੀ ਇਸ ਦੌੜ ਵਿਚ ਕੁਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਹਰ ਔਰਤ ਤੇ ਮਰਦ ਲਈ ਇਕੋ ਜਿਹੀਆਂ ਨਹੀਂ ਹੁੰਦੀਆਂ। ਅਜਿਹੇ ਵਿਚ ਫਿਟਨੈੱਸ ਰੇਸ ਦੀ ਫਿਨਿਸ਼ਿੰਗ ਲਾਈਨ ਨੂੰ ਟੱਚ ਕਰਨ ਤੋਂ ਪਹਿਲਾਂ ਆਪਾਂ ਨੂੰ ਸੋਚਣਾ ਹੀ ਪਵੇਗਾ।
ਹਰ ਫਿਟਨੈੱਸ ਐਕਟੀਵਿਟੀ ਦੇ ਨਾਲ ਚੰਗੇ ਮਾੜੇ ਗੁਣ ਜੁੜੇ ਹੁੰਦੇ ਹਨ। ਮਾਂਹ ਕਿਸੇ ਨੂੰ ਬਾਦੀ ਤੇ ਕਿਸੇ ਨੂੰ ਸਵਾਦੀ ਦੇ ਬਾਵਜੂਦ ਇਸ ਦੇ ਫਿਟਨੈੱਸ ਦੀ ਯਾਤਰਾ ਪੂਰੀ ਕਰਨ ਲਈ ਆਪਾਂ ਨੂੰ ਹੈਲਥ ਐਕਟਿਵਿਟੀਜ਼ ਦਾ ਸਹਾਰਾ ਲੈਣਾ ਹੀ ਹੋਵੇਗਾ। ਹਾਲਾਂਕਿ ਤਦ ਵੀ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਫਿਟਨੈੱਸ ਮੇਨਟੇਨ ਰੱਖ ਸਕੋ। ਪਰ ਇਸ ਦਾ ਇਹ ਫਾਇਦਾ ਜ਼ਰੂਰ ਹੋਵੇਗਾ ਕਿ ਤੁਸੀਂ ਆਪਣੀ ਲੁੱਕ ਨੂੰ ਲੈ ਕੇ ਇਕ ਰਸਤੇ 'ਤੇ ਤੁਰ ਪੈਂਦੇ ਹੋ। ਦਰਅਸਲ ਫਿੱਟ ਰਹਿਣ ਦੀ ਚਾਹਤ ਰੱਖਣ ਵਾਲੇ ਜ਼ਿਆਦਾਤਰ ਮਰਦ ਤੇ ਔਰਤਾਂ ਦੀ ਕੋਸ਼ਿਸ਼ ਆਪਣੇ ਮੰਤਵ ਨੂੰ ਛੇਤੀ ਤੋਂ ਛੇਤੀ ਪ੍ਰਾਪਤ ਕਰਨ ਦੀ ਹੁੰਦੀ ਹੈ। ਇਹੋ ਮਨੋਵਿਗਿਆਨ ਅਜਿਹੇ ਸਚੇਤ ਤੇ ਆਧੁਨਿਕ ਮਨੁੱਖੀ ਸਰੀਰ ਨੂੰ ਤਬਾਹ ਕਰ ਦਿੰਦਾ ਹੈ।
ਟਰੇਡਮਿਲ ਤੇ ਥਕਾ ਦੇਣ ਵਾਲੀ ਦੌੜ, ਲਗਾਤਾਰ ਐਕਸਰਸਾਈਜ਼ ਅਤੇ ਮੋਟਾਪੇ ਦੇ ਪਿੱਛੇ ਹੱਥ ਧੋ ਕੇ ਪੈ ਜਾਣ ਦੇ ਪਿੱਛੇ ਉਨ੍ਹਾਂ ਦਾ ਅਸਲੀ ਟਾਰਗੈਟ ਸਾਈਜ਼ ਜ਼ੀਰੋ ਦੀ ਚਾਹਤ ਹੁੰਦਾ ਹੈ। ਕੋਈ ਸ਼ੱਕ ਨਹੀਂ ਕਿ ਆਪਣੀ ਬਾਡੀ ਨੂੰ ਥੋੜ੍ਹਾ ਜ਼ਿਆਦਾ ਸਟਰੈੱਸ ਦੇ ਕੇ ਕੁਝ ਬੰਦੇ ਆਪਣੀ ਇਸ ਚਾਹਤ ਨੂੰ ਪੂਰਾ ਵੀ ਕਰ ਲੈਂਦੇ ਹਨ ਅਤੇ ਇਸ ਦੇਖਾ-ਦੇਖੀ ਦੀ ਦੁਨੀਆਂ ਵਿਚ ਚੰਗੇ ਦੀ ਥਾਂ ਮਾੜੇ ਅਸਰ ਮਿਲਦੇ ਹਨ, ਬਹੁਤਿਆਂ ਲਈ। ਲੇਕਿਨ ਇਹ ਠੀਕ ਅਤੇ ਟਿਕਾਊ ਤਰੀਕਾ ਨਹੀਂ ਹੈ। ਅਸਲ ਵਿਚ ਫਿਟਨੈੱਸ ਹਾਸਲ ਕਰਨ ਲਈ ਸਭ ਤੋਂ ਪਹਿਲਾ ਸਟੈੱਪ ਇਹੀ ਹੈ ਕਿ ਤੁਸੀਂ ਆਪਣੇ ਬਾਡੀ ਸਟਰੱਕਚਰ ਅਤੇ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਫਿਟਨੈੱਸ ਐਕਟਿਵਿਟੀ ਨੂੰ ਵਿਚਾਰੋ।
ਧਿਆਨ ਰਹੇ ਕਿ ਤੁਹਾਡੀ ਫਿਟਨੈੱਸ ਐਕਟੀਵਿਟੀ ਤੁਹਾਡੇ ਮਨਭਾਉਂਦੀ ਹੋਵੇ ਅਤੇ ਨਾਲ ਨਾਲ ਤੁਹਾਡੇ ਸਰੀਰ ਦੇ ਪ੍ਰਾਬਲਮਮੈਟਿਕ ਏਰੀਆ ਉÎੱਤੇ ਹਿੱਟ ਕਰਨ ਵਾਲੀ ਵੀ। ਜੇ ਤੁਸੀਂ ਆਪਣੀ ਬਾਡੀ ਦੇ ਫੈਟ ਪਾਰਟ ਨੂੰ ਨਿਸ਼ਾਨਦੇਹੀ ਕਰਕੇ ਐਕਸਰਸਾਈਜ਼ ਨਹੀਂ ਕਰਦੇ, ਮੈਂ ਕਹਿੰਦਾ ਹਾਂ ਕਿ ਕੋਈ ਫਾਇਦਾ ਨਹੀਂ ਹੋਣ ਵਾਲਾ। ਜੇਕਰ ਤੁਹਾਡੀ ਬਾਡੀ ਫਲੈਕਸੀਬਲ ਹੈ ਤਾਂ ਤੁਹਾਨੂੰ  ਐਰੋਬਿਕਸ ਅਤੇ ਯੋਗਾ ਕਰਨਾ ਚਾਹੀਦਾ ਹੈ ਪਰ ਐਵੇਂ ਹਫਣਾ ਵੀ ਚੰਗਾ ਨਹੀਂ ਹੁੰਦਾ। ਜੇ ਤੁਹਾਡਾ ਐਨਰਜੀ ਲੈਵਲ ਬਹੁਤ ਉÎੱਚਾ ਹੈ ਤਾਂ ਫਿੱਟ ਰਹਿਣ ਲਈ ਜਿਮ ਟਰਾਈ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਪ੍ਰਾਕਿਤੀ ਦੇ ਪ੍ਰਸ਼ੰਸਕ ਹੋ ਤਾਂ ਤੇਜ਼ ਗਤੀ ਨਾਲ ਤੁਰਨਾ (ਲਗਭਗ 100 ਕਦਮ ਪ੍ਰਤੀ ਮਿੰਟ), ਜਾਗਿੰਗ, ਸਵਿਮਿੰਗ ਅਤੇ ਆਪਣਾ ਕੋਈ ਵੀ ਪਸੰਦੀਦਾ ਸਪੋਰਟ ਟਰਾਈ ਕਰ ਸਕਦੇ ਹੋ।
ਕੋਸ਼ਿਸ਼ ਕਰੋ ਕਿ ਹਰ ਇਕ ਮਹੀਨੇ ਬਾਅਦ ਤੁਸੀਂ ਆਪਣੀ ਫਿਟਨੈੱਸ ਐਕਟੀਵਿਟੀ ਬਦਲਦੇ ਰਹੋ ਜਾਂ ਫਿਰ ਕੋਈ ਨਵੀਂ ਐਕਟੀਵਿਟੀ ਸ਼ੁਰੂ ਕਰੋ। ਕਿਉਂਕਿ ਤੁਹਾਡੇ ਸਰੀਰ ਨੂੰ ਲਗਾਤਾਰ ਇਕੋ ਕਿਸਮ ਦੇ ਕਾਰਜ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਸਭ ਕੁਝ ਬੇਮਾਅਨਾ ਹੋ ਕੇ ਰਹਿ ਜਾਂਦਾ ਹੈ। ਮੰਨ ਲਵੋ ਕਿ ਤੁਸੀਂ ਸਾਈਕਲ ਤਾਂ ਚੰਗਾ ਚਲਾ ਲੈਂਦੇ ਹੋ ਪਰ ਪੌੜੀ ਚੜ੍ਹਦਿਆਂ ਜਾਂ ਤੁਰਦਿਆਂ ਸਾਹ ਚੜ੍ਹ ਜਾਂਦਾ ਹੈ। ਭਾਵੇਂ ਇਸ ਤੋਂ ਤੁਹਾਨੂੰ ਤੇਜ਼ੀ ਨਾਲ ਵੇਟ ਤੇ ਫੈਟ ਬਰਨ ਕਰਨ ਵਿਚ ਮਦਦ ਮਿਲਦੀ ਹੈ ਪਰ ਇਕ ਸਮਾਂ ਅਜਿਹਾ ਵੀ ਆ ਜਾਂਦਾ ਹੈ ਜਦੋਂ ਵੇਟ ਜਾਂ ਫੈਟ ਲੂਜ਼ ਕਰਨਾ ਘਟ ਹੋ ਜਾਂਦਾ ਹੈ, ਕਸਰਤ ਦਾ ਅਸਰ ਹੋਣਾ ਰੁਕ ਜਾਂਦਾ ਹੈ। ਇਸੇ ਲਈ ਜੇਕਰ ਤੁਸੀਂ ਹਰ ਮਹੀਨੇ ਫਿਟਨੈੱਸ ਐਕਸਰਸਾਈਜ਼ ਬਦਲਦੇ ਰਹੋਗੇ ਤਾਂ ਤੁਹਾਨੂੰ ਬਿਹਤਰ ਨਤੀਜੇ ਮਿਲਣ ਦੀ ਆਸ ਬੱਝੀ ਰਹੇਗੀ।
ਕੋਈ ਵੀ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਮਹੱਤਵਪੂਰਨ ਚੀਜ਼ ਹੈ ਕਿ ਤੁਸੀਂ ਆਪਣੀ ਮੌਜੂਦਾ ਕੰਡੀਸ਼ਨ ਦੇ ਮੁਤਾਬਕ ਐਕਸਰਸਾਈਜ਼ ਚੁਣੋ। ਆਪਣਾ ਸੰਪੂਰਨ ਮੈਡੀਕਲ ਚੈਕਅੱਪ ਕਰਾਉਣ ਤੋਂ ਬਿਨਾਂ ਕੋਈ ਕਸਰਤ ਸ਼ੁਰੂ ਕਰਨੀ ਹੀ ਨਹੀਂ ਚਾਹੀਦੀ। ਬਹੁਤਿਆਂ ਦਾ ਕਾਰਡਿਕ ਅਰੈਸਟ ਹੁੰਦਾ ਵੇਖਿਆ ਹੈ ਕਹਿੰਦੇ ਕਹਾਉਂਦਿਆਂ ਦਾ। ਜੇਕਰ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਤਾਂ ਬਿਨਾਂ ਸੋਚੇ ਅਤੇ ਅਗਵਾਈ ਤੇ ਚੁਣੀ ਕਸਰਤ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਆਪ ਦੀ ਬਾਡੀ ਦੇ ਆਪੋਜ਼ਿਟ ਐਕਸਰਸਾਈਜ਼ ਦਾ ਸਿਲੈਕਸ਼ਨ ਤੁਹਾਨੂੰ ਤਬਾਹ ਕਰ ਸਕਦਾ ਹੈ। ਕਈ ਵਾਰ ਲੋਕ ਆਪਣੇ ਸਰੀਰ ਦੀਆਂ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰਕੇ ਹੈਂਕੜਬਾਜ਼ੀ ਵਿੱਚ ਕਸਰਤ ਕਰਦੇ ਹਨ, ਅਜਿਹੇ ਵਿਚ ਉਨ੍ਹਾਂ ਨੂੰ ਕੋਈ ਗੰਭੀਰ ਰੋਗ ਹੋ ਜਾਣ ਦਾ ਡਰ ਰਹਿੰਦਾ ਹੈ।
ਚੰਗਾ ਹੋਵੇਗਾ ਕਿ ਤੁਸੀਂ ਮੀਡੀਆ ਵਿਚ ਵਿਖਾਈਆਂ ਜਾ ਰਹੀਆਂ ਗਲੈਮਰਸ ਮਾਡਲਜ਼ ਅਤੇ ਹੀਰੋ ਹੀਰੋਇਨਾਂ ਦੀ ਐਟਰੈਕਟਿਵ ਬਾਡੀ ਵੇਖ ਕੇ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੋ। ਇਸੇ ਵਿਚ ਤੁਹਾਡੀ ਭਲਾਈ ਹੈ ਅਤੇ ਇਸ ਦੇ ਬਜਾਏ ਆਪਣੇ ਸਰੀਰ ਦੀ ਲੋੜ ਮੁਤਾਬਕ ਐਕਸਰਸਾਈਜ਼ ਚੁਣੋ ਤੇ ਕਰੋ। ਜੇਕਰ ਤੁਸੀਂ ਲੰਮੇ ਸਮੇਂ ਤੱਕ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਲੰਮੇ ਸਮੇਂ ਦੀ ਯੋਜਨਾ ਬਣਾਉਣੀ ਹੋਵੇਗੀ। ਉਂਜ ਖਾਣ ਪੀਣ ਵਿਚ ਸਾਵਧਾਨੀ ਰੱਖ ਕੇ ਅਤੇ ਹਲਕੀ ਫੁਲਕੀ ਕਸਰਤ ਕਰਕੇ ਹੀ ਕਾਫੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਕਿ ਜੇਕਰ ਆਪਾਂ ਆਪਣੀ ਰੋਜ਼ਾਨਾ ਖੁਰਾਕ ਦਾ 10 ਫੀਸਦੀ ਕਾਰਬੋਹਾਈਡਰੇਟ ਘੱਟ ਕਰ ਸਕੀਏ ਅਤੇ ਪ੍ਰੋਟੀਨ ਵਧਾ ਦਿੱਤਾ ਤਾਂ ਮਨਚਾਹੀ ਫਿੱਗਰ ਪਾ ਸਕਦੇ ਹਾਂ, ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ। ਘਰ ਦਾ ਕੰਮਕਾਜ ਅਤੇ ਰੁਟੀਨ ਵਰਕ ਹੀ ਬਹੁਤ ਵੱਡੀ ਕਸਰਤ ਹੈ, ਮਰਦ ਵੀ ਕਰਕੇ ਵੇਖਣ।
ਹਾਂ, ਇਸਤਰੀਆਂ ਵਿਚ ਫਿਟਨੈੱਸ ਨੂੰ ਲੈ ਕੇ ਅਕਸਰ ਗੱਲ ਕੁਆਰੀਆਂ ਲੜਕੀਆਂ ਦੀ ਹੀ ਹੁੰਦੀ ਹੈ, ਲੇਕਿਨ ਵਿਆਹ ਅਤੇ ਬੱਚੇ ਹੋਣ ਦੇ ਬਾਅਦ ਔਰਤਾਂ ਨੂੰ ਆਪਣੀ ਹੈਲਥ ਅਤੇ ਖਾਣ ਪੀਣ ਉÎੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਖਾਸ ਤੌਰ 'ਤੇ ਪ੍ਰੈਗਨੈਂਸੀ ਦੇ ਬਾਅਦ ਔਰਤਾਂ ਦੀ ਬਾਡੀ ਵਿਚ ਕਾਫੀ ਤਬਦੀਲੀਆਂ ਆਉਂਦੀਆਂ ਹਨ। ਉਂਜ ਇਹ ਸਭ ਕੁਝ ਸੁਭਾਵਿਕ ਹੀ ਹੁੰਦਾ ਹੈ, ਕੁਦਰਤ ਦਾ ਅਸੂਲ ਹੈ ਪਰ ਬੰਦਾ ਨਹੀਂ ਮੰਨਦਾ। ਪਰ ਜੇਕਰ ਤੁਸੀਂ ਪ੍ਰੈਗਨੈਂਸੀ ਦੇ ਬਾਅਦ ਵਾਪਸ ਪਹਿਲਾਂ ਵਾਲੀ ਸ਼ੇਪ ਵਿੱਚ ਆਉਣਾ ਚਾਹੁੰਦੀਆਂ ਹੋ ਤਾਂ ਇਹ ਮੁਸ਼ਕਲ ਕੰਮ ਨਹੀਂ ਹੈ। ਆਪਣੇ ਪੁਰਾਣੇ ਫੈਸ਼ਨੇਬਲ ਕੱਪੜੇ ਪਹਿਨਣ ਦੀ ਚਾਹਤ ਪੂਰੀ ਕਰਨ ਦੀ ਸ਼ੁਰੂਆਤ ਤੁਸੀਂ ਤੁਰਨ ਫਿਰਨ ਤੋਂ ਕਰ ਸਕਦੀਆਂ ਹੋ। ਪਹਿਲੇ ਸਮਿਆਂ ਵਿਚ ਜੰਗਲ ਪਾਣੀ ਘਰ ਤੋਂ ਕਾਫੀ ਦੂਰ ਜਾਇਆ ਜਾਂਦਾ ਸੀ, ਜਿਸ ਨਾਲ ਚੰਗੀ ਵਾਕਿੰਗ ਹੋ ਜਾਂਦੀ ਸੀ ਤੇ ਔਰਤਾਂ ਆਪਸ ਵਿਚ ਵਿਚਾਰ-ਵਟਾਂਦਰਾ ਵੀ ਕਰ ਲੈਂਦੀਆਂ ਸਨ। ਸਰੀਰ ਦੀ ਭੜਾਸ ਦੇ ਨਾਲ ਨਾਲ ਮਨ ਦੀ ਭੜਾਸ ਵੀ ਸਹਿਜੇ ਕੱਢ ਲਈ ਜਾਂਦੀ ਸੀ। ਪਤਾ ਹੈ ਕਿ ਬਾਹਰ ਜੰਗਲ ਪਾਣੀ ਦਾ ਫਾਇਦਾ ਸੀ ਕਿ ਹਰ ਕੋਈ ਆਪਣੇ ਪਖਾਨੇ ਤੇ ਪਿਸ਼ਾਬ ਦਾ ਰੰਗ ਰੂਪ ਅੱਖੀਂ ਵੇਖ ਲੈਂਦਾ ਸੀ। ਪਰ ਨਵੇਂ ਜ਼ਮਾਨੇ ਦੀ ਦੇਣ ਹੈ ਕਿ ਟਾਇਲਟ ਸੀਟ ਬੈੱਡ ਤੋਂ ਡੇਢ ਡਿੰਗ 'ਤੇ ਹੁੰਦੀ ਹੈ, ਇਥੋਂ ਉੱਠੇ ਉੱਥੇ ਬੈਠ ਗਏ। ਬੀਮਾਰੀ ਸਮੇਂ ਜੇ ਡਾਕਟਰ ਟੱਟੀ ਤੇ ਪਿਸ਼ਾਬ ਦੇ ਰੰਗ ਰੂਪ ਬਾਰੇ ਪੁੱਛਦਾ ਹੈ ਤਾਂ ਆਮ ਕਿਹਾ ਜਾਂਦਾ ਹੈ ਪਤਾ ਨਹੀਂ ਜੀ, ਉÎੱਠਣ ਤੋਂ ਪਹਿਲੋਂ ਹੀ ਫਲੱਸ਼ ਕਰ ਦਿੱਤਾ ਜਾਂਦਾ ਹੈ।
ਸਿਹਤ ਦੇ ਮਾਹਿਰ ਵੀ ਇਹੋ ਕਹਿੰਦੇ ਹਨ ਕਿ ਡਲਿਵਰੀ ਦੇ ਬਾਅਦ ਔਰਤਾਂ ਲਈ ਆਪਣੀ ਪੁਰਾਣੀ ਸ਼ੇਪ ਹਾਸਲ ਕਰਨਾ ਮੁਸ਼ਕਲ ਨਹੀਂ ਹੈ, ਮਜ਼ਾਕੀਆ ਗੱਲ ਹੈ ਕਿ ਬਹੁਤ ਹੈਲਥ ਮਾਹਿਰ ਹੁੰਦੇ ਹਨ ਤੇ ਮਰਦ ਦੇ ਕਦੇ ਡਲਿਵਰੀ ਨਹੀਂ ਹੁੰਦੀ ਕੀ ਦੱਸੇਗਾ ਬੇਚਾਰਾ…। ਲੇਕਿਨ ਇਸ ਦੇ ਲਈ ਲੰਮੇ ਸਮੇਂ ਤੱਕ ਐਕਸਰਸਾਈਜ਼ ਰੂਟੀਨ ਫਾਲੋ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਕਰ ਪਾਉਣ ਵਿੱਚ ਕਾਮਯਾਬ ਹੁੰਦੀਆਂ ਹੋ ਤਾਂ ਤੁਸੀਂ ਪਹਿਲਾਂ ਤੋਂ ਵੀ ਬਿਹਤਰ ਬਾਡੀ ਪਾ ਸਕਦੀਆਂ ਹੋ। ਸਾਫ ਹੈ ਅਜਿਹੇ ਵਿੱਚ ਤੁਸੀਂ ਨਾ ਸਿਰਫ ਆਪਣੇ ਆਪ ਨੂੰ ਕਾਨਫਿਡੈਂਟ ਮਹਿਸੂਸ ਕਰੋਗੀਆਂ, ਸਗੋਂ ਹਰ ਕੋਈ ਤੁਹਾਡੇ ਫਿਟਨੈੱਸ ਸੀਕਰੇਟ ਜਾਨਣ ਦੀ ਚਾਹਤ ਵੀ ਕਰੇਗਾ।
ਉਧਰ ਮੁੰਡੇ ਕਿਹੜਾ ਘੱਟ ਹਨ, ਕਈ ਕਈ ਘੰਟੇ ਜਿੰਮ ਵਿੱਚ ਗੁਜ਼ਾਰਨੇ ਫੈਸ਼ਨ ਬਣ ਗਿਆ ਹੈ। ਡੌਲੇ, ਗਰਦਨ ਤੇ ਛਾਤੀ ਨੂੰ ਕਸਰਤ ਕਰ ਕਰ ਕੇ ਸਖਤ ਕਰਨਾ ਤੇ ਫੂਡ ਸਪਲੀਮੈਂਟ ਦੇ ਨਾਮ 'ਤੇ ਸਟੀਰਾਈਡ ਦੀ ਵਰਤੋਂ ਕਰਨੀ ਘਾਤਕ ਬਣ ਜਾਂਦੀ ਹੈ। ਜਦੋਂ ਤੱਕ ਜਿੰਮ 'ਚ ਲਗਾਤਾਰ ਵਰਜ਼ਿਸ਼ ਤਦੋਂ ਤੱਕ ਠੀਕ, ਨਹੀਂ ਤਾਂ ਫਿਰ ਤੋਂ ਬਾਹਰ ਆ ਜਾਂਦੀ ਹੈ। ਕੀ ਲਾਭ ਅਜੇਹੀ ਕਸਰਤ ਦਾ, ਕੋਈ ਨਹੀਂ। ਹਰ ਕਿਸੇ ਨੂੰ ਬਹੁਤੀ ਮਸਕੂਲਰ ਬਾਡੀ ਸੋਹਣੀ ਵੀ ਨਹੀਂ ਲੱਗਦੀ। ਦਿਮਾਗੀ ਤੇ ਸਰੀਰਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਸਰੀਰ ਤਾਂ ਆਪੇ ਗੁੰਦਿਆ ਜਾਵੇਗਾ। ਪੜ੍ਹਾਈ ਅਤੇ ਵਿਚਾਰਾਂ ਨੇ ਇਹੋ ਗਿਆਨ ਦਿੱਤਾ ਹੈ ਕਿ ਸਰੀਰ ਨਾਲ ਉਤਨਾ ਹੀ ਧੱਕਾ ਕਰੋ ਜਿਤਨਾ ਸਹਿ ਸਕੇ। ਵਰਨਾ ਬਹੁਤ ਤਕਲੀਫ ਹੁੰਦੀ ਹੈ ਬਾਅਦ ਵਿਚ, ਦਵਾਈ ਦੇ ਚੱਕਰਾਂ ਵਿੱਚ ਰਹਿੰਦੀ ਜ਼ਿੰਦਗੀ ਬਸਰ ਹੁੰਦੀ ਹੈ। ਮੈਂ ਵੇਖਿਆ ਹੈ ਅਜਿਹਿਆਂ ਨਾਲ ਹੁੰਦਾ। ਚੰਗਾ ਖਾਓ, ਚੰਗਾ ਸੋਚੋ ਤੇ ਚੰਗਾ ਕਰੋ, ਆਪਣੇ ਤੇ ਦੂਜਿਆਂ ਲਈ, ਇਸ ਨਾਲ ਤੁਹਾਡੀ ਸਿਹਤ ਵੀ ਸਹੀ ਰਹੇਗੀ ਤੇ ਹੋਰਾਂ ਦੀ ਵੀ। ਰੋਟੀ ਨੂੰ ਹਜ਼ਮ ਕਰਨ ਲਈ ਕੋਈ ਬਹੁਤੀ ਕਸਰਤ ਦੀ ਵੀ ਲੋੜ ਨਹੀਂ, ਮੇਰੀ ਮੰਨੋ, ਕਾਰ ਦੀ ਵਰਤੋਂ ਬਹੁਤ ਹੱਦ ਤੱਕ ਘਟਾ ਦਿਓ, ਸਕੂਟਰ, ਮੋਟਰਸਾਈਕਲ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿਓ, ਸਾਈਕਲ ਦੀ ਵਰਤੋਂ ਕਰਨੀ ਆਰੰਭੋ ਅਤੇ ਅਕਸਰ ਪੈਦਲ ਚੱਲਣ ਦੀ ਆਦਤ ਪਾਓ, ਸੁਖੀ ਰਹੋਗੇ। ਮਹਿੰਗੇ ਜਿੰਮ ਜਾਣ ਦੇ ਬਦਲੇ ਆਪਦੇ ਸ਼ਹਿਰ ਵਿਚ ਬਣੇ ਫਲਾਈਓਵਰ ਪੁਲਾਂ 'ਤੇ ਤੁਰਨ ਦੀ ਕੋਸ਼ਿਸ਼ ਕਰੋ, ਬਹੁਤ ਭਾਰੀ ਐਕਸਰਸਾਈਜ਼ ਹੋ ਜਾਵੇਗੀ ਫਲਾਈਓਵਰ ਚੜ੍ਹਨ ਉਤਰਨ ਵਿਚ। ਫੂਡ ਸਪਲੀਮੈਂਟ ਤੋਂ ਪਰਹੇਜ਼ ਕਰੋ, ਪਰਮਾਤਮਾ ਨੇ ਬੰਦੇ ਲਈ ਖਾਣਯੋਗ ਹਰ ਵਸਤ ਵਿਚ ਭਰਪੂਰ ਪੋਸ਼ਣ ਪਦਾਰਥ ਪਾ ਕੇ ਦਿੱਤੇ ਹਨ, ਹੋਰਾਂ ਦੀ ਲੋੜ ਹੀ ਨਹੀਂ।      
- ਡਾ. ਰਿਪੁਦਮਨ ਸਿੰਘ