ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼


ਹਰ ਸਾਲ ਸਿੱਖਾਂ ਵੱਲੋਂ ਸਾਰੇ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਬੜੇ ਨਗਰ ਕੀਰਤਨ ਕੱਢੇ ਜਾਂਦੇ ਹਨ, ਜਲਸੇ ਤੇ ਕਾਨਫਰੰਸਾਂ ਅਤੇ ਅਖੰਡ-ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ। ਕੀ ਪ੍ਰਕਾਸ਼ ਮਨਾਉਣ ਦਾ ਇਹੋ ਅਰਥ ਬਣਦਾ ਹੈ ਜਾਂ ਕੁਝ ਹੋਰ ਗੱਲ ਹੈ? ਇਸ ਵਿਸ਼ੇ 'ਤੇ ਕੁਝ ਸਮੇਂ ਲਈ ਵਿਚਾਰ ਕਰਨੀ ਹੈ :
ਪ੍ਰਕਾਸ਼ ਦਾ ਜੋ ਆਮ ਅਰਥ ਲਿਆ ਜਾਂਦਾ ਹੈ ਉਹ ਹੈ ਰੌਸ਼ਨੀ, ਲੋ, ਚਾਨਣ ਆਦਿ ਜਿਹੜੇ ਅਨ੍ਹੇਰਾ ਦੂਰ ਕਰਦੇ ਹਨ। ਇਹ ਦੀਵਾ, ਬੱਤੀ, ਬਿਜਲੀ, ਚੰਦ ਅਤੇ ਸੂਰਜ ਆਦਿ ਵੀ ਹੋ ਸਕਦੇ ਹਨ।
ਕੀ ਗੁਰੂ ਸਾਹਿਬ ਇਸ ਪ੍ਰਕਾਸ਼ ਦੀ ਗੱਲ ਕਰਦੇ ਹਨ ਜਿਹੜਾ ਬਾਹਰਲਾ ਅਨ੍ਹੇਰਾ ਦੂਰ ਕਰਦਾ ਹੈ ਜਾਂ ਇਥੇ ਕੋਈ ਹੋਰ ਗੱਲ ਹੋ ਰਹੀ ਹੈ? ਆਓ ਪੁੱਛੀਏ ਗੁਰੂ ਪਾਤਸ਼ਾਹ ਪਾਸੋਂ। ਗੁਰੂ ਸਾਹਿਬ ਸਾਡੇ ਸੁਆਲ ਦਾ ਉਤਰ ਇਸ ਤਰ੍ਹਾਂ ਦਿੰਦੇ ਹਨ।
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ£
ਏਤੇ ਚਾਨਣੁ ਹੋਦਿਆ, ਗੁਰੁ ਬਿਨੁ ਘੋਰ ਅੰਧਾਰ£ (463)
ਗੁਰੂ ਪਾਤਸ਼ਾਹ ਉਤਰ ਦਿੰਦੇ ਹਨ ਕਿ ਭਾਈ ਜਿਸ ਪ੍ਰਕਾਸ਼ ਦੀ ਅਸੀਂ ਗੱਲ ਕਰਦੇ ਹਾਂ ਉਹ ਪ੍ਰਕਾਸ਼ ਹਜ਼ਾਰਾਂ ਸੂਰਜਾਂ ਅਤੇ ਚੰਦਾਂ ਦੀ ਰੌਸ਼ਨੀ ਨਾਲ ਵੀ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਦੇ ਇਸ ਸ਼ਬਦ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਕਿਸੇ ਬਾਹਰਲੇ ਪ੍ਰਕਾਸ਼ ਦੀ ਗੱਲ ਨਹੀਂ ਕਰ ਰਹੀ। ਬਾਹਰ ਤਾਂ ਅੱਜ ਬਿਜਲੀ ਦੀ ਸਹਾਇਤਾ ਨਾਲ ਜਿਨ੍ਹਾਂ ਕੋਈ ਚਾਹੇ ਚਾਨਣ ਕਰ ਸਕਦਾ ਹੈ, ਪ੍ਰਕਾਸ਼ ਕਰ ਸਕਦਾ ਹੈ।
ਏਤੇ ਚਾਨਣੁ ਹੋਦਿਆ, ਗੁਰੁ ਬਿਨੁ ਘੋਰ ਅੰਧਾਰ।
ਗੁਰੂ ਸਾਹਿਬ ਦੇ ਇਸ ਫੁਰਮਾਨ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਗੁਰੂ ਸਾਹਿਬ ਮਨੁੱਖੀ ਮਨ ਦੇ ਅੰਦਰੂਨੀ ਅਨ੍ਹੇਰੇ ਨੂੰ ਦੂਰ ਕਰਨ ਦੀ ਗੱਲ ਕਰ ਰਹੇ ਹਨ। ਅਗਿਆਨ ਕਾਰਨ ਮਨੁੱਖੀ ਮਨ ਅੰਦਰ ਪਏ ਹੋਏ ਭਰਮ-ਭੁਲੇਖਿਆਂ ਨੂੰ ਕਿਸੇ ਗਿਆਨ ਨਾਲ ਦੂਰ ਕਰਨਾ ਚਾਹੁੰਦੇ ਹਨ। ਤੇ ਗੁਰਬਾਣੀ, ਸ਼ਬਦ-ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਉਹ ਗਿਆਨ ਹੈ ਉਹ ਗੁਰੂ ਹੈ, ਉਹ ਚਾਨਣ ਹੈ।
ਗੁਰਬਾਣੀ ਇਸੁ ਜਗ ਮਹਿ ਚਾਨਣੁ। (67)
ਜਿਹੜਾ ਚਾਨਣ ਮਨੁੱਖ ਦੀ ਆਤਮਾ ਅੰਦਰ ਪ੍ਰਕਾਸ਼ ਕਰਕੇ, ਮਨ ਅੰਦਰ ਪ੍ਰਕਾਸ਼ ਕਰਕੇ, ਮਨ ਦੇ ਭਰਮ-ਭੁਲੇਖੇ ਤੇ ਦੁਬਿਧਾ ਦੂਰ ਕਰਦਾ ਹੈ।
ਅੰਧਕਾਰੁ ਮਿਟਿਓ ਤਿਹ ਤਨ ਤੇ, ਗੁਰਿ ਸਬਦਿ ਦੀਪਕੁ ਪਰਗਾਸਾ।
ਗੁਰੂ ਪਾਤਸ਼ਾਹ ਗੁਰਬਾਣੀ ਰਾਹੀਂ ਇਹ ਵਿਚਾਰ ਵਾਰ ਵਾਰ ਸਮਝਾਉਂਦੇ ਹਨ ਕਿ ਭਾਈ-ਗੁਰਬਾਣੀ ਦਾ ਗਿਆਨ-ਪ੍ਰਕਾਸ਼ ਮਨੁੱਖੀ ਮਨ ਵਿਚ ਐਸਾ ਚਾਨਣ ਕਰਦਾ ਹੈ, ਮਨੁੱਖ ਨੂੰ ਏਨੀ ਸੋਝੀ ਬਖਸ਼ ਦਿੰਦਾ ਹੈ ਕਿ ਮਨੁੱਖੀ ਮਨ ਗੁਰੂ ਗਿਆਨ ਨਾਲ ਨਕਾ-ਨੱਕ ਭਰ ਜਾਂਦਾ ਹੈ। ਉਸ ਨੂੰ ਕਿਸੇ ਚੀਜ ਦੀ ਭੁੱਖ ਨਹੀਂ ਰਹਿੰਦੀ। ਉਸ ਦੇ ਅੰਦਰ ਸਦਾ ਆਨੰਦ ਬਣਿਆਂ ਰਹਿੰਦਾ ਹੈ। ਉਸ ਨੂੰ ਦੁਨੀਆਂ ਦਾ ਕੋਈ ਲਾਲਚ ਅਤੇ ਡਰ ਭਰਮਾ ਕੇ ਕੁਰਾਹੇ ਨਹੀਂ ਪਾ ਸਕਦੇ। ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ।
ਸਬਦੁ ਦੀਪਕੁ ਵਰਤੈ ਤਿਹੁ ਲੋਇ£
ਜੋ ਚਾਖੈ ਸੋ ਨਿਰਮਲੁ ਹੋਇ। (664)
ਇਥੇ ਗੁਰੂ ਸਾਹਿਬ ਨੇ ਇਕ ਸ਼ਰਤ ਲਾ ਦਿੱਤੀ ਹੈ, ਇਕ condition ਰੱਖ ਦਿੱਤੀ ਕਿ 'ਜੋ ਚਾਖੈ ਸੋ ਨਿਰਮਲੁ ਹੋਇ।' ਦਰਅਸਲ ਗੁਰੂ ਸਾਹਿਬ ਸਾਨੂੰ ਸੁਚੇਤ ਕਰ ਰਹੇ ਹਨ ਕਿ ਭਾਈ ਜੋ ਪ੍ਰਾਣੀ 'ਸ਼ਬਦ ਗੁਰੂ' ਦੀ ਵਿਚਾਰ 'ਤੇ ਅਮਲ ਕਰੇਗਾ, ਸਿਰਫ਼ ਉਹੀ 'ਨਿਰਮਲ' ਹੋ ਸਕਦਾ ਹੈ। ਜਿਸ ਤਰ੍ਹਾਂ ਡੂੰਘੇ ਸਾਗਰਾਂ ਵਿਚ ਵੱਡੇ-ਵੱਡੇ ਝੱਖੜ ਅਤੇ ਮਾਰੂ ਤੂਫਾਨ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਇਹ ਸੰਸਾਰ ਵੀ ਇਕ ਡੂੰਘੇ ਸਮੁੰਦਰ ਵਾਂਗ ਹੀ ਹੈ। ਮਨੁੱਖ ਦੇ ਜੀਵਨ ਵਿਚ ਵੀ ਹਰ ਸਮੇਂ ਹਉਮੈਂ, ਮੈਂ-ਮੇਰੀ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੀਆਂ ਮਾਰੂ ਵਿਰਤੀਆਂ ਦੇ ਝੱਖੜ ਝੁਲਦੇ ਰਹਿੰਦੇ ਹਨ। ਜਿਨ੍ਹਾਂ ਦੀ ਮਾਰ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਜਿਸ ਤਰ੍ਹਾਂ ਸਾਗਰ ਦੀਆਂ ਤੂਫਾਨੀ ਲਹਿਰਾਂ ਤੋਂ ਬਚਣ ਲਈ ਕਿਸੇ ਮਜ਼ਬੂਤ ਸਮੁੰਦਰੀ ਜਹਾਜ਼ ਦੀ ਲੋੜ ਹੈ-ਇਸੇ ਤਰ੍ਹਾਂ ਹੀ ਮਨੁੱਖਾ ਜੀਵਨ ਵਿਚ ਆ ਰਹੇ ਹਉਮੈਂ ਆਦਿ ਦੇ ਮਾਰੂ ਹੱਲਿਆਂ ਤੋਂ ਬਚਣ ਲਈ ਕਿਸੇ 'ਗਿਆਨੀ ਰੂਪੀ ਜਹਾਜ਼' ਦੀ ਲੋੜ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਸ਼ਬਦ ਗੁਰੂ' ਐਸਾ ਜਹਾਜ਼ ਹੈ, ਜਿਸ ਦੇ ਗਿਆਨ ਦੀ ਲੋ ਵਿਚ ਚਲਦਿਆਂ ਮਨੁੱਖ ਸੰਸਾਰ-ਸਮੁੰਦਰ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ। ਭਾਵ : ਗੁਰਬਾਣੀ ਦੀ ਵਿਚਾਰਧਾਰਾ 'ਤੇ ਚੱਲਦਿਆਂ, ਗੁਰਬਾਣੀ ਗਿਆਨ ਦੇ ਪ੍ਰਕਾਸ਼ ਵਿਚ ਚੱਲਦਿਆਂ, ਜੀਵਨ ਦਾ ਸਫਰ ਕਟਣਾ ਸੌਖਾ ਹੋ ਜਾਂਦਾ ਹੈ। ਗੁਰ ਫਰਮਾਨ ਹੈ :
ਉਪਦੇਸ਼ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ।
ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ। (962)
ਗੁਰਬਾਣੀ ਦੀ ਓਟ-ਆਸਰਾ ਲੈਣ ਤੋਂ ਇਹ ਭਾਵ ਨਹੀਂ ਕਿ ਗੁਰਬਾਣੀ ਮਾਰਗ 'ਤੇ ਚੱਲਣ ਵਾਲਿਆਂ ਨੂੰ ਜੀਵਨ ਵਿਚ ਔਕੜਾਂ ਨਹੀਂ ਆਉਣਗੀਆਂ ਜਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤਰ੍ਹਾਂ ਸੋਚਣਾ ਠੀਕ ਨਹੀਂ ਬਣਦਾ। ਸ਼ਾਇਦ ਗੁਰਮਤਿ-ਮਾਰਗ 'ਤੇ ਚੱਲਣ ਵਾਲਿਆਂ ਨੂੰ ਆਮ ਲੋਕਾਂ ਨਾਲੋਂ ਵੀ ਵੱਧ ਕਠਨਾਈਆਂ ਦਾ ਸਾਹਮਣਾ ਕਰਨਾ ਪਵੇ। ਰਾਜ-ਭਾਗ ਅਤੇ ਸਮਾਜ ਵਲੋਂ ਵੀ ਵੱਧ ਤੋਂ ਵੱਧ ਵਿਰੋਧ ਹੋਵੇ। ਪਰ ਗੁਰਬਾਣੀ ਦਾ ਗਿਆਨ ਉਨ੍ਹਾਂ ਨੂੰ ਹਰ ਹਾਲਾਤ ਵਿਚ ਸੱਚਾ ਮਾਰਗ ਦਰਸਾਉਂਦਾ ਰਹਿੰਦਾ ਹੈ ਅਤੇ ਉਹ ਕਿਸੇ ਵੀ ਹਾਲਤ ਦਾ ਸੂਰਮਿਆਂ ਵਾਂਗ ਸਾਹਮਣਾ ਕਰਨ ਯੋਗ ਹੋ ਜਾਂਦੇ ਹਨ।
ਜ਼ਰਾ ਆਪਣੇ ਇਤਿਹਾਸ ਵੱਲ ਧਿਆਨ ਮਾਰੀਏ, ਕੀ ਜਿਨ੍ਹਾਂ ਗੁਰੂਆਂ, ਮਹਾਂਪੁਰਸ਼ਾਂ ਦੀ ਬਾਣੀ ਦਾ ਇਹ ਗ੍ਰੰਥ ਰੂਪੀ ਜਹਾਜ਼ ਹੈ, ਜਿਸ ਰਾਹੀਂ ਸੰਸਾਰ ਸਮੁੰਦਰ ਨੂੰ ਪਾਰ ਕਰਨ ਦੀ ਗੱਲ ਗੁਰੂ ਸਾਹਿਬ ਸੰਸਾਰ ਨੂੰ ਸਮਝਾ ਰਹੇ ਹਨ, ਕੀ ਉਹਨਾਂ ਦੇ ਆਪਣੇ ਨਿੱਜੀ ਜੀਵਨ ਵਿਚ ਔਕੜਾਂ ਨਹੀਂ ਆਈਆਂ? ਜਿਨ੍ਹਾਂ ਹਾਲਾਤ ਵਿਚੋਂ ਗੁਰੂ ਸਾਹਿਬਾਂ ਨੂੰ ਲੰਘਣਾ ਪਿਆ ਸੀ ਉਹ ਬਿਆਨ ਤੋਂ ਬਾਹਰੀ ਗੱਲ ਹੈ। ਉਹਨਾਂ ਨੂੰ ਤੱਤੀਆਂ ਤਬੀਆਂ 'ਤੇ ਬਿਠਾਇਆ ਗਿਆ। ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਅੱਖਾਂ ਸਾਹਮਣੇ ਪੁੱਤਰ ਸ਼ਹੀਦ ਕਰਾ ਲਏ। ਉਹਨਾਂ ਕੋਈ ਜਾਦੂ ਟੂਣੇ ਜਾਂ ਕਰਾਮਾਤਾਂ ਨਹੀਂ ਕੀਤੀਆਂ, ਕਿਸੇ ਦੇਵੀ ਦੇਵਤਿਆਂ ਨੂੰ ਨਹੀਂ ਧਿਆਇਆ। ਸੂਰਮਿਆਂ ਵਾਂਗ ਡਟ ਕੇ ਮੁਸ਼ਕਲਾਂ ਤੇ ਦੁੱਖਾਂ ਤਕਲੀਫਾਂ ਦਾ ਮੁਕਾਬਲਾ ਕੀਤਾ। ਪੂਰੀ ਸੂਰਮ ਗਤੀ ਅਤੇ ਦ੍ਰਿੜ੍ਹਤਾ ਨਾਲ ਗੁਰਮਤਿ-ਗਾਡੀ ਰਾਹ 'ਤੇ ਪਹਿਰਾ ਦਿੱਤਾ। ਸੱਚ ਤੇ ਹੱਕ ਦੀ ਖਾਤਰ ਢਾਈ ਸਦੀਆਂ ਦੇ ਲੰਮੇ ਸਮੇਂ ਲਈ ਸੰਘਰਸ਼ ਕੀਤਾ। ਗੁਰੂ ਸਾਹਿਬਾਨ ਦੀ ਸੰਗਤ ਵਿਚ ਆਉਣ ਵਾਲੇ ਸਿੰਘ-ਸਿੰਘਣੀਆਂ ਨੇ 'ਬੰਦ-ਬੰਦ' ਕਟਵਾ ਲਏ, ਖੋਪਰੀਆਂ ਲੁਹਾ ਲਈਆਂ, ਆਪਣੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਲਏ। ਪਰ ਗੁਰਮਤਿ-ਗਾਡੀ ਰਾਹ ਤੋਂ ਥਿੜਕੇ ਨਹੀਂ। ਕਿਉਂਕਿ, ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੋ ਚੁੱਕਾ ਸੀ। ਜਿਹੜਾ ਉਹਨਾਂ ਨੂੰ ਹਰ ਮੁਸ਼ਕਿਲ ਤੇ ਜ਼ੁਲਮ ਅੱਗੇ ਚਟਾਨ ਬਣਕੇ ਖੜੋਣ ਦਾ ਜੇਰਾ ਦਿੰਦਾ ਸੀ ਅਤੇ ਜੀਵਨ ਵਿਚ ਆਏ 'ਘੁੱਪ ਅਨ੍ਹੇਰਿਆਂ' ਸਮੇਂ 'ਸ਼ਬਦ ਗੁਰੂ' ਦੇ ਚਾਨਣ ਵਿਚ ਰਾਹ ਦਿਖਾਉਂਦਾ ਸੀ। ਗੁਰਮਤਿ ਦਾ ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀ ਸਤਿਗੁਰੂ ਨਾਲ ਬਣ ਆਵੇ, ਗੁਰੂ ਉਨ੍ਹਾਂ ਦੇ ਬੇੜੇ ਡੁੱਬਣ ਤੋਂ ਬਚਾ ਕੇ ਪਾਰ ਲਾ ਦਿੰਦਾ ਹੈ।
ਘੂਮਣ ਘੇਰ ਪਰੇ ਬਿਖੁ ਬਿਖਿਆ। ਸਤਿਗੁਰ ਕਾਢ ਲਏ ਦੇ ਹਾਥ। (1296)  
ਜੇ ਸਿੱਖ ਕੌਮ ਦੇ ਅਜੋਕੇ ਹਾਲਾਤ ਦਾ analysis ਕਰੀਏ ਤਾਂ ਇਹੋ ਸਮਝ ਆਉਂਦੀ ਹੈ ਕਿ ਅਜੇ ਸਾਡੀ ਬਹੁ-ਗਿਣਤੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼ ਮਨਾਉਣ' ਦੀ ਜਾਚ ਨਹੀਂ ਆਈ। ਮੰਨਣਾ ਅਤੇ ਮਨਾਉਣਾ ਦੋ ਸ਼ਬਦ ਹਨ।
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸ਼£ (814)
       'ਸੁਣੀਐ ਉਪਦੇਸ਼' ਤੋਂ ਭਾਵ ਹੈ : ਗੁਰਬਾਣੀ-ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣੋਂ। ਗੁਰਬਾਣੀ ਗਿਆਨ ਦੇ ਪ੍ਰਕਾਸ਼ ਵਿਚ ਚਲਣ ਦਾ ਯਤਨ ਕਰੋ।
ਦੂਸਰਾ ਸ਼ਬਦ ਹੈ : ਮਨਾਉਣਾ : ਕੋਈ ਇਤਿਹਾਸਕ ਦਿਨ ਮਨਾਉਣਾ, ਗੁਰਪੁਰਬ ਆਦਿ ਮਨਾਉਣੇ। ਇਨ੍ਹਾਂ ਦੋਨਾਂ ਅੱਖਰਾਂ ਨੂੰ, ਮੰਨਣਾ ਅਤੇ ਮਨਾਉਣਾ ਨੂੰ ਮੁੱਖ ਰੱਖ ਕੇ ਜੇ ਅਸੀਂ ਆਪੋ ਆਪਣੀ ਪੜਚੋਲ ਕਰੀਏ self-analysis ਕਰੀਏ ਤਾਂ ਇਹ ਜਾਨਣਾ ਮੁਸ਼ਕਲ ਨਹੀਂ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼ ਮਨਾਉਣ' ਦੇ ਸਬੰਧ ਵਿਚ ਅਸੀਂ ਵਿਅਕਤੀ ਤੌਰ 'ਤੇ ਅਤੇ ਕੌਮੀ ਤੌਰ 'ਤੇ ਕਿੱਥੇ ਖੜ੍ਹੇ ਹਾਂ। ਸਾਡੇ ਕੇਂਦਰ (institutions) ਸਾਡੀਆਂ ਸਭਾ-ਸੋਸਾਇਟੀਆਂ-ਸਾਡੇ ਧਾਰਮਿਕ ਅਤੇ ਰਾਜਨੀਤਕ ਅਦਾਰੇ ਸਭ 'ਮਨਮਤ' ਵਿਚ ਜੀਵਨ-ਜੀਣ ਦੀ ਸੋਝੀ ਪਾਉਣੀ ਸੀ -  ਭਾਵ : 'ਗੁਰਦੁਆਰੇ ਦਾ ਕੇਂਦਰ' ਜਿੱਥੇ ਨਿੱਤ ਨੇਮ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼' ਹੁੰਦਾ ਹੈ। ਅੱਜ ਗੁਰਦੁਆਰੇ ਦੇ ਇਸ ਕੇਂਦਰ ਤੋਂ ਬਹੁਤੀ ਥਾਈਂ - 'ਸ਼ਬਦ ਗੁਰੂ' ਦੀ ਹਜ਼ੂਰੀ ਵਿਚ ਮਨਮਤ ਅਤੇ ਅਨਮਤ ਦਾ ਪ੍ਰਚਾਰ ਹੋ ਰਿਹਾ ਹੈ। ਸੰਸਾਰ ਭਰ ਵਿਚ ਸ਼ਾਇਦ ਹੀ ਕੋਈ ਗੁਰਦੁਆਰਾ ਐਸਾ ਹੋਵੇ, ਜਿੱਥੇ ਸਿੱਖ ਰਹਿਤ ਮਰਿਯਾਦਾ ਅਤੇ 'ਸ਼ਬਦ-ਗੁਰੂ' ਦੇ ਸਿਧਾਂਤ ਦੀ ਉਲੰਘਣਾ ਨਹੀਂ ਹੋ ਰਹੀ। ਫਿਰ ਵੀ ਅਸੀਂ ਬੜੇ ਗੌਰਵ ਨਾਲ ਦਾਅਵੇ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ 'ਪ੍ਰਕਾਸ਼' ਬੜੀ ਧੂਮ-ਧਾਮ ਨਾਲ ਮਨਾਇਆ। ਮਨਾਇਆ ਕੀ? ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਨੇ ਦੀਆਂ ਪਾਲਕੀਆਂ ਵਿਚ ਸਜਾ ਕੇ ਨਗਰ ਕੀਰਤਨ ਕੱਢ ਲੈਣੇ ਅਤੇ ਅਖੰਡ-ਪਾਠਾਂ ਦੀ ਲੜੀਆਂ ਛੇੜ ਲੈਣ ਤੱਕ ਹੀ 'ਪ੍ਰਕਾਸ਼' ਮਨਾਉਣਾ ਸੀਮਤ ਹੈ? ਜਾਂ ਇਸ ਤੋਂ ਅੱਗੇ ਕੁਝ ਹੋਰ ਵੀ ਕਰਨਾ ਹੈ।
ਸਾਡੀ ਬਹੁ-ਗਿਣਤੀ ਨੇ ਅਜੇ ਗੁਰਬਾਣੀ ਵਿਚ ਦਿੱਤੇ 'ਗੁਰੂ-ਗਿਆਨ' ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਗੁਰਬਾਣੀ ਦੇ ਭਾਵ ਅਰਥਾਂ ਵੱਲ ਅਸੀਂ ਬਹੁਤਾ ਧਿਆਨ ਨਹੀਂ ਦੇ ਰਹੇ ਜੇ ਅਸੀਂ 'ਸ਼ਬਦ-ਗੁਰੂ' ਦੀ ਵਿਚਾਰਧਾਰਾ ਨੂੰ ਸਮਝਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼' ਮੰਨਿਆਂ ਅਤੇ ਮਨਾਇਆ ਹੁੰਦਾ ਤਾਂ ਅੱਜ ਅਸੀਂ 'ਸਿਰਫ਼ ਤੇ ਸਿਰਫ਼ ਸਿੱਖ ਹੁੰਦੇ' ਭਾਪੇ ਸਿੱਖ, ਜੱਟ ਸਿੱਖ, ਰਾਮਗੜ੍ਹੀਏ ਸਿੱਖ, ਛੋਟੀਆਂ ਜਾਤੀਆਂ ਦੇ ਸਿੱਖ ਅਤੇ ਰਵਿਦਾਸੀਏ ਸਿੱਖ ਆਦਿ ਨਾ ਹੁੰਦੇ। ਗੁਰਦੁਆਰੇ ਦਾ ਇਹ ਮਹਾਨ ਕੇਂਦਰ ਸਿਰਫ਼ 'ਗੁਰਦੁਆਰਾ' ਹੀ ਹੁੰਦਾ। ਅੱਜ ਵਾਂਗ ਭਾਪਿਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਰਾਮਗੜ੍ਹੀਆਂ ਦਾ ਗੁਰਦੁਆਰਾ ਅਤੇ ਰਵਿਦਾਸੀਆਂ ਦਾ ਗੁਰਦੁਆਰਾ ਨਾ ਹੁੰਦਾ।
ਸਾਡੀਆਂ ਬਹੁਤੀਆਂ ਸਭਾ-ਸੁਸਾਇਟੀਆਂ ਅਤੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅੱਜ ਵਾਂਗ ਧੜਿਆਂ ਵਿਚ ਵੰਡੀਆਂ ਨਾ ਹੁੰਦੀਆਂ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼' 'ਮਨ-ਕਰਕੇ' ਮਨਾਇਆ ਹੁੰਦਾ ਤਾਂ ਅਜੋਕੇ ਸਿੱਖ ਲਈ ਧਰਮ ਨਾਲੋਂ ਧੜਾ ਨਾ ਪਿਆਰਾ ਹੁੰਦਾ। ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅਸੀਂ ਅਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਨਾਉਣ ਦੀ ਜਾਚ ਨਹੀਂ ਸਿੱਖੀ। ਅਜੇ ਤਾਂ ਅਸੀਂ ਗੁਰੂ ਸਾਹਿਬ ਨੂੰ ਧਿਆਨ ਨਾਲ ਸੁਣ ਵੀ ਨਹੀਂ ਰਹੇ। ਸਾਡੇ ਕਈ ਭੈਣ-ਭਰਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਨਿੱਤ ਸੀਸ ਨਿਵਾਉਂਦੇ ਹਨ, 'ਖੰਡੇ ਦੀ ਪਹੁਲ' ਵੀ ਲਈ ਹੋਈ ਹੈ। ਨਿੱਤ-ਨੇਮੀ ਵੀ ਪੂਰੇ ਹਨ। ਪਰ ਕਿਤੇ ਕਿਸੇ ਦੇ ਘਰ ਜਾਂ ਗੁਰਦੁਆਰੇ ਕੋਈ ਅਖੌਤੀ ਸਾਧ-ਸੰਤ ਜਾਂ ਕਿਸੇ ਡੇਰੇ ਵਾਲਾ ਬਾਬਾ ਆ ਜਾਏ, ਅਸੀਂ ਓਧਰ ਨੂੰ 'ਵਹੀਰਾਂ' ਪਾ ਦਿੰਦੇ ਹਾਂ। ਮਨਖਟੂਆਂ ਦੇ ਪੈਰਾਂ ਤੇ ਸਿਰ ਰੱਖ ਰੱਖ ਕੇ ਉਨ੍ਹਾਂ ਦੀਆਂ ਜੁੱਤੀਆਂ ਘਸਾ ਦਿੰਦੇ ਹਾਂ। ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਸਾਡੇ ਅੰਦਰ-ਆਤਮੇਂ, ਸਾਡੇ ਮਨ ਵਿਚ ਅਜੇ 'ਸ਼ਬਦ-ਗੁਰੂ' ਦੇ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ। ਅਸੀਂ ਅਜੇ ਅਗਿਆਨ ਪੂਜਾ ਦੇ ਭਰਮ-ਜਾਲ ਵਿਚ ਫਸੇ ਪਏ ਹਾਂ। ਸਾਡੀ ਬਹੁ-ਗਿਣਤੀ ਦੇ ਕੀਤੇ ਪਾਠ ਅਤੇ ਨਿੱਤ-ਨੇਮ ਤੋਤਾ ਰਟਨੀ ਬਣਦੇ ਜਾ ਰਹੇ ਹਨ। ਗੁਰੂ ਸਾਹਿਬ ਦਾ ਬਚਨ ਹੈ।
ਗਿਆਨ ਹੀਣ, ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ।
(1412)
ਸ਼ਾਇਦ ਆਪ ਜੀ ਦੇ ਮਨ ਵਿਚ ਸੁਆਲ ਪੈਦਾ ਹੁੰਦਾ ਹੋਵੇ ਕਿ ਜੇ ਇਹ ਸਭ ਕੁਝ ਅਗਿਆਨ ਕਰਕੇ ਹੋ ਹੀ ਰਿਹਾ ਹੈ ਤਾਂ ਫਿਰ ਇਸ ਤੋਂ ਬਚਣ ਦਾ ਇਲਾਜ ਕੀ ਹੈ? ਅਗਿਆਨ ਕਰਕੇ ਪਏ ਹੋਏ ਇਸ ਭਰਮ-ਜਾਲ ਨੂੰ ਤੋੜਿਆ ਕਿਸ ਤਰ੍ਹਾਂ ਜਾਏ? ਇਸ ਭਰਮ-ਜਾਲ ਨੂੰ ਕੱਟਣ ਦੀ ਵਿਧੀ ਗੁਰੂ ਪਾਤਸ਼ਾਹ ਇਸ ਤਰ੍ਹਾਂ ਸਮਝਾਉਂਦੇ ਹਨ :
ਗੁਰ ਗਿਆਨੁ ਪ੍ਰਚੰਡੁ ਬਲਾਇਆ, ਅਗਿਆਨੁ ਅੰਧੇਰਾ ਜਾਏ। (29)
ਸਿਮਰਨ ਕਰਨਾ, ਨਾਮ ਜਪਣਾ, ਪੰਜਾਂ ਬਾਣੀਆਂ ਦਾ ਨਿੱਤ-ਨੇਮੀ ਹੋਣਾ ਅਤੇ 'ਖੰਡੇ ਦੀ ਪਹੁਲ ਲੈਣੀ' ਆਦਿ, ਇਹ ਸਾਰੇ ਯਤਨ ਇਸ ਲਈ ਹੀ ਕਰਨੇ ਹਨ ਕਿ ਸਾਡੀ ਆਤਮਾ ਜਾਗੇ, ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਏ ਅਤੇ ਸਾਨੂੰ ਸਿੱਖ ਬਣ ਕੇ ਜੀਣ ਦੀ ਜਾਚ ਆ ਜਾਏ। ਅਸੀਂ ਰੱਬੀ ਰਜ਼ਾ ਵਿਚ, ਰੱਬੀ ਭਾਣੈ ਵਿਚ ਰਹਿਣਾ ਸਿੱਖ ਲਈਏ ਅਤੇ ਸਾਨੂੰ 'ਹੁਕਮਿ ਰਜਾਈ ਚਲਣ' ਦੀ ਸੋਝੀ ਪ੍ਰਾਪਤ ਹੋ ਜਾਏ ਤੇ ਅਸੀਂ ਹੌਲੀ-ਹੌਲੀ ਸਚਿਆਰੇ ਅਤੇ ਗੁਰਮੁਖ ਬਣਦੇ ਜਾਈਏ।
ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸਾਨੂੰ ਭਰਮਾ ਕੇ ਕੁਰਾਹੇ ਨਾ ਪਾ ਸਕਣ। ਇਹਨਾਂ ਪੰਜਾਂ ਬਲੀਆਂ ਦੇ ਮਾਰੂ ਹਮਲਿਆਂ ਤੋਂ ਬਚ ਕੇ, ਇਨ੍ਹਾਂ 'ਤੇ ਕਾਬੂ ਪਾ ਕੇ ਇਹਨਾਂ ਨੂੰ ਉਸਾਰੂ ਪਾਸੇ ਲਾ ਸਕੀਏ। ਜਿਸ ਇਸਤਰੀ ਅਤੇ ਪੁਰਸ਼ ਨੇ ਆਪਣੇ ਜੀਵਨ ਵਿਚ, ਆਪਣਾ ਕਾਰ-ਬਿਹਾਰ ਕਰਦਿਆਂ, ਪਰਿਵਾਰ ਪ੍ਰਤੀ ਅਤੇ ਸੰਸਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੁਰੂ-ਆਸ਼ੇ ਅਨੁਸਾਰ ਨਿਭਾਉਣਾ ਸ਼ੁਰੂ ਕਰ ਦਿੱਤਾ। ਮੈਂ ਸਮਝਦਾ ਹਾਂ ਉਸ ਦੀ ਆਤਮਾ ਜਾਗ ਪਈ, ਉਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼' ਹੋ ਗਿਆ। ਇਹੋ 'ਰੱਬ ਨੂੰ ਪਾਉਣਾ' ਹੈ। ਇਹੋ ਹੀ 'ਗੁਰੂ ਵਾਲੇ ਬਣਨਾ ਹੈ'। ਇਹੋ ਹੀ ਸਿੱਖੀ ਹੈ। ਮੇਰੀ ਸਮਝੇ, ਜੀਵਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਚਲਣਾ ਹੀ ਸਿੱਖੀ ਹੈ।
ਸੋ ਸਿਖੁ ਸਖਾ ਬੰਧਪੁ ਹੈ ਭਾਈ,
ਜੇ ਗੁਰ ਕੇ ਭਾਣੈ ਵਿਚਿ ਆਵੈ। (601)
ਅਤੇ
ਸਿਖੀ ਸਿਖਿਆ ਗੁਰ ਵੀਚਾਰਿ। (466)
ਗੁਰ ਵਿਚਾਰ ਤੇ ਚਲਣਾ ਹੀ ਸਿੱਖੀ ਮਾਰਗ 'ਤੇ ਚਲਣਾ ਹੈ।
ਜਦੋਂ ਸਾਡਾ ਹਰ ਅਮਲ (action) ਆਤਮਾ ਕਰਕੇ, ਮਨ ਕਰਕੇ, ਸਰੀਰ ਕਰਕੇ ਅਤੇ ਧੰਨ ਕਰਕੇ 'ਸ਼ਬਦ ਗੁਰੂ' ਦੇ ਗਿਆਨ ਨੂੰ ਆਪਣੀ 'ਜੀਵਨ-ਜੁਗਤੀ' ਦਾ ਆਧਾਰ ਬਣਾ ਲਵੇ ਤਾਂ ਸਮਝੋ ਸਾਡੇ ਅੰਦਰ-ਆਤਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼' ਹੋ ਗਿਆ। ਅਸੀਂ ਆਪਣੇ ਹਰ ਸਾਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ 'ਪ੍ਰਕਾਸ਼ ਮੰਨਣ ਅਤੇ ਮਨਾਉਣ' ਦਾ ਭਾਵ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ ਕਿ ਜਦੋਂ ਸਿੱਖ ਦੀ 'ਬਿਰਤੀ', 'ਸਿੱਖ ਦੀ 'ਸੁਰਤ', 'ਗੁਰੂ-ਸੁਰਤ' ਹੋ ਨਿਬੜੇ, ਤਾਂ ਉਸ ਨੂੰ ਇਸ ਕਾਇਨਾਤ ਦੇ ਹਰ ਜ਼ਰ੍ਹੇ ਵਿਚੋਂ, ਹਰ ਜੀਵਨ ਵਿਚੋਂ 'ਰੱਬ ਦਾ ਦੀਦਾਰ' ਝਲਕਾਂ ਮਾਰਦਾ ਹੈ। ਇਹੋ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਜਤ ਕਤ ਦੇਖਉ ਤੇਰਾ ਵਾਸਾ। ਨਾਨਕ ਕਉ ਗੁਰਿ ਕੀਓ ਪ੍ਰਗਾਸਾ। (1156)
- ਡਾ. ਗੁਰਦੇਵ ਸਿੰਘ ਸੰਘਾ