ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'ਸਚੁ ਆਚਾਰੁ' ਤੋਂ ਮੁਨਕਰ ਹੋ ਰਿਹਾ ਸਿੱਖ ਸਮਾਜ


ਪੰਜਾਬ ਵਿਚ ਪਰਿਵਾਰਕ ਰਿਸ਼ਤਿਆਂ ਵਿਚ ਕੜਵਾਹਟ ਅੱਜ ਦੇ ਸਮੇਂ ਚਿੰਤਾ ਦੀ ਹੱਦ ਤੱਕ ਪਹੁੰਚ ਚੁੱਕੀ ਹੈ। ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਰਾਹੀਂ ਪੇਸ਼ ਕੀਤੀ ਅਤੇ ਅਮਲੀ ਤੌਰ 'ਤੇ ਅਖਤਿਆਰ ਕੀਤੀ ਇਸ ਜੀਵਨ-ਜਾਚ ਦੇ ਖਾਕੇ ਦੇ ਸਾਡੇ ਸਾਹਮਣੇ ਹੁੰਦਿਆਂ, ਪੰਜਾਬ ਦੀ ਧਰਤੀ 'ਤੇ ਅਜਿਹੇ ਹਾਲਾਤ ਪੈਦਾ ਹੋਣੇ ਹੋਰ ਵੀ ਚਿੰਤਾ ਦਾ ਵਿਸ਼ਾ ਹਨ।
ਪਿਛਲੇ ਦਿਨੀਂ ਫਤਹਿਗੜ੍ਹ ਸਾਹਿਬ ਦੀਆਂ ਕਚਹਿਰੀਆਂ ਵਿਚ ਵਕੀਲ ਸਾਹਿਬਾਨਾਂ ਨਾਲ ਆਪਸੀ ਵਿਚਾਰ ਵਟਾਂਦਰੇ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਅਦਾਲਤਾਂ ਵਿਚ ਚੱਲ ਰਹੇ ਮੁਕੱਦਮਿਆਂ ਵਿਚੋਂ 70 ਫੀਸਦੀ ਮੁਕੱਦਮੇ ਪਰਿਵਾਰਕ ਝਗੜਿਆਂ ਨਾਲ ਸਬੰਧਤ ਹਨ। ਜਿਨ੍ਹਾਂ ਵਿਚ ਪਤੀ-ਪਤਨੀ ਦੇ ਤਲਾਕ ਨਾਲ ਸਬੰਧਤ ਅਤੇ ਭੈਣਾਂ-ਭਰਾਵਾਂ, ਮਾਂ-ਪਿਓ ਅਤੇ ਪੁੱਤਰਾਂ ਦੀ ਜਾਇਦਾਦ ਨਾਲ ਸਬੰਧਤ ਦੀਵਾਨੀ ਜਾਂ ਇਨ੍ਹਾਂ ਤੋਂ ਪੈਦਾ ਹੋਏ ਫੌਜਦਾਰੀ ਕੇਸਾਂ ਨਾਲ ਸਬੰਧਤ ਹਨ। ਪਿੰਡਾਂ ਦੀਆਂ ਪੰਚਾਇਤਾਂ ਕੋਲ ਵੀ ਬਹੁਤੇ ਪਰਿਵਾਰਕ ਝਗੜਿਆਂ ਨਾਲ ਸਬੰਧਤ ਮਸਲੇ ਹੀ ਪਹੁੰਚ ਰਹੇ ਹਨ। ਜੇਕਰ ਪੰਜਾਬ ਨੂੰ ਇਤਿਹਾਸਕ ਕੋਣ ਤੋਂ ਵੇਖਿਆ ਜਾਵੇ ਤਾਂ ਅਤੀਤ ਵਿਚ ਕਦੇ ਵੀ ਇੱਥੇ ਪਰਿਵਾਰਕ ਰਿਸ਼ਤਿਆਂ ਵਿਚ ਇੰਨੇ ਵੱਡੇ ਪੱਧਰ ਦਾ ਪਾੜਾ ਨਹੀਂ ਪਿਆ, ਜਿਸ ਦਾ ਸਾਹਮਣਾ ਸਾਡੇ ਸਮਾਜ ਨੂੰ ਅੱਜ ਕਰਨਾ ਪੈ ਰਿਹਾ ਹੈ। ਪਰਿਵਾਰਕ ਮੈਂਬਰਾਂ ਵਿਚ ਕਦੇ ਵੀ ਜਾਇਦਾਦ ਜਾਂ ਕੋਈ ਹੋਰ ਵਖਰੇਵੇਂ ਛੇਤੀ ਕੀਤਿਆਂ ਪੈਦਾ ਹੁੰਦੇ ਹੀ ਨਹੀਂ ਸਨ। ਜੇ ਕਦੇ ਅਜਿਹਾ ਕੋਈ ਹਾਲਾਤ ਬਣਦਾ ਵੀ ਹੁੰਦਾ ਸੀ ਤਾਂ ਪਰਿਵਾਰ ਦੇ ਬਜ਼ੁਰਗਾਂ/ਮੁਖੀਆਂ ਵੱਲੋਂ ਮਿਲ-ਬੈਠ ਕੇ ਪੈਦਾ ਹੋਇਆ ਮਸਲਾ ਬਿਨਾਂ ਕਿਸੇ ਧਿਰ ਨੂੰ ਨਰਾਜ਼ ਕੀਤਿਆਂ ਸੁਲਝਾ ਲਿਆ ਜਾਂਦਾ ਸੀ। ਅੱਗੇ ਚੱਲ ਕੇ ਸੰਸਾਰੀਕਰਨ ਦੇ ਦੌਰ ਨੇ ਜਿੱਥੇ ਸਾਂਝੇ ਪਰਿਵਾਰਾਂ ਦੀ ਇਸ ਪ੍ਰਥਾ ਨੂੰ ਢਾਹ ਲਾਈ, ਉਥੇ ਹੀ ਵਿਅਕਤੀ ਦੀ (ਖਾਸ ਕਰ ਪੂਰਬੀ ਖਿੱਤੇ ਦੀ) ਸਹਿਜ ਪ੍ਰਵਿਰਤੀ ਅਤੇ ਸੰਵੇਦਨਾ ਨੂੰ ਵੱਡੇ ਪੱਧਰ 'ਤੇ ਖਤਮ ਕੀਤਾ। ਇਸ ਨਾਲ ਬਜ਼ੁਰਗਾਂ/ਮੁਖੀਆਂ ਦੇ ਪਰਿਵਾਰ ਜਾਂ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੇਣ ਦਾ ਹੱਕ ਵੀ ਢਾਹ ਲੱਗਣ ਤੋਂ ਬਚ ਨਾ ਸਕਿਆ। ਪਤੀ-ਪਤਨੀ ਦੇ ਰਿਸ਼ਤੇ ਵਿਚੋਂ ਵੀ ਇਹ ਹੱਕ ਅੱਜ ਲਗਭਗ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ।
ਅਮਰੀਕਾ ਵਿਚ ਕਾਲੇ ਲੋਕਾਂ ਨੂੰ ਬਰਾਬਰ ਦੇ ਹੱਕ ਮਿਲਣ ਦੇ ਦੌਰ ਅਤੇ ਜਨੇਵਾ ਵਿਖੇ ਜਾਰੀ ਹੋਏ ਮਨੁੱਖੀ ਹੱਕਾਂ ਦੇ ਐਲਾਨਨਾਮੇ ਤੋਂ ਬਾਅਦ ਦੁਨੀਆਂ ਭਰ ਵਿਚ ਮਨੁੱਖ ਦੇ ਮੌਲਿਕ ਹੱਕਾਂ ਦੀ ਗੱਲ ਚੱਲੀ। ਘੁਮਣਾ-ਫਿਰਨਾ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ, ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜਿਊਣ ਤੋਂ ਬਿਨਾਂ ਬਾਲਗਾਂ ਦੇ ਹੱਕਾਂ ਪ੍ਰਤੀ ਵਿਸ਼ਵ ਭਰ ਵਿਚ ਆਈ ਜਾਗਰੂਕਤਾ ਨੇ ਮਨੁੱਖੀ ਜ਼ਿੰਦਗੀ ਨੂੰ ਹਰ ਪੱਖ ਤੋਂ ਪ੍ਰਭਾਵਿਤ ਕੀਤਾ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਨੂੰ ਉਸਦੇ ਮੌਲਿਕ ਹੱਕ ਪ੍ਰਾਪਤ ਹੋਣੇ ਚਾਹੀਦੇ ਹਨ ਤਾਂ ਕਿ ਉਹ ਅਜ਼ਾਦੀ ਨਾਲ ਤਰੱਕੀ ਕਰਦਿਆਂ ਆਪਣੀ ਜ਼ਿੰਦਗੀ ਬਸਰ ਕਰੇ ਅਤੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਕੌਮ ਦੀ ਬਿਹਤਰੀ ਲਈ ਯੋਗਦਾਨ ਪਾਵੇ। ਇਹ ਸਭ ਤਾਂ ਹੀ ਹੋ ਸਕਦਾ ਹੈ, ਜੇ ਇਨ੍ਹਾਂ ਮੌਲਿਕ ਹੱਕਾਂ ਦੇ ਨਾਲ ਨਾਲ ਮੌਲਿਕ ਕਰਤੱਵਾਂ ਦਾ ਵੀ ਸੁਮੇਲ ਹੋਵੇ। ਪਰ ਦੁਖਾਂਤ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿ ਜ਼ਿਆਦਾਤਰ ਲੋਕਾਂ ਵੱਲੋਂ ਆਪਣੇ ਮੁੱਢਲੇ ਫਰਜ਼ਾਂ ਵੱਲੋਂ ਮੂੰਹ ਫੇਰ ਕੇ ਸਿਰਫ਼ ਮੁੱਢਲੇ ਹੱਕਾਂ ਵੱਲ ਹੀ ਧਿਆਨ ਦਿੱਤਾ ਜਾ ਰਿਹਾ ਹੈ।
ਅਮਰੀਕਾ-ਕਨੇਡਾ ਵਰਗੇ ਦੇਸ਼ਾਂ ਵਿਚ ਜੇ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਗਲਤੀ ਤੋਂ ਹੀ ਰੋਕਣ ਦੀ ਕੋਸ਼ਿਸ਼ ਕਰਨ, ਤਾਂ ਬੱਚੇ ਇਸ ਨੂੰ ਆਪਣੇ ਮੌਲਿਕ ਹੱਕਾਂ ਵਿਚ ਦਖਲਅੰਦਾਜ਼ੀ ਦੱਸਦਿਆਂ ਤੁਰੰਤ ਫੋਨ ਕਰ ਕੇ ਪੁਲਿਸ ਨੂੰ ਬੁਲਾ ਸਕਦੇ ਹਨ। ਸੰਸਾਰੀਕਰਨ ਅਤੇ ਸੂਚਨਾ-ਸੰਚਾਰ ਦੇ ਇਸ ਯੁੱਗ ਵਿਚ ਸਾਡੇ ਸਮਾਜ ਵਿਚ ਵੀ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ। ਸਾਡੇ ਸਮਾਜ ਵਿਚ ਵੀ ਬੱਚੇ ਮਾਪਿਆਂ ਦੀ ਨੇਕ-ਸਲਾਹ ਨੂੰ ਅੱਜ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਰੱਖਦੇ। ਸਗੋਂ ਮਾਪਿਆਂ ਦੀ ਝਿੜਕ ਤੋਂ ਗੁਸਾਏ ਛੋਟੇ ਬੱਚਿਆਂ ਵੱਲੋਂ ਵੀ ਘਰ ਤੋਂ ਦੌੜਨ ਜਾਂ ਆਤਮ-ਹੱਤਿਆਵਾਂ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ।
ਭੈਣਾਂ-ਭਰਾਵਾਂ ਤੇ ਪਤੀ-ਪਤਨੀ ਵਿਚ ਅੱਜ ਕੋਈ ਇਤਫਾਕ ਨਹੀਂ ਰਹਿ ਗਿਆ। ਅੱਜ 'ਪ੍ਰੇਮ-ਵਿਆਹ' ਵਧ ਰਹੇ ਤਲਾਕਾਂ ਦਾ ਵੱਡਾ ਕਾਰਨ ਬਣ ਰਹੇ ਹਨ। ਸਭ ਪਾਸੇ ਆਪਾ-ਧਾਪੀ ਛਾ ਚੁੱਕੀ ਹੈ। ਪਰਿਵਾਰਾਂ ਵੱਲੋਂ ਤਹਿ ਕੀਤੇ ਵਿਆਹ ਸਾਡੇ ਕਲਚਰ ਦਾ ਹਿੱਸਾ ਰਹੇ ਹਨ ਤੇ ਮਾਪਿਆਂ ਵੱਲੋਂ ਲੱਭੇ ਜਾਂਦੇ ਰਿਸ਼ਤਿਆਂ ਦਾ ਇਕ ਠੋਸ ਆਧਾਰ ਹੁੰਦਾ ਸੀ/ਹੈ, ਜਿਸ ਕਾਰਨ ਇਹਨਾਂ ਵਿਆਹਾਂ ਵਿਚ ਅਜਿਹੀ ਸਮੱਸਿਆ ਬਹੁਤ ਘੱਟ ਸਾਹਮਣੇ ਆਉਂਦੀ ਹੈ।
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਹਰ ਆਦਮੀ ਆਪਣੇ ਸਾਰੇ ਸੋਚ ਰਿਹਾ ਹੈ; ਆਪਣਿਆਂ ਦੀ ਵੀ ਕਿਸੇ ਨੂੰ ਪ੍ਰਵਾਹ ਨਹੀਂ; ਸਮਾਜ ਦੀ ਗੱਲ ਤਾਂ ਫਿਰ ਬਾਅਦ ਵਿਚ ਆਉਂਦੀ ਹੈ। ਮਨੁੱਖੀ ਸੰਵੇਦਨਾ ਇੰਨੇ ਵੱਡੇ ਪੱਧਰ 'ਤੇ ਮਰ ਚੁੱਕੀ ਹੈ ਕਿ ਜ਼ਮੀਨ-ਜਾਇਦਾਦ ਲਈ 'ਮਨੁੱਖ' ਆਪਣੇ ਭਰਾਵਾਂ ਅਤੇ ਮਾਪਿਆਂ ਨੂੰ ਵੀ ਕਤਲ ਕਰ ਰਿਹਾ ਹੈ। ਕਿਸੇ ਨੂੰ ਸਹੀ-ਗਲਤ ਦੀ ਪਛਾਣ ਕਰਵਾਉਣੀ ਵੀ ਅੱਜ ਨਿੱਜੀ ਜ਼ਿੰਦਗੀ ਵਿਚ 'ਦਖਲ' ਅਤੇ 'ਬੇਇੱਜ਼ਤੀ' ਸਮਝਿਆ ਜਾ ਰਿਹਾ ਹੈ। ਗਲਤ-ਠੀਕ ਦੀ ਪਛਾਣ ਨਾ ਹੋਣ ਦੇ ਕਾਰਨ ਬੱਚੇ 'ਆਪਣੇ ਢੰਗ' ਨਾਲ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਹਨ। ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਸਿਰਫ਼ ਇਕ ਛੱਤ ਹੇਠ ਰਹਿਣ ਦੇ 'ਸਮਝੌਤੇ' ਵਰਗੀ ਅਹਿਮੀਅਤ ਹੀ ਦਿੱਤੀ ਜਾ ਰਹੀ ਹੈ। ਇਸ ਵਰਤਾਰੇ ਦਾ ਕਾਰਨ ਇਹ ਹੈ ਕਿ ਮੌਲਿਕ ਹੱਕਾਂ ਦੀ ਵਰਤੋਂ ਮਨੁੱਖ ਨੇ ਸਿਰਫ਼ ਆਪਣੇ ਨਿੱਜੀ ਹਿੱਤਾਂ ਜਾਂ ਗਰਜ਼ਾਂ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਉਸ ਦੇ ਮੌਲਿਕ ਕਰਤੱਵ ਪਿੱਛੇ ਰਹਿ ਜਾਣ ਕਾਰਨ ਮੌਲਿਕ ਹੱਕਾਂ ਦੀ ਵਰਤੋਂ, ਦੁਰਵਰਤੋਂ ਵਿਚ ਬਦਲ ਗਈ। ਇਸ ਰੁਝਾਨ ਤੋਂ ਪੈਦਾ ਹੋਏ 'ਪ੍ਰਦੂਸ਼ਨ' ਨੇ ਸਮਾਜਿਕ ਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ, ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ। ਨਿੱਜਵਾਦੀ ਮਾਨਸਿਕਤਾ, ਪਦਾਰਥਵਾਦੀ ਪਹੁੰਚ, ਸੰਵੇਦਨਸਹੀਣਤਾ, ਅਜੋਕੀ ਦੌੜ-ਭੱਜ ਅਤੇ ਮੁਕਾਬਲੇ ਦੇ ਦੌਰ ਵਿਚ ਖੱਚਤ ਹੋ ਜਾਣਾ ਵੀ ਸਾਡੀਆਂ ਸਮਾਜਿਕ ਤੇ ਪਰਿਵਾਰਕ ਸਮੱਸਿਆਵਾਂ ਦਾ ਪ੍ਰਮੁੱਖ ਕਾਰਨ ਹੈ।
ਅਦਾਲਤ, ਪ੍ਰਸ਼ਾਸਕੀ ਅਤੇ ਸੁਰੱਖਿਆ ਫੋਰਸਾਂ ਵਿਚ ਸ੍ਰਿਸ਼ਟਾਚਾਰ ਅਤੇ ਪਾਰਦਰਸ਼ਤਾ ਨਾ ਹੋਣਾ, ਸਮਾਜ ਵਿਚ ਜੁਰਮ ਵਧਣ ਲਈ ਜ਼ਿੰਮੇਵਾਰ ਹੈ। ਘਟੀਆ ਪੁਲਿਸ ਪ੍ਰਬੰਧ, ਸਮਾਜ ਜਾਂ ਦੇਸ਼ ਨੂੰ ਕਿੰਨੀਆਂ ਨਿਵਾਣਾਂ ਤੱਕ ਲਿਜਾ ਸਕਦਾ ਹੈ, ਇਸ ਦੀ ਉਦਾਹਰਣ ਅਮਰੀਕਾ ਤੋਂ ਮਿਲ ਸਕਦੀ ਹੈ ਕਿ 1935 ਵਿਚ ਉਥੇ ਪੁਲਿਸ ਫੋਰਸ ਦੀ ਪੁਨਰ-ਭਰਤੀ ਕਰ ਕੇ ਹੀ ਇਹ ਦੇਸ਼ ਭ੍ਰਿਸ਼ਟਾਚਾਰ ਦੀ ਦਲਦਲ ਵਿਚੋਂ ਨਿਕਲਣ 'ਚ ਸਫਲ ਹੋਇਆ।
ਸਾਡੀਆਂ ਜ਼ਿੰਮੇਵਾਰ ਸੰਸਥਾਵਾਂ, ਲੋਕਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਕੀਤੀ ਜੀਵਨ-ਜਾਚ ਦਾ ਸਹੀ ਅਰਥਾਂ ਵਿਚ ਪ੍ਰਚਾਰ ਨਹੀਂ ਕਰ ਸਕੀਆਂ। ਅੱਜ ਮਾਪਿਆਂ ਨੂੰ ਖੁਦ ਹੀ ਗੁਰਬਾਣੀ ਵਿਚਾਰਧਾਰਾ ਬਾਰੇ ਕੋਈ ਜਾਣਕਾਰੀ ਨਹੀਂ, ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸ ਸਕਦੇ। ਅਜੋਕੇ ਯੁੱਗ ਦੀ ਦੌੜ-ਭੱਜ, ਜਾਇਜ਼-ਨਜਾਇਜ਼ ਤਰੀਕੇ ਨਾਲ ਦੂਜੇ ਨਾਲੋਂ ਅੱਗੇ ਲੰਘਣ ਦੀ ਬਿਰਤੀ, ਸਦਾਚਾਰ ਨੂੰ ਤਿਲਾਂਜਲੀ, ਪਦਾਰਥਵਾਦ, ਪਖੰਡਵਾਦ, ਵਿਖਾਵੇਬਾਜ਼ੀ, ਫੋਕੀ ਤੇ ਸਸਤੀ ਸ਼ੋਹਰਤ ਦੀ ਭੁੱਖ, ਨੌਜਵਾਨਾਂ ਵਿਚ ਪ੍ਰਵਾਸ ਦੇ ਰੁਝਾਨ ਅਤੇ ਪੱਛਮੀ ਜੀਵਨ ਸ਼ੈਲੀ ਨੇ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ, ਸਮਾਜਿਕ ਰਿਸ਼ਤਿਆਂ ਅਤੇ ਪਰਿਵਾਰਕ ਸਬੰਧਾਂ ਨੂੰ ਵੱਡੀ ਢਾਹ ਲਾਈ ਹੈ। ਹਰ ਜਾਇਜ਼-ਨਜਾਇਜ਼ ਤਰੀਕੇ ਨਾਲ ਜਾਇਦਾਦਾਂ ਅਤੇ ਰੁਪਏ-ਪੈਸੇ ਬਣਾਉਣ ਦੀ ਪ੍ਰਵਿਰਤੀ ਨੇ ਦਾਜ ਪ੍ਰਥਾ, ਕਤਲਾਂ ਅਤੇ ਹੋਰਨਾਂ ਜੁਰਮਾਂ ਵਿਚ ਵਾਧਾ ਕੀਤਾ ਹੈ।
ਹੁਣ ਜੋ ਪ੍ਰਵਿਰਤੀਆਂ ਸਾਡੇ ਸਮਾਜ ਵਿਚ ਪੈਦਾ ਹੋਈਆਂ, ਇਹੋ ਪ੍ਰਵਿਰਤੀਆਂ 50-60 ਸਾਲ ਪਹਿਲਾਂ ਪੱਛਮ ਵਿਚ ਪੈਦਾ ਹੋਈਆਂ ਸਨ। ਫਰਜ਼ਾਂ ਨੂੰ ਭੁੱਲ ਕੇ ਹੱਕਾਂ ਵੱਲ ਰੁਚਿਤ ਹੋ ਜਾਣ ਦੀ ਬੁਰਾਈ ਨੂੰ ਦਿੱਤੀ ਗਈ ਕਾਨੂੰਨੀ ਸ਼ਹਿ ਦੇ ਨਤੀਜੇ ਅੱਜ ਉਥੋਂ ਦੇ ਸਮਾਜ ਤੇ ਸਰਕਾਰਾਂ ਦੇ ਸਾਹਮਣੇ ਆ ਰਹੇ ਹਨ ਕਿ ਮਾਪਿਆਂ ਦੇ ਕੰਟਰੋਲ ਅਤੇ ਡਰ ਤੋਂ ਬਾਗੀ ਹੋਈ ਨੌਜਵਾਨੀ, ਨਸ਼ਿਆਂ ਅਤੇ ਹੋਰਨਾਂ ਬੁਰਾਈਆਂ ਦੇ ਵੱਸ ਪੈ ਕੇ ਅੱਜ ਕਿਸੇ ਪਾਸੇ ਜੋਗੀ ਨਹੀਂ ਰਹੀ।
ਅੱਜ ਉਹਨਾਂ ਦੇਸ਼ਾਂ ਵਿਚ ਵਿਕਾਸਸ਼ੀਲ ਦੇਸ਼ਾਂ ਵਿਚੋਂ ਗਏ ਨੌਜਵਾਨ ਉਥੋਂ ਦੇ ਨੌਜਵਾਨਾਂ ਨਾਲੋਂ ਹਰ ਖੇਤਰ ਵਿਚ ਅੱਗੇ ਨਿਕਲ ਚੁੱਕੇ ਹਨ। ਪੱਛਮ ਦੇ ਲੀਡਰ ਵੀ ਇਸ ਗੱਲ 'ਤੇ ਚਿੰਤਾ ਪ੍ਰਗਟਾ ਰਹੇ ਹਨ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਆਇਆ ਬਿਆਨ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ ਕਿ ਦੂਜੇ ਦੇਸ਼ਾਂ ਦੇ ਨੌਜਵਾਨ ਸਾਡੇ ਨੌਜਵਾਨਾਂ ਦੇ ਮੌਕਿਆਂ  ਨੂੰ ਹਥਿਆ ਰਹੇ ਹਨ ਤੇ ਉਹਨਾਂ ਦੀ ਨੌਜਵਾਨੀ ਰੋਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿਚ ਪਛੜਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮੌਲਿਕ ਹੱਕ ਕਿਸੇ ਕੰਮ ਦੇ ਨਹੀਂ ਜਿਹੜੇ ਮਨੁੱਖੀ ਜ਼ਿੰਦਗੀ ਨੂੰ ਵਿਕਾਸ ਦੀ ਥਾਂ ਵਿਨਾਸ਼ ਵੱਲ ਲੈ ਕੇ ਜਾਣ।
ਸਾਡੇ ਸਮਾਜ ਵਿਚੋਂ ਸਦਾਚਾਰ ਖਤਮ ਹੋਣ ਦਾ ਕਾਰਨ ਸਾਡੇ ਸਿਆੀ ਲੀਡਰ ਵੀ ਹਨ, ਜਿਨ੍ਹਾਂ ਨੇ ਲੋਕਾਂ ਅੱਗੇ ਜ਼ਿੰਦਗੀ ਦਾ ਗਲਤ ਮਾਡਲ ਪੇਸ਼ ਕੀਤਾ ਹੈ। ਇਸ ਗੱਲ 'ਤੇ ਜੇ ਅਸੀਂ ਵਿਚਾਰ ਕਰੀਏ ਕਿ ਅੱਜ ਤੋਂ 28 ਸਾਲ ਪਹਿਲਾਂ ਜਦੋਂ ਸਾਡੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕਰ ਰਹੇ ਸਨ, ਓਦੋਂ ਕੌਮ ਦਾ ਅਮਲੀ ਜੀਵਨ ਕਿਹੋ ਜਿਹਾ ਸੀ ਤੇ ਅੱਜ ਕੀ ਹੈ, ਤਾਂ ਇਸ ਗੱਲ ਦੀ ਸਮਝ ਆ ਜਾਏਗੀ ਕਿ ਲੀਡਰ ਅਸਲ ਵਿਚ ਹੋਣਾ ਕਿਹੋ ਜਿਹਾ ਚਾਹੀਦਾ ਹੈ। ਸਿਆਸਤ ਵਿਚ ਖਚਿਤ ਹੋ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੋਸ਼ ਤੋਂ ਬਚ ਨਹੀਂ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੀ ਜੀਵਨ ਜਾਚ ਦੇ ਪ੍ਰਚਾਰ-ਪ੍ਰਸਾਰ ਦੀ ਮੁੱਖ ਜ਼ਿੰਮੇਵਾਰੀ ਇਸ ਦੀ ਹੀ ਬਣਦੀ ਹੈ। ਪਰ ਪਿਛਲੇ ਸਮੇਂ ਤੋਂ ਇਸ ਦੀ ਕਾਰਗੁਜ਼ਾਰੀ ਵੇਖਣ ਤੋਂ ਲੱਗਦਾ ਹੈ ਕਿ ਇਹ ਆਪਣੇ ਉਦੇਸ਼ ਦੀ ਉਲਟ ਦਿਸ਼ਾ ਵਿਚ ਚੱਲ ਰਹੀ ਹੈ। ਇਸ ਦੇ ਪ੍ਰਚਾਰ ਦਾ ਹਾਲ ਇਹ ਹੈ ਕਿ ਸਾਡੀਆਂ ਸੰਸਥਾਵਾਂ ਵਿਚੋਂ ਸਿੱਖੀ ਕੋਟੇ 'ਚੋਂ ਪ੍ਰੋਫੈਸ਼ਨਲ ਡਿਗਰੀਆਂ ਲੈਣ ਤੋਂ ਬਾਅਦ ਵੀ ਸਾਡੇ ਨੌਜਵਾਨ ਸਿੱਖੀ ਤੋਂ ਮੁਨਕਰ ਹੋ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦਾ ਸਿੱਖ ਸਿਧਾਂਤ ਤੋਂ ਕੋਰੀ ਹੋਣਾ ਤੇ ਇਸ ਵਿਚ ਸਿੱਖ ਰੂਪ ਵਿਚ ਮਾਰਕਸੀ ਲਾਬੀ ਦਾ ਘੁਸਪੈਠ ਕਰ ਜਾਣਾ ਇਸ ਸੰਸਥਾ ਦੇ ਕੁਰਾਹੇ ਪੈਣ ਦਾ ਇਕ ਕਾਰਨ ਹੈ। ਇਸ ਅਮਲ ਨੇ ਸਿੱਖ ਸਮਾਜ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਥੇ ਕਾਬਜ਼ ਹੋ ਚੁੱਕੀ ਇਸ ਕਥਿਤ ਸਮਾਜਵਾਦੀ ਵਿਚਾਰਧਾਰਾ ਨੇ ਲੋਕਾਂ ਨੂੰ ਸਦਾਚਾਰੀ ਤੇ ਨੈਤਿਕ ਜੀਵਨ ਤੋਂ ਦੂਰ ਕੀਤਾ ਹੈ। 'ਪੰਜਾਬੀ ਟ੍ਰਿਬਿਊਨ' ਵਿਚ 17 ਜੁਲਾਈ ਨੂੰ ਲੱਗੀ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਤਾਂ ਸ਼੍ਰੋਮਣੀ ਕਮੇਟੀ ਦੇ ਅਮਲੇ ਵਿਚ ਵੱਡੀ ਪੱਧਰ 'ਤੇ ਦਸ ਨੰਬਰੀਏ ਅਤੇ ਬਦਮਾਸ਼ ਲੋਕ ਨੌਕਰੀਆਂ 'ਤੇ ਲੱਗੇ ਹੋਏ ਹਨ।
ਸਮਾਜ ਵਿਚ ਪੈਦਾ ਹੋ ਚੁੱਕੀ ਇਸ ਪ੍ਰਵਿਰਤੀ ਦਾ ਇਕੋ ਇਕ ਹੱਲ ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੀ ਜੀਵਨ ਜਾਚ ਨੂੰ ਲੋਕਾਂ ਵਿਚ ਲਿਜਾਉਣ ਨਾਲ ਹੀ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਲਈ ਅਤੇ ਸਮਾਜ ਵਿਚ ਧਾਰਮਿਕ ਤੇ ਸਦਾਚਾਰਕ ਸਿੱਖਿਆ ਦੇ ਪ੍ਰਸਾਰ ਲਈ ਸ਼ੁਰੂ ਤੋਂ ਹੀ ਸਕੂਲਾਂ ਵਿਚ ਧਰਮ ਅਧਿਐਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਕੀਤਾ ਸਮਾਜਿਕ, ਰਾਜਨੀਤਕ, ਆਰਥਿਕ ਤੇ ਸਭਿਆਚਾਰਕ ਪ੍ਰਬੰਧ ਸਿਰਜਣਾ ਵਿਸ਼ਵ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ ਹੈ।
- ਹਰਪਾਲ ਸਿੰਘ ਚੀਮਾ