ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਵੀਰੋ! ਕੌਮਘਾਤੀ ਨਾ ਬਣਿਓ


ਸਿੱਖੋ ਵੀਰੋ! ਜੇ ਤੁਸੀਂ ਹੁਣ ਵੀ ਚੁੱਪ ਕਰਕੇ ਬੈਠੇ ਰਹੇ ਤਾਂ ਵਾਹਿਗੁਰੂ ਦੇ ਦਰ ਤੋਂ ਫਿਟਕਾਰਾਂ ਦੇ ਭਾਗੀਦਾਰ ਬਣੋਗੇ!!!  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਸਿੱਖਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਦੇ ਪ੍ਰਬੰਧ 'ਚ ਹੁਣ 30 ਡੇਰੇਦਾਰ ਸਾਧਾਂ ਨੂੰ ਵਾੜਨ ਦੀ ਘਾੜਤ ਘੜੀ ਹੈ। ਭਵਿੱਖ 'ਚ ਇਹ ਸੰਤ ਸਮਾਜ ਸ਼੍ਰੋਮਣੀ ਅਕਾਲੀ ਦਲ ਦੀ ਥਾਂ 'ਤੇ ਗੁਰਦੁਆਰਾ ਪ੍ਰਬੰਧ ਉਤੇ ਕਾਬਜ਼ ਹੋ ਜਾਵੇਗਾ? ਯਾਦ ਰੱਖਿਓ! ਇਹ ਉਹ ਹੀ ਸਾਧ ਲਾਣਾ ਹੈ ਜਿਸ ਦੇ ਹਰ ਡੇਰੇ ਦੀ ਆਪਣੀ ਵੱਖਰੀ ਮਰਿਯਾਦਾ ਹੈ ਅਤੇ ਬਹੁਤੇ ਭਗਵਾਧਾਰੀ ਜਾਂ ਸਫੈਦਧਾਰੀ ਹਨ। ਇਹ ਲੋਕ ਸ੍ਰੀ ਅਕਾਲ ਤਖ਼ਤ ਵਾਲੀ 'ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ' ਨੂੰ ਮੰਨਣ ਤੋਂ ਇਨਕਾਰੀ ਹਨ। ਅਜੇ ਤਾਜ਼ੇ ਵਾਪਰੇ ਘਟਨਾਕ੍ਰਮ 'ਚ ਇਹਨਾਂ ਡੇਰੇਦਾਰਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹਿੰਦੂ ਰੰਗਤ ਦੇਣ ਲਈ ਕਥਿਤ ਸੋਧਾਂ ਦੇ ਨਾਮ 'ਤੇ ਇਸ ਦਾ ਬਿਕਰਮੀਕਰਨ ਕਰਨ 'ਚ ਬਾਦਲ ਦਲ ਨੂੰ ਧਮਕਾ ਕੇ ਸਿੱਖ ਵਿਰੋਧੀ ਕਰਮ ਕੀਤਾ ਸੀ।
ਸਿੱਖ ਸੰਗਤ ਜੀ, ਕੀ ਅਸੀਂ ਇਸ ਗੱਲੋਂ ਅਣਜਾਣ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਹੀ ਸਿੱਖ ਦੁਸ਼ਮਣ ਜਮਾਤ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੈ ਜੋ ਲਿਖਤੀ ਰੂਪ ਵਿਚ ਇਹ ਮੰਨਦੀ ਹੈ ਕਿ ਉਸ ਨੇ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ 'ਚ ਕਾਂਗਰਸ ਪਾਰਟੀ ਦੇ ਦਬਾਅ ਬਣਾਇਆ ਸੀ। ਸਾਨੂੰ ਇਹ ਗੱਲ ਵੀ ਨਹੀਂ ਭੁੱਲੀ ਕਿ ਇਸੇ ਭਾਜਪਾ ਨੂੰ ਆਰ. ਐਸ. ਐਸ. ਦੀ 'ਮਾਂ' ਪਾਰਟੀ ਕਿਹਾ ਜਾਂਦਾ ਹੈ ਜਿਹੜੀ ਸਿੱਖਾਂ ਨੂੰ ਹਿੰਦੂਤਵ ਦਾ ਹੀ ਹਿੱਸਾ ਮੰਨਦੀ ਹੈ, ਇਸ ਪਾਰਟੀ ਦੇ ਮਨ 'ਚ ਇਹ ਕਾਹਲ ਹੈ ਕਿ ਉਹ ਕਦੋਂ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਕੇ ਹਿੰਦੂਵਾਦ 'ਚ ਜਜ਼ਬ ਕਰ ਲਏ। ਹੁਣ ਜਦੋਂ ਇਸ ਸਿੱਖ ਵਿਰੋਧੀ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਤੀਜੇ ਫਰੰਟ, ਡੇਰੇਦਾਰ ਸਾਧਾਂ ਦੇ ਗਰੁੱਪ ਸੰਤ ਸਮਾਜ ਨਾਲ ਗੱਠਜੋੜ ਕਰ ਲਿਆ ਹੈ ਤਾਂ ਇਹ ਤੀਹਰਾ ਗੱਠਜੋੜ ਸਿੱਖਾਂ ਲਈ ਕਿੰਨਾ ਕੁ ਘਾਤਕ ਸਿੱਧ ਹੋਵੇਗਾ ਇਸ ਗੱਲ ਦਾ ਅੰਦਾਜ਼ੇ ਤੋਂ ਵੱਧ ਨੁਕਸਾਨ ਹੋ ਸਕਦਾ ਹੈ।
ਸਿੱਖ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸੰਤ ਸਮਾਜ ਨਾਲ ਅੰਦਰੂਨੀ ਗਠਜੋੜ ਨੂੰ ਜੱਗ ਜਾਹਰ ਕਰਦਿਆਂ ਹੁਣ ਇਹਨਾਂ ਡੇਰੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 30 ਸੀਟਾਂ ਦੇ ਕੇ ਅਤਿ ਨਿੰਦਣਯੋਗ ਕੰਮ ਕੀਤਾ ਹੈ। ਬਾਦਲ ਦੇ ਇਸ ਫੈਸਲੇ ਦਾ ਭਾਵ ਇਹ ਹੈ ਕਿ ਜੋ ਸੰਤ ਸਮਾਜ ਸਿੱਖ ਕੌਮ 'ਚ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਣਾ ਹੀ ਨਹੀਂ ਉਸ ਦੀ ਦਖਲਅੰਦਾਜ਼ੀ ਇਸ ਪ੍ਰਮੁੱਖ ਸਿੱਖ ਸੰਸਥਾ 'ਚ ਕਾਨੂੰਨੀ ਤੌਰ 'ਤੇ ਕਰਨ ਲਈ ਉਤਾਰੂ ਹੋ ਗਿਆ ਹੈ। ਵੀਰੋ, ਸਮਝੋ ਕਿ ਜੇ ਕਥਿਤ ਸੰਤ ਸਮਾਜ ਅੱਜ ਕੁਝ ਸੀਟਾਂ ਲੈ ਕੇ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਾਖਲ ਹੋ ਗਿਆ ਤਾਂ ਹਰ ਵਾਰ ਇਨ੍ਹਾਂ ਦੀ ਗਿਣਤੀ ਵਧਦੀ ਹੀ ਜਾਣੀ ਹੈ। ਇਹ ਗੱਲ ਵੀ ਕੋਈ ਭੇਦ ਨਹੀਂ ਕਿ ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਦਾ ਪੂਰਾ ਪ੍ਰਬੰਧ 'ਤੇ ਕੰਟਰੋਲ ਵੀ ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਅਧੀਨ ਹੀ ਹੈ। ਇਸ ਸੰਤ ਸਮਾਜ ਦੀ ਚੋਣਾਂ 'ਚ ਜਿੱਤਣ ਤੋਂ ਬਾਅਦ ਕਾਨੂੰਨੀ ਤੌਰ 'ਤੇ ਇੰਟਰੀ ਹੋ ਜਾਣ ਨਾਲ ਇਹ ਦੋਨੋਂ ਸੰਸਥਾਵਾਂ ਪੂਰੀ ਤਰ੍ਹਾਂ ਸੰਤ ਸਮਾਜ ਦੇ ਪ੍ਰਬੰਧ ਹੇਠ ਹੋ ਜਾਣਗੀਆਂ ਫਿਰ ਇਹਨਾਂ ਨੂੰ ਇਥੋਂ ਕੱਢਣਾ ਕੋਈ ਸੌਖਾ ਕੰਮ ਵੀ ਨਹੀਂ ਹੋਵੇਗਾ। ਜਿਸ ਤਰ੍ਹਾਂ ਇਸ ਸੰਤ ਸਮਾਜ ਨੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿੱਖ ਕੌਮ ਦੀ ਅੱਡਰੀ ਹਸਤੀ ਨੂੰ ਫਿੱਕਾ ਕਰਨ ਦਾ ਕਰਮ ਕੀਤਾ ਹੈ ਇਸੇ ਤਰ੍ਹਾਂ ਜੇਕਰ ਇਹ ਤੀਹਰਾ ਗਠਜੋੜ ਸਿੱਖਾਂ ਦੇ ਪ੍ਰਮੁੱਖ ਕੇਂਦਰ 'ਤੇ ਕਾਬਜ਼ ਹੋ ਗਿਆ ਤਾਂ ਇਹਨਾਂ ਦਾ ਸਭ ਤੋਂ ਪਹਿਲਾਂ ਕੰਮ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ 'ਚ ਤਬਦੀਲੀਆਂ ਕਰਨਾ ਵੀ ਹੋਵੇਗਾ। ਇਨਾਂ ਹੀ ਨਹੀਂ ਸਗੋਂ ਇਹ ਡੇਰੇਦਾਰ ਸੰਤ ਸਮਾਜ ਗੁਰਮਤਿ ਸੰਗੀਤ ਦਾ ਵੀ ਵਿਰੋਧੀ ਹੈ। ਇਹਨਾਂ ਦੇ ਕਬਜ਼ੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਚ ਨਿਰਧਾਰਿਤ ਰਾਗਾਂ 'ਚ ਕੀਤੇ ਜਾ ਰਹੇ ਕੀਰਤਨ ਦੀ ਥਾਂ ਚਿਮਟਿਆਂ ਦਾ ਖੜਕਾਟ ਵੀ ਸ਼ੁਰੂ ਹੋ ਸਕਦਾ ਹੈ। ਹਾਲ ਦੀ ਘੜੀ ਭਾਵੇਂ ਇਹ ਸਭ ਗੱਲਾਂ ਨੂੰ ਹਾਜ਼ਮ ਕਰਨਾ ਤੁਹਾਨੂੰ ਔਖਾ ਲੱਗ ਰਿਹਾ ਹੋਵੇਗਾ ਪਰ ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ 'ਚ ਸਾਧ ਲਾਣਾ ਮੂਰਤੀ ਪੂਜਾ ਕਰਦਾ ਰਿਹਾ ਹੈ। ਸਿੱਖਾਂ ਵੱਲੋਂ ਇਸ ਗੁਰਮਤਿ ਵਿਰੋਧੀ ਕਰਮਕਾਂਡਾਂ ਨੂੰ ਹਟਾਉਣ ਲਈ ਬੇਸੁਮਾਰ ਕੁਰਬਾਨੀਆਂ ਕਰਨੀਆਂ ਪਈਆਂ ਸਨ। ਸਿੱਖਾਂ ਵੱਲੋਂ ਪਰਕਰਮਾਂ ਵਿਚੋਂ ਮੂਰਤੀਆਂ ਹਟਾਉਣ ਦੇ ਰੋਸ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਮੁਕਾਬਲੇ 'ਚ ਦੁਰਗਿਆਨਾ ਮੰਦਰ ਵੀ ਹੋਂਦ 'ਚ ਆਇਆ ਸੀ। ਕੀ ਸਿੱਖ ਕੌਮ ਫਿਰ ਇਹ ਚਾਹੇਗੀ ਕਿ ਜੋ ਸੰਤ ਸਮਾਜ ਦਾ ਸਿੱਖ ਕੌਮ ਨਾਲ ਕੋਈ ਸਰੋਕਾਰ ਹੀ ਨਹੀਂ, ਉਸ ਨੂੰ ਮੁੜ ਗੁਰਦੁਆਰਾ ਪ੍ਰਬੰਧ 'ਚ ਮੋਢੀ ਬਣਾ ਦਿੱਤਾ ਜਾਵੇ ਅਤੇ ਸਿੱਖ ਧਾਰਮਿਕ ਸਥਾਨਾਂ ਦੇ ਮੁਕਾਬਲੇ ਅਨਮਤੀ ਸਥਾਨਾਂ ਨੂੰ ਉਤਸਾਹਿਤ ਕੀਤਾ ਜਾਵੇ?
ਕਥਿਤ ਸੰਤ-ਸਮਾਜ ਨੂੰ ਗੁਰਦੁਆਰਾ ਪ੍ਰਬੰਧ 'ਚ ਸ਼ਾਮਲ ਕਰਨ ਦੀ ਮਾੜੀ ਮਨਸਾ ਨਾਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਤੀਹ ਸੀਟਾਂ ਦੇ ਦਿੱਤੀਆਂ ਹਨ ਪਰ ਸਾਨੂੰ ਇਸ ਸਮੇਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ। ਹੁਣ ਤੱਕ ਸਿੱਖ ਕੌਮ ਇਹ ਸਮਝਦੀ ਆ ਰਹੀ ਹੈ ਕਿ ਜੇਕਰ ਸਿੱਖੀ ਦੀ ਮੁੜ ਚੜ੍ਹਦੀ ਕਲਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ ਨੂੰ ਰਾਜਨੀਤਕ ਕਬਜ਼ੇ ਤੋਂ ਮੁਕਤ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਸ 'ਤੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਕਬਜ਼ਾ ਰਿਹਾ ਹੈ। ਇਸ ਕਬਜ਼ੇ ਨੂੰ ਹਟਾਉਣ ਲਈ ਕਈ ਚੇਤਨ ਸਿੱਖ ਜਥੇਬੰਦੀਆਂ ਸੰਘਰਸ਼ ਵੀ ਕਰ ਰਹੀਆਂ ਹਨ। ਸਮਝਿਆ ਜਾ ਰਿਹਾ ਹੈ ਕਿ ਪਿਛਲੇ ਢਾਈ ਦਹਾਕਿਆਂ ਦੀ ਦੁਹਾਈ ਤੋਂ ਬਾਅਦ ਸਿੱਖ ਸੰਗਤ 'ਚ ਇਸ ਪੱਖੋਂ ਜਾਗਰਤੀ ਵੀ ਆਈ ਹੈ। ਸਿੱਖਾਂ ਨੂੰ ਆਸ ਬੱਝੀ ਹੈ ਕਿ ਉਹ ਛੇਤੀ ਹੀ ਗੁਰਦੁਆਰਾ ਪ੍ਰਬੰਧ ਤੋਂ ਸਿਆਸਤ ਨੂੰ ਪਰੇ ਧੱਕਣ 'ਚ ਸਫਲ ਹੋ ਸਕਦੇ ਹਨ ਪਰ ਇਸੇ ਸਮੇਂ ਬਾਦਲ ਦਲ ਵੱਲੋਂ ਸੰਤ ਸਮਾਜ ਨੂੰ ਆਪਣੀ ਥਾਂ ਦੇ ਕੇ ਸਿੱਖਾਂ ਨੂੰ ਨਵੀਂ ਚੁਣੌਤੀ ਦਿੱਤੀ ਜਾ ਰਹੀ ਹੈ ਜਿਸ ਬਾਰੇ ਸਿੱਖਾਂ ਨੂੰ ਤੁਰੰਤ ਚੌਕੰਨੇ ਹੋ ਜਾਣ ਦੀ ਲੋੜ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ 'ਤੇ ਅਕਾਲੀ ਦਲ ਦੀ ਥਾਂ ਸੰਤ ਸਮਾਜ ਦਾ ਗਲਬਾ ਸਿੱਖੀ ਨੂੰ ਤਬਾਹ ਕਰਨ ਦੇ ਯਤਨਾਂ 'ਚ ਆਪਣਾ ਹਿੱਸਾ ਪਾਵੇਗਾ। ਇਸ ਲਈ ਅੱਜ ਮੁੱਢਲੇ ਕਦਮ 'ਤੇ ਹੀ ਸਿੱਖ ਸੰਗਤ 'ਚ ਜਾਗਰਤੀ ਪੈਦਾ ਕਰਨਾ ਸਿੱਖ ਆਗੂਆਂ ਦਾ ਮੁੱਢਲਾ ਫਰਜ਼ ਹੈ। ਸਾਡੀ ਸਿੱਖ ਸੰਗਤ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹਨਾਂ ਚੋਣਾਂ ਵਿਚ ਇਸ ਤੀਹਰੇ ਘਾਤਕ ਗੱਠਜੋੜ ਨੂੰ ਮਾਤ ਦੇਣ।