ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੁਦਰਤ ਅਨੁਸਾਰ ਜਿਊਣਾ ਸਿੱਖੋ


ਸਾਡਾ ਦੇਸ਼ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਸਿਹਤ ਪੱਖੋਂ ਉੱਤਮ ਮੰਨਿਆ ਗਿਆ ਹੈ ਕਿਉਂਕਿ ਇਥੇ 12 ਮਹੀਨਿਆਂ ਵਿਚ 6 ਰੁੱਤਾਂ ਹੁੰਦੀਆਂ ਹਨ। ਹਰੇਕ ਰੁੱਤ ਵਿਚ ਕੁਦਰਤ ਨੇ ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਪ੍ਰਦਾਨ ਕੀਤੀਆਂ ਹਨ ਜੋ ਸਾਡੇ ਸਰੀਰ ਲਈ ਸਿਹਤਮੰਦ ਹੀ ਨਹੀਂ, ਸਿਹਤ-ਰੱਖਿਅਕ ਵੀ ਹਨ।
ਦਰੱਖਤ ਮਨੁੱਖੀ ਸੱਭਿਅਤਾ ਦਾ ਮੇਰੂਦੰਡ ਹਨ। ਦਰੱਖਤ ਤੋਂ ਬਿਨਾਂ ਮਨੁੱਖੀ ਜੀਵਨ ਅਤੇ ਵਾਤਾਵਰਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਦਰੱਖਤਾਂ 'ਤੇ ਹੀ ਮਨੁੱਖ ਜਾਤੀ ਦੀ ਹੋਂਦ ਟਿਕੀ ਹੋਈ ਹੈ, ਮਨੁੱਖ ਹੋਵੇ ਜਾਂ ਪਸ਼ੂ-ਪੰਛੀ ਸਾਰੇ ਦਰੱਖਤਾਂ ਦੀ ਬਦੌਲਤ ਹੀ ਸਾਹ ਲੈ ਰਹੇ ਹਨ। ਅਜਿਹੀ ਮਹੱਤਵਪੂਰਨ ਸੰਪਦਾ ਨੂੰ ਅਣਗੌਲਿਆ ਕਰਕੇ ਮਨੁੱਖ ਖ਼ੁਦ ਦੇ ਪੈਰਾਂ 'ਤੇ ਕੁਹਾੜੀ ਮਾਰ ਰਿਹਾ ਹੈ।
      ਸਿਹਤ ਤੇ ਵਾਤਾਵਰਨ ਸੋਨਾ, ਚਾਂਦੀ, ਹੀਰੇ-ਮੋਤੀ ਅਤੇ ਯੂਰੇਨੀਅਮ ਤੋਂ ਵੀ ਜ਼ਿਆਦਾ ਕੀਮਤੀ ਹਨ ਕਿਉਂਕਿ ਸਾਰੀਆਂ ਚੀਜ਼ਾਂ ਤਾਂ ਮੁੜ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਪਰ ਵਾਤਾਵਰਨ ਨਹੀਂ। ਜੇ ਇਕ ਵਾਰ ਇਸ ਦਾ ਵਿਨਾਸ਼ ਹੋ ਗਿਆ ਤਾਂ ਫਿਰ ਸਦਾ ਲਈ ਅਸੀਂ ਇਸ ਤੋਂ ਵਾਂਝੇ ਹੋ ਜਾਵਾਂਗੇ ਅਤੇ ਇਸ ਦੇ ਨਾਲ ਹੀ ਖ਼ਤਮ ਹੋ ਜਾਏਗੀ ਇਹ ਸਾਰੀ ਦੁਨੀਆ। ਵਿਸ਼ਵ ਦੀ ਇਸ ਭਖਦੀ ਸਮੱਸਿਆ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਵਾਤਾਵਰਨ ਪ੍ਰਤੀ ਸਮਾਜ ਦੇ ਹਰ ਵਰਗ ਵਿਚ ਜਾਗਰੂਕਤਾ ਲਿਆਉਣ ਦੀ।
ਅੱਜ ਪੀ. ਐਚ. ਡੀ. ਡਿਗਰੀ ਵਾਲੇ ਵੀ ਬੇਰੁਜ਼ਗਾਰ ਹਨ। ਸਾਰੇ ਪੜ੍ਹਾਈ ਕਰਕੇ ਮੇਜ਼-ਕੁਰਸੀ ਦੀ ਨੌਕਰੀ ਹਾਸਲ ਨਹੀਂ ਕਰ ਸਕਦੇ। ਖੇਤ ਅਤੇ ਜੰਗਲਾਂ ਨੇ ਭਾਰਤ ਦੇ ਲੋਕਾਂ ਨੂੰ ਸਥਾਈ ਰੁਜ਼ਗਾਰ ਦਿੱਤਾ ਹੈ। ਵਿਗਿਆਨ, ਤਕਨੀਕ ਅਸਥਾਈ ਹਨ। ਖੇਤ, ਜੰਗਲ ਸਥਾਈ ਹਨ। ਸਾਨੂੰ ਜੀਵਨ ਜਿਊਣ ਲਈ ਹਮੇਸ਼ਾ ਆਤਮ-ਨਿਰਭਰ ਰਹਿਣਾ ਹੋਵੇਗਾ।
ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਖੇਤੀ ਤੇ ਜੰਗਲਾਂ 'ਤੇ ਨਿਰਭਰ ਹੈ। ਭਾਰਤ ਭੁੱਲ ਗਿਆ ਹੈ ਕਿ ਹਜ਼ਾਰਾਂ ਵਰ੍ਹਿਆਂ ਤੋਂ ਖੇਤੀ ਨਾਲੋਂ ਵਧ ਕੇ ਹੋਰ ਕੋਈ ਰੁਜ਼ਗਾਰ ਦੇਣ ਵਾਲਾ ਨਹੀਂ ਹੈ ਅਤੇ ਨਾ ਹੀ ਦੇ ਸਕਦਾ ਹੈ। ਉਦਯੋਗੀਕਰਨ ਅੱਜ ਚਲ ਰਿਹਾ ਹੈ, ਕੱਲ੍ਹ ਨੂੰ ਵਿਦੇਸ਼ਾਂ ਦੇ ਚੰਗੇ ਉਤਪਾਦਨ ਆਉਣ ਨਾਲ ਸਾਡੇ ਇਥੇ ਉਤਪਾਦਨ ਬੰਦ ਹੋ ਜਾਂਦੇ ਹਨ। ਗਰੀਬੀ ਉਦਯੋਗੀਕਰਨ ਦੇ ਅਸਥਾਈ ਰੂਪ ਦੇ ਕਾਰਨ ਫੈਲਦੀ ਜਾਏਗੀ।
ਭਾਰਤ ਦੇ ਪੇਂਡੂ ਲੋਕਾਂ ਵੱਲੋਂ ਆਪਣੀ ਖੇਤੀ ਨੂੰ ਵੇਚ ਕੇ ਸ਼ਹਿਰਾਂ ਵੱਲ ਰੁਖ਼ ਕਰਨ ਨਾਲ ਖੇਤੀ ਬੰਜਰ ਹੁੰਦੀ ਜਾ ਰਹੀ ਹੈ। ਜਿੰਨਾ ਭਾਰਤ ਖੇਤੀ ਤੋਂ ਦੂਰ ਜਾਏਗਾ, ਓਨਾ ਹੀ ਬੇਰੁਜ਼ਗਾਰੀ ਵਧੇਗੀ। ਸਾਫ਼ ਨਦੀਆਂ, ਉਪਜਾਊ ਖੇਤ, ਹਰੇ-ਭਰੇ ਉੱਚੇ ਪਹਾੜ, ਸੰਘਣੇ ਜੰਗਲ ਮਜ਼ਬੂਤ ਦੇਸ਼ ਦੇ ਥੰਮ੍ਹ ਹਨ। ਵੱਡੇ ਦੇਸ਼ ਤਾਂ ਇਹ ਹੀ ਚਾਹੁੰਦੇ ਹਨ ਕਿ ਭਾਰਤ ਨੂੰ ਉਦਯੋਗੀਕਰਨ, ਸੀਮੈਂਟਕਰਨ, ਸੜਕੀਕਰਨ ਦੀ ਉੱਚੀ ਦੌੜ ਵਿਚ ਲਾ ਕੇ ਖੇਤ ਅਤੇ ਜੰਗਲਾਂ ਤੋਂ ਦੂਰ ਲਿਜਾਇਆ ਜਾਏ।
ਕੁਦਰਤ ਨੇ ਸੰਸਾਰ ਵਿਚ ਸਿਹਤਮੰਦ ਰਹਿਣ ਲਈ ਸਮੁੱਚੀ ਸਮੱਗਰੀ ਜੁਟਾਈ ਹੈ ਪੰ੍ਰਤੂ ਜਿਵੇਂ-ਜਿਵੇਂ ਮਨੁੱਖ ਕੁਦਰਤ ਤੋਂ ਦੂਰ ਹੋ ਕੇ ਸੁੱਖ-ਸਹੂਲਤਾਂ ਵਿਚ ਲਿਪਤ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਮਨੁੱਖ ਦਾ ਮਨ, ਦਿਮਾਗ ਅਤੇ ਸਰੀਰ ਰੋਗੀ ਹੁੰਦਾ ਜਾ ਰਿਹਾ ਹੈ ਅਤੇ ਫਿਰ ਸਿਹਤਮੰਦ ਹੋਣ ਲਈ ਆਧੁਨਿਕ ਦਵਾਈਆਂ ਦਾ ਸਹਾਰਾ ਲੈਂਦਾ ਹੈ ਜਿਸ ਦਾ ਸਿੱਟਾ ਸਿਹਤਮੰਦ ਹੋਣ ਦੇ ਭਰਮ ਵਿਚ ਰੋਗਾਂ ਦੀ ਜਟਿਲਤਾ ਵਧਾਉਣ ਦੇ ਰੂਪ ਹੁੰਦਾ ਹੈ ਕਿਉਂਕਿ ਆਧੁਨਿਕ ਦਵਾਈਆਂ ਰੋਗ ਨੂੰ ਮਿਟਾਉਂਦੀਆਂ ਨਹੀਂ, ਸਗੋਂ ਦਬਾਉਂਦੀਆਂ ਹਨ।
ਰੁੱਤਾਂ ਅਤੇ ਜਲਵਾਯੂ ਅਨੁਸਾਰ ਮਨੁੱਖੀ ਸਰੀਰ ਵਿਚ ਅਨੇਕ ਤਬਦੀਲੀਆਂ ਹੁੰਦੀਆਂ ਹਨ। ਇਸ ਲਈ ਸਾਨੂੰ ਉਸੇ ਰੁੱਤ ਅਨੁਸਾਰ ਆਪਣੇ ਭੋਜਨ-ਵਿਹਾਰ ਵਿਚ ਤਬਦੀਲੀ ਲਿਆਉਣਾ ਚਾਹੀਦੀ ਹੈ। ਮੌਸਮ ਕਿੰਨੀ ਖੂਬਸੂਰਤੀ ਨਾਲ ਬਦਲਦਾ ਹੋਇਆ ਦੂਜੇ ਰੁੱਤ ਵਿਚ ਕਦਮ ਰੱਖਦਾ ਹੈ, ਇਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਪਰ ਬਦਲਦੇ ਮੌਸਮ ਦੇ ਬਦਲਦੇ ਮਿਜਾਜ਼ ਅਨੁਸਾਰ ਅਸੀਂ ਆਪਣੇ ਮਿਜਾਜ਼ ਨੂੰ ਨਹੀਂ ਬਦਲਦੇ। ਸੰਕਲਪ ਕਰਦੇ ਹਾਂ ਪਰ ਉਸ 'ਤੇ ਅਮਲ ਨਹੀਂ ਕਰਦੇ। ਮਨੁੱਖ ਜਾਤੀ ਸਾਰੇ ਜੀਵਾਂ ਵਿਚ ਉੱਤਮ ਮੰਨੀ ਜਾਂਦੀ ਹੈ ਕਿਉਂਕਿ ਇਸ ਨੂੰ ਪ੍ਰਮਾਤਮਾ ਨੇ ਬਹੁਤ ਹੀ ਖੂਬੀਆਂ ਦਿੱਤੀਆਂ ਹਨ।
ਆਪਣੇ ਦਿਮਾਗ ਦੀ ਵਰਤੋਂ ਕਰਨਾ, ਸਿਰਫ ਸਾਨੂੰ ਹੀ ਪਤਾ ਹੈ। ਅੱਜ ਹਰ ਮਨੁੱਖ ਨੇ ਜਿਸ ਜੀਵਨ-ਸ਼ੈਲੀ ਨੂੰ ਅਪਣਾਇਆ ਹੈ, ਉਸ ਦੀ ਸਿਹਤ ਸਬੰਧੀ ਸ਼ਿਕਾਇਤਾਂ ਵਧ ਗਈਆਂ ਹਨ। ਕੰਮ ਦੇ ਦਬਾਅ ਕਾਰਨ ਜਿਥੇ ਦਿਲ ਦੇ ਰੋਗਾਂ ਦੀਆਂ ਸ਼ਿਕਾਇਤਾਂ ਵਧੀਆਂ ਹਨ, ਉਤੇ ਜੀਵਨ-ਸ਼ੈਲੀ ਵਿਚ ਭੋਜਨ ਦੀ ਅਨਿਯਮਿਤਤਾ ਨਾਲ ਸ਼ੂਗਰ, ਲਹੂ ਦਾ ਦਬਾਅ ਵਰਗੀਆਂ ਸ਼ਿਕਾਇਤਾਂ ਵੀ ਹੁਣ ਆਮ ਜਿਹੀ ਗੱਲ ਹੋ ਗਈ ਹੈ। ਖੈਰ, ਸ਼ਹਿਰਾਂ ਦੇ ਨਵੇਂ ਬਣਾਏ ਗਏ ਬਾਗ-ਬਗੀਚਿਆਂ ਨੇ ਮਨੁੱਖ ਵਿਚ ਸਿਹਤ ਸਬੰਧੀ ਜਾਗਰੂਕਤਾ ਨੂੰ ਵਧਾਇਆ ਹੈ।
ਸਿਹਤ, ਨਿਰੋਗੀ ਅਤੇ ਸੁਖੀ ਰਹਿਣਾ ਸਾਡੇ ਸਾਰਿਆਂ ਦਾ ਜਨਮ-ਸਿੱਧ ਅਧਿਕਾਰ ਹੈ। ਜੇ ਵਿਅਕਤੀ ਆਪਣੇ ਕੰਮਾਂ ਨੂੰ ਕੁਦਰਤ ਦੇ ਨਿਯਮਾਂ ਅਨੁਸਾਰ ਕਰੇ ਤਾਂ ਜੀਵਨ ਭਰ ਬਿਨਾਂ ਦਵਾਈਆਂ ਦੇ ਸਿਹਤਮੰਦ ਰਹਿ ਸਕਦਾ ਹੈ। ਮੌਸਮ ਅਨੁਸਾਰ ਤਾਜ਼ੇ ਫਲ, ਸਬਜ਼ੀਆਂ, ਪੁੰਗਰੇ ਬੀਜ, ਰਸ, ਸੂਪ, ਸਲਾਦ, ਮੇਵੇ ਅਤੇ ਘਰੇਲੂ ਜੜੀਆਂ-ਬੂਟੀਆਂ, ਮਸਾਲੇ ਹੀ ਦਵਾਈ ਦੇ ਰੂਪ ਵਿਚ ਵਰਤੋਂ ਕਰਨਾ ਉਚਿਤ ਅਤੇ ਕਾਰਗਰ ਹਨ।
ਅਜੋਕੀ ਸਮੱਸਿਆ ਮਨੁੱਖ ਵੱਲੋਂ ਕੁਦਰਤ ਪ੍ਰਤੀ ਮੁੱਖ ਮੋੜਨ ਦਾ ਸਿੱਟਾ ਹੈ ਨਾ ਕਿ ਕੁਦਰਤ ਨਾਲ ਮੇਲ ਕਾਰਨ। ਕੁਦਰਤ ਹੀ ਸਭ ਤੋਂ ਉੱਤਮ ਅਤੇ ਦਵਾਈ ਹੈ, ਜਿਸ ਚੀਜ਼ ਨਾਲ ਮਨੁੱਖੀ ਸਰੀਰ ਬਣਿਆ ਹੈ, ਉਸੇ ਤੋਂ ਇਲਾਜ ਕੀਤਾ ਜਾਣਾ ਚਾਹੀਦਾ ਹੈ। ਸਰੀਰ ਪੰਜ ਤੱਤਾਂ ਤੋਂ ਬਣਿਆ ਹੈ। ਮਿੱਟੀ, ਪਾਣੀ, ਧੁੱਪ, ਹਵਾ, ਆਕਾਸ਼ ਸਭ ਰੋਗਾਂ ਦੀ ਕੁਦਰਤੀ ਦਵਾਈ। ਇਨ੍ਹਾਂ ਪੰਜ ਤੱਤਾਂ ਦਾ ਪਾਲਣ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ।