ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿੰਨਾ ਖਤਰਨਾਕ ਰੀੜ੍ਹ ਦੀ ਹੱਡੀ ਦਾ ਦਰਦ


ਰੀੜ੍ਹ ਦੀ ਹੱਡੀ ਸਾਡੇ ਸਰੀਰ ਦਾ ਇਕ ਬਹੁਤ ਜ਼ਿਆਦਾ ਮਹੱਤਵਪੂਰਨ ਹਿੱਸਾ ਹੈ। ਉਮਰ ਦੇ ਲਿਹਾਜ਼ ਨਾਲ ਜਾਂ ਕਿਸੇ ਬਿਮਾਰੀ ਕਾਰਨ ਜਦੋਂ ਰੀੜ੍ਹ ਦੀ ਹੱਡੀ ਜਾਂ ਇਸਦੇ ਜੋੜ ਘਸਣੇ ਸ਼ੁਰੂ ਹੋ ਜਾਂਦੇ ਹਨ ਤਾਂ ਇਨ੍ਹਾਂ ਦੀਆਂ ਆਪਣੇ-ਆਪ ਨੁੱਕਰਾਂ ਵਧ ਜਾਂਦੀਆਂ ਹਨ। ਜਦ ਇਹ ਨੁੱਕਰਾਂ ਰੀੜ੍ਹ ਦੀ ਹੱਡੀ ਵਿਚ ਮੌਜੂਦ ਨਾੜ (ਸਪਾਈਨਲ ਕਾਰਡ) 'ਤੇ ਦਬਾਅ ਪਾਉਂਦੀਆਂ ਹਨ ਤਾਂ ਦਬਾਅ ਨਾਲ ਉਸ ਹਿੱਸੇ 'ਚ ਦਰਦ ਰਹਿੰਦੀ ਹੈ। ਇਸ ਬਿਮਾਰੀ ਨੂੰ ਅਸੀਂ 'ਰੀੜ੍ਹ ਦੀ ਹੱਡੀ ਦਾ ਆਰਥਰਾਈਟਸ' ਆਖਦੇ ਹਾਂ।
ਨੁੱਕਰਾਂ ਵਧਣ ਦੇ ਕਾਰਨ : ਰੀੜ੍ਹ ਦੀ ਹੱਡੀ ਦੀ ਬਨਾਵਟ 'ਚ ਜਮਾਂਦਰੂ ਨੁਕਸ ਹੋਣਾ, ਰੀੜ੍ਹ ਦੀ ਹੱਡੀ 'ਚ ਇਨਫੈਕਸ਼ਨ ਜਾਂ ਕੀੜਾ ਲੱਗਣ ਕਰਕੇ ਹੱਡੀ ਖਾਧੀ ਜਾਣਾ, ਰਸੌਲੀ ਜਾਂ ਹੱਡੀਆਂ ਦੀ ਟੀ. ਬੀ. ਹੋਣਾ, ਰੀੜ੍ਹ ਦੀ ਹੱਡੀ ਨੂੰ ਖੋਖਲੇਪਣ ਦੀ ਬਿਮਾਰੀ ਨਾਲ ਇਸਦਾ ਫਿਸ ਜਾਣਾ ਜਾਂ ਇਸ ਦੀ ਬਣਾਵਟ 'ਚ ਫ਼ਰਕ ਪੈ ਜਾਣਾ। ਬੈਠਣ ਦੇ ਗਲਤ ਤੌਰ ਤਰੀਕੇ, ਜ਼ਿਆਦਾ ਦੇਰ ਤੱਕ ਬੈਠੇ ਰਹਿਣਾ, ਵਰਜਿਸ਼ ਨਾ ਕਰਨਾ ਤੇ ਮੋਟਾਪਾ ਵੀ ਇਸ ਬਿਮਾਰੀ ਦਾ ਇਕ ਕਾਰਨ ਬਣ ਜਾਂਦਾ ਹੈ।
ਲੱਛਣ : ਜੇਕਰ ਦਰਦ ਉਪਰਲੇ ਹਿਸੇ ਜਾਂ ਗਰਦਨ ਵਿਚ ਹੋਵੇ ਤਾਂ ਇਸ ਨੂੰ ਅਸੀਂ 'ਸਰਵਾਈਕਲ' ਜਾਂ 'ਗਰਦਨ ਦਾ ਦਰਦ' ਵੀ ਕਹਿ ਦਿੰਦੇ ਹਾਂ। ਗਰਦਨ ਦੀ ਹਿਲਜੁਲ ਨਾਲ ਦਰਦ ਹੁੰਦੀ ਹੈ। ਇਹ ਦਰਦ ਬਾਹਾਂ ਵਿਚ ਵੀ ਆ ਸਕਦੀ ਹੈ। ਦਰਦ ਨਾਲ ਮਰੀਜ਼ ਨੂੰ ਚੱਕਰ ਆ ਸਕਦੇ ਹਨ। ਸਿਰ ਵੀ ਭਾਰਾ ਹੋ ਸਕਦਾ ਹੈ ਤੇ ਜੀਅ ਵੀ ਕੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਦਰਦ ਵਿਚਕਾਰਲੇ ਹਿੱਸੇ ਵਿਚ ਹੋਵੇ ਤਾਂ ਕਈ ਵਾਰ ਇਹ ਦਰਦ ਛਾਤੀ ਨੂੰ ਵੀ ਆ ਜਾਂਦੀ ਹੈ ਤੇ ਮਰੀਜ਼ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਜੇਕਰ ਦਰਦ ਹੇਠਲੇ ਹਿੱਸੇ ਵਿਚ ਹੋਵੇ ਤਾਂ ਦਰਦ ਲੱਤਾਂ ਵੱਲ ਨੂੰ ਵੀ ਆ ਜਾਂਦੀ ਹੈ। ਪਿਠ ਵਿਚ ਅਕੜਾ ਰਹਿੰਦਾ ਹੈ। ਖਾਂਸੀ ਕਰਨ ਤੇ ਹੇਠਾਂ ਉਪਰ ਝੁਕਣ ਨਾਲ ਦਰਦ ਹੁੰਦੀ ਹੈ। ਇਸ ਨੂੰ ਅਸੀਂ 'ਸ਼ਿਐਟਿਕਾ ਦੀ ਦਰਦ' ਕਹਿੰਦੇ ਹਾਂ। ਰੀੜ੍ਹ ਦੀ ਹੱਡੀ ਦੇ ਆਰਥਰਾਈਟਸ ਦੀ ਬਿਮਾਰੀ ਜ਼ਿਆਦਾ ਗਰਦਨ ਜਾਂ ਹੇਠਲੇ ਪੱਧਰ 'ਤੇ ਹੁੰਦੀ ਹੈ।
ਬਿਮਾਰੀ ਲੱਭਣਾ : ਡਿਜੀਟਲ ਐਕਸਰੇ ਤੇ ਖ਼ੂਨ ਦੇ ਕੁਝ ਟੈਸਟ ਕਰਵਾ ਕੇ ਆਰਥਰਾਈਟਸ ਬਿਮਾਰੀ ਦੇ ਕਾਰਨ ਦਾ ਕਾਫ਼ੀ ਹੱਦ ਤੱਕ ਪਤਾ ਲੱਗ ਜਾਂਦਾ ਹੈ। ਜੇਕਰ ਐਕਸਰੇ ਤੋਂ ਬਿਮਾਰੀ ਪਤਾ ਨਾ ਲੱਗੇ ਤਦ ਹੀ ਐਮ. ਆਰ. ਆਈ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ।
ਇਲਾਜ : ਦਰਦ ਨਿਵਾਰਕ ਗੋਲੀਆਂ ਰੀੜ੍ਹ ਦੀ ਹੱਡੀ ਦੇ ਆਰਥਰਾਈਟਿਸ ਦਾ ਇਲਾਜ ਨਹੀਂ ਹੈ। ਦਰਦ ਦਾ ਸਹੀ ਕਾਰਨ ਲੱਭ ਕੇ ਉਸਦਾ ਇਲਾਜ ਹੋਣਾ ਅਤੀ ਜ਼ਰੂਰੀ ਹੈ। ਜੇਕਰ ਦਰਦ ਰੀੜ੍ਹ ਦੀ ਹੱਡੀ ਦੀ ਨੁੱਕਰ ਵਧ ਕੇ ਗਰਦਨ ਜਾਂ ਸਰੀਰ ਦੇ ਹੇਠਲੇ ਹਿੱਸੇ 'ਤੇ ਦਬਾਅ ਕਾਰਨ ਹੋ ਰਹੀ ਹੋਵੇ ਤਾਂ ਹੁਣ ਅਮਰੀਕਨ ਸੀ. ਡੀ. ਡੀ. ਥੈਰੇਪੀ ਇਸ ਦਾ ਸਭ ਤੋਂ ਤਕਲੀਫ਼ ਰਹਿਤ ਇਲਾਜ ਹੈ ਤੇ ਮਰੀਜ਼ ਨੂੰ ਆਪ੍ਰੇਸ਼ਨ ਕਰਵਾਉਣ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਜੇਕਰ ਰੀੜ੍ਹ ਦੀ ਹੱਡੀ ਦੀ ਬਨਾਵਟ ਵਿਚ ਨੁਕਸ ਹੋਵੇ ਤਾਂ ਸ਼ੁਰੂ-ਸ਼ੁਰੂ ਵਿਚ ਸਮੇਂ ਸਿਰ ਹੀ ਇਸ ਦਾ ਇਲਾਜ ਹੋ ਜਾਣਾ ਚਾਹੀਦਾ ਹੈ ਤਾਂ ਹੀ ਚੰਗੇ ਨਤੀਜੇ ਮਿਲ ਸਕਦੇ ਹਨ। ਜੇਕਰ ਹੱਡੀਆਂ ਕਿਸੇ ਬਿਮਾਰੀ ਜਿਵੇਂ ਟੀ. ਬੀ., ਇਨਫ਼ੈਕਸ਼ਨ ਜਾਂ ਕੀੜਾ ਲੱਗਣ ਕਾਰਨ ਖਾਧੀਆਂ ਜਾ ਰਹੀਆਂ ਹੋਣ ਤਾਂ ਇਸ ਦੀ ਰੋਕਥਾਮ ਦਵਾਈਆਂ ਨਾਲ ਹੋ ਸਕਦੀ ਹੈ। ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਮੇਸ਼ਾ ਸਰੀਰ ਦੀ ਵਰਜਿਸ਼ ਤੇ ਸੰਤੁਲਿਤ ਖ਼ਰਾਕ ਲੈਣੀ ਚਾਹੀਦੀ ਹੈ ਤੇ ਭਾਰ ਨੂੰ ਕਾਬੂ ਹੇਠ ਰੱਖਣਾ ਚਾਹੀਦਾ ਹੈ।