ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਦੀ ਬਾਣੀ, ਸਪੋਕਸਮੈਨ ਦੇ ਲਿਫਾਫੇ ਤੇ ਉਨ੍ਹਾਂ ਵਿਚਲੇ ਸੌਦੇ


ਸਪੋਕਸਮੈਨ ਦੇ ਐਡੀਟਰ ਨੇ 20 ਜੁਲਾਈ, 2011 ਦਾ ਸੰਪਾਦਕੀ ਇਸ ਸਿਰਲੇਖ ਨਾਲ ਸੁਰੂ ਕੀਤਾ ਹੈ :
“ਦੁਨੀਆਂ ਦਾ ਅਗਲਾ ਵੱਡਾ ਇਨਕਲਾਬ ਪੰਜਾਬ ਤੋਂ ਸੁਰੂ ਹੋਣਾ ਹੈ ਤੇ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਲਿਫਾਫਿਆਂ ਵਲ ਨਹੀਂ, ਉਨ੍ਹਾਂ ਅੰਦਰਲੇ ਸੌਦੇ ਵਲ ਧਿਆਨ ਦੇਣਾ ਚਾਹੀਦਾ ਹੈ”
ਇਹ ਸੰਪਾਦਕੀ ਪੜ੍ਹ ਕੇ ਸਾਰਿਆਂ ਨਾਲੋਂ ਪਹਿਲਾ ਖਿਆਲ ਜੋ ਮੇਰੇ ਮਨ ਵਿਚ ਆਇਆ ਉਹ ਐਡੀਟਰ ਸਾਹਿਬ ਦੀ ਕਾਰੋਬਾਰੀ ਰੁਚੀ ਨਾਲ ਸਬੰਧਤ ਸੀ। ਕਿਸੇ ਨੇ ਭੁੱਖੇ ਨੂੰ ਪੁੱਛਿਆ ਸੀ 'ਦੋ ਜਮਾਂਹ ਦੋ ਕਿੰਨੇ ਹੁੰਦੇ ਹਨ' ਤਾਂ ਉਸਦਾ ਜਵਾਬ ਸੀ 'ਚਾਰ ਰੋਟੀਆਂ'। ਸੋ ਹਾਲ ਹੈ ਸਪੋਕਸਮੈਨ ਦਾ। ਸੌਦਿਆਂ ਅਤੇ ਲਿਫਾਫਿਆਂ ਦੀ ਗੱਲ ਆਮ ਤੌਰ 'ਤੇ ਕਾਰੋਬਾਰੀ ਲੋਕ ਹੀ ਕਰਿਆ ਕਰਦੇ ਹਨ ਜੋ ਗਾਹਕਾਂ ਨੂੰ ਸੌਦਾ ਖੂਬਸੂਰਤ ਲਿਫਾਫਿਆਂ ਵਿਚ ਪਾ ਕੇ ਦਿਆ ਕਰਦੇ ਹਨ ਅਤੇ ਅੱਜ ਕਲ ਉਪਭੋਗਤਾ ਫੋਰਮ ਵਿਉਪਾਰੀਆਂ ਦੀਆਂ ਹਰਕਤਾਂ ਨੂੰ ਮੁੱਖ ਰੱਖ ਕੇ ਉਪਭੋਗਤਾਵਾਂ ਨੂੰ ਵਾਰ ਵਾਰ ਇਸ ਗੱਲ ਦੀ ਚੇਤਾਵਨੀ ਦੇ ਰਿਹਾ ਹੈ ਕਿ ਕੇਵਲ ਲਿਫਾਫੇ ਦੀ ਖੂਬਸੂਰਤੀ ਵੱਲ ਹੀ ਨਾ ਵੇਖੋ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜੋ ਵਸਤੂ ਲਿਫਾਫੇ ਵਿਚ ਪਾ ਕੇ ਦਿੱਤੀ ਗਈ ਹੈ ਉਹ ਅਸਲੀ ਵੀ ਹੈ ਜਾਂ ਨਕਲੀ। ਅਖ਼ਬਾਰਾਂ ਦੇ ਪਾਠਕ ਵੀ ਉਪਭੋਗਤਾ ਹਨ। ਇਨ੍ਹਾਂ ਨੂੰ ਵੀ ਅਖ਼ਬਾਰਾਂ ਖਾਸ ਕਰ ਸਪੋਕਸਮੈਨ ਦੀ ਲਿਫਾਫੇਬਾਜ਼ੀ ਤੋਂ ਹੁਸ਼ਿਆਰ ਰਹਿਣਾ ਚਾਹੀਦਾ ਹੈ ਜਿਸ ਦੇ ਮੁੱਖ ਪੰਨੇ 'ਤੇ ਖੂਬਸੂਰਤ ਲਿਫਾਫਿਆਂ ਵਾਂਗ ਲਿਖਿਆ ਹੋਇਆ ਹੈ 'ਸਚੁ ਸੁਣਾਇਸੀ ਸਚ ਕੀ ਬੇਲਾ'। ਸਮਝਣ ਦੀ ਲੋੜ ਹੈ ਕਿ ਇਸ ਲਿਫਾਫੇ ਵਿਚ ਕਿੰਨਾ ਕੁ ਸਚ ਹੈ। ਅਖ਼ਬਾਰ ਵੀ ਲਿਫਾਫਿਆਂ ਵਰਗੇ ਹੁੰਦੇ ਹਨ ਜਿਹੜੇ ਗੱਲ ਕੁਝ ਹੁੰਦੀ ਹੈ ਪਰ ਉਸਨੂੰ ਆਪਣੀ ਪਾਲਸੀ ਅਨੁਸਾਰ ਹੀ ਪਾਠਕਾਂ ਅੱਗੇ ਰੱਖਦੇ ਹਨ। ਸੱਚ ਕਹਿਣ ਲਈ ਗੁਰੂ ਨਾਨਕ ਸਾਹਿਬ ਦੇ ਨਿਡਰਤਾ ਭਰੇ ਇਸ ਸ਼ਬਦ ਨੂੰ ਵਰਤ ਕੇ ਇਸ ਅਖ਼ਬਾਰ ਨੇ ਜੋ ਇਕ ਲਿਫਾਫਾ ਹੀ ਹੈ ਸਿੱਖਾਂ ਨੂੰ ਭੰਬਲਭੂਸਿਆਂ ਵਿਚ ਪਾਉਣ ਲਈ ਜੋ ਗਾਹੇ ਬਗਾਹੇ ਗੱਲਾਂ ਲਿਖੀਆਂ ਅਤੇ ਕੀਤੀਆਂ ਉਨ੍ਹਾਂ ਦਾ ਵੇਰਵਾ ਮੈਂ ਆਪਣੇ ਪਿਛਲੇ ਕਈ ਲੇਖਾਂ ਵਿਚ ਦੇ ਚੁੱਕਿਆ ਹਾਂ। 20 ਜੁਲਾਈ ਦਾ ਸੰਪਾਦਕੀ ਵੀ ਐਡੀਟਰ ਸਾਹਿਬ ਦੀ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੀ ਚਾਲ ਦੀ ਇਕ ਬਦਸੂਰਤ ਲੜੀ ਹੈ।
ਮਨੁੱਖੀ ਸੋਝੀ ਦੇ ਸਮੇਂ ਤੋਂ ਹਰ ਰਹਿਬਰ ਨੇ ਆਪਣੇ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਧਰਮ ਦੇ ਅਸੂਲ ਘੜੇ ਜਿਹੜੇ ਬਾਅਦ ਦੀਆਂ ਪ੍ਰਸਥਿਤੀਆਂ ਅਨੁਸਾਰ ਬਦਲਦੇ ਵੀ ਰਹੇ। ਮਿਸਾਲ ਦੇ ਤੌਰ 'ਤੇ ਇਸਲਾਮ ਵਿਚ ਮਰਦਾਂ ਨਾਲੋਂ ਇਸਤਰੀ ਜਾਤੀ ਦੀ ਸੰਖਿਆ ਅਰਬ ਦੇਸ਼ ਵਿਚ ਵਧ ਹੋਣ ਕਾਰਨ ਚਾਰ ਵਿਆਹ ਕਰਾਉਣ ਦੀ ਆਗਿਆ ਦਿੱਤੀ ਗਈ ਸੀ ਜਿਸਨੂੰ ਅੱਜ ਉਨ੍ਹਾਂ ਦੇ ਪੈਰੋਕਾਰ ਹੀ ਚੁਣੌਤੀ ਦੇ ਰਹੇ ਹਨ। ਸਮਲਿੰਗੀ ਵਿਆਹ ਨੂੰ ਕਿਸੇ ਵੀ ਧਰਮ ਨੇ ਮਾਨਤਾ ਨਹੀਂ ਦਿੱਤੀ ਪਰ ਅੱਜ ਇਸਦੀ ਮਾਨਤਾ ਦੇ ਵਿਰਲੇ ਵਿਰਲੇ ਹਾਮੀ ਹਰ ਧਰਮ ਵਿਚੋਂ ਉਠ ਖੜ੍ਹੇ ਹੋਏ ਹਨ। ਹਿੰਦੂ ਸਮਾਜ ਵਿਚ ਪੈਰ ਦੀ ਜੁੱਤੀ ਸਮਝੀ ਜਾਂਦੀ ਇਸਤਰੀ ਨੂੰ ਗੁਰੁ ਨਾਨਕ ਦੇਵ ਜੀ ਨੇ 'ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ£' (473) ਕਹਿ ਕੇ ਸਨਮਾਨ ਦਿੱਤਾ ਜਿਸ ਕਾਰਨ ਅੱਜ ਇਸਤਰੀ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਮੈਦਾਨ ਵਿਚ ਕੰਮ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜੋ ਧਰਮ ਲੋਕਾਂ ਅੱਗੇ ਰੱਖਿਆ ਉਹ ਏਨਾ ਬਲਵਾਨ ਅਤੇ ਮਨੁੱਖੀ ਲੋੜਾਂ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਕਈ ਸਦੀਆਂ ਤੱਕ ਇਸ ਵਿਚ ਕਿਸੇ ਸੋਧ ਦੀ ਲੋੜ ਪੈਂਦੀ ਨਜ਼ਰ ਨਹੀਂ ਆਉਂਦੀ। ਸਰਦਾਰ ਜੁਗਿੰਦਰ ਸਿੰਘ ਅਤੇ ਇਨ੍ਹਾਂ ਵਰਗੇ ਕਈ ਹੋਰ ਸੱਜਣ ਸਧਾਰਨ ਲੋਕਾਂ ਨੂੰ ਬੇਸ਼ੱਕ ਖੂਬਸੂਰਤ ਲਿਫਾਫਿਆਂ ਵਿਚ ਨਕਲੀ ਚੀਜ਼ਾਂ ਅਤੇ ਬੇਤੁਕੀਆਂ ਦਲੀਲਾਂ ਭਰੇ ਲੇਖ ਦੇ ਕੇ ਤਬਦੀਲੀ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਰਦੇ ਆਏ ਹਨ।
ਸਿੱਖ ਧਰਮ ਵਿਚ ਮਨੁੱਖ ਦੀ ਅੱਜ ਦੀ ਸੁਲਝੀ ਹੋਈ ਸੋਝੀ ਅਨੁਸਾਰ ਕੋਈ ਵੀ ਅਜਿਹੀ ਗੱਲ ਨਹੀਂ ਜਿਸ ਉਤੇ ਮਨੁੱਖਤਾ ਦੇ ਹਾਮੀ ਨੂੰ ਚਾਹੇ ਉਹ ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਹੈ ਕੋਈ ਇਤਰਾਜ ਹੋਵੇ। ਇਹ ਸਾਰੀ ਮਨੁੱਖਤਾ ਦਾ ਧਰਮ ਹੈ। ਐਡੀਟਰ ਸਾਹਿਬ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ 'ਮੈਂ ਧਰਮ ਨਹੀਂ ਦੇ ਰਿਹਾ, ਧਰਮ ਤੋਂ ਉਪਰ ਵਾਲੀ ਇਕ ਚੀਜ਼ ਦੇ ਰਿਹਾ ਹਾਂ।' ਜੇ ਉਨ੍ਹਾਂ ਨੇ ਧਰਮ ਦੀ ਗੱਲ ਨਹੀਂ ਸੀ ਕੀਤੀ ਤਾਂ ਉਨ੍ਹਾਂ ਨੇ ਆਪਣੇ ਵਿਚਾਰ ਲੋਕਾਂ ਅੱਗੇ ਰੱਖਣ ਲਈ ਧਰਮਸਾਲਾਵਾਂ ਦਾ ਪ੍ਰਯੋਗ ਕਿਉਂ ਕੀਤਾ ਅਤੇ ਭਾਈ ਗੁਰਦਾਸ ਜੀ ਨੇ 'ਘਰਿ ਘਰਿ ਅੰਦਰਿ ਧਰਸਾਲ ਹੋਵੈ ਕੀਰਤਨ ਸਦਾ ਵਸੋਆ।' ਕਿਉਂ ਲਿਖਿਆ? ਗੁਰੁ ਨਾਨਕ ਸਾਹਿਬ ਨੇ ਸਚ ਯਾਨੀ ਪ੍ਰਮਾਤਮਾ ਦੇ ਨਾਮ ਨੂੰ ਹੀ ਅੰਮ੍ਰਿਤ ਅਤੇ ਮਨੁੱਖੀ ਜ਼ਿੰਦਗੀ ਦਾ ਧੁਰਾ ਮੰਨਿਆ ਪਰ ਨਾਲ ਇਹ ਵੀ ਕਿਹਾ ਕਿ 'ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ£' (62) ਉਨ੍ਹਾਂ ਲਈ ਸਚ ਅਤੇ ਸੁਚਾ ਜੀਵਨ ਹੀ ਧਰਮ ਹੈ ਜਿਸਦੀ ਪ੍ਰੋੜ੍ਹਤਾ ਵਿਚ ਆਪ ਫੁਰਮਾਉਂਦੇ ਹਨ 'ਏਕੋ ਧਰਮ ਦ੍ਰਿੜੈ ਸਚੁ ਕੋਈ£ ਗੁਰਮਤਿ ਪੂਰਾ ਜੁਗਿ ਜੁਗਿ ਸੋਈ£' (1188)  ਉਪ੍ਰੋਕਤ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਗੁਰੁ ਸਾਹਿਬ ਵਲੋਂ ਇਹ ਕਿਹਾ ਜਾਣਾ ਕਿ ਮੈਂ “ਧਰਮ ਨਹੀਂ ਦੇ ਰਿਹਾ” ਸਰਾਸਰ ਗਲਤ ਬਿਆਨੀ ਹੈ ਪਰ ਐਡੀਟਰ ਸਾਹਿਬ ਦੀ ਪਾਲਸੀ ਅਨੁਸਾਰ ਐਸਾ ਕਹਿਣਾ ਉਨ੍ਹਾਂ ਦੀ ਮਜ਼ਬੂਰੀ ਹੈ। ਉਨ੍ਹਾਂ ਨੇ ਗੁਰੁ ਸਾਹਿਬ ਬਾਬਤ ਜੋ ਅੱਗੇ ਲਿਖਿਆ ਹੈ ਕਿ 'ਮੈਂ ਧਰਮ ਤੋਂ ਉਪਰ ਵਾਲੀ ਇਕ ਚੀਜ਼ ਦੇ ਰਿਹਾ ਹਾਂ।' ਇਹ ਠੀਕ ਹੈ ਪਰ ਐਡੀਟਰ ਸਾਹਿਬ ਨੂੰ ਪਤਾ ਨਹੀਂ ਕਿ ਉਹ ਜੋ ਦੇ ਰਹੇ ਸਨ ਉਸਦਾ ਆਧਾਰ ਧਰਮ ਹੀ ਹੈ ਜਿਸ ਦੀਆਂ ਕੇਵਲ ਗੱਲਾਂ ਹੀ ਨਹੀਂ ਕਰਨੀਆਂ ਉਸ ਅਨੁਸਾਰ ਆਪਣੀ ਰਹਿਣੀ ਬਹਿਣੀ ਵੀ ਢਾਲਣੀ ਹੈ। ਇਸ ਬਾਬਤ ਉਨ੍ਹਾਂ ਲਿਖਿਆ ਹੈ 'ਮਨਹਠ ਬੁਧੀ ਕੇਤੀਆ, ਕੇਤੇ ਬੇਦ ਬੀਚਾਰ£ ਕੇਤੇ ਬੰਧਨ ਜੀਅ ਕੇ, ਗੁਰਮੁਖਿ ਮੋਖ ਦੁਆਰ£ ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ£' (62)  ਗੁਰੁ ਸਾਹਿਬ ਦੀ ਧਰਮ ਤੋਂ ਉਪਰ ਦੀ ਗੱਲ ਦਾ ਹਵਾਲਾ ਐਡੀਟਰ ਸਾਹਿਬ ਨੇ ਗਲਤ ਤਰੀਕੇ ਨਾਲ ਦੇ ਕੇ ਆਪਣੀ ਪਾਲਸੀ ਅਨੁਸਾਰ ਗੁਰੂ ਸਾਹਿਬ ਦੇ ਕਥਨ ਨੂੰ ਤੋੜਿਆ ਮੋੜਿਆ ਹੈ। ਉਹ ਹੋਰ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੇ ਗੁਰੂਆਂ ਅਤੇ ਸਿੱਖ ਇਤਿਹਾਸ ਬਾਬਤ ਜੋ ਗਲਤ ਬਿਆਨੀਆਂ ਕੀਤੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਹੇਠ ਲਿਖੇ ਕਥਨਾਂ ਅਨੁਸਾਰ ਜੀਵਨ ਜੀਉ ਕੇ ਵੇਖਿਆ ਹੀ ਨਹੀਂ ਜਿਸ ਕਾਰਨ ਵਿਉਪਾਰਿਕ ਰੁਚੀ ਰਖਦਿਆਂ ਇਨ੍ਹਾਂ ਦੇ ਰਿਦੈ ਵਿਚ ਸੱਚ ਨੇ ਵਾਸਾ ਨਹੀਂ ਕੀਤਾ ਲਗਦਾ; ਸੱਚ ਨਾਲ ਇਨ੍ਹਾਂ ਦਾ ਪਿਆਰ ਨਹੀਂ ਬਣਿਆ; ਸੱਚ ਨਾਲ ਜੀਉਣ ਦੀ ਇਹ ਜੁਗਤ ਨਹੀਂ ਜਾਣ ਸਕੇ; ਇਨ੍ਹਾਂ ਨੇ ਸਾਇਦ ਚੰਗੀ ਸਿੱਖਿਆ ਵੀ ਨਹੀਂ ਲਈ ਅਤੇ ਕਾਰੋਬਾਰ ਦੇ ਲਾਲਚ ਕਾਰਨ ਆਪਣੇ ਅੰਦਰ ਸੱਚ ਦਾ ਨਿਵਾਸ ਨਹੀਂ ਹੋਣ ਦਿੱਤਾ।                                      
'ਸਚੁ ਤਾ ਪਰੁ ਜਾਣੀਐ, ਜਾ ਰਿਦੈ ਸਚਾ ਹੋਇ£'
'ਸਚੁ ਤਾ ਪਰੁ ਜਾਣੀਐ, ਜਾ ਸਚੁ ਧਰੇ ਪਿਆਰੁ£'
'ਸਚੁ ਤਾ ਪਰੁ ਜਾਣੀਐ, ਜਾ ਜੁਗਤਿ ਜਾਣੈ ਜੀਉ£'
'ਸਚੁ ਤਾ ਪਰੁ ਜਾਣੀਐ, ਜਾ ਸਿਖ ਸਚੀ ਲੇਇ£'  
'ਸਚੁ ਤਾ ਪਰੁ ਜਾਣੀਐ, ਜਾ ਆਤਮ ਤੀਰਥਿ ਕਰੇ ਨਿਵਾਸ£' (468)
ਜਿਨ੍ਹਾਂ ਨੇ ਸੱਚ ਨੂੰ ਸਮਝ ਕੇ ਇਸਦੀ ਦੀ ਓਟ ਲੈ ਲਈ ਹੈ ਉਹ ਆਪਣੇ ਜੀਵਨ ਅਤੇ ਖਿਆਲਾਂ ਦੀ ਪਰਖ ਵਾਸਤੇ ਸਦਾ ਥਿਰ ਰਹਿਣ ਵਾਲੇ ਨਾਮ ਨੂੰ ਹੀ ਕਸਵਟੀ ਦੇ ਤੌਰ 'ਤੇ ਵਰਤਦੇ ਹਨ ਜਿਵੇਂ ਫੁਰਮਾਨ ਹੈ :-  
'ਜਿਨ ਸਚੁ ਪਲੈ ਸਚੁ ਵਖਾਣਹਿ, ਸਚੁ ਕਸਵਟੀ ਲਾਵਣਿਆ£' (112)
ਐਡੀਟਰ ਸਾਹਿਬ ਮੁਲਤਾਨ ਦੇ ਪੀਰਾਂ ਦੀ ਬਾਬੇ ਅੱਗੇ ਦੁੱਧ ਦਾ ਭਰਿਆ ਕਟੋਰਾ ਰੱਖਣ ਦੀ ਆਪਣੇ ਗਲਤ ਅੰਦਾਜ਼ ਵਿਚ ਗੱਲ ਕਰਦੇ ਅੱਗੇ ਲਿਖਦੇ ਹਨ “ਬਾਬੇ ਨਾਨਕ ਦੇ ਉੱਤਰ ਵਿਚ ਜਿਹੜੀ ਦੂਜੀ ਗੱਲ ਲੁਪਤ ਸੀ, ਉਹ ਇਹ ਸੀ ਕਿ ਧਰਮ ਤਾਂ ਪੁਰਾਣੇ ਪੈ ਜਾਂਦੇ ਹਨ ਤੇ ਦੁੱਧ ਵਾਂਗ ਖੱਟੇ ਵੀ ਹੋ ਜਾਂਦੇ ਹਨ ਤੇ ਬਦਬੂ ਵੀ ਮਾਰਨ ਲੱਗ ਪੈਂਦੇ ਹਨ” ਐਡੀਟਰ ਸਾਹਿਬ ਇਹ ਲਿਖ ਕੇ ਇਸ ਗੱਲ ਦਾ ਸਬੂਤ ਦੇ ਰਹੇ ਹਨ ਕਿ ਉਨ੍ਹਾਂ ਨੂੰ ਗੁਰੁ ਨਾਨਕ ਸਾਹਿਬ ਦੀ ਬਾਣੀ ਦਾ ਪਤਾ ਹੀ ਨਹੀਂ ਜਿਸ ਵਿਚ ਉਨ੍ਹਾਂ ਦਾ ਫੁਰਮਾਨ ਹੈ 'ਸਚੁ ਪੁਰਾਣਾ ਨਾ ਥੀਐ, ਨਾਮ ਨਾ ਮੈਲਾ ਹੋਇ£' (1248) 'ਸਚੁ ਪੁਰਾਣਾ ਹੋਵੈ ਨਾਹੀ, ਸੀਤਾ ਕਦੇ ਨ ਪਾਟੇ£' (955) ਜਿਹੜੇ ਮਨੁੱਖ ਨਾਮ ਨਾਲ ਗੰਢੇ ਜਾਂਦੇ ਹਨ ਅਤੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਹਨ ਉਹ ਐਡੀਟਰ ਸਾਹਿਬ ਵਾਂਗ ਇਸ ਤਰ੍ਹਾਂ ਦੀਆਂ ਅਲਲ ਬਲਲੀਆਂ ਨਹੀਂ ਮਾਰਦੇ। ਧਰਮ ਪੁਰਾਣਾ ਹੋਣ ਦੀ ਗੱਲ ਤਾਂ ਕੀ ਕਰਨੀ ਹੈ ਗੁਰੂ ਸਾਹਿਬ ਤਾਂ ਦਗ ਦਗ ਕਰਦੀਆਂ ਅੱਖਾਂ ਨਾਲ ਸਾਹਿਬ ਨੂੰ ਹਮੇਸ਼ਾ ਨਿੱਤ ਨਵਾਂ ਵੇਖ ਰਹੇ ਹਨ ਜਿਸਦਾ ਜ਼ਿਕਰ ਉਹ ਇਸ ਤਰ੍ਹਾਂ ਕਰਦੇ ਹਨ 'ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ£ (660)
ਆਪਣੇ ਸੰਪਾਦਕੀ ਵਿਚ ਇਕ ਥਾਂ ਉਹ ਲਿਖਦੇ ਹਨ “ਇਸਨੂੰ ਆਪਣੀ ਬਦਕਿਸਮਤੀ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਅਸੀਂ ਬਾਬੇ ਨਾਨਕ ਦੀ ਅਸਲੀ ਹੱਥ-ਲਿਖਤ ਨੂੰ ਵੀ ਆਪਣੇ ਕੋਲ ਸੰਭਾਲ ਕੇ ਨਹੀਂ ਰੱਖ ਸਕੇ।” ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਹੱਥ-ਲਿਖਤ ਦੀ ਗੱਲ ਕਰ ਰਹੇ ਹਨ। ਸਿੱਖ ਜਗਤ ਦਾ ਸਿਆਣਾ ਵਰਗ ਇਸ ਗੱਲ ਦਾ ਕਾਇਲ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਉਤਰਅਧਿਕਾਰੀ ਤਿੰਨ ਗੁਰੂਆਂ ਦੀਆਂ ਹੱਥ-ਲਿਖਤ ਪੋਥੀਆਂ ਬਾਬਾ ਮੋਹਨ ਜੀ ਅਤੇ ਹੋਰਨਾਂ ਪਾਸੋਂ ਕਿਵੇਂ ਇਕੱਠੀਆਂ ਕੀਤੀਆਂ ਅਤੇ ਸੰਪਾਦਨਾ ਕਰਦਿਆਂ ਉਨ੍ਹਾਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਸ ਵਿਚ ਹੋਰਨਾਂ ਧਰਮਾਂ ਦੇ ਗ੍ਰੰਥਾਂ ਵਾਂਗ ਕੋਈ ਤਬਦੀਲੀ ਜਾਂ ਗੁਰਮਤਿ ਤੋਂ ਉਲਟ ਗੱਲ ਦਰਜ ਨਾ ਕੀਤੀ ਜਾ ਸਕੇ। ਮੇਰਾ ਖਿਆਲ ਹੈ ਕਿ ਐਡੀਟਰ ਸਾਹਿਬ ਵਰਗੇ ਜਿਹੜੇ ਭਦਰਪੁਰਸ਼ ਬਾਬੇ ਦੀ ਕਥਿਤ ਗੁਆਚੀ ਬਾਣੀ ਲੱਭਣ ਦੀਆਂ ਗੱਲਾਂ ਕਰ ਰਹੇ ਹਨ ਉਹ ਮੌਜੂਦਾ ਗੁਰੁ ਗ੍ਰੰਥ ਸਾਹਿਬ ਵਿਚ ਕਿਸੇ ਦੀ ਸ਼ਹਿ ਨਾਲ ਕਿਸੇ ਕਿਸਮ ਦੀ ਤਬਦੀਲੀ ਕਰਨ ਤੋਂ ਅਸਮਰੱਥ ਹੁੰਦੇ ਹੋਏ ਅਜਿਹੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਬਾਬਾ ਜੀ ਦੀ ਅਸਲ ਬਾਣੀ ਲੱਭਣ ਲਈ ਕੋਈ ਚਾਰ ਕਰੋੜ ਰੁਪਏ ਦੀ ਲੋੜ ਹੈ। ਇਥੇ ਫਿਰ ਉਹ ਆਪਣੇ ਕਾਰੋਬਾਰੀ ਹੋਣ ਦਾ ਸਬੂਤ ਦਿੰਦੇ ਹਨ। ਅੱਜ ਤੱਕ ਉਨ੍ਹਾਂ ਨੇ ਕਿਸੇ ਐਸੇ ਵਿਦਵਾਨ ਦੀ ਗੱਲ ਨਹੀਂ ਕੀਤੀ ਜਿਸ ਤੋਂ ਉਹ ਬਾਬੇ ਦੀ ਗੁਆਚੀ ਹੋਈ ਬਾਣੀ ਦੀ ਖੋਜ ਕਰਵਾਉਣਗੇ। ਮੈਨੂੰ ਤਾਂ ਏਉਂ ਲੱਗਦਾ ਹੈ ਕਿ ਜਿਸ ਏਜੰਸੀ ਦੇ ਬਲ ਬੂਤੇ 'ਤੇ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ ਉਸ ਨੇ ਸਰਦਾਰ ਜੁਗਿੰਦਰ ਸਿੰਘ ਦੇ 'ਬਾਬੇ ਨਾਨਕ' ਦੀ ਬਾਣੀ ਤਾਂ ਪਹਿਲਾਂ ਹੀ ਤਿਆਰ ਕਰ ਰੱਖੀ ਹੈ ਜਦੋਂ ਚਾਰ ਕਰੋੜ ਇਕੱਠੇ ਕਰ ਲਏ ਤਾਂ ਭੰਬਲਭੂਸੇ ਪਾਉਣ ਲਈ ਉਹ ਲੋਕਾਂ ਅੱਗੇ ਰੱਖ ਦਿੱਤੀ ਜਾਵੇਗੀ ਤਾਂ ਕਿ ਸਿੱਖ ਜਗਤ ਵਿਚ ਹੋਰ ਵਿਵਾਦ ਖੜ੍ਹੇ ਕੀਤੇ ਜਾ ਸਕਣ।
ਐਡੀਟਰ ਸਾਹਿਬ ਲਿਖਦੇ ਹਨ ਕਿ “(ਗੁਰੂ ਗ੍ਰੰਥ ਸਾਹਿਬ) ਦੇ ਕਾਤਬਾਂ ਨੇ, ਉਸਦੇ (ਗੁਰੂ ਨਾਨਕ ਦੀ ਬਾਣੀ ਦੇ) ਉਤਾਰੇ ਕਰਨ ਸਮੇਂ ਬੜਾ ਆਪਹੁਦਰਾਪਨ ਕੀਤਾ ਹੈ।” ਸਿੱਖ ਜਗਤ ਜਾਣਦਾ ਹੈ ਕਿ ਗੁਰੂ ਅਰਜਨ ਸਾਹਿਬ ਵੇਲੇ ਕਾਤਬ ਭਾਈ ਗੁਰਦਾਸ ਜੀ ਸਨ ਅਤੇ ਗੁਰੁ ਗੋਬਿੰਦ ਸਿੰਘ ਜੀ ਵੇਲੇ ਭਾਈ ਮਨੀ ਸਿੰਘ ਜੀ। ਸਿੱਖਾਂ ਵਿਚ ਬੜੇ ਸਤਿਕਾਰ ਨਾਲ ਜਾਣੀ ਜਾਂਦੀਆਂ ਇਨ੍ਹਾਂ ਹਸਤੀਆਂ ਉਪਰ ਐਡੀਟਰ ਸਾਹਿਬ ਆਪਹੁਦਰਾਪਨ ਕਰਨ ਦਾ ਘਟੀਆ ਕਿਸਮ ਦਾ ਇਲਜਾਮ ਲਾ ਰਹੇ ਹਨ ਜਿਸ ਦਾ ਨੋਟਿਸ ਲੈਣਾ ਸਿੱਖਾਂ ਦਾ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਦਾਨ ਦੇਣ ਵਾਲਿਆਂ ਦਾ ਇਹ ਵੇਖਣਾ ਫਰਜ਼ ਬਣਦਾ ਹੈ ਕਿ ਕੀ ਉਹ ਦਾਨ ਦੇ ਕੇ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਤਾਂ ਨਹੀਂ ਮਾਰ ਰਹੇ। ਮੇਰੇ ਪਿਛਲੇ ਕੁਝ ਲੇਖ ਇਸ ਗੱਲ ਦੇ ਗਵਾਹ ਹਨ ਕਿ ਐਡੀਟਰ ਸਾਹਿਬ ਨੂੰ ਆਪ ਨਾ ਸਹੀ ਸ਼ਬਦ ਲਿਖਣੇ ਆਉਂਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਅਰਥਾਂ ਦੀ ਇਨ੍ਹਾਂ ਨੂੰ ਸੋਝੀ ਹੈ। ਪਤਾ ਨਹੀਂ ਕੌਣ ਉਨ੍ਹਾਂ ਨੂੰ ਗਲਤ ਸ਼ਬਦ ਲਿਖ ਕੇ ਦੇ ਦਿੰਦਾ ਹੈ। ਉਹ ਆਪਣੀ ਬੇਸਮਝੀ ਦਾ ਗੁੱਸਾ ਕਾਤਬਾਂ ਉਤੇ ਕੱਢ ਰਹੇ ਹਨ।
ਅੱਗੇ ਐਡੀਟਰ ਸਾਹਿਬ ਲਿਖਦੇ ਹਨ ਕਿ “ਕਿ ਭਾਈ ਕਾਹਨ ਸਿੰਘ ਨੇ ਇਕ ਸਦੀ ਪਹਿਲਾਂ ਲਿਖਿਆ ਕਿ ਉਹ ਬੁਰਛਾਗਰਦਾਂ ਤੋਂ ਡਰਦੇ ਉਹ ਸਾਰਾ ਸੱਚ ਪ੍ਰਕਾਸ਼ਿਤ ਨਹੀਂ ਕਰ ਰਹੇ ਜੋ ਗੁਰਬਾਣੀ ਨਾਲ ਕੀਤੇ ਗਏ ਛੇੜਛਾੜ ਦੇ ਰੂਪ ਵਿਚ ਉਨ੍ਹਾਂ ਨੂੰ ਲੱਭਿਆ ਸੀ।” ਐਡੀਟਰ ਸਾਹਿਬ ਨੇ ਇਹ ਲਿਖਣ ਦਾ ਹੱਕ ਕਿਥੋਂ ਲੈ ਲਿਆ ਕਿ ਭਾਈ ਕਾਹਨ ਸਿੰਘ ਦਾ ਇਸਾਰਾ ਗੁਰੁ ਅਰਜਨ ਦੇਵ ਜੀ ਅਤੇ ਗੁਰੁ ਗੋਬਿੰਦ ਸਿੰਘ ਵਲੋਂ ਲਿਖਵਾਈਆਂ ਬੀੜਾਂ ਦੇ ਕਾਤਬਾਂ ਯਾਨੀ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵੱਲ ਹੈ। ਭਾਈ ਸਾਹਿਬ ਦਾ ਕਾਲ 1861 ਤੋਂ 1938 ਹੈ ਜਿਸ ਵਿਚ ਬਹੁਤ ਸਾਰਾ ਮਨਮਤੀ ਲਿਟਰੇਚਰ ਹੋਂਦ ਵਿਚ ਆ ਗਿਆ ਸੀ ਅਤੇ ਐਡੀਟਰ ਸਾਹਿਬ ਵਰਗੇ ਕਈਆਂ ਨੇ ਸਿੱਖ ਲਿਖਤਾਂ ਨਾਲ ਛੇੜਛਾੜ ਕਰਨ ਦੀ ਜਾਂ ਅਜਿਹੇ ਬੰਦਿਆਂ ਦੀ ਹਮਾਇਤ ਕਰਨ ਦੀ ਹਿਮਾਕਤ ਜ਼ਰੂਰ ਕੀਤੀ ਹੈ। ਭਾਈ ਸਾਹਿਬ ਦਾ ਇਸਾਰਾ ਅਜਿਹੇ ਲੋਕਾਂ ਵੱਲ ਹੀ ਹੋ ਸਕਦਾ ਹੈ। ਬਾਕੀ ਭਾਈ ਕਾਹਨ ਸਿੰਘ ਦੇ ਮੂੰਹ ਵਿਚ ਇਹ ਸ਼ਬਦ ਪਾਉਣੇ ਕਿ ਉਹ ਬੁਰਛਾਗਰਦੀ ਤੋਂ ਡਰਦੇ ਇਨ੍ਹਾਂ ਕਾਤਬਾਂ ਬਾਰੇ ਕੁਝ ਕਹਿ ਨਹੀਂ ਸਕੇ ਮੈਂ ਸਮਝਦਾ ਹਾਂ ਕਿ ਠੀਕ ਨਹੀਂ ਕਿਉਂਕਿ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਜੀ ਵਰਗੇ ਕਾਤਬ ਬੁਰਛਾਗਰਦੀ ਕਰਨ ਵਾਲੇ ਨਹੀਂ ਸਨ ਦੂਜੇ ਭਾਈ ਕਾਹਨ ਸਿੰਘ ਵਰਗਾ ਖੋਜੀ ਵਿਦਵਾਨ ਮੂਲ ਮੰਤਰ ਦੇ ਸਬਦਾਂ 'ਨਿਰਭਉ ਅਤੇ ਨਿਰਵੈਰੁ' ਦੀ ਵਿਆਖਿਆ ਕਰਨ ਵਾਲਾ ਸੱਚੀ ਗੱਲ ਕਹਿਣ ਲੱਗਿਆਂ ਕਿਸੇ ਕਿਸਮ ਦੀ ਬੁਰਛਾਗਰਦੀ ਤੋਂ ਨਹੀਂ ਡਰ ਸਕਦਾ।
ਜਿਥੋਂ ਤੱਕ ਕਰਤਾਰਪੁਰੀ ਬੀੜ ਦਾ ਸਬੰਧ ਹੈ ਮੈਨੂੰ ਇਸਦੇ ਇਤਿਹਾਸ ਦੀ ਬਹੁਤੀ ਜਾਣਕਾਰੀ ਨਹੀਂ। ਇਸ ਲਈ ਮੈਂ ਪਿੰ੍ਰਸੀਪਲ ਭਾਈ ਜੋਧ ਸਿੰਘ ਹੋਰਾਂ ਦੇ ਜੀਵਨ ਨੂੰ ਕੁਝ ਹੱਦ ਤੱਕ ਜਾਤੀ ਤੌਰ 'ਤੇ ਜਾਣਦਾ ਹੋਇਆ ਵੀ ਉਨ੍ਹਾਂ ਦੇ ਇਸ ਬੀੜ ਸਬੰਧੀ ਵਿਚਾਰਾਂ ਬਾਬਤ ਕੁਝ ਨਹੀਂ ਕਹਿਣਾ ਚਾਹੁੰਦਾ। ਇਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਕਰਤਾਰਪੁਰੀ ਬੀੜ ਜੇ ਉਸ ਬੀੜ ਨਾਲੋਂ ਵਖਰੀ ਹੈ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੀਂ ਪਾਤਸਾਹੀ ਦੀ ਬਾਣੀ ਦਰਜ ਕਰ ਕੇ ਗੁਰਗਦੀ ਦਾ ਦਰਜਾ ਦਿੱਤਾ ਤਾਂ ਉਸਨੂੰ ਸਹੀ ਨਹੀਂ ਮੰਨਣਾ ਚਾਹੀਦਾ।      ਐਡੀਟਰ ਸਾਹਿਬ ਇਸੇ ਸੰਪਾਦਕੀ ਵਿਚ ਲਿਖਦੇ ਹਨ “ਬਾਬੇ ਨਾਨਕ ਨੇ ਲਿਫਾਫਾ ਨਹੀਂ ਸੀ ਦਿੱਤਾ, ਉਸ ਵਿਚ ਰੱਖ ਕੇ ਬਹੁਤ ਸਾਰਾ ਕੀਮਤੀ ਸੌਦਾ ਸਾਨੂੰ ਦਿੱਤਾ ਸੀ। ਪਰ ਬਾਬੇ ਨਾਨਕ ਦੇ ਸਿੱਖ ਅੱਜ ਵੀ ਲਿਫਾਫਿਆਂ ਤੱਕ ਹੀ ਅਟਕੇ ਹੋਏ ਹਨ ਤੇ ਲਿਫਾਫੇ ਦੇ ਅੰਦਰ ਝਾਕ ਕੇ ਵੀ ਨਹੀਂ ਵੇਖਦੇ ਕਿ ਅੰਦਰ ਦਾ ਸੌਦਾ ਕੀ ਹੈ। ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ।” ਐਡੀਟਰ ਦੇ ਸ਼ਬਦ ਲਿਫਾਫੇ ਦੀ ਵਰਤੋਂ ਅਤੇ ਸੁਨਹਿਰੀ ਬੀੜ ਦੇ ਜ਼ਿਕਰ ਨਾਲ ਉਨ੍ਹਾਂ ਦਾ ਲਿਫਾਫੇ ਤੋਂ ਮਤਲਬ ਗੁਰੁ ਗ੍ਰੰਥ ਸਾਹਿਬ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਲਿਫਾਫਾ ਦੱਸਣਾ ਕੋਈ ਛੋਟੀ ਮੋਟੀ ਹਿਮਾਕਤ ਨਹੀਂ, ਇਹ ਸਿੱਖ ਧਰਮ 'ਤੇ ਜਿਸ ਦਾ ਆਧਾਰ ਗੁਰੂ ਨਾਨਕ ਸਮੇਤ ਬਾਕੀ ਗੁਰੂਆਂ ਦੀ ਬਾਣੀ ਤੇ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਸ ਉਪਰ ਇਕ ਨਹਾਇਤ ਹੀ ਸਰਮਨਾਕ ਅਤੇ ਕੋਝਾ ਹਮਲਾ ਹੈ। ਮੈਂ ਆਪਣੇ ਪਿਛਲੇ ਲੇਖ ਵਿਚ ਇਸ ਐਡੀਟਰ ਦੇ ਮਗਰ ਕਿਸੇ ਏਜੰਸੀ ਦੇ ਹੋਣ ਦਾ ਜ਼ਿਕਰ ਕੀਤਾ ਸੀ ਜਿਸਦੀ ਸ਼ਹਿ ਨਾਲ ਇਹ ਸਿੱਖ ਕੌਮ ਨੂੰ ਟਿਚ ਕਰ ਕੇ ਸਮਝਣ ਲਗ ਪਿਆ ਹੈ। ਪਿਛਲੇ 5 ਸਾਲਾਂ ਵਿਚ ਪੁਲਾਂ ਹੇਠਦੀ ਬਹੁਤ ਪਾਣੀ ਲੰਘ ਚੁੱਕਾ ਹੈ ਜਿਸਨੂੰ ਵੇਖ ਕੇ ਮੈਂ ਕਹਿਣਾ ਚਾਹੁੰਦਾ ਹਾਂ 'ਉਠੋ ਵਰਨਾ ਹਸਰ ਨਾ ਹੋਗਾ ਫਿਰ ਕਭੀ ਦੌੜੋ ਜਮਾਨਾ ਚਾਲ ਕਿਆਮਤ ਕੀ ਚਲ ਗਿਆ। ਪੈਸੇ ਦੁੱਗਣੇ ਕਰਾਉਣ ਵਾਲੇ ਅਤੇ ਦਾਨੀ ਸੱਜਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਲਾਲਚ ਵਸ ਜਾਂ ਦਾਨ ਤੋਂ ਕਿਸੇ ਚੰਗੀ ਆਸ ਵਿਚ ਸਿੱਖ ਧਰਮ ਉਪਰ ਹਮਲੇ ਕਰਨ ਵਾਲੇ ਦੇ ਮਗਰ ਨਾ ਲੱਗਣ।  
ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜੀ ਸ਼ਕਤੀ ਹੈ ਜੋ ਐਡੀਟਰ ਸਾਹਿਬ ਨੂੰ ਇਸ ਗਲਤ ਪਾਸੇ ਧਕੀ ਜਾ ਰਹੀ ਹੈ। ਮੈਂ ਇਸ ਸਬੰਧੀ ਪਹਿਲਾਂ ਇਕ ਲੇਖ ਵਿਚ ਇਸਾਰਾ ਕਰ ਚੁੱਕਾ ਹਾਂ। ਸਰਦਾਰ ਸਾਹਿਬ ਨੇ ਲੋਕਾਂ ਨੂੰ ਪੈਸੇ ਦੁੱਗਣੇ ਕਰ ਕੇ ਦੇਣੇ ਹਨ। ਉਹ ਕਿਥੋਂ ਦੇਣਗੇ ਜੇ ਏਜੰਸੀ ਗੁੱਸੇ ਹੋ ਗਈ। ਸੋ ਆਪਣਾ ਕਾਰੋਬਾਰ ਚਲਾਉਣ ਲਈ ਇਹ ਬਹੁਤੇ ਸਰਮਾਏਦਾਰਾਂ ਵਾਂਗ ਸਿੱਖਾਂ ਦੇ ਭਾਵਾਂ ਦੀ ਪ੍ਰਵਾਹ ਨਹੀਂ ਕਰਦੇ।
ਹੁਣ ਆਈਏ ਉਸ ਇਨਕਲਾਬ ਵੱਲ ਜਿਸਨੂੰ ਐਡੀਟਰ ਸਾਹਿਬ ਪੰਜਾਬ ਤੋਂ ਸ਼ੁਰੂ ਹੋਣਾ ਦਸਦੇ ਹਨ। ਲਗਦਾ ਹੈ ਇਨ੍ਹਾਂ ਨੇ ਡਾ: ਜਗਜੀਤ ਸਿੰਘ ਦੀ ਮਸ਼ਹੂਰ ਕਿਤਾਬ 'ਸਿੱਖ ਇਨਕਲਾਬ' ਨਾ ਸੁਣੀ ਹੈ ਨਾ ਪੜ੍ਹੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਲਹਿਰ ਨੂੰ 1469 ਤੋਂ ਹੀ ਇਨਕਲਾਬੀ ਲਹਿਰ ਦਾ ਦਰਜਾ ਹਾਸਲ ਹੈ ਅਤੇ ਇਹ ਇਨਕਲਾਬ ਸਰਕਾਰਾਂ ਅਤੇ ਇਸ ਐਡੀਟਰ ਸਾਹਿਬ ਵਰਗਿਆਂ ਦੀ ਮੁਖਾਲਫਿਤ ਦੇ ਬਾਵਜੂਦ ਲੋਕਾਂ ਦੇ ਮਨ ਵਿਚ ਬੈਠ ਕੇ ਵਧਦਾ ਜਾ ਰਹਾ ਹੈ। ਇਹ ਇਕ ਇਤਿਹਾਸਕ ਸੱਚ ਹੈ ਕਿ ਪੰਜਾਬ ਵਿਚ ਜਦੋਂ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ ਵਿਚ ਜੋ 1478 ਦੇ ਕਰੀਬ ਬਣਦੀ ਹੈ ਜਨੇਊ ਪਾਉਣ ਤੋਂ ਇਨਕਾਰ ਕਰ ਕੇ ਭਰਮਾਂ ਵਹਿਮਾਂ ਵਿਚ ਫਸੀ ਲੋਕਾਈ ਨੂੰ ਉਨ੍ਹਾਂ ਦੀ ਚਮਕਦੀ ਕਿਸਮਤ ਦਾ ਸੂਰਜ ਵਿਖਾਇਆ ਸੀ ਜਿਸ ਦੇ ਫਲਸਰੂਪ ਸਮਾਜ ਦੇ ਦਰਕਾਰੇ ਹੋਏ ਲੋਕਾਂ ਨੇ ਜਿਨ੍ਹਾਂ ਵਿਚ ਗੁਰਬਾਣੀ ਕਾਰਨ ਆਤਮ ਬਲ ਪੈਦਾ ਹੋ ਚੁੱਕਾ ਸੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਵਿਚ ਮੁਗਲ ਹਕੂਮਤ ਦਾ ਖਾਤਮਾ ਕਰਕੇ ਲੋਕ ਰਾਜ ਕਾਇਮ ਕਰ ਦਿੱਤਾ ਸੀ ਅਤੇ 1783 ਵਿਚ ਦਿੱਲੀ ਤਖ਼ਤ 'ਤੇ ਵੀ ਜਾ ਕਬਜ਼ਾ ਕੀਤਾ ਸੀ। ਇਨਕਲਾਬ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਿਸਦੀਆਂ ਲੱਤਾਂ ਇਨ੍ਹਾਂ ਐਡੀਟਰਾਂ ਵਰਗੇ ਖਿੱਚਣੋ ਨਹੀਂ ਹਟਦੇ। ਕਿਰਤ ਅਤੇ ਵੰਡ ਛਕਣ ਦਾ ਖਿਆਲ ਸਮਾਜਵਾਦੀਆਂ ਨੇ ਬਾਬੇ ਨਾਨਕ ਤੋਂ ਲੈ ਕੇ ਹੀ ਰੂਸੀ ਇਨਕਲਾਬ ਲਿਆਂਦਾ ਸੀ, ਮਨੁੱਖੀ ਭਾਈਚਾਰੇ ਦੀ ਬਰਾਬਰੀ ਦਾ ਖਿਆਲ ਵੀ ਗੁਰੁ ਸਾਹਿਬ ਤੋਂ ਲੈ ਕੇ 1789 ਦਾ ਫਰਾਂਸੀਸੀ ਇਨਕਲਾਬ ਆਇਆ ਅਤੇ ਸਿੱਖ ਸਿਧਾਂਤ ਦੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਹੀ ਯੂ. ਐਨ. ਓ. ਤੋਂ 1948 ਵਿਚ ਮਨੁੱਖੀ ਅਧਿਕਾਰਾਂ ਦਾ ਐਲਾਨ ਕਰਵਾਇਆ। ਇਹ ਇਨਕਲਾਬ ਤਾਂ ਜਾਰੀ ਹੈ। ਐਡੀਟਰ ਸਾਹਿਬ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਜਿਹੜਾ ਘਾਹ ਫੂਸ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਇਸਦੇ ਤੂਫਾਨ ਵਿਚ ਰੁੜ੍ਹ ਜਾਏਗਾ।
ਰਘਬੀਰ ਸਿੰਘ ਢਿੱਲੋਂ
98144-65012