ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


1857 ਦੇ ਗਦਰ ਵਿਚ ਸਿੱਖਾਂ ਦੇ ਰੋਲ ਨੂੰ ਘਟਾ ਕੇ ਵੇਖਣਾ ਸਹੀ ਨਹੀਂ


1954 ਵਿਚ ਐਮ. ਏ. ਪਾਸ ਕਰਨ ਉਪਰੰਤ ਮੈਨੂੰ ਨੈਸ਼ਨਲ ਆਰਕਾਈਵਜ਼ ਵਿਚ 1857 ਦੇ ਗਦਰ ਸਬੰਧੀ ਇਕ ਖੋਜ ਪ੍ਰਾਜੈਕਟ ਵਿਚ ਖੋਜ ਸਹਾਇਕ ਵਜੋਂ ਨਿਯੁਕਤੀ ਮਿਲੀ। ਪ੍ਰਾਜੈਕਟ ਦੇ ਇੰਚਾਰਜ ਪ੍ਰਸਿੱਧ ਇਤਿਹਾਸਕਾਰ ਡਾ. ਐਸ. ਐਨ. ਸੇਨ ਸਨ। ਇਸ ਸਮੇਂ ਦੌਰਾਨ ਮੈਨੂੰ ਰਜਬ ਅਲੀ ਦੇ ਦਸਤਾਵੇਜ਼ ਪਹਿਲੀ ਵਾਰ ਫਰੋਲਣ ਦਾ ਮੌਕਾ ਮਿਲਿਆ। ਰਜਬ ਅਲੀ ਜਗਰਾਉਂ ਵਿਖੇ ਬਰਤਾਨਵੀ ਸਰਕਾਰ ਦਾ ਸੂਹੀਆ ਸੀ, ਜੋ ਖਾਲਸਾ ਰਾਜ ਸਮੇਂ ਦੀਆਂ ਘਟਨਾਵਾਂ ਸਬੰਧੀ ਅੰਗਰੇਜ਼ੀ ਅਫਸਰਾਂ ਨੂੰ ਖ਼ਬਰਾਂ ਭੇਜਿਆ ਕਰਦਾ ਸੀ। ਖਾਲਸਾ ਰਾਜ ਦੇ ਪਤਨ ਉਪਰੰਤ ਵੀ ਉਹ ਇਸੇ ਕਾਰਜ ਲਈ ਨਿਯੁਕਤ ਰਿਹਾ। 1857 ਈ. ਦੇ ਗਦਰ ਸਮੇਂ ਦੀਆਂ ਪੰਜਾਬ ਵਿਚਲੀਆਂ ਘਟਨਾਵਾਂ ਦਾ ਜ਼ਿਕਰ ਵੀ ਉਸ ਦੇ ਰੋਜ਼ਨਾਮਚੇ ਵਿਚ ਮਿਲਦਾ ਹੈ। ਇਸ ਤੋਂ ਇਲਾਵਾ ਰਿਵਾੜੀ ਦੇ ਰਾਓ ਉਲਾ ਤੇ ਰਾਮਗੋਪਾਲ ਦਿਓ ਵਿਚਕਾਰਲੇ ਚਿੱਠੀ-ਪੱਤਰ ਜੋ 1857 ਦੇ ਗਦਰ ਦੌਰਾਨ ਅੰਗਰੇਜ਼ ਅਫਸਰਾਂ ਅਤੇ ਬਹਾਦਰ ਸ਼ਾਹ ਜ਼ਫਰ ਦੇ ਦਰਬਾਰ ਵਿਚਕਾਰ ਆਉਂਦੇ ਜਾਂਦੇ ਰਹੇ - ਵੀ ਮੈਨੂੰ ਪਹਿਲੀ ਵਾਰ ਫਰੋਲਣ ਦਾ ਅਵਸਰ ਮਿਲਿਆ। ਛੇਤੀ ਹੀ ਮੈਨੂੰ ਗਿਆਨ ਹੋ ਗਿਆ ਕਿ ਗਦਰ ਵਿਚ ਭਾਗ ਲੈਣ ਵਾਲੇ ਰਜਵਾੜੇ ਹਿਰਸੀ ਅਤੇ ਸੁਆਰਥੀ ਸਨ ਅਤੇ ਫੌਜੀਆਂ ਵੱਲੋਂ ਅੰਗਰੇਜ਼ਾਂ ਵਿਰੁੱਧ ਕੀਤੀ ਬਗਾਵਤ ਦੀ ਟੇਕ ਨਾਲ ਆਪਣੇ ਹਿਤਾਂ ਦੀ ਪੂਰਤੀ ਕਰਨ ਦੇ ਉਤਸੁਕ ਸਨ।
ਅਸਲ ਵਿਚ ਜੇ ਇਹ ਕਹਿ ਦਿੱਤਾ ਜਾਵੇ ਕਿ 1857 ਦੇ ਗਦਰ ਵਿਚ ਭਾਗ ਲੈਣ ਵਾਲੀਆਂ ਕਈ ਧਿਰਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦੀ ਅਸਲੋਂ ਹੀ ਘਾਟ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮੈਂ ਖੋਜ ਦਸਤਾਵੇਜ਼ਾਂ ਵਿਚੋਂ ਮਿਲੇ ਇਸ ਪ੍ਰਭਾਵ ਬਾਰੇ ਆਪਣੇ ਖੋਜ ਪ੍ਰਾਜੈਕਟ ਦੇ ਮੁਖੀ ਨੂੰ ਖੁੱਲ੍ਹ ਕੇ ਦੱਸਣ ਤੋਂ ਕੋਈ ਸੰਕੋਚ ਨਾ ਕੀਤਾ। ਡਾ. ਸੇਨ ਇਸ 'ਤੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਨੇ ਤਾਸਰਾਤ ਵੀ ਮੇਰੇ ਨਾਲੋਂ ਭਿੰਨ ਨਹੀਂ ਸਨ ਅਤੇ ਇਸ ਸਬੰਧੀ ਉਹਨਾਂ ਨੇ ਉਸ ਸਮੇਂ ਦੇ ਕੇਂਦਰੀ ਸਿੱਖਿਆ ਮੰਤਰੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਨਾਲ ਵੀ ਲੰਮੀ ਗੱਲਬਾਤ ਕਰ ਲਈ ਸੀ। ਉਹਨਾਂ ਦਾ ਫੈਸਲਾ ਸੀ ਕਿ ਇਤਿਹਾਸਕ ਦਸਤਾਵੇਜ਼ ਜੋ ਤੱਥ ਬਿਆਨ ਕਰਨ, ਉਹਨਾਂ ਦੇ ਆਧਾਰ 'ਤੇ ਹੀ ਇਤਿਹਾਸਕ ਸਚਾਈ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੇ ਆਪਣੀ ਇਸੇ ਧਾਰਨਾ 'ਤੇ ਪਹਿਰਾ ਦਿੱਤਾ। ਮੈਨੂੰ ਖੁਸ਼ੀ ਹੈ ਕਿ ਇਕ ਇਤਿਹਾਸ ਖੋਜੀ ਦੇ ਬਤੌਰ ਮੇਰੀ ਸਿਖਲਾਈ ਇਕ ਪ੍ਰੋੜ੍ਹ ਅਤੇ ਬਾਅਸੂਲ ਵਿਦਵਾਨ ਦੀ ਨਿਗਰਾਨੀ ਹੇਠਾਂ ਹੋਈ। ਇਸੇ ਲਈ ਮੈਂ ਡਾ. ਸੇਨ ਦਾ ਪ੍ਰਭਾਵ ਸਦਾ ਕਬੂਲਿਆ ਅਤੇ ਉਹਨਾਂ ਦਾ ਰਿਣੀ ਰਿਹਾ।
ਪਿੱਛੋਂ ਪੰਜਾਬ ਅਤੇ ਸਿੱਖ ਇਤਿਹਾਸ ਮੇਰੇ ਅਧਿਐਨ ਦਾ ਚੋਣਵਾਂ ਵਿਸ਼ਾ ਬਣ ਗਿਆ। ਤਦੋਂ ਮੈਨੂੰ ਸਿੱਖ ਰਾਜ ਦੇ ਪਤਨ ਦੀਆਂ ਘਟਨਾਵਾਂ ਅਤੇ ਸਿੱਖਾਂ-ਅੰਗਰੇਜ਼ਾਂ ਦੀਆਂ ਦੋ ਜੰਗਾਂ ਦੇ ਵੇਰਵੇ ਬਾਰੀਕੀ ਨਾਲ ਘੋਖਣ ਦਾ ਅਵਸਰ ਮਿਲਿਆ। ਜਦੋਂ ਮੈਨੂੰ ਸੋਝੀ ਆਈ ਕਿ ਸਿੱਖ ਰਾਜ ਦੀਆਂ ਫੌਜਾਂ ਨੇ ਇਹਨਾਂ ਜੰਗਾਂ ਵਿਚ ਪੂਰੀ ਦੇਸ਼ ਭਗਤੀ ਦੀ ਭਾਵਨਾ ਨਾਲ ਬਰਤਾਨਵੀ ਫੌਜਾਂ ਦਾ ਟਾਕਰਾ ਕੀਤਾ ਸੀ ਅਤੇ ਇਸੇ ਲਈ ਸਾਰੇ ਬਰਤਾਨਵੀ ਸਾਮਰਾਜ ਵਿਚ ਸਿੱਖ ਫੌਜਾਂ ਦੀ ਦਲੇਰੀ, ਬਹਾਦਰੀ ਅਤੇ ਸਿਰੜ ਦੀ ਸਰਾਹੁਣਾ ਹੋਈ ਸੀ। ਖਾਲਸਾ ਰਾਜ ਦੀ ਖੈ ਦਾ ਕਾਰਨ ਤਾਂ ਅੰਗਰੇਜ਼ਾਂ ਦੀਆਂ ਸਾਜਿਸ਼ਾਂ ਅਤੇ ਡੋਗਰੇ ਤੇ ਪੂਰਬੀ ਜਰਨੈਲਾਂ ਦੀ ਗਦਾਰੀ ਸੀ। ਉਧਰ  ਫੌਜੀ ਸੈਨਿਕਾਂ ਦੇ ਚਲਨ ਦੀ ਹਾਲਤ ਇਹ ਸੀ ਕਿ ਉਹਨਾਂ ਨੇ 1845 ਈ. ਦੀ ਜੰਗ ਪਿੱਛੋਂ ਅੰਗਰੇਜ਼ਾਂ ਵੱਲੋਂ ਪਾਏ ਗਏ ਜੰਗੀ ਤਵਾਨ ਦੀ ਅਦਾਇਗੀ ਲਈ ਡੋਗਰਿਆਂ ਨੂੰ ਕਸ਼ਮੀਰ ਦੇਣ ਦੀ ਥਾਂ, ਆਪਣੀ ਦੋ ਮਹੀਨੇ ਦੀ ਤਨਖਾਹ ਦੀ ਰਾਸ਼ੀ ਇਸ ਕਾਰਜ ਲਈ ਦੇਣ ਦੀ ਸਹਿਮਤੀ ਦੇ ਦਿੱਤੀ ਸੀ, ਪਰ ਅੰਗਰੇਜ਼ ਤਾਂ ਇਲਾਕੇ ਖੋਹਣ 'ਤੇ ਹੀ ਤੁਲੇ ਹੋਏ ਸਨ। 1849 ਈ. ਵਿਚ ਚਿਲਿਆਂਵਾਲੇ ਦੀ ਲੜਾਈ ਤੋਂ ਪਿੱਛੋਂ ਚੋਖੀ ਗਿਣਤੀ ਵਿਚ ਸਿਪਾਹੀ ਅਤੇ ਸਿੱਖ ਅਫਸਰ ਐਸੇ ਵੀ ਸਨ, ਜਿਨ੍ਹਾਂ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਰਾਵਲਪਿੰਡੀ ਦੇ ਨੇੜੇ ਮਾਨਕਿਆਲਾ ਵਿਖੇ ਹੋਈ ਹਥਿਆਰ ਸੁੱਟਣ ਦੀ ਅਖੌਤੀ ਰਸਮ ਵਿਚ ਗਿਣਤੀ ਦੇ ਹੀ ਸਿੱਖ ਜਰਨੈਲ ਪੁੱਜੇ। ਭਾਈ ਮਹਾਰਾਜ ਸਿੰਘ - ਜਿਨ੍ਹਾਂ  ਨੂੰ ਸਿੱਖ ਫੌਜੀ ਇਕ ਅਧਿਆਤਮਕ ਵਿਅਕਤੀ ਮੰਨਦੇ ਸਨ - ਥਾਂ-ਥਾਂ 'ਤੇ ਸਿੱਖ ਫੌਜੀਆਂ ਦੀਆਂ ਟੁਕੜੀਆਂ ਅਤੇ ਹਿੰਦੁਸਤਾਨੀ ਫੌਜੀਆਂ ਦੀਆਂ ਰਜਮੈਂਟਾਂ ਵਿਚ ਜਾ ਕੇ ਅੰਗਰੇਜ਼ ਅਫਸਰਾਂ ਵਿਰੁੱਧ ਵਿਦਰੋਹ ਦਾ ਪ੍ਰਚਾਰ ਕਰਦੇ ਰਹੇ।
ਅਸਲੋਂ ਭਾਰਤੀ ਮੂਲ ਦੇ ਫੌਜੀਆਂ ਨੂੰ ਵਿਦਰੋਹ ਲਈ ਉਤਸ਼ਾਹਤ ਕਰਨ ਦਾ ਵਿਚਾਰ ਬੀਜ-ਰੂਪ ਵਿਚ ਭਾਈ ਮਹਾਰਾਜਾ ਸਿੰਘ ਦੁਆਰਾ ਹੀ ਉਤਪੰਨ ਹੋਇਆ ਸੀ। ਮਹਾਰਾਣੀ ਜਿੰਦ ਕੌਰ (ਪਤਨੀ ਮਹਾਰਾਜਾ ਰਣਜੀਤ ਸਿੰਘ) 1857 ਈ. ਵਿਚ ਕਠਮੰਡੂ (ਨੇਪਾਲ) ਵਿਖੇ ਸੀ। ਉਹ ਸਦਾ ਹੀ ਆਪਣੇ ਸਰਦਾਰਾਂ ਅਤੇ ਫੌਜੀਆਂ ਦੇ ਦਸਤਿਆਂ ਦੇ ਉਘੇ ਸਿਪਾਹੀਆਂ ਨਾਲ ਸੰਪਰਕ ਰੱਖਦੀ ਰਹੀ। ਗਦਰ ਸਮੇਂ ਉਸ ਨੇ ਇਲਾਹਾਬਾਦ ਅਤੇ ਬਨਾਰਸ ਵਿਚ ਤਾਇਨਾਤ ਅੰਗਰੇਜ਼ੀ ਫੌਜਾਂ ਦੇ ਭਾਰਤੀ ਸਿਪਾਹੀਆਂ ਨੂੰ ਪੱਤਰ ਲਿਖ ਕੇ ਬਗਾਵਤ ਲਈ ਉਕਸਾਇਆ ਕਿ ਭਾਰਤ ਵਿਚ ਅੰਗਰੇਜ਼ਾਂ ਕੋਲ ਚੋਖੀ ਗਿਣਤੀ ਵਿਚ ਗੋਰੀਆਂ ਫੌਜਾਂ ਨਹੀਂ ਸਨ। ਇਸ ਲਈ ਉਹਨਾਂ ਨੂੰ ਵਿਦਰੋਹ ਵਿਚ ਸ਼ਾਮਲ ਹੋਣ ਤੋਂ ਝਿਜਕਣਾ ਨਹੀਂ ਚਾਹੀਦਾ।
1857 ਦੇ ਗਦਰ ਸਬੰਧੀ ਆਮ ਤੌਰ 'ਤੇ ਇਤਿਹਾਸਕਾਰਾਂ ਨੇ ਇਕ ਮਿਥਿਹਾਸਕ ਧਾਰਨਾ ਪ੍ਰਚੱਲਿਤ ਕਰ ਦਿੱਤੀ ਹੈ ਕਿ ਪੰਜਾਬੀਆਂ ਨੇ 1857 ਦੇ ਵਿਦਰੋਹ ਵਿਚ ਭਾਗ ਨਹੀਂ ਲਿਆ ਜਾਂ ਸਿੱਖਾਂ ਨੇ ਬਰਤਾਨਵੀ ਫੌਜਾਂ ਦੀ ਸਹਾਇਤਾ ਕਰਕੇ ਪੂਰੇ ਬਰਤਾਨਵੀ ਸਾਮਰਾਜ ਨੂੰ ਬਚਾ ਦਿੱਤਾ। ਇਹ ਦੋਵੇਂ ਕਥਨ ਮਨਘੜਤ ਹਨ, ਕਿਉਂਕਿ ਕਿਸੇ ਵੀ ਅਸਲ ਦਸਤਾਵੇਜ਼ੀ ਤੱਥ ਤੋਂ ਇਨ੍ਹਾਂ ਦੀ ਪੁਸ਼ਟੀ ਨਹੀਂ ਹੁੰਦੀ। ਅਜਿਹੀ ਮਨਘੜਤ ਇਤਿਹਾਸਕ ਮਿਥ ਪ੍ਰਚੱਲਿਤ ਕਰਨ ਵਾਲਿਆਂ ਦਾ ਧਿਆਨ ਇਸ ਪਾਸੇ ਨਹੀਂ ਗਿਆ ਕਿ 1857 ਦਾ ਵਿਦਰੋਹ ਪੰਜਾਬ ਦੇ ਅੰਗਰੇਜ਼ੀ ਰਾਜ ਵਿਚ ਰਲੇਵੇਂ ਤੋਂ ਕੇਵਲ 8 ਸਾਲ ਪਿੱਛੋਂ ਹੋਇਆ ਸੀ। ਇਸ ਸਮੇਂ ਤੱਕ ਭਾਰਤ ਦੀ ਬਰਤਾਨਵੀ ਹਕੂਮਤ ਨੇ ਸਿੱਖਾਂ ਦੀ ਬਰਤਾਨਵੀ ਫੌਜ ਵਿਚ ਭਰਤੀ ਸਬੰਧੀ ਵੀ ਕੋਈ ਸਪੱਸ਼ਟ ਨੀਤੀ ਨਹੀਂ ਬਣਾਈ ਸੀ ਅਤੇ ਇਸ ਗੱਲ ਦੇ ਵੀ ਸੰਕੇਤ ਮਿਲਦੇ ਹਨ ਕਿ ਅੰਗਰੇਜ਼ ਜਰਨੈਲਾਂ ਅਤੇ ਅਫਸਰਾਂ ਨੂੰ ਸਿੱਖਾਂ ਦੀ ਵਫਾਦਾਰੀ ਬਾਰੇ ਅਜੇ ਪੂਰਾ ਨਿਸਚਾ ਨਹੀਂ ਸੀ। ਇਸ ਲਈ ਸਿੱਖ ਬਹੁਤੀ ਗਿਣਤੀ ਵਿਚ ਬਰਤਾਨਵੀ ਫੌਜਾਂ ਵਿਚ ਨਹੀਂ ਸਨ। ਫਿਰ ਵੀ ਜਿਹੜੇ ਪੰਜਾਬੀ ਜਾਂ ਸਿੱਖ ਬਰਤਾਨਵੀ ਫੌਜਾਂ ਵਿਚ ਕਿਧਰੇ ਵੀ ਤਾਇਨਾਤ ਸਨ, ਉਨ੍ਹਾਂ ਨੇ ਵਿਦਰੋਹ ਵਿਚ ਪੂਰੇ ਜੋਸ਼ ਨਾਲ ਹਿੱਸਾ ਲਿਆ।
ਪਹਿਲੀ ਜੁਲਾਈ 1857 ਨੂੰ ਮਹੂ (ਮੱਧ ਪ੍ਰਦੇਸ਼) ਵਿਖੇ ਪੰਜਾਬੀ ਅਤੇ ਸਿੱਖ ਸਿਪਾਹੀਆਂ - ਜੋ 23ਵੀਂ ਰਜਮੈਂਟ ਵਿਚ ਸਨ - ਨੇ ਬਗਾਵਤ ਵਿਚ ਜੋਸ਼ ਨਾਲ ਹਿੱਸਾ ਲਿਆ। ਇਸੇ ਪ੍ਰਕਾਰ ਆਗਰੇ ਤੋਂ 90 ਸਿੱਖ ਫੌਜੀ ਕੈਦ ਵਿਚੋਂ ਨਿਕਲ ਕੇ ਫਰਾਰ ਹੋ ਗਏ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰ ਖਾਧੀ ਸੀ ਕਿ ਉਹ ਯੂਰਪੀ ਅਫਸਰਾਂ ਦੇ ਆਦੇਸ਼ ਨਹੀਂ ਮੰਨਣਗੇ। ਮੂਚ ਕੈਂਪ (ਕਾਲਾ ਬਾਗ) ਵਿਖੇ ਨਿਯੁਕਤ ਨਾਭਾ-ਪਟਿਆਲਾ ਦੇ 27 ਸਿੱਖ ਫੌਜੀਆਂ ਨੇ ਵੀ ਬਗਾਵਤ ਕਰਕੇ ਆਪਣੇ ਗੋਰੇ ਕਮਾਂਡਰ ਐਚ. ਐਲ. ਕੈਂਪਬੈਲ 'ਤੇ ਹਮਲਾ ਕਰ ਦਿੱਤਾ। ਇਸੇ ਪ੍ਰਕਾਰ ਹੀ ਸਿੱਖ ਸਿਪਾਹੀਆਂ ਜੋ ਝਾਂਸੀ ਅਤੇ ਡੇਰਾ ਇਸਮਾਈਲ ਖਾਨ ਵਿਖੇ ਨਿਯੁਕਤ ਸਨ - ਨੇ ਕੀਤਾ। ਜੌਨ ਲਾਰੰਸ ਨੇ ਉਸ ਸਮੇਂ ਆਪਣੀ ਰਾਇ ਖੁੱਲ੍ਹੇ ਤੌਰ 'ਤੇ ਪ੍ਰਗਟ ਕਰਦਿਆਂ ਕਿਹਾ ਸੀ ਕਿ ਜੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਲਈ ਬਚਾਉਣਾ ਹੈ ਤਾਂ ਦਿੱਲੀ ਉਪਰ ਅੰਗਰੇਜ਼ੀ ਅਧਿਕਾਰ ਦੀ ਪੁਨਰ-ਸਥਾਪਤੀ ਅਤਿਅੰਤ ਜ਼ਰੂਰੀ ਹੈ। ਪੂਰਬੀਏ ਸਿਪਾਹੀ ਜੋ ਪੰਜਾਬ ਵਿਚ ਨਿਯੁਕਤ ਸਨ, ਉਹਨਾਂ ਨੇ ਲਾਹੌਰ, ਫਿਰੋਜ਼ਪੁਰ, ਸਿਆਲਕੋਟ ਆਦਿ ਥਾਵਾਂ 'ਤੇ ਬਗਾਵਤ ਕਰਕੇ ਦਿੱਲੀ ਵੱਲ ਕੂਚ ਕਰਨ ਦਾ ਹੀਆ ਤਾਂ ਕੀਤਾ, ਪਰ ਉਨ੍ਹਾਂ ਨੂੰ ਕੋਈ ਸਫਲਤਾ ਨਾ ਮਿਲੀ। ਇਕ ਗੱਲ ਸਪੱਸ਼ਟ ਹੈ ਕਿ ਸਿੱਖ ਅਤੇ ਪੰਜਾਬੀ ਇਸ ਬਗਾਵਤ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਚੁੰਗਲ ਵਿਚੋਂ ਕੱਢਣਾ ਤਾਂ ਲੋਚਦੇ ਸਨ, ਪਰ ਮੁਗਲ ਸਾਮਰਾਜ ਦੀ ਪੁਨਰ-ਸਥਾਪਨਾ ਨਹੀਂ ਸਨ ਲੋਚਦੇ। ਇਹ ਪੰਜਾਬੀਆਂ ਅਤੇ ਸਿੱਖਾਂ ਦੀ ਬਾਕੀ ਭਾਰਤੀਆਂ ਨਾਲੋਂ ਨਰੋਈ ਰਾਜਨੀਤਕ ਸੂਝ ਦਾ ਸਬੂਤ ਸੀ। ਇਸ ਲਈ ਸਿੱਖਾਂ ਅਤੇ ਪੰਜਾਬ ਦੀ 1857 ਦੇ ਗਦਰ ਵਿਚਲੀ ਭੂਮਿਕਾ ਨੂੰ ਇਸ ਪਰਿਪੇਖ ਵਿਚ ਦੇਖਣ ਦੀ ਲੋੜ ਹੈ। ਇਹ ਵੀ ਸਪੱਸ਼ਟ ਹੈ ਕਿ 1857 ਦਾ ਗਦਰ ਜਾਂ ਵਿਦਰੋਹ ਇਕ ਬਾਕਾਇਦਾ ਸੰਗਠਿਤ ਲਹਿਰ ਜਾਂ ਜੰਗ ਨਹੀਂ ਸੀ। ਹਾਂ, ਇਹ ਮੰਨਣਯੋਗ ਹੈ ਕਿ 1857 ਦੇ ਵਿਦਰੋਹ ਵਿਚ ਹਿੰਦੂ-ਮੁਸਲਮਾਨ ਇਕੱਠੇ ਅੰਗਰੇਜ਼ਾਂ ਵਿਰੁੱਧ ਲੜੇ। ਇਹੀ ਇਸ ਵਿਦਰੋਹ ਦੀ ਵਿਸ਼ੇਸ਼ ਮਹਾਨਤਾ ਹੈ। ਦੂਸਰੇ ਇਸ ਨੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬੇਦਖਲ ਕਰਨ ਲਈ ਇਕ ਸਰਵਜਨਕ ਭਾਵਨਾ ਪੈਦਾ ਕੀਤੀ। ਇਸੇ ਕਰਕੇ ਇਸ ਬਗਾਵਤ ਨੂੰ ਸੁਤੰਤਰਤਾ ਸੰਘਰਸ਼ ਦੌਰਾਨ ਇਕ ਕਸੌਟੀ ਦੇ ਤੌਰ 'ਤੇ ਮਾਨਤਾ ਮਿਲ ਗਈ।
ਪ੍ਰਿਥੀਪਾਲ ਸਿੰਘ ਕਪੂਰ