ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਕੌਮੀ ਆਗੂ ਆਪਣੇ ਫਰਜ਼ ਪਛਾਨਣਗੇ?


ਮੌਜੂਦਾ ਸਮੇਂ ਵਿਚ ਅਸੀਂ ਸਾਰੇ ਸਿੱਖ ਕੌਮ ਦੀ ਵਿਰਾਸਤ ਹਾਂ। ਜਿਸ ਤਰ੍ਹਾਂ ਹਰ ਕੋਈ ਆਪਣੀ ਪੀੜ੍ਹੀ ਨੂੰ ਚੰਗੇ ਹਾਲਾਤਾਂ 'ਚ ਅੱਗੇ ਵਧਾਉਣਾ ਚਾਹੁੰਦਾ ਹੈ ਇਸੇ ਤਰ੍ਹਾਂ ਹੀ ਕੌਮ ਨੂੰ ਨਵੀਂ ਪੀੜ੍ਹੀ ਤੱਕ ਚੰਗੇ ਹਾਲਾਤਾਂ 'ਚ ਪਹੁੰਚਦਾ ਕਰਨਾ ਸਾਡਾ ਪਹਿਲਾ ਫਰਜ਼ ਹੈ। ਆਪਣੇ ਜਨਮ ਤੋਂ ਲੈ ਕੇ ਸਿੱਖ ਕੌਮ ਨੇ ਸਮੇਂ ਸਮੇਂ ਸਿਰ ਕੌਮੀ ਮੁੱਦਿਆਂ ਨੂੰ ਨਜਿੱਠਣ ਲਈ ਸਿਰਤੋੜ ਯਤਨ ਕਰਕੇ ਅੱਜ ਸਿੱਖੀ ਨੂੰ ਸਾਡੇ ਤੱਕ ਪੁੱਜਦਾ ਕੀਤਾ ਹੈ ਇਸ ਲਈ ਉਹਨਾਂ ਨੂੰ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਬੇਸੁਮਾਰ ਜਾਨਾਂ ਵੀ ਕੁਰਬਾਨ ਕਰਨੀਆਂ ਪਈਆਂ ਹਨ। ਕੀ ਅਸੀਂ ਕਦੇ ਇਹ ਸੋਚਿਆ ਹੈ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਿੱਖੀ ਕਿਸ ਰੂਪ 'ਚ ਸੌਂਪ ਕੇ ਜਾਵਾਂਗੇ? ਜਦੋਂ ਅੱਜ ਸਾਰਾ ਸੰਸਾਰ ਪਦਾਰਥਵਾਦ ਦੇ ਪ੍ਰਭਾਵ ਹੇਠ ਆਪਣੀਆਂ ਮੁੱਢਲੀਆਂ ਵਿਰਾਸਤੀ ਕਦਰਾਂ ਕੀਮਤਾਂ ਨੂੰ ਛੱਡ ਕੇ ਬਾਗੀ ਹੋ ਰਿਹਾ ਹੈ ਤਾਂ ਸਿੱਖ ਕੌਮ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ?
ਅੱਜ ਦੇ ਮੌਜੂਦਾ ਹਾਲਤਾਂ ਨੂੰ ਦੇਖ ਕੇ ਮਨ ਇਹ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ ਕਿ ਹਰ ਪਾਸੇ ਤੋਂ ਘਰੇਲੂ ਕੌਮੀ ਕਲੇਸ਼ ਨੂੰ ਦੇਖ ਕੇ ਨਵੀਂ ਪੀੜ੍ਹੀ ਖੁਸ਼ੀ-ਖੁਸ਼ੀ ਇਸ ਵਿਗਿਆਨਕ ਧਰਮ ਨੂੰ ਅਪਣਾਉਣ ਲਈ ਰਾਜ਼ੀ ਹੋ ਜਾਵੇਗੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਹੁਣ ਤੱਕ ਦੇ ਤਜਰਬਿਆਂ ਅਨੁਸਾਰ ਸਿੱਖ ਕੌਮ ਗੈਰ ਸਿੱਖਾਂ ਦੇ ਹਮਲਿਆਂ ਨੂੰ ਭਾਵੇਂ ਚੰਗੀ ਤਰ੍ਹਾਂ ਪਛਾੜਦੀ ਰਹੀ ਹੈ ਪਰ ਕੌਮ ਦੇ ਅੰਦਰੂਨੀ ਝਗੜਿਆਂ ਨੇ ਕੌਮ ਨੂੰ ਲਾਏ ਖੋਰੇ ਨਾਲ ਇਸ ਨੂੰ ਹਮੇਸ਼ਾ ਬਹੁਤ ਪਿੱਛੇ ਲਿਜਾ ਕੇ ਸੁੱਟਣ ਦੇ ਇਤਿਹਾਸਕ ਹਾਲਤ ਸਾਡੇ ਪਾਸੇ ਹਨ।
ਇਸ ਸਮੇਂ ਵੀ ਕੌਮ ਨੂੰ ਬਹੁਤੀਆਂ ਚੁਣੌਤੀਆਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਕੌਮ ਦੇ ਜ਼ਿਆਦਾਤਰ ਆਗੂ ਆਪਣੀ ਕੌਮ ਦੇ ਭਲੇ 'ਚ ਸੁਹਿਰਦਤਾ ਨਾਲ ਸੋਚਣ ਦੀ ਥਾਂ ਨਿੱਜਵਾਦ ਨੂੰ ਮੁੱਖ ਰੱਖਦੇ ਹਨ। ਦੂਜਾ ਕੌਮ ਦੀਆਂ ਧਾਰਮਿਕ ਸੰਸਥਾਵਾਂ ਜਾਂ ਸਨਮਾਨ ਯੋਗ ਅਹੁਦਿਆਂ 'ਤੇ ਬੈਠੇ ਵਿਅਕਤੀ ਆਪਣੀ ਕੌਮ ਨੂੰ ਅੱਗੇ ਲਿਜਾਣ 'ਚ ਸੇਧ ਦੇਣ ਤੋਂ ਅਸਮਰੱਥ ਰਹੇ ਹਨ। ਇਸ ਤਰ੍ਹਾਂ ਹਰ ਕੌਮੀ ਚੁਣੌਤੀ ਬਿਨਾਂ ਕਿਸੇ ਉਸਾਰੂ ਹੱਲ ਦੇ ਉਸੇ ਰੂਪ 'ਚ ਹੀ ਖੜ੍ਹੀ ਰਹਿੰਦੀ ਹੈ ਜਾਂ ਫਿਰ ਉਸ ਦਾ ਆਪਣੇ ਆਪ ਕੋਈ ਨਾ ਕੋਈ ਚੰਗਾ ਜਾਂ ਮੰਦਾ ਹੱਲ ਨਿਕਲ ਆਉਂਦਾ ਹੈ। ਸਮੇਂ ਸਮੇਂ ਸਿਰ ਨਵੀਆਂ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ ਪਰ ਕਿਸੇ ਦਾ ਸਰਵਜਨਕ ਜਾਂ ਸੰਤੋਖਜਨਕ ਹੱਲ ਕੱਢਣ 'ਚ ਅਸੀਂ ਕਾਮਯਾਬ ਨਹੀਂ ਹੋ ਰਹੇ। ਜਿਉਂ-ਜਿਉਂ ਮੀਡੀਆ ਬਲਵਾਨ ਹੋ ਰਿਹਾ ਹੈ ਤਿਉਂ-ਤਿਉਂ ਸੰਸਾਰ ਭਰ ਦੀਆਂ ਕੌਮਾਂ ਨੇ ਇਸ ਨੂੰ ਆਪਣੇ ਧਰਮ ਪ੍ਰਸਾਰ ਲਈ ਚੰਗੇ ਹਿੱਤਾਂ 'ਚ ਵਰਤਨ ਦੇ ਯਤਨ ਕੀਤੇ ਹਨ ਪਰ ਸਿੱਖ ਕੌਮ ਮੌਜੂਦਾ ਸਮੇਂ ਦੇ ਸਭ ਤੋਂ ਵੱਧ ਕਾਰਗਰ ਢੰਗ ਨੂੰ ਆਪਣੇ ਧਾਰਮਿਕ ਹਿੱਤਾਂ ਦੇ ਪੱਖ 'ਚ ਵਰਤਨ ਦੀ ਥਾਂ ਆਪਣੀਆਂ ਪਾਰਟੀਆਂ ਦੇ ਹਿੱਤਾਂ 'ਚ ਵਰਤਨ ਵਾਸਤੇ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਈ ਹੈ। ਕੌਮ ਦੇ ਪ੍ਰਮੁੱਖ ਆਗੂਆਂ ਅਤੇ ਰਾਜਨੀਤਕ ਪਾਰਟੀਆਂ ਨੇ ਮੀਡੀਆ ਨੂੰ ਇਸ ਢੰਗ ਨਾਲ ਵਰਤਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਨਾਲ ਸਿੱਖ ਕੌਮ ਨੂੰ ਲਾਭ ਨਾਲੋਂ ਨੁਕਸਾਨ ਵਧੇਰੇ ਹੋ ਰਿਹਾ ਹੈ। ਇਸ ਦੀ ਸਿਰਫ਼ ਇਕ ਮਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵਿਚਾਰ ਚਰਚਾ ਕਰਕੇ ਲਈ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੀ ਪ੍ਰਧਾਨਗੀ ਵਾਲੀ ਸਿਆਸੀ ਪਾਰਟੀ ਤੋਂ ਬਿਨਾਂ ਸਿੱਖਾਂ ਦੀਆਂ ਕੋਈ ਇਕ ਦਰਜਨ ਦੇ ਕਰੀਬ ਹੋਰ ਰਾਜਨੀਤਕ ਪਾਰਟੀਆਂ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਇਸ ਗੱਲੋਂ ਇਕਮੱਤ ਹਨ ਕਿ ਇਸ ਸਮੇਂ ਦਾ ਗੁਰਦੁਆਰਾ ਪ੍ਰਬੰਧ ਕਿਸੇ ਵੀ ਤਰ੍ਹਾਂ ਸਿੱਖ ਕੌਮ ਦੇ ਹਿੱਤਾਂ 'ਚ ਨਹੀਂ, ਸਗੋਂ ਕੌਮ ਦਾ ਬਹੁਤਾ ਸਰਮਾਇਆ ਜੋ ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਵਰਤਦੀ ਹੈ ਉਹ ਸਾਰਾ ਧਨ ਜਾਂ ਤਾਂ ਸਿਆਸੀ ਹਿੱਤਾਂ ਲਈ ਤੇ ਜਾਂ ਫਿਰ ਅਜਿਹੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ਜਿਸਨੂੰ ਜਾਇਜ਼ ਢੰਗ ਨਹੀਂ ਕਿਹਾ ਜਾ ਸਕਦਾ। ਇਸ ਸਾਰੇ ਢਾਂਚੇ ਨੂੰ ਕਾਰਗਰ ਢੰਗ ਨਾਲ ਵਰਤਣ ਦੇ ਯੋਗ ਪ੍ਰਬੰਧਾਂ 'ਚ ਸੁਧਾਰ ਬਾਰੇ ਗੰਭੀਰਤਾ ਨਾਲ ਸੋਚਣ ਤੋਂ ਬਾਅਦ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਸ ਪ੍ਰਬੰਧ ਤੋਂ ਮੌਜੂਦਾ ਪ੍ਰਬੰਧਕਾਂ ਦਾ ਕਬਜ਼ਾ ਹਟਾਉਣਾ ਅਤਿ ਜ਼ਰੂਰੀ ਹੈ। ਕੌਮ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਥਾਵਾਂ ਇਸ ਗੱਲ ਨਾਲ ਸਹਿਮਤ ਹਨ ਕਿ ਪਿਛਲੇ ਸਮੇਂ ਵਿਚ ਗੁਰਦੁਆਰਾ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਨੇ ਕੌਮ ਨੂੰ ਨਮੋਸ਼ੀ ਦੇ ਰਾਹ ਚੱਲਣ ਤੋਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਘੱਟ ਕਰਨ 'ਚ ਅਨੇਕਾਂ ਗੈਰ ਜ਼ਿੰਮੇਵਾਰਨਾ ਕੰਮ ਕੀਤੇ, ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਘਰੀਂ ਮੜੀਆਂ ਦੀ ਪੂਜਾ ਤੋਂ ਇਲਾਵਾ ਸਿੱਖ ਕੌਮ 'ਚ ਵਰਜਤ ਢੰਗ ਤਰੀਕਿਆਂ 'ਚ ਸਮੂਲੀਅਤ ਵੀ ਕੀਤੀ। ਇਸ ਸਭ ਕੁਝ ਨੂੰ ਪੰਥਕ ਅਖਵਾਉਂਦੀਆਂ ਧਿਰਾਂ ਨੇ ਸਮੇਂ-ਸਮੇਂ ਸਿਰ ਮੀਡੀਆ 'ਚ ਉਛਾਲ ਕੇ ਕ੍ਰਾਂਤੀ ਪੈਦਾ ਕਰਨ ਦੀ ਥਾਂ ਆਪਣੀ ਕੌਮ ਲਈ ਬਦਨਾਮੀ ਤਾਂ ਖੱਟ ਲਈ ਪਰ ਅਜਿਹੇ 'ਗੈਰ ਸਿੱਖ ਸਿਧਾਂਤਕ' ਕਾਰਿਆਂ ਤੋਂ ਸਦਾ ਲਈ ਛੁਟਕਾਰਾ ਪਾਉਣ ਦੇ ਸਮੁੱਚੇ ਯਤਨਾਂ ਨੂੰ ਅਸਰਦਾਰ ਢੰਗ ਨਾਲ ਨਜਿੱਠਣ 'ਚ ਕਾਮਯਾਬੀ ਪ੍ਰਾਪਤ ਨਹੀਂ ਕਰ ਸਕੇ। ਹੁਣ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਜੇ ਅਸੀਂ ਕਿਸੇ ਵੀ ਮਨਮਤਿ ਨੂੰ ਮੀਡੀਆ 'ਚ ਆਪਣੀ ਪ੍ਰਸਿੱਧੀ ਲਈ ਹੀ ਉਛਾਲਣਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਕੀ ਕੌਮ ਨੂੰ ਇਸ ਬਿਆਨਬਾਜ਼ੀ ਤੋਂ ਮਿਲੀ ਨਮੋਸ਼ੀ ਸਾਰੇ ਪ੍ਰਮੁੱਖ ਆਗੂ ਜ਼ਿੰਮੇਵਾਰ ਨਹੀਂ ਹਨ? ਜੇਕਰ ਅਜਿਹੇ ਮਾਮਲੇ 'ਚ ਅਸੀਂ ਸਭ ਲੋਕਾਂ 'ਚ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਕੋਈ ਉਪਾਅ ਨਹੀਂ ਕੀਤਾ ਤਾਂ ਇਹ ਕਿਸੇ ਵੀ ਤਰ੍ਹਾਂ ਕੌਮ ਦੇ ਹਿੱਤਾਂ 'ਚ ਨਹੀਂ ਜਾਵੇਗਾ ਸਗੋਂ ਇਸ ਨਾਲੋਂ ਚੁੱਪ ਹਜ਼ਾਰ ਗੁਣਾਂ ਚੰਗੀ ਸਾਬਤ ਹੋ ਸਕਦੀ ਸੀ।
ਇਸੇ ਤਰ੍ਹਾਂ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਬਾਰੇ ਵੀ ਅਸੀਂ ਅਜਿਹੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਅਸੀਂ ਆਪਣੇ ਸਿਆਸੀ ਵਿਰੋਧੀਆਂ ਦੀ ਕੋਈ ਵੀ ਗੱਲ ਢਕੀ ਨਹੀਂ ਰਹਿਣ ਦਿਆਂਗੇ, ਧਾਰਮਿਕ ਕੰਮਾਂ 'ਚ ਨਾਕਾਮੀ ਤੋਂ ਇਲਾਵਾ ਉਸ ਦੀ ਨਿੱਜੀ ਜ਼ਿੰਦਗੀ ਤੱਕ ਦੇ ਸਭ ਪਰਦੇ ਮੀਡੀਆ ਸਾਹਮਣੇ ਜ਼ਰੂਰ ਉਤਾਰ ਦੇਣੇ ਹਨ ਪਰ ਇਸ ਨਿਜ਼ਾਮ ਨੂੰ ਵਾਜਬ ਢੰਗ-ਤਰੀਕੇ ਨਾਲ ਬਦਲਣ ਦੇ ਯਤਨਾਂ ਵਜੋਂ ਅਸੀਂ ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣ ਲਈ ਸੁਹਿਰਦਤਾ ਨਾਲ ਭੂਮਿਕਾ ਨਿਭਾਉਣ 'ਚ ਆਪਣੀਆਂ ਕੁਝ ਲਾਲਸਾਵਾਂ ਦਾ ਤਿਆਗ ਕਰਨ ਨੂੰ ਤਿਆਰ ਨਹੀਂ ਹਾਂ। ਇਸ ਤਰ੍ਹਾਂ ਹਰ ਸਾਲ ਹੋ ਰਿਹਾ ਹੈ। ਸਿੱਖ ਕੌਮ ਦੀਆਂ ਮੁਸ਼ਕਲਾਂ ਨੂੰ ਨਜਿੱਠਣ ਲਈ ਬੁੱਧੀਜੀਵੀ ਵਰਗ ਅੱਗੇ ਨਹੀਂ ਆ ਰਿਹਾ ਸਗੋਂ ਰਾਜਨੀਤਕ ਲੋਕ ਧਾਰਮਿਕ ਬੁਰਕੇ 'ਚ ਸਾਡੀਆਂ ਸੰਸਥਾਵਾਂ ਦੇ ਆਗੂ ਬਣ ਬੈਠੇ ਹਨ। ਕੌਮ ਦੇ ਹਿੱਤਾਂ 'ਚ ਸੱਚੀ ਬਿਆਨਬਾਜ਼ੀ ਕਰਨ ਵਾਲੇ ਆਗੂ ਅਤੇ ਸੰਸਥਾਵਾਂ ਜੇ ਤਨੋ ਮਨੋ ਕੌਮ ਨੂੰ ਪ੍ਰਫੁੱਲਤ ਦੇਖਣ ਦੀਆਂ ਚਾਹਵਾਨ ਹਨ ਤਾਂ ਇਸ ਸਮੇਂ ਜ਼ਰੂਰੀ ਹੈ ਕਿ ਉਹ ਆਪਣੀ ਨਿੱਜੀ ਪ੍ਰਸਿੱਧੀ ਨੂੰ ਪਾਸੇ ਰੱਖ ਕੇ ਕੌਮ ਦੇ ਪੱਖ 'ਚ ਦਿਨ ਰਾਤ ਇਕ ਕਰ ਦੇਣ। ਇਸ ਸਮੇਂ ਜੇ ਗੁਰਦੁਆਰਾ ਪ੍ਰਬੰਧ ਤੋਂ ਹੀ ਗੈਰ ਧਰਮੀ ਬੰਦਿਆਂ ਨੂੰ ਪਾਸੇ ਕਰ ਲਿਆ ਜਾਵੇ ਤਾਂ ਸੰਭਵ ਹੈ ਕਿ ਆਉਣ ਵਾਲੇ ਸਮੇਂ ਰਹਿੰਦੀਆਂ ਕੁਝ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਮੀਡੀਆ ਨੂੰ ਕੌਮੀ ਹਿੱਤਾਂ ਲਈ ਵਰਤਣ ਦਾ ਢੰਗ ਅਤੇ ਨਵੀਂ ਪੀੜ੍ਹੀ ਨੂੰ ਚੰਗੀਆਂ ਰਾਹਾਂ 'ਤੇ ਤੋਰਨ 'ਚ ਸਾਡਾ ਵੱਡਾ ਯੋਗਦਾਨ ਪੈ ਸਕਦਾ ਹੈ। ਇਹ ਸਭ ਕੁਝ ਦੇ ਪਹਿਲੇ ਕਦਮ ਵਜੋਂ ਏਕਤਾ ਦਾ ਪੱਲਾ ਫੜ੍ਹਨਾ ਜ਼ਰੂਰੀ ਹੈ। ਹਰ ਸੱਚਾ ਸਿੱਖ ਇਸ ਗੱਲ ਦੀ ਖ਼ਬਰ ਸੁਣਨ ਲਈ ਆਗੂਆਂ ਵੱਲ ਦੇਖ ਰਿਹਾ ਹੈ।