ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਾਨਸਿਕ ਤਣਾਓ : ਪੇਟ ਦੇ ਰੋਗਾਂ ਦਾ ਮੁੱਖ ਕਾਰਨ


ਅੱਜਕਲ੍ਹ ਜ਼ਿੰਦਗੀ ਦੀ ਤੇਜ਼ ਰਫ਼ਤਾਰ ਕਾਰਨ ਹਰ ਕੋਈ ਇਨਸਾਨ ਥੋੜ੍ਹਾ ਜਾਂ ਬਹੁਤਾ ਚਿੰਤਾਗ੍ਰਸਤ ਜ਼ਰੂਰ ਰਹਿੰਦਾ ਹੈ। ਹਰ ਕੰਮ ਕਰਦੇ ਵੇਲੇ ਉਹ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਜੇ ਕਿਸੇ ਨੂੰ ਕੋਈ ਤਕਲੀਫ਼ ਹੋਵੇ ਤਾਂ ਉਸ ਨੂੰ ਉਸ ਸਬੰਧੀ ਕਾਫ਼ੀ ਚਿੰਤਾ ਹੋ ਜਾਂਦੀ ਹੈ ਪਰ ਇਹ ਉਸ ਦੀ ਤਕਲੀਫ਼ ਘਟਾਉਣ ਵਿਚ ਮਦਦ ਨਹੀਂ ਕਰਦੀ ਸਗੋਂ ਚਿੰਤਾ ਕਾਰਨ ਉਸ ਦੀ ਹੋਰ ਤਕਲੀਫ਼ ਵਧ ਜਾਂਦੀ ਹੈ। ਪੇਟ ਦੀਆਂ ਤਕਲੀਫ਼ਾਂ ਦਾ ਕਾਰਨ ਹੀ ਚਿੰਤਾ ਹੈ। ਪਰ ਚਿੰਤਾ ਪੇਟ ਦੀਆਂ ਤਕਲੀਫ਼ਾਂ ਨੂੰ ਬਹੁਤ ਵਧਾ ਦਿੰਦੀ ਹੈ। ਕਈ ਵਾਰੀ ਤਾਂ ਮਰੀਜ਼ ਆਪਣੀ ਅਸਲ ਬਿਮਾਰੀ ਛੱਡ ਕੇ ਚਿੰਤਾ ਬਾਰੇ ਦੱਸਦਾ ਹੈ। ਇਥੇ ਅੱਜ ਅਸੀਂ ਉਨ੍ਹਾਂ ਤਕਲੀਫ਼ਾਂ ਬਾਰੇ ਗੱਲ ਕਰਾਂਗੇ ਜੋ ਕਿ ਚਿੰਤਾ ਕਾਰਨ ਹੋ ਜਾਂਦੀਆਂ ਹਨ।
ਪੇਟ ਗੈਸ ਤੇ ਕਲੇਜੇ 'ਚ ਸਾੜ : ਇਹ ਤਕਲੀਫ਼ ਸਾਡੇ ਪੇਟ ਵਿਚ ਜ਼ਿਆਦਾ ਮਾਤਰਾ ਵਿਚ ਤੇਜ਼ਾਬੀ ਮਾਦਾ ਨਿਕਲਣ ਕਰਕੇ ਹੁੰਦੀ ਹੈ। ਜੋ ਕਿ ਅੰਤੜੀਆਂ ਦੀ ਅੰਦਰਲੀ ਝਿੱਲੀ ਅਤੇ ਪੇਟ ਨੂੰ ਸੋਜ ਕਰ ਦਿੰਦੀ ਹੈ ਤੇ ਹੌਲੀ-ਹੌਲੀ ਝਿੱਲੀ ਵੀ ਸੜ ਜਾਂਦੀ ਹੈ। ਪੇਟ ਗੈਸ ਦਾ ਮੁੱਖ ਕਾਰਨ ਚਿੰਤਾ ਹੈ। ਜਦੋਂ ਅਸੀਂ ਸੋਚਦੇ ਹਾਂ ਤਾਂ ਸਾਡੇ ਸਰੀਰ ਵਿਚ ਅੰਤੜੀਆਂ ਤੇ ਪੇਟ ਵਿਚੋਂ ਤੇਜ਼ਾਬੀ ਮਾਦਾ ਬਹੁਤ ਜ਼ਿਆਦਾ ਨਿਕਲਦਾ ਹੈ ਤੇ ਗੈਸ 'ਤੇ ਇਹ ਜਲਣ ਪੈਦਾ ਕਰਦਾ ਹੈ। ਜਦੋਂ ਅਸੀਂ ਗੈਸ ਤੋਂ ਪੀੜਤ ਹੁੰਦੇ ਹਾਂ ਤਾਂ ਚਿੰਤਾ ਵਿਚ ਕਾਹਲੀ-ਕਾਹਲੀ ਭੋਜਨ ਕਰਦੇ ਹਾਂ। ਭੋਜਨ ਵੀ ਚੰਗੀ ਤਰ੍ਹਾਂ ਚਬਾ ਕੇ ਨਹੀਂ ਕਰਦੇ ਤੇ ਉਹ ਭੋਜਨ ਜਦ ਅੰਤੜੀਆਂ ਨੂੰ ਲਗਦਾ ਹੈ ਤਾਂ ਸੋਜ ਪੈਦਾ ਕਰਦਾ ਹੈ।
ਕਲੇਜੇ 'ਚ ਸਾੜ-ਜਦੋਂ ਅਸੀਂ ਗਰਮ-ਗਰਮ ਭੋਜਨ ਕਾਹਲੀ-ਕਾਹਲੀ ਖਾਂਦੇ ਹਾਂ ਤਾਂ ਇਕਦਮ ਇਹ ਭੋਜਨ ਸਾਡੇ ਪੇਟ ਵਿਚ ਲਗਦਾ ਹੈ ਤੇ ਸਾੜ ਪੈਦਾ ਕਰਦਾ ਹੈ। ਸਾੜ ਕਰਕੇ ਬਹੁਤ ਤੇਜ਼ ਦਰਦ ਹੁੰਦੀ ਹੈ। ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। ਕਈ ਲੋਕ ਤਾਂ ਇਸ ਦਰਦ ਦਾ 'ਦਿਲ ਦੀ ਦਰਦ' ਨਾਲ ਭੁਲੇਖਾ ਖਾ ਲੈਂਦੇ ਹਨ। ਇਸ ਤਕਲੀਫ਼ ਨੂੰ 'ਹਾਰਟ ਬਰਨ' ਕਿਹਾ ਜਾਂਦਾ ਹੈ ਪਰ ਇਸ ਦਾ ਦਿਲ ਦੀ ਤਕਲੀਫ਼ ਨਾਲ ਕੋਈ ਸਬੰਧ ਨਹੀਂ ਹੁੰਦਾ।
ਪੇਟ ਵਿਚ ਅਲਸਰ ਜਾਂ ਫੋੜਾ : ਪੇਟ ਵਿਚ ਅਲਸਰ ਦਾ ਮੁੱਖ ਕਾਰਨ ਚਿੰਤਾ ਹੈ। ਚਿੰਤਾ ਵਿਚ ਅਲਸਰ ਦੀ ਤਕਲੀਫ਼ ਵਧ ਜਾਂਦੀ ਹੈ। ਪੇਟ ਵਿਚ ਇਕਦਮ ਤੇਜ਼ ਦਰਦ ਨਾਲ ਉਲਟੀ ਸ਼ੁਰੂ ਹੋ ਜਾਂਦੀ ਹੈ। ਪੇਟ ਵਿਚ ਤੇਜ਼ ਦਰਦ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਇਹ ਦਰਦ ਇਕ ਦੋ ਘੰਟੇ ਤੱਕ ਘਟ ਜਾਂਦੀ ਹੈ। ਦਰਦ ਧੁੰਨੀ ਕੋਲੋਂ ਹੁੰਦੀ ਹੈ ਤੇ ਸਿੱਧੀ ਪਿੱਠ ਵੱਲ ਜਾਂਦੀ ਹੈ।
ਕਈ ਵਾਰੀ ਅਕਸਰ ਜਦੋਂ ਪੇਪਰ ਦੇਣ ਦੀ ਤਿਆਰੀ ਕਰਦੇ ਹਾਂ ਜਾਂ ਕਿਸੇ ਇੰਟਰਵਿਊ 'ਤੇ ਜਾਣਾ ਹੁੰਦਾ ਹੈ ਤਾਂ ਉਸ ਵੇਲੇ ਸਾਨੂੰ ਇਕਦਮ ਇਕ-ਦੋ ਟੱਟੀਆਂ (ਪਖਾਨਾ) ਆ ਜਾਂਦੀਆਂ ਹਨ। ਇਹ ਸਭ ਚਿੰਤਾ ਕਰਕੇ ਹੁੰਦਾ ਹੈ। ਚਿੰਤਾ ਵਿਚ ਸਾਡੀਆਂ ਅੰਤੜੀਆਂ ਤੇਜ਼ ਕਰਦੀਆਂ ਤੇ ਤੇਜ਼ਾਬੀ ਮਾਦਾ ਵੀ ਨਿਕਲਦਾ ਹੈ। ਟੱਟੀਆਂ ਦੇ ਨਾਲ-ਨਾਲ ਕਈ ਵਾਰੀ ਖੱਟੇ ਡਕਾਰ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਇਕਦਮ ਘਬਰਾਹਟ ਹੋ ਜਾਂਦੀ ਹੈ। ਘਬਰਾਹਟ ਕਰਕੇ ਹਲਕੀ-ਹਲਕੀ ਪੇਟ ਦਰਦ ਵੀ ਹੋ ਜਾਂਦੀ ਹੈ। ਜਦ ਕਿਸੇ ਬੱਸ ਵਿਚ ਸਫ਼ਰ ਕਰਨਾ ਹੋਵੇ ਤਾਂ ਕਈਆਂ ਨੂੰ ਫਿਕਰ ਦੇ ਨਾਲ ਹੀ ਸਫ਼ਰ ਤੋਂ ਪਹਿਲਾਂ ਇਕ-ਦੋ ਟੱਟੀਆਂ ਜਾਂ ਉਲਟੀਆਂ ਆ ਜਾਂਦੀਆਂ ਹਨ ਤੇ ਫਿਰ ਕਈ ਵਾਰ ਹਲਕਾ-ਹਲਕਾ ਪੇਟ ਦਰਦ ਵੀ ਰਹਿੰਦਾ ਹੈ।
ਚਿੰਤਾ ਪੇਟ ਦੀਆਂ ਤਕਲੀਫ਼ਾਂ ਦੀ ਦੁਸ਼ਮਣ ਹੈ, ਕਦੇ ਵੀ ਚਿੰਤਾ ਕਰਨ ਨਾਲ ਕੋਈ ਤਕਲੀਫ਼ ਠੀਕ ਨਹੀਂ ਹੁੰਦੀ, ਸਗੋਂ ਚਿੰਤਾ ਕਰਕੇ ਬਿਮਾਰੀ ਤੇ ਤਕਲੀਫ਼ ਵੀ ਵਧ ਜਾਂਦੀ ਹੈ। ਹੌਲੀ-ਹੌਲੀ ਮਰੀਜ਼ ਨੂੰ ਵਹਿਮ ਹੋ ਜਾਂਦਾ ਹੈ ਤੇ ਵਹਿਮ ਦਾ ਕੋਈ ਇਲਾਜ ਨਹੀਂ ਹੈ। ਕਈ ਵਾਰੀ ਤਾਂ ਮਰੀਜ਼ ਬਿਮਾਰੀ ਤੋਂ ਬਿਲਕੁਲ ਠੀਕ ਹੋ ਜਾਂਦਾ ਹੈ ਪਰ ਵਹਿਮ ਅਤੇ ਚਿੰਤਾ ਕਰਕੇ ਉਸ ਨੂੰ ਤਸੱਲੀ ਨਹੀਂ ਹੁੰਦੀ। ਉਸ ਨੂੰ ਸਦਾ ਵਹਿਮ ਰਹਿੰਦਾ ਹੈ ਕਿ ਮੈਂ ਹਾਲੇ ਵੀ ਬਿਮਾਰ ਹਾਂ। ਇਸ ਤਰ੍ਹਾਂ ਭੁਲੇਖੇ ਘਬਰਾਹਟ ਤੇ ਚਿੰਤਾ ਵਿਚ ਪੇਟ ਦੀ ਬਿਮਾਰੀ ਵਿਚ ਵਾਧਾ ਹੋ ਜਾਂਦਾ ਹੈ। ਕਦੀ ਵੀ ਵਹਿਮ ਨਾ ਕਰੋ ਤੇ ਜਲਦੀ ਹੀ ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਸ਼ੁਰੂ ਕਰਵਾਓ।