ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਨ ਦੀ ਖੁਸ਼ੀ ਖੁੱਸ ਰਹੀ ਹੈ


ਜੇਕਰ ਮਨੁੱਖ ਚਿਹਰੇ ਨੂੰ ਮਨ ਅੰਤਰ ਦਾ ਪ੍ਰਗਟਾਵਾ ਮੰਨ ਲਈਏ ਤਾਂ ਇਹ ਵੀ ਸਹਿਜੇ ਹੀ ਮੰਨਿਆ ਜਾ ਸਕਦਾ ਹੈ ਕਿ ਅੱਜ ਬਹੁਤੇ ਮਨੁੱਖਾਂ ਦੇ ਮਨ ਖੁਸ਼ੀ ਤੋਂ ਵਾਂਝੇ ਹੋ ਚੁੱਕੇ ਹਨ। ਗੁਲਾਬ ਦੇ ਫੁੱਲ ਜਿਹੇ ਖਿੜੇ ਚਿਹਰੇ, ਤੱਕਣ ਜਾਂ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਖੁਸ਼ੀ ਦਾ ਇਕ ਹੁਲਾਰਾ ਜਿਹਾ ਦੇ ਜਾਇਆ ਕਰਦੇ ਸਨ ਅੱਜ ਬਹੁਤ ਹੀ ਦੁਰਲੱਭ ਹੋ ਚੁੱਕੇ ਹਨ। ਖੁਸ਼ੀ ਤਾਂ ਜਿਵੇਂ ਗੁਆਚ ਜਿਹੀ ਹੀ ਗਈ ਹੈ। ਅੱਜਕਲ ਤਾਂ ਵਿਆਹ ਜਿਹੇ ਮੌਕਿਆਂ 'ਤੇ ਵੀ ਸਾਰੇ ਚਿਹਰਿਆਂ 'ਤੇ ਖੁਸ਼ੀ ਦਾ ਪ੍ਰਭਾਵ ਘੱਟ ਹੀ ਵੇਖਣ ਨੂੰ ਮਿਲਦਾ ਹੈ। ਕੀ ਗਰੀਬ, ਕੀ ਅਮੀਰ ਤੇ ਕੀ ਮੱਧ ਵਰਗੀ ਲੋਕ ਸਭ ਕਿਸੇ ਨਾ ਸਿਕੇ ਕਾਰਨ ਕਰਕੇ ਖੁਸ਼ੀ ਦੇ ਦਾਤ-ਰੂਪ ਅਨੁਭਵ ਤੋਂ ਵਾਂਝੇ ਹੀ ਦਿਸਦੇ ਹਨ। ਮਨ ਦੀ ਖੁਸ਼ੀ ਦਾ ਸ਼ਤ-ਪ੍ਰਤੀਸ਼ਤ ਸੂਚਕ ਖੁੱਲ੍ਹ ਕੇ ਹੱਸਿਆ ਜਾਣ ਵਾਲਾ ਹਾਸਾ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ। ਲਗਭਗ ਹਰ ਚਿਹਰਾ ਕਿਸੇ ਚਿੰਤਾ ਦਾ ਸਿਗਨਲ ਦੇ ਰਿਹਾ ਲੱਗਦਾ ਹੈ। ਖੁਸ਼ੀ ਖੇੜੇ 'ਤੇ ਚੜ੍ਹਦੀ ਕਲਾ ਦੇ ਪ੍ਰਤੀਕ ਪੰਜਾਬੀ ਲੋਕ-ਜੀਵਨ ਵਿਚੋਂ ਸਮੇਤ ਪੇਂਡੂ ਪੰਜਾਬ ਦੇ ਲੋਕ-ਜੀਵਨ ਵਿਚੋਂ ਵੀ ਖੁਸ਼ੀ ਦਾ ਰੰਗ ਰਸ ਤੇਜੀ ਨਾਲ ਘਟਦਾ ਦਿਸ ਰਿਹਾ ਹੈ। ਇਸ ਮੋੜ 'ਤੇ ਆ ਕੇ ਮਨ ਦੀ ਖੁਸ਼ੀ ਨੂੰ ਮੁੜ ਮੋੜ ਲਿਆਉਣ ਹਿੱਤ ਸੰਜੀਦਗੀ ਨਾਲ ਵਿਚਾਰ ਹੋਣੀ ਚਾਹੀਦੀ ਹੈ। ਵਰਨਾ ਜਿਸ ਰਫ਼ਤਾਰ ਨਾਲ ਇਹ ਘੱਟ ਰਹੀ ਹੈ ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਵਧੇਰੇ ਗੰਭੀਰ ਨੁਕਸਾਨ ਉਠਾਉਣੇ ਪੈ ਸਕਦੇ ਹਨ। ਅਜੋਕਾ ਮਨੁੱਖ ਕਈ ਬਾਹਰੀ ਅਤੇ ਅੰਦਰੂਨੀ ਜਾਂ ਸਮਾਜਿਕ - ਆਰਥਿਕ-ਰਾਜਨੀਤਕ - ਧਾਰਮਿਕ - ਸਭਿਆਚਾਰਕ ਅਤੇ ਵਿਅਕਤੀਗਤ ਯਾਨੀ ਸਰੀਰਕ ਅਤੇ ਮਾਨਸਿਕ ਆਦਿ ਕਾਰਨਾਂ ਕਰਕੇ ਖੁਸ਼ਮਿਜਾਜ਼ ਹੋਣ ਵਾਲਾ ਖਾਸਾ ਤਿਆਗ ਰਿਹਾ ਹੈ। ਉਸ ਸੜੂ ਤੇ ਕ੍ਰਿਝਣ ਵਾਲਾ ਬਣਦਾ ਜਾ ਰਿਹਾ ਹੈ। ਉਹ ਆਪਣੀ ਖੜੋਤ ਵਾਲੀ ਜਾਂ ਦਿਨੋਂ ਦਿਨ ਨਿੱਘਰਦੀ ਜਾ ਰਹੀ ਆਰਥਿਕ ਹਾਲਤ ਕਰਕੇ ਸਾਰਾ ਦਿਨ ਆਮਦਨ ਖਰਚ ਦੇ ਦੋਵੇਂ ਸਿਰੇ ਮਿਲਾਉਣ ਦੀਆਂ ਗਿਣਤੀਆਂ-ਮਿਣਤੀਆਂ ਵਿਚ ਉਲਝਿਆ ਹੋਇਆ ਆਮ ਕਰਕੇ ਸਾਰਾ ਦਿਨ ਹੀ ਖੁਸ਼ੀ ਦੇ ਅਨੁਭਵ ਤੋਂ ਸੱਖਣਾ ਰਹਿੰਦਿਆਂ ਬਿਤਾ ਦਿੰਦਾ ਹੈ। ਅੱਜ ਦਾ ਮਨੁੱਖ ਵਾਸਤਵ ਵਿਚ ਆਪਣੀ ਅਤੇ ਆਪਣੇ ਪਰਿਵਾਰ ਹੀ ਚਿੰਤਾ ਵਿਚ ਆਪਣੀ ਅਸੁਰੱਖਿਅਤਾ ਨੂੰ ਦੂਰ ਕਰਨ ਤੇ ਸੁਰੱਖਿਆ ਨਿਸ਼ਚਿਤ ਕਰਨ ਹਿੱਤ ਪੱਬਾਂ ਭਾਰ ਹੋਇਆ ਹੈ। ਰੋਟੀ, ਕੱਪੜਾ ਤੇ ਮਕਾਨ ਮਨੁੱਖ ਦੀਆਂ ਮੂਲ ਮਨੁੱਖੀ ਲੋੜਾਂ ਹਨ। ਇਹਨਾਂ ਦੀ ਠੀਕ ਤੇ ਲੋੜੀਂਦੇ ਰੂਪ ਵਿਚ ਯਤਨ ਕਰਨ ਤੇ ਵਾਹ ਲਾਉਣ ਦੇ ਬਾਵਜੂਦ ਪ੍ਰਾਪਤੀ ਨਾ ਹੋ ਸਕਣੀ ਮਨੁੱਖ ਮਾਤਰ ਦੀ ਮਨ ਦੀ ਖੁਸ਼ੀ ਦੀ ਸਭ ਤੋਂ ਵੱਧ ਮਾਰੂ ਵੈਰਨ ਕਹੀ ਜਾ ਸਕਦੀ ਹੈ। ਪਰ ਸਾਰੇ ਮਨੁੱਖਾਂ ਦੀ ਇਸ ਸਬੰਧ ਵਿਚ ਇਹ ਗੱਲ ਨਹੀਂ। ਬਹੁਤ ਸਾਰੇ ਐਸੇ ਵੀ ਹਨ ਜਿਨ੍ਹਾਂ ਦੀਆਂ ਇਹ ਲੋੜਾਂ ਪੂਰੀਆਂ ਹੋ ਰਹੀਆਂ ਹਨ। ਪਰ ਉਹ ਫਿਰ ਵੀ ਮਨ ਦੀ ਖੁਸ਼ੀ ਦੀ ਲਹਿਰ ਤੋਂ ਸਹੂਲਤਾਂ ਤੇ ਐਸ਼ਾਂ ਇਸ਼ਰਤਾਂ ਦਾ ਵੱਧ ਤੋਂ ਵੱਧ ਸਮਾਨ ਇਕੱਠਾ ਕਰਨ ਦਾ ਮੂਲ ਮੰਤਵ ਤਾਂ ਮਨ ਦੀ ਖੁਸ਼ੀ ਹੀ ਹੈ ਨਾ। ਪਰ ਇਹ ਉਲਟਾ ਮਨ ਦੀ ਖੁਸ਼ੀ ਨੂੰ ਖੋਹਣ ਦਾ ਕਾਰਨ ਬਣੇ ਹੋਏ ਦਿਸਦੇ ਹਨ। ਐਸੇ ਲੋਕਾਂ ਦੀ ਮਨ ਦੀ ਖੁਸ਼ੀ ਦੁਨੀਆਂ ਦਾ ਵੱਡੇ ਤੋਂ ਵੱਡਾ ਡਾਕਟਰ/ਮਨੋਵਿਗਿਆਨੀਆਂ ਦੀ ਨਹੀਂ ਮੋੜ ਕੇ ਲਿਆ ਸਕਦਾ। ਪੂਰਨ ਨਿੱਜਵਾਦ ਵਿਚ ਸਿਮਟ ਕੇ ਮਨੁੱਖ ਕਦਾਚਿਤ ਖੁਸ਼ੀ ਨਹੀਂ ਲੱਭ ਸਕਦਾ। ਅਜੋਕੇ ਅਮੀਰ ਮਨੁੱਖ ਨੇ ਆਪਣੀਆਂ ਵੱਡੀਆਂ ਕਨਾਲਾਂ ਦੇ ਰਕਬੇ ਵਿਚ ਫੈਲੀਆਂ ਕੋਠੀਆਂ ਵਿਚ ਆਪਣੇ ਆਪ ਨੂੰ ਬੰਦ ਕਰ ਲਿਆ ਹੈ ਤੇ ਇਵੇਂ ਉਸ ਵਲੋਂ ਮਨ ਦੀ ਖੁਸ਼ੀ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਕਿਸੇ ਪ੍ਰਕਾਰ ਵੀ ਸੰਭਵ ਨਹੀਂ। ਮਨ ਦੀ ਖੁਸ਼ੀ ਲਈ ਲੋਕ-ਕਲਿਆਣਕਾਰੀ ਕੰਮਾਂ-ਕਾਰਜਾਂ ਵਿਚ ਆਪਣੇ ਆਪ ਨੂੰ ਰੁਝਾਈ ਰੱਖਣਾ ਅਤੀ ਜ਼ਰੂਰੀ ਹੈ। ਅਜੋਕਾ ਮਨੁੱਖ ਆਪਣੇ ਧੀਆਂ-ਪੁੱਤਰਾਂ ਨੂੰ ਵੱਧ ਤੋਂ ਵੱਧ ਵਿੱਦਿਆ ਦਿਵਾ ਕੇ ਡਾਕਟਰ, ਇੰਜੀਨੀਅਰ ਆਦਿ ਬਣਾ ਦੇਣ ਵਾਸਤੇ ਵੀ ਤਰਲੋ-ਮੱਛੀ ਹੋਇਆ ਪਿਆ ਹੈ ਤੇ ਇਵੇਂ ਵੀ ਉਸ ਨੇ ਆਪਣੇ ਮਨ ਦੀ ਖੁਸ਼ੀ ਨੂੰ ਦਾਅ 'ਤੇ ਲਾਇਆ ਹੋਇਆ ਹੈ। ਹੱਦੋਂ ਵੱਧ ਫਿਕਰ ਅਤੇ ਚਿੰਤਾ ਨੇ ਬਹੁਤੇ ਮੱਧ ਵਰਗੀ ਪਰਿਵਾਰਾਂ ਦਾ ਚੈਨ ਲੁੱਟ ਲਿਆ ਹੋਇਆ ਹੈ। ਮਨ ਦੀ ਖੁਸ਼ੀ ਹਾਸਲ ਕਰਨ ਵਾਸਤੇ ਇਸ ਗੈਰ-ਜ਼ਰੂਰੀ ਚਿੰਤਾ ਤੋਂ ਵੀ ਮੁਕਤ ਹੋਈਏ। ਮਨ ਦੀ ਖੁਸ਼ੀ ਨੂੰ ਬਾਹਰੀ ਕਾਰਨ ਵੀ ਕਿਸੇ ਹੱਦ ਤੱਕ ਪ੍ਰਭਾਵਿਤ ਤਾਂ ਕਰਦੇ ਹਨ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਕਾਰਨਾਂ ਨੂੰ ਅਸੀਂ ਸੁਹਿਰਦਾ ਤੇ ਸੰਕਲਪੀ ਯਤਨਾਂ ਦੁਆਰਾ ਕਾਫ਼ੀ  ਹੱਦ ਤੱਕ ਬੇਅਸਰ ਕਰ ਸਕਦੇ ਹਾਂ। ਉਂਜ ਸਮੁੱਚੇ ਤੌਰ 'ਤੇ ਮਨ ਦੀ ਖੁਸ਼ੀ ਵਾਸਤਵ ਵਿਚ ਸਾਡੇ ਮਨ ਦੀ ਦਸ਼ਾ ਹੈ। ਬਾਹਰ ਦੀਆਂ ਵਸਤੂਆਂ ਨਾਲ ਇਸ ਦਾ ਕੋਈ ਜ਼ਿਆਦਾ ਸਬੰਧ ਨਹੀਂ ਹੁੰਦਾ। ਅਤਿ ਟੇਢੀਆਂ ਹਾਲਤਾਂ ਵਿਚ ਵੀ ਮਨ ਨੂੰ ਗੁਰਮਤਿ ਗਿਆਨ ਦੀ ਸੇਧ ਲੈਂਦਿਆਂ ਊਚੇ ਇਰਾਦੇ ਕਾਇਮ ਰੱਖੇ ਜਾ ਸਕਦੇ ਹਨ, ਮਨ ਦੀ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਅਜੋਕਾ ਮਨੁੱਖ ਮਨ ਦੀ ਖੁਸ਼ੀ ਖਾਣ-ਪੀਣ ਤੇ ਨੱਚਣ-ਟੱਪਣ ਦੇ ਜਸ਼ਨਾਂ ਵਿਚੋਂ ਵੀ ਲੱਭ ਰਿਹਾ ਦਿਸਦਾ ਹੈ ਪਰ ਇਸ ਵਿਚ ਉਸ ਨੂੰ ਹਾਸਲ ਹੋਣ ਵਾਲੀ ਸਫਲਤਾ ਚੰਦ ਘੜੀਆਂ ਪਲਾਂ ਲਈ ਹੀ ਹੁੰਦੀ ਹੈ। ਸਦੀਵੀ ਤਾਂ ਕਿਧਰੇ ਰਹੀ, ਕੁਝ ਦਿਨ ਟਿਕ ਸਕਣ ਵਾਲੀ ਖੁਸ਼ੀ ਵੀ ਇਹਨਾਂ ਜਸ਼ਨਾਂ ਵਿਚੋਂ ਨਹੀਂ ਲੱਭ ਸਕਦੀ। ਇਹ ਭੋਗਵਾਦ ਹੈ, ਆਪਣੀ ਸਰੀਰਕ ਅਤੇ ਮਾਨਸਿਕ ਊਰਜਾ ਨੂੰ ਰਸਾਂ-ਕਸਾਂ ਦੇ ਚੱਕਰ ਵਿਚ ਉਲਝ ਤੇ ਅਜਾਈਂ ਗੁਆਉਣਾ ਹੈ। ਇਵੇਂ ਹੀ ਫੈਸ਼ਨਾਂ ਦੇ ਹੜ੍ਹ ਵਿਚ ਅਤੇ ਨਸ਼ਿਆਂ ਦੇ ਵਹਿਣ ਵਿਚ ਵਹਿ ਰਹੀ ਸਾਡੀ ਨਵੀਂ ਪੀੜ੍ਹੀ ਵੀ ਕੁਝ ਆਪਣੀਆਂ ਤੇ ਕੁਝ ਸਾਡੀਆਂ ਨਿਗਰਾਨ ਪੀੜ੍ਹੀ ਦੀਆਂ ਗਲਤੀਆਂ ਕਰਕੇ ਮਨ ਦੀ ਬਹੁਤ ਥੋੜ੍ਹ-ਚਿਰੀ ਝੂਠੀ ਖੁਸ਼ੀ ਕਾਰਨ ਤਨ, ਮਨ, ਧਨ ਸਭ ਕੁਝ ਬਰਬਾਦ ਕਰਨਦੇ ਕੁਰਾਹੇ ਪੈ ਚੁੱਕੀ ਹੈ। ਸਿੱਖ ਪੰਥ ਦੇ ਭਵਿੱਖੀ ਸਰਮਾਏ ਰੂਪੀ ਨਵੀਂ ਪੀੜ੍ਹੀ ਨੂੰ ਇਸ ਪੱਖੋਂ ਬਚਾਉਣ ਲਈ ਨਿਗਰਾਨ ਪੀੜ੍ਹੀ ਵੱਲੋਂ ਸੁਘੜ ਸਿਆਣੀ ਪਹੁੰਚ ਅਪਣਾਈ ਜਾਣੀ ਅਤੀ ਜ਼ਰੂਰੀ ਹੈ। ਉਸ ਨੂੰ ਮਨ ਦੀ ਖੁਸ਼ੀ ਪ੍ਰਾਪਤੀ ਦੇ ਸਦੀਵੀ ਸਰੋਤਾਂ ਦੀ ਖ਼ਬਰ-ਸਾਰ ਦੇਣੀ ਪਵੇਗੀ। ਇਕ ਪਾਸੇ ਚਰਮ-ਖੁਸ਼ੀਆਂ ਵੱਲ ਉਲਾਰ ਹੈ ਤਾਂ ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ ਸਮਤੋਲ ਘੱਟ ਹੀ ਨਜ਼ਰ ਆ ਰਿਹਾ ਹੈ। ਧਰਮ ਨੂੰ ਮਾਨਵਤਾ ਦੀਆਂ ਖੁਸ਼ੀਆਂ ਤੇ ਖੇੜਿਆਂ ਦਾ ਜ਼ਾਮਨ ਹੋਣਾ ਚਾਹੀਦਾ ਹੈ ਪਰ ਅਜੋਕੇ ਸਮੇਂ ਤੋਤਾ ਰਟਨ, ਸੰਪਟ ਪਾਠਾਂ ਦੀਆਂ ਲੰਮੀਆਂ ਤੇ ਅਮੁੱਕ ਲੜੀਆਂ ਦੇ ਕਰਮ-ਕਾਂਡ ਨੂੰ ਹੀ ਧਰਮ ਵਜੋਂ ਉਭਾਰ ਕੇ ਧਰਮ ਨੂੰ ਇਕ ਰੁੱਖੀ ਚੀਜ਼ ਬਣਾ ਦਿੱਤਾ ਗਿਆ ਹੈ ਜਿਸ ਦੇ ਲਾਗੇ ਆਉਣ ਤੋਂ ਮਨੁੱਖ ਆਮ ਕਰਕੇ ਅਤੇ ਨਵੀਂ ਪੀੜ੍ਹੀ ਖਾਸ ਕਰਕੇ ਡਰ ਰਹੀ ਹੈ। ਕਿਰਤ ਦੇ ਨਾਲ ਨਾਮ ਜਪਣ ਤੇ ਵੰਡ ਛਕਣ ਦੇ ਗੁਰਮਤੀ ਸੂਤਰ ਅਤਿਅੰਤ ਜ਼ਰੂਰੀ ਹਨ। ਪਰ ਨਾਪ ਜਪਣ ਤੋਂ ਭਾਵ ਗੁਣਾਂ ਦੇ ਸਰਵੋਤਮ ਸਿਰਜਕ ਅਕਾਲ ਪੁਰਖ ਤੋਂ ਉਸ ਦੀ ਕਾਇਨਾਤ ਦੇ ਚਿੰਤਨ ਤੇ ਦਰਸ਼ਨ-ਦੀਦਾਰੇ ਜਾਂ ਅਨੁਭਵ ਤੋਂ ਲਿਆ ਜਾਣਾ ਚਾਹੀਦਾ ਹੈ ਜੋ ਮਨ ਤੇ ਆਤਮਾ ਨੂੰ ਸਦੀਵੀ ਖੇੜਾ ਬਖਸ਼ਦਾ ਹੈ ਨਾ ਕਿ ਤੋਤਾ-ਰਟਣ ਅਖੌਤੀ ਸਿਮਰਨ ਜੋ ਨਾਮ-ਧਰੀਕ ਸਾਧਾਂ-ਸੰਤਾਂ ਦਾ ਹਲਵਾ-ਮਾਂਡਾ ਤੇ ਦੁਕਾਨਦਾਰੀ ਚਲਾ ਰਿਹਾ ਹੈ। ਮਨ ਦੀ ਖੁਸ਼ੀ ਲਈ ਸਫਲਤਾ ਪ੍ਰਾਪਤੀ ਸਰੋਤਾਂ ਬਣਦੀਆਂ ਹਨ ਪਰ ਜ਼ਿੰਦਗੀ ਵਿਚ ਸਫਲਤਾਵਾਂ-ਪ੍ਰਾਪਤੀਆਂ ਦਾ ਰੁਝਾਨ ਇਸ ਸਮੇਂ ਉਲਾਰ ਤੇ ਪਾਗਲਪਨ ਦੀ ਹੱਦ ਤੱਕ ਪੁੱਜ ਚੁੱਕਾ ਹੈ। ਸਾਡੇ ਮਨ ਦੀ ਖੁਸ਼ੀ, ਦੂਜਿਆਂ ਦਾ ਯੋਗ ਖਿਆਲ ਰੱਖਣ ਵਿਚੋਂ ਉਗਮੇਂ ਤਾਂ ਸਮਝੋ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ, ਨਹੀਂ ਤਾਂ ਨਿਰੋਲ ਆਪਣੇ ਆਪ ਦੀ ਹੀ ਤ੍ਰਿਪਤੀ ਬਾਰੇ ਸੋਚਣਾ ਤੇ ਲੋਚਣਾ ਗਲਤ ਹੈ। ਜੇਕਰ ਅਸੀਂ ਤੰਗ ਦਾਇਰੇ ਵਾਲੀਆਂ ਗੱਲਾਂ ਵਿਚੋਂ ਆਪਣੇ ਮਨ ਦੀ ਖੁਸ਼ੀ ਲੱਭਣ ਜਾਂ ਮਹਿਸੂਸ ਕਰਨ ਤੋਂ ਉਚੇਚੇ ਉਠ ਸਕੀਏ ਤਾਂ ਨਿਸ਼ਚੇ ਹੀ ਸਾਡੇ ਲਈ ਮਨ ਦੀ ਸਦੀਵੀ ਖੁਸ਼ੀ ਦੇ ਬੰਦ ਹੋਏ ਬੂਹੇ ਖੁਲ੍ਹ ਸਕਦੇ ਹਨ ਫਿਰ ਅਜਿਹੀ ਅਵਸਥਾ ਹਾਸਲ ਹੋ ਜਾਵੇਗੀ -
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ।
ਬੁਰਾ ਨਹੀਂ ਸਭੁ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ।