ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ, ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਦਾ ਵੀ ਕੋਈ ਹੱਕ ਨਹੀਂ


ਗੁਰੂ ਗ੍ਰੰਥ ਨੂੰ ਮੰਨਣ ਵਾਲਾ ਹੀ ਇਕ ਸਿੱਖ ਹੈ। ਇਕ ਸਿੱਖ ਹੋਣ ਦੀ ਪਰਿਭਾਸ਼ਾ ਵੀ ਇਹ ਹੀ ਹੈ, ਤੇ ਸਿੱਖ ਹੋਣ ਦਾ ਸਬੂਤ ਵੀ ਇਹ ਹੀ ਹੈ, ਕੇ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਅਪਣਾਂ ਗੁਰੂ ਮਣਦਾ ਹੈ, ਉਹ ਹੀ ਸਿੱਖ ਹੈ। ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਾ ਬੇਮੁਖ ਬੰਦਾ, ਜੋ ਆਪਣੇ ਗੁਰੂ ਤੇ ਹੀ ਸ਼ੱਕ ਕਰਦਾ ਹੈ, ਉਹ ਗੁਰੂ ਦਾ ਇਕ ਸੱਚਾ ਸਿੱਖ ਕਿਵੇਂ ਹੋ ਸਕਦਾ ਹੈ, ਤੇ ਜਿਸਤੇ ਸਵਾਲੀਆ ਨਿਸ਼ਾਨ ਲਗਾ ਹੋਵੇ, ਉਹ ਉਸ ਦਾ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ?
ਅੱਜ ਆਪਣੀ ਵਿਦਵਤਾ ਦਾ ਝੰਡਾ ਗਡਣ ਲਈ ਬੇਤਾਬ “ਕੱਠਮੁੱਲੇ ਵਿਦਵਾਨ” ਅਪਣੇ ਗੁਰੂ ਦੀ ਪ੍ਰਮਾਣਿਕਤਾ ਤੇ ਹੀ “ਥੀਸਿਸ” ਲਿਖੀ ਜਾ ਰਹੇ ਨੇ। ਆਪਣੇ ਹੀ ਗੁਰੂ ਨੂੰ ਸਰੇ ਬਾਜਾਰ ਖੜ੍ਹਾ ਕਰਕੇ ਸਾਰੀ ਦੁਨੀਆਂ ਨੂੰ ਤਮਾਸ਼ਾ ਦਿਖਾ ਰਹੇ ਨੇ ਤੇ ਪੂਰੀ ਕੌਮ ਨੂੰ ਵੀ ਤਮਾਸ਼ਾ ਬਣਾ ਰਹੇ ਨੇ। ਜਿਸ ਨੂੰ ਅਪਣੇ ਗੁਰੂ ਦੀ ਪ੍ਰਮਾਣਿਕਤਾ ਬਾਰੇ ਕੋਈ ਸ਼ੱਕ ਹੈ, ਉਹ ਉਸ ਨੂੰ ਆਪਣਾ ਗੁਰੂ ਮੰਨੇ ਜਾਂ ਨਾ ਮਨੇ , ਇਸ ਵਿਚ ਕਿਸੇ ਨੂੰ ਕੋਈ ਇਤਰਾਜ ਨਹੀ, ਲੇਕਿਨ ਅਪਣੀ “ਅਖੌਤੀ ਵਿਦਵਤਾ“ ਦਾ ਪਾਟਿਆ ਤੇ ਬੇਸੁਰਾ ਢੋਲ ਵਜਾ ਵਜਾ ਕੇ ਦੂਜੇ ਸਿੱਖ ਦੀ ਧਾਰਮਿਕ ਆਸਥਾ ਤੇ ਸੱਟ ਮਾਰਨ ਦਾ ਦੁੱਸਾਹਸ ਵੀ ਨਾਂ ਕਰੇ।
ਡਾ. ਇਕਬਾਲ ਸਿੰਘ ਢਿੱਲੋਂ ਤੇ ਉਸ ਦੇ ਪਿੱਛੇ ਖੜ੍ਹੇ ਪੰਜ ਸੱਤ ਕਾਮਰੇਡਾਂ ਦੀ ਨਾਸਤਿਕ ਵਿਚਾਰ ਧਾਰਾ ਵਾਲੀ ਜੁੰਡਲੀ, ਉਸ ਨੂੰ ਸਿੱਖਾਂ ਦੇ ਧਾਰਮਿਕ ਅਦਾਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਬਾਰੇ “ਕੂੜ ਗਿਆਨ” ਦਾ ਉਹ ਬਦਬੂਦਾਰ ਖਾਣਾਂ ਪਰੋਸ ਰਹੇ ਨੇ, ਜੋ ਪੰਥ ਦਰਦੀਆਂ ਨੂੰ ਪੱਚ ਨਹੀਂ ਰਿਹਾ। ਗੁਰੂ ਦੇ ਸਿਰਜੇ ਅਕਾਲ ਤਖਤ ਦੇ ਸਿਧਾਂਤ ਨੂੰ ਉਹ “ਨਕਲੀ” “ਅਖੌਤੀ”, “ਅੱਡਾ”, “ਇਕ ਥੜਾ” ਤੇ “ਗੁਰੂ ਦੀ ਬਣਾਈ ਰਿਹਾਇਸ਼ ਗਾਹ” ਵਰਗੇ ਤੁੱਛ ਤੇ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕਰਕੇ, ਇਸ ਤੋਂ ਸਿੱਖਾਂ ਨੂੰ “ਖਹਿੜਾ ਛੁੜਾ ਲੈਣ ਦੇ ਹਲੂਣੇ” ਦੇ ਰਹੇ ਨੇ। ਇਸ ਤੋਂ ਬਾਅਦ ਜੋਗਿੰਦਰ ਸਿੰਘ ਸਪੋਕਸਮੈਨ ਵੀ ਉਸ ਕਤਾਰ ਵਿਚ ਖੜ੍ਹਾ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਬਾਰੇ ਅੰਟ ਸ਼ੰਟ ਵਿਦਵਤਾ ਦੀ ਜੁਗਾਲੀ ਕਰਨ ਲਗਾ ਹੈ। ਉਸ ਦੀ 20.07.2011 ਦੀ ਸੰਪਾਦਕੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦਾ ਦਿਲ ਹੀ ਵਲੂੰਧਰ ਕੇ ਲੈ ਗਈ, ਜਦੋਂ ਉਸ ਨੇ ਅਪਣੀ ਇਸ ਸੰਪਾਦਕੀ ਵਿਚ ਇਹ ਕਹਿ ਦਿੱਤਾ ਕਿ -
'ਬੇਸ਼ੱਕ ਕਰਤਾਰਪੁਰੀ ਬੀੜ, ਜੋ ਅਸਲ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਅਰਥਾਤ ਘੱਟੋ- ਘੱਟ ਛੇਵੀਂ ਨਕਲ ਹੈ, ਨੂੰ ਭਾਈ ਜੋਧ ਸਿੰਘ ਵਰਗੇ ਵਿਦਵਾਨਾਂ ਜਮ੍ਹਾਂ ਸਿਆਸਤਦਾਨਾਂ ਦੀ ਗਵਾਹੀ ਪਵਾ ਪਾ ਕੇ, ਪ੍ਰਮਾਣੀਕ ਮੰਨ ਲਿਆ ਗਿਆ ਹੈ ਪਰ ਕੋਈ ਵੀ ਮਨੁੱਖੀ ਫੈਸਲਾ, ਆਖ਼ਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿੱਚ ਚੰਗੇ ਜ਼ਜ਼ਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ। ਡਾ : ਗੁਰਸ਼ਰਨਜੀਤ ਸਿੰਘ ਨੇ ਆਪਣੀ ਪੁਸਤਕ ਵਿੱਚ ਇਨ੍ਹਾਂ ਵਿਦਵਾਨਾਂ ਦੇ ਵੀਚਾਰ ਇੱਕ ਥਾਂ ਇਕੱਠੇ ਕਰ ਦਿੱਤੇ ਹਨ।
 ਦੂਜੀ ਪ੍ਰਕਾਰ ਦੀ ਸੋਚ ਵਾਲੇ ਅਰਥਾਤ ਪੁਰਾਤਨ ਵਾਦੀਏ ਇਹੀ ਕਹੀ ਜਾਂਦੇ ਹਨ ਕਿ ਅੱਖਰ ਲਗ ਮਾਤਰ, ਜੋ ਉਨ੍ਹਾਂ ਨੇ ਅੰਤਿਮ ਮੰਨ ਲਏ ਹਨ ਉਨ੍ਹਾਂ ਵਿਚ ਕੋਈ ਘਾਟਾ ਵਾਧਾ ਨਹੀ ਹੋ ਸਕਦਾ। ਅਜਿਹਾ ਕਹਿਣ ਲੱਗਿਆਂ ਉਹ ਇਹ ਭੁੱਲ ਜਾਂਦੇ ਹਨ ਕਿ ਅੱਖਰ ਲਗ ਮਾਤਰ ਕੇਵਲ ਇੱਕ ਲਿਫ਼ਾਫ਼ੇ ਵਾਂਗ ਹੁੰਦੇ ਹਨ ਜਿਨ੍ਹਾਂ ਵਿਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ। ਸਿਆਣੇ ਲੋਕ ਲਿਫ਼ਾਫ਼ੇ ਵਿਚ ਪਏ ਸੌਦੇ ਨੂੰ ਲੈ ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵ।'
ਗੁਰੂ ਗ੍ਰੰਥ ਸਾਹਿਬ ਜੋ ਸਿੱਖਾਂ ਦੇ ਸਤਕਾਰਤ ਗੁਰੂ ਹਨ ਤੇ ਜਿਸਨੂੰ “ਚਵਰ ਤਖਤ ਦੇ ਮਾਲਿਕ” ਕਹਿ ਕੇ ਸਿੱਖ ਸਤਕਾਰਦੇ ਹਨ ਕੀ ਉਸ ਨੂੰ “ਲਿਫਾਫਾ” ਕਹਿ ਕੇ ਸੰਬੋਧਿਤ ਕਰਨਾ, ਇਕ “ਸਿੱਖ” ਲਈ ਬਰਦਾਸ਼ਤ ਦੇ ਕਬਿਲ ਹੋ ਸਕਦਾ ਹੈ? ਇਹ “ਕੱਠਮੁੱਲੇ ਵਿਦਵਾਨ” ਕਿਸੇ “ਆਮ ਕਿਤਾਬ” ਬਾਰੇ ਗਲ ਕਰ ਰਹੇ ਨੇ ਕੇ ਸਿੱਖਾਂ ਦੀ ਹੋਂਦ ਦੇ ਇਕੋ ਇਕ ਕਾਰਣ ( ਜਿਸ ਨੂੰ ਮੰਨਣ ਦੇ ਕਰਕੇ ਹੀ ਇਕ ਮਨੁਖ ਸਿੱਖ ਅਖਵਾਂਉਦਾ ਹੈ) ਉਨ੍ਹਾਂ ਦੇ ਸਤਕਾਰਤ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਬਾਰੇ ਗਲ ਕਰ ਰਹੇ ਨੇ।
ਬੜੇ ਦੁਖ ਤੇ ਹੈਰਾਨਗੀ ਵਾਲੀ ਗਲ ਇਹ ਹੈ ਕੇ ਅਪਣੇ ਆਪ ਨੂੰ ਬਹੁਤ ਜਾਗਰੂਕ ਤੇ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਤੇ ਨਿਤ ਉਸ ਅਖਬਾਰ ਅਤੇ ਇਕ ਖਾਸ ਵੇਬਸਾਈਟ ਵਿਚ ਅਪਣਾਂ ਫੋਟੂਆ ਤੇ ਲੇਖ ਛਪਵਾ ਕੇ ਸੁਰਖੀਆਂ ਵਿਚ ਰਹਿਣ ਵਾਲੇ ਕੁਝ ਸਿੱਖ, ਇਨ੍ਹਾਂ “ਆਪਹੁਦਰੇ ਵਿਦਵਾਨਾਂ” ਦੀਆ ਐਸੀਆਂ ਹਰਕਤਾਂ ਨੂੰ, ਆਪਣੇ ਗੁਰੂ ਦੀ ਜਨਤਕ ਤੌਰ ਲਾਹੀ ਜਾ ਰਹੀ ਪੱਤ ਨੂੰ, ਮੂਕ ਦਰਸ਼ਕ ਬਣ ਕੇ ਵੇਖੀ ਜਾ ਰਹੇ ਨੇ। ਹੁਣ ਉਨਾਂ ਨੂੰ “ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋ ਰਹੀ ਬੇਪਤੀ ਦਿਖਾਈ ਕਿਉ ਨਹੀਂ ਦੇ ਰਹੀ? ਜੋ ਉਨਾਂ ਨੂੰ ਅਖੌਤੀ ਦਸਮ ਗ੍ਰੰਥ ਦੇ “ਹਨੇਰੇ” ਨਾਲ ਦਿਖਾਈ ਦੇਂਦੀ ਹੈ। ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਕੂੜ ਕਿਤਾਬ ਦਾ ਵਿਰੋਧ ਕਿਸ ਲਈ ਸ਼ੁਰੂ ਕੀਤਾ ਸੀ? ਸਿਰਫ ਇਸੇ ਲਈ ਨਾਂ, ਕੇ ਉਸ ਦੇ ਪ੍ਰਕਾਸ਼ (ਹਨੇਰੇ) ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੁੰਦਾ ਹੈ ਤੇ ਇਹ ਗ੍ਰੰਥ “ਸ਼ਬਦ ਗੁਰੂ” ਦੇ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਤੇ ਸਿੱਖੀ ਸਿਧਾਂਤਾਂ ਨੂੰ ਸੱਟ ਵਜਦੀ ਹੈ। ਜੇ ਉਨ੍ਹਾਂ ਨੂੰ “ਸ਼ਬਦ ਗੁਰੂ” ਦੇ ਮੌਜੂਦਾ ਸਰੂਪ ਤੇ ਹੀ ਸ਼ੱਕ ਹੈ, ਅਤੇ ਉਸ ਦੇ ਮੌਜੂਦਾ ਸਰੂਪ ਨੂੰ ਹੀ ਉਹ ਗੁਰੂ ਨਹੀਂ ਮੰਨਦੇ, ਤੇ ਫੇਰ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਿਉਂ? ਮੂਕ ਤੇ ਚੁਪ ਰਹਿਣ ਦਾ ਸਿੱਧਾ ਮਤਲਬ ਇਹ ਹੁੰਦਾ ਹੈ, ਕਿ ਮੂਕ ਰਹਿਣ ਵਾਲਾ ਬੰਦਾ, ਉਸ ਗਲ ਦਾ ਸਮਰਥਕ ਹੈ, ਜੋ ਅਗਲਾ ਕਹਿ ਰਿਹਾ ਹੈ। ਇਨਾਂ ਜਾਗਰੂਕ ਧਿਰਾਂ ਦੀ ਇਸ ਚੁੱਪ ਨੂੰ ਵੇਖ ਕੇ ਤੇ ਇਹ ਲਗਦਾ ਹੈ ਕੇ ਇਹ ਗੁਰਮਤਿ ਦਾ ਦਮ ਭਰਨ ਵਾਲੇ ਇਨ੍ਹਾਂ ਸਿੱਖਾਂ ਦਾ ਅਖੋਤੀ ਦਸਮ ਗ੍ਰੰਥ ਬਾਰੇ ਵਿਰੋਧ ਕਰਨਾ ਇਕ ਢਕੋਸਲਾ ਮਾਤਰ ਹੈ, ਹੋਰ ਕੁਝ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦਾ ਹੀ ਸਤਿਕਾਰ ਨਹੀਂ ਤੇ ਫੇਰ ਦਸਮ ਗ੍ਰੰਥ ਦਾ ਵਿਰੋਧ ਕਿਉ?
ਅੱਜ ਸਿੱਖ ਕੌਮ ਦਾ ਜਾਗਰੂਕ ਅਖਵਾਉਣ ਵਾਲਾ ਤਬਕਾ ਜਾਂ ਤੇ ਸੌਂ ਗਇਆ ਹੈ, ਜਾਂ ਝੂਠੀ ਖੁਸ਼ਾਮਦ ਦੀ ਰਾਹ ਤੇ ਤੁਰ ਪਿਆ ਹੈ। ਚੌਧਰ ਤੇ ਧਿਰਵਾਦੀ ਪਰੰਪਰਾ ਵਿਚ ਪੈ ਕੇ, ਸੱਚ ਦੀ ਗਲ ਦਾ ਸਮਰਥਨ ਤੇ ਝੂਠ ਦੀ ਗਲ ਦਾ ਵਿਰੋਧ ਕਰਨਾ ਤੇ ਉੱਕਾ ਹੀ ਭੁਲ ਚੁਕਾ ਹੈ। ਅੱਜ ਜੇ ਮੁਸਲਮਾਨਾਂ ਦੇ ਕਿਸੇ ਪੀਰ ਪੈਗੰਬਰ ਦੇ ਬਾਰੇ ਕੋਈ ਕਿੰਤੂ ਕਰੇ, ਤੇ ਉਹ ਫੌਰਨ ਉਸ ਬੰਦੇ ਦਾ ਸਮਾਜਿਕ ਤੇ ਧਾਰਮਿਕ ਬਾਈਕਾਟ ਕਰ ਦੇਂਦੇ ਹਨ ਤੇ ਉਸ ਦਾ ਉਹ ਹਸ਼ਰ ਹੁੰਦਾ ਹੈ, ਜੋ ਮੁਸਲਮਾਨ ਹੋਣ ਦੇ ਬਾਵਜੂਦ ਤਸਲੀਮਾਂ ਨਸਰੀਨ ਤੇ ਸਲਮਾਨ ਰੁਸ਼ਦੀ ਦਾ ਹੋ ਰਿਹਾ ਹੈ। ਤਸਲੀਮਾਂ ਨਸਰੀਨ ਤੇ ਸਲਮਾਨ ਰੁਸ਼ਦੀ ਜੋ ਦੋਵੇਂ ਮੁਸਲਮਾਨ ਹਨ ਤੇ ਅਪਣੇ ਦੇਸ਼ ਵਿਚ ਵੜਨ ਦੀ ਹਿਮੰਤ ਨਹੀਂ ਕਰ ਸਕਦੇ। ਖਾਨਾਂ ਬਦੋਸ਼ਾ ਵਾਲਾ ਜੀਵਨ ਬਸਰ ਕਰ ਰਹੇ ਨੇ। ਇਕ ਅਸੀ ਹਾਂ ਕੇ ਐਸੇ ਸਿੱਖ ਅਖਵਾਉਣ ਵਾਲੇ ਲੋਕਾਂ ਕੋਲੋਂ “ਗਿਆਨ ਤੇ ਖੋਜ” ਦੇ ਬਹਾਨੇ ਆਪਣੇ ਗੁਰੂ ਦੀ ਹੀ ਬੇਇਜੱਤੀ ਕਰਵਾ ਕੇ ਉਸ ਬੰਦੇ ਦੀ ਪਿਠ ਤੇ ਖੜੇ ਹੋ ਜਾਂਦੇ ਹਾਂ, ਤੇ ਸੱਚ ਦੀ ਗਲ ਕਰਨ ਵਾਲੇ ਨੂੰ ਅਪਮਾਨਿਤ ਕਰਨ ਵੇਲੇ ਝੱਟ ਵੀ ਨਹੀਂ ਲਾਉਦੇ। ਸਾਡੀ ਕੌਮ ਦੇ ਨਿਘਾਰ ਵਿਚ ਇਹ ਜਾਗਰੂਕ ਤਬਕਾ ਹੀ ਸਭ ਤੋਂ ਵੱਧ ਜਿੰਮੇਵਾਰ ਸਾਬਿਤ ਹੋ ਰਿਹਾ ਹੈ, ਜਦਕਿ ਕੌਮ ਵਿਚ ਚੇਤਨਾਂ ਲਿਆਉਣ ਵਿਚ ਸਭ ਤੋਂ ਵੱਧ ਯੋਗਦਾਨ ਇਸ ਤਬਕੇ ਦਾ ਹੁੰਦਾ ਹੈ। ਇਕ ਗੱਲ ਇਥੇ ਸਾਫ ਤੌਰ 'ਤੇ ਕਹਿ ਦੇਣਾ ਚਾਹੁੰਦਾ ਹਾਂ, ਕਿ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ, ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰਨ ਦਾ ਭੀ ਕੋਈ ਹੱਕ ਨਹੀਂ ਹੈ। ਇਨ੍ਹਾਂ ਦੇ ਮੂੰਹ ਤੋਂ ਹੁਣ ਅਖੋਤੀ ਦਸਮ ਗ੍ਰੰਥ ਦੇ ਵਿਰੋਧ ਦੀਆਂ ਗੱਲਾਂ ਹੁਣ ਕੁਝ ਜਚਦੀਆਂ ਨਹੀਂ ਹਨ। ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ ਗੁਰੂ ਨਹੀਂ ਮੰਨਦੇ, ਫੇਰ ਕੋਈ ਦੂਜਾ ਗ੍ਰੰਥ ਜਾ ਕਿਤਾਬ ਉਸ ਦੇ ਸਿਧਾਂਤ ਨਾਲ ਮੇਲ ਖਾਂਦੀ ਹੋਵੇ ਜਾਂ ਨਾਂ ਮੇਲ ਖਾਂਦੀ ਹੋਵੇ ,ਉਨਾਂ ਨੂੰ ਕੀ ਫਰਕ ਪੈਂਦਾ ਹੈ?
ਇੰਦਰਜੀਤ ਸਿੰਘ ਕਾਨਪੁਰ