ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਵਾਲਿਆਂ ਦੀ ਵਿਦਿਆ ਖੋਤੇ 'ਤੇ ਲੱਦਿਆ ਚੰਦਨ ਦਾ ਭਾਰ ਤਾਂ ਨਹੀਂ?


20 ਜੁਲਾਈ ਨੂੰ ਸ੍ਰ. ਜੋਗਿੰਦਰ ਸਿੰਘ ਰੋਜ਼ਾਨਾ ਸਪੋਕਸਮੈਨ ਨੇ ਇਕ ਸੰਪਾਦਕੀ ਲਿਖ ਮਾਰੀ। ਉਨ੍ਹਾਂ ਲਿਖਿਆ ਹੈ : 'ਬੇਸ਼ੱਕ ਕਰਤਾਰਪੁਰੀ ਬੀੜ, ਜੋ ਅਸਲ ਕੀ ਨਕਲ ਕੀ ਨਕਲ ਕੀ ਨਕਲ ਕੀ ਨਕਲ ਅਰਥਾਤ ਘੱਟੋ-ਘੱਟ ਛੇਵੀਂ ਨਕਲ ਹੈ, ਨੂੰ ਭਾਈ ਜੋਧ ਸਿੰਘ ਵਰਗੇ ਵਿਦਵਾਨਾਂ ਜਮ੍ਹਾਂ ਸਿਆਸਤਦਾਨਾਂ ਦੀ ਗਵਾਹੀ ਪਵਾ ਪਾ ਕੇ, ਪ੍ਰਮਾਣੀਕ ਮੰਨ ਲਿਆ ਗਿਆ ਹੈ ਪਰ ਕੋਈ ਵੀ ਮਨੁੱਖੀ ਫੈਸਲਾ, ਆਖਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿਚ ਚੰਗੇ ਜ਼ਜਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ। ਡਾ: ਗੁਰਸ਼ਰਨਜੀਤ ਸਿੰਘ ਨੇ ਆਪਣੀ ਪੁਸਤਕ ਵਿਚ ਇਨ੍ਹਾਂ ਵਿਦਵਾਨਾਂ ਦੇ ਵਿਚਾਰ ਇਕ ਥਾਂ ਇਕੱਠੇ ਕਰ ਦਿੱਤੇ ਹਨ। ਦੂਜੀ ਪ੍ਰਕਾਰ ਦੀ ਸੋਚ ਵਾਲੇ ਅਰਥਾਤ ਪੁਰਾਤਨਵਾਦੀਏ ਇਹੀ ਕਹੀ ਜਾਂਦੇ ਹਨ ਕਿ ਅੱਖਰ ਲਗ ਮਾਤਰ, ਜੋ ਉਨ੍ਹਾਂ ਨੇ ਅੰਤਿਮ ਮੰਨ ਲਏ ਹਨ ਉਨ੍ਹਾਂ ਵਿਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ। ਅਜਿਹਾ ਕਹਿਣ ਲੱਗਿਆਂ ਉਹ ਇਹ ਭੁੱਲ ਜਾਂਦੇ ਹਨ ਕਿ ਅੱਖਰ ਲਗ ਮਾਤਰ ਕੇਵਲ ਇਕ ਲਿਫ਼ਾਫ਼ੇ ਵਾਂਗ ਹੁੰਦੇ ਹਨ ਜਿਨ੍ਹਾਂ ਵਿਚ ਵੀਚਾਰਾਂ ਦਾ ਸੌਦਾ ਪਿਆ ਹੁੰਦਾ ਹੈ। ਸਿਆਣੇ ਲੋਕ ਲਿਫ਼ਾਫ਼ੇ ਵਿਚ ਪਏ ਸੌਦੇ ਨੂੰ ਲੈ ਕੇ ਖਹਿਬੜਦੇ ਹਨ ਜਦ ਕਿ ਘੱਟ ਸਮਝ ਵਾਲਿਆਂ ਦੀ ਸਾਰੀ ਲੜਾਈ ਲਿਫ਼ਾਫ਼ਿਆਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਸੁਨਹਿਰੀ ਬੀੜ ਵਰਗੇ ਪ੍ਰਸ਼ਨਾਂ ਨੂੰ ਲੈ ਕੇ ਇਸ ਤਰ੍ਹਾਂ ਲੋਹੇ ਲਾਖੇ ਹੋਣ ਦਾ ਯਤਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਵੇਂ ਧਰਮ ਦਾ ਕਾਹਬਾ ਢਹਿ ਪਿਆ ਹੋਵੇ।'
       ਜਿਹੜਾ ਵਿਦਵਾਨ ਕਿਸੇ ਲਿਖਤ ਖਾਸ ਕਰਕੇ ਗੁਰਬਾਣੀ ਵਿਚ ਵਰਤੇ ਗਏ ਅੱਖਰ ਲਗ ਮਾਤਰ ਨੂੰ ਮਹਿਜ ਇਕ ਲਿਫ਼ਾਫ਼ਾ ਸਮਝਦਾ ਹੋਵੇ ਉਸ ਦੀ ਵਿਦਵਤਾ ਅਤੇ ਸਿਆਣਪ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਸ ਆਪੂੰ ਬਣੇ ਵਿਦਵਾਨ ਨੂੰ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿਚ ਵਰਤੇ ਗਏ ਅੱਖਰ ਲਗ ਮਾਤਰ ਮਹਿਜ ਲਿਫ਼ਾਫ਼ੇ ਨਹੀਂ ਬਲਕਿ ਉਹ ਕੀਮਤੀ ਹੀਰੇ ਮੋਤੀ ਹਨ ਜਿਨ੍ਹਾਂ ਦੇ ਮੇਲ ਨਾਲ ਹੀ ਵਿਚਾਰਾਂ ਦੀ ਕੀਮਤ ਹੈ। ਅੱਖਰ ਤਾਂ ਇਕ ਪਾਸੇ ਰਹੇ ਸਿਰਫ਼ ਲਗ ਮਾਤਰ ਬਦਲਣ ਨਾਲ ਬੇਸ਼ੱਕ ਉਸ ਸ਼ਬਦ ਦੇ ਉਚਾਰਣ ਵਿਚ ਬਹੁਤਾ ਅੰਤਰ ਨਹੀਂ ਪੈਂਦਾ ਪਰ ਉਸ ਦੇ ਅਰਥਾਂ ਵਿਚ ਢੇਰ ਸਾਰਾ ਅੰਤਰ ਪੈ ਜਾਂਦਾ ਹੈ। ਜਿਸ ਦੀਆਂ ਅਨੇਕਾਂ ਮਸਾਲਾਂ ਦਿੱਤੀਆਂ ਜਾ ਸਕਦੀਆਂ ਹਨ।  ਸੋ ਅੱਖਰ ਲਗ ਮਾਤਰ ਨੂੰ ਮਹਿਜ ਲਿਫ਼ਾਫ਼ੇ ਦੱਸਣ ਵਾਲੇ ਵਿਦਵਾਨ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਕਿਸੇ ਬੀੜ ਦੇ ਅਸਲ ਜਾਂ ਨਕਲ ਹੋਣ ਦੀ ਪਛਾਣ ਕਰ ਸਕੇ। ਪਰ ਇਸ ਦੇ ਬਾਵਜੂਦ ਇਹ ਵਿਦਵਾਨ ਕਰਤਾਰਪੁਰੀ ਬੀੜ ਨੂੰ ਘੱਟ ਤੋਂ ਘੱਟ ਛੇਵੀਂ ਨਕਲ ਦੱਸ ਕੇ ਇਕ ਪਾਸੇ ਤਾਂ ਆਪਣੀ ਨੀਤੀ ਅਨੁਸਾਰ ਕਰਤਾਰਪੁਰੀ ਬੀੜ ਭਾਵ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲੀ ਦੱਸ ਕੇ ਇਸ ਨੂੰ ਰੱਦ ਕਰਨ 'ਤੇ ਤੁਲਿਆ ਹੋਇਆ ਹੈ। ਪਹਿਲਾਂ ਵੀ 6 ਅਪ੍ਰੈਲ 2008 ਨੂੰ 'ਏਕਸ ਕੇ ਬਾਰਿਕ' ਜਥੇਬੰਦੀ ਦੇ ਗਠਨ ਸਮੇਂ ਇਸ ਨੇ ਐਲਾਨ ਕੀਤਾ ਸੀ : 'ਕਰਤਾਰਪੁਰ ਵਾਲੀ ਅਸਲ ਬੀੜ ਗੁੰਮ ਹੋ ਗਈ ਸੀ ਪਰ ਹੁਣ ਉਸ ਨੂੰ ਅਸਲ ਪੋਥੀ ਲੱਭ ਪਈ ਹੈ, ਜਿਸ ਨੂੰ ਪ੍ਰਗਟ ਕਰਨ ਲਈ 4 ਕਰੋੜ ਰੁਪਏ ਵੱਖਰੇ ਰੱਖੇ ਜਾਣਗੇ ਤੇ ਇਹ ਅਸਲੀ ਪੋਥੀ ਪ੍ਰਗਟ ਕੀਤੀ ਜਾਵੇਗੀ।' ਇਹ ਖ਼ਬਰ 7 ਅਪ੍ਰੈਲ 2008 ਦੇ ਸਪੋਕਸਮੈਨ ਦੇ ਮੁੱਖ ਪੰਨੇ 'ਤੇ ਵੇਖੀ ਜਾ ਸਕਦੀ ਹੈ। ਇਸ ਖ਼ਬਰ ਵਿਚ ਇਸ ਦੀ ਮਾਨਸਿਕ ਹਾਲਤ ਦਾ ਪਤਾ ਲਗਦਾ ਹੈ। ਹੈਰਾਨੀ ਹੈ ਕਿ ਇਸ ਨੂੰ ਅਸਲ ਪੋਥੀ ਲੱਭ ਤਾਂ ਮੁਫ਼ਤ ਵਿਚ ਹੀ ਗਈ ਹੈ ਪਰ ਪ੍ਰਗਟ ਕਰਨ ਲਈ 4 ਕਰੋੜ ਰੁਪਈਆ ਚਾਹੀਦਾ ਹੈ! ਕੀ ਦੇਵੀ ਪ੍ਰਗਟ ਕਰਨ ਵਾਂਗ ਇਸ ਨੂੰ ਯੱਗ ਹਵਨ ਕਰਨੇ ਪੈਣੇ ਹਨ ਜਿਸ ਲਈ ਇਸ ਨੂੰ 4 ਕਰੋੜ ਰੁਪਈਆ ਚਾਹੀਦਾ ਹੈ! ਇਸੇ ਤਰ੍ਹਾਂ 20 ਜੁਲਾਈ 2011 ਵਾਲੀ ਸੰਪਾਦਕੀ ਵਿਚ ਇਕ ਪਾਸੇ ਤੇ ਇਹ ਲਿਖ ਰਿਹਾ ਹੈ ਕਿ ਮੌਜੂਦਾ ਬੀੜ ਨਕਲੀ ਹੈ ਪਰ ਇਸੇ ਦੇ ਅਖ਼ੀਰ 'ਤੇ ਲਿਖ ਰਿਹਾ ਹੈ : 'ਇਸ ਇਨਕਲਾਬ ਦੀ ਭੁੱਖ ਕੇਵਲ ਬਾਬੇ ਨਾਨਕ ਦੀ ਬਾਣੀ ਹੀ ਮਿਟਾ ਸਕਦੀ ਹੈ ਤੇ ਇਹ ਅਸੀਂ ਰੁਮਾਲਿਆਂ ਵਿਚ ਬੰਨ੍ਹ ਕੇ ਰੱਖੀ ਹੋਈ ਹੈ।' ਹੁਣ ਜੇ ਇਸ ਮੁਤਾਬਕ ਬਾਬੇ ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ ਤੇ ਜੋ ਸਾਡੇ ਕੋਲ ਹੈ ਉਹ ਨਕਲੀ ਹੈ ਤਾਂ ਬਾਬੇ ਨਾਨਕ ਦੀ ਅਸਲ ਬਾਣੀ ਰੁਮਾਲਿਆਂ ਵਿਚ ਬੰਨ੍ਹ ਕੇ ਰੱਖੀ ਕਿਸ ਨੇ ਹੈ? ਜੇ ਇਹ ਉਸ ਪੋਥੀ ਦੀ ਗੱਲ ਕਰਦਾ ਹੈ ਜਿਹੜੀ ਇਸ ਨੂੰ ਲੱਭ ਪਈ ਹੈ, ਉਸ ਦਾ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ, ਇਹ ਤਾਂ ਹੈ ਹੀ ਇਸ ਪਾਸ, ਤਾਂ ਇਸ ਨੂੰ ਰੁਮਾਲਿਆਂ ਵਿਚ ਬੰਨ੍ਹ ਕੇ ਰੱਖਣ ਦਾ ਇਸ ਤੋਂ ਬਿਨਾਂ ਦੋਸ਼ੀ ਹੋਰ ਕੌਣ ਹੈ?
ਜੇ ਇਹ ਦਾਅਵਾ ਕਰਦਾ ਹੈ ਕਿ : 'ਕੋਈ ਵੀ ਮਨੁੱਖੀ ਫੈਸਲਾ, ਆਖਰੀ ਹਰਫ਼ ਨਹੀਂ ਬਣ ਜਾਂਦਾ ਤੇ ਹੁਣ ਵੀ ਬਹੁਤ ਵੱਡੀ ਗਿਣਤੀ ਵਿਚ ਚੰਗੇ ਜ਼ਜਬੇ ਵਾਲੇ ਸਿੱਖ ਵਿਦਵਾਨ, ਭਾਈ ਯੋਧ ਸਿੰਘ ਨਾਲ ਸਹਿਮਤੀ ਨਹੀਂ ਰੱਖਦੇ।' ਤਾਂ ਕੀ ਇਹ ਆਪਣੇ ਆਪ ਨੂੰ ਮਨੁੱਖਾਂ ਤੋਂ ਉਪਰ ਦੀ ਕੋਈ ਹੋਰ ਸ਼ੈਅ ਸਮਝ ਰਿਹਾ ਹੈ ਜਿਸ ਕਾਰਨ ਇਸ ਵਲੋਂ ਲੱਭੀ ਪੋਥੀ ਨੂੰ ਬਾਬੇ ਨਾਨਕ ਦੀ ਅਸਲ ਪੋਥੀ ਮੰਨ ਲਿਆ ਜਾਵੇਗਾ। ਅਸਲ ਵਿਚ ਗੁਰੂ ਅਰਜਨ ਸਾਹਿਬ ਜੀ ਵਲੋਂ ਬੀੜ ਦੀ ਸੰਪਾਦਨਾ ਤੋਂ ਬਾਅਦ, ਪੁਰਾਤਨ ਹੱਥ ਲਿਖਤ ਕਿਸੇ ਵੀ ਪੋਥੀ ਨੂੰ ਕਸਵੱਟੀ ਮੰਨ ਕੇ ਆਦਿ ਬੀੜ ਨੂੰ ਦੋਸ਼ ਪੂਰਨ ਸਿੱਧ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਸਾਨੂੰ ਇਸ ਰਸਤੇ ਪੈਣ ਦੀ ਲੋੜ ਹੈ।
ਬਿਰਧ ਬੀੜਾਂ ਦੇ ਸਸਕਾਰ ਦੀ ਨਿਸ਼ਕਾਮ ਸੇਵਾ ਦੇ ਨਾਮ 'ਤੇ ਨਿੱਜੀ ਹਿੱਤਾਂ ਤੋਂ ਪ੍ਰੇਰਤ ਕਿਸੇ ਸਾਜਿਸ਼ ਅਧੀਨ ਇਤਿਹਾਸਕ ਹੱਥ ਲਿਖਤ ਬੀੜਾਂ ਨੂੰ ਨਸ਼ਟ ਕੀਤੇ ਜਾਣ ਨੂੰ ਠੱਲ ਪਾਉਣ ਲਈ ਕੁਝ ਜਾਗਰੂਕ ਸਿੱਖਾਂ ਵੱਲੋਂ ਚੰਡੀਗੜ੍ਹ ਸੈਕਟਰ 15 ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ 'ਚ 29 ਅਗਸਤ 2010 ਨੂੰ ਕੀਤੀ ਗਈ ਇਕ ਮੀਟਿੰਗ (ਜਿਸ ਵਿਚ ਇਹ ਲੇਖਕ ਹਾਜ਼ਰ ਸੀ) ਨੂੰ ਸੰਬੋਧਨ ਕਰਦੇ ਹੋਏ ਸ. ਗੁਰਤੇਜ ਸਿੰਘ ਸਾਬਕਾ ਆਈ. ਏ. ਐਸ. ਨੇ ਦੱਸਿਆ ਸੀ ਕਿ ਕਰਤਾਰਪੁਰੀ ਬੀੜ ਅਸਲੀ ਉਹ ਬੀੜ ਹੈ ਜਿਸ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ ਅਤੇ ਜਿਸ 'ਤੇ ਗੁਰੂ ਸਾਹਿਬ ਦੇ ਆਪਣੇ ਦਸਖਤ ਮੌਜੂਦ ਹਨ। ਉਸ ਵਿਚ ਸਾਰੀਆਂ ਉਹ ਅਲਾਮਤਾਂ ਮੌਜੂਦ ਹਨ ਜਿਹੜੀਆਂ ਕਿਸੇ ਲਿਖਤ ਦੇ ਅਸਲੀ ਹੋਣ ਦੀ ਤਸਦੀਕ ਕਰਦੀਆਂ ਹੋਣ। ਪਰ ਜਿਹੜੀਆਂ ਸ਼ਕਤੀਆਂ ਸਮਾਜ ਅਤੇ ਮਨੁੱਖਤਾ ਵਿਚ ਵੰਡੀਆਂ ਪਾ ਕੇ ਆਪਣੇ ਆਪ ਨੂੰ ਸਰਬਸ੍ਰੇਸ਼ਟ ਸਿੱਧ ਕਰ ਕੇ ਨਿੱਜੀ ਸੁਆਰਥ ਪੂਰੇ ਕਰਨੀਆਂ ਚਾਹੁੰਦੀਆਂ ਹਨ ਉਹ ਇਸ ਦੇ ਅਸਲ ਤੇ ਮੂਲ ਰੂਪ ਨੂੰ ਨਸ਼ਟ ਕਰਨੀਆਂ ਚਾਹੁੰਦੀਆਂ ਹਨ ਤੇ ਇਹ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਅਸਲ ਕਰਤਾਰਪੁਰੀ ਬੀੜ ਕਿਸੇ ਨੇ ਸਾੜ ਦਿੱਤੀ ਹੈ, ਪਰ ਇਸ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ ਕਿ ਅਸਲੀ ਬੀੜ ਕਿਸ ਨੇ ਸਾੜੀ ਅਤੇ ਕਦੋਂ ਸਾੜੀ? ਉਨ੍ਹਾਂ ਕਿਹਾ ਸਾਨੂੰ ਇਸ ਗੁਮਰਾਹਕੁਨ ਪ੍ਰਚਾਰ ਤੋਂ ਬਚ ਕੇ, ਕੀਮਤੀ ਹੱਥ ਲਿਖਤ ਵਿਰਾਸਤੀ ਖਜ਼ਾਨੇ ਨੂੰ ਨਸ਼ਟ ਹੋਣ ਤੋਂ ਬਚਾ ਕੇ, ਅਤੇ ਇਸ ਦੀ ਸੇਵਾ ਸੰਭਾਲ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਸਰਕਾਰ ਦੌਰਾਨ ਅੰਗਰੇਜ਼ਾਂ ਨੇ ਕਰਤਾਰੀ ਬੀੜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਕਰਤਾਰਪੁਰ ਦੇ ਸੋਢੀਆਂ ਨੇ ਦਾਅਵਾ ਕਰ ਦਿੱਤਾ ਕਿ ਇਸ ਬੀੜ ਦੀ ਮਾਲਕੀਅਤ ਉਨ੍ਹਾਂ ਦੀ ਹੈ, ਇਸ ਲਈ ਇਹ ਬੀੜ ਉਨ੍ਹਾਂ ਨੂੰ ਵਾਪਿਸ ਦਿੱਤੀ ਜਾਵੇ, ਜਿਸ ਦਾ ਪ੍ਰੀਜ਼ੀਡਮ ਕੌਂਸਲ 'ਚ ਮੁਕੱਦਮਾ ਚੱਲਿਆ ਤੇ ਅਖੀਰ ਫੈਸਲਾ ਸੋਢੀਆਂ ਦੇ ਹੱਕ 'ਚ ਹੋਇਆ, ਇਸ ਕਰਕੇ ਇਹ ਬੀੜ ਉਨ੍ਹਾਂ ਨੂੰ ਵਾਪਸ ਦੇ ਦਿੱਤੀ ਗਈ। ਜਿਤਨੀ ਦੇਰ ਮੁਕੱਦਮਾ ਚੱਲਿਆ ਉਤਨੀ ਦੇਰ ਸੇਵਾ ਸੰਭਾਲ ਲਈ ਇਹ ਬੀੜ ਮਹਾਰਾਜਾ ਪਟਿਆਲਾ ਨੂੰ ਸੌਂਪ ਦਿੱਤੀ ਗਈ। ਉਸ ਦੌਰਾਨ ਮਹਾਰਾਜਾ ਪਟਿਆਲਾ ਨੇ ਉਸ ਦਾ ਇਕ ਉਤਾਰਾ ਕਰਵਾ ਲਿਆ ਜਿਹੜਾ ਕਿ ਅੱਜ ਵੀ ਉਸ ਘਰਾਣੇ ਪਾਸ ਮੌਜੂਦ ਹੈ। ਉਸ ਨਕਲ (ਪਟਿਆਲੇ ਵਾਲੀ ਬੀੜ) ਦੀ ਨਕਲ ਉਨ੍ਹਾਂ (ਸ. ਗੁਰਤੇਜ ਸਿੰਘ) ਪਾਸ ਮੌਜੂਦ ਹੈ ਜਿਸ ਦਾ ਉਨ੍ਹਾਂ ਨੇ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਪਾਠ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਰਤਾਰਪੁਰੀ ਬੀੜ ਦੇ ਵੀ ਦਰਸ਼ਨ ਕੀਤੇ ਹਨ ਅਤੇ ਕੁਝ ਸ਼ਬਦਾਂ ਦਾ ਧਿਆਨ ਨਾਲ ਪਾਠ ਕਰਕੇ ਉਨ੍ਹਾਂ ਦੀਆਂ ਲਗਾਂ ਮਾਤਰਾਂ ਨੋਟ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਚਾਰ ਭਾਗਾਂ 'ਚ ਛਪਵਾਈਆਂ ਸ਼ਬਦਾਰਥ ਪੋਥੀਆਂ, ਪ੍ਰੋ. ਸਾਹਿਬ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦਰਪਣ ਅਤੇ ਬੀੜਾਂ ਸਬੰਧੀ ਭਾਈ ਯੋਧ ਸਿੰਘ ਦੀ ਪੁਸਤਕ ਉਨ੍ਹਾਂ ਪੜ੍ਹੀ ਹੈ। ਕਰਤਾਰਪੁਰੀ ਬੀੜ ਨਾਲੋਂ ਲਗਾਂ ਮਾਤਰਾਂ ਦਾ ਜਿਹੜਾ ਫਰਕ ਇਨ੍ਹਾਂ ਪੋਥੀਆਂ 'ਚ ਦੱਸਿਆ ਗਿਆ ਹੈ ਉਹੀ ਫਰਕ ਉਨ੍ਹਾਂ ਦੇ ਘਰ 'ਚ ਮੌਜੂਦ ਨਕਲ ਦੀ ਨਕਲ ਬੀੜ 'ਚ ਵੀ ਚੈੱਕ ਕਰਕੇ ਵੇਖਿਆ ਤਾਂ ਉਹ ਸਹੀ ਪਾਇਆ ਗਿਆ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੇ ਪਾਸ ਜੋ ਬੀੜ ਮੌਜੂਦ ਹੈ ਉਹ ਕਰਤਾਰਪੁਰੀ ਬੀੜ ਦੀ ਨਕਲ ਦੀ ਹੀ ਨਕਲ ਹੈ। ਉਸ ਬੀੜ 'ਚ ਉਹ ਸਾਰੀਆਂ ਅਲਾਮਤਾਂ ਮੌਜੂਦ ਹਨ ਜਿਹੜੀਆਂ ਕਿਸੇ ਲਿਖਤ ਦੇ ਅਸਲ ਹੋਣ ਦੀ ਪ੍ਰਮਾਣਿਕਤਾ ਲਈ ਲੋੜੀਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ: ਜੀ. ਬੀ. ਸਿੰਘ ਸਮੇਤ ਜਿਹੜੇ ਵਿਦਵਾਨ ਇਸ ਨੂੰ ਨਕਲ ਦੀ ਨਕਲ ਅੱਗੋਂ ਨਕਲ ਦੀ ਨਕਲ..... ਮੰਨਦੇ ਹਨ ਉਨ੍ਹਾਂ ਵਿਚੋਂ ਕਿਸੇ ਨੇ ਵੀ ਕਰਤਾਰਪੁਰੀ ਬੀੜ ਦੇ ਦਰਸ਼ਨ ਨਹੀਂ ਕੀਤੇ ਪਰ ਕਰਤਾਰਪੁਰੀ ਬੀੜ ਦਾ ਸੱਚ ਪੁਸਤਕ ਦੇ ਲੇਖਕ ਭਾਈ ਯੋਧ ਸਿੰਘ ਸਮੇਤ ਜਿਨ੍ਹਾਂ ਨੇ ਇਸ ਬੀੜ ਦੇ ਦਰਸ਼ਨ ਕੀਤੇ ਹਨ ਉਹ ਸਾਰੇ ਇਸ ਬੀੜ ਨੂੰ ਗੁਰੂ ਅਰਜਨ ਸਾਹਿਬ ਜੀ ਦੀ ਦੇਖ ਰੇਖ ਹੇਠ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਦੇ ਹਨ। ਸ: ਗੁਰਤੇਜ ਸਿੰਘ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਨੇ ਆਪਣੀ ਪੁਸਤਕ 'ਅਥੈਂਟੀਸਿਟੀ ਆਫ ਕਰਤਾਰਪੁਰੀ ਬੀੜ' (Authenticity of Kartari 2ir) ਵਿਚ ਕਰਤਾਰਪੁਰੀ ਬੀੜ ਸਬੰਧੀ ਪਾਏ ਜਾ ਰਹੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ।
ਜੇ ਮੰਨ ਵੀ ਲਿਆ ਜਾਵੇ ਕਿ ਕਰਤਾਰਪੁਰੀ ਬੀੜ ਨਕਲਾਂ ਦੀ ਨਕਲ ਹੋਣ ਕਰਕੇ ਬਹੁਤ ਹੀ ਦੋਸ਼ ਪੂਰਨ ਹੈ ਤਾਂ ਜ਼ਰਾ ਸੋਚੋ! ਅੱਗੇ ਕੀ ਹੋਵੇਗਾ? ਕੀ ਸਾਡੇ ਪਾਸ ਇਸ ਤੋਂ ਇਲਾਵਾ ਕੋਈ ਹੋਰ ਐਸੀ ਬੀੜ ਹੈ ਜਿਸ ਨੂੰ ਤਰਕ ਦੇ ਅਧਾਰ 'ਤੇ ਅਸਲੀ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਮੰਨਿਆ ਜਾ ਸਕਦਾ ਹੈ? ਜੇ ਨਹੀਂ ਤਾਂ ਮੌਜੂਦਾ ਬੀੜ ਨੂੰ ਨਕਲੀ ਸਿੱਧ ਕਰਕੇ ਇਹ ਵਿਦਵਾਨ ਕੀ ਹਾਸਲ ਕਰਨਾ ਚਾਹੁੰਦੇ ਹਨ? ਕੀ ਅਜਿਹੇ ਵਿਦਵਾਨਾਂ ਦੀ ਵਿਦਿਆ ਦਾ ਪੰਥ ਜਾਂ ਗੁਰਮਤਿ ਸਿਧਾਂਤ ਨੂੰ ਕੋਈ ਲਾਭ ਹੋ ਸਕਦਾ ਹੈ? ਕੀ ਇਨ੍ਹਾਂ ਦੀ ਵਿਦਿਆ ਖੋਤੇ 'ਤੇ ਲੱਦਿਆ ਚੰਦਨ ਦਾ ਭਾਰ ਨਹੀਂ ਹੈ : 'ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ£ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ£ 1£ ਅਤੇ ਕੀ ਇਨ੍ਹਾਂ ਵਿਦਵਾਨਾਂ ਨੂੰ 'ਪਡੀਆ ਕਵਨ ਕੁਮਤਿ ਤੁਮ ਲਾਗੇ£ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ!! 1!! ਰਹਾਉ' (ਅੰਗ 1102 ਰਾਗੁ ਮਾਰੂ ਬਾਣੀ ਕਬੀਰ ਜੀਉ ਕੀ) ਕਹਿਣਾ ਜਾਇਜ਼ ਨਹੀਂ ਹੋਵੇਗਾ?  
ਚੰਗਾ ਹੋਵੇ ਜੇ ਸਮੁੱਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁਝ ਫਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ  ਭਗਤ ਸੂਰਦਾਸ ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ£” (ਅੰਗ 1253) ਅਤੇ ਮਹਲਾ ਪੰਜਵਾਂ ਦਾ ਛੰਤ “ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ£ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ£ (ਅੰਗ 927 ਰਾਗੁ ਰਾਮਕਲੀ ਮਹਲਾ 5£)” ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ, ਸਿਰਫ਼ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ ਜਾਂ ਨਹੀਂ? ਪਰ ਸਿਰਫ਼ ਇਨ੍ਹਾਂ ਦਾ ਬਹਾਨਾ ਲੈ ਕੇ ਜਿਸ ਤਰ੍ਹਾਂ ਸਮੁੱਚੀ ਕਰਤਾਰਪੁਰੀ ਬੀੜ 'ਤੇ ਕੁਹਾੜਾ ਧਰਿਆ ਜਾ ਰਿਹਾ ਹੈ ਇਹ ਕੌਮ ਲਈ ਬਹੁਤ ਹੀ ਘਾਤਕ ਹੈ।

ਕਿਰਪਾਲ ਸਿੰਘ ਬਠਿੰਡਾ