ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਰੋਜ਼ਾਨਾ ਸਪੋਕਸਮੈਨ ਦੀ 'ਸਿੱਖ ਪੇਪਰ' ਵਜੋਂ ਪਛਾਣ ਰਹਿ ਸਕੇਗੀ?


ਜਦੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ੁਰੂ ਹੋਇਆ ਤਾਂ ਸਿੱਖ ਧਰਮ ਦੇ ਹਜ਼ਾਰਾਂ ਸੁਹਿਰਦ ਸਿੱਖਾਂ ਨੇ ਇਸ ਨੂੰ ਦਿਨਾਂ 'ਚ ਹੀ ਪੈਰਾਂ ਸਿਰ ਕਰ ਦਿੱਤਾ ਇਸ ਦਾ ਮੁੱਖ ਕਾਰਨ ਇਹ ਸੀ ਕਿ ਕੌਮ ਦੀ ਡਾਵਾਂਡੋਲ ਸਥਿਤੀ 'ਚ ਸਿੱਖ ਮੀਡੀਆ ਦੀ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਇਹਨਾਂ ਚਿੰਤਾਵਾਨ ਸਿੱਖਾਂ ਨੂੰ ਇਕ ਆਸ ਦੀ ਕਿਰਨ ਸਪੋਕਸਮੈਨ ਵਿਚੋਂ ਦਿਸਦੀ ਸੀ। ਇਸ ਤੋਂ ਪਹਿਲਾਂ ਦੀ ਮਹੀਨਾਵਾਰ ਸਪੋਕਸਮੈਨ ਵਿਚ ਸਿੱਖ ਮਾਮਲਿਆਂ ਪ੍ਰਤੀ ਬੜੀ ਸਿਦਤ ਨਾਲ ਵਿਚਾਰ ਚਰਚਾ ਛੇੜ ਕੇ ਚੰਗੇ ਸਿੱਟੇ ਪ੍ਰਾਪਤ ਕਰਨ ਲਈ ਇਕ ਰਾਇ ਪੈਦਾ ਕਰਨ 'ਚ ਮਹੱਤਵਪੂਰਨ ਰੋਲ ਅਦਾ ਕਰਨ ਦਾ ਕੰਮ ਕੀਤਾ ਗਿਆ ਸੀ ਇਸ ਦੇ ਹਰ ਪਾਠਕ ਦੀ ਦਿਲੀ ਤਮੰਨਾ ਸੀ ਕਿ  ਛੇਤੀ ਤੋਂ ਛੇਤੀ ਇਹ ਅਖ਼ਬਾਰ ਰੋਜ਼ਾਨਾ ਦਾ ਰੂਪ ਧਾਰਨ ਕਰ ਲਏ ਤਾਂ ਕੌਮ ਦੇ ਬਹੁਤੇ ਮਸਲੇ ਛੇਤੀ ਹੱਲ ਕਰਨ 'ਚ ਸਹਾਈ ਸਿੱਧ ਹੋ ਸਕਦਾ ਹੈ। ਅਨੇਕਾਂ ਸਰਮਾਏਦਾਰ ਅਤੇ ਕਿਰਤੀ ਲੋਕਾਂ ਨੇ ਚੰਗੀ ਆਸ ਨਾਲ ਆਪਣੇ ਵਿਤ ਨਾਲੋਂ ਵੱਧ ਯੋਗਦਾਨ ਪਾ ਕੇ ਅਖੀਰ ਮਹੀਨਾਵਾਰ ਮੈਗਜ਼ੀਨ ਨੂੰ 'ਰੋਜ਼ਾਨਾ ਸਪੋਕਸਮੈਨ' ਦੇ ਰੂਪ 'ਚ ਛਪਣ ਦਾ ਹਰ ਪ੍ਰਬੰਧ ਕਰ ਦਿੱਤਾ। ਅਖ਼ਬਾਰ ਦੀਆਂ ਆਰਥਿਕ ਔਕੜਾਂ ਨੂੰ ਆਪਣੇ ਆਪ ਇਹ ਜਾਣ ਕੇ ਹੱਲ ਕਰਦੇ ਰਹੇ ਕਿ ਇਸ ਨਾਲ ਗੁਰੂ ਨਾਨਕ ਸਿਧਾਂਤ ਦਾ ਇਨਕਲਾਬ ਮੁੜ ਸੁਰਜੀਤ ਹੋ ਸਕਦਾ ਹੈ।
ਇਸੇ ਸਮੇਂ ਹੀ ਇਸ ਅਖ਼ਬਾਰ ਨਾਲ ਅਜਿਹੇ ਪੱਤਰਕਾਰ ਵੀ ਜੁੜ ਗਏ ਜੋ ਸਿੱਖ ਕੌਮ ਦੇ ਵਿਹੜੇ 'ਚ ਹਰਿਆਲੀ ਦੇਖਣ ਦੇ ਚਾਹਵਾਨ ਸਨ। ਇਹਨਾਂ ਪੱਤਰਕਾਰਾਂ ਨੇ ਆਪਣੇ ਸਿਰ 'ਤੇ ਬਹੁਤ ਸਾਰੇ ਖਤਰੇ ਸਹੇੜ ਕੇ ਅਖ਼ਬਾਰ ਲਈ ਕੰਮ ਕੀਤਾ ਅਤੇ ਸ੍ਰ. ਜੋਗਿੰਦਰ ਸਿੰਘ ਦੇ ਢੁਕਵੇਂ ਸੰਪਾਦਕੀ ਲੇਖਾਂ ਨੇ ਨਵੀਂ ਸਿੱਖ ਜਾਗਰਤੀ ਪੈਦਾ ਕਰਨ ਦਾ ਮਾਹੌਲ ਸਿਰਜ ਲਿਆ। ਇਸ ਸਮੇਂ ਤੱਕ ਅਖ਼ਬਾਰ ਵੱਲੋਂ ਪੁਜਾਰੀਵਾਦ ਦਾ ਸੱਚ, ਡੇਰਾਵਾਦ ਦਾ ਫੈਲਾਅ ਵਧਦੀ ਧਾਰਮਿਕ ਅਗਿਆਨਤਾ, ਭ੍ਰਿਸ਼ਟ ਰਾਜਨੀਤਕ ਲੋਕਾਂ ਦਾ ਪਰਿਵਾਰਵਾਦ ਨੂੰ ਵਧਣ ਫੁੱਲਣ ਲਈ ਸਾਰਾ ਜ਼ੋਰ ਲਾਉਣਾ ਅਤੇ ਇਹਨਾਂ ਲੋਕਾਂ ਵੱਲੋਂ ਹੀ ਧਾਰਮਿਕ ਸੰਸਥਾਵਾਂ 'ਤੇ ਕਬਜ਼ੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਪੰਜਾਬ ਦੇ ਡੇਰਾਵਾਦੀ ਲੋਕਾਂ ਵੱਲੋਂ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦੀਆਂ ਘਟਨਾਵਾਂ ਪ੍ਰਮੁੱਖ ਸੁਰਖੀ ਬਣ ਕੇ ਛਪਦੀਆਂ ਰਹੀਆਂ। ਸਭ ਚਿੰਤਾਵਾਨ ਸਿੱਖ ਖੁਸ਼ ਸਨ ਕਿ ਸ੍ਰ. ਜੋਗਿੰਦਰ ਸਿੰਘ ਦੀਆਂ ਦਲੀਲਾਂ ਭਰਪੂਰ ਲਿਖਤਾਂ ਅਤੇ ਇਸ ਨਾਲ ਜੁੜੇ ਨਿਧੱੜਕ ਪੱਤਰਕਾਰਾਂ ਦੀਆਂ ਮਿਹਨਤ ਨਾਲ ਲਿਖੀਆਂ ਗਈਆਂ ਰਿਪੋਰਟਾਂ ਨਵੀਂ ਜਾਗਰਤੀ ਦੀ ਲੋਅ ਪੈਦਾ ਕਰੇਗੀ ਜਿਸ ਨਾਲ ਕੌਮ ਨੂੰ ਮੁੜ ਚੜ੍ਹਦੀਆਂ ਕਲਾਂ ਵੱਲ ਪਰਤੇਗੀ। ਇਸ ਦੇ ਉਲਟ ਕੁਝ ਸਮੇਂ ਤੋਂ ਰੋਜ਼ਾਨਾ ਸਪੋਕਸਮੈਨ 'ਚ ਕਈ ਅਜਿਹੇ ਵਿਸ਼ਿਆਂ 'ਤੇ ਲੇਖ ਲਿਖੇ ਜਾ ਰਹੇ ਹਨ ਜਿਨ੍ਹਾਂ ਦੀ ਨਾਂ ਤਾਂ ਕੋਈ ਫੌਰੀ ਲੋੜ ਹੈ ਅਤੇ ਨਾ ਹੀ ਅਜਿਹੀਆਂ ਲਿਖਤਾਂ ਦਾ ਕੌਮ ਜਾਂ ਧਰਮ ਨੂੰ ਕੋਈ ਲਾਭ ਹੈ। ਇਹਨਾਂ ਵਿਚੋਂ ਬਹੁਤੇ ਸੰਪਾਦਕੀ ਲੇਖ ਤਾਂ ਅਜਿਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਦੂਰ ਦਾ ਵਾਸਤਾ ਹੀ ਨਹੀਂ। ਸਪੋਕਸਮੈਨ 'ਚ ਹੀ ਛਪੇ ਕਈ ਹੋਰ ਲੇਖਾਂ ਨੇ ਅਤੇ ਇਸ ਦੇ ਸੰਪਾਦਕ ਸਾਹਿਬ ਵੱਲੋਂ ਕੌਮੀ ਮਾਮਲਿਆਂ ਬਾਰੇ ਲਿਖੀਆਂ ਕਈ ਸੰਪਾਦਕੀਆਂ ਨੇ ਸਗੋਂ ਕਈ ਵਾਰ ਵਾਦ ਵਿਵਾਦ ਵਾਲਾ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਜੋ ਕੌਮ 'ਚ ਫੁੱਟ ਦੇ ਕਾਰਨਾਂ ਨੂੰ ਤੂਲ ਪ੍ਰਦਾਨ ਕਰਦਾ ਹੋਵੇ। ਅਜਿਹਾ ਹੀ ਇਕ ਸੰਪਾਦਕੀ ਲੇਖ 20 ਜੁਲਾਈ 2011 ਦੇ ਅੰਕ ਵਿਚ ਵੀ ਪ੍ਰਕਾਸ਼ਿਤ ਕੀਤਾ ਗਿਆ ਜਿਸ ਨੂੰ ਪੜ੍ਹ ਕੇ ਪਾਠਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿ ਭਲਾਂ ਇਹ ਸੰਪਾਦਕੀ ਲਿਖਣ ਦੀ ਅਜਿਹੀ ਕੀ ਲੋੜ ਪੈ ਗਈ ਸੀ? ਇਸ ਵਿਚ ਸੰਪਾਦਕ ਸਾਹਿਬ ਨੇ ਇਥੋਂ ਤੱਕ ਲਿਖ ਦਿੱਤਾ ਕਿ ਅੱਜ ਗੁਰਬਾਣੀ ਸ਼ੁੱਧ ਰੂਪ ਵਿਚ ਸਾਡੇ ਪਾਸ ਨਹੀਂ ਹੈ ਜਿਸ ਵਿਚ ਕਾਤਵਾਂ ਨੇ ਬੜਾ ਆਪਹੁਦਰਾਪਣ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਲਿਖ ਮਾਰਿਆ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਹਰ ਧਰਮ ਪੁਰਾਣਾ ਹੋ ਜਾਂਦਾ ਹੈ ਅਤੇ ਦੁੱਧ ਵਾਂਗ ਖੱਟਾ ਹੋ ਕੇ ਬਦਬੂ ਮਾਰਨ ਲੱਗ ਜਾਂਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕੋਈ ਨਵਾਂ ਧਰਮ ਨਹੀਂ ਦਿੱਤਾ। ਇਸ ਇਤਰਾਜਯੋਗ ਸੰਪਾਦਕੀ 'ਤੇ ਅਜੇ ਸਿੱਖ ਸਮਝਦਾਰਾਂ ਦੇ ਵਿਚਾਰ ਆ ਹੀ ਰਹੇ ਸਨ ਜਦੋਂ ਸਿਰਫ਼ ਚਾਰ ਦਿਨਾਂ ਬਾਅਦ ਇਕ ਹੋਰ ਲੇਖ ਡਾ. ਗੁਰਸ਼ਰਨਜੀਤ ਸਿੰਘ ਦਾ 24 ਜੁਲਾਈ ਦੇ ਅੰਕ ਵਿਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਜਿਸ ਵਿਚ ਉਸ ਨੇ ਵੀ ਇਥੋਂ ਤੱਕ ਲਿਖ ਦਿੱਤਾ ਕਿ ਪੰਜਾਬ ਵਿਚ ਅਮਰਵੇਲ ਵਾਂਗ ਫੈਲ ਚੁੱਕਾ ਗੁਰੂ ਡੰਮ ਦਾ ਕਾਰਨ ਇਹ ਹੈ ਕਿ ਇਸ ਗੁਰੂ ਡੰਮ ਬਾਰੇ ਗੁਰਬਾਣੀ ਵਿਚ ਕੋਈ ਸਰਲ ਅਤੇ ਸਪੱਸ਼ਟ ਸੇਧ ਨਹੀਂ ਦਿੱਤੀ ਗਈ 'ਜੇ ਗੁਰਬਾਣੀ ਵਿਚ ਕੋਈ ਸਰਲ ਅਤੇ ਸਪੱਸ਼ਟ ਸੇਧ ਦਿੱਤੀ ਗਈ ਹੁੰਦੀ ਤਾਂ ਇਹ ਗੁਰੂ ਡੰਮ ਹੋਣਾ ਹੀ ਨਹੀਂ ਸੀ' (ਭਾਵੇਂ ਕਿ ਮਗਰੋਂ ਇਸ ਲੇਖ ਦੇ ਕੁਝ ਸ਼ਬਦ ਵਾਪਸ ਵੀ ਲੈ ਲਏ ਗਏ)। ਇਸੇ ਹੀ ਲੇਖ 'ਚ ਡਾ. ਸਾਹਿਬ ਨੇ ਲਿਖਿਆ ਕਿ ਸਿੱਖ ਧਰਮ ਦੀ ਸਚਾਈ ਇਸ ਦੀ ਸਰਬੱਤ ਦੇ ਭਲੇ ਵਾਲੀ ਵਿਚਾਰਧਾਰਾ ਕਰਕੇ ਹੈ। ਤਰਕ ਅਤੇ ਦਲੀਲ ਸਾਹਮਣੇ ਕਿਸੇ ਧਰਮ ਦੇ ਸੱਚੇ ਹੋਣ ਦੇ ਅਧਾਰ ਕਮਜ਼ੋਰ ਹੀ ਸਿੱਧ ਹੁੰਦੇ ਹਨ। 'ਕੀ ਸੱਚੇ ਗੁਰੂ ਦੀ ਕੋਈ ਕਸਵੱਟੀ ਹੈ?' ਦੇ ਸਿਰਲੇਖ 'ਚ ਛਪੇ ਵਿਚਾਰ ਵੀ ਅਖ਼ਬਾਰ ਦੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ ਜੋ ਸਿੱਖ ਧਰਮ ਅਤੇ ਗੁਰਬਾਣੀ ਨੂੰ ਚੁਣੌਤੀ ਦੇਣ ਵਾਲੇ ਹਨ। ਇਕੋ ਇਕ ਸਿੱਖ ਦਾ ਇਹ ਨਿਰਵਿਵਾਦ ਵਿਸ਼ਵਾਸ ਹੈ ਕਿ ਸਿੱਖ ਧਰਮ ਇਕ ਸੰਪੂਰਨ ਅਤੇ ਵੱਖਰਾ ਧਰਮ ਹੈ। ਇਸੇ ਤਰ੍ਹਾਂ ਹੀ ਹਰ ਸਿੱਖ ਦਾ ਵਿਸ਼ਵਾਸ ਹੈ ਕਿ ਗੁਰੂਆਂ ਦੀ ਬਾਣੀ ਸਾਡੇ ਕੋਲ ਸ਼ੁੱਧ ਰੂਪ ਵਿਚ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ। ਹੁਣ ਜੇ ਸ੍ਰ. ਜੋਗਿੰਦਰ ਸਿੰਘ ਦਾ ਇਹ ਵਿਚਾਰ ਹੈ ਕਿ ਸਿੱਖ ਕੋਈ ਧਰਮ ਹੀ ਨਹੀਂ ਜਾਂ ਫਿਰ ਡਾ. ਗੁਰਸ਼ਰਨਜੀਤ ਸਿੰਘ ਅਨੁਸਾਰ ਜੇ ਗੁਰਬਾਣੀ 'ਚ ਸਪੱਸ਼ਟ ਸੇਧ ਹੁੰਦੀ ਤਾਂ ਪੰਜਾਬ ਡੇਰਾਵਾਦ ਨਾਂ ਹੁੰਦਾ। ਇਹ ਸਭ ਬੇਲੋੜੀਆਂ ਅਤੇ ਕੌਮ 'ਚ ਫੁੱਟ ਪਾਊ ਦਲੀਲਾਂ ਹਨ। ਇਹ ਮੰਨਿਆ ਜਾਵੇਗਾ ਕਿ ਇਹਨਾਂ ਵਿਦਵਾਨਾਂ ਨੂੰ ਆਪਣੇ ਗੁਰੂ 'ਤੇ ਭਰੋਸਾ ਘਟ ਗਿਆ ਹੈ। ਇਸ ਤਰ੍ਹਾਂ ਦੇ ਲੇਖਾਂ ਨਾਲ ਉਹਨਾਂ ਸਾਰੇ ਸਿੱਖਾਂ ਨੂੰ ਅਸਹਿ ਦੁੱਖ ਹੋਇਆ ਹੈ ਜਿੰਨਾਂ ਨੇ ਆਪਣੀ ਕਿਰਤ ਵਿਚੋਂ ਰੁਪਈਏ ਕੱਢ ਕੇ ਇਸ ਅਖ਼ਬਾਰ ਨੂੰ ਮਜ਼ਬੂਤ ਕਰਨ ਵਿਚ ਹਿੱਸਾ ਪਾਇਆ ਹੈ। ਅਸੀਂ ਚਾਹਾਂਗੇ ਕਿ ਸ੍ਰ. ਜੋਗਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕੌਮ ਵਿਚ ਪੈਦਾ ਕੀਤੇ ਵਿਵਾਦ ਪ੍ਰਤੀ ਆਪਣੀ ਸਥਿਤੀ ਸਪੱਸ਼ਟ ਕਰਨ ਅਤੇ ਰੋਜ਼ਾਨਾ ਸਪੋਕਸਮੈਨ 'ਚ ਉਹਨਾਂ ਵਿਚਾਰਾਂ ਨੂੰ ਵੀ ਥਾਂ ਦੇਣ ਜੋ ਪਹਿਲਾਂ ਵਰਣਨ ਕੀਤੇ ਲੇਖਾਂ ਦੇ ਪ੍ਰਤੀਕਰਮ 'ਚ ਸਿੱਖ ਵਿਦਵਾਨਾਂ ਨੇ ਲਿਖੇ ਹਨ। ਅਸੀਂ ਸ੍ਰ. ਜੋਗਿੰਦਰ ਸਿੰਘ ਜੀ ਪਾਸੋਂ ਇਹ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਜੇ ਕੌਮ ਦੀਆਂ ਸਥਾਪਿਤ ਪ੍ਰੰਪਰਾਵਾਂ ਨੂੰ ਤੋੜ ਕੇ ਉਹਨਾਂ ਦੇ ਲਿਖੇ ਅਨੁਸਾਰ ਗੁਰਬਾਣੀ ਵਿਚ ਸੋਧ ਕਰ ਵੀ ਲਈ ਜਾਵੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਹੋਰ ਕਿਹੜਾ ਸਿਧਾਂਤ ਪ੍ਰਗਟ ਕਰ ਲਵਾਂਗੇ ਜੋ ਇਸ ਸਮੇਂ ਸਾਡੇ ਸਾਹਮਣੇ ਨਹੀਂ ਹੈ? ਸ੍ਰ. ਜੋਗਿੰਦਰ ਸਿੰਘ ਹੁਣ ਤੱਕ ਇਹ ਲਿਖਦੇ ਰਹੇ ਹਨ ਕਿ ਦਲੀਲ ਨਾਲ ਗੱਲ ਕਰਨ ਦੀ ਥਾਂ ਸਿੱਖ ਲੇਖਕ ਕਲਮ ਨੂੰ ਡਾਂਗ ਵਾਂਗ ਵਰਤਦੇ ਹਨ, ਪਰ ਹੁਣ ਵਾਰੀ ਉਹਨਾਂ ਦੀ ਆਪਣੀ ਹੈ ਕਿ ਉਹ ਵੀ ਆਪਣੇ ਵਿਚਾਰਾਂ ਬਾਰੇ ਕੌਮ ਦੇ ਸਵਾਲਾਂ ਦੇ ਜਵਾਬ ਦੇਣ ਤਾਂ ਇਹ ਉਹ ਵੀ ਆਪਣੇ ਆਪ ਨੂੰ 'ਕਲਮ ਦੀ ਡਾਂਗ ਵਾਂਗੂ ਵਰਤੋਂ' ਦੇ ਦੋਸ਼ ਤੋਂ ਬਚ ਸਕਣ ਅਤੇ ਰੋਜ਼ਾਨਾ ਸਪੋਕਸਮੈਨ ਦੀ ਸਿੱਖ ਪੇਪਰ ਵਜੋਂ ਪਛਾਣ ਬਣੀ ਰਹਿ ਸਕੇ।