ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਾਜ਼ਿਲਕਾ ਅਤੇ ਪਠਾਨਕੋਟ ਪੰਜਾਬ ਦੇ ਦੋ ਨਵੇਂ ਜ਼ਿਲ੍ਹੇ ਬਣੇ


J ਮੋਗਾ ਜ਼ਿਲ੍ਹੇ 'ਚ ਧਰਮਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ 'ਚ ਗੁਰੂ ਹਰਸਹਾਏ ਨੂੰ ਉਪ ਮੰਡਲਾਂ ਦਾ ਦਰਜਾ
J ਤਿੰਨ ਨਵੀਆਂ ਨਗਰ ਨਿਗਮਾਂ ਮੋਗਾ, ਪਠਾਨਕੋਟ ਅਤੇ ਫਗਵਾੜਾ ਦੀ ਅਧਿਸੂਚਨਾ ਜਾਰੀ
J 67 ਨਾਗਰਿਕ ਸੇਵਾਵਾਂ ਲਈ ਸੇਵਾ ਦੇ ਅਧਿਕਾਰ ਕਾਨੂੰਨ ਦੀ ਅਧਿਸੂਚਨਾ ਜਾਰੀ
J ਪੰਜਾਬ ਸਿਵਲ ਸਰਵਿਸਜ਼ (ਰੈਸ਼ਨੇਲਾਈਜੇਸ਼ਨ ਆਫ ਸਰਟਨ ਕੰਡੀਸ਼ਨਲਜ਼ ਆਫ ਸਰਵਿਸ ) ਐਕਟ 2011 ਰੱਦ
J ਕਿਸਾਨਾਂ ਲਈ ਵੱਡੀ ਖੁਸ਼ਖਬਰੀ, 75000 ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਹੋਣਗੇ
ਚੰਡੀਗੜ੍ਹ - ਪੰਜਾਬ ਸਰਕਾਰ ਨੇ ਅੱਜ ਦੋ ਨਵੇਂ ਜਿਲ੍ਹੇ ਫਾਜਿਲਕਾ ਤੇ ਪਠਾਨਕੋਟ ਬਣਾਏ ਜਾਣ ਦਾ ਐਲਾਨ ਕਰਦਿਆਂ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ 45 ਸਾਲ ਪੁਰਾਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ ਤੇ ਇਸ ਨਾਲ ਪੰਜਾਬ ਅੰਦਰ ਜ਼ਿਲ੍ਹਿਆਂ ਦੀ ਗਿਣਤੀ ਵਧਕੇ 22 ਹੋ ਗਈ ਹੈ। ਪੰਜਾਬ ਸਰਕਾਰ ਨੇ ਮੋਗਾ, ਪਠਾਨਕੋਟ ਤੇ ਫਗਵਾੜਾ ਨੂੰ ਵੀ ਤਿੰਨ ਨਵੇਂ ਨਗਰ ਨਿਗਮਾਂ ਵਜੋਂ ਅਧਿਸੂਚਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਨੇ ਆਮ ਲੋਕਾਂ ਦੇ ਸ਼ਸ਼ਕਤੀਕਰਨ ਲਈ 67 ਨਾਗਰਿਕ ਸੇਵਾਵਾਂ ਨਿਰਧਾਰਿਤ ਸਮੇਂ 'ਚ ਪ੍ਰਦਾਨ ਕਰਨ ਵਾਲੇ ਨਿਵੇਕਲੇ ਸੇਵਾ ਦੇ ਅਧਿਕਾਰ ਕਾਨੂੰਨ ਨੂੰ ਵੀ ਲਾਗੂ ਕਰਨ ਸਬੰਧੀ ਅਧਿਸੂਚਨਾ ਵੀ ਜਾਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸਜ਼ (ਰੈਸ਼ਨੇਲਾਈਜੇਸ਼ਨ ਆਫ ਸਰਟਨ ਕੰਡੀਸ਼ਨਲਜ਼ ਆਫ ਸਰਵਿਸ ) ਐਕਟ 2011 ਨੂੰ ਰੱਦ ਕਰਨ ਸਬੰਧੀ ਇਕ ਆਰਡੀਨੈਂਸ ਵੀ ਪੰਜਾਬ ਦੇ ਰਾਜਪਾਲ ਵਲੋਂ ਜਾਰੀ ਕਰ ਦਿੱਤਾ ਗਿਆ ਹੈ ਤੇ ਇਹ ਆਰਡੀਨੈਂਸ 5 ਅਪ੍ਰੈਲ 2011 ਤੋਂ ਲਾਗੂ ਸਮਝਿਆ ਜਾਵੇਗਾ। ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਧਰਮਕੋਟ ਤੇ ਗੁਰੂ ਹਰਸਹਾਏ ਕਸਬਿਆਂ ਨੂੰ ਉਪ ਮੰਡਲ/ਤਹਿਸੀਲ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੱਜ ਇੱਥੇ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਇਹ ਫੈਸਲੇ ਲੈ ਕੇ ਆਪਣੇ ਮਨੋਰਥ ਪੱਤਰਾਂ 'ਚ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਫੈਸਲੇ ਇਸ ਗੱਲ ਦੇ ਪ੍ਰਤੀਕ ਹਨ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਪੰਜਾਬ ਨੂੰ ਤੇਜ਼ੀ ਨਾਲ ਵਿਕਾਸ ਦੇ ਮਾਰਗ 'ਤੇ ਲਿਜਾਣ ਪ੍ਰਤੀ ਵਚਨਬੱਧ ਹੈ ਤੇ ਰਾਜ ਦੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਵੀ ਪੂਰੀ ਤਰ੍ਹਾਂ ਸੁਚੇਤ ਹੈ।
ਸ. ਬਾਦਲ ਨੇ ਦੱਸਿਆ ਕਿ ਨਵੇਂ ਬਣਾਏ ਗਏ ਜ਼ਿਲ੍ਹੇ ਫਾਜਿਲਕਾ 'ਚ ਫਾਜ਼ਿਲਕਾ, ਜਲਾਲਾਬਾਦ ਤੇ ਅਬੋਹਰ ਦੇ ਰੂਪ 'ਚ 3 ਉਪ ਮੰਡਲ ਤੇ ਅਰਨੀਵਾਲਾ ਸ਼ੇਖ ਸੁਭਾਨ, ਸੀਤੋ ਗੁੰਨੋ ਤੇ ਖੂਈਆਂ ਸਰਵਰ ਦੇ ਰੂਪ 'ਚ ਤਿੰਨ ਸਬ ਤਹਿਸੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਦਾ ਮੁੱਖ ਦਫਤਰ ਫਾਜ਼ਿਲਕਾ ਸ਼ਹਿਰ ਹੋਏਗਾ ਤੇ ਇਸ 'ਚ 314 ਮਾਲ ਪਿੰਡ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ 'ਚ ਪਠਾਨਕੋਟ ਤੇ ਧਾਰਕਲਾਂ ਦੇ ਰੂਪ 'ਚ ਦੋ ਉਪ ਮੰਡਲ ਤੇ ਨਰੋਟ ਜੈਮਲ ਸਿੰਘ ਤੇ ਬਮਿਆਲ ਦੇ ਰੂਪ 'ਚ ਦੋ ਸਬ ਤਹਿਸੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਜ਼ਿਲ੍ਹੇ ਦਾ ਮੁੱਖ ਦਫ਼ਤਰ ਪਠਾਨਕੋਟ ਸ਼ਹਿਰ ਹੋਵੇਗਾ। ਇਸ 'ਚ 421 ਪਿੰਡ ਸ਼ਾਮਲ ਕੀਤੇ ਗਏ ਹਨ। ਮੀਟਿੰਗ 'ਚ ਨਵੇਂ ਬਣਾਏ ਗਏ ਜ਼ਿਲ੍ਹਿਆਂ ਲਈ ਲੋੜੀਂਦੇ ਸਟਾਫ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਸ. ਬਾਦਲ ਨੇ ਦੱਸਿਆ ਕਿ ਮੰਤਰੀ ਪ੍ਰੀਸ਼ਦ ਨੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰਸਹਾਏ ਕਸਬੇ ਨੂੰ ਉਪ ਮੰਡਲ/ਤਹਿਸੀਲ ਵਜੋਂ ਅਪਗ੍ਰੇਡ ਕਰਨ ਦਾ ਵੀ ਫ਼ੈਸਲਾ ਲਿਆ ਹੈ। ਧਰਮਕੋਟ 'ਚ 150 ਤੇ ਗੁਰੂ ਹਰਸਹਾਏ 'ਚ 166 ਪਿੰਡ ਸ਼ਾਮਲ ਹੋਣਗੇ। ਮੰਤਰੀ ਪ੍ਰੀਸ਼ਦ ਨੇ ਨਵੇਂ ਉਪ ਮੰਡਲਾਂ ਲਈ ਲੋੜੀਂਦੇ ਸਟਾਫ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ. ਬਾਦਲ ਨੇ ਕਿਹਾ ਕਿ ਜਲੰਧਰ 'ਚ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਸਰਕਾਰ ਨੇ ਪਠਾਨਕੋਟ, ਫਗਵਾੜਾ ਤੇ ਮੋਗਾ 'ਚ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਇਨ੍ਹਾਂ ਅਹਿਮ ਸ਼ਹਿਰਾਂ ਨੂੰ ਨਗਰ ਨਿਗਮਾਂ ਵਜੋਂ ਵੀ ਅਧਿਸੂਚਿਤ ਕਰ ਦਿੱਤਾ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਨੇ ਆਮ ਨਾਗਰਿਕਾਂ ਨੂੰ 67 ਸੇਵਾਵਾਂ ਇਕ ਨਿਸ਼ਚਿਤ ਸਮਾਂ ਸੀਮਾ 'ਚ ਹਾਸਲ ਕਰਨ ਲਈ ਅਧਿਕਾਰਤ ਕਰਦਿਆਂ ਪੰਜਾਬ ਰਾਇਟ ਟੂ ਸਰਵਿਸ ਆਰਡੀਨੈਂਸ ਨੂੰ ਅਧਿਸੂਚਿਤ ਕਰਕੇ ਦੇਸ਼ ਅੰਦਰ ਅਜਿਹਾ ਪਹਿਲਾ ਸੂਬਾ ਹੋਣ ਦਾ ਇਤਿਹਾਸ ਰਚ ਦਿੱਤਾ ਹੈ। ਉਨ੍ਹÎਾਂ ਕਿਹਾ ਕਿ ਪੰਜਾਬ ਨੂੰ ਇਸ ਵਿਆਪਕ ਕਾਨੂੰਨ ਨੂੰ ਲਾਗੂ ਕਰਨ ਦਾ ਮਾਣ ਹਾਸਲ ਹੋਇਆ ਹੈ ਜਦੋਂ ਕਿ ਕਈ ਰਾਜਾਂ ਵਲੋਂ ਸਿਰਫ ਦੋ ਜਾਂ ਤਿੰਨ ਸੇਵਾਵਾਂ ਲਈ ਅਜਿਹੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਨਾਗਰਿਕ ਸਹੀ ਮਾਅਨਿਆਂ 'ਚ ਬਾਦਸ਼ਾਹ ਬਣ ਗਏ ਹਨ ਜਦੋਂ ਕਿ ਸਰਕਾਰੀ ਕਰਮਚਾਰੀਆਂ ਨੂੰ ਜਨਤਕ ਸੇਵਾਵਾਂ ਇਕ ਨਿਰਧਾਰਿਤ ਸਮੇਂ ਅੰਦਰ ਪ੍ਰਦਾਨ ਕਰਨ ਲਈ ਜਵਾਬਦੇਹ ਬਣਾਇਆ ਗਿਆ ਹੈ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸਜ਼ (ਰੈਸ਼ਨੇਲਾਈਜੇਸ਼ਨ ਆਫ ਸਰਟਨ ਕੰਡੀਸ਼ਨਲਜ਼ ਆਫ ਸਰਵਿਸ ) ਐਕਟ 2011 ਨੂੰ ਰੱਦ ਕਰ ਦਿੱਤਾ ਹੈ।