ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲੀ ਦਲ ਬਾਦਲ ਵਿਚ ਪਰਿਵਾਰਵਾਦ ਦਾ ਕਬਜ਼ਾ


ਅਕਾਲੀ ਦਲ ਬਾਦਲ ਵਿਚ ਇਸ ਸਮੇਂ ਪਰਿਵਾਰਵਾਦ ਦਾ ਕਬਜਾ ਹੈ। ਸ. ਬਿਕਰਮ ਸਿੰਘ ਮਜੀਠੀਆ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ 'ਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਨਿਯੁਕਤੀ ਨੇ ਅਕਾਲੀ ਦਲ ਬਾਦਲ ਵਿਚ ਪਰਿਵਾਰਵਾਦ ਨੂੰ ਪੱਕੇ ਪੈਰੀਂ ਕਰ ਦਿੱਤਾ ਹੈ। ਵੈਸੇ ਤਾਂ ਇਸ ਅਕਾਲੀ ਦਲ ਦਾ ਨਾਂ ਹੀ ਅਕਾਲੀ ਦਲ ਬਾਦਲ ਹੈ। ਇਸ ਲਈ ਇਸ ਦੇ ਯੂਥ ਵਿੰਗ ਦਾ ਪ੍ਰਧਾਨ ਬਾਦਲ ਪਰਿਵਾਰ ਦੇ ਮੈਂਬਰ ਦਾ ਬਣਨਾ ਕੋਈ ਅਚੰਭੇ ਵਾਲੀ ਗੱਲ ਨਹੀਂ। ਸ. ਪਰਕਾਸ਼ ਸਿੰਘ ਬਾਦਲ ਇਸ ਦਲ ਦੇ ਸਰਪ੍ਰਸਤ ਹਨ, ਉਹਨਾਂ ਦਾ ਫਰਜੰਦ ਸ. ਸੁਖਬੀਰ ਸਿੰਘ ਬਾਦਲ, ਇਸ ਦੇ ਪ੍ਰਧਾਨ ਹਨ, ਨੂੰਹ ਰਾਣੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਲੋਕ ਸਭਾ ਦੇ ਮੈਂਬਰ ਹਨ। ਅਜਿਹੇ ਦਲ ਵਿੱਚ ਪਰਿਵਾਰਵਾਦ ਦਾ ਹੋਣਾ ਕੋਈ ਅਨੋਖੀ ਗੱਲ ਨਹੀਂ। ਇਸ ਤੋਂ ਪਹਿਲਾਂ ਅਕਾਲੀ ਦਲ ਕਾਂਗਰਸ ਪਾਰਟੀ 'ਤੇ ਪਰਿਵਾਰਵਾਦ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਾਉਂਦਾ ਸੀ, ਹੁਣ ਅਕਾਲੀ ਦਲ ਖੁਦ ਇਸ ਦਲਦਲ ਵਿੱਚ ਫਸ ਗਿਆ ਹੈ।
ਅਸਲ ਵਿਚ ਹੁਣ ਤਾਂ ਬਾਦਲ ਪਰਿਵਾਰ ਹੀ ਅਕਾਲੀ ਦਲ, ਸਰਕਾਰ ਤੇ ਯੂਥ ਵਿੰਗ 'ਤੇ ਕਾਬਜ਼ ਹੈ। ਉਹ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਲੀਡਰ ਨੂੰ ਫੱਟਕਣ ਹੀ ਨਹੀਂ ਦਿੰਦੇ। ਸਰਕਾਰ ਵਿਚ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਉਨਾਂ ਦਾ ਹੋਣਹਾਰ ਸਪੁੱਤਰ ਸ. ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ, ਜਵਾਈ ਸ. ਆਦੇਸ਼ ਪਰਤਾਪ ਸਿੰਘ ਕੈਰੋਂ ਮੰਤਰੀ, ਇਕ ਹੋਰ ਨਜ਼ਦੀਕੀ ਰਿਸ਼ਤੇਦਾਰ ਸ. ਜਨਮੇਜਾ ਸਿੰਘ ਸੇਖੋਂ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਦਾ ਸਾਲਾ ਸ. ਬਿਕਰਮ ਸਿੰਘ ਮਜੀਠੀਆ ਐਮ. ਐਲ. ਏ. ਤੇ ਯੂਥ ਵਿੰਗ ਦਾ ਪ੍ਰਧਾਨ। ਪਿਛਲੇ ਦੋ ਢਾਈ ਸਾਲਾਂ ਤੋਂ ਸ. ਸੁਖਬੀਰ ਸਿੰਘ ਬਾਦਲ ਜ਼ਿਲਿ•ਆਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਕਰਕੇ ਉਹਨਾਂ ਵਿੱਚੋਂ ਵਿਸ਼ਵਾਸ਼ ਪਾਤਰ ਪ੍ਰਧਾਨ ਦੀ ਖੋਜ ਕਰ ਰਹੇ ਸਨ ਪ੍ਰੰਤੂ ਉਹਨਾਂ ਨੂੰ ਅਕਾਲੀ ਦਲ ਬਾਦਲ ਵਿਚੋਂ ਕੋਈ ਵੀ ਕਾਬਲ ਤੇ ਵਿਸ਼ਵਾਸ਼ ਪਾਤਰ ਨੌਜਵਾਨ ਨਹੀਂ ਲੱਭਾ, ਇਉਂ ਲੱਗ ਰਿਹਾ ਹੈ ਕਿ ਉਸਨੂੰ ਕੋਈ ਵੀ ਨੌਜਵਾਨ ਇਸ ਅਹੁਦੇ ਦੇ ਫਿਟ ਨਹੀਂ ਲੱਭਿਆ। ਸ. ਬਿਕਰਮ ਸਿੰਘ ਮਜੀਠੀਆ ਦੀ ਨਿਯੁਕਤੀ ਗਲਤ ਨਹੀਂ ਹੋ ਸਕਦੀ ਕਿਉਂਕਿ ਸਮੁੱਚੇ ਬਾਦਲ ਪਰਿਵਾਰ ਦੀ ਡੂੰਘੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।
ਪਿਛਲੇ ਦੋ ਢਾਈ ਸਾਲਾਂ ਤੋਂ ਸ੍ਰੀ ਮਜੀਠੀਆ ਦੀ ਯੋਗਤਾ ਦਾ ਇਮਤਿਹਾਨ ਉਸਨੂੰ ਯੂਥ ਵਿੰਗ ਦਾ ਸਰਪ੍ਰਸਤ ਬਣਾਕੇ ਲਿਆ ਗਿਆ ਹੈ। ਸ਼੍ਰੀ ਕਿਰਨਬੀਰ ਸਿੰਘ ਕੰਗ ਨੇ ਅਪ੍ਰੈਲ-2010 ਵਿਚ ਇਸੇ ਕਰਕੇ ਯੂਥ ਵਿੰਗ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਸ਼੍ਰੀ ਮਜੀਠੀਆ ਯੂਥ ਵਿੰਗ ਦੇ ਰੋਜ਼ ਮਰਹਾ ਦੇ ਕੰਮ ਕਾਜ਼ ਵਿਚ ਦਖ਼ਲ ਦੇ ਰਿਹਾ ਸੀ ਪ੍ਰੰਤੂ ਇਕ ਗੱਲ ਮੈਨੂੰ ਸਮਝ ਵਿੱਚ ਨਹੀਂ ਆਉਂਦੀ ਕਿ ਇਹ ਤਾਂ ਆਮ ਦੇਖਣ ਵਿੱਚ ਆਇਆ ਹੈ ਕਿ ਕਿਸੇ ਵਿੰਗ ਜਾਂ ਪਾਰਟੀ ਦੇ ਪ੍ਰਧਾਨ ਨੂੰ ਤਰੱਕੀ ਦੇ ਕੇ ਸਰਪਰਸਤ ਬਣਾਇਆ ਜਾਂਦਾ ਹੈ, ਜਿਵੇਂ ਸ. ਪਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਤੋਂ ਬਾਅਦ ਸਰਪਰਸਤ ਬਣਾਇਆ ਗਿਆ ਹੈ ਪ੍ਰੰਤੂ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਦੀ ਇੱਕ ਵਿੰਗ ਦੇ ਸਰਪਰਸਤ ਨੂੰ ਪ੍ਰਧਾਨ ਬਣਾਇਆ ਹੋਵੇ। ਪਤਾ ਨਹੀਂ ਇਹ ਸ਼੍ਰੀ ਮਜੀਠੀਆ ਦੀ ਤਰੱਕੀ ਹੈ ਜਾਂ ਡਿਮੋਸ਼ਨ। ਇਹ ਤਾਂ ਸ. ਸੁਖਬੀਰ ਸਿੰਘ ਬਾਦਲ ਹੀ ਜਾਣਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਦੇ ਅਕਾਲੀ ਦਲ ਬਾਦਲ ਨਾਲੋਂ ਵੱਖ ਹੋ ਜਾਣ ਤੋਂ ਬਾਅਦ ਬਾਦਲ ਪਰਿਵਾਰ ਨੂੰ ਕਿਸੇ ਅਕਾਲੀ ਲੀਡਰ ਵਿਚ ਵਿਸ਼ਵਾਸ਼ ਹੀ ਨਹੀਂ ਰਿਹਾ। ਉਹਨਾਂ ਨੂੰ ਹਰ ਅਕਾਲੀ ਲੀਡਰ ਵਿਚੋਂ ਬਾਗਵਤ ਦੀ ਬੋਅ ਆਉਂਦੀ ਹੈ ਕਿਉਂਕਿ ਮਨਪ੍ਰੀਤ ਤੋਂ ਨਜ਼ਦੀਕੀ ਤਾਂ ਕੋਈ ਹੋ ਨਹੀਂ ਸੀ ਸਕਦਾ। ਉਹ ਵੀ ਆਪਣੀ ਵੱਖਰੀ ਪਾਰਟੀ ਬਣਾ ਚੁੱਕਾ ਹੈ ਭਾਵੇਂ ਉਸਨੇ ਆਪਣੀ ਪਾਰਟੀ ਦਾ ਬਾਦਲ ਦਲ ਨਾਂ ਨਹੀਂ ਰੱਖਿਆ। ਅਸਲ ਵਿਚ ਬਾਦਲ ਪਰਿਵਾਰ ਦੇ ਦੋਹਾਂ ਹੱਥਾਂ ਵਿੱਚ ਲੱਡੂ ਹਨ। ਭਾਵੇਂ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜਾਵੇ ਭਾਵੇਂ ਮਨਪ੍ਰੀਤ ਬਾਦਲ। ਉਹ ਤਾਂ ਲੋਕਾਂ ਦਾ ਬੇਵਕੂਫ ਬਣਾ ਰਹੇ ਹਨ। ਉਹਨਾਂ ਦੀ ਤਾਂ ਲੜਾਈ ਹੀ ਕੁਰਸੀ ਦੀ ਹੈ।
ਇਸ ਬਾਰੇ ਗੁਰਦਾਸ ਸਿੰਘ ਬਾਦਲ ਅਖ਼ਬਾਰਾਂ ਵਿਚ ਬਿਆਨ ਦੇ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਨੇ ਵਿਧਾਨ ਸਭਾ ਤੇ ਲੋਕ ਸਭਾ ਵਿਚ ਆਪਣੇ ਰਿਸ਼ਤੇਦਾਰਾਂ ਜਾਂ ਨਜ਼ਦੀਕੀਆਂ ਨੂੰ ਹੀ ਟਿਕਟਾਂ ਦਿੱਤੀਆਂ ਸਨ। ਬਾਦਲ ਪਰਿਵਾਰ ਹਰ ਹਾਲਤ ਵਿਚ ਤੇ ਹਰ ਕੀਮਤ 'ਤੇ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਨਾਉਣਾ ਚਾਹੁੰਦਾ ਹੈ। ਇਸ ਲਈ ਉਹ ਅਕਾਲੀ ਦਲ ਵਿਚੋਂ ਚੁਣ-ਚੁਣਕੇ ਪ੍ਰਭਾਵਸ਼ਾਲੀ ਲੀਡਰਾਂ ਨੂੰ ਗੁਠੇ ਲਾ ਰਿਹਾ ਹੈ। ਬਾਦਲ ਪਰਿਵਾਰ ਨੇ ਇਕ ਕਿਸਮ ਨਾਲ ਟੌਹੜਾ ਗਰੁੱਪ ਦਾ ਸਫਾਇਆ ਕਰ ਦਿੱਤਾ ਹੈ। ਰਹਿੰਦੇ ਖੂੰਹਦੇ ਦੋ ਚਾਰ ਲੀਡਰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬਲੀ ਦਾ ਬੱਕਰਾ ਬਣਾ ਦਿੱਤੇ ਜਾਣਗੇ। ਸ. ਪਰਕਾਸ਼ ਸਿੰਘ ਬਾਦਲ, ਸੁਲਝਿਆ ਹੋਇਆ, ਡੂੰਘਾ, ਘਾਗ ਤੇ ਮਚਲਾ ਸਿਆਸਤਦਾਨ ਹੈ। ਮਚਲਾ ਜੱਟ ਖੁਦਾ ਨੂੰ ਲੈ ਗਏ ਚੋਰ, ਦੀ ਅਖਾਣ ਉਸ 'ਤੇ ਪੂਰੀ ਢੁਕਦੀ ਹੈ। ਅਕਾਲੀ ਦਲ ਦੇ ਇੱਕ-ਇੱਕ ਸੀਨੀਅਰ ਲੀਡਰ ਨੂੰ ਗੁਠੇ ਲਾਈਨ ਲਾ ਰਿਹਾ ਹੈ। ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਰਜੀਤ ਸਿੰਘ ਬਰਨਾਲਾ ਪਰਿਵਾਰ ਅਤੇ ਜੱਥੇਦਾਰ ਮੋਹਨ ਸਿੰਘ ਤੁੜ ਦਾ ਪਰਿਵਾਰ ਸਾਰਿਆਂ ਨੂੰ ਯੋਜਨਾਬੱਧ ਢੰਗ ਨਾਲ ਜਲੀਲ ਕਰਕੇ ਵੱਖ ਕਰ ਦਿੱਤਾ ਜਾਂ ਨੁਕਰੇ ਲਾ ਦਿੱਤਾ। ਕੈਪਟਨ ਕੰਵਲਜੀਤ ਸਿੰਘ ਵਰਗੇ ਸੁਲਝੇ ਹੋਏ ਵਿਦਵਾਨ ਲੀਡਰ ਦੀ ਸ਼ੱਕੀ ਐਕਸੀਡੈਂਟ ਨਾਲ ਹੋਈ ਮੌਤ ਤੋਂ ਬਾਅਦ ਬਾਦਲ ਪਰਿਵਾਰ ਨੂੰ ਚੈਲੰਜ ਕਰਨ ਜੋਗਾ ਕੋਈ ਰਿਹਾ ਹੀ ਨਹੀਂ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਜੀਠੀਆ ਪਰਿਵਾਰ ਨੁਕਰੇ ਲਾ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬੌਣੇ ਬਣਾ ਦਿੱਤੇ ਹਨ ਤੇ ਉਹ ਆਪਣੇ ਪੁੱਤਰਾਂ ਦੀਆਂ ਟਿਕਟਾਂ ਜਾਂ ਪਾਰਟੀ ਵਿੱਚ ਅਹੁਦਿਆਂ ਲਈ ਲੇਲੜੀਆਂ ਕੱਢ ਰਹੇ ਹਨ।
ਸ. ਮਜੀਠੀਆ ਨੂੰ ਪ੍ਰਧਾਨ ਬਣਾ ਕੇ ਅਕਾਲੀ ਦਲ ਦੇ ਨੌਜਵਾਨਾਂ ਵਿੱਚ ਜੋਸ਼ ਪੈਦਾ ਕਰਨ ਦੀ ਸੋਚੀ ਸਮਝੀ ਤਰਕੀਬ ਹੈ ਕਿਉਂਕਿ 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਲਾਮਬੰਦ ਕਰਕੇ, ਯੋਜਨਾਬੱਧ ਢੰਗ ਨਾਲ ਪਾਰਟੀ ਨੂੰ ਜਿਤਾਉਣ ਲਈ ਸਰਗਰਮ ਕੀਤਾ ਸੀ। ਉਹ ਤਜਰਬਾ ਕਾਮਯਾਬ ਰਿਹਾ ਪ੍ਰੰਤੂ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਯੂਥ ਵਿੰਗ ਦੀ ਅਗਵਾਈ ਸ਼੍ਰੀ ਕੰਗ ਕਰ ਰਹੇ ਸਨ ਪ੍ਰੰਤੂ ਉਸ ਵਿੱਚ ਪਾਰਟੀ ਨੂੰ ਵਿਸ਼ਵਾਸ਼ ਹੀ ਨਹੀਂ ਸੀ ਇਸ ਕਰਕੇ ਯੂਥ ਵਿੰਗ ਠੰਡਾ ਰਿਹਾ ਤੇ ਲੋਕ ਸਭਾ ਦੇ ਨਤੀਜੇ ਆਸ ਮੁਤਾਬਕ ਨਹੀਂ ਰਹੇ। ਇਸ ਦੇ ਮੁਕਾਬਲੇ ਪੰਜਾਬ ਯੂਥ ਕਾਂਗਰਸ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਕਾਇਦਾ ਪਰਜਾਤੰਤਰਕ ਢੰਗ ਨਾਲ ਚੋਣ ਹੋਈ ਸੀ ਤੇ ਕਾਂਗਰਸ ਦਾ ਯੂਥ ਵਿੰਗ ਪੂਰਾ ਸਰਗਰਮ ਸੀ। ਉਹ ਚੋਣਾਂ ਕਾਂਗਰਸ ਲਈ ਵਰਦਾਨ ਸਾਬਤ ਹੋਈਆਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਰਵਨੀਤ ਸਿੰਘ ਬਿੱਟੂ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਹੁਣ ਇਸ ਵਾਰ ਫਿਰ ਪੰਜਾਬ ਯੂਥ ਕਾਂਗਰਸ ਦੀ ਚੋਣ ਲਈ ਹੇਠਲੇ ਪੱਧਰ 'ਤੇ ਵਿਧਾਨ ਸਭਾ ਤੇ ਲੋਕ ਸਭਾ ਦੇ ਹਲਕਿਆਂ ਮੁਤਾਬਕ ਚੋਣ ਕਰਨ ਲਈ 9.50 ਲੱਖ ਮੈਂਬਰ ਭਰਤੀ ਕਰ ਲਏ ਹਨ। ਇਸੇ ਲਈ ਅਕਾਲੀ ਦਲ ਘਬਰਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਪਿਛਲੇ ਦੋ ਢਾਈ ਸਾਲਾਂ ਤੋਂ ਨਿਸਲਾ ਹੋਏ ਯੂਥ ਲੀਡਰਾਂ ਵਿੱਚ ਰੂਹ ਫੂਕਣ ਦੀ ਜਿੰਮੇਵਾਰੀ ਬਾਦਲ ਦੇ ਇੱਕ ਪਰਿਵਾਰਕ ਮੈਂਬਰ ਨੂੰ ਸੌਂਪੀ ਗਈ ਹੈ। ਸ਼੍ਰੀ ਮਜੀਠੀਆ ਲਈ ਵੀ ਇਹ ਇਮਤਿਹਾਨ ਦੀ ਘੜੀ ਹੋਵੇਗੀ। ਯੂਥ ਅਕਾਲੀ ਦਲ ਇਸ ਸਮੇਂ ਨਿਰਾਸਤਾ ਤੇ ਬੇਦਿਲੀ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਹੈ। ਅਕਾਲੀ ਦਲ ਦੇ ਨੌਜਵਾਨ ਗੈਰਵਿਸ਼ਵਾਸ਼ੀ ਦੇ ਸਮੇਂ ਵਿੱਚੋਂ ਲੰਘ ਰਹੇ ਹਨ। ਅੰਦਰ ਖਾਤੇ ਯੂਥ ਦਾ ਕੇਡਰ ਕਹਿ ਰਿਹਾ ਹੈ ਕਿ ਅਕਾਲੀ ਲੀਡਰਸ਼ਿਪ ਨੂੰ ਉਹਨਾਂ 'ਤੇ ਵਿਸ਼ਵਾਸ਼ ਨਹੀਂ ਇਸੇ ਕਰਕੇ ਬਾਦਲ ਪਰਿਵਾਰ ਆਪਣੇ ਪਰਿਵਾਰ ਤੋਂ ਬਾਹਰਲੇ ਨੌਜਵਾਨਾਂ ਵੱਲ ਸਿੱਧੀ ਨਿਗਾਹ ਨਾਲ ਨਹੀਂ ਵੇਖ ਰਿਹਾ। ਹੁਣ ਤਾਂ ਇਹਨਾਂ ਨੌਜਵਾਨਾਂ ਨੂੰ ਘਰੋਂ ਕੱਢਕੇ ਲੋਕਾਂ ਵਿੱਚ ਵਿਚਰਨ ਤੇ ਉਹਨਾਂ ਨੂੰ ਵਿਸ਼ਵਾਸ਼ ਵਿਚ ਲੈਣ ਦੀ ਸਾਰੀ ਜਿੰਮੇਵਾਰੀ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਲਾ ਦਿੱਤੀ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਤੱਕ ਉਹ ਪੂਰੀ ਤਰਾਂ ਤਿਆਰ-ਬਰ-ਤਿਆਰ ਹੋ ਜਾਣ। ਸ. ਪਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਨਿਰਾਸ਼ ਲੀਡਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸ. ਮਜੀਠੀਆ ਸ. ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਨਮਰਤਾ ਵਾਲੇ ਤਾਂ ਹਨ ਪ੍ਰੰਤੂ ਵੇਖਦੇ ਹਾਂ ਕਿ ਉਹ ਪੰਜਾਬ ਯੂਥ ਕਾਂਗਰਸ ਦੇ ਮੁਕਾਬਲੇ ਨੌਜਵਾਨਾਂ ਨੂੰ ਲਾਮਬੰਦ ਕਰਨ ਵਿਚ ਕਿੰਨਾ ਕੁ ਕਾਮਯਾਬ ਹੁੰਦੇ ਹਨ। ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵਿਚ ਸੰਨ ਲਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਯੂਥ ਅਕਾਲੀ ਦਲ ਦਾ ਅਜੇ ਤੱਕ ਪਿੰਡ ਪੱਧਰ ਤਾਂ ਕੀ ਜ਼ਿਲਾ ਪੱਧਰ ਤੱਕ ਦਾ ਵੀ ਜੱਥੇਬੰਦ ਢਾਂਚਾ ਨਹੀਂ ਬਣਿਆ। ਇਹ ਢਾਂਚਾ ਬਨਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਫਿਰ ਚਾਪਲੂਸਾ ਦੇ ਘੇਰੇ ਵਿਚੋਂ ਬਾਹਰ ਨਿਕਲਦੇ ਹਨ ਜਾਂ ਨਹੀਂ ਕਿਉਂਕਿ ਯੂਥ ਵਿੰਗ ਵਿਚ ਧੜੇਬੰਦੀ ਵੱਡੇ ਪੱਧਰ 'ਤੇ ਹੈ, ਹਰ ਰੋਜ਼ ਅਖ਼ਬਾਰਾਂ ਵਿਚ ਯੂਥ ਵਿੰਗ ਦੇ ਅਹੁਦੇਦਾਰਾਂ ਦੀਆਂ ਲੜਾਈਆਂ ਦੀਆਂ ਖ਼ਬਰਾਂ ਲੱਗ ਰਹੀਆਂ ਹਨ, ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਬਹੁਤ ਹੀ ਕਠਿਨ ਕੰਮ ਹੈ ਪ੍ਰੰਤੂ ਇਹ ਤਾਂ ਸਮਾਂ ਹੀ ਦੱਸੇਗਾ ਕਿ ਪਰਿਵਾਰਵਾਦ ਦਾ ਅਕਾਲੀ ਦਲ ਨੂੰ ਲਾਭ ਹੋਵੇਗਾ ਜਾਂ ਨੁਕਸਾਨ।
ਉਜਾਗਰ ਸਿੰਘ