ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਜ਼ਾਦੀ ਪਸੰਦ ਕੌਮਾਂ ਲਈ ਉਮੀਦ ਦੀ ਨਵੀਂ ਕਿਰਨ-ਦੱਖਣੀ ਸੁਡਾਨ ਦੀ ਆਜ਼ਾਦੀ


9 ਜੁਲਾਈ ਨੂੰ ਇਕ ਨਵਾਂ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿਚ ਆਇਆ ਹੈ, ਆਜ਼ਾਦ ਹੋਇਆ ਹੈ। 80/85 ਲੱਖ ਦੀ ਆਬਾਦੀ ਦਾ ਇਹ ਦੇਸ਼, ਇਕ ਲੰਮੀ ਤੇ ਖੂਨੀ ਜੱਦੋ-ਜਹਿਦ ਦੇ ਬਾਅਦ ਆਜ਼ਾਦ ਹੋਇਆ ਹੈ।
1849 ਵਿਚ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਮੁਕੰਮਲ ਹੋਇਆ ਸੀ, ਤੇ ਸਾਡੇ ਤੋਂ ਪੰਜਾਹ ਸਾਲ ਬਾਅਦ, 1899 ਵਿਚ ਸੁਡਾਨ ਨੂੰ ਅੰਗਰੇਜ਼ਾਂ ਨੇ ਮਿਸਰ ਨਾਲ ਮਿਲ ਕੇ ਆਪਣੇ ਕਬਜ਼ੇ ਵਿਚ ਲਿਆ ਸੀ। ਇਹ ਉਹ ਵੇਲਾ ਸੀ, ਜਦੋਂ ਅੰਗਰੇਜ਼ੀ ਸਾਮਰਾਜ ਇਕ ਤੋਂ ਬਾਅਦ ਦੂਜੇ ਦੇਸ਼ ਨੂੰ ਆਪਣੇ ਕਬਜ਼ੇ ਵਿਚ ਲੈਂਦਾ, ਅੱਗੇ ਹੀ ਅੱਗੇ ਵੱਧਦਾ ਜਾ ਰਿਹਾ ਸੀ।
ਦੂਜੀ ਆਲਮੀ ਜੰਗ ਦੇ ਬਾਅਦ ਸਾਮਰਾਜੀ ਦੌਰ ਦਾ ਖਾਤਮਾ ਸ਼ੁਰੂ ਹੋਇਆ, ਤਾਂ ਇਕ ਇਕ ਕਰ ਕੇ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਨਿਕਲਣ ਵਾਲੇ ਇਲਾਕਿਆਂ ਤੇ ਆਧਾਰਿਤ ਨਵੇਂ ਦੇਸ਼ ਹੋਂਦ ਵਿਚ ਆਉਣ ਲੱਗੇ। ਭਾਰਤ ਤੇ ਪਾਕਿਸਤਾਨ 1947 ਵਿਚ ਆਜ਼ਾਦ ਹੋਏ (ਪਰ ਪੰਜਾਬ ਦੇ ਸਿੱਖ, ਜੋ 1849 ਤੱਕ ਇਕ ਵੱਡੇ ਆਜ਼ਾਦ ਦੇਸ਼ ਦੇ ਮਾਲਕ ਸਨ, ਇਕ ਗੁਲਾਮੀ 'ਚੋਂ ਨਿਕਲ ਕੇ ਦੂਜੀ ਗੁਲਾਮੀ ਵਿਚ ਜਾ ਫਸੇ)। ਇਸੇ ਸਿਲਸਿਲੇ ਦੀ ਇਕ ਕੜੀ ਵਜੋਂ 1956 ਵਿਚ ਆਖਿਰ ਸੁਡਾਨ ਵੀ ਬਰਤਾਨਵੀ ਤੇ ਮਿਸਰੀ ਕਬਜ਼ੇ ਤੋਂ ਆਜ਼ਾਦ ਹੋ ਕੇ, ਇਕ ਆਜ਼ਾਦ ਦੇਸ਼ ਦੇ ਰੂਪ ਵਿਚ ਹੋਂਦ ਵਿਚ ਆ ਗਿਆ।
ਆਜ਼ਾਦ ਹੋਣ ਦੇ ਬਾਵਜੂਦ ਵੀ ਸੁਡਾਨ ਦੇ ਲੋਕਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੋਈਆਂ। ਨਵੇਂ ਦੇਸ਼, ਜਿਸ ਦੀ ਬਹੁਗਿਣਤੀ ਮੁਸਲਿਮ ਸੀ, ਉੱਤੇ ਉਤਰੀ ਸੁਡਾਨ ਦੀ ਇਕ ਤਾਕਤਵਰ ਜੁੰਡਲੀ ਹੀ ਕਿਸੇ ਨਾ ਕਿਸੇ ਰੂਪ ਵਿਚ ਕਾਬਜ਼ ਰਹੀ, ਤੇ ਦੱਖਣੀ ਸੁਡਾਨ ਦੇ ਲੋਕ, ਜਿਨ੍ਹਾਂ ਵਿਚ ਇਕ ਵੱਡੀ ਆਬਾਦੀ ਈਸਾਈਆਂ ਦੀ ਹੈ, ਉੱਤਰੀ ਸੁਡਾਨ ਵਾਲਿਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੇ ਰਹੇ। ਉੱਤਰੀ ਤੇ ਦੱਖਣੀ ਸੁਡਾਨ ਦੇ ਕਬੀਲਿਆਂ ਵਿਚ ਖਾਨਾਜੰਗੀ ਭਾਵੇਂ 1956 ਦੀ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਹੀ ਚੱਲ ਰਹੀ ਸੀ, ਪਰ 1971 ਵਿਚ ਜੋਸੇਫ ਲਾਗੂ ਨਾਮ ਦੇ ਇਕ ਆਗੂ ਨੇ “ਸਾਉਦਰਨ ਸੁਡਾਨ ਲਿਬਰੇਸ਼ਨ ਮੂਵਮੈਂਟ” ਦਾ ਐਲਾਨ ਕਰ ਦਿੱਤਾ, ਤੇ ਉੱਤਰੀ ਸੁਡਾਨ ਦੇ ਖਿਲਾਫ ਇਕ ਬਾਕਾਇਦਾ ਜੰਗ ਸ਼ੁਰੂ ਕਰ ਦਿੱਤੀ। ਇਸੇ ਸਿਵਲ ਵਾਰ ਦੇ ਚੱਲਦੇ ਹੀ, 1983 ਵਿਚ ਕਰਨਲ ਜੋਹਨ ਗਰਾਂਗ ਨੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਦਾ ਗਠਨ ਕਰ ਲਿਆ, ਜਿਸ ਨੇ ਖਾਰਤੂਮ ਦੀ ਕੇਂਦਰੀ ਹਕੂਮਤ ਦੇ ਖਿਲਾਫ਼ ਗੁਰੀਲਾ ਜੰਗ ਨੂੰ ਹੋਰ ਜ਼ੋਰ ਸ਼ੋਰ ਨਾਲ ਅੱਗੇ ਵਧਾਇਆ ।
2005 ਵਿਚ ਸੁਡਾਨ ਦੀ ਕੇਂਦਰੀ ਹਕੂਮਤ ਅਤੇ “ਸੁਡਾਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ/ਮੂਵਮੈਂਟ” ਵਿਚਕਾਰ ਹੋਏ ਸਮਝੌਤੇ ਮੁਤਾਬਿਕ, 9 ਤੋਂ 15 ਜਨਵਰੀ 2011 ਵਿਚਕਾਰ ਹੋਏ ਰੈਡਰੈਂਡਮ ਦੇ ਨਤੀਜੇ ਮਤਾਬਕ, 98 ਪਰਸੈਂਟ ਵੋਟਾਂ ਦੀ ਹਮਾਇਤ ਨਾਲ ਇਹ ਨਵਾਂ ਮੁਲਕ ਹੋਂਦ ਵਿਚ ਆਇਆ ਹੈ।
ਇਸ ਰੈਡਰੈਂਡਮ ਤੱਕ ਪਹੁੰਚਣ ਲਈ ਇਸ ਕੌਮ ਨੂੰ ਵੀਹ ਤੋਂ ਪੱਚੀ ਲੱਖ ਲੋਕਾਂ ਦੀ ਕੁਰਬਾਨੀ ਦੇਣੀ ਪਈ ਹੈ, ਤਾਂ ਜਾ ਕੇ ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਨਸੀਬ ਹੋਈ ਹੈ।
ਜਦ ਵੀ ਕਦੇ ਕੋਈ ਨਵਾਂ ਦੇਸ਼ ਆਜ਼ਾਦ ਹੁੰਦਾ ਹੈ, ਤਾਂ ਸਾਡੇ ਸੁਪਨੇ ਫਿਰ ਮਚਲਣ ਲੱਗਦੇ ਹਨ, ਤੇ ਸਾਡੀਆਂ ਉਮੀਦਾਂ ਮੁੜ ਰੋਸ਼ਨ ਹੋਣ ਲੱਗਦੀਆਂ ਹਨ। ਅਸੂਲੀ ਤੌਰ 'ਤੇ ਤਾਂ ਸਾਡੀ ਆਜ਼ਾਦੀ ਦੀ ਲੜਾਈ 1849 ਵਿਚ ਅੰਗਰੇਜ਼ਾਂ ਦੇ ਪੰਜਾਬ ਉਤੇ ਕਬਜ਼ੇ ਦੇ ਫੋਰਨ ਬਾਅਦ ਹੀ ਸ਼ੁਰੂ ਹੋ ਗਈ ਸੀ, ਭਾਵੇਂ ਇਸ ਦੇ ਰੂਪ ਵੱਖ ਵੱਖ ਸਮਿਆਂ ਤੇ ਵੱਖ ਵੱਖ ਰਹੇ ਹੋਣ। ਮਹਾਰਾਜਾ ਦਲੀਪ ਸਿੰਘ ਤੇ ਠਾਕਰ ਸਿੰਘ ਸੰਧਾਵਾਲੀਆ ਦੀ ਕੋਸ਼ਿਸ਼ ਹੋਏ, ਜਾਂ ਕੂਕਾ ਲਹਿਰ ਹੋਏ, ਅਕਾਲੀ ਜਾਂ ਬੱਬਰ ਅਕਾਲੀ ਲਹਿਰ, ਅੰਗਰੇਜ਼ਾਂ ਦੇ ਖਿਲਾਫ ਪੰਜਾਬ ਦੀ ਧਰਤੀ ਤੋਂ ਉੱਠੀ ਹਰ ਲਹਿਰ ਦੇ ਪਿਛੋਕੜ ਵਿਚ ਸਿੱਖ ਕੌਮ ਦਾ ਆਪਣੀ ਖੁਸ਼ੀ ਹੋਈ ਆਜ਼ਾਦੀ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਹੀ ਸੀ।
ਮੈਂ ਜਦ ਵੀ ਕੱਲਾ ਬਹਿ ਕੇ ਸੋਚਦਾਂ, ਤਾਂ ਮੇਰੀ ਸੋਚ ਵਿਚ ਲੀਡਰਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਦੇ ਬਾਵਜੂਦ, ਸਿੱਖ ਕੌਮ ਦੀ ਬਦਕਿਸਮਤੀ ਦਾ ਪਹਿਲੂ ਬਹੁਤ ਹਾਵੀ ਰਹਿੰਦਾ ਹੈ। 1947 ਦੀ ਅੰਗਰੇਜ਼ਾਂ ਤੋਂ ਆਜ਼ਾਦੀ ਤੇ ਵੰਡ ਵੇਲੇ ਸਿੱਖਾਂ ਕੋਲ ਕੀ ਨਹੀਂ ਸੀ, ਸੱਤ ਸਿੱਖ ਰਿਆਸਤਾਂ, ਜਿਨ੍ਹਾਂ ਕੋਲ ਅੰਗਰੇਜ਼ਾਂ ਦੇ ਜਾਣ ਬਾਦ ਆਪਣੀ ਆਜ਼ਾਦੀ ਦਾ ਐਲਾਨ ਕਰਨ ਦਾ ਹੱਕ ਸੀ, ਤੇ ਕਈ ਹੋਰ ਵੱਡੀਆਂ ਵੱਡੀਆਂ ਜਗੀਰਾਂ, ਅਕਾਲੀ ਦਲ ਦੇ ਰੂਪ ਵਿਚ ਇਕ ਤਾਕਤਵਰ ਸਿੱਖ ਸਿਆਸੀ ਜਮਾਤ, ਤੇ ਇਕ ਵੱਡੀ ਫੌਜ। ਜੇ ਨਹੀਂ ਸੀ, ਤਾਂ ਸ਼ਾਇਦ ਇਕ ਦੂਰ ਅੰਦੇਸ਼ ਲੀਡਰਸ਼ਿਪ, ਤੇ ਚੰਗੀ ਕਿਸਮਤ ਨਹੀਂ ਸੀ। 1947 ਤੋਂ ਬਾਅਦ ਇਕ ਇਕ ਕਰ ਕੇ ਕਿੰਨੇ ਹੀ ਨਵੇਂ ਦੇਸ਼ ਆਜ਼ਾਦ ਹੋਏ, ਤੇ ਯੂ ਐਨ ਓ ਦੇ ਮੈਂਬਰ ਬਣੇ, ਜਿਨ੍ਹਾਂ ਦੀ ਆਬਾਦੀ ਸਿੱਖ ਕੌਮ ਤੋਂ ਵੀ ਘੱਟ ਸੀ, ਤੇ ਰਕਬੇ ਪੂਰਬੀ ਪੰਜਾਬ ਤੋਂ ਤਾਂ ਕੀ, ਪਟਿਆਲਾ ਰਿਆਸਤ ਤੋਂ ਵੀ ਘੱਟ ਸਨ।
ਅਸੀਂ ਜਦੋਂ 68/69 ਵਿਚ ਹੋਸ਼ ਸੰਭਾਲੀ ਤੇ ਆਜ਼ਾਦੀ ਦੀ ਗੱਲ ਕਰਨੀ ਸ਼ੁਰੂ ਕੀਤੀ, ਤਾਂ ਸਾਨੂੰ ਪਰਾਇਆਂ ਨੇ ਤਾਂ ਕੀ, ਆਪਣਿਆਂ ਨੇ ਵੀ ਤਾਹਨੇ ਮਾਰੇ, ਤੇ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਜ “ਛੋਟੇ ਛੋਟੇ ਦੇਸ਼ਾਂ ਦਾ ਕੋਈ ਵੇਲਾ ਨਹੀਂ ਰਹਿ ਗਿਆ ਹੈ”! ਕਿਸੇ ਨੇ ਕਿਹਾ ਧਰਮ ਕੌਮੀਅਤ ਦਾ ਆਧਾਰ ਨਹੀਂ ਬਣ ਸਕਦਾ। ਇਕ ਵੱਡੀ ਗਿਣਤੀ ਨੂੰ ਤਾਂ ਭਾਰਤ ਮਾਤਾ ਦੀ ਭਗਤੀ ਦਾ ਜਨੂੰਨ ਹੀ ਇੰਨਾਂ ਸੀ, ਕਿ ਉਹਨਾਂ ਨੂੰ ਆਪਣੀ ਕੌਮੀ ਵਿਲੱਖਣਤਾ ਤੇ ਸਵੈਮਾਣ ਦੀ ਗੱਲ ਕਰਨਾ ਹੀਣਾ ਲੱਗਦਾ ਸੀ।
ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨੇ, ਤੇ ਭਾਰਤੀ ਹਾਕਮਾਂ ਦੇ ਰਵੱਈਏ ਵਿਚਲੀ ਸਿੱਖਾਂ ਪ੍ਰਤੀ ਨਫਰਤ ਨੇ ਹੌਲੀ ਹੌਲੀ ਸਿੱਖਾਂ ਵਿਚ ਆਪਣੇ ਕੌਮੀ ਘਰ ਤੇ ਆਜ਼ਾਦੀ ਦਾ ਅਹਿਸਾਸ ਮੁੜ ਪੈਦਾ ਕਰਨਾ ਸ਼ੁਰੂ ਕੀਤਾ। 1978 ਤੋਂ 1984 ਤੱਕ ਪਹੁੰਚਦੇ ਪਹੁੰਚਦੇ, ਖਾਲਿਸਤਾਨ ਦੀ ਆਜ਼ਾਦੀ ਲਈ ਇਕ ਤਾਕਤਵਰ ਲਹਿਰ ਉਸਰ ਗਈ, ਜਿਸ ਨੂੰ ਮੁਕੰਮਲ ਕੌਮੀ ਹਮਾਇਤ ਹਾਸਲ ਹੋਈ। ਦੁਨੀਆਂ ਭਰ ਵਿਚ ਖਾਲਿਸਤਾਨ ਦਾ ਨਾਮ ਗੂੰਜਿਆ, ਸਿੱਖਾਂ ਦੀ ਵਿਲੱਖਣ ਕੌਮੀ ਪਹਿਚਾਣ ਉਜਾਗਰ ਹੋਈ, ਇੰਝ ਲੱਗਣ ਲੱਗਾ ਕਿ ਜਿਵੇਂ ਅਸੀਂ ਆਖਰੀ ਜਿੱਤ ਤੋਂ ਚੰਦ ਕਦਮ ਹੀ ਦੂਰ ਹਾਂ। ਪਰ ਇਕ ਵਾਰ ਫਿਰ ਸਾਡੇ ਲੀਡਰਾਂ ਦੀਆਂ ਗਲਤੀਆਂ ਤੇ ਸਾਡੀ ਕਿਸਮਤ ਨੇ ਰਲ ਕੇ ਸਾਨੂੰ ਪਛਾੜ ਦਿੱਤਾ। ਜਿਹੜੀ ਲਹਿਰ ਜਿੱਤ ਦੇ ਸੁਪਨੇ ਦੇਖ ਰਹੀ ਸੀ, 92/93 ਤੱਕ ਪਹੁੰਚਦੇ ਪਹੁੰਚਦੇ ਅਰਸ਼ੋਂ ਫਰਸ਼ 'ਤੇ ਆ ਡਿੱਗੀ। ਵੱਡੇ ਵੱਡੇ ਯੋਧੇ ਭਾਰਤੀ ਸੁਰੱਖਿਆ ਅਧਾਰਿਆਂ ਨੇ ਮਾਰ ਮੁਕਾਏ, ਕਈ ਮਯੂਸੀ ਦਾ ਸ਼ਿਕਾਰ ਹੋਏ ਮੁੜ ਰਵਾਇਤੀ ਸਿਆਸਤ ਵੱਲ ਪਰਤ ਗਏ, ਤੇ ਕੁਝ ਆਪੋ ਆਪਣੇ ਪਰਿਵਾਰਾਂ ਤੇ ਕਾਰੋਬਾਰਾਂ ਵੱਲ। ਹੁਣ ਫਿਰ ਸਾਡੇ ਹਿੱਸੇ ਨਸੀਹਤਾਂ ਆ ਰਹੀਆਂ ਹਨ, ਕਿ ਹਾਲਾਤ ਨਹੀਂ ਰਹੇ, ਵਕਤ ਬਦਲ ਗਿਆ ਹੈ, ਆਦਿ ਆਦਿ।
ਸਿੱਖਾਂ ਦੀ ਕੌਮੀ ਸਿਆਸਤ ਦਾ ਇਕ ਹਿੱਸਾ, ਖੁੱਲ੍ਹੀ ਹਿੰਦੂਤਵ ਦੀ ਗੱਲ ਕਰਨ ਵਾਲਿਆਂ ਨਾਲ ਖੜ੍ਹਾ ਹੈ, ਤੇ ਇਕ ਸੈਕੂਲਰ ਮਾਸਕ ਪਾਈ ਧਿਰ ਨਾਲ। ਅਸੀਂ ਆਜ਼ਾਦੀ ਪਸੰਦ, ਜਿੱਥੇ ਖੜ੍ਹੇ ਸਾਂ, ਓਥੇ ਹੀ ਖੜ੍ਹੇ ਹਾਂ, ਭਾਵੇਂ ਇਸ ਦੁੱਖ ਤੇ ਰੰਝ ਨਾਲ ਕਿ ਬਹੁਤ ਉਚਾਈ 'ਤੇ ਪਹੁੰਚ ਕੇ ਥੱਲੇ ਗਿਰੇ ਹਾਂ।
1947 ਵਿਚ ਜਦੋਂ ਸਾਡੇ ਕੋਲ ਬਹੁਤ ਕੁਝ ਸੀ, ਪਰ ਅਸੀਂ ਨਵੀਂ ਸਿਰਜੀ ਜਾ ਰਹੀ ਦੁਨੀਆਂ ਵਿਚ ਆਪਣੀ ਕੌਮ ਲਈ ਕੋਈ ਸਥਾਨ ਨਹੀਂ ਸਾਂ ਹਾਸਲ ਕਰ ਸਕੇ, ਯੂ. ਐਨ. ਓ. ਦੇ ਆਜ਼ਾਦ ਮੈਂਬਰ ਦੇਸ਼ਾਂ ਦੀ ਗਿਣਤੀ ਸ਼ਾਇਦ ਪੰਜਾਹ ਦੇ ਕਰੀਬ ਸੀ। 1984 ਤੱਕ ਪਹੁੰਚਦੇ ਪਹੁੰਚਦੇ, ਜਦੋਂ ਅਸੀਂ ਆਪਣੀ ਆਜ਼ਾਦੀ ਲਹਿਰ ਮੁੜ ਖੜ੍ਹੀ ਕਰਨ ਜੋਗੇ ਹੋਏ, ਆਜ਼ਾਦ ਦੇਸ਼ਾਂ ਦੀ ਗਿਣਤੀ ਵਿਚ ਬਹੁਤ ਸਾਰਾ ਵਾਧਾ ਹੋ ਚੁੱਕਾ ਸੀ, ਤੇ ਸਿੱਖ ਕੌਮ ਦੀ ਹੈਸੀਅਤ ਸਾਹਮਣੇ ਮਾਮੂਲੀ ਹੈਸੀਅਤ ਦੀਆਂ ਕੌਮਾਂ ਵੀ ਆਪਣੇ ਘਰ, ਆਪਣੇ ਦੇਸ਼ ਹਾਸਲ ਕਰ ਚੁੱਕੀਆਂ ਸਨ। 9 ਜੁਲਾਈ ਨੂੰ ਦੱਖਣੀ ਸੁਡਾਨ ਦੀ ਆਜ਼ਾਦੀ ਤੱਕ ਪਹੁੰਚਦੇ ਪਹੁੰਚਦੇ ਤਾਂ ਆਜ਼ਾਦ ਦੇਸ਼ਾਂ ਦੀ ਗਿਣਤੀ ਦੋ ਸੋ ਦੇ ਕਰੀਬ ਪਹੁੰਚ ਚੁੱਕੀ ਹੈ। ਕਈ ਦੇਸ਼ ਤਾਂ ਉਹ ਵੀ ਆਜ਼ਾਦ ਹੋਏ ਨੇ ਜਿਨ੍ਹਾਂ ਦੀ ਆਬਾਦੀ ਦਸ ਲੱਖ ਤੋਂ ਵੀ ਘੱਟ, ਤੇ ਰਕਬਾ ਸਿੱਖਾਂ ਦੀ ਛੋਟੀ ਤੋਂ ਛੋਟੀ ਰਿਆਸਤ ਤੋਂ ਵੀ ਘੱਟ ਹੈ। ਯੂਰਪ ਵਿਚ ਪੈਂਦੀ ਰਿਆਸਤ ਮੋਨਾਕੋ ਹੋਵੇ, ਜਾਂ ਇੰਡੋਨੇਸ਼ੀਆ ਕੋਲ ਪੈਂਦੀ ਬਰੂਨਈ, ਆਸਟ੍ਰੇਲੀਆ ਦੇ ਗਵਾਂਢ ਵਿਚ ਪੈਂਦੀ ਨੌਰੂ ਹੋਵੇ, ਜਾਂ ਟਵਾਲੂ ਹੋਵੇ, ਇਹਨਾਂ ਛੋਟੀਆਂ ਛੋਟੀਆਂ ਇਕਾਈਆਂ ਨੇ ਵੀ ਆਪਣੇ ਤਾਕਤਵਰ ਗਵਾਂਢੀ ਦੇਸ਼ ਵਿਚ ਜਜ਼ਬ ਹੋਣ ਦਾ ਰਸਤਾ ਨਹੀਂ ਚੁਣਿਆਂ, ਤੇ ਅੱਜ ਦੀ ਦੁਨੀਆਂ ਵਿਚ ਆਪੋ ਆਪਣੇ ਝੰਡੇ ਨਾਲ ਇਕ ਆਜ਼ਾਦ ਕੌਮ ਵਾਂਗ, ਕੌਮਾਂ ਦੀ ਬਿਰਾਦਰੀ ਵਿਚ ਵਿਚਰ ਰਹੇ ਨੇ। ਇਹ ਜਾਣ ਕੇ ਆਪਣੀ ਕਿਸਮਤ 'ਤੇ ਰੋਣਾ ਨਹੀਂ ਆਵੇਗਾ, ਕਿ 10472 ਦੀ ਕੁੱਲ ਆਬਾਦੀ ਵਾਲਾ ਮੁਲਕ ਟਵਾਲੂ ਵੀ 1978 ਵਿਚ ਅੰਗਰੇਜ਼ਾਂ ਦੇ ਕਬਜ਼ੇ ਹੇਠੋਂ ਆਜ਼ਾਦ ਹੋਣ ਬਾਅਦ, 2000 ਵਿਚ ਯੂ. ਐਨ. ਓ. ਦਾ ਮੈਂਬਰ ਵੀ ਬਣ ਚੁੱਕਿਆ ਹੈ। ਇਸ ਛੋਟੇ ਜਿਹੇ ਪਿੰਡ ਨੁਮਾ ਮੁਲਕ ਦੇ ਲੋਕਾਂ ਨੇ ਵੀ ਕਿਸੇ ਵੱਡੇ ਗਵਾਂਢੀ ਦੇਸ਼ ਦਾ ਹਿੱਸਾ ਬਣਨ ਨਾਲੋਂ ਆਪਣੀ ਆਜ਼ਾਦ ਹੋਂਦ ਨੂੰ ਤਰਜੀਹ ਦਿੱਤੀ ਹੈ।
ਖਾਲਿਸਤਾਨ ਦੀ ਮੁਖਾਲਫਤ ਵਿਚ ਜੋ ਜੋ ਵੀ ਤਰਕ ਦਿੱਤੇ ਜਾਂਦੇ ਰਹੇ ਨੇ, ਇਹਨਾਂ ਨਵੇਂ ਆਜ਼ਾਦ ਹੋਣ ਵਾਲੇ ਦੇਸ਼ਾਂ ਨੇ ਇਕ ਇਕ ਕਰ ਕੇ ਸਭ ਪਛਾੜ ਦਿੱਤੇ ਹਨ। ਕਿਸੇ ਕੌਮ, ਭਾਈਚਾਰੇ, ਤੇ ਲੋਕ ਸਮੂਹ ਦੀ ਇੱਛਾ ਸ਼ਕਤੀ ਸਾਹਮਣੇ ਸਾਰੇ ਤਰਕ, ਵਿਤਰਕ ਬਹੁਤ ਛੋਟੇ ਪੈ ਜਾਂਦੇ ਨੇ, ਅਤੇ ਅਸਲ ਗੱਲ ਜਿਹੜੀ ਫੈਸਲਾਕੁੰਨ ਸਾਬਤ ਹੁੰਦੀ ਹੈ, ਉਹ “ਇੱਛਾ ਸ਼ਕਤੀ” ਹੀ ਹੈ।
ਕੁਝ ਦਿਨ ਹੋਏ ਮੇਰੇ ਇਕ ਅਜ਼ੀਜ਼ ਨੇ ਸੁਨੇਹਾ ਭੇਜਿਆ ਕਿ ਹੁਣ ਹਾਲਾਤ ਬਦਲ ਗਏ ਨੇ, ਵਾਪਿਸ ਆ ਜਾਓ। ਮੇਰਾ ਜਵਾਬ ਓਹੀ ਸੀ, ਜੋ ਹਮੇਸ਼ਾ ਹੁੰਦਾ ਹੈ, “ਮੈਨੂੰ ਆਪਣੇ ਵਿਚਾਰਾਂ ਨਾਲ ਮਰਨਾ, ਵਿਚਾਰ ਛੱਡ ਕੇ ਜੀਣ ਨਾਲੋਂ ਕਿਤੇ ਪਿਆਰਾ ਹੈ”। ਮੈਂ ਆਪਣੀ ਜੀਵਨ ਸਾਥਣ ਨਾਲ ਗੱਲ ਕੀਤੀ, ਉਸ ਕਿਹਾ, “ਹਾਂ ਜੇ ਕਦੇ ਦੱਖਣੀ ਸੁਡਾਨ ਵਾਂਗ ਆਪਣੀ ਧਰਤੀ 'ਤੇ ਵੀ ਆਪਣੇ ਝੰਡੇ ਝੂਲ ਗਏ ਤਾਂ ਸੱਭ ਤੋਂ ਪਹਿਲਾਂ ਚੱਲਾਂਗੇ”। ਮੈਨੂੰ ਉਸ ਦੀ ਗੱਲ ਚੰਗੀ ਲੱਗੀ, ਗੁਲਾਮੀ ਵਿਚ ਪਰਤਣ ਨਾਲੋਂ ਤਾਂ, ਆਜ਼ਾਦੀ ਦੇ ਸੁਪਨੇ ਲੈਂਦੀ ਜੇਲ੍ਹ/ਜਲਾਵਤਨੀ ਲੱਖ ਦਰਜੇ ਚੰਗੀ ਹੈ।
ਦੱਖਣੀ ਸੁਡਾਨ ਦੇ ਲੋਕਾਂ ਨੂੰ ਆਜ਼ਾਦੀ ਮੁਬਾਰਕ। ਉਨ੍ਹਾਂ ਦੀ ਸਫਲਤਾ ਸਾਡੇ ਲਈ ਉਮੀਦ ਦੀ ਇਕ ਨਵੀਂ ਕਿਰਨ ਬਣ ਕੇ ਉਭਰੀ ਹੈ।
ਗਜਿੰਦਰ ਸਿੰਘ
ਦਲ ਖਾਲਸਾ