ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਡੇਰਾਵਾਦੀ ਮੀਡੀਆ ਸਿੱਖ ਕੌਮ ਲਈ ਨਵੀਂ ਚੁਣੌਤੀ


ਸਿੱਖ ਕੌਮ ਇਸ ਗੱਲੋਂ ਸ਼ਾਬਾਸ ਦੀ ਹੱਕਦਾਰ ਹੈ ਜੋ ਬਿਨਾਂ ਕਿਸੇ ਇਕ ਸਾਂਝੇ ਆਗੂ ਦੇ ਦਹਾਕਿਆਂ ਤੋਂ ਕੌਮੀ ਚੁਣੌਤੀਆਂ ਨਾਲ ਨਜਿੱਠ ਰਹੀ ਹੈ। ਘੱਟ ਗਿਣਤੀ ਸਿੱਖ ਕੌਮ ਨੂੰ ਸਿੱਖ ਧਰਮ ਦੇ ਮੂਲ ਸਿਧਾਂਤ ਤੋਂ ਪਾਸੇ ਧੱਕਣ ਅਤੇ ਰਾਜਨੀਤਕ ਪੱਖੋਂ ਹਾਸ਼ੀਏ 'ਤੇ ਖੜ੍ਹੇ ਰੱਖਣ ਦੇ ਮਕਸਦ ਨਾਲ ਬਹੁ ਗਿਣਤੀ ਤਾਕਤਾਂ ਦੇ ਸਦਾ ਇਹ ਮਨਸੂਬੇ ਰਹੇ ਹਨ ਕਿ ਜੇ ਸਿੱਖ ਕੌਮ ਨੂੰ ਤਾਕਤਵਰ ਹੋਣੋ ਰੋਕਣਾ ਹੈ ਤਾਂ ਇਸ ਨੂੰ ਧਰਮ ਅਤੇ ਰਾਜਨੀਤੀ ਦੋਨੋਂ ਖੇਤਰਾਂ 'ਚ ਪਛਾੜ ਕੇ ਰੱਖਣਾ ਬਹੁਤ ਜ਼ਰੂਰੀ ਹੈ। ਮਨੂੰ ਸਿਮਰਤੀ ਜਿਹੜੇ ਨੀਤੀਵਾਨ ਗ੍ਰੰਥਾਂ 'ਤੇ ਚੱਲਦਿਆਂ ਬਹੁ ਪਹਿਲੂ ਢੰਗ ਤਰੀਕਿਆਂ ਨਾਲ ਇਹਨਾਂ ਤਾਕਤਾਂ ਨੇ ਸਿੱਖਾਂ ਨੂੰ ਇਕਜੁੱਟ ਹੋਣੋ ਰੋਕਣ ਲਈ ਹਰ ਤਰੀਕਾ ਅਪਣਾਇਆ। ਸਿੱਖਾਂ ਨਾਲ ਸਿੱਧੀ ਟੱਕਰ ਤੋਂ ਬਾਅਦ ਸਿੱਖ ਨਸਲਕੁਸ਼ੀ ਅਤੇ ਹੋਰ ਨੀਤੀਆਂ ਨਾਲ ਸਾਡੀ ਕੌਮ ਨੂੰ ਹੇਠਾਂ ਲਾਈ ਰੱਖਣ ਲਈ ਗੈਰ ਸਿਧਾਂਤਕ ਹਰਬੇ ਵੀ ਵਰਤੇ ਗਏ। ਇਸੇ ਨੀਤੀ ਤਹਿਤ ਸਿੱਖ ਵਿਰੋਧੀ ਤਾਕਤਾਂ ਨੂੰ ਪੰਜਾਬ ਵਿਚ ਉਭਾਰਨ ਵਰਗੀਆਂ ਚਾਲਾਂ ਦਾ ਸਿੱਖਾਂ ਨੂੰ ਸਦਾ ਟਾਕਰਾ ਕਰਨਾ ਪਿਆ ਹੈ।
ਪੰਜਾਬ 'ਚ ਸਿੱਖਾਂ ਦੀ ਤਾਕਤ ਨੂੰ ਵੰਡਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤੋਂ ਸੰਗਤਾਂ ਨੂੰ ਪਾਸੇ ਕਰਨ ਲਈ ਸਰਕਾਰੀ ਏਜੰਸੀਆਂ ਨੇ ਇਥੇ ਡੇਰਾਵਾਦ ਦਾ ਫੈਲਾਅ ਅਤੇ ਮਜ਼ਬੂਤ ਨੈਟਵਰਕ ਸਥਾਪਿਤ ਕਰਕੇ ਆਪਣੇ ਮਾੜੇ ਕਾਰਨਾਮਿਆਂ 'ਚ ਕੁਝ ਹੱਦ ਤੱਕ ਸਫਲਤਾ ਪ੍ਰਾਪਤ ਵੀ ਕਰ ਲਈ ਹੈ। ਸਿੱਖਾਂ ਲਈ ਬਾਹਰੀ ਪ੍ਰਤੱਖ ਵਿਰੋਧੀ ਤਾਕਤਾਂ ਦੀ ਥਾਂ ਆਪਣੀ ਹੀ ਕੌਮ 'ਚੋਂ ਖਰੀਦੇ ਗਏ ਕੁਝ ਸੰਤ-ਬਾਬਿਆਂ ਨੇ ਸਿੱਖੀ ਸਿਧਾਂਤਾਂ ਨੂੰ ਸਿੱਧੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਸਿੱਖੀ ਤੋਂ ਦੂਰ ਕਰ ਲਏ ਗਏ ਸਿੱਖਾਂ ਨੂੰ ਮੁੜ ਧਰਮ 'ਚ ਵਾਪਸੀ ਦੇ ਡਰੋ ਉਹਨਾਂ ਡੇਰਿਆਂ ਨਾਲ ਜੁੜਨ ਲਈ ਮਾਹੌਲ ਪੈਦਾ ਕੀਤਾ ਗਿਆ ਹੈ ਜੋ ਅਸਲ ਵਿਚ ਸਿੱਖ ਕੌਮ ਦੇ ਮੂਲੋਂ ਹੀ ਦੁਸ਼ਮਣ ਮੰਨੇ ਗਏ ਹਨ। ਜਿੱਥੇ ਪਹਿਲਾਂ ਸਟੇਜ 'ਤੇ ਸਿੱਖ ਦਿੱਖ ਵਾਲੇ ਸੰਤ-ਬਾਬੇ ਸਿੱਖ ਸੰਗਤਾਂ ਨੂੰ ਮੂਲ ਧਰਮ ਨਾਲੋਂ ਤੋੜਦੇ ਹਨ ਉਥੇ ਦੂਜੀ ਸਟੇਜ ਵਿਚ ਇਹਨਾਂ ਲੋਕਾਂ ਨੂੰ ਹਿੰਦੂ ਮੂਲਵਾਦੀ ਡੇਰਾਵਾਦ ਦਾ ਹਿੱਸਾ ਬਣਾ ਕੇ ਸਦਾ ਲਈ ਧਰਮ ਨਾਲੋਂ ਪੱਕੀ ਕੰਧ ਦੇ ਦੂਜੇ ਪਾਸੇ ਧੱਕ ਦਿੱਤਾ ਜਾਂਦਾ ਹੈ। ਸਿੱਖ ਵਿਰੋਧੀ ਤਾਕਤਾਂ ਦਾ ਡੇਰਾਵਾਦੀ ਫਾਰਮੂਲਾ ਉਹਨਾਂ ਨੂੰ ਸਭ ਤੋਂ ਵੱਧ ਰਾਸ ਆਇਆ ਹੈ। ਆਪਣੀ ਇਸ ਕਾਮਯਾਬੀ ਦੇ ਮੱਦੇਨਜ਼ਰ ਇਹਨਾਂ ਤਾਕਤਾਂ ਨੇ ਡੇਰਾਵਾਦ ਨੂੰ ਹੋਰ ਮਜ਼ਬੂਤ ਕਰਨ ਲਈ 'ਡੇਰਾਵਾਦੀ ਮੀਡੀਆ' ਵੀ ਪ੍ਰਫੁੱਲਤ ਕਰਨਾ ਸ਼ੁਰੂ ਕੀਤਾ ਹੈ ਜੋ ਸਿੱਖ ਕੌਮ ਲਈ ਜ਼ਿਆਦਾ ਨੁਕਸਾਨਦਾਇਕ ਸਾਬਤ ਹੋਵੇਗਾ।
ਇਸ ਸਮੇਂ ਡੇਰਾਵਾਦੀ ਮੀਡੀਆ ਅਸਲ ਵਿਚ ਸਿੱਖ ਮੀਡੀਆ ਦੇ ਨਾਲ ਥੱਲੇ ਹੀ ਮੌਲ ਰਿਹਾ ਹੈ। ਡੇਰਿਆਂ ਵਿਚੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਮਹੀਨਾਵਾਰ ਮੈਗਜ਼ੀਨ, ਹਫ਼ਤਾਵਾਰੀ ਅਤੇ ਰੋਜ਼ਾਨਾ ਅਖ਼ਬਾਰ ਦੇਖਣ ਨੂੰ ਤਾਂ ਭਾਵੇਂ ਸਿੱਖੀ ਦੀ ਗੱਲ ਕਰਦੇ ਹਨ ਅਤੇ ਆਪਣੇ ਬਹੁਤੇ ਲੇਖਾਂ ਅਤੇ ਖ਼ਬਰਾਂ 'ਚ ਗੁਰਬਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਅਸਲ ਵਿਚ ਇਹ ਸਭ ਕੁਝ ਆਮ ਲੋਕਾਂ ਨੂੰ ਭਰਮ ਜਾਲ ਵਿਚ ਫਸਾ ਕੇ ਸ਼ਬਦੀ ਜਾਲ ਰਾਹੀਂ ਸਿੱਖੀ ਦੇ ਮੂਲ ਸਿਧਾਂਤਾਂ ਨਾਲੋਂ ਦੂਰ ਕਰਨ ਦੀ ਕਵਾਇਤ ਹੀ ਹੈ। ਆਮ ਕਿਰਤੀ ਲੋਕ ਜੋ ਧਰਮ ਦੇ ਸਿਧਾਂਤ ਨੂੰ ਸਮਝਣ ਲਈ ਸਿੱਖ ਪ੍ਰਚਾਰਕਾਂ ਦਾ ਸਹਾਰਾ ਭਾਲਦੇ ਹਨ ਇਹ ਡੇਰਾਵਾਦ ਸਿੱਖ ਕੌਮ ਵਿਰੋਧੀ ਇਹ ਸੰਤਵਾਦੀ ਮੀਡੀਆ ਹੁਣ ਉਹਨਾਂ ਲੋਕਾਂ ਨੂੰ ਵੀ ਆਪਣੇ ਤੰਦੂਆ ਜਾਲ ਦੀ ਲਪੇਟ 'ਚ ਲੈ ਲਵੇਗਾ ਜੋ ਕਿਸੇ ਕਾਰਨ ਇਹਨਾਂ ਡੇਰਿਆਂ ਦੇ ਇਕੱਠ ਦਾ ਹਿੱਸਾ ਨਹੀਂ ਬਣ ਸਕਦੇ। ਆਪਣੇ ਅਖ਼ਬਾਰਾਂ, ਰਸਾਲਿਆਂ ਰਾਹੀਂ ਇਹਨਾਂ ਡੇਰਿਆਂ ਨੇ ਘਰੋ-ਘਰ ਸਿੱਖ ਵਿਰੋਧੀ ਲਿਟਰੇਚਰ ਪਹੁੰਚਾਉਣਾ ਸ਼ੁਰੂ ਕੀਤਾ ਹੋਇਆ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਕਿਰਤ ਕਮਾਈ ਦੇ ਪੈਸੇ ਅਤੇ ਏਜੰਸੀਆਂ ਦੀ ਮਦਦ ਨਾਲ ਸਿੱਖ ਵਿਰਧੀ ਮਸੌਦਾ ਘਰ-ਘਰ ਪਹੁੰਚ ਰਿਹਾ ਹੈ। ਹੁਣ ਬੜੀ ਤੇਜ਼ੀ ਨਾਲ ਮਹੀਨਾਵਾਰ ਤੋਂ ਹਫ਼ਤਾਵਾਰ ਅਤੇ ਹਫ਼ਤਾਵਾਰ ਤੋਂ ਰੋਜ਼ਾਨਾ ਅਖ਼ਬਾਰਾਂ ਦੇ ਰੂਪ ਵਿਚ ਸੰਤਵਾਦੀ ਮੀਡੀਆ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਜਿੱਥੇ ਪਹਿਲਾਂ ਇਹ ਡੇਰਾਵਾਦੀ ਅਜਿਹਾ ਛਪਿਆ ਲਿਟਰੇਚਰ ਅਤੇ ਇਲੈਕਟਰੋਨਿਕ ਸਾਧਨਾਂ ਦੀ ਵਰਤੋਂ ਆਪਣੇ ਨਾਮ ਥੱਲੇ ਡੇਰਿਆਂ 'ਚੋਂ ਕਰਦੇ ਸਨ ਉਥੇ ਹੁਣ ਇਕ ਨਵੇਂ ਵਿਕਸਿਤ ਢੰਗ ਰਾਹੀਂ ਸਿੱਖ ਸ਼ਕਲਾਂ ਵਾਲੇ ਬਜ਼ਾਰੂ ਕਿਸਮ ਦੇ ਲੋਕਾਂ ਦੀ ਵੀ ਵਰਤੋਂ ਕੀਤੀ ਜਾਣ ਲੱਗੀ ਹੈ। ਇਸ ਨੀਤੀ ਤਹਿਤ ਜਿੱਥੇ ਡੇਰਾਵਾਦੀ ਸਾਧ ਲਾਣਾ ਮੰਦੀਆਂ ਲਿਖਤਾਂ ਕਰਕੇ ਆਪਣੀ ਜ਼ਿੰਮਵਾਰੀ ਤੋਂ ਬਚ ਜਾਵੇਗਾ ਉਥੇ ਪੈਸੇ ਦੇ ਜ਼ੋਰ ਖਰੀਦੇ ਗਏ ਸਿੱਖ ਸ਼ਕਲਾਂ ਵਾਲੇ ਲੋਕਾਂ ਨੂੰ ਆਪਣੀ ਕੌਮ 'ਤੇ ਘਾਤਕ ਹਮਲੇ ਲਈ ਅੱਗੇ ਕੀਤਾ ਜਾ ਰਿਹਾ ਹੈ। ਸਾਧ ਲਾਣੇ ਵੱਲੋਂ ਅੱਗੇ ਲਾ ਕੇ ਢਾਲ ਦੇ ਰੂਪ ਵਿਚ ਵਰਤੇ ਜਾ ਰਹੇ ਬਹੁਤੇ ਲੋਕਾਂ ਦਾ ਤਾਂ ਸਿੱਖ ਪੱਤਰਕਾਰੀ ਨਾਲ ਦੂਰ ਦਾ ਵਾਸਤਾ ਵੀ ਨਹੀਂ। ਪਰ ਇਹਨਾਂ ਅਖੌਤੀ ਪੱਤਰਕਾਰਾਂ ਅਤੇ ਸੰਪਾਦਕਾਂ ਨੂੰ ਇਹ ਨਵੇਂ ਵਪਾਰ 'ਚੋਂ ਲੱਖਾਂ ਦੀ ਹੋ ਰਹੀ ਕਮਾਈ ਆਪਣੀ ਹੀ ਕੌਮ ਦੀਆਂ ਜੜ੍ਹਾਂ 'ਚ ਤੇਲ ਪਾਉਣ ਲਈ ਅੱਖਾਂ ਮੀਚਣ ਲਈ ਮਜ਼ਬੂਰ ਕਰ ਰਹੀ ਹੈ। ਸਿੱਖ ਕੌਮ ਨੂੰ ਇਸੇ ਸਮੇਂ ਚੌਕੰਨੇ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਛੇਤੀ ਹੀ ਇਹ ਸੰਤਵਾਦੀ ਮੀਡੀਆ ਜਿੱਥੇ ਸਿੱਖ ਪੱਤਰਕਾਰੀ ਨੂੰ ਖੂੰਜੇ ਲਾਉਣ 'ਚ ਕਾਮਯਾਬ ਹੋ ਜਾਵੇਗਾ ਉਥੇ ਸਿੱਖ ਕੌਮ ਨੂੰ ਗੁਰੂ ਸਿਧਾਂਤ ਨਾਲੋਂ ਤੋੜ ਕੇ ਡੇਰਾਵਾਦੀ ਸਿਧਾਂਤ ਨਾਲ ਜੋੜਨ ਤੋਂ ਬਾਅਦ ਹਿੰਦੂ ਧਰਮ ਵੱਲ ਧੱਕਣ ਲਈ ਪੂਰਾ ਟਿੱਲ ਲਾ ਦੇਵੇਗਾ। ਸਿੱਖ ਕੌਮ ਲਈ ਅਜੇ ਵੀ ਸਮਾਂ ਹੈ ਕਿ ਉਹ ਇਹ ਸੰਤਵਾਦੀ ਮੀਡੀਆ ਨੂੰ ਸਹਿਯੋਗ ਦੇ ਕੇ ਕੌਮ ਦੇ ਕੀਤੇ ਜਾ ਰਹੇ ਨੁਕਸਾਨ 'ਚ ਭਾਈਵਾਲ ਨਾ ਬਣਨ।