ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਿਮਾਰੀਆਂ ਠੀਕ ਕਰਨ ਲਈ ਮਨ ਨੂੰ ਸਮਝਣਾ ਜ਼ਰੂਰੀ


ਛੋਟੇ ਹੁੰਦਿਆਂ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੜ੍ਹਿਆ ਕਰਦੇ ਸੀ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਰਹਿ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰੱਜ ਕੇ ਖਾਣਾ ਚਾਹੀਦਾ ਹੈ। ਕਿਉਂਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ ਪੀਣ, ਘਿਉ ਖਾਣ, ਅੰਡਾ-ਮੀਟ ਖਾਣ ਦੀ ਨਸੀਹਤ ਦਿੰਦੇ ਰਹਿੰਦੇ ਅਤੇ ਅਸੀਂ ਖਾਣ-ਪੀਣ ਵਾਲੇ ਫੱਟੇ ਚੱਕ ਦਿੰਦੇ। ਜਿਉਂ-ਜਿਉਂ ਵੱਡੇ ਹੋਏ, ਕਿਤਾਬਾਂ ਪੜ੍ਹੀਆਂ ਹੋਮਿਓਪੈਥੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਹਾਣੀ ਬਿਲਕੁਲ ਉਲਟ ਆ। ਇਕ ਅਰੋਗ ਮਨ ਵਿਚ ਅਰੋਗ ਸਰੀਰ ਰਹਿ ਸਕਦਾ ਹੈ। ਤਜਰਬਾ ਕੀਤਾ। ਮਰੀਜ਼ਾਂ ਦੀਆਂ ਬਿਮਾਰੀਆਂ ਤੋਂ ਸਿੱਖਿਆ, ਪਹਿਲਾਂ ਮਨ ਬਿਮਾਰ ਹੁੰਦਾ ਹੈ ਫਿਰ ਤਨ ਬਿਮਾਰ ਹੁੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਹਿਬਾਨ ਨਾਲ ਤਾਂ ਮੇਲ-ਮਿਲਾਪ ਨਹੀਂ ਹੋਇਆ ਪਰ ਪਾਠਕ ਵਰਗ ਨੂੰ ਇਸ ਗੱਲੋਂ ਜਾਣੂ ਕਰਵਾ ਦੇਣਾ ਲਾਜ਼ਮੀ ਹੈ ਕਿ ਪਹਿਲਾਂ ਕੋਈ ਵੀ ਵਿਚਾਰ ਸਾਡੇ ਮਨ ਵਿਚੋਂ ਉਪਜਦਾ ਹੈ। ਫਿਰ ਉਸ ਦਾ ਪ੍ਰਗਟਾਵਾ ਸਰੀਰ ਉਪਰ ਹੁੰਦਾ ਹੈ।
ਜਿਥੋ ਤਕ ਵਧੀਆ ਅਤੇ ਸੰਤੁਲਿਤ ਭੋਜਨ ਦੀ ਗੱਲ ਹੈ, ਇਹ ਬਿਲਕੁਲ ਠੀਕ ਹੈ। ਪਰ ਭੋਜਨ ਦੀ ਭੁੱਖ ਮਨ ਵਿਚੋਂ ਉਪਜਦੀ ਹੈ, ਮੇਹਦਾ ਇਕ ਤਰ੍ਹਾਂ ਦਾ ਸਟੋਰ ਹੈ ਜਿਸ ਵਿਚ ਸਭ ਕੁਝ ਸੁੱਟੀ ਜਾਂਦੇ ਹਾਂ ਪਰ ਸੁਆਦ ਦਾ ਸਬੰਧ ਤਾਂ ਮਨ ਨਾਲ ਹੈ। ਜੇਕਰ ਸਾਨੂੰ ਵਧੀਆ ਭੁੱਖ ਲੱਗੇਗੀ ਤਾਂ ਹੀ ਅਸੀਂ ਭੋਜਨ ਖਾ ਸਕਣ ਦੇ ਸਮਰੱਥ ਹੋਵਾਂਗੇ ਪਰ ਜੇਕਰ ਸਾਨੂੰ ਭੁੱਖ ਹੀ ਨਹੀਂ ਲੱਗੇਗੀ ਤਾਂ ਅਸੀਂ ਭੋਜਨ ਕਿਵੇਂ ਲਵਾਂਗੇ। ਭੁੱਖ ਦਾ ਸਬੰਧ ਮਨ ਨਾਲ ਹੈ, ਜੇਕਰ ਮਨ ਖੁਸ਼ ਹੈ, ਚੜ੍ਹਦੀ ਕਲਾ ਵਿਚ ਹੈ ਤਾਂ ਸਰੀਰ ਨੇ ਆਪੇ ਹੀ ਭੋਜਨ ਮੰਗ ਲੈਣਾ ਹੈ, ਪਰ ਜੇਕਰ ਮਨ ਉਦਾਸ ਹੈ, ਸੁਸਤ ਹੈ, ਕੋਈ ਦੁੱਖ ਤਕਲੀਫ ਹੈ ਤਾਂ ਭੁੱਖ ਨਹੀਂ ਲੱਗਦੀ, ਉਦਾਹਰਣ ਦੇ ਤੌਰ ‘ਤੇ ਜੇਕਰ ਤੁਸੀਂ ਰੋਟੀ ਖਾਣ ਲੱਗੇ ਹੋ, ਸਬਜ਼ੀ ਬਹੁਤ ਸੁਆਦ ਹੈ ਤੇ ਤੁਹਾਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਪਰ ਜੇਕਰ ਤੁਹਾਨੂੰ ਕੋਈ ਆ ਕੇ ਬੁਰੀ ਖਬਰ ਸੁਣਾ ਦੇਵੇ ਤਾਂ ਤੁਹਾਡੀ ਭੁੱਖ ਉਥੇ ਹੀ ਮਰ ਜਾਵੇਗੀ, ਕਿਉਂਕਿ ਤੁਹਾਡਾ ਮਨ ਉਸ ਖਬਰ ਨੂੰ ਝੱਲ ਨਹੀਂ ਸਕਿਆ। ਜਿਹੜਾ ਮਨ ਸੁਆਦ ਨਾਲ ਰੋਟੀ ਖਾ ਰਿਹਾ ਸੀ ਉਹ ਮਰ ਗਿਆ।
ਇਸੇ ਤਰ੍ਹਾਂ ਕਈ ਮਰੀਜ਼ ਆ ਕੇ ਕਹਿ ਦਿੰਦੇ ਹਨ ਡਾਕਟਰ ਸਾਹਿਬ ਕਾਲਜਾ ਬੜਾ ਮੱਚਦੇ ਜਾਂ ਦਿਲ ਮਚਦਾ ਰਹਿੰਦਾ, ਤੇਜ਼ਾਬ ਬਣਦਾ ਰਹਿੰਦੈ। ਜਦ ਸਵਾਲ ਕਰਦੇ ਹਾਂ ਕਿ ਭਾਈ ਕੀ ਖਾਨਾ-ਪੀਨੈ ਤਾਂ ਮਰੀਜ਼ ਜਵਾਬ ਦਿੰਦਾ ਜੀ ਸਭ ਤਲੀ ਫਲੀ ਚੀਜ਼ ਛੱਡੀ ਹੋਈ ਆ ਚਾਹ ਵੀ ਨਹੀਂ ਪੀਂਦੇ, ਪਾਣੀ ਵੀ ਬਹੁਤ ਪੀਨੇ ਆ ਪਰ ਫਿਰ ਵੀ ਦਿਲ ਮੱਚਦਾ ਰਹਿਦੈ। ਮੈਂ ਕਈ ਮਰੀਜ਼ਾਂ ਨੂੰ ਹੱਸਦਾ-ਹੱਸਦਾ ਆਖ ਹੀ ਦਿਨੈ, ਭਾਈ ਕੀਹਨੂੰ ਦੇਖ ਕੇ ਤੇਰਾ ਦਿਲ ਮੱਚਦੈ।
ਇਕ ਵਾਰ ਮੇਰੇ ਕੋਲ ਇਕ ਔਰਤ, ਜਿਸ ਦੀ ਉਮਰ 30-32 ਸਾਲ ਦੀ ਸੀ, ਤੇਜ਼ਾਬ ਦੀ ਦਵਾਈ ਲੈਣ ਆਈ। ਸਵਾਲ-ਜਵਾਬ ਕਰਨ ਤੋਂ ਪਿੱਛੋਂ ਜਿਹੜੀ ਗੱਲ ਸਾਹਮਣੇ ਆਈ, ਉਹ ਕਹਿੰਦੀ ਜੀ ਮੇਰੇ ਘਰਵਾਲਾ ਤੇ ਮੇਰੀ ਜਠਾਣੀ ਦੇ ਆਪਸੀ ਸਬੰਧ ਨੇ। ਉਨ੍ਹਾਂ ਨੂੰ ਵੇਖ-ਵੇਖ ਕੇ ਮੈਂ ਮੱਚਦੀ ਰਹਿੰਦੀ ਆ। ਬੱਸ ਇਹੀ ਕਾਰਨ ਸੀ ਉਸ ਦੇ ਤੇਜ਼ਾਬ ਬਣਨ ਦਾ, ਬੇਸ਼ੱਕ ਉਸ ਨੇ ਸਾਰਾ ਖਾਣ-ਪੀਣ ਛੱਡ ਰੱਖਿਆ ਸੀ ਅਤੇ ਉਹ ਐਸਿਡ ਦੇ ਦੋ ਕੈਪਸੂਲ ਖਾਂਦੀ ਸੀ ਪਰ ਉਸ ਦੀ ਤਕਲੀਫ ਘਟ ਨਹੀਂ ਸੀ ਰਹੀ ਕਿਉਂਕਿ ਬਿਮਾਰੀ ਉਹਦੇ ਮਨ ਵਿਚ ਸੀ, ਉਹਦਾ ਸੱਚੀਮੁਚੀ ਦਿਲ ਮੱਚ ਰਿਹਾ ਸੀ। ਸੋ ਕਹਿਣ ਤੋਂ ਭਾਵ ਈਰਖਾ, ਨਫਰਤ, ਗੁੱਸਾ, ਮਨ ਦੇ ਜਜ਼ਬਾਤਾਂ ਨੂੰ ਲੱਗੀ ਠੇਸ ਕਿਵੇਂ ਨਾ ਕਿਵੇਂ ਸਰੀਰ ਉਪਰ ਜ਼ਰੂਰ ਝਲਕਦੀ ਹੈ।
ਇਸੇ ਤਰ੍ਹਾਂ ਖੂਨ ਦੀ ਕਮੀ (ਅਨੀਮਿਆ) ਦੇ ਰੋਗੀਆਂ ਵਿਚ ਜ਼ਰੂਰੀ ਨਹੀਂ ਕਿ ਕਿਸੇ ਖਾਣ-ਪੀਣ ਦੀ ਘਾਟ ਜਾਂ ਸਰੀਰ ਵਿਚੋਂ ਖੂਨ ਦੇ ਬਹੁਤੀ ਮਾਤਰਾ ਵਿਚ ਨਿਕਲਣ ਕਰਕੇ ਹੀ ਅਨੀਮਿਆ ਹੋਇਆ ਹੋਵੇ। ਮੇਰੇ ਕੋਲ ਇਕ ਅਫਸਰ ਦੇ ਘਰਵਾਲੀ ਇਕ ਸਾਲ ਤੋਂ ਦਵਾਈ ਖਾ ਰਹੀ ਸੀ, ਉਸ ਤੋਂ ਪਹਿਲਾਂ ਵੀ ਉਸ ਨੇ ਬਹੁਤ ਸਾਰੀਆਂ ਖੂਨ ਵਧਾਉਣ ਵਾਲੀਆਂ ਦਵਾਈਆਂ, ਗੋਲੀਆਂ, ਸ਼ੀਸ਼ੀਆਂ ਵਰਤੀਆਂ ਸਨ ਪਰ ਉਸ ਦਾ ਖੂਨ ਨਹੀਂ ਸੀ ਵੱਧ ਰਿਹਾ। ਮੈਂ ਉਸ ਨੂੰ ਹਰ ਵਾਰ ਪੁੱਛਦਾ ਕਿ ਭਾਈ ਕੀ ਗੱਲ ਐਨਾ ਚਿਰ ਹੋ ਗਿਆ, ਤੁਹਾਡਾ ਖਾਣ-ਪੀਣ ਵੀ ਠੀਕ ਹੈ। ਮੈਂ ਕਈ ਵਾਰ ਹੱਸ ਕੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਤੁਹਾਡਾ ਖੂਨ ਤਾਂ ਨਹੀਂ ਪੀਂਦਾ। ਉਹ ਵਿਚਾਰੀ ਅਫਸਰ ਸਾਹਿਬ ਤੋਂ ਡਰਦੀ ਕੁਝ ਨਾ ਬੋਲਦੀ ਪਰ ਉਸ ਦੀ ਚੁੱਪ ਮੈਨੂੰ ਸੋਚਣ ਲਈ ਮਜਬੂਰ ਕਰ ਦਿੰਦੀ। ਉਹ ਆਪਣੇ ਪਤੀ ਬਿਨਾਂ ਕਦੇ ਦਵਾਈ ਲੈਣ ਨਹੀਂ ਆਈ ਜਾਂ ਕਹਿ ਲਵੋ ਕਿ ਉਹ ਉਸ ਨੂੰ ਇਕੱਲਿਆਂ ਆਉਣ ਨਹੀਂ ਦਿੰਦਾ ਸੀ। ਇਕ ਦਿਨ ਜਦੋਂ ਦੋਵੇਂ ਦਵਾਈ ਲੈਣ ਆਏ ਤਾਂ ਅਫਸਰ ਸਾਹਿਬ ਨੂੰ ਕੋਈ ਜ਼ਰੂਰ ਫੋਨ ਆ ਗਿਆ, ਉਹ ਬਾਹਰ ਫੋਨ ਸੁਣਨ ਚਲੇ ਗਏ ਤੇ ਵਿਚਾਰੀ ਅਫਸਰ ਦੇ ਘਰਵਾਲੀ, ਜਿਹੜੀ ਇਕ ਸਾਲ ਤੋਂ ਚੁੱਪ ਸੀ, ਰੋ-ਰੋ ਕੇ ਢਾਈ ਮਿੰਟਾਂ ਵਿਚ ਉਸ ਨੇ ਮੈਨੂੰ ਜੋ ਆਪਣੀ ਕਹਾਣੀ ਦੱਸੀ, ਕਹਿੰਦੀ ਇਹੀ ਪੀਂਦਾ ਮੇਰਾ ਲਹੂ, ਪਿੱਛੋਂ ਦਵਾਈਆਂ ਦਿਵਾਉਂਦਾ।
ਮਾਰ ਕੇ ਪੁੱਛਦਾ ਏ ਸੱਟਾਂ ਕਿੱਥੇ-ਕਿੱਥੇ ਲੱਗੀਆਂ ਨੇ।
ਸੋ ਕਹਿਣ ਤੋਂ ਭਾਵ ਤੰਦਰੁਸਤ ਮਨ ਵਿਚ ਹੀ ਤੰਦਰੁਸਤ ਸਰੀਰ ਰਹਿ ਸਕਦਾ ਹੈ।
ਕਈ ਵਾਰ ਅਜਿਹੇ ਖੁੱਲ੍ਹੇ-ਡੁੱਲ੍ਹੇ ਘਰਾਂ ਵਿਚ ਜਾਣ ਦਾ ਮੌਕਾ ਮਿਲ ਜਾਂਦੈ, ਜਿਥੇ ਵੱਡੇ-ਵੱਡੇ ਦਰਵਾਜ਼ੇ ਹੁੰਦੇ ਹਨ ਪਰ ਘਰ ਦਾ ਮਾਹੌਲ ਵਧੀਆ ਨਹੀਂ ਹੁੰਦਾ। ਕਈ ਘਰਾਂ ਵਿਚੋਂ ਤਾਂ ਆਉਣ ਨੂੰ ਜੀਅ ਨਹੀਂ ਕਰਦਾ। ਕਈ ਘਰਾਂ ਵਿਚ ਜਾਣ ਨੂੰ ਜੀਅ ਨਹੀਂ ਕਰਦਾ। ਜਾਂ ਅਸੀਂ ਅਕਸਰ ਹੀ ਆਖ ਦਿੰਦੇ ਹਾਂ ਕਿ ਫਲਾਣੇ ਥਾਂ ‘ਤੇ ਤਾਂ ਦਮ ਘੁਟਦਾ ਹੈ, ਜੇਕਰ ਘਰ ਭੀੜਾ ਹੋਵੇ ਜਾਂ ਰੌਸ਼ਨਦਾਨ-ਬਾਰੀਆਂ ਘੱਟ ਹੋਣ ਤਾਂ ਗੱਲ ਵੱਖਰੀ ਹੈ ਪਰ ਕਈ ਘਰਾਂ ਦਾ ਮਾਹੌਲ ਹੀ ਦਮ ਘੁੱਟਣ ਵਾਲਾ ਹੁੰਦਾ ਹੈ, ਜਿਹੜੇ ਘਰਾਂ ‘ਚ ਨਿੱਤ ਲੜਾਈ, ਕਲੇਸ਼ ਹੁੰਦਾ ਹੈ ਉਸ ਘਰ ਦੇ ਜੀਅ ਕਿਵੇਂ ਸੌਖੇ ਰਹਿ ਸਕਦੇ ਹਨ। ਮੈਂ ਤਜਰਬੇ ਵਿਚ ਇਹ ਗੱਲ ਵੇਖੀ ਹੈ। ਜਿੰਨੇ ਵੀ ਸਾਹ ਜਾਂ ਦਮੇ ਦੇ ਰੋਗੀ ਮੈਂ ਵੇਖੇ ਹਨ ਕੁਝ ਕੁ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਘਰ ਦਾ ਮਾਹੌਲ ਠੀਕ ਨਹੀਂ ਸੀ। ਕਿਸੇ ਦੇ ਘਰ ਲੜਾਈ, ਕਿਸੇ ਦਾ ਘਰਵਾਲਾ ਲੜਾਕਾ, ਕਿਸੇ ਦੀ ਸੱਸ, ਕਿਸੇ ਦੀ ਨੂੰਹ, ਭਾਵ ਕਿ ਜਦੋਂ ਕੋਈ ਇਕ ਆਦਮੀ ਦੂਜੇ ਦੇ ਨੱਕ ਵਿਚ ਦਮ ਕਰੀ ਰੱਖੇਗਾ ਤਾਂ ਸਾਹ ਘੁੱਟੇਗਾ-ਹੀ ਘੁੱਟੇਗਾ।
ਇਕ ਪਰਿਵਾਰ ਦੇ ਪੰਜ ਜੀਆਂ ਨੂੰ ਸਾਹ ਦੀ ਤਕਲੀਫ ਨੇ ਘੇਰਿਆ ਹੋਇਆ ਸੀ। ਉਹ ਖੇਤਾਂ ਵਿਚ ਰਹਿੰਦੇ ਸਨ। ਜਦੋਂ ਝੋਨੇ ਦੀ ਪਰਾਲੀ ਸੜਦੀ ਹੈ ਤਾਂ ਖੇਤਾਂ ਵਿਚ ਰਹਿਣ ਵਾਲਿਆਂ ਦਾ ਜੀਣਾ ਹਰਾਮ ਹੋ ਜਾਂਦਾ ਹੈ ਕਿਉਂਕਿ ਜ਼ਹਿਰੀਲੀਆਂ ਗੈਸਾਂ ਨੱਕ ‘ਚ ਦਮ ਕਰ ਦਿੰਦੀਆਂ ਹਨ। ਪਰ ਉਨ੍ਹਾਂ ਪੰਜਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪੈਂਦਾ ਸੀ। ਮੈਂ ਉਨ੍ਹਾਂ ਦੇ ਘਰ ਜਾ ਕੇ ਦੇਖਿਆ ਹੋਰ ਵੀ ਆਂਢੀ-ਗੁਆਂਢੀ ਉਨ੍ਹਾਂ ਦੇ ਨਾਲ ਵਸਦੇ ਸਨ, ਝੋਨੇ ਦੀ ਪਰਾਲੀ ਦੀ ਅੱਗ ਉਨ੍ਹਾਂ ਨੂੰ ਵੀ ਚੜ੍ਹਦੀ ਹੈ, ਇਹ ਅੱਗ ਤਾਂ ਸਭ ਨੂੰ ਰੇਸ਼ਾ ਲਾ ਦਿੰਦੀ ਹੈ। ਪਰ ਇਕੋ ਪਰਿਵਾਰ ਦੇ ਪੰਜ ਜੀਆਂ ਨੂੰ ਆਏ ਸਾਲ ਦਾਖਲ ਕਰਵਾਉਣਾ ਪੈਂਦਾ ਹੈ, ਦਾ ਕੀ ਕਾਰਨ ਹੋ ਸਕਦਾ ਹੈ। ਜਦੋਂ ਖੋਜ ਕੀਤੀ ਤਾਂ ਗੱਲ ਸਾਹਮਣੇ ਆਈ ਕਿ ਉਨ੍ਹਾਂ ਸਿਰ ਕਰਜ਼ੇ ਦੀ ਭਾਰੀ ਪੰਡ ਸੀ ਜੋ ਹਲਕੀ ਹੋਣ ਦਾ ਨਾਂ ਨਹੀਂ ਸੀ ਲੈਂਦੀ। ਉਸ ਕਰਜ਼ੇ ਨੇ ਹੀ ਉਸ ਪਰਿਵਾਰ ਦੇ ਨੱਕ ‘ਚ ਦਮ ਕਰ ਰੱਖਿਆ ਸੀ ਜਿਸ ਕਰਕੇ ਉਨ੍ਹਾਂ ਦੀ ਰੱਖਿਆ ਪ੍ਰਣਾਲੀ ਦਿਨ-ਬ-ਦਿਨ ਕਮਜ਼ੋਰ ਹੋ ਰਹੀ ਸੀ।
ਜਦੋਂ ਤਕ ਉਪਰੋਕਤ ਮਰੀਜ਼ਾਂ ਦੇ ਮਨ ਉਪਰ ਪਈ ਗਮਾਂ ਦੀ ਪੰਡ ਹੌਲੀ ਨਹੀਂ ਹੁੰਦੀ ਤਦ ਤਕ ਬਿਮਾਰੀਆਂ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਸਕਦੀਆਂ। ਡਾਕਟਰ ਲੋਕ ਦਵਾਈਆਂ ਨਾਲ ਬਿਮਾਰੀ ਦੀ ਤੀਬਰਤਾ ਤਾਂ ਘਟਾ ਸਕਦੇ ਹਨ ਪਰ ਜਿੰਨਾ ਚਿਰ ਤਕ ਕਾਰਨਾਂ ਦਾ ਹੱਲ ਨਹੀਂ ਹੁੰਦਾ ਉਦੋਂ ਤਕ ਬਿਮਾਰੀਆਂ ਠੀਕ ਨਹੀਂ ਹੁੰਦੀਆਂ।
ਇਸ ਤਰ੍ਹਾਂ ਇਕ ਕੁੜੀ ਜੀਹਦਾ ਨਵਾਂ ਵਿਆਹ ਹੋਇਆ ਸੀ। ਉਸ ਨੂੰ ਬੁਖਾਰ ਰਹਿਣ ਲੱਗ ਪਿਆ। ਕਿਉਂਕਿ ਉਸ ਦਾ ਘਰਵਾਲਾ ਵਿਦੇਸ਼ੀ ਜੋ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਚਲਾ ਗਿਆ। ਉਸ ਵਿਚਾਰੀ ਨੂੰ ਸਾਲ ਤੋਂ ਉਤੇ ਹੋ ਗਿਆ ਸੀ ਬਾਹਰ ਦਾ ਵੀਜ਼ਾ ਨਹੀਂ ਸੀ ਲੱਗ ਰਿਹਾ। ਸਾਰੇ ਡਾਕਟਰਾਂ ਦੇ ਵੱਖੋ-ਵੱਖਰੇ ਡਾਇਆਗਨੋਜ਼ ਸਨ ਕੋਈ ਕਹਿ ਰਿਹਾ ਸੀ ਕਿ ਟਾਈਫਾਈਡ ਆ, ਕੋਈ ਕੁਝ, ਕਿਸੇ ਨੇ ਤਾਂ ਟੀ.ਬੀ. ਵੀ ਬਣਾ ਦਿੱਤੀ ਸੀ। ਪਰ ਅਸਲ ਕਾਰਨ ਇਹ ਸੀ ਕਿ ਉਹ ਬਹੁਤ ਸੂਖਮ ਮਨ ਵਾਲੀ ਕੁੜੀ ਸੀ। ਉਹ ਆਪਣੇ ਮਨ ‘ਤੇ ਇਹ ਗੱਲ ਲਾ ਬੈਠੀ ਕਿ ਹੁਣ ਉਹ ਬਾਹਰ ਜਾ ਸਕੇਗੀ ਜਾਂ ਨਾ, ਇਸੇ ਕਰਕੇ ਉਸ ਨੂੰ ਬੁਖਾਰ ਰਹਿਣ ਲੱਗ ਪਿਆ। ਇਕ ਪਾਕਿਸਤਾਨੀ ਗੀਤ ਦੀਆਂ ਸਤਰਾਂ ਯਾਦ ਆਉਂਦੀਆਂ ਹਨ:
ਰੋਗ ਲੱਭਾ ਨਾ ਤਬੀਬਾ ਤੈਨੂੰ ਮੇਰਾ, ਦਵਾਈਆਂ ਦੇ ਦੇ ਸਾੜ ਛੱਡਿਆ।
ਇਥੇ ਚੱਲਣਾ ਨੀ ਕੋਈ ਬੱਸ ਤੇਰਾ ਜੁਦਾਈਆਂ ਮੈਨੂੰ ਮਾਰ ਛੱਡਿਆ।
ਪਰ ਹੋਮਿਓਪੈਥਿਕ ਤਬੀਬ ਹੀ ਮਨ ਨੂੰ ਸਮਝ ਸਕਣ ਦੇ ਸਮਰਥ ਹੈ। ਕਿਉਂਕਿ ਹੋਮਿਓਪੈਥਿਕ ਹੀ ਅਜਿਹਾ ਵਿਗਿਆਨ ਹੈ ਜਿਸ ਦੀ ਨੀਂਹ ਹੀ ਮਨ ਉਪਰ ਬੱਝੀ ਹੋਈ ਹੈ। ਹੋਮਿਓਪੈਥੀ ਦੇ ਬਾਨੀ ਡਾਕਟਰ ਹੈਨੇਮੈਨ ਸਾਹਿਬ ਨੇ ਮਨ ਨੂੰ ਸਮਝਣ ਦੀ ਐਸੀ ਤਕਨੀਕ ਬਖਸ਼ੀ ਹੈ ਕਿ ਮਨ ਨੂੰ ਸਮਝ ਕੇ ਕਿਸੇ ਵੀ ਬਿਮਾਰੀ ਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਮਨ ਦਾ ਤਨ ਨਾਲ ਹੋਰ ਗਹਿਰਾ ਸਬੰਧ ਉਦੋਂ ਵੇਖਣ ਨੂੰ ਮਿਲਦਾ ਹੈ ਜਦੋਂ ਬੰਦਾ ਰੋਜ਼ਾਨਾ ਦੇ ਕੰਮ ਕਾਰਾਂ ਤੋਂ ਅੱਕ ਜਾਂਦਾ ਹੈ। ਇਹ ਅਕੇਂਵਾਪਣ ਹੀ ਥੱਕਣ ਲਈ ਮਜਬੂਰ ਕਰ ਦਿੰਦਾ ਹੈ। ਅੱਕਣਾ ਅਤੇ ਥੱਕਣਾ ਦੋਵਾਂ ਲਫਜ਼ਾਂ ਵਿਚ ਪਹਿਲਾਂ ਅੱਕਣ, ਫਿਰ ਥੱਕਣ ਦਾ ਸੰਕਲਪ ਬਹੁਤ ਪੁਰਾਣਾ ਹੈ। ਅਸੀਂ ਕਦੇ ਵੀ ਨਹੀਂ ਪੜ੍ਹਦੇ ਜਾਂ ਸੁਣਦੇ ਕਿ ਥੱਕ ਕੇ ਅੱਕ ਗਿਆ। ਸਗੋਂ ਅੱਕ ਕੇ ਥੱਕ ਗਿਆ, ਸੋ ਪਹਿਲਾਂ ਪ੍ਰਭਾਵ ਮਨ ‘ਤੇ ਹੀ ਪੈਂਦਾ ਹੈ, ਫਿਰ ਅੱਗੋਂ ਉਹੀ ਪ੍ਰਭਾਵ ਸਰੀਰ ‘ਤੇ ਪੈਂਦਾ ਹੈ। ਸੋ ਇਸ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਬਿਮਾਰੀਆਂ ਦਾ ਮੁੱਢ ਮਨ ਵਿਚੋਂ ਬੱਝਦਾ ਹੈ, ਜਦੋਂ ਤਕ ਮਨ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤਕ ਸਰੀਰ ਠੀਕ ਨਹੀਂ ਹੋ ਸਕਦਾ।