ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ


ਇਤਿਹਾਸ ਮੁਤਾਬਕ ਜੱਸਾ ਸਿੰਘ ਆਹਲੂਵਾਲੀਆ ਦੀ ਸਿੱਖ ਇਤਿਹਾਸ 'ਚ ਖਾਸ ਥਾਂ ਹੈ। ਉਨ੍ਹਾਂ ਦੀ ਅਗਵਾਈ ਹੇਠ ਸਿੱਖ ਪੰਥ ਨੇ ਮੁਗ਼ਲਾਂ ਪਾਸੋਂ ਲਾਹੌਰ ਤੇ ਦਿੱਲੀ ਨੂੰ ਫ਼ਤਹਿ ਕੀਤਾ। ਇਤਿਹਾਸ ਮੁਤਾਬਕ ਅੰਗਰੇਜ਼ ਹਕੂਮਤ ਤੋਂ ਪਹਿਲਾਂ ਭਾਰਤ-ਪੰਜਾਬ ਮੁਗਲਾਂ/ ਅਫ਼ਗਾਨਾਂ ਦੀ ਗ਼ੁਲਾਮੀ ਹੇਠ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਨਾਲ ਲੈ ਕੇ ਭਾਰੀ ਜੱਦੋ-ਜਹਿਦ ਅਤੇ ਲੰਮੇ ਸੰਘਰਸ਼ ਤੋਂ ਬਾਅਦ ਭਾਰਤ-ਪੰਜਾਬ ਨੂੰ ਮੁਗਲ ਹਕੂਮਤ ਪਾਸੋਂ ਆਜ਼ਾਦ ਕਰਵਾਉਣ ਦਾ ਮੁੱਢ ਬੰਨ੍ਹਿਆ ਜਿਸ ਦੀ ਨੀਂਹ ਗੁਰੂ ਨਾਨਕ ਦੇਵ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ। ਉਸ ਸਮੇਂ ਭਾਰਤ-ਪੰਜਾਬ ਦੀ ਆਜ਼ਾਦੀ ਦੀ ਪਹਿਲੀ ਲੜਾਈ, ਲਾਹੌਰ ਸਤੰਬਰ 1761 'ਚ ਅਤੇ ਮਾਰਚ 1783 ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਦੀ ਅਗਵਾਈ 'ਚ ਦਿੱਲੀ ਫਤਹਿ ਆਦਿ ਕਰਕੇ ਇਸ ਭਾਰਤ-ਪੰਜਾਬ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਤੇ ਉਹ ਭਾਰਤ-ਪੰਜਾਬ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਣੇ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਹੀ ਸਿੱਖ ਯੋਧਿਆਂ ਨੇ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਤੇ ਉਸ ਦੀ ਭਾਰੀ ਫ਼ੌਜ ਪਾਸੋਂ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਭਾਰਤ ਦਾ ਕੀਮਤੀ ਸਾਮਾਨ ਲੁੱਟ ਕੇ ਲਿਜਾ ਰਹੇ ਅਤੇ ਤਕਰੀਬਨ 2200 ਕੈਦੀ ਨੌਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਘਰੋ-ਘਰੀ ਪਹੁੰਚਾਇਆ। ਉਨ੍ਹਾਂ ਨੇ ਲਾਹੌਰ ਫ਼ਤਹਿ ਉਪਰੰਤ ਗੁਰੂ ਨਾਨਕ ਦੇਵ ਸਾਹਿਬ- ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਸਿੱਕਾ ਚਲਾਇਆ। ਉਨ੍ਹਾਂ ਨੇ ਅਪਰੈਲ 1764 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਇਮਾਰਤ ਦੀ ਦੁਬਾਰਾ ਉਸਾਰੀ ਕਰਵਾਈ। ਜਦੋਂ ਇਸ ਮਹਾਨ ਤੇ ਪਵਿੱਤਰ ਅਸਥਾਨ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀਆਂ ਫ਼ੌਜਾਂ ਨਾਲ ਢਹਿ-ਢੇਰੀ ਕੀਤਾ, ਉਸ ਸਮੇਂ ਉਹ ਸਿੱਖ ਮਿਸਲਾਂ ਦੇ ਪ੍ਰਮੁੱਖ ਜਥੇਦਾਰ ਸਨ। ਉਸ ਸਮੇਂ ਉਨ੍ਹਾਂ ਦਾ ਦੇਸ਼, ਕੌਮ, ਸਿੱਖ ਪੰਥ ਵਿੱਚ ਵਿਸ਼ੇਸ਼ ਸਥਾਨ, ਮਾਣ ਤੇ ਸਤਿਕਾਰ ਸੀ। ਸਾਰੇ ਮੁਲਕ ਅਤੇ ਪੰਜਾਬ ਨੂੰ ਮੁਗ਼ਲਾਂ ਪਾਸੋਂ ਆਜ਼ਾਦ ਕਰਾਉਣ ਖਾਤਰ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ। ਇਸ ਮਹਾਨ ਸੂਰਬੀਰ, ਮਾਝੇ ਦੇ ਜਰਨੈਲ, ਸੰਘਰਸ਼ੀ ਯੋਧੇ, ਭਾਰਤ-ਪੰਜਾਬ ਦੇ ਕੌਮੀ ਦੇਸ਼ ਭਗਤ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਮਾਤਾ ਜੀਵਨ ਕੌਰ ਦੀ ਕੁੱਖੋਂ ਤੇ ਪਿਤਾ ਸ੍ਰੀ ਬਦਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਆਹਲੂ ਨਜ਼ਦੀਕ ਲਾਹੌਰ ਜੋ ਕਿ ਹੁਣ ਪਾਕਿਸਤਾਨ ਵਿਚ ਹੈ, ਹੋਇਆ। ਜਦੋਂ ਜੱਸਾ ਸਿੰਘ ਆਹਲੂਵਾਲੀਆ ਸਿੱਖ ਮਿਸਲਾਂ ਦੇ ਪ੍ਰਮੁੱਖ ਜਥੇਦਾਰ ਤੇ ਲਾਹੌਰ ਦੇ ਬਾਦਸ਼ਾਹ ਸੁਲਤਾਨ-ਉਲ-ਕੌਮ ਬਣੇ ਉਸ ਸਮੇਂ ਉਨ੍ਹਾਂ ਨੇ ਆਪਣੀ ਰਿਆਸਤ ਦੀ ਰਾਜਧਾਨੀ ਫਤਿਆਬਾਦ ਸ੍ਰੀ (ਤਰਨ ਤਾਰਨ) ਵਿਖੇ ਬਣਾਈ ਤੇ ਰਿਹਾਇਸ਼ ਵੀ ਇਥੇ ਹੀ ਰੱਖੀ ਜੋ ਕਿ ਬਾਅਦ ਵਿਚ ਉਨ੍ਹਾਂ ਨੇ ਆਪਣੇ ਆਖਰੀ ਸਮੇਂ ਰਾਜਧਾਨੀ ਕਪੂਰਥਲਾ ਵਿਖੇ ਬਣਾਈ। ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੇ ਵਡੇਰਿਆਂ ਦੇ ਸਬੰਧ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਸੰਨ 1723 ਵਿਚ ਉਨ੍ਹਾਂ ਦੇ ਮਾਤਾ ਤੇ ਮਾਮਾ ਬਾਘ ਸਿੰਘ ਬਾਲਕ ਜੱਸਾ ਸਿੰਘ ਸਮੇਤ ਸਿੱਖ ਸੰਗਤਾਂ ਨਾਲ ਦਿੱਲੀ ਵਿਖੇ ਜਗਤ ਮਾਤਾ ਸੁੰਦਰ ਕੌਰ ਜੀ ਸੁਪਤਨੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਉਨ੍ਹਾਂ ਦੇ ਗ੍ਰਹਿ ਦਿੱਲੀ ਪਹੁੰਚੇ। ਜਗਤ ਮਾਤਾ ਸੁੰਦਰ ਕੌਰ ਦੇ ਲਾਡ ਪਿਆਰ ਵਿਚ ਕਈ ਸਾਲ ਬਾਲਕ ਜੱਸਾ ਸਿੰਘ ਆਹਲੂਵਾਲੀਆ ਉਨ੍ਹਾਂ ਪਾਸ ਰਹਿ ਕੇ ਪਲੇ। ਸੰਨ 1728 ਨੂੰ ਬਾਘ ਸਿੰਘ ਦਿੱਲੀ ਤੋਂ ਜਗਤ ਮਾਤਾ ਸੁੰਦਰ ਕੌਰ ਜੀ ਪਾਸੋਂ ਸ੍ਰੀ ਆਹਲੂਵਾਲੀਆ ਨੂੰ ਵਾਪਸ ਲੈ ਆਏ। ਉਸ ਸਮੇਂ ਮਾਤਾ ਸੁੰਦਰ ਕੌਰ ਨੇ ਇਸ ਬਾਲਕ ਨੂੰ ਬਹੁਤ ਸਾਰੇ ਤੋਹਫ਼ੇ, ਦਸਤਾਰ, ਕਿਰਪਾਨ, ਤੀਰ-ਕਮਾਨ ਆਦਿ ਆਪਣੇ ਪੁੱਤਰ ਦੀ ਤਰ੍ਹਾਂ ਦਿੱਤੇ ਤੇ ਆਸੀਸ ਦਿੱਤੀ, ”ਤੇਰੇ ਔਰ ਤੇਰੀ ਸੰਤਾਨ ਅੱਗੇ ਚੋਬਦਾਰ ਚਲਿਆ ਕਰਨਗੇ।” ਜਗਤ ਮਾਤਾ ਨੇ ਉਸ ਸਮੇਂ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਪੰਜਾਬ 'ਚ ਕਰਤਾਰਪੁਰ ਵਿਖੇ ਆਪਣੇ ਡੇਰੇ ਵਿਖੇ ਰਹਿੰਦੇ ਸਨ, ਵੱਲ ਇਕ ਪੱਤਰ ਲਿਖ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣੇ ਪਾਸ ਰੱਖਣ ਦੀ ਹਦਾਇਤ ਕੀਤੀ। ਸੰਨ 1729 ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਲਗਭਗ ਨਵਾਬ ਕਪੂਰ ਸਿੰਘ ਦੀਆਂ ਸਾਰੀਆਂ ਮੁਹਿੰਮਾਂ, ਯੁੱਧਾਂ ਵਿਚ ਨਾਲ ਰਹੇ। ਸੰਨ 1738 ਤੱਕ ਜੱਸਾ ਸਿੰਘ ਆਹਲੂਵਾਲੀਆ ਦੀ ਗਿਣਤੀ ਸੂਰਬੀਰ ਸਿੱਖ ਯੋਧਿਆਂ ਦੀ ਪਹਿਲੀ ਕਤਾਰ ਵਿੱਚ ਹੋਣ ਲੱਗ ਪਈ ਸੀ। ਇਸ ਮਹਾਨ ਕੌਮੀ ਜਰਨੈਲ, ਸਿੱਖ ਯੋਧਾ, ਜ਼ਿੰਦਾ ਸ਼ਹੀਦ ਨੇ ਆਪਣੇ ਸਮੇਂ ਵਿਚ ਬਗੈਰ ਕਿਸੇ ਈਰਖਾ, ਭੇਦ-ਭਾਵ, ਊਚ-ਨੀਚ, ਜਾਤ-ਪਾਤ ਆਦਿ ਦੇ ਸੂਰਬੀਰਤਾ ਤੇ ਅਣਖ ਨਾਲ ਹਲੀਮੀ ਰਾਜ ਕੀਤਾ ਅਤੇ ਭਾਰਤ-ਪੰਜਾਬ ਦੇ ਵਾਸੀਆਂ, ਸਿੱਖ ਕੌਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵੱਲ ਲਿਜਾਣ ਦਾ ਯਤਨ ਕੀਤਾ। ਸੰਨ 1748 ਵਿਚ ਉਨ੍ਹਾਂ ਦੀ ਅਗਵਾਈ ਹੇਠ ਖਾਲਸੇ ਨੇ ਫ਼ੌਜਦਾਰ ਸਲਾਬਤ ਖਾਨ ਨੂੰ ਕਤਲ ਕਰਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਸ ਇਲਾਕੇ ਨੂੰ ਮੁਗਲ ਫੌਜਾਂ ਪਾਸੋਂ ਆਜ਼ਾਦ ਕਰਵਾਇਆ। ਕਾਫ਼ੀ ਸਾਲਾਂ ਬਾਅਦ ਸਿੱਖ ਸੰਗਤਾਂ ਨੇ ਇਥੋਂ ਦੇ ਮਹਾਨ ਤੇ ਧਾਰਮਿਕ ਅਸਥਾਨ ਦੇ ਦਰਸ਼ਨ ਦੀਦਾਰ ਕੀਤੇ ਅਤੇ ਵਿਸਾਖੀ ਮੇਲਾ ਮਨਾਇਆ ਤੇ ਗੁਰੂ ਰਾਮਦਾਸ ਜੀ ਦੇ ਨਾਂ 'ਤੇ ਇਥੇ ਰਾਮ ਰਾਉਣੀ (ਕਾਫ਼ੀ ਉੱਚੀ ਮੋਟੀ ਦੀਵਾਰ ਆਦਿ) ਦੀ ਰਚਨਾ ਕੀਤੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਆਪਣੇ ਸਮੇਂ ਵਿਚ ਇਕ ਮਹਾਨ ਯੋਧੇ ਦੇ ਨਾਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗੁਰਬਾਣੀ ਕੀਰਤਨਕਾਰ ਵੀ ਸਨ। ਉਨ੍ਹਾਂ ਦਾ ਗੁਰੂ ਘਰ ਨਾਲ ਅਥਾਹ ਪਿਆਰ ਤੇ ਸਤਿਕਾਰ ਹੋਣ ਕਾਰਨ ਉਹ ਯੁੱਧਾਂ ਆਦਿ ਤੋਂ ਵਿਹਲੇ ਹੁੰਦੇ ਹੀ ਆਪਣੇ ਸਿੰਘਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆ ਪਹੁੰਚਦੇ। ਦੀਵਾਲੀ-ਵਿਸਾਖੀ ਆਦਿ ਵੇਲੇ ਉਹ ਆਪਣੇ ਸਿੰਘਾਂ ਨਾਲ ਸੰਗਤਾਂ ਦੇ ਇਕੱਠ ਵਿਚ ਇਥੇ ਜ਼ਰੂਰ ਸ਼ਾਮਲ ਹੁੰਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਮੁੱਖ ਦਰਸ਼ਨੀ ਡਿਉਢੀ ਦੇ ਨਾਲ ਉਨ੍ਹਾਂ ਦੇ ਨਾਂ 'ਤੇ ਇਕ ਆਹਲੂਵਾਲੀਆ ਬੁੰਗਾ ਸੀ ਤੇ ਉਨ੍ਹਾਂ ਨੇ ਇਕ ਆਹਲੂਵਾਲੀਆ ਕਿਲ੍ਹਾ ਆਪਣੇ ਸਿੰਘਾਂ ਦੇ ਠਹਿਰਨ ਵਾਸਤੇ ਤੇ ਇਸ ਇਲਾਕੇ ਦੀ ਹਿਫਾਜ਼ਤ ਵਾਸਤੇ ਬਣਵਾਇਆ ਸੀ ਜੋ ਕਿ ਅੱਜ ਤੱਕ ਮੌਜੂਦ ਹੈ। ਇਸ ਲਾਗੇ ਇਕ ਬਾਜ਼ਾਰ ਕੱਟੜਾ ਆਹਲੂਵਾਲੀਆ ਬਣਵਾਇਆ ਜੋ ਕਿ ਉਨ੍ਹਾਂ ਦੇ ਨਾਂ 'ਤੇ ਹੈ। ਇਸ ਤੋਂ ਕੁਝ ਦੂਰੀ ਉÎੱਤੇ ਉਨ੍ਹਾਂ ਦੇ ਨਾਂ 'ਤੇ ਇਕ ਆਹਲੂਵਾਲੀਆ ਦਰਵਾਜ਼ਾ ਬਣਿਆ ਹੋਇਆ ਹੈ ਜਿੱਥੇ ਅੱਜ-ਕੱਲ੍ਹ ਘੀ ਮੰਡੀ ਹੈ। ਇਹ ਰਾਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਉਸ ਸਮੇਂ ਸਿੱਧਾ ਜਾਂਦਾ ਸੀ ਭਾਵ ਮੁੱਖ ਦੁਆਰ ਸੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਪੰਥ ਵੱਲੋਂ 10 ਅਪਰੈਲ 1754 ਨੂੰ ਦਲ ਖਾਲਸਾ ਦਾ ਪ੍ਰਮੁੱਖ ਜਥੇਦਾਰ ਨਿਯੁਕਤ ਕੀਤਾ ਗਿਆ ਤੇ ਨਵਾਬ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਤੰਬਰ 1761 ਵਿਚ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਲਾਹੌਰ ਫਤਹਿ ਕੀਤਾ ਤਾਂ ਖਾਲਸਾ ਪੰਥ ਵੱਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ (ਕੌਮ ਦਾ ਬਾਦਸ਼ਾਹ) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਸੰਨ 1748 ਤੇ 1752 ਵਿਚ ਉਨ੍ਹਾਂ ਨੇ ਮੀਰ ਮਨੂੰ ਤੇ ਜਕਰੀਆ ਖਾਨ ਨਾਲ ਯੁੱਧ ਵਿਚ ਜਿੱਤ ਹਾਸਲ ਕੀਤੀ। ਸਾਕਾ ਵੱਡਾ ਘੱਲੂਘਾਰਾ ਕੁੱਪ ਰਹੀੜਾ ਨੇੜੇ ਮਾਲੇਰਕੋਟਲਾ (ਸੰਗਰੂਰ) ਮਿਤੀ 5 ਫਰਵਰੀ 1762 ਜੋ ਕਿ ਸਿੱਖ ਇਤਿਹਾਸ ਵਿਚ ਦੁਖਦਾਈ ਘਟਨਾ ਸੀ, ਜਿਸ ਵਿਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਅਚਨਚੇਤ ਸਿੱਖਾਂ 'ਤੇ ਹਮਲਾ ਕੀਤਾ ਤਾਂ ਇਸ ਸਮੇਂ ਵੀ ਸਿੱਖ ਕੌਮ ਵੱਲੋਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਯੁੱਧ ਵਿਚ ਅਗਵਾਈ ਆਪਣੇ ਸਿੰਘਾਂ ਨਾਲ ਬੜੀ ਹੀ ਦਲੇਰੀ ਤੇ ਹਿੰਮਤ ਨਾਲ ਕੀਤੀ। ਭਾਰੀ ਮੁਸ਼ਕਲ ਦੇ ਬਾਵਜੂਦ ਜਿੱਤ ਹਾਸਲ ਕੀਤੀ। ਸੰਨ 1746 ਵਿਚ ਛੋਟੇ ਘੱਲੂਘਾਰੇ ਦੌਰਾਨ ਜੋ ਕਿ ਕਾਹਨੂੰਵਾਨ ਛੰਭ (ਗੁਰਦਾਸਪੁਰ) ਵਿਖੇ ਵਾਪਰਿਆ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕੀਤੀ। ਬੜੀ ਮੁਸ਼ਕਲ ਦੇ ਬਾਵਜੂਦ ਇਸੇ ਤਰ੍ਹਾਂ ਸੰਨ 1764 ਵਿਚ ਉਨ੍ਹਾਂ ਦੀ ਅਗਵਾਈ ਹੇਠ ਸਿੱਖ ਕੌਮ ਨੇ ਸਰਹਿੰਦ ਫਤਹਿ ਕੀਤਾ ਅਤੇ ਉਥੇ ਛੋਟੇ ਸਾਹਿਬਜ਼ਾਦਿਆਂ ਅਤੇ ਜਗਤ ਮਾਤਾ ਗੁਜਰੀ ਜੀ ਦੀ ਯਾਦ ਵਿਚ ਉਨ੍ਹਾਂ ਨੇ ਗੁਰਦੁਆਰਾ ਫਤਹਿਗੜ੍ਹ ਦੀ ਉਸਾਰੀ ਕਰਵਾਈ। ਸੰਨ 1777-1779 ਨੂੰ ਉਨ੍ਹਾਂ ਨੇ ਨਾਦਰਸ਼ਾਹ, ਇਬਰਾਹਿਮ ਆਦਿ ਨੂੰ ਹਰਾ ਕੇ ਕਪੂਰਥਲਾ, ਜਲੰਧਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਕੀਤਾ ਤੇ ਇਸ ਤਰ੍ਹਾਂ ਉਹ ਕਪੂਰਥਲਾ ਰਿਆਸਤ ਦੇ ਬਾਨੀ ਬਣੇ। ਸੰਨ 1783 ਨੂੰ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖ ਕੌਮ/ਦਲ ਖਾਲਸੇ ਨੇ ਦਿੱਲੀ ਫਤਹਿ ਕੀਤੀ ਤੇ ਉਸ ਸਮੇਂ ਸਿੱਖ ਜਰਨੈਲ ਭਾਈ ਬਘੇਲ ਸਿੰਘ, ਸ. ਜੱਸਾ ਸਿੰਘ ਰਾਮਗੜ੍ਹੀਆ ਵੀ ਮੌਜੂਦ ਸਨ। ਇਤਿਹਾਸ ਮੁਤਾਬਕ ਭਾਈ ਬਘੇਲ ਸਿੰਘ ਨੇ ਲਾਲ ਕਿਲ੍ਹੇ 'ਤੇ ਖਾਲਸੇ ਦਾ ਕੇਸਰੀ ਝੰਡਾ ਲਹਿਰਾਇਆ ਅਤੇ ਉਸ ਸਮੇਂ ਸਿੱਖ ਪੰਥ ਨੇ ਜੈਕਾਰਿਆਂ ਦੀ ਗੂੰਜ ਨਾਲ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਸਥਿਤ ਤਖ਼ਤ ਦੀਵਾਨੇ-ਆਮ ਉÎੱਤੇ ਬਿਠਾਇਆ ਅਤੇ ਭਾਰਤ ਦਾ ਬਾਦਸ਼ਾਹ ਐਲਾਨ ਦਿੱਤਾ। ਇਤਿਹਾਸ ਮੁਤਾਬਕ ਜੱਸਾ ਸਿੰਘ ਆਹਲੂਵਾਲੀਆ ਬਹੁਤੇ ਨਿਰਲੇਪ ਅਤੇ ਸੰਤੋਖੀ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਭਾਰਤ-ਪੰਜਾਬ ਨੂੰ ਸਭ ਤੋਂ ਵੱਡੀ ਦੇਣ ਵਿਦੇਸ਼ੀ ਜਾਬਰਾਂ ਤੋਂ ਆਜ਼ਾਦੀ ਦਿਵਾਉਣਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ-ਸੰਭਾਲ ਅਤੇ ਸ਼ਹਿਰ ਨੂੰ ਹੋਰ ਆਬਾਦ ਕਰਨ 'ਤੇ ਲਗਾਏ। ਬਾਬਾ ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਨ੍ਹਾਂ ਦੀ ਯਾਦਗਾਰ ਉਸ ਸਮੇਂ ਸਿੱਖ ਪੰਥ ਨੇ ਉਨ੍ਹਾਂ ਦੀ ਇਸ ਸਿੱਖ ਪੰਥ ਨੂੰ ਵੱਡੀ ਦੇਣ ਕਰਕੇ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਬਣਾਈ ਜੋ ਕਿ ਅੱਜ ਵੀ ਮੌਜੂਦ ਹੈ। ਸ਼ਾਇਦ ਹੀ ਇਸ ਮਹਾਨ ਕੌਮੀ ਸੂਰਬੀਰ ਯੋਧੇ, ਦੇਸ਼ ਕੌਮ ਦੇ ਸੇਵਕ, ਜਰਨੈਲ ਦੇਸ਼ ਭਗਤ, ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ ਕਿਸੇ ਸਰਕਾਰ/ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨੇ ਕੋਈ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕਿਆ ਹੋਵੇ।
- ਨਰਿੰਦਰ ਸਿੰਘ ਆਹਲੂਵਾਲੀਆ