ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਕ ਸੌ ਇਕ ਫੀਸਦੀ ਤਸੱਲੀ ਅਤੇ ਸੰਤਵਾਦੀ ਸੋਚ


ਸਾਡਾ ਇਕ 'ਸੰਤਵਾਦੀ' ਸੰਪਾਦਕ ਭਰਾ ਇਸ ਗੱਲੋਂ ਖਫ਼ਾ ਹੈ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰ ਬਾਰੇ ਗਲਤ ਕਿਉਂ ਲਿਖਦੇ ਹਾਂ। ਦਰਅਸਲ ਜਿਸ ਨੂੰ ਉਹ ਗਲਤ ਕਹਿ ਰਿਹਾ ਹੈ ਇਹ ਉਸ ਦਾ ਇਹਨਾਂ ਧਾਰਮਿਕ ਸੰਸਥਾਵਾਂ ਵਿਚ ਹੋ ਰਹੀਆਂ ਬੇਨਿਯਮੀਆਂ ਅਤੇ ਜ਼ਿੰਮੇਵਾਰੀ ਪ੍ਰਤੀ ਅਣਗਹਿਲੀ ਦੇ ਨਸ਼ਰ ਹੋ ਰਹੇ ਲੇਖਾਂ ਵੱਲ ਇਸ਼ਾਰਾ ਹੈ। ਅਸੀਂ ਹੁਣ ਤੱਕ ਇਸ ਗੱਲੋਂ ਪੂਰੀ ਤਰ੍ਹਾਂ ਸਪੱਸ਼ਟ ਕਰ ਰਹੇ ਹਾਂ ਕਿ ਸਾਡੀ ਕਿਸੇ ਵੀ ਧਾਰਮਿਕ ਸੰਸਥਾ ਜਾਂ ਰਾਜਨੀਤਕ ਦਲ ਨਾਲ ਨਾ ਤਾਂ ਨਿੱਜੀ ਰੰਜਿਸ਼ ਹੈ ਅਤੇ ਨਾ ਹੀ ਅਸੀਂ ਕਿਸੇ ਪਾਰਟੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਬੰਧ ਰੱਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜੇ ਸਿੱਖਾਂ ਦੀ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਆਪਣੀਆਂ ਕੌਮ ਪ੍ਰਤੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣਾ ਸ਼ੁਰੂ ਕਰ ਦੇਵੇ ਤਾਂ ਸਿੱਖ ਕੌਮ ਦੀ ਹਾਲਤ ਉਸੇ ਵੇਲੇ ਹੀ ਸੁਧਰਨੀ ਸ਼ੁਰੂ ਹੋ ਜਾਵੇਗੀ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਿੱਖ ਕੌਮ ਵਿਚ ਮੌਜੂਦਾ ਨਿਰਾਸ਼ਤਾ ਅਤੇ ਆਪਸੀ ਖਿੱਚੋਤਾਣ ਵਾਲਾ ਮਾਹੌਲ ਪੈਦਾ ਕਰਨ ਵਿਚ ਇਹਨਾਂ ਦੋ ਪ੍ਰਮੁੱਖ ਸੰਸਥਾਵਾਂ ਦਾ ਵੀ ਰੋਲ ਹੈ। ਇਸ ਲਈ ਸਿੱਖ ਮੀਡੀਆ ਅਤੇ ਸਿੱਖ ਪੱਤਰਕਾਰਾਂ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕੌਮ ਅੱਗੇ ਇਹਨਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪੜਚੋਲ ਪੇਸ਼ ਕਰਦੇ ਰਹਿਣ। ਆਪਣੇ ਇਸੇ ਫਰਜ਼ ਨੂੰ ਸਮਝ ਕੇ ਅਸੀਂ ਵੇਲੇ-ਵੇਲੇ ਸਿਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੜਚੋਲ ਦੇ ਲੇਖ ਛਾਪਦੇ ਰਹੇ ਹਾਂ। ਸਾਡੇ ਇਹਨਾਂ ਯਤਨਾਂ ਨੂੰ ਭੰਡੀ ਪ੍ਰਚਾਰ ਦਾ ਨਾਮ ਦੇਣ ਵਾਲੇ ਸਾਡੇ ਕਰਮਖੇਤਰੀਆਂ ਨੂੰ ਵੀ ਪੱਤਰਕਾਰੀ ਦੇ ਫਰਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਅਸੀਂ ਸਮਝਦੇ ਹਾਂ ਕਿ ਜੇਕਰ ਉਹਨਾਂ ਨੂੰ ਇਸ ਬਾਰੇ ਕੁਝ ਗਿਆਨ ਹੁੰਦਾ ਤਾਂ ਉਹਨਾਂ ਨੇ ਆਪਣੇ 'ਸੰਤਵਾਦੀ ਮੀਡੀਆ' ਰਾਹੀਂ ਸਾਨੂੰ ਭੰਡਣ ਦੀ ਥਾਂ ਸਗੋਂ ਸਾਡਾ ਸਾਥ ਦੇਣਾ ਸੀ। ਚਲੋ ਖੈਰ, ਉਹਨਾਂ ਦੀ ਸੋਚ ਉਹਨਾਂ ਨੂੰ ਮੁਆਫਿਕ ਹੋਵੇ ਪਰ ਅਸੀਂ ਇਹਨਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਰੋਧੀ ਕੀਤੇ ਜਾ ਰਹੇ ਕੰਮਾਂ ਨੂੰ ਆਪਣੇ ਲੋਕਾਂ ਅੱਗੇ ਰੱਖਣਾ ਜਾਰੀ ਰੱਖਾਂਗੇ ਪਰ ਇਹਨਾਂ ਵਿਚਾਰਾਂ ਦਾ ਭਾਵ ਸੁਧਾਰਵਾਦੀ ਹੀ ਹੋਵੇਗਾ ਨਾ ਕਿ ਕਿਸੇ ਰੰਜਿਸ਼ ਜਾਂ ਚਾਪਲੂਸੀ ਤਹਿਤ 'ਕਲਮ ਘਸਾਈ'।
ਅਸੀਂ ਇਸ 'ਸੰਤਵਾਦੀ ਸੰਪਾਦਕ' ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਹੁਣੇ-ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ਼ਾਰੇ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸ਼ੁੱਧ ਛਪਾਈ ਵਾਲੀਆਂ ਬੀੜਾਂ ਦਾ ਮਸਲਾ ਕੀ  ਅੱਖਾਂ ਮੀਟ ਕੇ ਛੱਡ ਦਿੱਤਾ ਜਾਵੇ? ਕੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੰਜਾਬ ਸਰਕਾਰ ਦੇ ਨਿਯਮ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008' ਤਹਿਤ ਕੋਈ ਵੀ ਨਿੱਜੀ ਪ੍ਰਕਾਸ਼ਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਛਾਪ ਨਹੀਂ ਸਕਦਾ? ਫਿਰ ਇਸ ਕਾਨੂੰਨੀ ਨਿਯਮ ਦੀ ਉਲੰਘਣਾ ਕਰਕੇ ਛਾਪੀਆਂ ਗਈਆਂ ਸੁਨਹਿਰੀ ਪੰਨਿਆਂ ਵਾਲੀਆਂ ਬੀੜਾਂ ਦਾ ਕੰਮ ਇਕ ਵਿਦੇਸ਼ੀ ਬੰਦਾ ਕਿਵੇਂ ਕਰ ਗਿਆ? ਖ਼ਬਰਾਂ ਤਾਂ ਇਥੋਂ ਤੱਕ ਵੀ ਮਿਲ ਰਹੀਆਂ ਹਨ ਕਿ ਇਹ ਅਸ਼ੁੱਧ ਬਾਣੀ ਵਾਲੇ ਸਰੂਪਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਹੀਕਲਾਂ ਰਾਹੀਂ ਹੀ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਤੱਕ ਪੁੱਜਦਾ ਵੀ ਕੀਤਾ ਗਿਆ ਅਤੇ ਹੁਣ ਰੌਲਾ ਪੈ ਜਾਣ ਤੋਂ ਬਾਅਦ ਇਹ ਸਾਰੇ ਸਰੂਪ ਵਾਪਸ ਲੈ ਲਏ ਗਏ। ਆਪਣੀ ਕੁਤਾਹੀ ਨੂੰ ਲੁਕਾਉਣ ਲਈ ਇਹ ਬਿਆਨ ਕੀਤੇ ਗਏ ਕਿ ਇਹ ਕੋਈ ਖਾਸ ਵੱਡੀ ਗੱਲ ਨਹੀਂ ਸਿਰਫ਼ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਮਜੀਤ ਸਿੰਘ ਸਰਨਾ ਹੀ ਰੌਲਾ ਪਾ ਰਿਹਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਜੇ ਕੁਝ ਦਿਨ ਪਹਿਲਾਂ ਹੀ ਇਕ ਅਖ਼ਬਾਰ ਦੇ ਪ੍ਰਤੀਨਿਧ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ਵਿਚ ਆਖਿਆ ਹੈ ਕਿ ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਉਹਨਾਂ ਨੂੰ ਸੌ ਨਹੀਂ ਸਗੋਂ ਇਕ ਸੌ ਇਕ ਫੀਸਦੀ ਤਸੱਲੀ ਹੈ'' ਸਾਡੇ ਇਸ ਜਥੇਦਾਰ ਜਿਨਾਂ ਹੋਰ ਕੰਮਾਂ ਦੀ ਵੀ ਇਕ ਸੌ ਇਕ ਫੀਸਦੀ ਤਸੱਲੀ ਹੈ ਉਹਨਾਂ ਵਿਚ ਨਾਨਕਸ਼ਾਹੀ ਕੈਲੰਡਰ ਦਾ ਨਾਸ ਮਾਰਨਾ, 1984 ਦੇ ਸ਼ਹੀਦਾਂ ਦੀ ਯਾਦ 'ਚ ਬਣਨ ਵਾਲੀ ਯਾਦਗਾਰ ਦੀ ਸੁਝਾਅ ਕਮੇਟੀ ਦੀ ਚੁੱਪ, ਅਸ਼ੁੱਧ ਛਪਾਈ ਵਾਲੀਆਂ ਪਾਵਨ ਬੀੜਾਂ ਦੀ ਪ੍ਰਕਾਸ਼ਨਾ, ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਬਾਰੇ ਭੇਦਭਰੀ ਚੁੱਪ, ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ 'ਚ ਗੈਰਸਿੱਖ ਵੋਟਰਾਂ ਦੀ ਸਮੂਲੀਅਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸਾਡੇ ਇਸ ਮਹਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਸੰਪਟਪਾਠਾਂ, ਰਮਾਇਣ ਦੇ ਪਾਠਾਂ, ਡੇਰਿਆਂ 'ਚ ਜਾ ਕੇ ਸਾਧੜਿਆਂ ਦੇ ਪੈਰਾਂ 'ਚ ਬੈਠ ਕੇ ਖੁਸ਼ੀ ਮਹਿਸੂਸ ਕਰਨਾ, ਹਵਨ ਕਰਵਾਉਣ ਅਤੇ ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਤਰੱਕੀ ਦੇ ਕੇ ਚੰਗੇ ਅਹੁਦੇ ਦੇਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟਾਂ ਦੇਣ 'ਤੇ ਵੀ ਇਕ ਸੌ ਇਕ ਫੀਸਦੀ ਤਸੱਲੀ ਹੈ। ਇਸੇ ਤਰ੍ਹਾਂ ਸਿੱਖ ਸਮਾਜ ਵਿਚ ਸਿੱਖ ਨੌਜਵਾਨਾਂ 'ਚ ਵਧ ਰਿਹਾ ਪਤਿਤਪੁਣਾ, ਨਸ਼ਿਆਂ ਦਾ ਪ੍ਰਕੋਪ, ਗੁਰਦੁਆਰਾ ਸਾਹਿਬਾਨਾਂ 'ਚ ਸਿੱਖ ਵਿਰੋਧੀ ਹੋ ਰਹੇ ਕਰਮਕਾਂਡ, ਕੌਮ 'ਚ ਹਰ ਰੋਜ਼ ਨਿੱਤ ਨਵੇਂ ਪੈਦਾ ਹੋ ਰਹੇ ਵਿਵਾਦ, ਕੌਮ ਦਾ ਸ਼ਬਦ ਗੁਰੂ ਨਾਲੋਂ ਟੁੱਟ ਕੇ ਡੇਰਿਆਂ ਵੱਲ ਰੁਝਾਨ, ਡੇਰਿਆਂ ਵੱਲੋਂ ਸਰਬ ਸਮਰੱਥ ਹੋ ਜਾਣ ਤੋਂ ਬਾਅਦ ਸ਼ਬਦ ਗੁਰੂ ਨਾਲੋਂ ਬਗਾਵਤ 'ਤੇ ਵੀ ਸਾਰੇ ਧਾਰਮਿਕ ਆਗੂਆਂ ਨੂੰ ਇਕ ਸੌ ਇਕ ਫੀਸਦੀ ਤਸੱਲੀ ਹੋ ਸਕਦੀ ਹੈ। ਸਾਡੇ ਬਹੁਤੇ ਧਾਰਮਕ ਆਗੂਆਂ ਨੂੰ ਇਕ ਸੌ ਇਕ ਫੀਸਦੀ ਤਸੱਲੀ ਹੈ ਕਿ ਜੇ ਸ੍ਰ. ਬਾਦਲ ਦੀ ਅਗਵਾਈ 'ਚ ਨਵੀਂ ਸਰਕਾਰ ਬਣ ਜਾਵੇ ਤਾਂ ਉਹਨਾਂ ਦੀ ਕੁਰਸੀ ਸਲਾਮਤ ਰਹਿ ਸਕਦੀ ਹੈ ਇਸ ਲਈ ਉਹਨਾਂ ਦੁਆਰਾ ਸਾਰੇ ਯਤਨ ਬਾਦਲ ਸਾਹਿਬ ਨੂੰ ਮਜ਼ਬੂਤ ਕਰਨ 'ਚ ਹੀ ਤਸੱਲੀ ਹੈ।
ਜੇ ਇਹਨਾਂ ਸਾਰੀਆਂ ਤਸੱਲੀਆਂ ਦਾ ਸਿੱਖ ਸਿਧਾਂਤਾਂ ਦੀ ਛਾਂ ਵਿਚ ਵਿਸਲੇਸ਼ਨ ਕੀਤਾ ਜਾਵੇ ਤਾਂ ਜ਼ਰੂਰੀ ਹੈ ਕਿ ਇਹ ਤਸੱਲੀਆਂ ਇਕ ਸੌ ਇਕ ਦੀ ਥਾਂ 5 ਫੀਸਦੀ ਵੀ ਸਹੀ ਸਿੱਧ ਨਹੀਂ ਹੋਣਗੀਆਂ। ਇਹਨਾਂ ਕਾਰਜਾਂ ਦਾ ਕੀਤਾ ਗਿਆ ਵਿਸਲੇਸ਼ਨ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਿੱਖ-ਸੰਤਵਾਦ ਨੂੰ ਹਮਾਮ 'ਚੋਂ ਬਾਹਰ ਕੱਢ ਕੇ ਸੜਕ 'ਤੇ ਲਿਆ ਖੜ੍ਹਾ ਕਰਦਾ ਹੈ। ਇਹ ਕੀ ਕਾਰਨ ਹੈ ਕਿ ਸੰਤਵਾਦੀ ਅਤੇ ਮਾਇਆਧਾਰੀ ਮੀਡੀਆ, ਸਿੱਖ ਸ਼ਕਲ ਵਿਚ ਗੁਰੂ ਸਿਧਾਂਤ ਦੋਖੀਆਂ ਦੇ ਪੱਖ ਵਿਚ ਖੜ੍ਹ ਕੇ ਕਾਵਾਂਰੌਲੀ ਪਾਉਣ ਲੱਗ ਜਾਂਦਾ ਹੈ। ਸਾਨੂੰ ਇਸ ਕਾਵਾਂਰੌਲੀ ਦੀ ਕੋਈ ਪ੍ਰਵਾਹ ਨਹੀਂ। ਹਾਂ ਸਗੋਂ ਸਾਨੂੰ ਸਾਡੀ ਕੀਤੀ ਗਈ ਇਹ ਬੁਰਾਈ ਇਕ ਚੈਲੰਜ ਪ੍ਰਤੀਤ ਹੁੰਦੀ ਹੈ ਜਿਸ ਨਾਲ ਮਜ਼ਬੂਤੀ ਦਾ ਲੜ ਅਸੀਂ ਹੋਰ ਜੜ੍ਹਾਂ ਵੱਲੋਂ ਫੜ ਲੈਂਦੇ ਹਾਂ।