ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਧਦੀਆਂ ਮਜ਼ਾਰਾਂ, ਵਧਦੇ ਮੇਲੇ...


ਪੰਜਾਬ ਅਤੇ ਸਿੱਖੀ ਤੇ ਚਹੁੰਤਰਫੋਂ ਹਮਲੇ ਸਦੀਆਂ ਤੋਂ ਹੁੰਦੇ ਆਏ ਹਨ ਅਤੇ ਅੱਜ ਵੀ ਜਾਰੀ ਹਨ। ਸਿੱਖ ਧਰਮ ਤੇ ਅੰਦਰੋਂ-ਬਾਹਰ ਹਮਲਿਆਂ ਤੋਂ ਇਲਾਵਾ ਸੱਭਿਆਚਾਰ, ਵਿਰਸੇ ਤੇ ਪੁਰਾਤਨ ਕਦਰਾਂ ਕੀਮਤਾਂ ਨੂੰ ਤਹਿਸ-ਨਹਿਸ ਕਰਨ ਲਈ ਹਮਲੇ ਸਿੱਧੇ ਤੇ ਅਸਿੱਧੇ ਦੋਵਾਂ ਰੂਪਾਂ 'ਚ ਹੋ ਰਹੇ ਹਨ, ਬੌਧਿਕ ਨੀਵੇਂਪਣ ਕਾਰਣ, ਪੰਜਾਬੀ ਇਨ੍ਹਾਂ ਹਮਲਿਆਂ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਗਏ ਹਨ, ਇਸ ਕਾਰਣ ਪੰਜਾਬ 'ਚ ਸਿੱਖੀ ਤੇ ਵਿਰਾਸਤ ਨੂੰ ਖੋਰਾ ਲਾਉਣ ਲਈ ਨਵੇਂ ਨਵੇਂ ਹਮਲੇ ਲਗਾਤਾਰ ਹੋ ਰਹੇ ਹਨ। ਅੱਜ ਪੰਜਾਬ ਦੇ ਪਿੰਡਾਂ 'ਚ ਖੇਡ ਮੇਲਿਆਂ ਤੋਂ ਬਾਅਦ ਪੀਰਾਂ ਦੀਆਂ ਮਜ਼ਾਰਾਂ ਤੇ ਮੇਲਿਆਂ ਦਾ ਰੁਝਾਨ ਸਿਖਰਾਂ ਤੇ ਹੈ। ਥਾਂ-ਥਾਂ, ਪਿੰਡ-ਪਿੰਡ ਪੀਰਾਂ ਦੀਆਂ ਮਜ਼ਾਰਾਂ ਰਾਤੋ ਰਾਤ ਪੈਦਾ ਹੀ ਨਹੀਂ ਹੋਈਆਂ, ਸਗੋਂ ਉਨ੍ਹਾਂ ਦੀ ਮਾਨਤਾ ਹੋਣ ਲੱਗ ਪਈ ਹੈ। ਅੱਜ ਤੋਂ ਦੋ ਦਹਾਕੇ ਪਹਿਲਾ ਤੱਕ ਪੰਜਾਬ ਦੇ ਪਿੰਡਾਂ 'ਚ ਗਿਣਤੀ ਦੀਆਂ ਮਜ਼ਾਰਾਂ, ਸਮਾਧਾਂ ਜਾਂ ਅਜਿਹੀਆਂ ਕਬਰਾਂ ਸਨ, ਜਿਨ੍ਹਾਂ ਦੀ ਪੁਰਾਣੇ ਸਮੇਂ ਤੋਂ ਮਾਨਤਾ ਹੋ ਰਹੀ ਸੀ ਅਤੇ ਉਥੇ ਹਰ ਸਾਲ ਉਸ ਪੀਰ ਫਕੀਰ ਦੀ ਯਾਦ 'ਚ ਮੇਲਾ ਲੱਗਦਾ ਸੀ, ਪ੍ਰੰਤੂ ਅੱਜ ਪਿੰਡ-ਪਿੰਡ ਅਜਿਹੀਆਂ ਮਜ਼ਾਰਾਂ ਦੀ ਭਰਮਾਰ ਹੋ ਗਈ ਹੈ ਅਤੇ ਕਈ ਮਨਘੜਤ ਪੀਰ ਪੈਦਾ ਕਰਕੇ, ਉਨ੍ਹਾਂ ਦੇ ਯਾਦ 'ਚ ਮਜ਼ਾਰਾਂ ਬਣਾ ਕੇ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਆਖ਼ਰ ਸਿੱਖੀ ਦੇ ਵਿਹੜੇ 'ਚ ਇਹ ਮਜ਼ਾਰਾਂ ਰਾਤੋਂ-ਰਾਤ ਪੈਦਾ ਕਿਵੇਂ ਹੋ ਰਹੀਆਂ ਹਨ ਅਤੇ ਆਮ ਲੋਕਾਂ ਖਾਸ ਕਰਕੇ ਦਲਿਤ ਭਾਈਚਾਰੇ ਦਾ ਮੂੰਹ ਇਨ੍ਹਾਂ ਮਜ਼ਾਰਾਂ ਵੱਲ ਕਿਵੇਂ ਮੋੜ ਲਿਆ ਗਿਆ ਹੈ, ਇਹ ਬਹੁਤ ਵੱਡਾ ਪ੍ਰਸ਼ਨ, ਅੱਜ ਸਿੱਖੀ ਦੇ ਦਰਦੀਆਂ ਅੱਗੇ ਖੜਾ ਹੋ ਗਿਆ ਹੈ। ਮਜ਼ਾਰਾਂ ਤੋਂ ਇਲਾਵਾ ਪਿੰਡ-ਪਿੰਡ ਮੰਦਰ, ਖਾਸ ਕਰਕੇ ਉਨ੍ਹਾਂ ਦੇਵੀ-ਦੇਵਤਿਆਂ ਦੇ ਨਾਮ ਵਾਲੇ ਮੰਦਰ, ਜਿਹੜੇ ਰਾਸ਼ੀਆਂ ਵਾਲੇ 12 ਗ੍ਰਹਾਂ ਨੂੰ ਪ੍ਰਭਾਵਿਤ ਕਰਨ ਵਜੋਂ ਪ੍ਰਚਾਰੇ ਜਾਂਦੇ ਹਨ, ਪਿੰਡਾਂ 'ਚ ਸਥਾਪਿਤ ਕੀਤੇ ਜਾ ਰਹੇ ਹਨ, ਪਿੰਡਾਂ 'ਚ ਵੱਧਦੇ ਜਗਰਾਤੇ ਵੀ ਆਮ ਕਰਕੇ ਦਲਿਤ ਵਿਹੜਿਆਂ 'ਚ ਹੁੰਦੇ ਹਨ। ਇਸ ਗੰਭੀਰ ਸਮੱਸਿਆ ਵੱਲ, ਜਿਹੜੀ ਦਿਨੋਂ-ਦਿਨ ਗੰਭੀਰ ਤੋਂ ਗਹਿਰ ਗੰਭੀਰ ਹੁੰਦੀ ਜਾ ਰਹੀ ਹੈ, ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਤੇ ਸੰਸਥਾਵਾਂ ਅੱਖਾਂ ਮੀਚੀ ਬੈਠੀਆਂ ਹਨ। ਸਿੱਖੀ ਦੀ ਜੜ੍ਹ, ਦੱਬੇ ਕੁਚਲੇ, ਗਰੀਬ, ਮਜ਼ਲੂਮ, ਲੋਕ ਸਨ, ਪੰ੍ਰਤੂ ਅੱਜ ਗਰੀਬ ਲੋਕਾਂ ਦੀ ਅਨਪੜ੍ਹਤਾ, ਗਰੀਬੀ ਅਤੇ ਸਿੱਖੀ ਦੇ ਠੇਕੇਦਾਰਾਂ ਦੀ ਹਊਮੈ ਦਾ ਲਾਹਾ ਲੈ ਕੇ, ਸਿੱਖ ਵਿਰੋਧੀ ਸ਼ਕਤੀਆਂ ਉਨ੍ਹਾਂ ਨੂੰ ਸਿੱਖੀ ਨਾਲੋਂ ਤੋੜ ਕੇ, ਡੇਰਿਆਂ ਤੇ ਮਜ਼ਾਰਾਂ ਦੇ ਲੜ ਲਾਉਣ ਲੱਗੀਆਂ ਹੋਈਆਂ ਹਨ। ਹਰ ਮਨੁੱਖ ਨੂੰ ਜਾਤ-ਪਾਤ, ਊਚ-ਨੀਚ, ਅਮੀਰੀ-ਗਰੀਬੀ ਅਤੇ ਲਿੰਗ-ਭੇਦਭਾਵ ਤੋਂ ਬਿਨ੍ਹਾਂ ਬਰਾਬਰੀ ਦਾ ਦਰਜਾ ਦੇਣ ਵਾਲੀ ਸਿੱਖੀ ਤੋਂ ਦੂਰ ਕਰਕੇ, ਮੁੜ ਤੋਂ ਕਰਮਕਾਂਡਾਂ ਤੇ ਪਾਖੰਡਵਾਦ 'ਚ ਅਸਾਨੀ ਨਾਲ ਧੱਕਿਆ ਜਾ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਆਪਣੀਆਂ ਜੜ੍ਹਾਂ ਛੱਡਣ ਦੇ ਦੁੱਖ ਨੂੰ ਨਾਂ ਤਾਂ ਕੋਈ ਫ਼ਿਲਹਾਲ ਮਹਿਸੂਸ ਕਰ ਰਿਹਾ ਹੈ ਅਤੇ ਨਾਂ ਹੀ ਇਸ ਬੱਜ਼ਰ ਗਲਤੀ ਦਾ ਕਿਸੇ ਨੂੰ ਕੋਈ ਅਹਿਸਾਸ ਕਰਵਾਇਆ ਜਾ ਰਿਹਾ ਹੈ। ਭਾਵੇਂ ਸਿੱਖੀ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ, ਪੰ੍ਰਤੂ ਪੰਜਾਬ 'ਚ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਜਿਸ ਤਰ੍ਹਾਂ ਪੀਰਾਂ ਦੀਆਂ ਮਜ਼ਾਰਾਂ ਵੱਲ ਨਵੀਂ ਪੀੜ੍ਹੀ ਨੂੰ ਖਿੱਚਿਆ ਜਾ ਰਿਹਾ ਹੈ, ਇਸ ਪਿੱਛੇ ਕੋਈ ਡੂੰਘੀ ਸਾਜਿਸ਼ ਕੰਮ ਕਰਦੀ ਹੈ ਅਤੇ ਕੌਮ ਦਰਦੀਆਂ ਵਲੋਂ ਇਸ ਸਾਜਿਸ਼ ਦਾ ਭਾਂਡਾ ਫੋੜੇ ਬਿਨ੍ਹਾਂ ਕੁਰਾਹੇ ਪਏ ਨੌਜਵਾਨਾਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ। ਅਸੀਂ ਸਮਝਦੇ ਹਾਂ ਕਿ ਇਨ੍ਹਾਂ ਬਹੁਗਿਣਤੀ ਡੇਰਿਆਂ ਤੇ ਹੁੰਦਾ ਨਸ਼ੇ ਦਾ ਸੇਵਨ ਨਵੀਂ ਪੀੜੀ ਲਈ ਚੁੰਬਕੀ ਖਿੱਚ ਹੈ ਅਤੇ ਦੂਸਰਾ ਜਦੋਂ “ਵੋਟਾਂ ਦੇ ਮੰਗਤੇ”, ਸਾਡੇ ਲੀਡਰ, ਵੋਟ ਲਾਲਚ 'ਚ ਹਰ ਡੇਰੇ, ਮਜ਼ਾਰ, ਸਮਾਧ ਆਦਿ ਤੇ ਲੱਗੇ ਮੇਲਿਆਂ 'ਚ ਸ਼ਿਰਕਤ ਕਰਦੇ ਹਨ, ਉਸ ਦਾ ਪ੍ਰਭਾਵ ਵੀ ਆਮ ਲੋਕਾਂ ਤੇ ਜ਼ਰੂਰ ਪੈਂਦਾ ਹੈ।  ਇਨ੍ਹਾਂ ਮੇਲਿਆਂ 'ਚ ਜਿਸ ਤਰ੍ਹਾਂ ਅਸ਼ਲੀਲਤਾ ਪਰੋਸੀ ਜਾਂਦੀ ਹੈ, ਲਚਰਤਾ ਭਰਪੂਰ ਗਾਣੇ ਤੇ ਨਾਚ ਹੁੰਦੇ ਹਨ, ਨਸ਼ਿਆਂ ਦਾ ਦਰਿਆ ਵੱਗਦਾ ਹੈ, ਉਸ ਨੂੰ ਸੱਭਿਆਚਾਰ ਦਾ ਨਾਮ ਦੇਣਾ, ਸੱਭਿਆਚਾਰ ਨੂੰ ਗੰਦੀ ਗਾਲ੍ਹ ਕੱਢਣ ਵਰਗਾ ਹੈ। ਪੰ੍ਰਤੂ ਆਏ ਦਿਨ ਇਨ੍ਹਾਂ ਮਜ਼ਾਰੀ ਮੇਲਿਆਂ ਦੀ ਗਿਣਤੀ 'ਚ ਵਾਧਾ ਹੋਣ ਦੇ ਬਾਵਜ਼ੂਦ ਕਿਸੇ ਪਾਸੇ ਤੋਂ ਇਸ ਬਾਰੇ ਅਵਾਜ਼ ਨਹੀਂ ਉਠੀ, ਜਿਹੜੀ ਇਸ ਗੱਲ ਦੀ ਪ੍ਰਤੀਕ ਹੈ ਕਿ ਅਸੀਂ ਆਪਣੇ ਧਰਮ, ਵਿਰਸੇ, ਸੱਭਿਆਚਾਰ ਤੇ ਕਦਰਾਂ-ਕੀਮਤਾਂ ਦੇ ਨਾਲ-ਨਾਲ ਜੁਆਨੀ ਦੇ ਤਬਾਹ ਹੋਣ ਨੂੰ ਕੋਈ ਮਹੱਤਵ ਹੀ ਨਹੀਂ ਦੇ ਰਹੇ। 21ਵੀਂ ਸਦੀ 'ਚ ਅਗਿਆਨ ਦਾ ਵੱਧਦਾ ਹਨੇਰਾ, ਬੇਹੱਦ ਹੈਰਾਨੀਜਨਕ ਹੈ, ਇਸ ਲਈ ਮਾੜੇ ਮੋਟੇ ਟਿਮਟਿਮਾਉਂਦੇ ਗਿਆਨ ਦੇ ਦੀਵਿਆਂ ਨੂੰ ਆਪਣੀ ਲੋਅ ਨੂੰ ਇਕੱਠਾ ਕਰਕੇ, ਪਾਖੰਡ ਦੇ ਇਸ ਹਨੇਰੇ ਨੂੰ ਭਜਾਉਣਾ ਹੋਵੇਗਾ ਅਤੇ ਗੁਰੂਆਂ ਦੇ ਨਾਮ ਵੱਸਦੇ ਉਸ ਪੰਜਾਬ ਦੀ ਰਾਖੀ ਕਰਨੀ ਹੋਵੇਗੀ, ਜਿਹੜਾ ਪੰਜਾਬ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੀ ਵਿਰਾਸਤ ਹੈ। ਅਸੀਂ ਜਿਥੇ ਸਰਕਾਰ ਨੂੰ ਇਨ੍ਹਾਂ ਡੇਰਿਆਂ, ਮਜ਼ਾਰਾਂ ਦੀ ਸਕਰੀਨਿੰਗ ਕਰਵਾਉਣ ਦੀ ਅਪੀਲ ਕਰਾਂਗੇ, ਉਥੇ ਨਾਲ ਦੀ ਨਾਲ ਇਨ੍ਹਾਂ ਡੇਰਿਆਂ ਨੂੰ ਹੁੰਦੀ ਆਮਦਨ ਦੇ ਵੇਰਵਿਆਂ ਨੂੰ ਘੋਖਣ ਦੀ ਅਪੀਲ ਵੀ ਕਰਾਂਗੇ। ਅੱਜ ਲੋੜ ਹੈ ਕਿ ਸਿੱਖੀ ਨੂੰ ਅੰਦਰੋਂ-ਬਾਹਰੋਂ ਲੱਗ ਰਹੇ ਖੋਰੇ ਵਿਰੁੱਧ ਹਰ ਪੰਥ ਦਰਦੀ ਜਾਗੇ ਅਤੇ ਆਪੋ ਆਪਣੀ ਸਮਰਥਾ ਅਨੁਸਾਰ ਇਨ੍ਹਾਂ ਸ਼ਕਤੀਆਂ ਦੇ ਟਾਕਰੇ ਲਈ ਤਿਆਰ ਹੋਵੇ।
ਜਸਪਾਲ ਸਿੰਘ ਹੇਰਾਂ