ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਊਹਾਂ ਖੈਰਿ ਸਦਾ ਮੇਰੇ ਭਾਈ


ਗੁਰਮਤਿ ਦੇ ਮਾਰਗ 'ਤੇ ਚੱਲਦਿਆਂ ਰੂਹਾਨੀ ਤੇ ਸੰਸਾਰੀ ਤਜਰਬਿਆਂ ਨਾਲ ਲਬਰੇਜ਼ ਹੋ ਕੇ ਮਨੁੱਖ ਅਕਾਲ ਪੁਰਖ ਦੀ ਸਾਜੀ ਹਰ ਸ਼ੈ, ਉਸਦਾ ਮੰਤਵ ਤੇ ਉਸਦੇ ਹਰ ਪੱਖ ਤੋਂ ਭਲੀ-ਭਾਂਤ ਜਾਣੂ ਹੋਣ ਲੱਗਦਾ ਹੈ। ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅਕਾਲ ਪੁਰਖ ਕੀ ਫੌਜ ਖਾਲਸਾ ਨੂੰ ਸੰਸਾਰ ਸਾਹਮਣੇ ਪਰਗਟ ਕੀਤਾ ਤਾਂ ਉਹਨਾਂ ਖਾਲਸੇ  ਦਾ ਧਰਮ-ਨਾਸ਼, ਕਰਮ-ਨਾਸ਼, ਕੁਲ-ਨਾਸ਼ ਤੇ ਕਿਰਤ ਨਾਸ਼ ਕਰ ਦਿੱਤਾ ਤੇ ਕਿਹਾ ਕਿ ਖਾਲਸਾ ਸਿੱਧੇ ਰੂਪ ਵਿਚ ਅਕਾਲ ਪੁਰਖ ਦੇ ਅਨੁਸਾਰੀ ਹੋਵੇਗਾ ਤੇ ਅਕਾਲ ਪੁਰਖ ਵਲੋਂ ਸਾਜੀ ਖਲਕਤ ਨੂੰ ਨਾ ਸਿਰਫ ਸੱਚ ਦੇ ਮਾਰਗ ਬਾਰੇ ਦੱਸੇਗਾ ਸਗੋਂ ਉਸ ਤੋਂ ਪਹਿਲਾਂ ਉਸ ਮਾਰਗ ਉੱਤੇ ਆਪ ਚੱਲਣ ਦੀ ਜ਼ਿੰਮੇਵਾਰੀ ਆਇਦ ਕੀਤੀ। ਗੁਰੂ ਸਾਹਿਬ ਜਦੋਂ ਇਹ ਸਭ ਖਾਲਸੇ ਨੂੰ ਦਰਸਾ ਰਹੇ ਸਨ ਤਾਂ ਉਹ ਆਪ ਵੀ ਇਸ ਸੱਚ ਦੇ ਮਾਰਗ ਉੱਤੇ ਪਿਛਲੇ ਨੌ ਜਾਮਿਆਂ ਵਿਚ ਚੱਲਦੇ ਰਹੇ ਸਨ ਤੇ ਦਸਵੇਂ ਜਾਮੇ ਵਿਚ ਉਹਨਾਂ ਨੇ ਖਾਲਸਾ ਪਰਗਟ ਕਰਨ ਤੋਂ ਬਾਅਦ ਪੰਜਾਂ ਪਿਆਰਿਆਂ ਨੂੰ ਆਪ ਵੀ ਸੱਚ ਲਈ ਆਪਣੇ ਸਰਬੰਸ ਨੂੰ ਵਾਰਨ ਦਾ ਅਹਿਦ ਕੀਤਾ ਤੇ ਆਪਣੇ ਨਾਦੀ ਪੁੱਤਰ ਖਾਲਸੇ ਨੂੰ ਆਪਣੇ ਬਿੰਦੀ ਪੁੱਤਰਾਂ ਤੋਂ ਵੀ ਵੱਧ ਪਿਆਰ ਦਿੱਤਾ ਤੇ ਚਮਕੌਰ ਦੀ ਗੜ੍ਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੀ ਦੇਹ ਉਪਰ ਖੱਫਣ ਨਾ ਪਾ ਕੇ ਦਰਸਾ ਦਿੱਤਾ ਕਿ ਮੇਰੇ ਲਈ ਚਾਰ ਤੇ ਹਜ਼ਾਰ ਇਕ ਸਮਾਨ ਹਨ।
ਖਾਲਸੇ ਦਾ ਸਬੰਧ ਅਕਾਲ ਪੁਰਖ ਨਾਲ ਸਿੱਧਾ ਹੋਣ ਦੇ ਕਾਰਨ ਉਸਦਾ ਵੀ ਸਬੰਧ ਸਿੱਧੇ ਰੂਪ ਵਿਚ ਹਰ ਉਸ ਥਾਂ ਨਾਲ ਹੈ ਜਿੱਥੇ ਅਕਾਲ ਪੁਰਖ ਦੀ ਖਲਕਤ ਵਸਦੀ ਹੈ, ਖਾਲਸਾ ਕਿਸੇ ਖਾਸ ਥਾਂ, ਵਸੋਂ ਜਾਂ ਇਲਾਕੇ ਵਿਚ ਸੀਮਤ ਨਹੀਂ ਹੋ ਸਕਦਾ। ਖਾਲਸਾ ਅਕਾਲ ਪੁਰਖ ਦੀਆਂ ਡੂੰਘੀਆਂ ਰਮਜਾਂ ਦਾ ਸਭ ਤੋਂ ਨੇੜਲਾ ਗਵਾਹ ਹੈ, ਉਸਨੂੰ ਅਕਾਲ ਪੁਰਖ ਨੇ ਆਪ ਹੀ ਸੋਝੀ ਬਖਸ਼ੀ ਹੈ ਕਿਉਂਕਿ ਖਾਲਸਾ ਆਪਣੇ ਲਈ ਨਹੀਂ ਸਗੋਂ ਅਕਾਲ ਪੁਰਖ ਦੀ ਸਾਜੀ ਕਾਇਨਾਤ ਲਈ ਸਵਾਸ-ਸਵਾਸ ਬੰਦਗੀ ਕਰਦਾ ਹੈ। ਖਾਲਸਾ ਗਿਣਤੀਆਂ-ਮਿਣਤੀਆਂ ਦੇ ਪ੍ਰਭਾਵ ਤੋਂ ਵੀ ਮੁਕਤ ਹੈ ਕਿਉਂਕਿ ਗਿਣਤੀਆਂ-ਮਿਣਤੀਆਂ ਅਕਾਲ ਪੁਰਖ ਦੀ ਦੋਮ ਰਚਨਾ ਹੈ ਤੇ ਖਾਲਸਾ ਤਾਂ ਅੱਵਲ ਹੈ।
ਮਨੁੱਖ ਨੇ ਆਪਣੀ ਸਹੂਲਤ ਲਈ ਧਰਤੀ ਨੂੰ ਕਈ ਭਾਗਾਂ ਵਿਚ ਵੰਡ ਲਿਆ ਤੇ ਇਸ ਵਿਚ ਲਕੀਰਾਂ ਖਿੱਚ ਲਈਆਂ ਤੇ ਦਵੈਸ਼ ਦੇ ਅਧੀਨ ਹੋ ਕੇ ਆਪਸ ਵਿਚ ਲੜ੍ਹਨ ਲੱਗ ਪਿਆ। ਖਾਲਸੇ ਨੇ ਸਰਬਤ ਦੇ ਭਲੇ ਲਈ ਦੇਗ ਅਤੇ ਤੇਗ ਦੋਵਾਂ ਨੂੰ ਫਤਹਿ ਕੀਤਾ। ਖਾਲਸੇ ਦੀ ਤੇਗ ਵੀ ਦੇਗ ਵਾਂਗ ਸੇਵਾ ਲਈ ਹੀ ਚੱਲਦੀ ਹੈ। ਜ਼ਾਲਮ ਹਮੇਸ਼ਾ ਖਾਲਸੇ ਦੇ ਭੈਅ ਅਧੀਨ ਰਹਿੰਦਾ ਹੈ ਕਿਉਂਕਿ ਖਾਲਸਾ ਜਿੱਥੇ ਨਿਰਵੈਰ ਹੈ ਉੱਥੇ ਨਿਰਭਓ ਵੀ ਹੈ, ਖਾਲਸਾ ਨਾ ਕਿਸੇ ਨੂੰ ਭੈਅ ਦਿੰਦਾ ਹੈ ਅਤੇ ਨਾ ਹੀ ਕਿਸੇ ਹੋਰ ਦਾ ਭੈਅ ਮੰਨਕੇ ਡਰਦਾ ਹੈ, ਉਹ ਕੇਵਲ ਅਕਾਲ ਪੁਰਖ ਦੇ ਭੈਅ-ਭਾਓ ਵਿਚ ਹੀ ਹੈ ਕਿਉਂਕਿ ਅਕਾਲ ਪੁਰਖ ਆਨ ਨਹੀਂ ਹੈ ਉਹ ਤਾਂ ਆਪਣਾ ਹੈ, ਭਾਵ ਕਿ ਖਾਲਸਾ ਆਪਣੇ, ਜੋ ਅਕਾਲ ਪੁਰਖ ਦੇ ਹੋ ਗਏ ਹਨ, ਉਹ ਆਪਣੇ ਜੋ ਅਕਾਲ ਪੁਰਖ ਦੀ ਖਲਕਤ ਦੇ ਹੋ ਗਏ ਹਨ ਉਹਨਾਂ ਦਾ ਤੇ ਉਹਨਾਂ ਲਈ ਹੈ।
ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਨੁੱਖਤਾ ਦੇ ਮਾਰਗ ਦਰਸ਼ਕ ਹਨ, ਜਗਤ ਗੁਰੂ ਹਨ, ਇਸ ਵਿਚ ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਰ ਪੱਖ ਤੋਂ ਸੇਧ ਮਿਲਦੀ ਹੈ। ਖਾਲਸੇ ਵਾਂਗ ਹੀ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਵੀ ਸਰਵ-ਵਿਆਪਕ, ਸਰਵ-ਕਾਲੀ ਤੇ ਅਕਾਲ ਪੁਰਖ ਦੀ ਸਾਜੀ ਖਲਕਤ ਦੇ ਹਰੇਕ ਜੀਵ ਲਈ ਮਾਰਗ ਦਰਸ਼ਕ ਹੈ। ਗੁਰਬਾਣੀ ਨੂੰ ਕਿਸੇ ਖਾਸ ਖਿੱਤੇ, ਖਾਸ ਵਰਗ ਜਾਂ ਵਸੋਂ ਲਈ ਸੀਮਤ ਕਰਨਾ ਗੁਰਬਾਣੀ ਦੀ ਬੇਅਦਬੀ ਹੈ।
ਅਜੋਕੇ ਸਮੇਂ ਵਿਚ ਦੁਨੀਆਂ ਵਿਚ ਮੁੱਖ ਰੂਪ ਵਿਚ ਦੋ ਤਰ੍ਹਾਂ ਦਾ ਰਾਜ-ਪ੍ਰਬੰਧ ਚੱਲ ਰਿਹਾ ਹੈ। ਇਕ ਪਿਤਾ-ਪੁਰਖੀ ਤਾਨਾਸ਼ਾਹੀ ਅਤੇ ਦੂਜਾ ਲੋਕਾਂ ਦੁਆਰਾ ਵੋਟਾਂ ਪਾ ਕੇ ਲੋਕਤੰਤਰ। ਕੀ ਤਾਨਾਸ਼ਾਹੀ ਰਾਜ-ਪ੍ਰਬੰਧ ਵਿਚ ਸਾਰੇ ਦੁਖੀ ਹਨ ਜਾਂ ਲੋਕਤੰਤਰ ਵਿਚ ਸਾਰੇ ਸੁਖੀ ਹਨ। ਦੇਖੋ ਅਰਬ ਮੁਲਕਾਂ ਵਿਚ ਤਾਨਾਸ਼ਾਹੀ ਰਾਜ-ਪ੍ਰਬੰਧ ਹੈ ਪਰ ਉਥੋਂ ਦੇ ਲੋਕ ਕਈ ਲੋਕਤੰਤਰੀ ਮੁਲਕਾਂ ਨਾਲੋਂ ਜ਼ਿਆਦਾ ਸੁਖੀ ਹਨ। ਭਾਰਤ ਵਰਗਾ  ਲੋਕਤੰਤਰ ਜੋ ਕਿ ਅੰਗਰੇਜ਼ੀ ਰਾਜ-ਪ੍ਰਬੰਧ ਤੋਂ ਪਹਿਲਾਂ ਵੱਖ-ਵੱਖ ਰਿਆਸਤਾਂ ਵਿਚ ਵੰਡਿਆ ਹੋਇਆ ਸੀ, ਦੀ ਅਜੋਕੀ ਹਾਲਤ ਰਿਆਸਤੀ ਜਾਂ ਅੰਗਰੇਜ਼ੀ ਰਾਜ-ਪ੍ਰਬੰਧ ਨਾਲੋਂ ਨਿਘਰਦੀ ਜਾ ਰਹੀ ਹੈ।
ਆਓ! ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰਨ ਦਾ ਯਤਨ ਕਰੀਏ ਕਿ ਰਾਜ-ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਲੋਕ ਸੁਖੀ ਵਸ ਸਕਣ।
ਗੁਰਬਾਣੀ ਦੇ ਮੁਤਾਬਕ ਅਜਿਹੇ ਰਾਜ ਦੀ ਕੋਈ ਲੋੜ ਨਹੀਂ ਜੋ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਮੁਕਾ ਨੇ ਤ੍ਰਿਪਤੀ ਨਹੀਂ ਬਖਸ਼ਦਾ। ਫੁਰਮਾਣ ਹੈ :
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ£ (745)
ਅਸਲ ਵਿਚ ਗੁਰਬਾਣੀ ਸਾਨੂੰ ਜ਼ਿੰਦਗੀ ਦੇ ਹਰ ਪੱਖ ਤੋਂ ਸੇਧ ਬਖਸ਼ਦੀ ਹੈ ਅਤੇ ਰਾਜ ਪ੍ਰਬੰਧ ਬਾਰੇ ਤਾਂ ਬਹੁਤ ਹੀ ਸਪੱਸ਼ਟ ਹੈ ਕਿ ਰਾਜ ਪ੍ਰਬੰਧ ਐਸਾ ਹਲੇਮੀ ਵਾਲਾ ਹੋਣਾ ਚਾਹੀਦਾ ਹੈ ਕਿ ਸਭ ਪਾਸੇ ਸੁਖ ਵਰਤੇ :
ਹੁਣਿ ਹੁਕਮੁ ਹੋਆ ਮਿਹਰਵਾਣ ਦਾ£ ਪੈ ਕੋਇ ਨ ਕਿਸੈ ਰਞਾਣਦਾ£
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ£ (74)
ਜੋ ਰਾਜ ਲੋਭੀਆਂ ਵਲੋਂ ਮਾਇਆ ਤੇ ਹੋਰ ਐਸ਼-ਇਸ਼ਰਤ ਦੇ ਸਾਧਨਾਂ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਤਾਂ ਉਹ ਰਾਜ ਝੂਠਾ ਹੈ :
ਰਾਜ ਮਾਲੁ ਝੂਠੀ ਸਭ ਮਾਇਆ£ ਲੋਭੀ ਨਰ ਰਹੇ ਲਪਟਾਇ£
(ਅੰਗ 1155)
ਰਾਜ, ਪ੍ਰਧਾਨਗੀਆਂ ਤੇ ਫੁਰਮਾਇਸਾਂ ਦੀ ਪੂਰਤੀ ਨਾਲ ਕਦੇ ਵੀ ਮਨ ਨੂੰ ਤਸੱਲੀ ਨਹੀਂ ਮਿਲਦੀ ਅਤੇ ਨਾ ਹੀ ਦੁਨਿਆਵੀਂ ਪਦਾਰਥਾਂ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ। ਫੁਰਮਾਣ ਹੈ :
ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ £
ਮਨੁ ਨਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ£ (ਅੰਗ 373)
ਗੁਰਬਾਣੀ ਦਾ ਫੁਰਮਾਣ ਹੈ ਕਿ ਰਾਜ ਪ੍ਰਬੰਧ ਵਿਚ ਅਨਰਥ ਢੰਗਾਂ ਨਾਲ ਪ੍ਰਾਪਤ ਕੀਤੀ ਮਾਇਆ ਜੋੜ-ਜੋੜ ਕੇ ਰੱਖਣ ਵਾਲਿਆਂ ਦੇ ਉਹ ਮਾਇਆ ਕੰਮ ਨਹੀਂ ਆਉਂਦੀ ਸਗੋਂ ਉਹ ਮਾਇਆ ਹੀ ਉਸੇ ਵਿਨਾਸ਼ ਦਾ ਕਾਰਨ ਬਣਦੀ ਜਾਂਦੀ ਹੈ ਅਤੇ ਅਕਾਲ ਪੁਰਖ ਉਹ ਮਾਇਆ ਹੋਰਾਂ ਨੂੰ ਦੇ ਦਿੰਦਾ ਹੈ। ਫੁਰਮਾਣ ਹੈ:
ਭੂਪਤਿ ਹੋਇ ਕੈ ਰਾਜੁ ਕਮਾਇਆ£ ਕਰਿ ਕਰਿ ਅਨਰਥ ਵਿਹਾਝੀ ਮਾਇਆ£
ਸੰਚਤ ਸੰਚਤ ਥੈਲੀ ਕੀਨ੍ਰੀ£ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਰੀ£ (ਅੰਗ 391-392)
ਇਤਿਹਾਸ ਗਵਾਹ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੇ ਸਰਹੰਦ ਦੇ ਨਵਾਬ ਕੋਲ ਅਤਾਹ ਮਾਇਆ ਸੀ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ-ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖਵਕਾਈ ਤਾਂ ਉਸ ਵਲੋਂ ਲੋਕਾਂ ਦਾ ਖੂਨ ਚੂਸ ਕੇ ਇਕੱਤਰ ਕੀਤੀ ਮਾਇਆ ਸਿੰਘਾਂ ਦੇ ਕੰਮ ਆਈ।
ਗੁਰਬਾਣੀ ਨੇ ਜਿੱਥੇ ਮਾਇਆ, ਕਾਮ-ਕਰੋਧ-ਲੋਭ-ਮੋਹ-ਹੰਕਾਰ ਵਿਕਾਰਾਂ ਦੀ ਪੂਰਤੀ, ਤੇ ਲੋਕ ਸੇਵਾ ਤੋਂ ਹੀਣੇ ਰਾਜ ਪ੍ਰਬੰਧ ਨੂੰ ਭੰਡਿਆ ਹੈ ਉੱਥੇ ਅਜਿਹੇ ਰਾਜ ਤੋਂ ਬਿਨਾਂ ਹੀ ਵਸਣ ਵਾਲੀ ਲੀਹ ਵੀ ਪਾਈ ਹੈ। ਫੁਰਮਾਣ ਹੈ :
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ£ (ਅੰਗ 534)
ਗੁਰਮਤਿ ਵਿਚ ਰਾਜ ਕਰਨ ਨਾਲੋਂ ਸੇਵਾ ਨੂੰ ਮਹਾਨ ਕਿਹਾ ਹੈ ਜਿਸ ਨਾਲ ਤ੍ਰਿਸ਼ਨਾ ਤੋਂ ਮੁਕਤੀ, ਦੁਬਿਧਾਵਾਂ ਦਾ ਅੰਤ ਤੇ ਅਕਾਲ ਪੁਰਖ ਦੀ ਪ੍ਰਤੀਤੀ ਪ੍ਰਾਪਤ ਹੁੰਦੀ ਹੈ। ਗੁਰਮਤਿ ਵਿਚ ਅਜਿਹੇ ਰਾਜ ਨੂੰ ਅਗਨੀ ਵਿਚ ਸਾੜ ਦੇਣਾ ਚਾਹੀਦਾ ਹੈ ਜੋ ਮਨੁੱਖ ਨੂੰ ਨਿਹਾਲ ਹੋਣ ਦੀ ਅਵਸਥਾ ਵਿਚ ਨਹੀਂ ਪਹੁੰਚਣ ਦਿੰਦਾ। ਫੁਰਮਾਣ ਹੈ :
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ£
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ£
(ਅੰਗ 811)
ਗੁਰਬਾਣੀ ਮੁਤਾਬਕ ਰਾਜ ਕਰਨਾ ਮਾੜਾ ਨਹੀਂ ਸਗੋਂ ਰਾਜ ਦਾ ਅਭਿਮਾਨ ਮਾੜਾ ਹੈ ਅਤੇ ਉਸ ਅਭਿਮਾਨ ਅਧੀਨ ਹੋ ਕੇ ਕੀਤੀਆਂ ਕਾਰਵਾਈਆਂ ਜਿੱਥੇ ਖਲਕਤ ਦੇ ਭਲੇ ਵਿਚ ਨਹੀਂ ਹੁੰਦੀਆਂ ਉੱਥੇ ਰਾਜ-ਅਭਿਮਾਨੀਆਂ ਕੁੱਤੇ ਦਾ ਦਰਜਾ ਦੇ ਕੇ ਨਰਕਾਂ ਦੇ ਰਾਹ ਤੋਰਦੀਆਂ ਹਨ। ਫੁਰਮਾਣ ਹੈ :
ਜਿਸ ਕੈ ਅੰਤਰਿ ਰਾਜ ਅਭਿਮਾਨੁ£ ਸੋ ਨਰਕਪਾਤੀ ਹੋਵਤ ਸੁਆਨੁ£ (ਅੰਗ 278)
ਉਸੇ ਰਾਜ ਨੂੰ ਸਥਿਰ ਤੇ ਸੱਚਾ ਕਿਹਾ ਹੈ ਜੋ ਖਲਕਤ ਦੀ ਸੇਵਾ ਬਿਨਾਂ ਸੁਆਰਥ ਦੇ ਕਰਨ ਦਾ ਕਾਰਨ ਬਣੇ। ਫੁਰਮਾਣ ਹੈ :
ਸੁਆਰਥੁ  ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ£
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ£
(ਅੰਗ 70)
ਅਜਿਹੇ ਗੁਰਸਿੱਖਾਂ ਨੂੰ ਸੱਚੇ ਰਾਜੇ ਕਿਹਾ ਹੈ ਜੋ ਗੁਰਮਤਿ ਦੁਆਰਾ ਦਰਸਾਏ ਸਰਬਤ ਦੇ ਭਲੇ ਦੇ ਸਿਧਾਂਤਾਂ ਨੂੰ ਲਾਗੂ ਕਰਨ ਲਈ ਸੱਚ ਦੀ ਪਛਾਣ ਕਰ ਲਈ ਹ। ਫੁਰਮਾਣ ਹੈ:
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ£ (ਅੰਗ 1088)
ਸੱਚੇ ਰਾਜ ਦਾ ਤਸੱਵਰ ਗੁਰੂ ਗੰ੍ਰਥ ਸਾਹਿਬ ਜੀ ਵਿਚ ਭਗਤ ਰਵਿਦਾਸ ਜੀ ਨੇ ਦਰਸਾਇਆ ਹੈ ਜਿੱਥੇ ਕੋਈ ਧੱਕਾ, ਅਨਿਆਂ, ਤਕਲੀਫ, ਦੋਹਰੇ-ਮਾਪਢੰਡ ਨਹੀਂ ਸਗੋਂ ਇਕ ਅਕਾਲ ਪੁਰਖ ਦੀ ਸੱਤਾ ਅਧੀਨ ਸਭ ਸੁਖੀ ਵਸਦੇ ਹਨ। ਫੁਰਮਾਣ ਹੈ :
ਬੇਗਮ ਪੁਰਾ ਸਹਰ ਕੋ ਨਾਉ£ ਦੂਖੁ ਅੰਦੋਹੁ ਨਹੀ ਤਿਹਿ ਠਾਉ£
ਨਾ ਤਸਵੀਸ ਖਿਰਾਜੁ ਨ ਮਾਲੁ£ ਖਉਫੁ ਨ ਖਤਾ ਨ ਤਰਸੁ ਜਵਾਲੁ£ 1£
ਅਬ ਮੋਹਿ ਖੂਬ ਵਤਨ ਗਹ ਪਾਈ£ ਊਹਾਂ ਖੈਰਿ ਸਦਾ ਮੇਰੇ ਭਾਈ£ 1£ ਰਹਾਉ£
ਕਾਇਮੁ ਦਾਇਮੁ ਸਦਾ ਪਾਤਿਸਾਹੀ£ ਦੋਮ ਨ ਸੇਮ ਏਕ ਸੋ ਆਹੀ£
ਆਬਾਦਾਨੁ ਸਦਾ ਮਸਹੂਰ£ ਊਹਾਂ ਗਨੀ ਬਸਹਿ ਮਾਮੂਰ£ 2£
ਤਿਉ ਤਿਉ ਸੈਲ ਕਰਹਿ ਜਿਉ ਭਾਵੈ£ ਮਹਰਮ ਮਹਲ ਨ ਕੋ ਅਟਕਾਵੈ£
ਕਹਿ ਰਵਿਦਾਸ ਖਲਾਸ ਚਮਾਰਾ£ ਜੋ ਹਮ ਸਹਰੀ ਸੁ ਮੀਤੁ ਹਮਾਰਾ£ 3£ (ਅੰਗ 345)
ਤਾਂ ਆਓ ਫਿਰ ਆਪਾਂ ਗੁਰਬਾਣੀ ਦੇ ਇਨ੍ਹਾਂ ਫੁਰਮਾਣਾਂ ਦੀ ਰੋਸ਼ਨੀ ਵਿਚ ਵੀਚਾਰੀਏ ਕਿ ਜਿਸ ਰਾਜ-ਪ੍ਰਬੰਧ ਵਿਚ ਅਸੀਂ ਰਹਿ ਰਹੇ ਹਾਂ ਕੀ ਉਹ ਗੁਰੂ ਗੰ੍ਰਥ ਸਾਹਿਬ ਜੀ ਦੁਆਰਾ ਦਰਸਾਏ ਸਿਧਾਂਤਾਂ ਮੁਤਾਬਕ ਹੈ ਜਾਂ ਨਹੀਂ। ਕੀ ਇੱਥੇ ਸਭ ਨੂੰ ਨਿਆਂ ਮਿਲ ਰਿਹਾ ਹੈ? ਕੀ ਖਲਕਤ ਸੁਖੀ ਵਸ ਰਹੀ ਹੈ? ਕੀ ਲਾਗੂ ਕੀਤੇ ਜਾਂਦੇ ਕਾਨੂੰਨ ਸਭ ਲਈ ਇਕ ਸਮਾਨ ਹਨ? ਕੀ ਸਿੱਖਿਆ ਤੇ ਸਿਹਤ ਸਹੂਲਤਾਂ ਸਭ ਨੂੰ ਇਕਸਮਾਨ ਪ੍ਰਾਪਤ ਹੋ ਰਹੀਆਂ ਹਨ? ਕੀ ਹੱਕਦਾਰ ਨੂੰ ਉਸਦਾ ਹੱਕ ਮਿਲ ਰਿਹਾ ਹੈ? ਹਰੇਕ ਦਾਨਸ਼ਮੰਦ ਵਿਅਕਤੀ ਇਹਨਾਂ ਸਭ ਸਵਾਲਾਂ ਦਾ ਜੁਆਬ ਨਾਂਹ ਵਿਚ ਦੇਵੇਗਾ। ਤਾਂ ਫਿਰ ਆਪਾਂ ਅਜਿਹੇ ਰਾਜ-ਪ੍ਰਬੰਧ ਵਿਚ ਕਿਉਂ ਰਹਿ ਰਹੇ ਹਾਂ, ਇਸ ਖਿਲਾਫ਼ ਜੇਕਰ ਵਿਦਰੋਹ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਦਾ ਵਿਰੋਧ ਤਾਂ ਕਰੀਏ। ਅਤੇ ਜੇਕਰ ਅਸੀਂ ਅਕਾਲ ਪੁਰਖ ਦੀ ਸਰਵ-ਵਿਆਪੀ ਸੱਤਾ ਦੇ ਖਾਲਸੇ ਹਾਂ ਤਾਂ ਫਿਰ ਤਾਂ ਸਾਡਾ ਫਰਜ਼ ਬਣਦਾ ਹੈ ਕਿ ਗੁਰਮਤਿ ਸਿਧਾਂਤਾਂ ਮੁਤਾਬਕ ਹਲੇਮੀ ਰਾਜ ਦੀ ਸਥਾਪਤੀ ਲਈ ਲਾਮਬੱਧ ਹੋਈਏ ਤਾਂ ਜੋ ਸਥਾਪਤ ਕੂੜ ਪ੍ਰਬੰਧਾਂ ਵਿਚ ਤਪਦੀ ਲੋਕਾਈ ਨੂੰ ਠਾਰਿਆ ਜਾ ਸਕੇ।
- ਜਸਪਾਲ ਸਿੰਘ ਮੰਝਪੁਰ
98554-01843