ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'84 ਭੁੱਲ ਜਾਣ ਦਾ ਭਾਸ਼ਣ ਦੇਣ ਵਾਲਿਆਂ ਨੂੰ ਸੁਨੇਹਾ


ਇਕ ਪਾਸੇ ਜ਼ੁਲਮ ਨੂੰ 'ਭੁੱਲ ਜਾਣ ਦੀ' ਨਸੀਹਤ ਦਿੱਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਜ਼ੁਲਮ ਨੂੰ ਯਾਦ ਰੱਖਣ ਦਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਅਸਲ ਵਿਚ ਦੋਵਾਂ ਧਿਰਾਂ ਦੇ ਮਨ ਸਾਫ਼ ਨਹੀਂ ਹਨ ਅਤੇ ਦੋਵਾਂ ਦੀ ਨਸੀਹਤ ਵਿਚ ਬੇਈਮਾਨੀ ਵਿਚ ਰੰਗੀ ਹੋਈ ਸਿਆਸਤ ਹੈ। ਇਸ ਸਿਆਸਤ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਕੀਤੀ ਗਈ। ਉਸ ਨੇ ਸਿੱਖਾਂ ਨੂੰ ਸਲਾਹ ਦਿੱਤੀ ਕਿ ਉਹ 1984 ਦੇ ਦਰਦਨਾਕ ਸਾਕੇ ਨੂੰ ਭੁਲਾ ਕੇ ਇਤਿਹਾਸ ਵਿਚ ਅੱਗੇ ਵੱਲ ਆਪਣੇ ਕਦਮ ਪੁੱਟੇ। ਦੂਜੇ ਪਾਸੇ ਅਕਾਲੀ ਸਿਆਸਤ ਨੇ ਤੁਰਤ ਫੁਰਤ ਇਸ ਦਾ ਮੋੜਵਾਂ ਜਵਾਬ ਦਿੰਦਿਆਂ ਸਿੱਖਾਂ ਨੂੰ ਸਲਾਹ ਦਿੱਤੀ ਕਿ ਉਹ ਇਹਨਾਂ ਸਾਕਿਆਂ ਨੂੰ ਸਦਾ ਯਾਦ ਰੱਖਣ। ਜੇ ਤੁਹਾਨੂੰ ਸਿਆਸਤ ਦੇ ਡੂੰਘੇ ਪਾਣੀਆਂ ਵਿਚ ਗੋਤਾ ਲਾਉਣ ਦਾ ਸ਼ੌਕ ਵੀ ਹੈ ਅਤੇ ਜਗਿਆਸਾ ਵੀ ਹੈ ਅਤੇ ਜੇਕਰ ਗੁਰਬਾਣੀ ਦਾ ਇਹ ਫੁਰਮਾਨ, 'ਜੇ ਕੋ ਡੂਬੈ ਫਿਰ ਹੋਵੈ ਸਾਰਿ' ਤੁਹਾਡੇ ਦਿਲਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ ਤਾਂ ਤੁਸੀਂ ਬੁੱਝ ਲਵੋਗੇ ਕਿ ਦੋਵੇਂ ਹੀ ਰੂਹਾਨੀ ਸਾਦਗੀ ਅਤੇ ਮਾਸੂਮੀਅਤ ਵਿਚ ਵਿਚਰਦੀ ਇਕ ਕੌਮ ਨਾਲ ਠੱਗੀ ਕਰ ਰਹੇ ਹਨ। ਜਦੋਂ ਅਕਾਲੀ ਲੀਡਰਸ਼ਿਪ 1984 ਦੇ ਸਾਕਿਆਂ ਨੂੰ ਯਾਦ ਰੱਖਣ ਦਾ ਪ੍ਰਚਾਰ ਕਰ ਰਹੀ ਹੁੰਦੀ ਹੈ ਤਾਂ ਇਸ ਨਾਲ ਉਨ੍ਹਾਂ ਦੀ ਵੋਟ ਸੰਦੂਕੜੀ ਵਿਚ ਵੋਟਾਂ ਦੀ ਗਿਣਤੀ ਵਧ ਜਾਂਦੀ ਹੈ। ਜਦੋਂ ਕਾਂਗਰਸੀ ਭੁੱਲ ਜਾਣ ਦੀ ਸਲਾਹ ਦਿੰਦੇ ਹਨ ਤਾਂ ਉਹਨਾਂ ਨੂੰ ਸਿੱਖ ਵੋਟਾਂ ਦੇ ਖੁਸ ਜਾਣ ਦਾ ਡਰ ਹੁੰਦਾ ਹੈ। ਬਸ ਇਥੇ ਸਵਾਰਥ ਨਾਲ ਦੋਵੇਂ ਧਿਰਾਂ ਜੁੜੀਆਂ ਹੋਈਆਂ ਹਨ। ਸੱਚ ਤਾਂ ਇਹੋ ਹੈ ਪਈ ਇਮਾਨਦਾਰੀ ਅਤੇ ਸੰਜੀਦਗੀ ਦਾ ਇਤਿਹਾਸ ਦੋਵਾਂ ਧਿਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਾ ਹੈ। ਦੋਵਾਂ ਧਿਰਾਂ ਨੂੰ ਜੁਆਬਦੇਹ ਬਣਾਉਂਦਾ ਹੈ ਅਤੇ ਦੋਵਾਂ ਧਿਰਾਂ ਕੋਲ ਕੁਝ ਸਵਾਲਾਂ ਦੇ ਜੁਆਬ ਨਹੀਂ ਹਨ ਜਿਹੜੇ ਉਹਨਾਂ ਨੂੰ ਇਸ ਸਮੇਂ ਅਣਸੁਖਾਵੇਂ ਲੱਗਦੇ ਹਨ। ਜੂਨ 1984, ਨਵੰਬਰ 1984, ਅਪਰੇਸ਼ਨ ਵੁਡਰੇਜ਼ ਵਿਚ ਸ਼ਹੀਦ ਹੋਏ ਤੇ ਜ਼ਖਮੀ ਹੋਏ ਸਿੰਘਾਂ ਅਤੇ ਧਰਮੀ ਫੌਜੀਆਂ ਦੀ ਕੋਈ ਭਰੋਸੇਯੋਗ ਸੂਚੀ ਅਕਾਲੀ ਸਰਕਾਰ ਨੇ ਤਿਆਰ ਕਰਨ ਦਾ ਕਦੇ ਮਨ ਬਣਾਇਆ? ਇਸ ਕੰਮ ਵਿਚ ਕਦੇ ਉਹਨਾਂ ਨੇ ਗੰਭੀਰ ਖੋਜ ਕਰਨ ਦੀ ਕੋਸ਼ਿਸ਼ ਕੀਤੀ? ਜਾਂ ਕੀ ਸਿੱਖਾਂ ਦੀ ਆਪਣੀ ਪਾਰਟੀ ਅਕਾਲੀ ਦਲ ਨੇ ਇਸ ਦਿਸ਼ਾ ਵਿਚ ਕੋਈ ਠੋਸ ਕਦਮ ਚੁੱਕਿਆ? ਸ਼ਹੀਦਾਂ ਦੇ ਪਰਿਵਾਰ ਨੂੰ ਜੋ ਵੀ ਮਾਇਕ ਸਹਾਇਤਾ ਤੇ ਪੈਨਸ਼ਨਾਂ ਦਿੱਤੀਆਂ ਕੀ ਇਸ ਬਾਰੇ ਸੰਗਤਾਂ ਨੂੰ ਕੋਈ ਜਾਣਕਾਰੀ ਦਿੱਤੀ? 27 ਸਾਲ ਲੰਘ ਜਾਣ ਪਿੱਛੋਂ ਵੀ ਇਸ ਦਿਸ਼ਾ ਵਿਚ ਗੋਹੜੇ ਵਿਚੋਂ ਪੂਣੀ ਨਹੀਂ ਕੱਤੀ ਗਈ ਅਤੇ ਕੱਤੇ ਜਾਣ ਦੀ ਵੀ ਕੋਈ ਉਮੀਦ ਨਹੀਂ। ਜਿਹੜੀ ਸਰਕਾਰ ਅਕਾਲ ਤਖ਼ਤ ਵਰਗੀ ਸਰਬਉੱਚ ਸੰਸਥਾ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਜਾਂਚ ਰਿਪੋਰਟ ਹੀ ਜਾਰੀ ਕਰਨ ਤੋਂ ਘਬਰਾਉਂਦੀ ਹੈ ਅਤੇ ਟਾਲਾ ਵੱਟਦੀ ਹੈ, ਉਹ ਜਦੋਂ ਦਰਦਨਾਕ ਸਾਕਿਆਂ ਨੂੰ ਯਾਦ ਰੱਖਣ ਦੀ ਸਲਾਹ ਦਿੰਦੀ ਹੈ ਤਾਂ ਇਹਨਾਂ ਸਲਾਹਾਂ ਪਿੱਛੇ ਲੁਕੇ ਇਰਾਦੇ ਅੱਜ ਦੀ ਤਰੀਕ ਵਿਚ ਭਾਵੇਂ ਲੁਕੇ ਰਹਿਣ ਪਰ ਇਹ ਮੌਜ ਬਹਾਰਾਂ ਸਦਾ ਨਹੀਂ ਰਹਿਣਗੀਆਂ। ਜਦੋਂ ਵੀ ਪੰਥ-ਸੁਰਤ ਨੂੰ ਬੂਰ ਪਵੇਗਾ ਅਤੇ ਉਹ ਬਚਪਨ ਦੇ ਦੌਰ ਵਿਚੋਂ ਲੰਘ ਕੇ ਭਰ ਜਵਾਨੀ ਦੇ ਦੌਰ ਵਿਚ ਦਾਖਲ ਹੋਵੇਗੀ ਤਾਂ ਇਹ ਸਭ ਹਿਸਾਬ ਕਿਤਾਬ ਹੋਣਗੇ ਹੀ ਹੋਣਗੇ। ਰਤਾ ਯਹੂਦੀ ਕੌਮ ਨੂੰ ਆਪਣੇ ਚੇਤਿਆਂ ਵਿਚ ਲਿਆਉ। ਦੂਜੀ ਵਿਸ਼ਵ ਜੰਗ ਵਿਚ 60 ਲੱਖ ਯਹੂਦੀਆਂ ਦੇ ਕਤਲ ਦੀ ਦਾਸਤਾਨ ਦੀਆਂ ਸਾਰੀਆਂ ਪਰਤਾਂ ਉਹਨਾਂ ਦੇ ਆਗੂਆਂ ਨੇ ਇਕ ਇਕ ਕਰਕੇ ਖੋਲ੍ਹੀਆਂ ਇਹਨਾਂ ਅੱਤਿਆਚਾਰਾਂ ਦੇ ਕਾਰਨ ਵੀ ਦੱਸੇ। ਕਿਸੇ ਨੇ ਅੰਕੜੇ ਤਿਆਰ ਕੀਤੇ, ਕਿਸੇ ਨੇ ਉਸ ਘਨੇਰੇ ਦਰਦ ਦੀਆਂ ਕਹਾਣੀਆਂ ਤੇ ਨਾਵਲ ਲਿਖੇ। ਕਿਸੇ ਨੇ ਦਰਦ ਭਰੇ ਗੀਤ ਗਾਏ ਕਿ ਇਹ ਅਭੁੱਲ ਯਾਦਾਂ ਕੁਝ ਇਸ ਤਰ੍ਹਾਂ ਵਸਾ ਦਿੱਤੀਆਂ ਗਈਆਂ ਹਨ ਕਿ ਹੁਣ ਪੀੜ੍ਹੀ ਦਰ ਪੀੜ੍ਹੀ ਉਸ ਕੌਮ ਦਾ ਅਟੁੱਟ ਹਿੱਸਾ ਬਣੀਆਂ ਰਹਿਣੀਆਂ। ਸਿੱਖਾਂ ਦੀ ਆਖੀ ਜਾਂਦੀ ਮਿੰਨੀ ਪਾਰਲੀਮੈਂਟ-ਸ਼੍ਰੋਮਣੀ ਕਮੇਟੀ ਸਿੱਖ ਨਸਲਕੁਸ਼ੀ ਦੀ ਦਾਸਤਾਨ ਭਲਾਂ ਕਿਉਂ ਨਹੀਂ ਦੱਸਦੀ? ਕੀ ਦੱਸ ਨਹੀਂ ਸਕਦੀ? ਦਸ ਸਕਦੀ ਹੈ, ਪਰ ਇਸ ਨਾਲ ਉੱਚੀਆਂ ਪੌੜੀਆਂ 'ਤੇ ਸ਼ੁਸ਼ੋਭਿਤ ਹਾਕਮ ਇਕ ਇਕ ਕਰਕੇ ਡਿੱਗਦੇ ਜਾਣਗੇ।
ਸਾਨੂੰ ਬੀਓਡਰ ਹਰਜੁਲ (1860-1904) ਵਰਗੇ ਯਹੂਦੀ ਪੱਤਰਕਾਰ ਚਾਹੀਦੇ ਹਨ, ਜਿਸ ਨੇ ਇਕ ਯਹੂਦੀ ਕੈਪਟਨ ਡਰਾਈਫਸ (1859-1935) ਉਤੇ ਚਲਾਏ ਝੂਠੇ ਮੁਕੱਦਮੇ ਦੌਰਾਨ ਅਦਾਲਤ ਦੇ ਅੰਦਰ ਤੇ ਅਦਾਲਤ ਦੇ ਬਾਹਰ ਉਸ ਦੀ ਬੇਇੱਜ਼ਤੀ ਹੁੰਦੀ ਵੇਖੀ। ਜਦੋਂ ਉਸ ਨੇ ਅਦਾਲਤ ਦੇ ਬਾਹਰ ਜੁੜੀ ਫਰਾਂਸੀਸੀ ਭੀੜ ਨੂੰ ਯਹੂਦੀਆਂ ਲਈ ਮੌਤ ਦੀ ਮੰਗ ਦੇ ਲਲਕਾਰੇ ਤੇ ਬੱਕਰੇ ਬੁਲਾਉਂਦਿਆਂ ਵੇਖਿਆ ਤਾਂ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਇਹੋ ਜਿਹੇ ਲਲਕਾਰਿਆਂ ਦਾ ਜਵਾਬ ਸਿਰਫ਼ ਤੇ ਸਿਰਫ਼ 'ਰਾਜਨੀਤਕ ਇਸਰਾਇਲ' ਦੇ ਵਜੂਦ ਵਿਚ ਆਉਣ ਨਾਲ ਹੀ ਦਿੱਤਾ ਜਾ ਸਕਦਾ ਹੈ। ਇਸ ਤੋਂ ਪਿੱਛੋਂ ਜੋ ਕੁਝ ਵੀ ਹੋਇਆ ਉਹ ਇਤਿਹਾਸ ਹੋ ਨਿਬੜਿਆ। ਯਾਨਿ ਇਹ ਚਮਤਕਾਰ ਸਾਰੀ ਦੁਨੀਆਂ ਨੇ ਵੇਖਿਆ ਕਿ 1948 ਵਿਚ ਇਸਰਾਇਲ ਹੋਂਦ ਵਿਚ ਆ ਗਿਆ। ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਵਿਚਾਰੇ ਪੱਤਰਕਾਰ ਹਰਜੁਲ ਨੂੰ ਆਪਣੀ ਕੌਮ ਦੇ ਦੁੱਖਾਂ ਦਰਦਾਂ ਦੀ ਓਪਰੀ ਜਹੀ ਅਤੇ ਓਨੀ ਕੁ ਹੀ ਸਮਝ ਸੀ ਜਿਵੇਂ ਪੰਜਾਬ ਦੇ ਪੱਤਰਕਾਰਾਂ ਨੂੰ ਅੱਜ ਕਲ ਪੰਜਾਬ ਅਤੇ ਇਥੇ ਉਜੜ ਰਹੀ ਸਿੱਖ ਕੌਮ ਬਾਰੇ ਸਮਝ ਹੈ। ਕਈ ਵਾਰ ਇਕੋ ਘਟਨਾ ਹੀ ਕਿਸੇ ਕੌਮ  ਨੂੰ ਆਪਣੇ ਵੱਖਰੇ ਘਰ ਦਾ ਤੂਫਾਨੀ ਅਹਿਸਾਸ ਜਗਾ ਦਿੰਦੀ ਹੈ ਜਿਵੇਂ ਡਰਾਈਫਸ ਉਤੇ ਚੱਲੇ ਮੁਕੱਦਮੇ ਨੇ ਯਹੂਦੀਆਂ ਨੂੰ ਇਕ ਵੱਖਰੇ ਮੁਲਕ ਦਾ ਅਹਿਸਾਸ ਜਗਾ ਦਿੱਤਾ ਸੀ। ਸਿਰਫ਼ ਤੀਸਰੀ ਅੱਖ ਵਾਲੇ ਸੱਜਣਾਂ ਨੂੰ ਹੀ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ ਕਿ ਸੰਨ 1978 ਦੀ ਅੰਮ੍ਰਿਤਸਰ ਵਿਸਾਖੀ ਵੀ ਸਿੱਖਾਂ ਲਈ ਇਕ ਵੱਖਰੇ ਘਰ ਬਣਾਉਣ ਦਾ ਸੁਨੇਹਾ ਲੈ ਕੇ ਆਈ ਸੀ। ਹੁਣ ਆਓ ਭੁੱਲ ਜਾਣ ਦੀ ਸਲਾਹ ਦੇਣ ਵਾਲਿਆਂ ਨੂੰ ਕੁਝ ਸਵਾਲ। ਕੀ ਅਸੀਂ ਭੁੱਲ ਜਾਈਏ ਕਿ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਦਰਬਾਰ ਸਾਹਿਬ ਉਤੇ ਤੁਸਾਂ ਫੌਜਾਂ ਚੜ੍ਹਾਈਆਂ ਤੇ ਹਜ਼ਾਰਾਂ ਸਿੰਘਾਂ-ਸਿੰਘਣੀਆਂ ਤੇ ਬੱਚੇ-ਬੱਚੀਆਂ ਨੂੰ ਮੌਤ ਦੇ ਘਾਟ ਉਤਾਰਿਆ? ਦਿੱਲੀ ਤੇ ਹੋਰਨਾਂ ਥਾਈਂ ਸਿੱਖਾਂ ਦੀ ਹੋਈ ਨਸਲਕੁਸ਼ੀ ਨੂੰ ਕੀ ਅਸੀਂ ਆਪਣੀਆਂ ਯਾਦਾਂ ਵਿਚੋਂ ਦੇਸ਼ ਨਿਕਾਲਾ ਦੇ ਦਈਏ? ਸਾਨੂੰ ਯਾਦ ਹੈ ਕਿ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹਜ਼ਾਰਾਂ ਸਿੱਖਾਂ ਦੇ ਹੋਏ ਕਤਲਾਂ ਬਾਰੇ ਟਿੱਪਣੀ ਕਰਦਿਆਂ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਪਰ ਕੀ ਅਸੀਂ ਇਸ ਇਤਿਹਾਸਕ ਸੱਚਾਈ ਨੂੰ ਵੀ ਭੁੱਲ ਜਾਈਏ ਕਿ ਤੁਹਾਡੇ ਵਲੋਂ ਢਾਹਿਆ ਅਕਾਲ ਤਖ਼ਤ ਤੁਹਾਡੇ ਦਰੱਖਤ ਨਾਲੋਂ ਵੀ ਅਸੰਖ ਗੁਣਾਂ ਵੱਡਾ ਪਾਵਨ ਦਰੱਖਤ ਸੀ ਜੋ ਸਾਰੇ ਬ੍ਰਹਿਮੰਡ ਨੂੰ ਅਤੇ ਇਸ ਵਿਚ ਵਸਦੀ ਰਸਦੀ ਲੁਕਾਈ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ? ਫਿਰ ਤੁਸੀਂ ਹੀ ਦੱਸੋ ਕਿ ਸਿੱਖਾਂ ਦੇ ਕਾਤਲ ਅਜੇ ਸਾਨੂੰ ਚਿੜਾਉਂਦੇ ਹੋਏ ਸਰੇਆਮ ਘੁੰਮਦੇ ਵੇਖਦੇ ਹਾਂ ਅਤੇ ਇਹਨਾਂ ਵਿਚੋਂ ਭਲਾਂ ਕਿੰਨਿਆਂ ਕੁ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ।
ਸਿੱਖ ਕੌਮ ਨੇ ਇਹਨਾਂ ਦਰਦਨਾਕ ਸਾਕਿਆਂ ਨੂੰ ਕਦੋਂ ਤੇ ਕਿਵੇਂ ਭੁੱਲਣਾ ਹੈ ਅਤੇ ਕਦੋਂ ਤੇ ਕਿਵੇਂ ਯਾਦ ਰੱਖਣਾ ਹੈ, ਇਹ ਅਹਿਸਾਸ ਉਸ ਕੌਮ ਦੀ ਮਰਜ਼ੀ ਤੇ ਉਸ ਦੀਆਂ ਸ਼ਰਤਾਂ ਮੁਤਾਬਕ ਹੀ ਜਨਮ ਲਵੇਗਾ। ਜਦੋਂ 'ਯਾਦ ਰੱਖਣ' ਤੇ 'ਭੁੱਲ ਜਾਣ' ਦੇ ਪ੍ਰਵਚਨ ਇਸ ਮੁੱਦੇ ਉਤੇ ਸਿਆਸਤ ਕਰਨ ਵਾਲਿਆਂ ਦੀ ਕੈਦ ਵਿਚੋਂ ਬਾਹਰ ਨਿਕਲਣਗੇ ਤਾਂ ਸਿੱਖ ਕੌਮ ਇਹਨਾਂ ਦਰਦਨਾਕ ਸਾਕਿਆਂ ਦੇ ਜ਼ਖਮਾਂ ਨੂੰ ਸੂਰਜ ਬਣਾ ਕੇ ਪੇਸ਼ ਕਰੇਗੀ ਅਤੇ ਕੇਵਲ ਉਸ ਸਮੇਂ ਹੀ ਕੌਮ ਆਪਣੇ ਪਭਵਿੱਖ ਦੇ ਨਕਸ਼ ਤਿਆਰ ਕਰ ਸਕੇਗੀ। ਅਜੇ ਤਾਂ ਇਹ ਮਾਮਲਾ ਕੁਝ ਚਿਰ ਤੱਕ ਉਹਨਾਂ ਲੋਕਾਂ ਦੇ ਕਬਜ਼ੇ ਵਿਚ ਹੀ ਰਹੇਗਾ ਜਿਨ੍ਹਾਂ ਦੀਆਂ ਭੁੱਖੀਆਂ ਨਜ਼ਰਾਂ ਇਹਨਾਂ ਸਾਕਿਆਂ ਵਿਚੋਂ ਹਰ ਸਮੇਂ ਲਾਭ-ਹਾਨ ਦੇ ਹਿਸਾਬ ਕਿਤਾਬ ਕਰਦੀਆਂ ਰਹਿੰਦੀਆਂ ਹਨ।
ਮਿਲਾਨ ਕੁੰਦੇਰਾ ਚੈਕੋਸਲਵਾਕੀਆ (ਹੁਣ ਚੈਕ) ਦਾ ਪ੍ਰਸਿੱਧ ਨਾਵਲਕਾਰ ਹੈ। ਕਿਸੇ ਸਮੇਂ ਦੇਸ਼ ਨਿਕਾਲੇ ਦਾ ਜੀਵਨ ਵੀ ਬਤੀਤ ਕਰਦਾ ਰਿਹਾ ਹੈ। 'ਭੁੱਲ ਜਾਣ' ਤੇ 'ਯਾਦ ਰੱਖਣ' ਦੀ ਕਹਾਣੀ ਨੂੰ ਜਿਹੜੇ ਸ਼ਬਦ ਉਸ ਨੇ ਦਿੱਤੇ ਹਨ ਉਹ ਸਿੱਖ ਕੌਮ ਨੂੰ ਸੁਣ ਕੇ ਮੰਨ ਲੈਣੇ ਚਾਹੀਦੇ ਹਨ। ਇਹ ਉਹ ਲਿਖਾਰੀ ਹੈ ਜਿਸ ਦੀਆਂ ਕਿਤਾਬਾਂ ਸਾਬਕਾ ਸੋਵੀਅਤ ਯੂਨੀਅਨ ਦੇ ਹਾਕਮਾਂ ਨੂੰ ਪਸੰਦ ਨਹੀਂ ਸਨ ਅਤੇ ਸਾੜ ਦਿੱਤੀਆਂ ਗਈਆਂ ਸਨ। ਜ਼ਮੀਰ ਦਾ ਇਹ ਲਿਖਾਰੀ ਇਸ ਸੱਚ ਨੂੰ ਜੱਗ ਜ਼ਾਹਰ ਕਰਦਾ ਹੈ ਕਿ 'ਬੰਦੇ ਦੀ ਹਾਕਮਾਂ ਵਿਰੁੱਧ ਜੰਗ ਜਾਂ ਜੱਦੋ ਜਹਿਦ ਦਾ ਸੁਭਾਅ ਕੁਝ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਯਾਦ ਰੱਖਣ ਵਾਲਿਆਂ ਦੀ ਜੰਗ ਦਾ ਸੁਭਾਅ ਭੁੱਲ ਜਾਣ ਵਾਲਿਆਂ ਦੇ ਖਿਲਾਫ਼ ਹੁੰਦਾ ਹੈ।'
ਕੈਪਟਨ ਅਮਰਿੰਦਰ ਸਿੰਘ ਨਾਲ ਕਦੀ ਨੁਕਤਿਆਂ 'ਤੇ ਸਾਡੀ ਜ਼ਬਰਦਸਤ ਅਸਿਹਮਤੀ ਹੋ ਸਕਦੀ ਹੈ। ਪਰ ਜਦੋਂ ਜਦੋਂ ਵੀ ਉਹ ਇਤਿਹਾਸ ਦੇ ਵਿਹੜੇ  ਵਿਚ ਖਲ੍ਹੋ ਕੇ ਕੋਈ ਗੱਲ ਕਰਦਾ ਹੈ ਤਾਂ ਉਦੋਂ ਸਿੱਖੀ ਦੀ ਰੂਹ ਦੇ ਐਨ ਕਰੀਬ ਹੁੰਦਾ ਹੈ। ਉਸ ਦਾ ਇਹ ਕਹਿਣਾ ਕਿ ਸਿੱਖ ਤਾਂ ਢਾਈ ਸੌ ਸਾਲ ਪਹਿਲਾਂ ਦੇ ਘੱਲੂਘਾਰਿਆਂ ਨੂੰ ਨਹੀਂ ਭੁੱਲੇ, ਉਹ ਚੁਰਾਸੀ ਦੇ ਸਾਕੇ ਨੂੰ ਕਿਵੇਂ ਭੁੱਲ ਸਕਦੇ ਹਨ। ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਚਿਦੰਬਰਮ ਨੂੰ ਇਹੋ ਜਿਹਾ ਜੁਆਬ ਦੇਣ ਲਈ ਕੀ ਕਦੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਸਾਹਿਬ ਆਪਣੇ ਮੁੱਖ ਮੰਤਰੀ ਬਾਦਲ ਦੀ ਹਾਂ। ਦੀ ਮੰਗ ਦਾ ਜੁਆਬ ਕਦੇ ਮਰੀਅਲ ਜਹੀ 'ਨਾਂਹ' ਵਿਚ ਹੀ ਦੇਣ ਦਾ ਹੌਂਸਲਾ ਰੱਖ ਸਕਦੇ ਹਨ? ਉਤਰ ਦੀ ਉਡੀਕ ਕਰਾਂਗੇ।
ਹਾਲ ਦੀ ਘੜੀ ਤਾਂ ਇਹਨਾਂ ਦਰਦਨਾਕ ਸਾਕਿਆਂ ਵਿਚ ਕੁਰਬਾਨ ਹੋ ਜਾਣ ਵਾਲੇ ਸ਼ਹੀਦ ਸਾਨੂੰ ਸਭਨਾਂ ਨੂੰ ਕਿਸੇ ਸ਼ਾਇਰ ਦੀਆਂ ਹੇਠ ਦਿੱਤੀਆਂ ਸਤਰਾਂ ਰਾਹੀਂ ਰੱਬੀ ਮੰਡਲਾਂ ਤੋਂ ਇਕ ਅਜਿਹਾ ਸੁਨੇਹਾ ਦੇ ਰਹੇ ਹਨ ਜਿ ਵਿਚ ਉਹਨਾਂ ਦਾ ਦਰਦ ਦਰਦ ਵੀ ਸਾਡੀਆਂ ਜ਼ਮੀਰਾਂ ਨੂੰ ਟੁੰਬਦਾ ਹੈ ਅਤੇ ਜਿਸ ਵਿਚ ਸਿੱਖੀ ਦੀ ਵਿਚਾਰਧਾਰਾ ਦਾ ਸਦੀਦੀ ਦੀਪ ਵੀ ਜਗਦਾ ਤੇ ਮਘਦਾ ਪ੍ਰਤੀਤ ਹੁੰਦਾ ਹੈ। ਇਕ ਸੁਨੇਹਾ 'ਭੁੱਲ ਜਾਣ ਵਾਲਿਆਂ' ਤੇ 'ਯਾਦ ਰੱਖਣ ਵਾਲਿਆਂ' ਦੋਵਾਂ ਲਈ ਹੀ ਸਾਂਝ ਇਹਨਾਂ ਸਤਰਾਂ ਵਿਚ ਸਿੱਖ ਕੌਮ ਨੂੰ ਲੋਕ ਮੁਹਾਵਰੇ ਮੁਤਾਬਕ 'ਪਿੱਪਲ' ਦੇ ਰੂਪ ਵਿਚ ਚਿਤਰਿਆ ਗਿਆ ਹੈ :
ਪਿੱਪਲ ਦੇ ਪੱਤਿਆ ਵੇ, ਇਹ ਯਾਦ ਕਰਾ ਦੇਵੀ।
ਜ ਬੀਤੀ ਸਾਡੇ ਤੋਂ ਸਭਨਾਂ ਨੂੰ ਸੁਣਾ ਦੇਵੀ।
ਪਿੱਪਲ ਦੇ ਪੱਤਿਆਂ ਵੇ ਸਾਨੂੰ ਵੀ ਭੁਲਾ ਦੇਵੀਂ।
ਮੱਥੇ ਜੋ ਚਿਣਗ ਬਲੇ, ਅੱਗੋਂ ਜੋਤ ਜਗਾ ਦੇਵੀਂ।
ਪਿੱਪਲ ਦੇ ਪੱਤਿਆ ਵੇ ਪੱਤਿਆਂ ਨੇ ਝੜ ਜਾਣੈ£
ਰੂਹਾਂ ਤੇ ਰੋਸ਼ਨ ਨੇ, ਪਿੰਡਿਆਂ ਨੇ ਸੜ ਜਾਣੈ।
- ਕਰਮਜੀਤ ਸਿੰਘ