ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜੇ ਮਨੁੱਖ ਸਿਰਫ਼ 'ਪੁਰਸ਼' ਹੀ ਬਣ ਜਾਵੇ......


ਕੇਰਲ ਦੇ ਪਧਨਾਭਸਵਾਮੀ ਮੰਦਰ ਦੇ ਤਹਿਖਾਨੇ 'ਚੋਂ ਨਿਕਲੇ ਇਕ ਲੱਖ ਕਰੋੜ ਦੇ ਖਜ਼ਾਨੇ ਦੀਆਂ ਖ਼ਬਰਾਂ ਜਾਣ ਕੇ ਹਰ ਕੋਈ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਿਆ ਅਜੇ ਇਸ ਮੰਦਰ 'ਚੋਂ ਹੋਰ ਵੀ ਧਨ ਮਿਲਣ ਦੀ ਆਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੱਤਿਆ ਸਾਈਂ ਬਾਬਾ ਦੀ ਮੌਤ ਤੋਂ ਬਾਅਦ ਇਸ ਦੇ ਆਸ਼ਰਮ ਦੀ ਕੁੱਲ 40 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਇਆ ਸੀ ਅਤੇ ਇਸ ਤੋਂ ਬਾਅਦ ਵਿਚ ਇਸੇ ਆਸ਼ਰਮ 'ਚੋਂ 98 ਕਿਲੋ ਸੋਨਾ, 307 ਕਿਲੋ ਚਾਂਦੀ ਅਤੇ 11.56 ਕਰੋੜ ਰੁਪਏ ਨਗਦ ਮਿਲੇ ਸਨ। ਅਜੇ ਕੁਝ ਮਹੀਨੇ ਪਹਿਲਾਂ ਹੀ ਜਗਨਨਾਥ ਪੁਰੀ ਦੇ ਪ੍ਰਸਿੱਧ ਮੰਦਰ ਵਿਚੋਂ 90 ਕਰੋੜ ਰੁਪਏ ਮੁੱਲ ਦੀਆਂ 522 ਚਾਂਦੀ ਦੀਆਂ ਇੱਟਾਂ ਮਿਲੀਆਂ ਸਨ ਜਿਨ੍ਹਾਂ ਨੂੰ 18 ਟਨ ਚਾਂਦੀ ਲੱਗੀ ਹੋਈ ਸੀ। ਸਿਰਡੀ ਦੇ ਸਾਈਂ ਬਾਬਾ ਮੰਦਰ ਵਿਚ ਹਰ ਸਾਲ ਅਰਬਾਂ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ ਅਤੇ ਪਿਛਲੇ ਸਾਲ ਦਿੱਲੀ ਦੇ ਸੁਆਮੀ ਭੀਮਾਨੰਦ ਨੂੰ ਕਥਿਤ ਗੈਰਇਖਲਾਕੀ ਕਰਤੂਤਾਂ ਦੇ ਦੋਸ਼ 'ਚ ਫੜਨ ਤੋਂ ਬਾਅਦ ਪੁਲਿਸ ਨੇ 25000 ਕਰੋੜ ਦੀ ਜਾਇਦਾਦ ਨਸ਼ਰ ਕਰਨ ਦਾ ਦਾਅਵਾ ਕੀਤਾ ਸੀ ਪੁਲਿਸ ਅਨੁਸਾਰ ਇਸ ਡੇਰੇ ਦੀ ਹਰ ਰੋਜ਼ ਦੀ ਆਮਦਨ 1.5 ਲੱਖ ਰੁਪਏ ਦੱਸੀ ਹੈ। ਅਜੇ ਪਿਛਲੇ ਮਹੀਨੇ ਹੀ ਯੋਗਾ ਵਾਲੇ ਬਾਬਾ ਰਾਮਦੇਵ ਨੇ ਆਪਣੇ ਟਰੱਸਟ ਦੀ ਗਿਆਰਾਂ ਹਜ਼ਾਰ ਕਰੋੜ ਰੁਪਏ ਦੀ ਪੂੰਜੀ ਨੂੰ ਜਨਤਕ ਕੀਤਾ ਹੈ ਭਾਵੇਂ ਕਿ ਇਸ ਵਿਚ ਇਸ ਟਰੱਸਟ ਦੇ ਹੋਰ ਕਈ ਅਸਾਸਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਹਨਾਂ ਤਿੰਨ-ਚਾਰ ਧਾਰਮਿਕ ਸਥਾਨਾਂ ਤੋਂ ਮਿਲੇ ਧਨ ਤੋਂ ਬਾਅਦ ਦੇਸ਼ ਵਾਸੀਆਂ 'ਚ ਇਹ ਗੱਲ ਵਿਚਾਰ-ਚਰਚਾ ਬਣੀ ਹੈ ਕਿ ਜੇਕਰ ਦੇਸ਼ ਵਿਚਲੇ ਸਾਰੇ ਧਾਰਮਿਕ ਸਥਾਨਾਂ 'ਚੋਂ ਸਿਰਫ਼ ਦੱਬਿਆ ਹੋਇਆ ਧਨ ਹੀ ਜਮਾਂ ਕਰਵਾ ਲਿਆ ਜਾਵੇ ਤਾਂ ਭਾਰਤ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਮੁਲਕ ਬਣ ਜਾਵੇਗਾ। ਕੇਰਲ ਦੀ ਇਕ ਮਸਾਲ ਇਹ ਵੀ ਹੈ ਕਿ ਇਸ ਸਮੇਂ ਇਸ ਸੂਬੇ ਸਿਰ ਸੱਤਰ ਹਜ਼ਾਰ ਨੌ ਸੌ ਅਠਾਹਟ ਕਰੋੜ ਦਾ ਕਰਜ਼ਾ ਹੈ। ਸਿਰਫ਼ ਪਦਨਾਭਸੁਆਮੀ ਮੰਦਰ ਦੀ ਦੌਲਤ ਨਾਲ ਹੀ ਸਾਰੇ ਸੂਬੇ ਦਾ ਕਰਜ਼ਾ ਉਤਾਰ ਕੇ ਤੀਹ ਹਜ਼ਾਰ ਕਰੋੜ ਰੁਪਏ ਵਾਧੂ ਬਚਦੇ ਹਨ। ਇਕੱਲੇ ਕੇਰਲ ਵਿਚ ਹੀ ਹੋਰ ਬਹੁਤ ਸਾਰੇ ਅਜਿਹੇ ਮੰਦਰ ਹਨ ਜਿਨ੍ਹਾਂ ਦੇ ਤਹਿਖਾਨਿਆਂ 'ਚ ਬੇਹਿਸਾਬੀ ਮਾਇਆ ਦਫ਼ਨ ਕੀਤੀ ਹੋ ਸਕਦੀ ਹੈ। ਇਸੇ ਤਰ੍ਹਾਂ ਪੂਰੇ ਦੇਸ਼ 'ਚ ਅਜਿਹੇ ਮੰਦਰਾਂ ਡੇਰਿਆਂ ਦੀ ਗਿਣਤੀ ਸੈਂਕੜਿਆਂ 'ਚ ਦੱਸੀ ਜਾ ਰਹੀ ਹੈ। ਅਜੇ ਸਵਿਸ ਬੈਂਕਾਂ 'ਚ ਪਿਆ 65233 ਅਰਬ ਦਾ ਧਨ ਇਸ ਲੇਖ ਦਾ ਵਿਸ਼ਾ ਨਹੀਂ ਹੈ ਇਸ ਲਈ ਸਿਰਫ਼ ਧਰਮ ਅਰਥ ਦਿੱਤੇ ਗਏ ਦਾਨ ਦੀ ਕੁਵਰਤੋਂ ਅਤੇ ਪੁਜਾਰੀ ਸ਼੍ਰੇਣੀ ਵਲੋਂ ਕਿਰਤੀ ਲੋਕਾਂ ਦੇ ਸ਼ੋਸ਼ਣ ਤੋਂ ਇਲਾਵਾ ਚਲਾਕ ਕਿਸਮ ਦੇ ਲੋਕਾਂ ਦਾ ਧਾਰਮਿਕ ਆਗੂਆਂ ਦੇ ਭੇਸ ਵਿਚ ਸ਼ਾਮਲ ਹੋਣਾ ਹੀ ਵਿਚਾਰਿਆ ਜਾ ਰਿਹਾ ਹੈ। ਸਾਫ਼ ਹੈ ਕਿ ਇਹ ਸਾਰਾ ਧਨ ਪੁਜਾਰੀ ਲੋਕਾਂ ਦੀ ਕਿਰਤ ਨਾ ਹੋ ਕੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਹਨਾਂ ਕਿਰਤੀ ਲੋਕਾਂ ਦੇ ਘਰਾਂ 'ਚੋਂ ਇਕੱਠੀ ਹੋਈ ਹੈ ਜਿਨ੍ਹਾਂ ਵਿਚੋਂ ਬਹੁਤੇ ਆਪਣੀ ਜ਼ਿੰਦਗੀ ਵਿਚ ਤੰਗੀਆਂ ਤੁਰਸੀਆਂ ਦਾ ਜੀਵਨ ਹੰਢਾ ਕੇ ਸੰਸਾਰ ਤੋਂ ਚਲੇ ਗਏ ਹੋਣਗੇ।
ਹਰ ਧਰਮ ਦਾ ਮੂਲ ਸਿਧਾਂਤ ਭਾਵੇਂ ਦੁਨੀਆਂ ਦੇ ਹਰ ਜੀਵ ਦਾ ਭਲਾ ਕਰਨਾ ਅਤੇ ਸਮਾਜ ਨੂੰ ਚੰਗੀ ਜੀਵਨ-ਜਾਚ ਬਾਰੇ ਅਗਵਾਈ ਦੇ ਕੇ ਚੰਗੀ ਸਮਾਜਿਕ ਸਿਰਜਣਾ ਕਰਨਾ ਹੁੰਦਾ ਹੈ ਪਰ ਹਰ ਧਰਮ ਦਾ ਪੁਜਾਰੀ ਵਰਗ ਸਗੋਂ ਧਾਰਮਿਕ ਸਿੱਖਿਆਵਾਂ ਦੇ ਉਲਟ ਜਾ ਕੇ ਸਮਾਜ ਨੂੰ ਮੁਸ਼ਕਲਾਂ ਖੜ੍ਹੀਆਂ ਕਰਦਾ ਰਿਹਾ ਹੈ। ਹਿੰਦੂ ਧਾਰਮਿਕ ਆਸਥਾ ਵਾਲੇ ਮੰਦਰਾਂ 'ਚੋਂ ਮਿਲ ਰਹੇ ਧਨ ਨਾਲ ਜੇ ਉਸ ਸਮੇਂ ਸਮਾਜਿਕ ਭਲਾਈ ਦੇ ਕੰਮ ਕੀਤੇ ਹੁੰਦੇ ਤਾਂ ਅੱਜ ਦੇਸ਼ ਨੇ ਹਰ ਪੱਖੋਂ ਖੁਸ਼ਹਾਲ ਅਤੇ ਜ਼ਿੰਮੇਵਾਰੀ ਵਾਲੇ ਨਾਗਰਿਕ ਪੈਦਾ ਕਰਨੇ ਸਨ, ਪਰ ਅੱਜ ਦੇਸ਼ ਦੀ ਵਸੋਂ ਦਾ ਜ਼ਿਆਦਾਤਰ ਹਿੱਸਾ ਨਰਕ ਭਰੀ ਜ਼ਿੰਦਗੀ ਜੀਅ ਰਿਹਾ ਹੈ। ਇਸ ਸਮੇਂ ਸਿੱਖ ਧਰਮ ਵਿਚ ਵੀ ਹਿੰਦੂ ਮੰਦਰਾਂ ਦੀ ਤਰਜ 'ਤੇ ਜੋ ਡੇਰੇ ਸਥਾਪਿਤ ਹੋ ਚੁੱਕੇ ਹਨ ਉਹਨਾਂ ਦਾ ਹਾਲ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਪ੍ਰਚਾਰਨਾ ਨਹੀਂ ਹੈ ਸਗੋਂ ਇਹਨਾਂ ਡੇਰਿਆਂ ਵਿਚੋਂ ਪੂਜਾ ਦੇ ਧਨ ਨਾਲ ਨਾਮੀਂ ਜਾਂ ਬੇਨਾਮੀ ਜਾਇਦਾਦ ਬਣਾਈ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਨੂੰ ਛੱਡ ਕੇ ਵਿਹਲੜਪੁਣਾ ਵਧਾਉਣ 'ਚ ਇਹ ਡੇਰੇ ਆਪਣਾ ਪੂਰਾ ਹਿੱਸਾ ਪਾ ਰਹੇ ਹਨ। ਡੇਰੇਦਾਰ ਸਾਧ ਭਗਵਿਆਂ, ਚਿੱਟਿਆਂ, ਜਾਂ ਜ਼ਰੀਦਾਰ ਚੋਲਿਆਂ ਨਾਲ ਸ਼ਿੰਗਾਰ ਕਰਕੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤਾਂ ਅਤੇ ਗੱਡੀਆਂ ਦਾ ਪ੍ਰਯੋਗ ਕਰਦੇ ਹੋਏ ਵੀ ਲੋਕਾਂ ਨੂੰ ਉਸ ਗੁਰੂ ਨਾਨਕ ਦੀ ਸਾਖੀ ਸੁਣਾਉਣ ਦੀ ਸ਼ਰਮ ਨਹੀਂ ਮੰਨਦੇ ਜਿਸ ਗੁਰੂ ਨਾਨਕ ਨੇ ਚੰਗੀ ਸਮਾਜਿਕ ਸਿਰਜਣਾ ਦੇ ਲਈ ਸਹੂਲਤਾਂ ਇਕੱਠੀਆਂ ਕਰਨ ਦੀ ਥਾਂ ਦੁਖੀ ਲੋਕਾਂ ਦੇ ਦਰਦ ਨੂੰ ਆਪਣਾ ਮੰਨ ਕੇ ਲੋਕ ਹਿੰਤੂ ਕੰਮ ਕੀਤੇ। ਇਹਨਾਂ ਦੀ ਸਿੱਖੀ-ਸੇਵਕੀ ਆਪਣੇ ਬਾਬਿਆਂ ਦੀ ਝੂਠੀ ਉਪਮਾਂ ਕਰਨ 'ਚ ਸੰਤ, ਬ੍ਰਹਮਗਿਆਨੀ, 1008 ਅਤੇ ਹੋਰ ਅਨੇਕਾਂ ਤਖੱਲਸਾ ਦੇ ਨਾਲ-ਨਾਲ 'ਮਹਾਂਪੁਰਸ਼' ਸ਼ਬਦ ਦੀ ਵੀ ਖੁੱਲ੍ਹੀ ਵਰਤੋਂ ਕਰਦੀ ਹੈ। ਦੁਨੀਆਂ ਦੇ ਹਰ ਗੈਰਸਮਾਜਿਕ ਕੰਮ ਕਰਨ ਵਾਲੇ ਮਨੁੱਖ ਨੂੰ ਅਸੀਂ 'ਦੁਰਪੁਰਸ਼' ਆਖਦੇ ਹਾਂ ਅਤੇ ਚੰਗੇ ਕੰਮ ਕਰਨ ਵਾਲੇ ਹਰ ਮਨੁੱਖ ਲਈ 'ਪੁਰਸ਼' ਜਾਂ 'ਭਲਾ ਪੁਰਸ਼' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਆਪਣੇ ਆਪ ਲਈ 'ਮਹਾਂਪੁਰਸ਼' ਸ਼ਬਦ ਦੀ ਵਰਤੋਂ ਕਰਨ ਵਾਲੀ ਨਵੀਂ ਵੰਨਗੀ ਇਹਨਾਂ ਵਿਹਲੜ ਸਾਧਾਂ ਦੀ ਨਵੀਂ ਉਪਜ ਹੈ। ਮਹਾਂਪੁਰਸ਼ ਅਖਵਾਉਣ ਦਾ ਸਿੱਧਾ ਭਾਵ ਇਹ ਹੈ ਕਿ ਉਹ ਆਪਦੇ ਆਪ ਨੂੰ ਪੁਰਸ਼ ਨਹੀਂ ਸਗੋਂ ਮਨੁੱਖ ਜਾਤੀ 'ਚੋਂ 'ਡੀਲਕਸ਼ ਮਾਡਲ' ਮੰਨਦੇ ਹਨ। ਇਸ ਸਮਾਜ ਵਿਚ ਜੇ ਕੋਈ ਵੀ ਮਨੁੱਖ ਸਿਰਫ਼ 'ਪੁਰਸ਼' ਹੀ ਬਣ ਜਾਵੇ ਤਾਂ ਉਸ ਦੀ ਪ੍ਰੀਭਾਸ਼ਾ ਇਕ ਅਜਿਹੇ ਮਨੁੱਖ ਵਜੋਂ ਹੋਵੇਗੀ ਜੋ ਆਪਣੀ ਕਿਰਤ ਵਿਚੋਂ ਲੋੜਵੰਦ ਲੋਕਾਂ ਦੀ ਮੱਦਦ ਕਰਨ, ਵਾਹਿਗੁਰੂ ਦੀ ਯਾਦ ਵਿਚ ਚੰਗਾ ਸਮਾਜਿਕ ਜੀਵਨ ਸਿਰਜਣ 'ਚ ਆਪਣਾ ਯੋਗਦਾਨ ਪਾਵੇ। ਜੇ ਸਿੱਖ ਧਾਰਮਿਕ ਆਗੂ ਅਤੇ ਡੇਰੇਦਾਰ ਵਿਹਲੜ ਸਾਧ 'ਮਹਾਂਪੁਰਸ਼' ਦੀ ਥਾਂ ਸਿਰਫ਼ ਪੁਰਸ਼ ਹੀ ਬਣ ਜਾਣ ਤਾਂ ਸਿੱਖ ਕੌਮ ਦੀ ਹਾਲਤ ਅੱਜ ਨਿਰਾਸ਼ਾਵਾਦੀ ਮਾਹੌਲ 'ਚੋਂ ਨਿਕਲ ਕੇ ਚੜ੍ਹਦੀਆਂ ਕਲਾ ਵੱਲ ਪਰਤ ਪਵੇਗੀ। ਇਹਨਾਂ ਡੇਰਿਆਂ ਜਾਂ ਡੇਰਾਨੁਮਾ ਗੁਰਦੁਆਰਿਆਂ 'ਚ ਪਹਿਲਾਂ ਵਰਨਨ ਮੰਦਰਾਂ ਦੀਆਂ ਪੂੰਜੀਆਂ ਵਾਂਗ ਅਖੀਰ ਨਿਮੋਸ਼ੀ ਦੀ ਹਾਲਤ 'ਚ ਸਰਕਾਰੀ ਕਬਜ਼ੇ 'ਚ ਜਾਣ ਤੋਂ ਵੀ ਬਚਾਅ ਹੋ ਜਾਵੇਗਾ। ਨਾਲ ਦੀ ਨਾਲ ਇਹਨਾਂ ਡੇਰਿਆਂ ਦੇ ਮੁਖੀਆਂ ਨੂੰ ਗੁਰੂਆਂ ਦੇ ਸਿਧਾਂਤ ਦਾ ਸੱਚਾ ਪ੍ਰਚਾਰ ਕਰਨ ਨਾਲ ਆਤਮਿਕ ਸਕੂਨ ਵੀ ਮਿਲੇਗਾ। ਲੋੜ ਸਿਰਫ਼ 'ਮਹਾਂਪੁਰਸ਼' ਬਣਨ ਦੀ ਥਾਂ ਸਿਰਫ਼ 'ਪੁਰਸ਼' ਬਣਨ ਦੀ ਹੈ।