ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਸੂੜਿਆਂ ਦੀ ਸੜਨ ਇਕ ਵੱਡੀ ਸਿਹਤ ਸਮੱਸਿਆ


ਮਸੂੜਿਆਂ ਦੀ ਸੜਨ ਇਕ ਵੱਡੀ ਸਿਹਤ ਸਮੱਸਿਆ ਹੈ। ਦੇਸ਼ ਦੀ ਕੋਈ 70 ਫੀਸਦ ਆਬਾਦੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੈ। ਦੰਦਾਂ ਦੀ ਸਲਾਮਤੀ ਲਈ ਮਸੂੜਿਆਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਮਸੂੜੇ ਨੀਂਹ ਦੀ ਤਰ੍ਹਾਂ ਹਨ, ਜਿਨ੍ਹਾਂ ਉਪਰ ਦੰਦਾਂ ਦੀ ਇਮਾਰਤ ਤਿਆਰ ਹੁੰਦੀ ਹੈ। ਜਦੋਂ ਮਸੂੜੇ ਸੜਨ ਲਗਦੇ ਹਨ ਤਾਂ ਦੰਦ ਵੀ ਨਿਰੋਗ ਨਹੀਂ ਰਹਿ ਸਕਦੇ।
ਦੰਦਾਂ ਵਿਚ ਹੋਣ ਵਾਲੇ ਖੱਡੇ ਕੀਟਾਣੂਆਂ ਆਦਿ ਲਈ ਬਿਹਤਰੀਨ ਘਰ ਸਾਬਤ ਹੁੰਦੇ ਹਨ। ਦੰਦਾਂ ਉੱਤੇ ਜੰਮੀ ਪਲਾਕ/ਪਪੜੀ ਵਿਚ ਲੱਖਾਂ ਦੀ ਗਿਣਤੀ ਵਿਚ ਕੀਟਾਣੂ ਪੈਦਾ ਹੋ ਜਾਂਦੇ ਹਨ। ਮੂੰਹ ਦੀ ਸਹੀ ਤਰੀਕੇ ਨਾਲ ਸਫਾਈ ਆਦਿ ਨਾ ਹੋਣ 'ਤੇ ਦੰਦਾਂ ਉਪਰ ਮੈਲ ਦੀ ਇਕ ਪਰਤ ਜਿਹੇ ਜੰਮਣ ਲਗਦੀ ਹੈ, ਜਿਸ ਨਾਲ ਮਸੂੜਿਆਂ 'ਚ ਸੜਨ ਸ਼ੁਰੂ ਹੋ ਜਾਂਦੀ ਹੈ। ਰੋਜ਼ਾਨਾ ਬੁਰਸ਼/ਮੰਜਨ ਆਦਿ ਕਰਨ 'ਤੇ ਇਸ ਪਰਤ ਨੂੰ ਜੰਮਣ ਤੋਂ ਰੋਕਿਆ ਜਾ ਸਕਦਾ ਹੈ। ਦੰਦਾਂ 'ਤੇ ਜੰਮਣ ਤੋਂ ਬਾਅਦ ਇਹ ਮਸੂੜਿਆਂ ਦੇ ਕਿਨਾਰਿਆਂ ਉੱਤੇ ਸਲੇਟੀ ਜਾਂ ਕਾਲੇ ਰੰਗ ਦੀ ਹੋ ਜਾਂਦੀ ਹੈ। ਮਸੂੜਿਆਂ ਦੇ ਕਿਨਾਰਿਆਂ 'ਤੇ ਜੰਮਿਆ ਮੈਲ ਪਲਾਕ ਦੀ ਕਿਰਿਆ ਨੂੰ ਤੇਜ਼ ਕਰ ਦਿੰਦਾ ਹੈ। ਪਾਨ ਮਸਾਲੇ ਅਤੇ ਸਿਗਰਟ ਦੇ ਸੂਟੇ ਸਥਿਤੀ ਨੂੰ ਹੋਰ ਵਿਗਾੜ ਦਿੰਦੇ ਹਨ।
ਮਸੂੜਿਆਂ ਉਪਰ ਪਲਾਕ ਜੰਮਣ ਨਾਲ ਤੇਜ਼ ਪ੍ਰਕਿਰਿਆ ਹੁੰਦੀ ਹੈ, ਜਿਸ ਨਾਲ ਮਸੂੜੇ ਫੁੱਲ ਜਾਂਦੇ ਹਨ। ਮਸੂੜਿਆਂ ਦੇ ਫੁੱਲਣ ਨਾਲ ਮਸੂੜਿਆਂ ਵਿਚ ਲਾਲੀ ਅਤੇ ਸੋਜ਼ ਆ ਜਾਂਦੀ ਹੈ। ਬਾਅਦ ਵਿਚ ਮਸੂੜਿਆਂ 'ਚੋਂ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਿਆਦਾ ਲਾ-ਪ੍ਰਵਾਹੀ ਕਰਨ 'ਤੇ ਸੰਕਰਮਣ ਟਿਸ਼ੂਜ਼ ਵਿਚ ਡੂੰਘਾਈ ਤਕ ਜਾ ਕੇ ਆਲੇ-ਦੁਆਲੇ ਦੀਆਂ ਹੱਡੀਆਂ ਆਦਿ ਵਿਚ ਪਹੁੰਚ ਜਾਂਦਾ ਹੈ ਜਿਸ ਨਾਲ 'ਪ੍ਰੀਓਡੋਟਾਇਟਿਸ' ਨਾਂ ਦਾ ਇਕ ਖਤਰਨਾਕ ਰੋਗ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਰੋਗ ਦੇ ਨਾਲ ਦੰਦਾਂ ਅਤੇ ਮਸੂੜਿਆਂ ਦੇ ਵਿਚਕਾਰ ਇਕ ਖਾਲੀ ਜਗ੍ਹਾ ਬਣਨ ਲਗਦੀ ਹੈ, ਜਿਸ ਵਿਚ ਅਨਾਜ ਦੇ ਕਣ ਅਤੇ ਕੀਟਾਣੂ ਜਮ੍ਹਾਂ ਹੋ ਜਾਂਦੇ ਹਨ। ਹੌਲੀ-ਹੌਲੀ ਇਸ ਖਾਲੀ ਜਗ੍ਹਾ ਵਿਚ ਪੀਕ,ਰੇਸ਼ਾ ਆਦਿ ਪੈਦਾ ਹੋ ਜਾਂਦਾ ਹੈ ਅਤੇ ਮਸੂੜੇ ਪਾਇਰੀਆ ਰੋਗ ਦੀ ਗ੍ਰਿਫਤ ਵਿਚ ਆ ਜਾਂਦੇ ਹਨ। ਪਾਇਰੀਆ ਹੋਣ ਨਾਲ ਮਸੂੜਿਆਂ ਵਿਚ ਬਦਬੂ ਪੈਦਾ ਹੋ ਜਾਂਦੀ ਹੈ ਅਤੇ ਸਖਤ ਖਾਧ ਪਦਾਰਥ ਚਬਾਉਣ ਨਾਲ ਮਸੂੜੇ ਦਰਦ ਕਰਦੇ ਹਨ। 'ਪ੍ਰੀਓਡੋਟਾਇਟਿਸ' ਦੀ ਅਵਸਥਾ ਵਿਚ ਦੰਦ ਵੀ ਹਿਲਣ ਲਗਦੇ ਹਨ। ਇਸੇ ਕਾਰਨ ਦੰਦ ਮਸੂੜਿਆਂ ਤੋਂ ਵੱਖ ਹੋਣੇ ਸ਼ੁਰੂ ਹੋ ਜਾਂਦੇ ਹਨ।
ਮਸੂੜਿਆਂ ਵਿਚ ਹੋਣ ਵਾਲੀ ਸੜਨ ਨੂੰ ਪਹਿਲੀ ਅਵਸਥਾ ਵਿਚ ਡੈਂਟਿਸਟ ਦੁਆਰਾ ਦੰਦਾਂ ਦੀ ਸਫਾਈ ਤੇ ਰੋਜ਼ਾਨਾ ਬੁਰਸ਼ ਕਰਕੇ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਸ ਅਵਸਥਾ 'ਚ ਡੈਂਟਿਸਟ ਮਸੂੜਿਆਂ ਦੇ ਕਿਨਾਰਿਆਂ 'ਤੇ ਜੰਮੀ ਮੈਲ ਨੂੰ ਸਾਫ ਕਰ ਦਿੰਦੇ ਹਨ। ਜਦ ਮਸੂੜਿਆਂ ਵਿਚ ਸੜਨ ਡੂੰਘਾਈ ਤਕ ਟਿਸੂਜ਼ ਵਿਚ ਪਹੁੰਚ ਚੁੱਕੀ ਹੋਵੇ ਤਾਂ ਸਿਰਫ ਸਫਾਈ ਆਦਿ ਨਾਲ ਹੀ ਕੰਮ ਨਹੀਂ ਚੱਲੇਗਾ। ਇਸ ਲਈ ਮਾਹਰ ਡਾਕਟਰ ਦੀ ਸਹਾਇਤਾ ਲੈਣੀ ਪਵੇਗੀ। ਲੋੜ ਪੈਣ 'ਤੇ ਡਾਕਟਰ ਮਸੂੜਿਆਂ ਦੀਆਂ ਅੰਦਰੂਨੀ ਹੱਡੀਆਂ ਦਾ ਇਲਾਜ ਕਰਨ ਜਾਂ ਫਿਰ ਸਿੰਥੈਟਿਕ ਹੱਡੀਆਂ ਲਗਾਉਣ ਦਾ ਕੰਮ ਕਰਦਾ ਹੈ। ਬਹੁਤ ਬੁਰੀ ਤਰ੍ਹਾਂ ਸੜ ਚੁੱਕੇ ਮਸੂੜੇ ਅਤੇ ਦੰਦਾਂ ਨੂੰ ਫਿਕਸ ਕਰਨ ਵਾਲੀਆਂ ਹੱਡੀਆਂ ਦਾ ਢਾਂਚਾ ਨਸ਼ਟ ਹੋਣ 'ਤੇ ਹੀ ਮਸੂੜਿਆਂ ਦਾ ਇਲਾਜ ਸੰਭਵ ਨਹੀਂ ਰਹਿ ਜਾਂਦਾ।
ਮਸੂੜਿਆਂ ਵਿਚ ਖੂਨ ਆਉਣ ਦੇ ਜ਼ਿਆਦਾਤਰ ਮਾਮਲੇ ਗਲਤ ਤਰੀਕੇ ਨਾਲ ਬੁਰਸ਼ ਕਰਨ ਦੇ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ ਮਸੂੜਿਆਂ ਦੇ ਕਿਨਾਰਿਆਂ ਆਦਿ 'ਤੇ ਪਲਾਕ ਜਮ੍ਹਾਂ ਹੋ ਜਾਣ ਨਾਲ ਵੀ ਇਹ ਸਮੱਸਿਆ ਉਤਪੰਨ ਹੁੰਦੀ ਹੈ। ਇਸ ਅਵਸਥਾ ਵਿਚ ਮਸੂੜਿਆਂ ਨੂੰ ਸਿਹਤਮੰਦ ਰੱਖਣ ਵਾਲੀਆਂ ਸੂਖਮ 'ਕੈਪਿਲਰੀ ਨਲੀਆਂ' ਵੀ ਖਰਾਬ ਹੋਣ ਲੱਗਦੀਆਂ ਹਨ, ਜਿਸ ਨਾਲ ਵੀ ਮਸੂੜੇ ਸੜਨ ਲਗਦੇ ਹਨ। ਜਿਨ੍ਹਾਂ ਕੋਸ਼ਿਕਾਵਾਂ ਨੂੰ ਦੰਦਾਂ 'ਤੇ ਜੰਮੀ ਪਲਾਕ ਨਾਲ ਹੋਏ ਸੰਕ੍ਰਮਣ ਨਾਲ ਲੜਨਾ ਚਾਹੀਦਾ ਸੀ, ਉਹ ਮਸੂੜਿਆਂ ਦੀ ਸੜਨ ਨਾਲ ਹੋਏ ਬੈਕਟੀਰੀਆ ਨਾਲ ਮੁਕਾਬਲੇ ਵਿਚ ਲੱਗੇ ਰਹਿੰਦੇ ਹਨ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਮਸੂੜਿਆਂ 'ਚੋਂ ਨਿਕਲਣ ਵਾਲਾ ਖੂਨ ਮਸੂੜਿਆਂ ਵਿਚ ਸੜਨ ਤੋਂ ਇਲਾਵਾ ਹੋਰ ਕਾਰਨਾਂ ਨਾਲ ਵੀ ਆ ਸਕਦਾ ਹੈ। ਇਹ ਲਿਓਕੇਮੇਨੀਆ, ਜ਼ਿਆਦਾ ਮਾਤਰਾ ਵਿਚ ਦਵਾਈਆਂ ਦੇ ਸੇਵਨ, ਸਰੀਰ ਵਿਚ ਵਿਟਾਮਿਨ 'ਸੀ' ਦੀ ਕਮੀ, ਜਬਾੜੇ ਵਿਚੋ ਕੋਈ ਗਹਿਰਾ ਜ਼ਖਮ, ਗਰਭ ਅਵਸਥਾ, ਭੂਗੋਲਿਕ ਦਬਾਓ ਵਿਚ ਪਰਿਵਰਤਨ ਜਾਂ ਰਸਾਇਣਕ ਕਿਰਿਆ ਦੇ ਕਾਰਨ ਵੀ ਸੰਭਵ ਹੈ। ਇਸ ਲਈ ਡੈਂਟਿਸਟ ਦੇ ਕੋਲ ਜਾਣ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲਓ ਕਿ ਮਸੂੜਿਆਂ ਵਿਚ ਖੂਨ ਆਉਣ ਦਾ ਕਾਰਨ ਮਸੂੜਿਆਂ ਵਿਚ ਸੜਨ ਹੀ ਹੈ।
       ਮਸੂੜਿਆਂ ਦੀ ਸੜਨ ਤੋਂ ਬੜੀ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਇਸ ਲਈ ਹੇਠ ਲਿਖੀਆਂ ਗੱਲਾਂ ਕਾਫੀ ਫਾਇਦੇਮੰਦ ਸਾਬਤ ਹੋਣਗੀਆਂ :
* ਦਿਨ ਵਿਚ ਘੱਟੋ-ਘੱਟ ਦੋ ਵਾਰੀ ਬੁਰਸ਼ ਜ਼ਰੂਰ ਕਰੋ-ਰਾਤ ਨੂੰ ਸੌਂਦੇ ਸਮੇਂ ਤੇ ਸਵੇਰੇ।
* ਕੁਝ ਵੀ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਕਰੋ। ਕੁਰਲੀ ਕਰਨ ਲਈ 'ਮਾਊਥ ਫਰੈਸ਼ਰ' ਆਦਿ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
* ਸੰਤੁਲਿਤ ਅਤੇ ਤਾਜ਼ਾ ਭੋਜਨ ਕਰੋ। ਇਸ ਲਈ ਕੱਚੀਆਂ ਸਬਜ਼ੀਆਂ ਅਤੇ ਫਲ ਕਾਫੀ ਲਾਹੇਵੰਦ ਰਹਿਣਗੇ।
* ਭੋਜਨ ਨੂੰ ਵੱਧ ਤੋਂ ਵੱਧ ਚਬਾਅ ਕੇ ਖਾਓ, ਤਾਂ ਕਿ ਇਸ ਕਿਰਿਆ ਤੋਂ ਪੈਦਾ ਹੋਈ ਲਾਰ ਦੰਦਾਂ/ਮਸੂੜਿਆਂ 'ਤੇ ਚਿਪਕੇ ਭੋਜਨ ਦੇ ਅੰਸ਼ ਜੰਮਣ ਨਾ ਦੇਵੇ ਤੇ ਮਸੂੜੇ ਵਧੇਰੇ ਸੁਰੱਖਿਅਤ ਰਹਿਣ।
* ਪਾਨ, ਪਾਨ ਮਸਾਲਾ, ਤੰਬਾਕੂਨੋਸ਼ੀ ਆਦਿ ਤੋਂ ਬਚੋ। ਇਹ ਪਦਾਰਥ ਮਸੂੜਿਆਂ ਦੀ ਸੜਨ ਲਈ ਵਧੇਰੇ ਜ਼ਿੰਮੇਵਾਰ ਹਨ।
* ਮਸੂੜਿਆਂ ਵਿਚ ਫਸੇ ਅਨਾਜ ਦੇ ਕਣਾਂ ਨੂੰ ਹਟਾਉਣ ਲਈ ਟੂਥਪਿਕ ਤੇ ਨਹੁੰਆਂ ਆਦਿ ਦਾ ਪ੍ਰਯੋਗ ਨਾ ਕਰੋ।
* ਸਮੇਂ-ਸਮੇਂ ਆਪਣੇ ਡੈਂਟਿਸਟ ਤੋਂ ਮਸੂੜਿਆਂ ਦੀ ਜਾਂਚ ਕਰਵਾਉਂਦੇ ਰਹੋ।
* ਹਰ ਛੇ ਮਹੀਨਿਆਂ ਬਾਅਦ ਡੈਂਟਿਸਟ ਤੋਂ ਮਸੂੜਿਆਂ ਦੀ ਚੰਗੀ ਤਰ੍ਹਾਂ ਸਫਾਈ ਜ਼ਰੂਰ ਕਰਵਾਓ।