ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਡਾਰਵਿਨ ਦਾ ਸਿਧਾਂਤ ਮਹਿਜ਼ ਅੰਧ-ਵਿਸ਼ਵਾਸ : ਇਕ ਵਿਸ਼ਲੇਸਣ


ਹਰ ਬੁੱਧੀਜੀਵ (ਧਾਰਮਿਕ ਮਨੁੱਖ) ਦਾ ਸੁਭਾਅ ਵਿਗਿਆਨਕ ਹੁੰਦਾ ਹੈ। ਉਹ ਜ਼ਿੰਦਗੀ ਦੇ ਹਰ ਤੱਥ ਨੂੰ ਆਪਣੀ ਵਿਚਾਰ ਸ਼ਕਤੀ ਦੀ ਕਸਵੱਟੀ 'ਤੇ ਤੋਲਦਾ ਹੈ ਅਤੇ ਵਿਚਾਰਨ ਤੋਂ ਬਾਅਦ ਹੀ ਉਹ ਹਰ ਤੱਥ ਦੇ ਪੱਖ ਵਿਚ ਆਪਣੀ ਸਹਿਮਤੀ ਜਾਂ ਅਸਹਿਮਤੀ ਦਾ ਨਿਰਣੇ ਲੈਂਦਾ ਹੈ। ਇਸ ਤਰ੍ਹਾਂ ਇਕ ਬੁੱਧੀਜੀਵ (ਧਾਰਮਿਕ ਮਨੁੱਖ) ਸਚਾਈ ਵੱਲ ਨਿਰੰਤਰ ਗਤੀਸ਼ੀਲ ਰਹਿੰਦਾ ਹੈ ਪਰ ਜਦੋਂ ਕੋਈ ਵੀ ਮਨੁੱਖ ਕਿਸੇ ਵੀ ਤੱਥ ਜਾਂ ਸਿਧਾਂਤ ਪ੍ਰਤੀ, ਬਿਨਾਂ ਸੋਚੇ-ਵਿਚਾਰੇ ਸਹਿਮਤ ਜਾਂ ਅਸਹਿਮਤ ਹੁੰਦਾ ਹੈ ਤਾਂ ਉਹ ਇਕ ਬੁੱਧੀਜੀਵੀ (ਧਾਰਮਿਕ) ਨਾ ਹੋ ਕਿ ਅੰਧ-ਵਿਸ਼ਵਾਸੀ (ਅਧਾਰਮਕ) ਹੀ ਹੁੰਦਾ ਹੈ।
ਇਸੇ ਤਰ੍ਹਾਂ ਦਾ ਇਕ ਸਿਧਾਂਤ ਹੈ ''ਵਿਕਾਸ ਦਾ ਸਿਧਾਂਤ-''“heory of 5volution'' ਚਾਰਲਸ ਡਾਰਵਿਨ ਨੇ ਸਮੁੱਚੇ ਵਿਸ਼ਵ ਵਿਚ ਇਸ ਸਿਧਾਂਤ ਨੂੰ ਲਾਗੂ ਕੀਤਾ ਜੋ ਕਿ ਮਨੁੱਖ ਦੇ ਵਿਕਾਸ ਉਤੇ ਆਧਾਰਤ ਹੈ। ਚਾਰਲਸ ਡਾਰਵਿਨ ਇਕ ਮਹਾਨ ਵਿਗਆਨੀ ਸੀ। ਇਕ ਕੁਦਰਤ-ਪ੍ਰੇਮੀ ਸੀ ਪਰ ਕੁਦਰਤ ਦੇ ਸਿਧਾਂਤਾਂ ਨੂੰ ਪ੍ਰੀਭਾਸ਼ਤ ਕਰਨ ਲੱਗਿਆਂ ਉਹ ਭਟਕ ਗਿਆ। ਨਤੀਜੇ ਵਜੋਂ ਕੁਦਰਤ ਦੇ ਸਿਧਾਂਤਾਂ ਨੂੰ ਦਰਸਾਉਣ ਵਿਚ ਕਾਫ਼ੀ ਗਲਤੀਆਂ ਹੋ ਗਈਆਂ। ਡਾਰਵਿਨ ਦੀ ਧਾਰਨਾ ਹੈ ਕਿ ਸਾਰੇ ਜੀਵਾਂ ਦੀ ਉਤਪਤੀ ਇਕ ਸੈੱਲੀ ਜੀਵ ਤੋਂ ਹੋਈ ਹੈ। ਸਭ ਤੋਂ ਪਹਿਲਾਂ ਇਸ ਧਰਤੀ ਉਪਰ ਇਕ ਸੈੱਲ ਵਾਲੇ ਜੀਵ ਨੇ ਜਨਮ ਲਿਆ ਉਸ ਤੋਂ ਬਾਅਦ ਹੌਲੀ-ਹੌਲੀ ਇਸ ਇਕ ਸੈੱਲੀ ਜੀਵ ਦੇ ਵਿਕਾਸ ਤੋਂ ਬਹੁ ਸੈੱਲੀ ਵਾਲੇ ਜੀਵ ਪੈਦਾ ਹੁੰਦੇ ਗਏ। ਇਹ ਜੀਵ ਪਹਿਲਾਂ ਪਾਣੀ ਅੰਦਰ ਵਿਕਸਤ ਹੋਏ। ਫਿਰ ਹੌਲੀ-ਹੌਲੀ ਵਿਕਸਤ ਹੁੰਦੇ ਹੋਏ ਛਿਪਕਲੀ ਦੇ ਰੂਪ ਵਿਚ ਬਾਹਰ ਆ ਗਏ। ਫਿਰ ਛਿਪਕਲੀਆਂ ਦੇ ਵਿਕਾਸ ਤੋਂ ਬਾਅਦ ਹੋਰਾਂ ਜੀਵਾਂ ਦਾ ਵਿਕਾਸ ਹੋਇਆ ਅਤੇ ਇਸ ਤਰ੍ਹਾਂ ਬਾਂਦਰ ਹੋਂਦ ਵਿਚ ਆਇਆ ਬਾਂਦਰ ਦੇ ਵਿਕਾਸ ਤੋਂ ਬਾਅਦ ਫਿਰ ਮਨੁੱਖ ਹੋਂਦ ਵਿਚ ਆਇਆ। ਸੋ ਡਾਰਵਿਨ ਇਸ ਗੱਲ ਨਾਲ ਸਹਿਮਤ ਨਹੀਂ ਹੋਇਆ ਕਿ ਸਾਰੇ ਜੀਵਾਂ ਦੀ ਹੋਂਦ ਇਕੱਠੀ ਅਤੇ ਇਕੋ ਵਾਰ ਹੋਈ। ਇਕ ਸੈੱਲੀ ਜੀਵ ਤੋਂ ਲੈ ਕੇ ਬਹੁ ਸੈੱਲੀ ਜੀਵਾਂ ਤੱਕ ਚਲਦੀ ਆਈ ਇਸ ਕਿਰਿਆ ਨੂੰ ਡਾਰਵਿਨ ਨੇ 'ਕੁਦਰਤੀ ਚੋਣ' (Natural Selection) ਦੇ ਨਿਯਮ ਦਾ ਨਾਮ ਦਿੱਤਾ। 'ਕੁਦਰਤੀ ਚੋਣ' ਤੋਂ ਉਸ ਦਾ ਭਾਵ ਹੈ ਕਿ ਵਿਕਾਸ ਦੀ ਕਿਰਿਆ ਦੌਰਾਨ ਜਦੋਂ ਇਕ ਜੀਵ-ਜਾਤੀ ਦੂਜੀ ਜੀਵ-ਜਾਤੀ ਵਿਚ ਬਦਲਦੀ ਹੈ ਤਾਂ ਇਸ ਬਦਲਾਅ ਦਾ ਕਾਰਨ ਉਸ ਵੇਲੇ ਦੇ ਕੁਦਰਤੀ ਹਾਲਾਤ ਹੁੰਦੇ ਹਨ। ਭਾਵ ਹਰ ਜੀਵ-ਜਾਤੀ ਨੂੰ ਦੂਸਰੀ ਜੀਵ-ਜਾਤੀ ਵਿਚ ਬਦਲਣ ਦੀ ਚੋਣ ਕੁਦਰਤ ਆਪ ਕਰਦੀ ਹੈ। ਇਸ ਕੁਦਰਤੀ ਚੋਣ ਦੇ ਨਿਯਮ ਤਹਿਤ ਡਾਰਵਿਨ ਨੇ ਇਹ ਸਿੱਟਾ ਕੱਢਿਆ ਕਿ ਉਹ ਜੀਵ ਹੀ ਜੀਵਤ ਰਹਿ ਸਕਦੇ ਹਨ ਜਿਹੜੇ ਆਪਣੇ ਆਲੇ ਦੁਆਲੇ ਨਾਲ ਸੰਘਰਸ਼ ਕਰਨ ਦੇ ਸਮਰੱਥ ਹੁੰਦੇ ਹਨ।
ਜੇਕਰ ਮੌਜੂਦਾ ਸਮੇਂ ਵਿਚ ਡਾਰਵਿਨ ਦੇ ਇਸ ਵਿਕਾਸਵਾਦੀ ਸਿਧਾਂਤ ਨੂੰ ਵਿਚਾਰਿਆ ਜਾਏ ਤਾਂ ਉਸ ਦੀ ਇਹ ਥਿਊਰੀ ਅਵਿਗਿਆਨਕ, ਤਰਕ-ਹੀਣ ਅਤੇ ਕਈ ਜਗ੍ਹਾ ਮਜ਼ਾਕੀਆ ਵੀ ਜਾਪਦੀ ਹੈ ਡਾਰਵਿਨ ਦਾ ਸਾਫ਼-ਸਾਫ਼ ਇਹ ਕਹਿਣਾ ਹੈ ਕਿ ਮਨੁੱਖ, ਬਾਂਦਰ ਦੀ ਹੀ ਪੈਦਾਇਸ਼ ਹੈ। ਕੁਦਰਤ ਨੇ ਮਨੁੱਖ, ਨੂੰ ਸਿੱਧਾ ਜਨਮ ਨਹੀਂ ਦਿੱਤਾ। ਇਕ ਸਾਧਾਰਣ ਬੁੱਧੀ ਵਾਲਾ ਮਨੁੱਖ ਵੀ ਡਾਰਵਿਨ ਦੀ ਇਸ ਥਿਊਰੀ ਨੂੰ ਕਦੇ ਕਬੂਲ ਨਹੀਂ ਕਰੇਗਾ। ਡਾਰਵਿਨ ਦੀ ਇਸ ਥਿਊਰੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਅਤੇ ਇਕ ਅੰਧ-ਵਿਸ਼ਵਾਸ ਸਾਬਤ ਕਰਨ ਲਈ ਕੁਝ ਤਰਕ-ਯੁਕਤ ਵਿਚਾਰ ਇਸ ਤਰ੍ਹਾਂ ਹਨ:
 1. ਅਜੋਕੇ ਸਮੇਂ ਵਿਚ ਉੱਚ ਦਰਜੇ ਦਾ ਕੋਈ ਵੀ ਵਿਗਿਆਨੀ, ਡਾਰਵਿਨ ਦੀ ਇਸ ਥਿਊਰੀ ਨਾਲ ਉੱਕਾ ਵੀ ਸਹਿਮਤ ਨਹੀਂ ਕਿਉਂਕਿ ਇਸ ਥਿਊਰੀ ਨੂੰ ਸੱਚ ਦਰਸਾਉਣ ਵਾਲਾ ਕੋਈ ਵੀ ਪੁਖਤਾ ਸਬੂਤ ਉਨ੍ਹਾਂ ਨੂੰ ਨਹੀਂ ਮਿਲਿਆ ਜਿਸ ਦਾ ਸੱਭ ਤੋਂ ਪਹਿਲਾ ਕਾਰਨ ਇਹ ਹੈ ਕਿ ਹਜ਼ਾਰਾਂ ਸਾਲਾਂ ਤੋਂ ਕਿਸੇ ਵੀ ਬਾਂਦਰ ਨੂੰ ਮਨੁੱਖ ਵਿਚ ਤਬਦੀਲ ਹੁੰਦਿਆਂ ਨਹੀਂ ਵੇਖਿਆ ਗਿਆ। ਹਜ਼ਾਰਾਂ ਸਾਲਾਂ ਤੋਂ ਵਿਗਿਆਨੀਆਂ ਦੇ ਸਾਹਮਣੇ ਬਾਂਦਰ, ਬਾਂਦਰ ਹੀ ਰਿਹਾ ਹੈ ਅਤੇ ਮਨੁੱਖ, ਮਨੁੱਖ ਹੀ ਰਿਹਾ ਹੈ ਕਿਸੇ ਵੀ ਬਾਂਦਰ ਨੇ ਹੁਣ ਤੱਕ ਇਕ ਟਾਹਣੀ ਤੋਂ ਦੂਜੀ ਟਾਹਣੀ 'ਤੇ ਛਾਲ ਮਾਰਦਿਆਂ ਇਹ ਨਹੀਂ ਆਖਿਆ, ''ਹੈਲੋ, ਮੈਂ ਹੁਣ ਬੰਦਾ ਬਣਨ ਜਾ ਰਿਹਾ ਹਾਂ, ਲੰਬੇ ਸਮੇਂ ਤੱਕ ਬਾਂਦਰ ਨਹੀਂ ਰਹਾਂਗਾ।''
   2. ਇਕ-ਸੈੱਲੀ ਜੀਵ ਹੋਂਦ ਵਿਚ ਕਿਵੇਂ ਆਖਿਆ? ਇਸ ਕਥਨ ਨੂੰ ਸਿੱਧ ਕਰਨ ਲਈ ਡਾਰਵਿਨ ਜਾਂ ਉਸ ਦੀ ਥਿਊਰੀ ਨੂੰ ਜਾਰੀ ਰੱਖਣ ਵਾਲਿਆਂ ਵਲੋਂ ਕੋਈ ਵੀ ਠੋਸ ਸਬੂਤ ਨਹੀਂ ਦਿੱਤਾ ਗਿਆ, ਸਿਰਫ਼ ਕਾਲਪਨਿਕ ਗੱਲਾਂ-ਬਾਤਾਂ ਹੀ ਹਨ।
  3. ਕੁਝ ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ 40-50 ਕਰੋੜ ਸਾਲਾਂ ਦੇ ਸਮੇਂ ਤੋਂ ਪਹਿਲਾਂ ਇਕੋ ਹੀ ਜਾਤੀ ਦੇ ਜੀਵ ਵਿਚਰ ਰਹੇ ਸਨ ਪਰ ਅਚਾਨਕ 13 ਨਵੀਆਂ ਜੀਵ-ਜਾਤੀਆਂ ਨੇ ਜਨਮ ਲੈ ਲਿਆ। ਵਿਗਿਆਨੀਆਂ ਦੀ ਇਹ ਖੋਜ ਡਾਰਵਿਨ ਥਿਊਰੀ ਨੂੰ ਬਿਲਕੁਲ ਹੀ ਰੱਦ ਕਰਦੀ ਹੈ ਕਿਉਂਕਿ ਡਾਰਵਿਨ ਥਿਊਰੀ ਆਖਦੀ ਹੈ ਕਿ ਜੀਵਾਂ ਦੀ ਵਿਕਾਸ ਕਿਰਿਆ ਇਕ ਉੱਗ ਰਹੇ ਪੌਦੇ ਵਾਂਗ ਬਹੁਤ ਹੌਲੀ-ਹੌਲੀ ਵਾਪਰਦੀ ਹੈ। ਪਰ ਇਕੋ ਤਰ੍ਹਾਂ ਦੀ ਜੀਵ ਜਾਤੀ ਦੀ ਹੋਂਦ ਸਮੇਂ 13 ਹੋਰ ਨਵੀਆਂ ਜਾਤੀਆਂ ਆਹਿਸਤਾ-ਆਹਿਸਤਾ ਨਾ ਹੋ ਕੇ ਇਕੋ ਸਮੇਂ ਅਚਾਨਕ ਪੈਦਾ ਹੋ ਜਾਣਾ ਡਾਰਵਿਨ ਥਿਊਰੀ ਨੂੰ ਨਿਰੁੱਤਰ ਕਰਦਾ ਹੈ।
  4. ਅੱਜ ਤੋਂ ਲਗਭਗ 50 ਕਰੋੜ ਸਾਲ ਪਹਿਲਾਂ ਜੇਲੀ ਫਿਸ਼ ਅਤੇ ਸਟਾਰ ਫਿਸ਼ ਜਿਸ ਤਰ੍ਹਾਂ ਦੀ ਸਰੀਰਕ ਬਣਤਰ ਅਤੇ ਗੁਣਾਂ ਵਾਲੀਆਂ ਪਹਿਲਾਂ ਸਨ, ਅੱਜ ਵੀ ਉਸੇ ਤਰ੍ਹਾਂ ਦੀ ਹੀ ਸਰੀਰਕ ਸੰਰਚਨਾ ਅਤੇ ਗੁਣ ਰਖਦੀਆਂ ਹਨ। ਵਿਕਾਸ ਦੀ ਕਿਰਿਆ ਉਨ੍ਹਾਂ ਤੇ ਕਿਉਂ ਨਹੀਂ ਲਾਗੂ ਹੋਈ?
 5. ਜੇਕਰ ਅਸੀਂ ਆਪਣੇ ਆਲੇ ਦੁਆਲੇ ਦੇ ਜੀਵਾਂ ਵੱਲ ਝਾਤੀ ਮਾਰੀਏ ਤਾਂ ਸਾਰੇ ਹੀ ਜੀਵ ਆਪਣੀ ਮੂਲ ਜਾਤੀ ਵਿਚ ਹੀ ਰਹੇ ਹਨ, ਕਿਸੇ ਹੋਰ ਜਾਤੀ ਵਿਚ ਤਬਦੀਲ ਨਹੀਂ ਹੋਏ। ਹਾਥੀ, ਹਾਥੀ ਹੀ ਰਿਹਾ ਹੈ। ਕੀਟ ਪਤੰਗੇ, ਕੀਟ ਪਤੰਗੇ ਹੀ ਰਹੇ ਹਨ। ਸ਼ੇਰ, ਚੀਤਾ, ਮੋਰ, ਮੱਛੀ ਆਦਿ ਸਾਰੇ ਹੀ ਜੰਗਲੀ-ਜੀਵ, ਜਲ-ਜੀਵ, ਪਸ਼ੂ-ਪੰਛੀ ਆਦਿ ਆਪਣੀ ਹੀ ਮੂਲ ਜਾਤੀ ਵਿਚ ਜੀਉਂਦੇ ਅਤੇ ਮਰਦੇ ਹਨ ਉਹ ਮਨੁੱਖ ਜਾਂ ਕੋਈ ਜੀਵ ਕਿਉਂ ਨਹੀਂ ਬਣੇ?
  6. ਅਜੋਕੇ ਵਿਗਿਆਨੀ ਇਹ ਆਖਦੇ ਹਨ ਕਿ ਸ਼ਾਰਕ ਮੱਛੀ ਲਗਭਗ 40 ਕਰੋੜ ਸਾਲ ਪਹਿਲਾਂ ਕੁਝ ਜਲ-ਜੀਵ ਪੂਰਨ ਵਿਕਸਿਤ ਸੀ, ਉਨੀ ਹੀ ਕੁਝ ਜਲ-ਜੀਵ ਪੂਰਨ ਵਿਕਸਿਤ ਸਨ ਤਾਂ ਫਿਰ ਕੁਝ ਜੀਵਾਂ ਨੂੰ ਹੀ ਕਿਉਂ ਏਨੇ ਲੰਮੇ ਅਰਸੇ ਲਈ ਵਿਕਾਸ ਦੀ ਕਿਰਿਆ ਵਿਚ ਗੁਜ਼ਰਨਾ ਪਿਆ?
  7. ਡਾਰਵਿਨ ਦਾ ਕਹਿਣਾ ਸੀ ਕਿ ਬਾਂਦਰ ਦਾ ਦਿਮਾਗ ਅਤੇ ਹਰਕਤਾਂ, ਦੂਸਰੇ ਜੀਵਾਂ ਨਾਲੋਂ ਮਨੁੱਖ ਨਾਲ ਜ਼ਿਆਦਾ ਮੇਲ ਖਾਂਦੀਆਂ ਹਨ ਪਰ ਅੱਜ ਦੇ ਵਿਗਿਆਨੀ ਖੋਜ ਕਰਨ ਉਪ੍ਰੰਤ ਇਹ ਦਾਅਵਾ ਕਰਦੇ ਹਨ ਕਿ ਕੁਝ ਸਮੁੰਦਰੀ ਜੀਵ ਇਹੋ ਜਿਹੇ ਹਨ ਜੋ ਮਨੁੱਖ ਨਾਲੋਂ ਜ਼ਿਆਦਾ ਤੇਜ਼-ਦਿਮਾਗ, ਸੰਵੇਨਸ਼ੀਲਤਾ ਅਤੇ ਸਰੀਰਕ-ਸਮਰੱਥਾਂ ਰਖਦੇ ਹਨ ਪਰ ਉਹ ਹਾਲੇ ਤੱਕ ਮਨੁੱਖ ਵਿਚ ਜਾਂ ਕਿਸੇ ਹੋਰ ਸਿਆਣੇ ਜੀਵ ਵਿਚ ਤਬਦੀਲ, ਨਾ ਹੀ ਹੋਏ ਹਨ ਅਤੇ ਨਾ ਹੀ ਹੋ ਸਕਦੇ ਹਨ।
  8. ਆਕਟੋਪਸ (ਅੱਠ ਲੱਤਾਂ ਵਾਲਾ ਸਮੁੰਦਰੀ ਜੀਵ) ਇਸ ਧਰਤੀ 'ਤੇ ਕਰੋੜਾਂ ਸਾਲਾਂ ਤੋਂ ਹੈ। ਮੇਮਲਜ਼ (ਥਣਧਾਰੀ ਜੀਵ) ਆਕਟੋਪਸ ਤੋਂ ਕਈ ਅਰਸੇ ਬਾਅਦ ਜਨਮੇ ਹਨ ਪਰ ਆਕਟੋਪਸ ਦੀਆਂ ਅੱਖਾਂ ਦੀ ਬਣਤਰ ਮੈਮਲਜ਼ ਦੀਆਂ ਅੱਖਾਂ ਦੀ ਬਣਤਰ ਨਾਲ ਮਿਲਦੀ ਹੈ। ਇਸ ਤੋਂ ਇਹ ਸਪਸ਼ੱਟ ਹੈ ਕਿ ਹਰ ਪ੍ਰ੍ਰਾਣੀ ਦੇ ਸਰੀਰਕ ਅੰਗਾਂ ਦੀ ਬਣਤਰ ਨਿਊਨਤਮ ਮਾਤਰਾ ਤੋਂ ਲੈ ਕੇ ਅਧਿਕਤਮ ਮਾਤਰਾ ਤੱਕ ਆਪਸ ਵਿਚ ਸਮਾਨ ਹੋ ਸਕਦੀ ਹੈ ਪਰ ਪੂਰਨ ਮਾਤਰਾ ਤੱਕ ਕਦੇ ਵੀ ਸਮਾਨਤਾ ਨਹੀਂ ਹੋ ਸਕਦੀ। ਮਿਸਾਲ ਦੇ ਤੌਰ 'ਤੇ ਕਿਸੇ ਰੁੱਖ ਦੇ ਪੱਤੇ ਵੀ ਆਪਸ ਵਿਚ ਪੂਰਨ ਤੌਰ 'ਤੇ ਕਦੇ ਵੀ ਸਮਾਨ ਨਹੀਂ ਹੁੰਦੇ। ਕਿਸੇ ਨਾ ਕਿਸੇ ਪੱਖ ਤੋਂ ਭਿੰਨਤਾ ਜ਼ਰੂਰ ਰੱਖਦੇ ਹਨ ਪਰ ਇਨ੍ਹਾਂ ਸਾਰੇ ਤੱਥਾਂ ਨੂੰ ਅੱਖੋਂ-ਪਰੋਖੇ ਕਰਕੇ ਡਾਰਵਿਨ ਦੀ ਥਿਊਰੀ ਇਸ ਗੱਲ ਵਿਚ ਵਿਸ਼ਵਾਸ ਰੱਖਦੀ ਹੈ ਕਿ ਬਾਂਦਰ ਤੋਂ ਹੀ ਮਨੁੱਖ ਪੈਦਾ ਹੋਇਆ ਹੈ ਬਾਂਦਰ ਤੋਂ ਹੀ ਮਨੁੱਖ ਬਣਨ ਦਾ ਵਿਸ਼ਵਾਸ ਦਿਵਾਉਣ ਲਈ ਡਾਰਵਿਨ ਥਿਊਰੀ ਚਿੰਪੈਂਜ਼ੀ ਦਾ ਸਹਾਰਾ ਲੈਂਦੀ ਹੈ। ਵਿਕਾਸ ਥਿਊਰੀ ਅਨੁਸਾਰ ਚਿੰਪੈਂਜ਼ੀ ਅਤੇ ਮਨੁੱਖ ਦਾ 4.N.1. ਆਪਸ ਵਿਚ 99% ਮੇਲ ਖਾਂਦਾ ਹੈ ਪਰ ਵਿਗਿਆਨੀ ਇਸ ਕਥਨ ਨੂੰ ਨਕਾਰਦੇ ਹੋਏ ਆਖਦੇ ਹਨ ਕਿ ਕੁਝ ਕੀੜਿਆਂ ਅਤੇ ਮਨੁੱਖ ਦਾ 4.N.1. ਵੀ ਆਪਸ ਵਿਚ 75% ਤੱਕ ਮੇਲ ਖਾਂਦਾ ਹੈ। ਤਾਂ ਫਿਰ ਕੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਕੀੜੇ ਮਨੁੱਖ ਵਰਗੇ ਹਨ ਜਿਸ ਤਰ੍ਹਾਂ ਚਿੰਪੈਂਜ਼ੀ ਹੈ? ਖੂਨ ਦਾ ਰੰਗ ਵੀ ਲਗਭਗ ਸਭ ਜੀਵਾਂ ਦਾ ਇਕੋ ਜਿਹਾ ਹੁੰਦਾ ਹੈ, ਤਾਂ ਫਿਰ ਕੀ ਇਹ ਮੰਨ ਲੈਣਾ ਚਾਹੀਦਾ ਹੈ ਕਿ ਸਭ ਜੀਵ ਸਰੀਰਕ ਚਾਲ-ਢਾਲ ਤੋਂ ਇਕੋ ਜਿਹਾ ਵਿਵਹਾਰ ਕਰਦੇ ਹਨ? ਚਿੰਪੈਂਜ਼ੀ ਦੀ ਮਨੁੱਖ ਨਾਲ ਸਮਾਨਤਾ ਜ਼ਾਹਰ ਕਰਨੀ ਤਾਂ ਦੂਰ, ਮਨੁੱਖ ਦੀ ਆਪਣੀ ਜੀਵ-ਜਾਤੀ ਦਾ ਅੰਗੂਠਾ ਬਾਹਰੀ ਰੂਪ ਤੋਂ ਭਾਵੇਂ ਸਮਾਨ ਲੱਗਦਾ ਹੈ ਪਰ ਕਿਸੇ ਵੀ ਮਨੁੱਖ ਦੀ ਆਪਸੀ ਅੰਗੂਠਿਆਂ ਦੀ ਛਾਪ ਕਦੇ ਵੀ ਇਕੋ ਜਿਹੀ ਨਹੀਂ ਹੁੰਦੀ।
   9. ਲੱਖਾਂ ਸਾਲ ਪਹਿਲਾਂ ਧਰਤੀ ਵਿਚ ਦਫ਼ਨ ਹੋਏ ਮਨੁੱਖੀ ਪਿੰਜਰਾਂ ਦਾ ਮਿਲਣਾ ਇਹ ਸਾਫ਼ ਜ਼ਾਹਰ ਕਰ ਰਿਹਾ ਹੈ ਕਿ ਲੱਖਾਂ ਸਾਲ ਪਹਿਲਾਂ ਵੀ ਮਨੁੱਖ ਦੀ ਹੋਂਦ ਕਾਇਮ ਸੀ। ਤਨਜ਼ਾਨੀਆ ਦੇਸ਼ ਦੇ ਪੱਥਰਾਂ ਉਤੇ ਮਨੁੱਖੀ ਪੈਰਾਂ ਦੇ ਨਿਸ਼ਾਨ ਉਕਰੇ ਹੋਏ ਮਿਲੇ ਹਨ। ਇਨ੍ਹਾਂ ਨਿਸ਼ਾਨਾਂ ਦੀ ਉਮਰ ਲਗਭਗ 36 ਲੱਖ ਸਾਲ ਪੁਰਾਣੀ ਦੱਸੀ ਜਾ ਰਹੀ ਹੈ। ''ਲੁਈਸ'' ਨਾਮਕ ਵਿਗਿਆਨੀ ਨੇ 1970 ਵਿਚ 'ਓਲਡਵਾਈ ਜੀਓਰਜ਼' ਨਾਮਕ ਸਥਾਨ ਵਿਖੇ ਇਕ ਇਹੋ ਜਿਹੀ ਝੌਂਪੜੀ ਲੱਭੀ ਜੋ ਲੱਖਾਂ ਸਾਲ ਪੁਰਾਣੀ ਹੈ ਤੇ ਜੋ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਦੇ ਰਹੀ ਹੈ ਕਿ ਮਨੁੱਖ ਉਦੋਂ ਵੀ ਘਰ ਬਣਾਉਣ ਦੇ ਕਾਬਲ ਸੀ। ਇਥੋਪੀਆ ਵਿਖੇ 23 ਲੱਖ ਸਾਲ ਪੁਰਾਣਾ ਇਕ ਜਬਾੜਾ ਮਿਲਿਆ ਹੈ ਜੋ ਅੱਜ ਦੇ ਮਨੁੱਖੀ ਜਬਾੜੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਨਿਰੰਤਰ ਹੋਈਆਂ ਖੋਜਾਂ ਅਧੀਨ ਪ੍ਰਾਪਤ ਹੋਏ ਇਸ ਤਰ੍ਹਾਂ ਦੇ ਹੋਰ ਕਈ ਨਮੂਨੇ ਹਨ ਜੋ ਡਾਰਵਿਨ ਦੀ ਥਿਊਰੀ ਨੂੰ ਜਵਾਬ-ਹੀਣ ਕਰ ਰਹੇ ਹਨ।
  10. ਡਾਰਵਿਨ ਦੀ ਥਿਊਰੀ ਅਨੁਸਾਰ ਹਰ ਸਿਸਟਮ ਬੇਤਰਤੀਬ ਤੋਂ ਤਰਤੀਬ ਵੱਲ ਵਧਦਾ ਹੈ ਭਾਵ ਹਰ ਢਾਂਚਾ ਪਹਿਲਾਂ ਬੇਤਰਤੀਬ (ਗੁੰਝਲਦਾਰ) ਹੁੰਦਾ ਹੈ ਅਤੇ ਫਿਰ ਵਿਕਾਸ ਦੀ ਕਿਰਿਆ ਤੋਂ ਗੁਜ਼ਰਦਿਆਂ ਹੋਇਆ ਇਕ ਤਰਤੀਬ ਵਿਚ ਬਣਦਾ ਜਾਂਦਾ ਹੈ ਜਦਕਿ ਉਲਟ ਭੌਤਿਕ ਵਿਗਿਆਨ ਦਾ ਇਕ ਨਿਯਮ ਐਂਟ੍ਰੋਪੀ (5ntropy) ਡਾਰਵਿਨ ਦੇ ਇਸ ਨਿਯਮ ਨੂੰ ਬਿਲਕੁਲ ਗਲਤ ਸਿੱਧ ਕਰਦਾ ਹੈ ਐਂਟ੍ਰੋਪੀ ਦਾ ਅਰਥ ਹੈ ਕਿ ਹਰ ਸਿਸਟਮ ਦਾ ਤਰਤੀਬ ਬੇਤਰਤੀਬ ਹੁੰਦੇ ਜਾਣਾ ਭਾਵ ਸਾਧਾਰਣਤਾ ਤੋਂ ਹੋਰ ਗੁੰਝਲਦਾਰ ਹੁੰਦੇ ਜਾਣਾ ਇਹ ਨਿਯਮ ਕੁਦਰਤ ਵਿਚ ਪਨਪ ਰਹੇ ਹਰ ਢਾਂਚੇ ਉੱਤੇ ਲਾਗੂ ਹੋਣ ਕਰਕੇ ਬਿਲਕੁਲ ਸੱਚ ਹੈ। ਮਿਸਾਲ ਦੇ ਤੌਰ 'ਤੇ ਸ਼ੁਰੂਆਤ ਹਰ ਬੀਜ਼ ਦੀ ਬਣਤਰ ਸੌਖੀ, ਸਿੱਧੀ-ਸਾਦੀ ਅਤੇ ਸਾਧਾਰਣ ਹੁੰਦੀ ਹੈ ਪਰ ਇਹ ਬੀਜ਼ ਆਹਿਸਤਾ-ਆਹਿਸਤਾ ਇਕ ਵਿਰਾਟ ਰੁੱਖ ਦਾ ਰੂਪ ਧਾਰ ਲੈਂਦਾ ਹੈ। ਇਕ ਛੋਟੇ ਜਿਹੇ ਬੀਜ ਵਿਚੋਂ ਬੇਅੰਤ ਟਾਹਣੀਆਂ, ਪੱਤੇ, ਫਲਾਂ, ਫੁੱਲਾਂ ਦੀ ਪੈਦਾਵਾਰ ਹੋ ਜਾਂਦੀ ਹੈ। ਇਸੇ ਤਰ੍ਹਾਂ ਹਰ ਜੀਵ ਦਾ ਢਾਂਚਾ ਸ਼ੁਰੂਆਤ ਵਿਚ ਬਹੁਤ ਹੀ ਸੂਖਮ, ਸਾਧਾਰਣ ਅਤੇ ਸਰਲ ਹੁੰਦਾ ਹੈ ਅਤੇ ਫਿਰ ਆਹਿਸਤਾ-ਆਹਿਸਤਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੇਚੀਦਾ, ਜਟਿਲ ਅਤੇ ਗੁੰਝਲਦਾਰ ਹੁੰਦਾ ਹੈ ਇਸ ਤਰ੍ਹਾਂ ਹਰ ਸਿਸਟਮ ਆਪਣੀ ਸਰਲ (ਤਰਤੀਬ) ਅਵਸਥਾ ਤੋਂ ਗੁੰਝਲਦਾਰ (ਬੇਤਰਤੀਬ) ਅਵਸਥਾ ਵੱਲ ਗਤੀ ਕਰਦਾ ਹੈ ਸੋ ਡਾਰਵਿਨ ਦੀ ਥਿਊਰੀ ਇਥੇ ਵੀ ਮਾਰ ਖਾਂਦੀ ਹੈ।
  11. ਜੇਕਰ ਜੀਵ-ਜਾਤੀਆਂ ਦਾ ਦੂਸਰੀਆਂ ਜੀਵ-ਜਾਤੀਆਂ ਵਿਚ ਵਿਕਾਸ ਹੋਣਾ ਇਕ ਸਚਾਈ ਹੈ ਤਾਂ ਕੀਟ-ਪਤੰਗੇ ਆਪਣੇ ਤੋਂ ਬਿਹਤਰ ਜੀਵ ਜਾਤੀਆਂ ਵਿਚ ਪਰਿਵਰਤਿਤ ਕਿਉਂ ਨਹੀਂ ਹੋਏ? ਹਾਥੀ ਆਪਣੀ ਤੋਂ ਉੱਚ ਜਾਤੀ ਵਿਚ ਕਿਉਂ ਨਹੀਂ ਗਿਆ? ਸੂਰ ਪਹਿਲਾਂ ਵੀ ਚਿੱਕੜ ਵਿਚ ਮਸਤ ਸੀ ਅੱਜ ਵੀ ਚਿੱਕੜ ਵਿਚ ਹੀ ਮਸਤ ਰਹਿੰਦਾ ਹੈ। ਜੇਕਰ ਜਾਤੀ-ਵਿਕਾਸ ਸਚਾਈ ਹੈ ਤਾਂ ਰੁੱਖ ਹਾਲੇ ਤੱਕ ਕਿਉਂ ਜ਼ਮੀਨ 'ਤੇ ਖੜ੍ਹੇ ਹਨ? ਦੌੜਨ ਕਿਉਂ ਨਹੀਂ ਲੱਗ ਪਏ? ਰੁੱਖ, ਲੱਖਾਂ ਸਾਲਾਂ ਤੋਂ ਆਪਣੇ ਢੁੱਕਵੇਂ ਸਥਾਨ 'ਤੇ ਉਗਦੇ ਅਤੇ ਸਥਿਰ ਰਹਿੰਦੇ ਆਏ ਹਨ ਹੁਣ ਤੱਕ ਕਿਸੇ ਵੀ ਜੀਵ-ਜਾਤੀ ਦਾ ਕਿਸੇ ਦੂਸਰੀ ਜੀਵ-ਜਾਤੀ ਵਿਚ ਤਬਦੀਲ ਹੋਣ ਦਾ ਕੋਈ ਵੀ ਸੱਚ ਸਾਹਮਣੇ ਨਹੀਂ ਆਇਆ।
   12. ਵਿਕਾਸ ਇਕ ਸਚਾਈ ਹੈ ਪਰ ਵਿਕਾਸ ਦੇ ਆਪਣੇ ਨਿਯਮ ਅਤੇ ਆਪਣੀ ਇਕ ਸੀਮਾ ਹੁੰਦੀ ਹੈ। ਵਿਕਾਸ, ਹਰ ਜੀਵ-ਜਾਤੀ ਵਿਚ ਹੁੰਦਾ ਹੈ ਪਰ ਇਕ ਜੀਵ-ਜਾਤੀ ਤੋਂ ਦੂਸਰੀ ਜੀਵ-ਜਾਤੀ ਵੱਲ ਨਹੀਂ ਹੁੰਦਾ। ਕੋਈ ਵੀ ਜੀਵ ਜਦੋਂ ਧਰਤੀ ਉਤੇ ਜਨਮ ਲੈਂਦਾ ਹੈ ਤਾਂ ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਉਸਦਾ ਇਹ ਵਿਕਾਸ ਆਪਣੀ ਹੀ ਜੀਵ-ਜਾਤੀ ਦੇ ਅੰਦਰ ਹੀ ਵਾਪਰਦਾ ਹੈ। ਇਹ ਨਹੀਂ ਕਿ ਉਹ ਕਿਸੇ ਦੂਸਰੀ ਸ਼੍ਰੇਣੀ ਦੇ ਜੀਵ ਵਿਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਹਰ ਮਨੁੱਖ, ਪਸ਼ੂ-ਪੰਛੀ, ਜੀਵ-ਜਾਤੂ, ਬਨਸਪਤੀ ਆਦਿ ਬੱਚੇ ਦੇ ਰੂਪ ਵਿਚ ਜਨਮ ਲੈਂਦੇ ਹਨ ਫਿਰ ਜਵਾਨ ਹੁੰਦੇ ਹਨ ਫਿਰ ਬੁਢਾਪੇ 'ਚੋਂ ਗੁਜ਼ਰਦੇ ਹਨ ਫਿਰ ਮਰ ਜਾਂਦੇ ਹਨ ਇਸੇ ਤਰ੍ਹਾਂ ਇਹ ਜਨਮ-ਮਰਨ ਦਾ ਚੱਕਰ ਨਿਯਮਬੱਧ ਚਲਦਾ ਰਹਿੰਦਾ ਹੈ ਪਰ ਇਹ ਵਿਕਾਸ ਚੱਕਰ ਹਰ ਜੀਵ ਜਾਤੀ ਦਾ ਆਪਣਾ ਹੁੰਦਾ ਹੈ ਕੁਦਰਤ ਨੇ ਅਜਿਹਾ ਕੋਈ ਨਿਯਮ ਨਹੀਂ ਬਣਾਇਆ ਜਿਸ ਦਾ ਕਿਸੇ ਇਕ ਜੀਵ-ਜਾਤੀ ਦਾ ਜੀਵ ਕਿਸੇ ਹੋਰ ਜੀਵ-ਜਾਤੀ ਦੇ ਜੀਵ ਵਿਚ ਵਿਕਸਿਤ ਹੋ ਜਾਵੇ।
   13. ਅਖੀਰ 'ਤੇ ਡਾਰਵਿਨ ਨੇ ਜੋ ਸਿੱਟਾ ਕੱਢਿਆ, ਉਹ ਤਾਂ ਅਜੋਕਾ ਵਿਗਿਆਨ ਕਦੇ ਵੀ ਕਬੂਲ ਨਹੀਂ ਕਰ ਸਕਦਾ ਡਾਰਵਿਨ ਨੇ ਅਖੀਰ ਵਿਚ ਇਹ ਸਿੱਟਾ ਸਾਹਮਣੇ ਰੱਖਿਆ ਕਿ ਉਹ ਜੀਵ ਹੀ ਜਿਉਂਦਾ ਰਹਿ ਸਕਦਾ ਹੈ ਜੋ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਨ ਦੇ ਕਾਬਲ ਹੁੰਦਾ ਹੈ ਅਜਿਹਾ ਸੁਣ ਕੇ ਤਾਂ ਇੰਜ ਜਾਪਦਾ ਹੈ ਜਿਵੇਂ ਡਾਰਵਿਨ, ਕੁਦਰਤ-ਪ੍ਰੇਮੀ ਨਹੀਂ, ਕੁਦਰਤ-ਵਿਰੋਧੀ ਹੋਵੇ ਪਰ ਅੱਜ ਦੇ ਵਿਗਿਆਨ ਨੇ ਜੀਵਨ ਦਾ ਜੇ ਕੋਈ ਨਿਚੋੜ ਕੱਢਿਆ ਹੈ ਤਾਂ ਉਹ ਇਹ ਹੈ ਕਿ ਜੇਕਰ ਕੁਦਰਤ ਦੇ ਨਿਯਮਾਂ ਅਨੁਸਾਰ ਆਪਣੇ ਆਲੇ-ਦੁਆਲੇ ਨਾਲ ਅੰਗ-ਸੰਗ ਅਤੇ ਅਨੁਕੂਲ ਹੋ ਕੇ ਪ੍ਰੇਮ-ਪੂਰਵਕ ਜੀਵਿਆ ਜਾਏ ਤਾਂ ਹੀ ਕਿਸੇ ਆਨੰਦਿਤ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ। ਜੇਕਰ ਜੀਵ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰੇਗਾ, ਜੰਗਲੀ ਅਤੇ ਅਹਿੰਸਾ ਭਰਿਆ ਵਿਵਹਾਰ ਕਰੇਗਾ ਅਤੇ ਅੰਤ ਨੂੰ ਨਫ਼ਰਤ ਦੀ ਅੱਗ ਵਿਚ ਹੀ ਸੜ ਕੇ ਸੁਆਹ ਹੋ ਜਾਵੇਗਾ ਪਰ ਅੱਜ ਦਾ ਮਨੁੱਖ ਆਪਣੇ ਆਲੇ ਦੁਆਲੇ ਦੇ ਜੀਵਾਂ ਨਾਲ ਸੰਘਰਸ਼ ਹੀ ਕਰ ਰਿਹਾ ਹੈ ਜਿਸ ਨਾਲ ਜੀਵ-ਜੰਤੂ, ਪਸ਼ੂ-ਪੰਛੀ, ਪੇੜ-ਪੌਦੇ ਅਲੋਪ ਹੁੰਦੇ ਜਾ ਰਹੇ ਹਨ ਪਾਣੀ, ਜ਼ਹਿਰ ਬਣਦਾ ਜਾ ਰਿਹਾ ਹੈ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਕੁਦਰਤ ਦੁਆਰਾ ਪ੍ਰਦਾਨ ਓਜ਼ੋਨ ਪਰਤ ਨੂੰ ਮਨੁੱਖ, ਆਪਣੇ ਹੱਥੀ ਆਪ ਕਤਲ ਕਰਦਾ ਜਾ ਰਿਹਾ ਹੈ ਬੇਲੋੜੀ ਅਬਾਦੀ ਪੈਦਾ ਕਰਨ ਵਿਚ ਮਨੁੱਖ ਦਾ ਪੂਰਾ ਸੰਘਰਸ਼ ਚੱਲ ਰਿਹਾ ਹੈ ਜੀਵ-ਜੰਤੂ, ਸ਼ੁੱਧ ਹਵਾ-ਪਾਣੀ ਅਤੇ ਵਾਤਾਵਰਣ ਨੂੰ ਤਰਸ ਰਹੇ ਹਨ। ਆਪਣੇ ਆਲੇ-ਦੁਆਲੇ ਦੇ ਸੰਘਰਸ਼  ਦੇ ਨਤੀਜੇ ਵਜੋਂ ਹੀ ਦੋ ਮਹਾਂ ਜੰਗਾਂ ਹੋ ਚੁੱਕੀਆਂ ਹਨ ਅਤੇ ਇਸੇ ਸੰਘਰਸ਼ ਸਦਕਾ ਹੀ ਤੀਜੀ ਵਿਸ਼ਵ ਜੰਗ ਦੀ ਤਿਆਰੀ ਵੀ ਚੱਲ ਰਹੀ ਹੈ ਪਰ ਅੱਜ ਦਾ ਵਿਗਿਆਨ, ਸੰਘਰਸ਼ ਵਿਚ ਨਹੀਂ, ਸਮਰਪਣ ਵਿਚ ਯਕੀਨ ਰੱਖਦਾ ਹੈ। ਅੱਜ ਦਾ ਵਿਗਿਆਨ ਨਫ਼ਰਤ ਵਿਚ ਨਹੀਂ ਬਲਕਿ ਪ੍ਰੇਮ ਵਿਚ ਯਕੀਨ ਰਖਦਾ ਹੈ ਕਿਉਂਕਿ ਅੱਜ ਦਾ ਵਿਗਿਆਨ ਸਹੀ ਅਰਥਾਂ ਵਿਚ ਧਾਰਮਿਕ ਹੋ ਰਿਹਾ ਹੈ।
         ਇਕ ਮਹਾਨ ਧਾਰਮਿਕ ਵਿਗਿਆਨੀ ਗੁਰੂ ਨਾਨਕ ਸਾਹਿਬ ਨੇ ਤਾਂ ਵਿਕਾਸ ਦੇ ਇਹੋ ਜਿਹੇ ਅਖੌਤੀ ਸਿਧਾਂਤਾਂ ਨੂੰ ਜੜ੍ਹੋਂ ਖਤਮ ਕਰਦਿਆਂ ਇਕ ਸਰਬ-ਵਿਆਪਕ ਸਿਧਾਂਤ ਲਾਗੂ ਕੀਤਾ ਉਨ੍ਹਾਂ ਫੁਰਮਾਇਆ ਕਿ ''ਕੀਤਾ ਪਸਾਉ ਏਕੋ ਕਵਾਉ£'' ਅਤੇ ''ਜੋ ਕਿਛੁ ਪਾਇਆ ਸੁ ਏਕਾ ਵਾਰ'' ਭਾਵ ਉਸ ਪ੍ਰਮਾਤਮਾ ਸਭ ਜੀਵਾਂ ਦਾ ਪਸਾਰਾ ਇਕੋ ਹੀ ਹੁਕਮ (ਕਵਾਉ) ਵਿਚ ਕਰ ਦਿੱਤਾ ਹੈ ਕਰਤੇ ਨੇ ਇਕੋ ਵਾਰ ਹੀ ਸਭ ਜੀਵਾਂ ਨੂੰ ਇਸ ਸ੍ਰਿਸ਼ਟੀ ਵਿਚ ਰਚਿਆ ਹੈ। ਸਭ ਜੀਵਾਂ ਦੀ ਸਿਰਜਣਾ ਉਨ੍ਹਾਂ ਨੇ ਜੀਵਨ ਅਨੂਕਲ ਧਰਤੀਆਂ ਉੱਤੇ ਕੀਤੀ ਹੈ ਜੋ ਜੀਵ ਕੁਦਰਤ ਦੇ ਨਿਯਮਾਂ ਅਨੁਸਾਰ ਚਲਦਾ ਹੈ, ਉਹ ਸੁੱਖ ਪਾਉਂਦਾ ਹੈ ਜੋ ਕੁਦਰਤ ਨਾਲ ਸੰਘਰਸ਼ ਕਰਦਾ ਹੈ ਉਹ ਦੁੱਖ ਪਾਉਂਦਾ ਹੈ। ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਨੂੰ ਅੱਜ ਦਾ ਵਿਗਿਆਨ ਖਿੜੇ ਮੱਥੇ ਸਵੀਕਾਰ ਕਰਦਾ ਹੈ ਅਤੇ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦਾ ਹੈ।
ਹਰ ਜਾਤੀ ਦੇ ਜੀਵ ਆਪਣੀ ਜਾਤੀ ਦੇ ਜੀਵਾਂ ਨੂੰ ਹੀ ਜਨਮ ਦਿੰਦੇ ਆਏ ਹਨ। ਇਹ ਚੱਕਰਵਿਊ ਇਸੇ ਤਰ੍ਹਾਂ ਹੀ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ। ਜੇਕਰ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਅਖੌਤੀ ਵਿਕਾਸ ਥਿਊਰੀਆਂ ਦੇ ਅਗਿਆਨ ਨੂੰ ਸਾਡੇ ਬੱਚਿਆ ਸਾਹਮਣੇ ਪਰੋਸਿਆ ਜਾਣਾ ਜਾਰੀ ਰਹੇ ਤਾਂ ਅੱਜ ਦੇ ਮਨੁੱਖ ਦੀ ਇਹ ਬਹੁਤ ਵੱਡੀ ਨਾ-ਸਮਝੀ ਹੈ। ਅੱਜ ਦਾ ਮਨੁੱਖ, ਅੰਧ-ਵਿਸ਼ਵਾਸ ਅਧੀਨ ਆਪਣੀ ਹੋਂਦ ਤੋਂ ਹੀ ਇਨਕਾਰੀ ਹੋਇਆ ਬੈਠਾ ਹੈ। ਜਿਹੜਾ ਮਨੁੱਖ ਆਪਣੀ ਹੋਂਦ ਨੂੰ ਹੀ ਸਮੁੱਚੇ ਤੌਰ 'ਤੇ ਅਸਵੀਕਾਰ ਕਰਦਾ ਹੈ, ਇਸ ਤਰ੍ਹਾਂ ਦੇ ਮਨੁੱਖ ਤੋਂ ਸੱਚ ਵੱਲ ਵਿਕਸਿਤ ਹੋਣ ਦੀ ਕੀ ਆਸ ਰੱਖੀ ਜਾ ਸਕਦੀ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਚਾਈ ਨੂੰ ਅੱਗੇ ਲਿਆਉਣ ਲਈ ਇਹੋ ਜਿਹੇ ਸਿਧਾਂਤਾਂ ਦੀ ਵਿਗਿਆਨਕ ਅਤੇ ਤਰਕਪੂਰਨ ਤਰੀਕੇ ਨਾਲ ਤਫ਼ਤੀਸ਼ ਕਰਵਾਏ ਅਤੇ ਗਲਤ ਸਿਧਾਂਤਾਂ ਨੂੰ ਨਕਾਰਦੇ ਹੋਏ ਸਹੀ ਸਿਧਾਂਤਾਂ ਦੀ ਸਿੱਖਿਆ ਪ੍ਰਤੀ ਯਤਨਸ਼ੀਲ ਬਣੇ ਤਾਂ ਕਿ ਆਉਣ ਵਾਲੇ ਬੱਚੇ, ਸੱਚ ਪ੍ਰਤੀ ਜਾਗਰੂਕ ਹੋ ਸਕਣ ਅਤੇ ਮਨੁੱਖਤਾ ਲਈ ਰਾਹ-ਦਸੇਰਾ ਬਣ ਸਕਣ।

ਜਸਦੀਪ ਸਿੰਘ ਗੁਣਹੀਣ
95921-20120