ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਲ-ਮਨਾਂ ਵਿਚ ਡਰ ਦੀ ਭਾਵਨਾ


ਡਰ ਇਕ ਕੁਦਰਤੀ ਭਾਵਨਾ ਹੈ। ਆਦਿ ਕਾਲ ਤੋਂ ਹੀ ਮਨੁੱਖ ਕਿਸੇ ਨਾ ਕਿਸੇ ਅਦਿੱਖ ਸ਼ਕਤੀ, ਆਵਾਜ਼ ਜਾਂ ਕਿਸੇ ਤਰ੍ਹਾਂ ਦੇ ਭੈਅ ਤੋਂ ਚਿੰਤਤ ਰਿਹਾ ਹੈ। ਬਚਪਨ ਤੋਂ ਹੀ ਕਈ ਤਰ੍ਹਾਂ ਦੇ ਡਰ ਸਾਡੇ ਮਨਾਂ ਵਿਚ ਬੈਠ ਜਾਂਦੇ ਹਨ। ਬੱਚਿਆਂ ਦੇ ਮਨ ਵਿਚਲੇ ਡਰ ਉੱਪਰ ਕਿਵੇਂ ਕਾਬੂ ਪਾਇਆ ਜਾਵੇ, ਇਹ ਮਾਪਿਆਂ ਲਈ ਇਕ ਬਹੁਤ ਵੱਡੀ ਸਮੱਸਿਆ ਹੈ। ਜੇਕਰ ਸ਼ੁਰੂ ਤੋਂ ਹੀ ਮਾਪੇ ਸੁਚਾਰੂ ਯਤਨ ਕਰਨ ਤਾਂ ਬੱਚਿਆਂ ਦੇ ਡਰ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਬੱਚੇ ਕਿਹੜੀ ਗੱਲ ਤੋਂ ਜ਼ਿਆਦਾ ਡਰਦੇ ਹਨ। ਆਮ ਤੌਰ 'ਤੇ ਬੱਚੇ ਤੇਜ਼ ਆਵਾਜ਼, ਹਨੇਰਾ, ਡੂੰਘੇ ਪਾਣੀ, ਅਜੀਬ ਤਰ੍ਹਾਂ ਦੇ ਪ੍ਰਛਾਵੇਂ, ਉੱਚੀ ਜਗ੍ਹਾ ਆਦਿ ਤੋਂ ਵਧੇਰੇ ਡਰਦੇ ਹਨ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਡਰਨ ਨਾਲ ਬਹੁਤ ਰੁਕਾਵਟ ਪੈਂਦੀ ਹੈ। ਸ਼ੁਰੂ-ਸ਼ੁਰੂ ਵਿਚ ਬੱਚੇ ਸਕੂਲ ਜਾਣ ਤੋਂ ਵੀ ਡਰਦੇ ਹਨ। ਜੇ ਬੱਚਾ ਸਕੂਲ ਜਾਣ ਤੋਂ ਡਰਦਾ ਹੈ ਤਾਂ ਮਾਂ-ਬਾਪ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਡਰ ਉਸ ਲਈ ਨਾਕਾਰਾਤਮਿਕ ਭਾਵਨਾਵਾਂ ਪੈਦਾ ਕਰੇਗਾ। ਸਕੂਲ ਜਾਣ ਦੇ ਡਰ ਨੂੰ ਹਟਾਉਣ ਲਈ ਮਾਪਿਆਂ ਨੂੰ ਖੁਦ ਬੱਚੇ ਦੇ ਸਕੂਲ ਥੋੜ੍ਹਾ ਚਿਰ ਜਾਣਾ ਪਵੇਗਾ। ਛੋਟੀ ਉਮਰ ਤੋਂ ਹੀ ਬੱਚੇ ਦੇ ਵਿਹਾਰ ਅਤੇ ਗਤੀਵਿਧੀਆਂ ਉੱਪਰ ਨਜ਼ਰ ਰੱਖਣੀ ਜ਼ਰੂਰੀ ਹੈ। ਜੇਕਰ ਸਹੀ ਸਮੇਂ 'ਤੇ ਬੱਚਾ ਡਰਨ ਤੋਂ ਨਹੀਂ ਹਟਦਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਡਰ ਉਸ ਵਾਸਤੇ ਗੰਭੀਰ ਮਾਨਸਿਕ ਬਿਮਾਰੀਆਂ ਪੈਦਾ ਕਰ ਦੇਵੇਗਾ।
ਆਓ, ਕੁਝ ਨੁਕਤੇ ਜਾਣੀਏ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਬੱਚਿਆਂ ਨੂੰ ਡਰ ਤੋਂ ਬਚਾਅ ਸਕਦੇ ਹਾਂ। * ਮਾਂ-ਬਾਪ ਨੂੰ ਖੁਦ ਬੱਚਿਆਂ ਸਾਹਮਣੇ ਸਾਹਸੀ ਜਾਂ ਬਹਾਦਰ ਹੋਣ ਦਾ ਪ੍ਰਭਾਵ ਦੇਣਾ ਪਵੇਗਾ। ਕਈ ਵਾਰ ਘਰ ਵਿਚ ਕਿਸੇ ਨੂੰ ਡਰਦਾ ਦੇਖ ਕੇ ਬੱਚੇ ਡਰਨਾ ਸਿੱਖ ਜਾਂਦੇ ਹਨ, ਇਸ ਲਈ ਜੇਕਰ ਡਰਨ ਦੀ ਸਥਿਤੀ ਆ ਜਾਵੇ, ਬੱਚੇ ਦੇ ਸਾਹਮਣੇ ਆਪਣਾ ਵਿਹਾਰ ਸੰਜਮ ਭਰਪੂਰ ਰੱਖੋ, ਕਿਉਂਕਿ ਰੱਬ ਤੋਂ ਬਾਅਦ ਮਾਪੇ ਹੀ ਬੱਚੇ ਨੂੰ ਸਭ ਤੋਂ ਵੱਡਾ ਆਸਰਾ ਜਾਪਦੇ ਹਨ।
* ਬੱਚਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਹੋ ਸਕਦਾ ਹੈ ਜਿਸ ਗੱਲ ਨੂੰ ਅਸੀਂ ਹਲਕਾ ਸਮਝਦੇ ਹਾਂ, ਬੱਚਿਆਂ ਲਈ ਉਹ ਬਹੁਤ ਵੱਡੀ ਹੋਵੇ। * ਬੱਚੇ ਨਾਲ ਗੱਲਬਾਤ ਕਰਕੇ ਉਸ ਦੇ ਮਨ ਵਿਚ ਛੁਪੇ ਡਰ ਨੂੰ ਦੂਰ ਕੀਤਾ ਜਾ ਸਕਦਾ ਹੈ। * ਬੱਚੇ ਨੂੰ ਖਾਣਾ ਖਵਾਉਣ ਜਾਂ ਸਵਾਉਣ ਲਈ ਕਦੇ ਵੀ ਕਿਸੇ ਖਾਸ ਚੀਜ਼ ਦਾ ਨਾਂਅ ਲੈ ਕੇ ਨਾ ਡਰਾਓ। ਇਹ ਢੰਗ ਕੋਈ ਸਮਝਦਾਰੀ ਦਾ ਪੈਮਾਨਾ ਨਹੀਂ ਹੈ। ਇਸ ਨਾਲ ਬੱਚੇ ਨੂੰ ਹੌਲੀ-ਹੌਲੀ ਸਮਝ ਆ ਜਾਵੇਗੀ ਕਿ ਉਸ ਨੂੰ ਐਵੇਂ ਹੀ ਡਰਾਇਆ ਜਾ ਰਿਹਾ ਹੈ। ਜੇਕਰ ਉਹ ਡਰ ਜਾਵੇ ਤਾਂ ਇਹ ਡਰ ਪੱਕੇ ਤੌਰ 'ਤੇ ਉਸ ਦੇ ਮਨ ਵਿਚ ਆ ਜਾਵੇਗਾ, ਜਿਸ ਕਾਰਨ ਅੱਗੇ ਚੱਲ ਕੇ ਉਸ ਦੇ ਵਿਅਕਤੀਤਵ ਵਿਚ ਰੁਕਾਵਟ ਪਵੇਗੀ। * ਜੇਕਰ ਬੱਚਾ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਤੋਂ ਡਰਦਾ ਹੈ ਤਾਂ ਇਸ ਦਾ ਚਰਚਾ ਆਮ ਲੋਕਾਂ ਵਿਚ ਬੱਚੇ ਦੇ ਸਾਹਮਣੇ ਨਾ ਕਰੋ, ਬੱਚਾ ਹੀਣ ਭਾਵਨਾ ਮਹਿਸੂਸ ਕਰੇਗਾ। * ਬਹੁਤ ਛੋਟੇ ਬੱਚੇ ਨੂੰ ਇਕੱਲੇ ਨੂੰ ਟੀ. ਵੀ. ਜਾਂ ਫਿਲਮਾਂ ਨਾ ਦੇਖਣ ਦਿਓ, ਕਿਸੇ ਨਾ ਕਿਸੇ ਵੱਡੇ ਮੈਂਬਰ ਦੇ ਸਾਹਮਣੇ ਹੀ ਬੱਚਾ ਪ੍ਰੋਗਰਾਮ ਦੇਖੇ, ਉਸ ਨੂੰ ਡਰਾਉਣੀਆਂ ਫਿਲਮਾਂ ਅਤੇ ਜਾਦੂਈ ਸੀਰੀਅਲਾਂ ਤੋਂ ਦੂਰ ਹੀ ਰੱਖਿਆ ਜਾਵੇ।
     ਇਹ ਸਮਝਣਾ ਜ਼ਰੂਰੀ ਹੈ ਕਿ ਮੁਢਲੇ ਯਤਨਾਂ ਨਾਲ ਹੀ ਇਕ ਪਲ ਵਿਚ ਬੱਚੇ ਦਾ ਡਰ ਦੂਰ ਨਹੀਂ ਹੋ ਸਕਦਾ, ਇਸ ਵਾਸਤੇ ਸਬਰ-ਸੰਤੋਖ ਦੀ ਜ਼ਰੂਰਤ ਹੁੰਦੀ ਹੈ। ਲੋੜ ਹੈ ਬੱਚਿਆਂ ਦੀ ਮਾਨਸਿਕ ਅਵਸਥਾ ਨੂੰ ਸਮਝਣ ਦੀ, ਉਨ੍ਹਾਂ ਅੰਦਰੋਂ ਡਰ ਦੀ ਭਾਵਨਾ ਕੱਢਣਾ ਵੱਡਿਆਂ ਦਾ ਹੀ ਫਰਜ਼ ਹੈ, ਉਨ੍ਹਾਂ ਨੂੰ ਬਹਾਦਰ ਲੋਕਾਂ ਦੀਆਂ ਕਥਾਵਾਂ ਵਿਖਾਈਆਂ ਅਤੇ ਸੁਣਾਈਆਂ ਜਾ ਸਕਦੀਆਂ ਹਨ। ਆਓ, ਇਕ ਬਹਾਦਰ ਅਤੇ ਸਾਹਸੀ ਪੀੜ੍ਹੀ ਦੇ ਨਿਰਮਾਣ ਲਈ ਡਰ ਦੀ ਭਾਵਨਾ ਨੂੰ ਬੱਚਿਆਂ ਤੋਂ ਦੂਰ ਰੱਖੀਏ ਅਤੇ ਨਵੀਆਂ ਲੀਹਾਂ 'ਤੇ ਚੱਲਣਾ ਸਿਖਾਈਏ।
- ਪ੍ਰੋ. ਕੁਲਜੀਤ ਕੌਰ