ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਾਂਸੀ ਦੀ ਸਜ਼ਾ : ਸਿੱਖ ਇਤਿਹਾਸ ਦੇ ਝਰੋਖੇ 'ਚੋਂ


ਪ੍ਰੋ. ਦਵਿੰਦਰਪਾਲ ਸਿੰਘ ਵੱਲੋਂ ਫਾਂਸੀ ਦੀ ਸਜ਼ਾ ਖਿਲਾਫ਼ ਭਾਰਤ ਦੇ ਰਾਸ਼ਟਰਪਤੀ ਨੂੰ ਕੀਤੀ ਰਹਿਮ ਦੀ ਅਪੀਲ ਦੇ ਬੇਰੁਖੀ ਨਾਲ ਰੱਦ ਕਰ ਦਿੱਤੇ ਜਾਣ ਨਾਲ ਮੌਤ ਦੀ ਸਜ਼ਾ ਬਾਰੇ ਬਹਿਸ ਇਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਭਖਵੀਂ ਚਰਚਾ ਦਾ ਵਿਸ਼ਾ ਬਣ ਗਈ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਰਗਰਮ ਤਾਕਤਾਂ ਵੱਲੋਂ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਆਪਣੇ ਆਪਣੇ ਰਾਜਾਂ ਅੰਦਰ ਮੌਤ ਦੀ ਸਜ਼ਾ ਖਤਮ ਕਰ ਦੇਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਕਿ ਦੁਨੀਆਂ ਦੇ ਬਹੁਗਿਣਤੀ ਰਾਜਾਂ ਨੇ ਇਹ ਮੱਧਯੁਗੀ ਲਾਹਨਤ ਖਤਮ ਕਰ ਦਿੱਤੀ ਹੈ ਪਰ ਭਾਰਤ ਸਮੇਤ ਕਈ ਦੇਸ਼ ਅਜੇ ਵੀ ਸਜ਼ਾ ਦੇਣ ਦੇ ਇਸ ਗੈਰ-ਮਨੁੱਖੀ ਢੰਗ ਨੂੰ ਜਾਰੀ ਰੱਖਣ ਦੀ ਅੜੀ ਕਰ ਰਹੇ ਹਨ। ਸਿੱਖਾਂ ਲਈ ਇਹ ਗੱਲ ਬਹੁਤ ਵੱਡੇ ਅਰਥ ਰੱਖਦੀ ਹੈ ਕਿ ਜਿਥੇ ਭਾਰਤ ਦੇ ਹਿੰਦੂ ਹਾਕਮ ਅਜੋਕੇ 'ਸਭਿਅਤਾ ਤੇ ਜਮਹੂਰੀਅਤ ਦੇ ਯੁੱਗ' ਅੰਦਰ ਵੀ ਮੌਤ ਦੀ ਸਜ਼ਾ ਦੀ ਮੱਧ-ਯੁੱਗੀ ਰੀਤ ਨੂੰ ਜਾਰੀ ਰੱਖਣ ਲਈ ਬਜ਼ਿੱਦ ਹਨ, ਉਥੇ ਮਹਾਰਾਜਾ ਰਣਜੀਤ ਸਿੰਘ ਨੇ ਮੱਧ-ਯੁੱਗ ਅੰਦਰ ਵੀ ਆਪਣੇ ਰਾਜ ਅੰਦਰ ਮੌਤ ਦੀ ਸਜ਼ਾ ਦਾ ਪੂਰਨ ਖਾਤਮਾ ਕਰ ਦਿੱਤਾ ਸੀ। ਉਨ੍ਹਾਂ ਸਮਿਆਂ ਵਿਚ ਅਜਿਹਾ ਮਾਨਵਤਾ ਪੱਖੀ ਕਦਮ ਚੁੱਕਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ।  ਖਾਸ ਕਰਕੇ ਉਸ ਵੇਲੇ ਜਦੋਂ ਖਾਲਸਾ ਰਾਜ ਚੌਹਾਂ ਪਾਸਿਆਂ ਤੋਂ ਦੁਸ਼ਮਣਾਂ ਵਿਚ ਘਿਰਿਆਂ ਹੋਇਆ ਸੀ ਅਤੇ ਇਸਦੀ ਹੋਂਦ ਮਿਟਾਉਣ ਦੇ ਪੁਰਜ਼ੋਰ ਯਤਨ ਹੋ ਰਹੇ ਸਨ। ਇਤਿਹਾਸ ਅੰਦਰ ਦੁਨੀਆਂ ਵਿਚ ਬਹੁਤ ਇਨਕਲਾਬ ਹੋਏ ਹਨ ਪਰ ਕੋਈ ਵੀ ਇਨਕਲਾਬੀ ਹਕੂਮਤ ਮੌਤ ਦੀ ਸਜ਼ਾ ਖਤਮ ਨਹੀਂ ਕਰ ਸਕੀ। ਇਹ ਨਾਮਣਾ ਨਾ ਫਰਾਂਸ ਦੇ ਇਨਕਲਾਬੀ (ਜੈਕੋਬਿਨਜ) ਖੱਟ ਸਕੇ ਸਨ ਤੇ ਨਾ ਰੂਸ ਅੰਦਰ 'ਸੰਸਾਰ ਦੀ ਸਭ ਤੋਂ ਵੱਧ ਇਨਕਲਾਬੀ ਵਿਚਾਰਧਾਰਾ' ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਲੈਨਿਨ, ਟਰਾਟਸਕੀ ਤੇ ਸਟਾਲਿਨ ਵਰਗੇ ਧੁਨੰਤਰ ਆਗੂ ਇਹ ਮਾਣ ਹਾਸਲ ਕਰ ਸਕੇ। ਇਸ ਤੱਥ ਨਾਲ ਸਿੱਖ ਧਰਮ ਦਾ ਨਿਆਰਾਪਣ ਗੂੜ੍ਹੀ ਤਰ੍ਹਾਂ ਪਰਗਟ ਹੋ ਜਾਂਦਾ ਹੈ। ਸਰਬੱਤ ਦੇ ਭਲੇ ਦੇ ਫਲਸਫੇ ਨੂੰ ਪਰਣਾਇਆ ਬਾਦਸ਼ਾਹ ਹੀ ਅਜਿਹਾ ਕਲਿਆਣਕਾਰੀ ਕਦਮ ਚੁੱਕ ਸਕਦਾ ਸੀ। ਇਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕੁਝ ਅਜਿਹੇ ਲੋਕਾਂ ਦੀਆਂ ਲਿਖਤੀ ਗਵਾਹੀਆਂ ਪੇਸ਼ ਕਰ ਰਹੇ ਹਾਂ ਜਿਹੜੇ ਜਾਂ ਤਾਂ ਉਸਦੇ ਸਮਕਾਲੀ ਸਨ ਅਤੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰਾਂ ਦੇ ਖਾਨਦਾਨ ਨਾਲ ਤੁਅੱਲਕ ਰਖਦੇ ਹਨ। ਜਿਵੇਂ ਕਿ ਫਕੀਰ ਸਯਦ ਵਹੀਦਉੱਦੀਨ, ਜਿਹੜਾ ਕਿ ਮਹਾਰਾਜੇ ਦੇ ਵਜ਼ੀਰ ਸਾਹਿਬਾਨ ਫਕੀਰ ਭਰਾਵਾਂ ਦੇ ਖਾਨਦਾਨ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਆਪਣੇ ਵਡੇਰਿਆਂ ਦੇ ਲਿਖੇ ਹੋਏ ਰਿਕਾਰਡ ਨੂੰ ਅਧਾਰ ਬਣਾਕੇ 'ਰਣਜੀਤ ਸਿੰਘ : ਅਸਲੀ ਰੂਪ' ਨਾਂ ਦੀ ਬਹੁਚਰਚਿਤ ਕਿਤਾਬ ਲਿਖੀ ਹ। ਗੈਰ-ਸਿੱਖ ਲੇਖਕਾਂ ਦੀਆਂ ਇਹ ਗਵਾਹੀਆਂ ਉਨ੍ਹਾਂ ਸਿੱਖ ਵਿਦਵਾਨਾਂ ਲਈ ਸ਼ੀਸ਼ਾ ਮੁਹੱਈਆ ਕਰਦੀਆਂ ਹਨ, ਜਿਹੜੇ ਅਨਮਤੀਆਂ ਦੀ ਰੀਸੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਨੂੰ ਧੁੰਦਲਾ ਕਰਨ ਦੇ ਸਿੱਖ-ਦੋਖੀ ਕਾਰਜ ਵਿਚ ਭਾਈਵਾਲ ਬਣ ਰਹੇ ਹਨ।
ਫਕੀਰ ਸੱਯਦ ਵਹੀਦਉੱਦੀਨ -
ਮਹਾਰਾਜਾ ਰਣਜੀਤ ਸਿੰਘ ਦੀ) ਨਿਆਂ-ਪ੍ਰਣਾਲੀ ਨੂੰ ਉਸ ਸਮੇਂ ਦੇ ਨਾਪ ਅਨੁਸਾਰ ਇਕ ਸੁਚੱਜੀ ਪ੍ਰਣਾਲੀ ਮੰਨਿਆ ਜਾ ਸਕਦਾ ਹੈ। ਉਦੋਂ ਬਕਾਇਦਾ ਕਚਹਿਰੀਆਂ ਹੁੰਦੀਆਂ ਸਨ, ਜਿਨ੍ਹਾਂ ਉਪਰ ਜੱਜ ਸਾਹਿਬਾਨ ਇਨਸਾਫ਼ ਕਰਨ ਲਈ ਨਿਯੁਕਤ ਕੀਤੇ ਜਾਂਦੇ ਸਨ। ਹਰ ਕਿਸਮ ਦੇ ਲੋਕ ਹਿੰਦੂ, ਸਿੱਖ ਜਾਂ ਮੁਸਲਮਾਨ ਜੋ ਆਮ ਰਿਵਾਜੀ ਕਾਨੂੰਨ ਅਨੁਸਾਰ ਪ੍ਰਬੰਧ ਚਾਹੁੰਦੇ ਸਨ, ਉਨ੍ਹਾਂ ਨੂੰ ਇਨ੍ਹਾਂ ਕਚਹਿਰੀਆਂ ਦੀ ਵਰਤੋਂ ਦੀ ਖੁੱਲ੍ਹ ਸੀ। ਇਸ ਤੋਂ ਇਲਾਵਾ ਖਾਸ ਕਚਹਿਰੀਆਂ ਮੁਸਲਮਾਨਾਂ ਵਾਸਤੇ ਹੁੰਦੀਆਂ ਸਨ, ਜਿੱਥੇ ਸ਼ਰਾ ਮੁਤਾਬਕ ਕਾਰਵਾਈ ਹੁੰਦੀ ਸੀ।
ਪੂਰਬ ਦੇ ਹੋਰ ਬਾਦਸ਼ਾਹਾਂ ਵਾਂਗ ਰਣਜੀਤ ਸਿੰਘ ਦੀ ਵੀ ਆਦਤ ਸੀ ਕਿ ਜਦੋਂ ਬਾਜ਼ਾਰ ਵਿਚ ਲੰਘਦਾ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਤੇ ਦਰਖਾਸਤਾਂ ਲੈਂਦਾ ਸੀ। ਆਮ ਤਰੀਕਾ ਇਹ ਸੀ ਕਿ ਫਰਿਆਦੀ ਸ਼ਾਹੀ ਜਲੂਸ ਵਾਲੇ ਰਸਤੇ 'ਤੇ ਲੇਟ ਜਾਂਦਾ ਜਾਂ ਇਕੱਠ ਤੇ ਭੀੜ ਵਿਚੋਂ ਹੀ ਮਹਾਰਾਜੇ ਨੂੰ ਉੱਚੀ ਸਾਰੀ ਆਵਾਜ਼ ਵਿਚ ਸਹਾਇਤਾ ਲਈ ਬੇਨਤਾ ਕਰਦਾ। ਕੁਝ ਫੈਸਲੇ ਮਹਾਰਾਜਾ ਮੌਕੇ 'ਤੇ ਹੀ ਕਰ ਦਿੰਦਾ ਤੇ ਬਾਕੀਆਂ ਬਾਰੇ ਜੋ ਅਫ਼ਸਰ ਨਾਲ ਹੁੰਦੇ, ਉਨ੍ਹਾਂ ਨੂੰ ਕਹਿ ਦਿੰਦਾ। ਉਸ ਦੀ ਯਾਦ ਸ਼ਕਤੀ ਏਨੀ ਤੇਜ਼ ਸੀ ਕਿ ਇਨਸਾਫ਼ ਹੋਇਆ ਕਿ ਨਹੀਂ, ਬਾਅਦ ਵਿਚ ਇਨ੍ਹਾਂ ਬਾਰੇ ਪੁੱਛਦਾ ਤੇ ਹੇਠਲੇ ਅਫ਼ਸਰਾਂ ਦੇ ਫੈਸਲਿਆਂ ਦੀ ਵੀ ਪੜਤਾਲ ਕਰਦਾ। ਕਦੀ ਕਦੀ ਐਸੇ ਮੌਕੇ ਵੀ ਆਏ ਜਦੋਂ ਉਸ ਨੇ ਆਪਣੀ ਨਿੱਜੀ ਵਾਕਫੀਅਤ ਸਦਕਾ ਅਫ਼ਸਰਾਂ ਦੇ ਤਸਦੀਕ ਕੀਤੀ ਜਾਂ ਬਦਲ ਦਿੱਤਾ।
ਆਪਣੇ ਮਹੱਲ ਦੇ ਇਕ ਹਿੱਸੇ ਵਿਚ ਉਸ ਨੇ ਦਰਖਾਸਤਾਂ ਲਈ ਇਕ ਡੱਬਾ ਰੱਖਿਆ ਹੋਇਆ ਸੀ, ਜਿਸ ਤੀਕ ਹਰ ਇਕ ਨੂੰ ਪਹੁੰਚ ਪ੍ਰਾਪਤ ਸੀ ਅਤੇ ਇਸ ਬਕਸੇ ਦੀ ਚਾਬੀ ਉਹ ਆਪਣੀ ਜੇਬ ਵਿਚ ਰੱਖਦਾ ਸੀ। ਬਕਸੇ ਵਾਲੀਆਂ ਦਰਖਾਸਤਾਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਤੇ ਉਹ ਤੁਰੰਤ ਯੋਗ ਕਾਰਵਾਈ ਕਰਨ ਲਈ ਹੁਕਮ ਦਿੰਦਾ।
ਉਸ ਤੋਂ ਪਹਿਲੇ ਦੇ ਰਾਜਿਆਂ, ਭੰਗੀਆਂ ਦੇ ਸਮੇਂ ਜ਼ੁਰਮ ਬਹੁਤ ਵਧ ਗਿਆ ਸੀ, ਪਰ ਉਸ ਦੇ ਆਪਣੇ ਰਾਜ ਵਿਚ ਇਹ ਘਟਦਾ ਘਟਦਾ ਤਕਰੀਬਨ ਖਤਮ ਹੋ ਗਿਆ ਸੀ। ਇਸ ਦੇ ਕਈ ਕਾਰਨ ਸਨ-ਰੋਕਥਾਮ ਦੀ ਕਾਰਵਾਈ, ਲੋਕਾਂ ਲਈ ਅਮਨ ਅਤੇ ਸ਼ਾਂਤੀ ਦੇ ਸਮੇਂ ਦਾ ਆਣਾ, ਵਧੇਰੇ ਖੁਸ਼ਹਾਲੀ ਤੇ ਇਨਸਾਫ਼ ਦਾ ਉਤਮ ਪ੍ਰਬੰਧ। ਸਜ਼ਾਵਾਂ ਵੀ ਮਾਨਵ ਹਿਤੈਸ਼ੀ ਸਨ। ਮਿਸਾਲ ਵਜੋਂ, ਫਾਂਸੀ ਦੀ ਸਜ਼ਾ ਜਿਸ ਨੂੰ ਹੁਣ ਦੀਆਂ ਸਰਕਾਰਾਂ ਵੀ ਨਹੀਂ ਖਤਮ ਕਰ ਸਕੀਆਂ, ਉਸ ਦੇ ਸਮੇਂ ਕਿਸੇ ਨੂੰ ਨਹੀਂ ਮਿਲੀ। ਇਥੋਂ ਤੱਕ ਕਿ ਜਦੋਂ ਮਹਾਰਾਜੇ ਦੀ ਆਪਣੀ ਜ਼ਿੰਦਗੀ 'ਤੇ ਵੀ ਮਾਰੂ ਹੱਲੇ ਕੀਤੇ ਗਏ ਤਦ ਵੀ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਗਈ। (ਰਣਜੀਤ ਸਿੰਘ : ਅਸਲੀ ਰੂਪ ਸਫ਼ੇ 17-18)
ਸਰ ਹੈਨਰੀ ਫੇਨ -
ਰਣਜੀਤ ਸਿੰਘ ਆਪਣੀ ਪਰਜਾ ਵਿਚ ਇਕ ਦਿਆਵਾਨ ਤੇ ਸੁਖੀ ਹਾਕਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸ ਬਾਰੇ ਖਿਆਲ ਹੈ ਕਿ ਉਹ ਹਿੰਦੁਸਤਾਨ ਦੇ ਬੇਹਤਰੀਨ ਹੋ ਚੁੱਕੇ ਬਾਦਸ਼ਾਹਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ। ਉਸ ਦੇ ਨੇਕ ਤੇ ਚੰਗੇ ਸੁਭਾਅ ਦਾ ਸਬੂਤ ਉਸ ਦਾ ਬੱਚਿਆਂ ਨਾਲ ਪਿਆਰ ਹੈ ਅਤੇ ਇਸ ਗੱਲ ਦਾ ਇਕ ਹੋਰ ਸਬੂਤ ਇਹ ਹੈ ਕਿ ਜਦ ਦਾ ਉਸ ਨੇ ਆਪਣਾ ਮੁਲਕ ਫਤਹਿ ਕੀਤਾ ਹੈ, ਉਸ ਨੇ ਕਿਸੇ ਆਦਮੀ ਨੂੰ ਸਖਤ ਤੋਂ ਸਖ਼ਤ ਅਪਰਾਧ ਲਈ ਵੀ ਫਾਂਸੀ ਨਹੀਂ ਦਿੱਤੀ। ਸਾਡੇ ਪੂਰੇ ਕਿਆਮ ਦੌਰਾਨ, ਉਨ੍ਹਾਂ ਸਭ ਲੋਕਾਂ ਪ੍ਰਤੀ ਜੋ ਸਾਡੇ ਨਾਲ ਸਨ, ਜੋ ਵਧੀਆ ਦਿਆਲਤਾ ਤੇ ਚੰਗਾ ਸੁਭਾਅ ਅਸੀਂ ਵੇਖਿਆ, ਉਸ ਤੋਂ ਸਾਨੂੰ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਵਾਕਈ ਉਸ ਦਾ ਅਸਲੀ ਸੁਭਾਅ ਹੈ। ਹਰ ਹਾਲਤ ਵਿਚ ਇਹ ਪੱਕੀ ਗੱਲ ਹੈ ਕਿ ਉਹ ਮੌਤ ਦੀ ਸਜ਼ਾ ਤੋਂ ਬਗੈਰ ਆਪਣੇ ਇੰਨੇ ਡਾਢੇ ਲੋਕਾਂ ਨੂੰ ਪੂਰਨ ਤੌਰ 'ਤੇ ਅਧੀਨ ਰੱਖਣ ਵਿਚ ਸਫ਼ਲ ਹੋਇਆ ਹੈ।
(ਰਣਜੀਤ ਸਿੰਘ : ਅਸਲੀ ਰੂਪ ਸਫ਼ਾ 149)
ਡਬਲਿਊ ਸੀ ਓਸਬਰਨ -
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ) ਉਨ੍ਹਾਂ ਮਨੁੱਖਾਂ ਵਿਚੋਂ ਸੀ ਜਿਨ੍ਹਾਂ ਨੂੰ ਕੁਦਰਤ ਵਿਸ਼ੇਸ਼ਤਾ ਤੇ ਵਡਿੱਤਣ ਦੀ ਪ੍ਰਾਪਤੀ ਲਈ ਪੈਦਾ ਕਰਦੀ ਹੈ। ਇਹ ਠੀਕ ਹੈ ਕਿ ਉਹ ਜ਼ੋਰ ਤੇ ਰੋਅਬ ਨਾਲ ਰਾਜ ਕਰਦਾ ਹੈ ਪਰ ਇਨਸਾਫ਼ ਮੰਗ ਕਰਦਾ ਹੈ ਕਿ ਇਹ ਉਸ ਬਾਰੇ ਕਿਹਾ ਜਾਵੇ ਕਿ ਸਿਵਾਏ ਜੰਗ ਦੇ ਸਮੇਂ ਉਸ ਨੇ ਕਦੇ ਵੀ ਕਿਸੇ ਦੀ ਜਾਨ ਨਹੀਂ ਸੀ ਲਈ। ਉਸ ਦੀ ਹਕੂਮਤ ਸਾਰੇ ਤਹਿਜੀਬਯਾਫ਼ਤਾ ਹੁਕਮਰਾਨਾਂ ਦੀ ਤੁਲਨਾ ਵਿਚ ਜ਼ੁਲਮ ਤੇ ਅਨਿਆਇ ਦੀਆਂ ਕਾਰਵਾਈਆਂ ਤੋਂ ਵਧੇਰੇ ਮੁਕਤ ਹੈ।”
(ਉਪਰੋਕਤ ਸਫ਼ਾ 159)
ਕੈਪਟਨ ਮਰੇ
- “ਰਣਜੀਤ ਸਿੰਘ ਦੀ ਮੁਹੰਮਦ ਅਲੀ ਅਤੇ ਨਿਪੋਲੀਅਨ ਨਾਲ ਤੁਲਨਾ ਕੀਤੀ ਜਾਂਦੀ ਹੈ। ਕੁਝ ਗੱਲਾਂ ਵਿਚ ਉਹ ਦੋਨਾਂ ਨਾਲ ਮਿਲਦਾ ਹੈ ਪਰ ਜੇ ਉਸ ਦੀ ਸ਼ਖਸੀਅਤ ਨੂੰ ਉਸ ਦੀ ਸਥਿਤੀ ਤੇ ਪਦਵੀ ਦੇ ਪਿਛੋਕੜ ਵਿਚ ਵੇਖਿਆ ਜਾਵੇ, ਉਹ ਇਨ੍ਹਾਂ ਦੋਹਾਂ ਤੋਂ ਮਹਾਨ ਸੀ। ਉਸ ਦੇ ਸੁਭਾਅ ਵਿਚ ਨਿਰਦੈਤਾ ਦਾ ਅੰਸ਼ ਬਿਲਕੁਲ ਨਹੀਂ ਸੀ ਅਤੇ ਉਸ ਨੇ ਕਦੀ ਕਿਸੇ ਦੋਸ਼ੀ ਨੂੰ ਵੱਡੇ ਤੋਂ ਵੱਡੇ ਅਪਰਾਧ ਲਈ ਵੀ ਫਾਂਸੀ ਨਹੀਂ ਸੀ ਦਿੱਤੀ। ਮਾਨਵਤਾ, ਠੀਕ ਹੀਂ, ਸਗੋਂ ਜੀਵਨ ਲਈ ਦਇਆ, ਰਣਜੀਤ ਸਿੰਘ ਦੇ ਸੁਭਾਅ ਦਾ ਖਾਸ ਗੁਣ ਸੀ। ਕੋਈ ਵੀ ਐਸੀ ਮਿਸਾਲ ਨਹੀਂ ਮਿਲਦੀ ਜਿਸ ਵਿਚ ਉਸ ਨੇ ਆਪਣੇ ਹੱਥ ਜਾਣਬੁਝ ਕੇ ਲਹੂ ਨਾਲ ਰੰਗੇ ਹੋਣ। (ਉਪਰੋਕਤ ਸਫ਼ਾ 158)
ਕੁਝ ਕੁ ਇਤਿਹਾਸਕਾਰਾਂ ਨੇ ਸਿੱਖ ਰਾਜ ਦੌਰਾਨ ਪਿਸ਼ਾਵਰ ਵਿਚ ਪਠਾਣਾਂ 'ਤੇ ਕਰੂਰ ਜ਼ੁਲਮ ਢਾਹੇ ਜਾਣ ਦਾ ਜ਼ਿਕਰ ਕੀਤਾ ਹੈ। ਅਬੀਤਾਬਲੇ ਨਾਂ ਦੇ ਇਕ ਫਰਾਂਸੀਸੀ ਅਫਸਰ ਨੂੰ ਮਹਾਰਾਜੇ ਨੇ ਪਿਸ਼ਾਵਰ ਦਾ ਗਵਰਨਰ ਨਾਮਜ਼ਦ ਕੀਤਾ ਹੋਇਆ ਸੀ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਭਗਤ ਸਿੰਘ ਨੇ ਆਪਣੀ ਕਿਤਾਬ 'ਮਹਾਰਾਜਾ ਰਣਜੀਤ ਸਿੰਘ' ਵਿਚ ਇਹ ਤੱਥ ਪ੍ਰਗਟ ਕੀਤਾ ਹੈ ਕਿ ਮਹਾਰਾਜੇ ਨੇ ਅਬੀਤਾਬਲੇ ਨੂੰ ਪਿਸ਼ਾਵਰ ਵਿਚ ਜ਼ੁਲਮ ਕਰਨ ਤੋਂ ਸਖਤੀ ਨਾਲ ਮਨ੍ਹਾ ਕੀਤਾ ਸੀ। ਉਨ੍ਹਾਂ ਲਿਖਿਆ ਹੈ :
'ਰਣਜੀਤ ਸਿੰਘ ਦੇ ਸਮੇਂ ਡੰਡਾਵਲੀ ਕਾਫ਼ੀ ਨਰਮ ਸੀ। ਮਹਾਰਾਜੇ ਨੇ ਆਪਣੇ ਰਾਜ ਵਿਚ ਮੌਤ ਦੀ ਸਜ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਸੀ। …ਅਬੀਤਾਬਲੇ ਬਹੁਤ ਵਰਸ਼ਾਂ ਤੱਕ ਮਹਾਰਾਜੇ ਦੀ ਨੌਕਰੀ ਵਿਚ ਰਿਹਾ। ਕੁਝ ਲੋਕ ਉਸ ਨੂੰ ਨਰਮ, ਸੂਝਵਾਨ ਅਤੇ ਹਮਦਰਦ ਅਫ਼ਸਰ ਸਮਝਦੇ ਸਨ। ਪਰ ਕੁਝ ਅਨੁਸਾਰ ਉਹ ਖੂਨ ਦਾ ਪਿਆਸਾ ਜਿੰਨ ਸੀ ਜੋ ਲੋਕਾਂ ਨੂੰ ਫਾਂਸੀ ਲਟਕਾਉਣ, ਤਸੀਹੇ ਦੇਣ ਤੇ ਉਨ੍ਹਾਂ ਦੇ ਅੰਗ ਕੱਟਣ ਵਿਚ ਖੁਸ਼ੀ ਮਹਿਸੂਸ ਕਰਦਾ ਸੀ। (ਮਹਾਰਾਜਾ) ਰਣਜੀਤ ਸਿੰਘ ਨੇ ਸਖਤ ਤਾੜਨਾ ਕਰਕੇ ਉਸ ਨੂੰ ਅਜਿਹੀ ਕਾਰਵਾਈ ਤੋਂ ਰੋਕਿਆ ਸੀ।'
(ਸਫ਼ੇ 92 ਤੇ 126)
ਰਜਵਾੜਾਸ਼ਾਹੀ ਦੇ ਉਸ ਯੁੱਗ ਅੰਦਰ ਕਿਸੇ ਰਾਜੇ ਵਲੋਂ ਮੌਤ ਦੀ ਸਜ਼ਾ ਖਤਮ ਕਰ ਦਿੱਤੇ ਜਾਣ ਦੀ ਇਤਿਹਾਸ ਵਿਚ ਸ਼ਾਇਦ ਹੀ ਕੋਈ ਹੋਰ ਉਦਾਹਰਣ ਮਿਲਦੀ ਹੋਵੇ।
- ਰਾਜਿੰਦਰ ਸਿੰਘ ਰਾਹੀ
98157-51332