ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤੁਹਾਡੀ ਜਾਨ ਲੈ ਸਕਦੀ ਹੈ ਉਦਾਸੀ


ਗੁਰਮੀਤ ਕੌਰ ਵਿਚ ਡਿਪਰੈਸ਼ਨ ਜਾਂ ਉਦਾਸ ਦੀ ਬਿਮਾਰੀ ਦੇ ਲੱਛਣ ਉਦੋਂ ਪਰਗਟ ਹੋਣੇ ਸ਼ੁਰੂ ਹੋਏ ਜਦ ਉਸ ਨੂੰ ਭੁੱਖ ਲੱਗਣੀ ਬੰਦ ਹੋ ਗਈ। ਉਸ ਨੇ ਭੁੱਖ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਅਜੇ ਉਸ ਦੀ ਭੁੱਖ ਠੀਕ ਨਹੀਂ ਸੀ ਹੋਈ ਕਿ ਉਸ ਨੇ ਰਾਤ ਨੂੰ ਨੀਂਦ ਨਾ ਆਉਣ ਕਾਰਨ ਨੀਂਦ ਦੀਆਂ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ ਉਹ ਸਾਰੀ ਰਾਤ ਸੌਂ ਨਾ ਸਕਦੀ। ਉਹ ਜ਼ਿੰਦਗੀ ਤੋਂ ਤੰਗ ਆ ਗਈ ਹੈ। ਜਦ ਇਕ ਦਿਨ ਉਸ ਨੇ ਤੰਗ ਆ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਤੀ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਤੁਰੰਤ ਮਨੋਰੋਗ ਮਾਹਿਰ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਨੇ ਗੁਰਮੀਤ ਕੌਰ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਉਸਨੂੰ ਕੋਈ ਹੋਰ ਬਿਮਾਰੀ ਨਹੀਂ ਬਲਕਿ ਉਸ ਨੂੰ ਤਾਂ ਡਿਪਰੈਸ਼ਨ ਦੀ ਬਿਮਾਰੀ ਹੈ।
ਡਿਪਰੈਸ਼ਨ ਦੇ ਸੌ ਮਰੀਜ਼ਾਂ ਵਿਚੋਂ ਪੰਜਾਹ ਫੀਸਦੀ ਲੋਕ ਤਾਂ ਇਸ ਨੂੰ ਪੇਟ ਦਾ ਦਰਦ, ਸਿਰ ਦਰਦ ਜਾਂ ਹੋਰ ਬਿਮਾਰੀ ਨਾਲ ਜੋੜ ਲੈਂਦੇ ਹਨ। ਪੰਜਾਹ ਫੀਸਦੀ ਲੋਕ ਡਿਪਰੈਸ਼ਨ ਵਿਚੋਂ ਬਾਹਰ ਆਉਣ ਦੀ ਕੋਸ਼ਿਸ਼ ਵਿਚ ਨਸ਼ੇ, ਨਸ਼ੀਲੀਆਂ ਜਾਂ ਨੀਂਦ ਦੀਆਂ ਗੋਲੀਆਂ ਲੈਂਦੇ ਰਹਿੰਦੇ ਹਨ, ਪਰ ਇਹ ਸਾਰੀਆਂ ਕੋਸ਼ਿਸ਼ਾਂ ਅਸਫਲ ਸਿੱਧ ਹੁੰਦੀਆਂ ਹਨ। ਇਨ੍ਹਾਂ ਲੋਕਾਂ ਨੂੰ ਜਾਂ ਤਾਂ ਦਵਾਈਆਂ ਪਚਦੀਆਂ ਨਹੀਂ ਜਾਂ ਸਦਾ ਲਈ ਲੱਗ ਜਾਂਦੀਆਂ ਹਨ।
ਡਿਪਰੈਸ਼ਨ ਦਾ ਮੂਲ ਕਾਰਨ : ਜਦ ਹਾਈਪੋਥੈਲਮਿਸ ਪਿਚੂਟਰੀ ਗ੍ਰੰਥੀ ਵਿਚੋਂ ਕਾਰਟੀਕਾਰਟੋਫਿਨ ਤਰਲ ਪਦਾਰਥ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਸਿਰੋਟੋਨਿਨ ਨੋਰਐਡਰੀਨਾਲਿਨ ਤੇ ਡੌਪਾਮੀਨ ਰਿਸੈਪਟਰਜ਼ ਵਿਚ ਖਾਸ ਕਿਸਮ ਦੀ ਘਾਟ ਹੋ ਜਾਂਦੀ ਹੈ ਤਾਂ ਕੋਈ ਵੀ ਮਨੁੱਖ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਬਿਮਾਰੀ ਦਿਮਾਗ ਦੇ ਵੱਡੇ ਤੋਂ ਵੱਡੇ ਟੈਸਟ ਜਿਵੇਂ ਐਮ. ਆਰ. ਆਈ ਜਾਂ ਸੀ. ਟੀ. ਸਕੈਨ ਦੀ ਮਦਦ ਨਾਲ ਨਹੀਂ ਲੱਭੀ ਜਾ ਸਕਦੀ ਕਿਉਂਕਿ ਡਿਪਰੈਸ਼ਨ ਦਾ ਕਾਰਨ ਇਨ੍ਹਾਂ ਦਿਮਾਗ ਦੇ ਟੈਸਟਾਂ ਵਿਚ ਨਹੀਂ ਆਉਂਦਾ। ਅਸੀਂ ਮਨੋਵਿਗਿਆਨਿਕ ਟੈਸਟਾਂ ਦੀ ਮਦਦ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਆਪ ਘਰ ਬੈਠ ਕੇ ਹੀ ਆਪਣੀ ਬਿਮਾਰੀ ਨੂੰ ਲੱਭ ਸਕਦੇ ਹਾਂ। ਇਨ੍ਹਾਂ ਵਿਚੋਂ ਕੁਝ ਮਨੋਵਿਗਿਆਨਿਕ ਟੈਸਟ ਇਥੇ ਦਿੱਤੇ ਜਾ ਰਹੇ ਹਨ :
* ਕੀ ਤੁਹਾਨੂੰ ਹਰ ਵੇਲੇ ਸਰੀਰਕ ਦਰਦਾਂ, ਸਿਰਦਰਦ, ਕਮਜ਼ੋਰੀ ਜਾਂ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ? * ਕੀ ਤੁਹਾਨੂੰ ਆਮ ਆਵਾਜ਼ ਵੀ ਰੌਲਾ ਲਗਦੀ ਹੈ ਜਿਵੇਂ ਬੱਚਿਆਂ ਦਾ ਬੋਲਣਾ ਆਦਿ? * ਕੀ ਤੁਹਾਨੂੰ ਆਪਣੇ ਆਲੇ-ਦੁਆਲੇ ਕੋਈ ਵੀ ਚੀਜ਼ ਚੰਗੀ ਨਹੀਂ ਲਗਦੀ? * ਕੀ ਤੁਹਾਡਾ ਰੋਣ ਨੂੰ ਦਿਲ ਕਰਦਾ ਹੈ? * ਕੀ ਤੁਹਾਨੂੰ ਨੀਂਦ ਨਹੀਂ ਆਉਂਦੀ? * ਕੀ ਤੁਹਾਨੂੰ ਭੁੱਖ ਨਹੀਂ ਲਗਦੀ ਜਾਂ ਖਾਣਾ ਸੁਆਦ ਨਹੀਂ ਲਗਦਾ? * ਕੀ ਤੁਸੀਂ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਅਲੱਗ, ਬੁਝਿਆ ਤੇ ਟੁੱਟਿਆ ਹੋਇਆ ਮਹਿਸੂਸ ਕਰਦੇ ਹੋ? * ਕੀ ਤੁਹਾਨੂੰ ਆਪਣਾ ਰੋਜ਼ਮਰਾ ਕੰਮ ਦੇਖ ਕੇ ਡਰ ਲਗਦਾ ਹੈ ਜਾਂ ਰੋਜ਼ਮਰਾ ਕੰਮ ਬੋਝ ਲੱਗਦਾ ਹੈ? * ਕੀ ਤੁਹਾਨੂੰ ਟੈਲੀਵੀਜ਼ਨ ਦੇਖਣਾ ਜਾਂ ਅਖਬਾਰ ਪੜ੍ਹਨਾ ਚੰਗਾ ਨਹੀਂ ਲੱਗਦਾ? * ਕੀ ਤੁਹਾਨੂੰ ਕਿਸੇ ਨੂੰ ਮਿਲਣਾ ਚੰਗਾ ਨਹੀਂ ਲੱਗਦਾ ਤੇ ਇਕੱਲਿਆਂ ਰਹਿਣਾ ਚੰਗਾ ਲੱਗਦਾ ਹੈ? * ਕੀ ਤੁਸੀਂ ਆਪਣੇ ਆਪ ਨੂੰ ਖ਼ਤਮ ਕਰਨ (ਆਤਮਹੱਤਿਆ) ਬਾਰੇ ਸੋਚਦੇ ਰਹਿੰਦੇ ਹੋ? * ਕੀ ਤੁਸੀਂ ਹਰ ਸਮੇਂ ਸਹਿਮੇ ਜਾਂ ਡਰੇ ਹੋਏ ਰਹਿੰਦੇ ਹੋ ਕਿ ਤੁਹਾਡੇ ਨਾਲ ਕੋਈ ਦੁਰਘਟਨਾ ਨਾ ਵਾਪਰ ਜਾਵੇ? * ਕੀ ਤੁਹਾਡੇ ਦਿਮਾਗ ਵਿਚ ਕੋਈ ਵੀ ਫਜ਼ੂਲ ਗੱਲ ਫਸ ਜਾਂਦੀ ਹੈ ਤੇ ਕੋਸ਼ਿਸ਼ ਕਰਨ 'ਤੇ ਵੀ ਨਹੀਂ ਨਿਕਲਦੀ? * ਕੀ ਤੁਸੀਂ ਸਿਰਫ਼ ਜੀਵਨ ਬਤੀਤ ਕਰ ਰਹੇ ਹੋ, ਤੁਹਾਡਾ ਜਿਊਣ ਦਾ ਚਾਅ ਖਤਮ ਹੋ ਚੁੱਕਾ ਹੈ?
ਨਤੀਜਾ : ਜੇਕਰ ਉਪਰੋਕਤ ਟੈਸਟਾਂ ਵਿਚੋਂ ਘੱਟ ਤੋਂ ਘੱਟ ਤਿੰਨ ਟੈਸਟਾਂ ਦੇ ਉੱਤਰ 'ਹਾਂ' ਵਿਚ ਹਨ ਤੇ ਇਨ੍ਹਾਂ ਕਰਕੇ ਤੁਹਾਡੀ ਘੱਟ ਤੋਂ ਘੱਟ ਇਕ ਮਹੀਨੇ ਤੋਂ ਵਧੇਰੇ ਜ਼ਿੰਦਗੀ ਪਰਭਾਵਿਤ ਹੈ ਤਾਂ ਨਿਸਚੈ ਹੀ ਤੁਸੀਂ ਡਿਪਰੈਸ਼ਨ ਦੀ ਬਿਮਾਰੀ ਦੇ ਸ਼ਿਕਾਰ ਹੋ।
ਇਲਾਜ : ਮਨੋਵਿਗਿਆਨਿਕ ਮਾਹਿਰਾਂ ਨੇ ਇਲਾਜ ਦੌਰਾਨ ਆਉਂਦੀਆਂ ਮੁਸ਼ਕਲਾਂ ਨੂੰ ਮੁਖ ਰੱਖ ਕੇ ਐਚ. ਡੀ. ਆਰ . ਪੀ. ਨਾਂਅ ਦਾ ਇਕ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਕਿ ਬਹੁਤ ਹੀ ਦਿਲਚਸਪ, ਸੌਖਾ ਤੇ ਕਾਮਯਾਬ ਪਰੋਗਰਾਮ ਹੈ। ਜਿਸ ਨਾਲ ਇਸ ਬਿਮਾਰੀ ਦਾ ਇਲਾਜ ਸੌ ਫੀਸਦੀ ਹੋ ਸਕਦਾ ਹੈ। ਇਹ ਪਰੋਗਰਾਮ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਇਲਾਜ ਕਰਵਾਉਣ ਤੋਂ ਡਰ ਲਗਦਾ, ਜਿਨ੍ਹਾਂ ਨੂੰ ਦਵਾਈਆਂ ਨਹੀਂ ਪਚਦੀਆਂ ਜਾਂ ਜਿਨ੍ਹਾਂ ਨੂੰ ਦਵਾਈਆਂ ਸਦਾ ਲਈ ਲੱਗ ਚੁੱਕੀਆਂ ਹੁੰਦੀਆਂ ਹਨ। ਇਸ ਪਰੋਗਰਾਮ ਦੇ ਨਤੀਜੇ ਬਹੁਤ ਹੀ ਵਧੀਆ ਹਨ। ਇਸ ਨਾਲ ਦਿਮਾਗ ਵਿਚਲੇ ਮਹੱਤਵਪੂਰਨ ਤੱਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨਾਲ ਸਿਰਫ ਬਿਮਾਰੀ ਹੀ ਠੀਕ ਨਹੀਂ ਹੁੰਦੀ ਬਲਕਿ ਇਹ ਜ਼ਿੰਦਗੀ ਵਿਚ ਨਵੇਂ ਰੰਗ ਭਰਦਾ ਹੈ ਤੇ ਜ਼ਿੰਦਗੀ ਦਿਲਚਸਪ ਲੱਗਣ ਲਗ ਜਾਂਦੀ ਹੈ।