ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਰੈਫਰੈਂਸ ਲਾਇਬਰੇਰੀ : ਨੀਲਾ ਤਾਰਾ ਸਾਕਾ ਤੋਂ ਪਹਿਲਾਂ ਤੇ ਬਾਅਦ


ਪੁਰਾਤਨ ਹਵਾਲਾ ਲਾਇਬ੍ਰੇਰੀਆਂ
ਕਿਸੇ ਵੀ ਲਾਇਬ੍ਰੇਰੀ ਦਾ ਮੁੱਖ-ਮੰਤਵ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਇਕੱਤਰ ਕਰਨਾ, ਸੰਭਾਲ ਕੇ ਰੱਖਣਾ ਤੇ ਉਨ੍ਹਾਂ ਵਿਚਲੀ ਸੂਚਨਾ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੁੰਦਾ ਹੈ। ਇਸ ਲਈ ਲਾਇਬ੍ਰੇਰੀਆਂ ਇਹ ਦਸਤਾਵੇਜ਼ ਇਕੱਠੇ ਕਰਦੀਆਂ ਹਨ, ਉਨ੍ਹਾਂ ਨੂੰ ਕਿਸੇ ਖਾਸ ਤਰਤੀਬ ਨਾਲ ਸਾਂਭ ਕੇ ਰੱਖਦੀਆਂ ਹਨ ਤੇ ਉਨ੍ਹਾਂ ਵਿਚੋਂ ਪਾਠਕਾਂ ਨੂੰ ਲੋੜੀਂਦੀ ਸੂਚਨਾ ਘੱਟ ਤੋਂ ਘੱਟ ਸਮੇਂ ਵਿਚ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਹਵਾਲਾ-ਪੁਸਤਕਾਲਿਆਂ (Reference Libraries) ਵਿਚ ਇਹ ਪੜ੍ਹਨ-ਸਮੱਗਰੀ ਵਧੀਆ ਕਿਸਮ ਦੀ ਤੇ ਤਾਜ਼ਾ ਸੂਚਨਾਂ ਨਾਲ ਭਰਪੂਰ ਹੁੰਦੀ ਹੈ ਕਿਉਂਕਿ ਖੋਜ ਕਰਨ ਵਾਲਿਆਂ ਅਤੇ ਹੋਰ ਵਿਦਵਾਨਾਂ ਨੇ ਇਸ ਵਿਚੋਂ ਹਵਾਲੇ ਦੇ ਕੇ ਆਪਣੇ ਵਿਚਾਰਾਂ ਨੂੰ ਹੋਰ ਵਿਦਵਤਾ ਅਤੇ ਅਰਥ-ਭਰਪੂਰ ਬਣਾਉਣਾ ਹੁੰਦਾ ਹੈ। ਇਨ੍ਹਾਂ ਹਵਾਲਾ ਲਾਇਬ੍ਰੇਰੀਆਂ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪੁਰਾਣੇ ਹੱਥ-ਲਿਖਤ ਖਰੜੇ ਵੀ ਸੰਭਾਲ ਕੇ ਰੱਖੇ ਹੋਏ ਹੁੰਦੇ ਹਨ ਜਿਨ੍ਹਾਂ ਦੇ ਹਵਾਲਿਆਂ ਨਾਲ ਅੱਗੋਂ ਵੱਡਮੁੱਲੀ ਖੋਜ ਹੁੰਦੀ ਹੈ। ਅਜਿਹੀਆਂ ਪੁਰਾਤਨ ਹਵਾਲਾ ਲਾਇਬ੍ਰੇਰੀਆਂ ਵਿਚ ਬਿਬਲੋਨੀਆ ਦੀ ਲਾਇਬ੍ਰੇਰੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਜੋ ਈਸਾਮਸੀਹ ਦੇ ਜਨਮ ਤੋਂ ਛੇ ਸਦੀਆਂ ਪੁਰਾਣੀ ਹੈ ਤੇ ਇਸ ਵਿਚ ਮਿੱਟੀ ਦੀਆਂ ਪਕਾਈਆਂ ਹੋਈਆਂ ਠੀਕਰੀਆਂ (Clay-Tablets) ਉੱਪਰ ਲਿਖੇ ਹੋਏ ਦਸਤਾਵੇਜ਼ ਮਿਲੇ ਹਨ। ਯੂਨਾਨ ਦੀ ਅਥਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਜੋ ਇਸ ਤੋਂ ਦੋ ਸਦੀਆਂ ਬਾਦ ਵਿਚ ਹੋਂਦ 'ਚ ਆਈ, ਵਿਚ 7,50,000 ਹੱਥ-ਲਿਖਤ ਖਰੜੇ ਮੌਜੂਦ ਸਨ। ਜਦੋਂ 47 ਬੀ. ਸੀ. ਵਿਚ ਇਸ ਨੂੰ ਭਿਆਨਕ ਅੱਗ ਲੱਗੀ ਤੇ ਇਹ ਵੱਡਮੁੱਲਾ-ਖਜ਼ਾਨਾ ਸੜ ਕੇ ਸੁਆਹ ਹੋ ਗਿਆ। ਮੱਧ-ਕਾਲੀਨ ਯੁੱਗ ਵਿਚ ਕਈ ਮੁਸਲਮਾਨ ਬਾਦਸ਼ਾਹਾਂ, ਵਜ਼ੀਰਾਂ ਤੇ ਹੋਰ ਦਰਬਾਰੀਆਂ ਦੀਆਂ ਆਪਣੀਆਂ ਨਿੱਜੀ ਹਵਾਲਾ-ਲਾਇਬ੍ਰੇਰੀਆਂ ਹੁੰਦੀਆਂ ਸਨ ਪਰ ਇਨ੍ਹਾਂ ਤੱਕ ਆਮ ਆਦਮੀ ਦੀ ਪਹੁੰਚ ਨਹੀਂ ਸੀ। ਅਜਿਹੀ ਇਕ ਉਦਾਹਰਨ ਖਾਨ-ਏ-ਖਾਨਾ ਅਬਦੁਲ ਰਹੀਮ ਦੀ ਨਿੱਜੀ ਲਾਇਬ੍ਰੇਰੀ ਦੀ ਮਿਲਦੀ ਹੈ ਜਿਸ ਵਿਚ ਉਸ ਸਮੇਂ 95 ਕਰਮਚਾਰੀ ਕੰਮ ਕਰਦੇ ਸਨ। ਪੁਰਾਣੇ ਸਮੇਂ ਵਿਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਧਾਰਮਿਕ-ਅਸਥਾਨਾਂ ਨਾਲ ਵੀ ਜੁੜੀਆਂ ਹੋਈਆਂ ਸਨ ਤੇ ਇਨ੍ਹਾਂ ਦਾ ਮੁੱਖ-ਮੰਤਵ ਧਰਮ ਨੂੰ ਫੈਲਾਉਣ ਦਾ ਹੁੰਦਾ ਸੀ। ਜਿਹੜੇ ਵੀ ਵਿਅਕਤੀ ਚਰਚ, ਮਸੀਤ, ਮੰਦਰ ਜਾਂ ਹੋਰ ਧਰਮ-ਅਸਥਾਨ 'ਤੇ ਆਪਣੀ ਸ਼ਰਧਾ ਪ੍ਰਗਟ ਕਰਨ ਆਉਂਦੇ, ਉਹ ਇਨ੍ਹਾਂ ਲਾਇਬ੍ਰੇਰੀਆਂ ਵਿਚਲੀ ਪੜ੍ਹਨ-ਸਮੱਗਰੀ ਦਾ ਵੀ ਲਾਭ ਉਠਾਉਂਦੇ। ਬੋਧੀ-ਮੰਦਰਾਂ ਤੇ ਮੱਠਾਂ ਨਾਲ ਜੁੜੀਆਂ ਕਈ ਲਾਇਬੇਰ੍ਰੀਆਂ ਮਿਲਦੀਆਂ ਹਨ। ਵੀਹਵੀਂ ਸਦੀ ਦੇ ਮੱਧ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਰਾਮ ਦਾਸ ਸਰਾਂ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸਥਾਪਨਾ ਵੀ ਏਸੇ ਆਦੇਸ਼ ਨਾਲ ਕੀਤੀ ਗਈ।
ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਸਥਾਪਨਾ
ਇਹ ਲਾਇਬ੍ਰੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰ: 822 ਮਿਤੀ 27 ਅਕਤੂਬਰ 1946 ਨੂੰ ਸਥਾਪਿਤ ਕੀਤੀ ਗਈ। ਬੇਸ਼ੱਕ, ਇਸ ਦੀ ਸਥਾਪਨਾ ਦਾ ਸਿਹਰਾ ਸ਼੍ਰੋਮਣੀ ਕਮੇਟੀ ਨੂੰ ਜਾਂਦਾ ਹੈ ਪਰ ਇਸ ਕੰਮ ਲਈ ਬਾਵਾ ਬੁੱਧ ਸਿੰਘ ਦੀ ਅਗਵਾਈ ਵਿਚ 1930 ਈ: ਵਿਚ ਬਣੀ 'ਸਿੱਖ ਹਿਸਟੌਰੀਕਲ ਸੋਸਾਇਟੀ' ਮੁੱਖ ਤੌਰ 'ਤੇ ਜ਼ਿੰਮੇਵਾਰ ਹੈ। ਇਹ ਸੋਸਾਇਟੀ ਬਾਵਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਏਨੀ ਅਸਰਦਾਇਕ ਨਾ ਰਹੀ ਪਰ ਜੋ ਬੀਜ ਇਸ ਦੁਆਰਾ ਬੀਜਿਆ ਗਿਆ, ਉਸ ਦੀ ਬਦੌਲਤ 10 ਫਰਵਰੀ 1945 ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਇਕ ਬਹੁਤ ਮਹੱਤਵ-ਪੂਰਨ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਿੱਖ-ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰੰਘ ਦੀ ਸਪੁੱਤਰੀ ਰਾਜਕੁਮਾਰੀ ਬੰਬਾ ਨੇ ਕੀਤੀ। ਇਸ ਮੀਟਿੰਗ ਵਿਚ 'ਸਿੱਖ ਹਿਸਟੌਰੀਕਲ ਸੋਸਾਇਟੀ' ਨੂੰ ਮੁੜ-ਸੁਰਜੀਤ ਕੀਤਾ ਗਿਆ। ਇਸ ਸੋਸਾਇਟੀ ਦੀ ਮੀਟਿੰਗ 29 ਅਪ੍ਰੈਲ 1945 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਜਿਸ ਵਿਚ ਪ੍ਰੋ. ਤੇਜਾ ਸਿੰਘ, ਬਾਵਾ ਪ੍ਰੇਮ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰੋ. ਗੁਰਮੁਖ ਸਿੰਘ ਤੇ ਪ੍ਰੋ. ਗੰਡਾ ਸਿੰਘ ਸ਼ਾਮਲ ਹੋਏ। ਇਸ ਮੀਟਿੰਗ ਵਿਚ 'ਸੈਂਟਰਲ ਸਿੱਖ ਰੈਫਰੈਂਸ ਲਾਇਬ੍ਰੇਰੀ' ਬਣਾਉਣ ਦਾ ਬਾਕਾਇਦਾ ਫੈਸਲਾ ਕੀਤਾ ਗਿਆ ਜੋ 12 ਜੂਨ 1946 ਈ. ਵਿਚ ਹੋਂਦ ਵਿਚ ਆਈ। ਇਸ ਦਾ ਨਾਂ ਬਦਲ ਕੇ 8 ਫਰਵਰੀ 1947 ਨੂੰ 'ਸਿੱਖ ਰੈਫਰੈਂਸ ਲਾਇਬ੍ਰੇਰੀ' ਰੱਖਿਆ ਗਿਆ ਅਤੇ ਕੁਝ ਸਮੇਂ ਬਾਅਦ ਇਸ ਦਾ ਸਥਾਨ ਵੀ ਗੁਰੂ ਰਾਮ ਦਾਸ ਸਰਾਂ ਦੇ ਹਾਲ ਨੰਬਰ 4 ਤੋਂ ਬਦਲ ਕੇ ਮੌਜੂਦਾ ਅਸਥਾਨ ਭਾਵ ਘੰਟਾ-ਘਰ ਦੇ ਸਾਹਮਣੇ ਵਾਲੀ ਡਿਉੜੀ ਦੇ ਸੱਜੇ ਹੱਥ ਬਰਾਂਡਿਆਂ ਉਪਰਲੀ ਇਮਾਰਤ ਵਿਚ ਕਰ ਦਿੱਤਾ ਗਿਆ। ਇਸ ਵਿਚ ਸਿੱਖੀ ਨਾਲ ਸਬੰਧਿਤ ਮਹੱਤਵ-ਪੂਰਵਕ ਦਸਤਾਵੇਜ਼, ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਹੱਥ-ਲਿਖਤ ਬੀੜਾਂ, ਹੁਕਮਨਾਮੇ, ਰਹਿਤਨਾਮੇ ਤੇ ਹੋਰ ਕਈ ਕਿਸਮ ਦੀ ਸਮੱਗਰੀ ਸੰਭਾਲਣ ਦਾ ਮੰਤਵ ਤਹਿ ਕੀਤਾ ਗਿਆ।
ਸਿੱਖ ਰੈਫਰੈਂਸ ਲਾਇਬ੍ਰੇਰੀ ਦਾ 'ਸਾਕਾ ਨੀਲਾ-ਤਾਰਾ' ਤੋਂ ਪਹਿਲਾਂ ਕੀਮਤੀ-ਖਜ਼ਾਨਾ
ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਵਿਕਾਸ ਹੌਲੀ-ਹੌਲੀ ਹੋਇਆ। ਇਸ ਲਾਇਬ੍ਰੇਰੀ ਵਿਚ ਸਿੱਖ ਹਿਸਟੌਰੀਕਲ ਸੋਸਾਇਟੀ ਦੇ 1950 ਵਿਚ ਛਪੇ ਇਕ ਕੈਟਾਲਾਗ਼ ਅਨੁਸਾਰ ਉਦੋਂ ਇਸ ਵਿਚ 2335 ਪੁਸਤਕਾਂ ਤੇ ਹੱਥ-ਲਿਖਤ ਖਰੜੇ ਪੰਜਾਬੀ ਵਿਚ, 1047 ਅੰਗਰੇਜ਼ੀ ਵਿਚ, 10 ਆਸਾਮੀ ਵਿਚ ਤੇ 2 ਸਿੰਧੀ ਵਿਚ ਸਨ ਜਿਨ੍ਹਾਂ ਵਿਚ ਕਈ ਗਜ਼ਟੀਅਰ ਤੇ ਸੰਨਦਾਂ ਸ਼ਾਮਲ ਸਨ। 'ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਪੁਰਾਤਨ ਬੀੜਾਂ, 'ਦਮਦਮੀ ਬੀੜ' (ਬਿਕਰਮੀ 1739), ਜਨਮ-ਸਾਖੀਆਂ, ਕੇਸਰ ਸਿੰਘ ਦਾ ਤਿਆਰ ਕੀਤਾ ਹੋਇਆ 'ਬੰਸਾਵਲੀ-ਨਾਮਾ', ਬੇ-ਸ਼ੁਮਾਰ ਚਿੱਤਰ, ਪੁਸਤਕਾਂ, ਰਸਾਲੇ, ਪੁਰਾਣੀਆਂ ਅਖਬਾਰਾਂ ਦੀਆਂ ਜਿਲਦਬੰਦ-ਫਾਈਲਾਂ, ਗੁਰੂ ਸਾਹਿਬਾਨ ਦੇ ਦਸਤਖਤਾਂ ਵਾਲੇ ਕਈ ਹੁਕਮਨਾਮਿਆਂ ਤੇ ਰਹਿਤਨਾਮਿਆਂ ਅਤੇ ਕਈ ਹੋਰ ਦਸਤਾਵੇਜਾਂ ਸਮੇਤ ਇਨ੍ਹਾਂ ਦੀ ਗਿਣਤੀ ਹੌਲੀ-ਹੌਲੀ ਹਜ਼ਾਰਾਂ ਤੱਕ ਪਹੁੰਚ ਗਈ। ਇਨ੍ਹਾਂ ਵਿਚੋਂ 2000 ਤੋਂ ਵਧੀਕ ਹੱਥ-ਲਿਖਤ ਖਰੜੇ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ, 1200 ਤੋਂ ਵੱਧ ਪੁਸਤਕਾਂ ਅੰਗਰੇਜ਼ੀ ਵਿਚ, ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਕਈ ਪੁਸਤਕਾਂ ਬੰਗਾਲੀ, ਆਸਾਮੀ, ਸਿੰਧੀ, ਉਰਦੂ ਅਤੇ ਫ੍ਰਾਂਸੀਸੀ ਭਾਸ਼ਾਵਾਂ ਵਿਚ ਵੀ ਸਨ। ਉੱਘੇ ਸਿੱਖ-ਵਿਦਵਾਨ ਸ. ਸ਼ਮਸ਼ੇਰ ਸਿੰਘ ਅਸ਼ੋਕ ਦੀ ਪੁਸਤਕ 'ਸਾਡਾ ਹੱਥ-ਲਿਖਤ ਸਾਹਿਤ' (1968) ਅਨੁਸਾਰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਕਈ ਤਰ੍ਹਾਂ ਦੀ ਖੋਜ ਤੇ ਪੜ੍ਹਨ-ਸਮੱਗਰੀ ਤੋਂ ਇਲਾਵਾ 980 ਵੱਖ-ਵੱਖ ਵਿਸ਼ਿਆਂ 'ਤੇ 383 ਖਾਸ ਕਿਸਮ ਦੇ ਹੱਥ-ਲਿਖਤ ਖਰੜੇ ਮੌਜੂਦ ਸਨ ਜੋ ਖੋਜ ਲਈ ਬਹੁਤ ਹੀ ਮਹੱਤਵ-ਪੂਰਨ ਸਨ।
ਦਵਿੰਦਰ ਸਿੰਘ ਦੁੱਗਲ ਜੋ ਉਸ ਸਮੇਂ ਸਿੱਖ ਹਿਸਟਰੀ ਰੀਸਰਚ ਬੋਰਡ ਅਤੇ ਲਾਇਬ੍ਰੇਰੀ ਦੇ ਇੰਚਾਰਜ ਸਨ, ਅਨੁਸਾਰ ਜੂਨ 1984 ਤੋਂ ਪਹਿਲਾਂ ਇਸ ਲਾਇਬ੍ਰੇਰੀ ਵਿਚ 2,500 ਹੱਥ-ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਨ ਜਿਨ੍ਹਾਂ ਵਿਚ 'ਭਾਈ ਹਰਦਾਸ ਵਾਲੀ ਬੀੜ' ਜਿਸ ਦੇ ਇਕ ਪੰਨੇ 'ਤੇ ਗੁਰੂ ਤੇਗ ਬਹਾਦਰ ਜੀ ਦੇ ਹੱਥਾਂ ਦਾ ਲਿਖਿਆ ਮੂਲ-ਮੰਤਰ ਸੀ, ਹੋਰ ਬਹੁਤ ਸਾਰੀਆਂ ਤਸਵੀਰਾਂ ਨਾਲ ਸੱਜੀਆਂ ਬੀੜਾਂ ਅਤੇ ਜਨਮ-ਸਾਖੀਆਂ ਸ਼ਾਮਲ ਸਨ। ਹੋਰ ਦਸਤਾਵੇਜ਼ਾਂ ਵਿਚ ਨਿਹਾਲ ਸਿੰਘ ਦਾ 'ਕਵੇਂਡਰ ਪ੍ਰਕਾਸ਼', ਸੁਰਜਨ ਸਿੰਘ ਦਾ 'ਅਜੀਤ ਸਾਗਰ', ਭਾਈ ਬਿਧੀ ਚੰਦ ਦਾ 'ਭਗਤ ਸੁਧਾਕਰ', ਕਵੀ ਜੱਸਾ ਸਿੰਘ ਦਾ 'ਭਗਤ ਪ੍ਰੇਮਾਕਰ', ਕੇਸਰ ਸਿੰਘ ਦਾ 'ਬੰਸਾਵਲੀ-ਨਾਮਾ', 'ਪਰਚੀ ਮਹਾਂ-ਸੁੰਦਰ' ਅਤੇ ਨਿਰਮਲਿਆਂ ਤੇ ਉਦਾਸੀਆਂ ਦੇ ਕਈ ਗ੍ਰੰਥ ਵੀ ਸ਼ਾਮਲ ਸਨ। ਦੁੱਗਲ ਸਾਹਿਬ ਅਨੁਸਾਰ ਇਨ੍ਹਾਂ ਦਸਤਾਵੇਜ਼ਾਂ ਦੀ ਗਿਣਤੀ ਜੂਨ 1984 ਵਿਚ ਲਾਇਬ੍ਰੇਰੀ ਨੂੰ ਅੱਗ ਲੱਗਣ ਤੋਂ ਪਹਿਲਾਂ 20,000 ਤੋਂ ਵਧੀਕ ਸੀ।
ਲਾਇਬ੍ਰੇਰੀ ਵਿਚ ਜੂਨ 1984 ਨੂੰ ਅੱਗ ਲੱਗਣ ਬਾਰੇ
'ਨੀਲਾ-ਤਾਰਾ ਸਾਕਾ' ਦੌਰਾਨ ਇਸ ਲਾਇਬ੍ਰੇਰੀ ਵਿਚ ਅੱਗ ਲੱਗਣ ਬਾਰੇ ਵੱਖ-ਵੱਖ ਰਾਵਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਸੱਚੀਆਂ ਤੇ ਝੂਠੀਆਂ ਬਾਰੇ ਫੈਸਲਾ ਪਾਠਕ ਇਹ ਲੇਖ ਪੜ੍ਹਨ ਤੋਂ ਬਾਅਦ ਭਲੀ-ਭਾਂਤ ਕਰ ਸਕਦੇ ਹਨ। ਭਾਰਤੀ ਫੌਜ ਦੇ ਬੁਲਾਰੇ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਹਰਿਮੰਦਰ ਸਾਹਿਬ ਕੈਂਪਸ ਵਿਚ ਪਨਾਹ ਲਈ ਹੋਈ ਸੀ ਤੇ ਇਸ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਸ ਦੇ ਸਾਥੀਆਂ ਦੇ ਕਬਜ਼ੇ ਤੋਂ ਛੁਡਾਉਣ ਲਈ ਕੀਤੇ ਗਏ ਹਮਲੇ ਦੌਰਾਨ ਹੋਈ ਗੋਲੀਬਾਰੀ ਵਿਚ ਦੋਹਾਂ ਧਿਰਾਂ ਵੱਲੋਂ ਚੱਲੀਆਂ ਗੋਲੀਆਂ ਕਾਰਨ ਅੱਗ ਲੱਗੀ ਜਿਸ ਨਾਲ ਇਹ ਲਾਇਬ੍ਰੇਰੀ ਸੜ ਗਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਲਾਇਬ੍ਰੇਰੀ ਨੂੰ ਖਾਲੀ ਕਰਕੇ ਇਸ ਵਿਚੋਂ ਬਹੁਤ ਸਾਰਾ ਬਹੁਮੁੱਲਾ ਕੀਮਤੀ-ਖਜ਼ਾਨਾ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਲੱਗਭਗ ਖਾਲੀ ਇਮਾਰਤ ਨੂੰ ਜਾਣ-ਬੁਝ ਕੇ ਅੱਗ ਲਾਈ। ਉਸ ਅਨੁਸਾਰ ਇਹ ਕੀਮਤੀ ਖਜ਼ਾਨਾ ਅਜੇ ਵੀ ਭਾਰਤੀ ਫੌਜ ਦੇ ਕਬਜ਼ੇ ਵਿਚ ਹੈ। ਇਨ੍ਹਾਂ ਦੋਹਾਂ ਆਪਾ-ਵਿਰੋਧੀ ਦਲੀਲਾਂ ਨੂੰ ਡੂੰਘਾ ਸੋਚ-ਵਿਚਾਰਨ ਦੀ ਜ਼ਰੂਰਤ ਹੈ। ਆਓ, ਜ਼ਰਾ ਇਨ੍ਹਾਂ 'ਤੇ ਵਿਚਾਰ ਕਰੀਏ।
ਉੱਘੇ ਪੱਤਰਕਾਰ ਤੇ 'ਪੰਜਾਬੀ ਟ੍ਰਿਬਿਊਨ' ਦੇ ਮੌਜੂਦਾ ਸੰਪਾਦਕ ਵਰਿੰਦਰ ਸਿੰਘ ਵਾਲੀਆ ਦੇ 7 ਜੂਨ 2003 ਦੇ ਅੰਗਰੇਜ਼ੀ ਅਖਬਾਰ 'ਦਿ ਟ੍ਰਿਬਿਊਨ' ਵਿਚ ਛਪੇ ਇਕ ਆਰਟੀਕਲ ਅਨੁਸਾਰ ਰਣਜੀਤ ਸਿੰਘ ਨੰਦਾ ਜੋ ਪੰਜਾਬ ਪੁਲੀਸ ਵਿਚ ਬਤੌਰ ਇੰਸਪੈਕਟਰ ਸੇਵਾ ਨਿਭਾ ਚੁੱਕੇ ਸਨ, ਨੂੰ ਸੀ. ਬੀ. ਆਈ. ਦੀ ਇਕ ਪੰਜ-ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਜਿਸ ਨੇ ਜੂਨ 1984 ਦੇ ਪਹਿਲੇ ਹਫ਼ਤੇ ਫੌਜ ਵੱਲੋਂ 'ਸਿੱਖ ਰੈਫਰੈਂਸ ਲਾਇਬ੍ਰੇਰੀ' ਵਿਚੋਂ ਜੀ. ਟੀ. ਰੋਡ 'ਤੇ ਸਥਿੱਤ 'ਯੂਥ ਹੋਸਟਲ' ਵਿਚ ਲਿਆਂਦੇ ਗਏ ਵੱਡਮੁੱਲੇ ਸਾਹਿਤ ਦੀ ਪੂਰੀ ਪੁਣਛਾਣ ਕੀਤੀ। ਦਰਅਸਲ, ਉਹ ਇਸ ਵਿਚੋਂ ਉਸ ਵੇਲੇ ਦੀ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲਿਖੀ ਕਿਸੇ 'ਚਿੱਠੀ' ਦੀ ਭਾਲ ਕਰ ਰਹੇ ਸਨ ਜੋ ਉਨ੍ਹਾਂ ਨੂੰ ਨਹੀਂ ਮਿਲ ਸਕੀ। ਅਲਬੱਤਾ, ਰਣਜੀਤ ਸਿੰਘ ਨੰਦਾ ਨੇ ਵਰਿੰਦਰ ਵਾਲੀਆ ਨੂੰ ਆਪ ਇਹ ਦੱਸਿਆ ਕਿ ਇਸ ਛਾਣਬੀਣ ਦੌਰਾਨ ਉਨ੍ਹਾਂ ਨੂੰ ਉਸ ਸਮੇਂ ਦੇ ਖਾਲਿਸਤਾਨੀ ਨੇਤਾ ਜਗਜੀਤ ਸਿੰਘ ਚੌਹਾਨ ਤੇ ਕਈ ਹੋਰ ਨੇਤਾਵਾਂ ਦੀਆਂ ਸੰਤ ਭਿੰਡਰਾਂਵਾਲੇ ਨੂੰ ਲਿਖੀਆਂ ਹੋਈਆਂ ਕਈ ਚਿੱਠੀਆਂ ਮਿਲੀਆਂ।
ਮਨਜੀਤ ਸਿੰਘ ਕਲਕੱਤਾ ਜੋ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਕੱਤਰ ਵੀ ਰਹੇ, ਨੇ ਰਣਜੀਤ ਸਿੰਘ ਨੰਦਾ ਦੇ ਉਪਰੋਕਤ ਬਿਆਨ ਨੂੰ ਆਧਾਰ ਬਣਾ ਕੇ ਅਖਬਾਰਾਂ ਨੂੰ ਇਹ ਬਿਆਨ ਦਿੱਤਾ ਕਿ ਭਾਰਤੀ ਫੌਜ ਨੇ ਉਪਰੋਕਤ ਵਰਨਣ ਚਿੱਠੀ ਨਾ ਮਿਲਣ 'ਤੇ ਬੁਖਲਾਹਟ ਵਿਚ ਆ ਕੇ 'ਸਿੱਖ ਰੈਫਰੈਂਸ ਲਾਇਬ੍ਰੇਰੀ' ਨੂੰ ਜਾਣ ਬੁੱਝ ਕੇ ਅੱਗ ਲਾਈ।
ਦਵਿੰਦਰ ਸਿੰਘ ਦੁੱਗਲ ਜੋ ਉਸ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, ਦੇ ਕਹਿਣ ਅਨੁਸਾਰ ਇਸ ਲਾਇਬ੍ਰੇਰੀ ਨੂੰ 7 ਜੂਨ ਨੂੰ ਅੱਗ ਦੀ ਭੇਂਟ ਚੜ੍ਹਾਇਆ ਗਿਆ। ਉਨ੍ਹਾਂ ਨੇ ਵਰਿੰਦਰ ਵਾਲੀਆ ਨੂੰ ਇਕ ਮੁਲਾਕਾਤ ਵਿਚ ਦੱਸਿਆ ਕਿ ਇਹ ਲਾਇਬ੍ਰੇਰੀ 6 ਜੂਨ 1984 ਦੀ ਸ਼ਾਮ ਤੱਕ ਠੀਕ-ਠਾਕ ਸੀ ਜਦੋਂ ਉਹ ਆਪ ਇਸ ਨੂੰ ਵੇਖ ਕੇ ਗਏ। ਇੱਥੇ ਇਹ ਵਰਨਣਯੋਗ ਹੈ ਕਿ ਦੁੱਗਲ ਸਾਹਿਬ ਉਸ ਵੇਲੇ ਲਾਇਬ੍ਰੇਰੀ ਦੇ ਨੇੜੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਹੋਏ ਕਵਾਟਰ ਵਿਚ ਰਹਿ ਰਹੇ ਸਨ ਤੇ ਉੱਥੋਂ ਲਾਇਬ੍ਰੇਰੀ ਵਿਚ ਆਰਾਮ ਨਾਲ ਜਾਇਆ ਜਾ ਸਕਦਾ ਸੀ। ਨਾਲੇ, ਜਿੱਥੋਂ ਕੋਈ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੋਵੇ, ਉੱਥੋਂ ਦੇ ਹਾਲ-ਚਾਲ ਦਾ ਪਤਾ ਲੈਣਾ ਉਹ ਆਪਣਾ ਇਖਲਾਕੀ ਫਰਜ਼ ਵੀ ਸਮਝਦਾ ਹੈ। ਉਂਜ ਵੀ 6 ਜੂਨ ਦੀ ਸ਼ਾਮ ਤੱਕ ਹਰਿਮੰਦਰ ਸਾਹਿਬ ਦੇ ਸਾਰੇ ਕੈਂਪਸ 'ਤੇ ਭਾਰਤੀ ਫੌਜ ਦਾ ਪੂਰਾ ਕਬਜ਼ਾ ਹੋ ਗਿਆ ਸੀ ਤੇ ਗੋਲੀਬਾਰੀ ਲੱਗਭਗ ਖਤਮ ਹੋ ਗਈ ਸੀ। ਇਸ ਲਈ ਉਨ੍ਹਾਂ ਦੀ ਇਸ ਦੱਸੀ ਹੋਈ ਗੱਲ ਵਿਚ ਕਾਫ਼ੀ ਵਜ਼ਨ ਮਲੂਮ ਹੁੰਦਾ ਹੈ।
ਜੇ ਇਸ ਅੱਗ ਦੇ ਲੱਗਣ ਨਾਲ ਹੋਏ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿਉਂਕਿ ਹੱਥ-ਲਿਖਤ ਸਾਹਿਤ ਦਾ ਕੋਈ ਮੁੱਲ ਨਹੀਂ ਆਂਕਿਆ ਜਾ ਸਕਦਾ। ਇਹ ਵੱਡਮੁੱਲਾ ਤੇ ਬੇਸ਼ਕੀਮਤੀ ਹੈ।
ਲਾਇਬ੍ਰੇਰੀ ਦੇ ਵੱਡਮੁੱਲੇ-ਖਜ਼ਾਨੇ ਬਾਰੇ
ਜਿਵੇਂ ਉੱਪਰ ਵਰਨਣ ਕੀਤਾ ਗਿਆ ਹੈ, ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਲਾਇਬ੍ਰੇਰੀ ਵਿਚ ਅੱਗ ਲੱਗਣ ਤੋਂ ਪਹਿਲਾਂ ਇਸ ਵਿਚਲਾ ਬਹੁਤ ਸਾਰਾ ਵੱਡਮੁੱਲਾ-ਸਾਹਿਤ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਤੇ ਇਸ ਨੂੰ ਅੰਮ੍ਰਿਤਸਰ ਦੇ ਜੀ. ਟੀ. ਰੋਡ ਸਥਿਤ 'ਯੂਥ ਹੋਸਟਲ' ਵਿਚ ਪਹੁੰਚਾਇਆ ਗਿਆ। ਰਣਜੀਤ ਸਿੰਘ ਨੰਦਾ ਦੇ ਦੱਸਣ ਅਨੁਸਾਰ ਉੱਥੇ ਇਸ ਦੀ ਫੋਲਾ-ਫਾਲੀ ਕੀਤੀ ਗਈ। ਇਸ ਦੀਆਂ ਲਿਸਟਾਂ ਬਣਾਈਆਂ ਗਈਆਂ ਤੇ ਇਸ ਨੂੰ ਕੁਝ ਟਰੰਕਾਂ ਅਤੇ 165 ਬੋਰੀਆਂ ਵਿਚ ਭਰ ਕੇ ਫੌਜ ਦੇ ਤਿੰਨ ਵੱਡੇ ਟਰੱਕਾਂ ਵਿਚ 'ਕਿਸੇ ਸੁਰੱਖਿਅਤ ਥਾਂ' (ਮੇਰਠ ਛਾਉਣੀ) ਵਿਚ ਲਿਜਾਇਆ ਗਿਆ। ਇਨ੍ਹਾਂ ਬੋਰੀਆਂ ਉਪਰ ਬਾਕਾਇਦਾ ਨੰਬਰ ਲਗਾਏ ਗਏ ਸਨ। 'ਦਿ ਟ੍ਰਿਬਿਊਨ' ਦੇ 12 ਜੂਨ 2000 ਦੇ ਅੰਕ ਵਿਚ ਛਪੀ ਇਕ ਰੀਪੋਰਟ ਅਨੁਸਾਰ ਰਣਜੀਤ ਸਿੰਘ ਨੰਦਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਸਬੂਤ ਮੌਜੂਦ ਹਨ ਤੇ ਲੋੜ ਪੈਣ 'ਤੇ ਉਹ ਇਹ ਪੇਸ਼ ਵੀ ਕਰ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਵਾਰ-ਵਾਰ ਕੇਂਦਰ ਸਰਕਾਰ ਨੂੰ ਕਈ ਚਿੱਠੀਆਂ ਲਿਖੀਆਂ ਅਤੇ 10,534 ਪੁਸਤਕਾਂ ਤੇ 1,795 ਹੱਥ-ਲਿੱਖਤ ਖਰੜਿਆਂ ਦੀ ਉਨ੍ਹਾਂ ਦੇ ਸਿਰਲੇਖਾਂ ਸਮੇਤ ਲਿਸਟ ਵੀ ਪੇਸ਼ ਕੀਤੀ।
ਪਹਿਲਾਂ ਤਾਂ ਸਰਕਾਰ ਨੇ ਕੋਈ ਬਾਂਹ ਨਾ ਫੜਾਈ ਪਰ ਬਾਅਦ ਵਿਚ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਸਕੱਤਰ ਡਾ. ਗੁਰਬਚਨ ਸਿੰਘ ਬੱਚਨ ਦੀ 27 ਮਾਰਚ 2000 ਦੀ ਚਿੱਠੀ ਦੇ ਜੁਆਬ ਵਿਚ ਉਸ ਸਮੇਂ ਦੇ ਰੱਖਿਆ ਮੰਤਰੀ ਜਾਰਜ ਫਰਨਾਤਡੇਜ਼ ਨੇ ਮੰਨਿਆਂ ਕਿ ਫੌਜ ਨੇ ਕੁਝ ਦਸਤਾਵੇਜ਼ ਸੀ.ਬੀ.ਆਈ. ਨੂੰ ਸੌਂਪੇ ਸਨ ਤੇ ਉਸ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਸੀ.ਬੀ.ਆਈ. ਨਾਲ ਸੰਪਰਕ ਕਰਨ ਦੀ ਸਲਾਹ ਵੀ ਦਿੱਤੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਾਰਜ ਫਰਨਾਡੇਜ਼ ਨੇ ਨਾਲ ਇਹ ਵੀ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਵਿਚੋਂ 117 ਦਸਤਾਵੇਜ਼ 'ਸਾਜਿਸ਼-ਭਰਪੂਰ' (Seditious type) ਹਨ ਤੇ ਇਹ ਵਾਪਸ ਨਹੀਂ ਕੀਤੇ ਜਾ ਸਕਦੇ। ਪਰੰਤੂ ਉਨ੍ਹਾਂ ਨੇ ਇਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਕਿ ਅਜਿਹੇ ਦਸਤਾਵੇਜ਼ ਕਿਹੜੇ-ਕਿਹੜੇ ਹਨ। ਡਾ. ਬੱਚਨ ਨੇ ਦੱਸਿਆ ਕਿ ਕਾਫੀ ਜੱਦੋ-ਜਹਿਦ ਬਾਅਦ ਅਖੀਰ ਸੀ. ਬੀ. ਆਈ. ਵੱਲੋਂ ਕੇਵਲ 67 ਆਮ ਜਿਹੀਆਂ ਆਈਟਮਾਂ ਵਾਪਸ ਕੀਤੀਆਂ ਗਈਆਂ ਜਿਨ੍ਹਾਂ ਵਿਚ ਪੁਰਾਣੀਆਂ ਅਖਬਾਰਾਂ ਦੀਆਂ ਕੁਝ ਜਿਲਦ-ਬੰਦ ਫਾਈਲਾਂ, 'ਏਸ਼ੀਅਨ ਰੀਕਾਰਡਰ', ਰਹਿਤਨਾਮਿਆਂ ਦੀਆਂ ਪੰਜ ਕਾਪੀਆਂ, ਪੁਸਤਕਾਂ ਦਰਜ ਕਰਨ ਵਾਲੇ ਕੁਝ ਐਕਸੈਸ਼ਨ ਰਜਿਸਟਰ ਆਦਿ ਸ਼ਾਮਲ ਸਨ ਤੇ ਇਨ੍ਹਾਂ ਵਿਚ ਕੋਈ ਵੀ ਹੱਥ-ਲਿਖਤ ਖਰੜਾ ਜਾਂ ਕੋਈ ਹੋਰ ਮਹੱਤਵ-ਪੂਰਨ ਦਸਤਾਵੇਜ਼ ਸ਼ਾਮਲ ਨਹੀਂ ਸੀ। 7 ਫਰਵਰੀ 2003 ਨੂੰ ਇਸ ਲੇਖ ਦੇ ਲੇਖਕ ਤੇ ਉਸ ਦੇ ਸਾਥੀ ਡਾ. ਸੰਤੋਖ ਸਿੰਘ ਸ਼ਹਰਯਾਰ ਨੇ ਸਿੱਖ ਲਾਇਬ੍ਰੇਰੀ ਵਿਚ ਜਾ ਕੇ ਇਹ ਆਈਟਮਾਂ ਦੇਖੀਆਂ। ਉਸ ਸਮੇਂ ਉੱਥੇ ਕੰਮ ਕਰ ਰਹੇ ਲਾਇਬ੍ਰੇਰੀਅਨ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਹੋਰ ਕੋਈ ਵੀ ਆਈਟਮ ਸੀ. ਬੀ. ਆਈ. ਜਾਂ ਕੇਂਦਰ ਸਰਕਾਰ ਤੋਂ ਵਾਪਸ ਪ੍ਰਾਪਤ ਨਹੀਂ ਹੋਈ। ਸ਼੍ਰੋਮਣੀ ਕਮੇਟੀ ਅਤੇ ਕਈ ਵਿਦਵਾਨਾਂ ਦਾ ਖਿਆਲ ਹੈ ਕਿ 90% ਸਮੱਗਰੀ ਅਜੇ ਵੀ ਵਾਪਸ ਆਉਣੀ ਬਾਕੀ ਹੈ ਤੇ ਉਹ ਇਸ ਨੂੰ ਵਾਪਸ ਲਿਆਉਣ ਲਈ ਵਾਰ ਵਾਰ ਜ਼ੋਰ ਪਾ ਰਹੇ ਹਨ। ਪਰ ਮੇਰਾ ਖਿਆਲ ਹੈ ਕਿ ਹੋਰ ਸਮੱਗਰੀ ਸੀ.ਬੀ.ਆਈ. ਜਾਂ ਕੇਂਦਰ ਸਰਕਾਰ ਦੀ ਕਿਸੇ ਹੋਰ ਏਜੰਸੀ ਕੋਲ ਹੁਣ ਇਸ ਸਮੇਂ ਨਹੀਂ ਹੋਵੇਗੀ। ਇਹ ਛਾਣਬੀਣ ਤੋਂ ਬਾਅਦ ਉਦੋਂ ਹੀ ਜਾਂ ਕੁਝ ਦੇਰ ਬਾਅਦ ਨਾਸ ਕਰ ਦਿੱਤੀ ਗਈ ਹੋਵੇਗੀ, ਜਦੋਂ 67 ਆਈਟਮਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤੀਆਂ ਗਈਆਂ ਸਨ। ਇਸ ਵਿਚਾਰ-ਚਰਚਾ ਤੋਂ ਇਹ ਤਾਂ ਭਲੀਭਾਂਤ ਸਾਬਤ ਹੋ ਜਾਂਦਾ ਹੈ ਕਿ ਇਸ ਲਾਇਬ੍ਰੇਰੀ ਨੂੰ ਅੱਗ ਲੱਗੀ ਨਹੀਂ, ਇਹ ਲਗਾਈ ਗਈ ਸੀ ਤੇ ਉਹ ਵੀ ਇਸ ਦੇ ਵੱਡਮੁੱਲੇ ਦਸਤਾਵੇਜ਼ ਕਬਜ਼ੇ ਵਿਚ ਲੈਣ ਤੋਂ ਬਾਅਦ। ਜੇ ਇਹ ਅੱਗ ਲੜਾਈ ਦੌਰਾਨ ਲੱਗੀ ਹੁੰਦੀ ਤਾਂ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਵਾਂਗ ਸੱਭ ਕੁਝ ਸੜ ਕੇ ਸੁਆਹ ਹੋ ਜਾਣਾ ਸੀ। ਫਿਰ ਫੌਜ ਰਾਹੀਂ ਸੀ.ਬੀ.ਆਈ. ਕੋਲ ਪਹੁੰਚੇ ਹੋਏ ਦਸਤਾਵੇਜ਼ਾਂ ਵਿਚੋਂ 67 ਆਈਟਮਾਂ ਵਾਪਸ ਨਹੀਂ ਸੀ ਆਉਣੀਆਂ। ਸ਼੍ਰੋਮਣੀ ਕਮੇਟੀ ਵੱਲੋਂ ਅਜੇ ਵੀ ਬਾਕੀ ਸਮੱਗਰੀ ਵਾਪਸ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਜੋ ਕਿ ਹੁਣ ਬੇਲੋੜੀ ਤੇ ਸਮਾਂ ਵਿਹਾ ਚੁੱਕੀ ਹੈ। ਹੁਣ ਤਾਂ ਇਸ ਲਾਇਬ੍ਰੇਰੀ ਵਿਚ ਮੌਜੂਦ ਪੜ੍ਹਨ-ਸਮੱਗਰੀ ਵਿਚ ਵਾਧਾ ਕਰਨ ਦੀ ਲੋੜ ਹੈ।
ਕੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਭਰਪਾਈ ਹੋ ਸਕਦੀ ਹੈ?
ਇਸ ਸੁਆਲ ਦਾ ਜੁਆਬ ਦੇਣਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਜੋ ਕੀਮਤੀ ਖਜ਼ਾਨਾ ਲੁੱਟ ਚੁੱਕਿਆ ਹੈ । ਹੁਣ ਇਸ ਲਾਇਬ੍ਰੇਰੀ ਦੇ ਮੌਜੂਦਾ ਖਜ਼ਾਨੇ ਵਿਚ ਹੋਰ ਵਾਧਾ ਕਰਨ ਦੀ ਸਖਤ ਲੋੜ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੁਝ ਯਤਨ ਵੀ ਆਰੰਭੇ ਹਨ ਪਰ ਇਹ ਕਾਫੀ ਨਹੀਂ ਹਨ। ਨਿਰਮਲੇ ਤੇ ਉਦਾਸੀਆਂ ਦੇ ਪੁਰਾਣੇ ਡੇਰਿਆਂ, ਨਿੱਜੀ-ਸੰਸਥਾਵਾਂ ਤੇ ਵਿਅਕਤੀਆਂ ਕੋਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਹੱਥ-ਲਿਖਤ ਸਰੂਪ ਇਕੱਤਰ ਕੀਤੇ ਜਾਣ ਦੀ ਲੋੜ ਹੈ। ਗੋਇੰਦਵਾਲ ਸਾਹਿਬ ਸਸਕਾਰ ਲਈ ਪਹੁੰਚ ਰਹੇ ਪੁਰਾਣੇ ਸਰੂਪਾਂ ਵਿਚੋਂ ਜੇਕਰ ਕੋਈ ਚੰਗੀ ਹਾਲਤ ਵਿਚ ਮਿਲਦੇ ਹਨ ਤਾਂ ਉਨ੍ਹਾਂ ਨੂੰ ਸੰਭਾਲਿਆ ਜਾ ਸਕਦਾ ਹੈ। ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ, ਗੁਰਮਤਿ ਕਾਲਜ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਵਿਸ਼ਵੇਸ਼ਰਾਨੰਦ ਸੰਸਕ੍ਰਿਤ ਇੰਸਟੀਚਿਊਟ, ਹੁਸ਼ਿਆਰਪੁਰ, ਜੰਮੂ ਯੂਨੀਵਰਸਿਟੀ, ਜੰਮੂ ਤੇ ਦਿੱਲੀ ਯੂਨੀਵਰਸਿਟੀ, ਦਿੱਲੀ ਅਤੇ ਹੋਰ ਵਿਦਿਅਕ-ਸੰਸਥਾਵਾਂ ਕੋਲ ਬਹੁਤ ਸਾਰੇ ਪੁਰਾਣੇ ਹੱਥ-ਲਿਖਤ ਖਰੜੇ ਅਤੇ ਹੋਰ ਮਹੱਤਵ-ਪੂਰਨ ਦਸਤਾਵੇਜ਼ ਉਪਲੱਭਧ ਹਨ। ਅੱਜਕੱਲ੍ਹ, ਵਿਗਿਆਨਕ ਵਿਧੀ ਨਾਲ ਉਨ੍ਹਾਂ ਨੂੰ ਸਕੈਨ ਕਰ ਕੇ ਕੰਪਿਊਟਰ ਦੀ ਸਹਾਇਤਾ ਨਾਲ ਉਨ੍ਹਾਂ ਦਾ ਡਿਜੀਟਲ ਸਰੂਪ ਇਸ ਲਾਇਬ੍ਰੇਰੀ ਵਿਚ ਰੱਖਿਆ ਜਾ ਸਕਦਾ ਹੈ। ਸਿੱਖ ਧਰਮ, ਸਿੱਖ ਇਤਿਹਾਸ ਤੇ ਰਾਜਨੀਤੀ ਨਾਲ ਸਬੰਧਿਤ ਉਪਰੋਕਤ ਯੂਨੀਵਰਸਿਟੀਆਂ ਵਿਚ ਪੇਸ਼ ਕੀਤੇ ਗਏ ਥੀਸਿਸਾਂ ਦੀ ਸਕੈਨ ਕੀਤੀ ਹੋਈ ਕਾਪੀ ਇੱਥੇ ਰੱਖੀ ਜਾ ਸਕਦੀ ਹੈ। ਪੁਸਤਕ-ਮਾਰਕੀਟ ਵਿਚ ਇਸ ਸਮੇਂ ਉਪਲੱਭਧ ਧਰਮ, ਇਤਿਹਾਸ, ਰਾਜਨੀਤੀ ਆਦਿ ਨਾਲ ਸਬੰਧ ਰੱਖਦੀਆਂ ਪੁਰਾਣੀਆਂ ਤੇ ਨਵੀਆਂ ਪੁਸਤਕਾਂ ਵੱਧ ਤੋਂ ਵੱਧ ਗਿਣਤੀ ਵਿਚ ਖਰੀਦ ਕੇ ਰੱਖਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਅੱਜਕਲ੍ਹ ਇਲੈਕਟ੍ਰਾਨਿਕ ਫਾਰਮ ਵਿਚ ਮਿਲ ਰਹੀਆਂ ਈ-ਪੁਸਤਕਾਂ, ਈ-ਰਿਸਾਲੇ ਤੇ ਹੋਰ ਸਮੱਗਰੀ ਵੀ ਲਾਇਬ੍ਰੇਰੀ ਵਿਚ ਉਪਲੱਬਧ ਕਰਾਉਣੀ ਚਾਹੀਦੀ ਹੈ। ਵਿਦਵਾਨਾਂ ਤੇ ਹੋਰ ਵਿਸ਼ੇਸ਼ਗਿਆਂ ਦੀ ਰਾਇ ਲੈ ਕੇ ਇਸ ਲਾਇਬ੍ਰੇਰੀ ਨੂੰ ਹੋਰ ਅਮੀਰ ਬਣਾਇਆ ਜਾ ਸਕਦਾ ਹੈ।
ਡਾ. ਸੁਖਦੇਵ ਸਿੰਘ ਝੰਡ
905-913-2348