ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ


ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ, ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੀਨੈਂਟ ਜਨਰਲ ਐਸ. ਕੇ. ਸਿਨਹਾ ਨੇ ਕੀਤਾ। ਇਹ ਲੈ. ਜਨਰਲ ਐਸ. ਕੇ. ਸਿਨਹਾ ਉਹੀ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ਼ ਨਹੀਂ ਬਣਾਇਆ ਗਿਆ ਸੀ। ਇਹਨਾਂ ਦੀ ਥਾਂ 'ਤੇ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ਼ ਬਣਾਇਆ ਗਿਆ ਸੀ।
''ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮੰਨਵਾਉਣਾ ਚਾਹੁੰਦੀ ਹੈ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ।'' ਜਨਰਲ ਸਿਨਹਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਸਨ ਤਾਂ ਉਹਨਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫੋਨ 'ਤੇ ਇਹ ਦੱਸਿਆ ਗਿਆ ਕਿ ਸਰਕਾਰ ਨੇ ਇਹ ਉੱਚ ਪੱਧਰ 'ਤੇ ਫੈਸਲਾ ਕਰ ਲਿਆ ਹੈ ਕਿ ਫੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਦਾ ਕੰਮ ਸੌਂਪ ਦਿੱਤਾ ਜਾਏ। ਪਰ ਜਦੋਂ ਜਨਰਲ ਸਿਨਹਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਇਸ ਤੋਂ ਬਾਅਦ ਇਹੋ ਜਿਹੇ ਕੋਈ ਆਦੇਸ਼ ਨਹੀਂ ਮਿਲੇ। ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਇਹ ਗੱਲ ਤਹਿ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਜਾ ਚੁੱਕਾ ਸੀ, ਜਿਸ ਨੂੰ ਅਮਲੀ ਜਾਮਾ ਜੂਨ, 1984 ਵਿਚ ਪਹਿਨਾਇਆ ਗਿਆ।''
''ਫੇਰ ਜਦੋਂ ਸੰਤ ਜਰਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇਕ ਵਾਰ ਫੇਰ ਫੌਜ ਤੋਂ Armoured Personnel Carriers (PAC) ਦੀ ਮੰਗ ਕੀਤੀ ਗਈ ਤਾਂ ਜੋ ਪੁਲਿਸ ਨੂੰ ਇਹ ਸੰਤ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਵਿਚ ਸਹਾਈ ਹੋ ਸਕਣ। ਇਹ ਗੱਲ ਅਕਾਲੀਆਂ ਦੇ ਧਰਮ-ਯੁੱਧ ਮੋਰਚੇ ਦੇ ਸ਼ੁਰੂ ਹੋਣ ਤੋਂ (ਅਗਸਤ 1982) ਕਈ ਚਿਰ ਪਹਿਲਾਂ ਦੀ ਹੈ। ਮੋਰਚਾ ਲੱਗਣ ਤੋਂ ਥੋੜ੍ਹਾ ਚਿਰ ਬਾਅਦ ਹੀ ਦੂਨ ਵਾਦੀ ਨੇੜੇ ਚਕਰਾਤਾ ਛਾਉਣੀ ਵਿਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇਕ ਮਾਡਲ ਵੀ ਤਿਆਰ ਕਰ ਲਿਆ ਸੀ।
''ਇਕ ਹੋਰ ਸਿਖਲਾਈ ਕੇਂਦਰ ਸਰਸਾਵਾ ਨੇੜੇ ਸ਼ੁਰੂ ਕਰਨ ਦੀ ਤਜਵੀਜ਼ ਪਹਿਲਾਂ ਅਗਸਤ, 1983 ਤੇ ਫੇਰ ਅਪ੍ਰੈਲ 1984 ਵਿਚ ਬਣਾਈ ਗਈ, ਪਰ ਇਸ ਦਾ ਭੇਤ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਲੱਗਣ ਕਾਰਨ, ਇਸ ਨੂੰ ਵਿਚੇ ਹੀ ਛੱਡ ਦਿੱਤਾ ਗਿਆ।''
''ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ 'ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ।
''ਦੂਸਰੇ ਤੁਹਾਨੂੰ ਮੁਕਾਬਲਾ ਲਈ ਦੁਸ਼ਮਣਾਂ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜ਼ਰੂਰਤ ਹੈ। ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਸੰਤ ਭਿੰਡਰਾਂਵਾਲੇ ਪਿਛਲੇ ਇਕ ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਹਨ। ਪਰ ਇਹ ਉਸ ਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਕਾਫੀ ਚਿਰ ਬਾਅਦ ਵਿਚ ਸ਼ੁਰੂ ਹੋਇਆ।
''ਦਸੰਬਰ, 1983 ਵਿਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦੋ ਸੁਰੰਗਾਂ ਖੋਦੀਆਂ ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਤੇ ਇਹ ਸੁਰੰਗਾਂ ਬੰਦ ਕਰ ਦਿੱਤੀਆਂ ਗਈਆਂ। ਸੋ ਇਸ ਤੋਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਦਸੰਬਰ, 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਬੰਦ ਲੜਾਈ ਲਈ ਤਿਆਰ ਨਹੀਂ ਸੀ।
''ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਮੁਤਾਬਕ ਗੋਲਡਨ ਟੈਂਪਲ ਕੰਪਲੈਕਸ ਦੀ ਮੋਰਚਾਬੰਦੀ 17 ਫਰਵਰੀ, 1984 ਨੂੰ ਸ਼ੁਰੂ ਹੋਈ। ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ ਸੀ. ਆਰ. ਪੀ. ਐਫ. ਤੇ ਬੀ. ਐਸ. ਐਫ. ਦੇ ਨੀਮ ਫੌਜੀ ਦਸਤਿਆਂ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿਚ ਲੈ ਕੇ ਉਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਬਿਨਾਂ ਕਿਸੇ ਕਾਰਨ ਹਰਿਮੰਦਰ ਸਾਹਿਬ ਵੱਲ ਰੁਕ ਰੁਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਨੂੰ ਮੋਰਚਾਬੰਦੀ ਦੇ ਲਈ ਉਕਸਾਇਆ। ਫੇਰ ਮਈ ਦੇ ਅਖੀਰ ਵਿਚ ਸੀ.ਆਰ.ਪੀ.ਐਫ. ਤੇ ਬੀ.ਐਸ.ਐਫ. ਨੇ ਹਰ ਰੋਜ਼ 10,000 ਗੋਲੀਆਂ ਦੀ ਬੁਛਾੜ ਗੋਲਡਨ ਟੈਂਪਲ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਮੁੱਖ ਮੰਤਵ ਸੀ ਕਿ ਜਦੋਂ ਇਸ ਦੇ ਜਵਾਬ ਵਿਚ ਗੋਲੀ ਚੱਲੇ ਤਾਂ ਪਤਾ ਲੱਗ ਸਕੇ ਸੰਤ ਜਰਨੈਲ ਸਿੰਘ ਨੇ ਉਹਨਾਂ ਦੇ ਸਾਥੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਤੇ ਉਹਨਾਂ ਨੇ ਮੋਰਚੇ ਕਿਸ ਕਿਸ ਪਾਸੇ ਹਨ। ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣਬੁਝ ਕੇ ਭੜਕਾਉਣਾ ਸੀ।
''ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਵੱਲ ਵੱਧਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਹ ਹਰ ਸਿੱਖ ਦਾ ਇਖਲਾਕੀ ਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਹਰਿਮੰਦਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਭਿੰਡਰਾਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜੁਝਾਰੂ ਸੂਰਬੀਰਾਂ ਦੀ ਪ੍ਰੰਪਰਾ ਦਾ ਪਾਲਣ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸੁਆਸ ਤੱਕ ਲੜਾਈ ਕੀਤੀ। ਇਹੋ ਹੀ ਕਾਰਨਾਂ ਕਰਕੇ ਆਦਮੀ, ਔਰਤਾਂ ਤੇ ਬੱਚੇ ਜੋ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਨੇ ਵੀ ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ।''
ਲੈਫ. ਜਨਰਲ
ਐਸ. ਕੇ. ਸਿਨਹਾ