ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਂਵੀਂ ਸੋਚ ਦੇ ਰਾਹੀ ਕਿਵੇਂ ਬਣੀਏ?


ਬਹੁਤ ਸਾਰੇ ਸੱਜਣ ਇੰਜ ਵੀ ਸੋਚਦੇ ਹਨ ਕਿ 'ਹਾਏ ਰੱਬਾ! ਅਸੀਂ ਕੀ ਕਰ ਸਕਦੇ ਹਾਂ? ਸਾਡੇ ਕੋਲ ਤਾਂ ਹੈ ਈ ਕੱਖ ਨੀ।'
      ਪਰ ਸੋਹਣਿਓ, ਜੇ ਕਿਸੇ ਕੋਲ ਦੁਨਿਆਵੀ ਦੌਲਤ ਦੀ ਕਮੀ ਹੈ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਉਸ ਕੋਲ ਕੁਝ ਵੀ ਨਹੀਂ? ਉਹ ਨੰਗ ਹੈ? ਪਰ ਨਹੀਂ, ਐਸਾ ਨਹੀਂ। ਜੇ ਉਸ ਦਾ ਨਜ਼ਰੀਆ ਜਾਨਦਾਰ ਹੈ, ਸੋਚ ਸਾਂਵੀਂ ਹੈ ਤਾਂ ਸਮਝੋ ਕਿ ਉਸ ਕੋਲ ਵੀ ਬੜਾ ਕੁਝ ਹੈ। ਸਮਾਜ ਦੇ ਵਿਕਾਸ ਵਿਚ ਆਉਂਦੀ ਖੜੋਤ ਨੂੰ ਇਹੀ ਲੋਕ ਤੋੜਦੇ ਆਏ ਹਨ। ਇਤਿਹਾਸ ਵਿਚ ਬੁਨਿਆਦੀ ਤਬਦੀਲੀਆਂ ਇਨ੍ਹਾਂ ਲੋਕਾਂ ਦੇ ਮੋਢਿਆਂ ਉਤੇ ਚੜ੍ਹ ਕੇ ਹੀ ਆਉਂਦੀਆਂ ਰਹੀਆਂ ਹਨ।
      ਦੂਜੇ ਪਾਸੇ ਜੇ ਕੋਈ ਬੰਦਾ ਹੁੰਦਿਆਂ-ਸੁੰਦਿਆਂ ਮਰੂੰ-ਮਰੂੰ ਕਰੀ ਜਾਂਦਾ ਹੈ ਜਾਂ ਸਮਝੀ ਬੈਠਾ ਹੈ ਕਿ 'ਮੇਰੇ ਕੋਲ ਹੈਨੀ ਕੱਖ। ਮੈਂ ਤਾਂ ਫਲਾਣੇ ਨਾਲੋਂ ਪਿੱਛੇ ਰਹਿ ਗਿਆ ਹਾਂ। ਬਹੁੜੀ ਉਏ ਮੁਲਖਾ! ਢੀਂਗੜਾ ਮੇਰੇ ਨਾਲੋਂ ਅੱਗੇ ਲੰਘਦਾ ਜਾਂਦਾ ਜੇ।' ਤਾਂ ਸਮਝੋ ਕਿ ਉਹ ਅਸਲੀ ਨੰਗ ਹੈ। ਇਹ ਗਏ-ਗੁਜ਼ਰੇ ਬੰਦਿਆਂ ਦੀ ਸਭ ਤੋਂ ਵਧੀਆ ਨਸਲ ਹੈ।
       ਜੇ ਸਿਰਫ਼ ਪੈਸੇ ਧੇਲੇ ਅਤੇ ਚੀਜ਼ਾਂ ਵਸਤਾਂ ਨੂੰ ਹੀ ਅਮੀਰੀ ਮੰਨ ਲਿਆ ਜਾਵੇ, ਫਿਰ ਤਾਂ ਬੰਦੇ ਤੋਂ ਇਲਾਵਾ ਜਿੰਨੇ ਵੀ ਲੱਖਾਂ-ਕਰੋੜਾਂ ਜੀਵ ਜੰਤੂ ਧਰਤੀ ਉਤੇ ਮੌਜੂਦ ਹਨ, ਉਹ ਸਭ ਕੰਗਾਲ ਹੀ ਮੰਨਣੇ ਪੈਣਗੇ। ਗਰੀਬੀ ਦੇ ਮਾਰੇ। ਪਰ ਉਨ੍ਹਾਂ ਸਾਰਿਆਂ ਵਿਚੋਂ ਤਾਂ ਕਿਸੇ ਨੂੰ ਵੀ ਅਜਿਹਾ ਅਹਿਸਾਸ ਨਹੀਂ ਜਾਪਦਾ। ਉਹ ਤਾਂ ਇਵੇਂ ਫਿਰਦੇ ਹਨ ਜਿਵੇਂ ਕਿਤੇ ਉਨ੍ਹਾਂ ਕੋਲ ਸਭ ਕੁਝ ਹੈ। ਦੌਲਤਮੰਦ ਹੋਣ ਦਾ ਅਹਿਸਾਸ ਇਹੀ ਤਾਂ ਹੁੰਦਾ ਹੈ। ਉਨ੍ਹਾਂ ਦੀ ਵੇਖਣੀ, ਚਾਖਣੀ, ਚਾਲ-ਢਾਲ, ਬੋਲ-ਬਾਣੀ, ਸੌਣ-ਉੱਠਣ, ਮੇਲ-ਜੋਲ, ਖੇਡਣ-ਕੁੱਦਣ ਵਿਚ ਉਹ ਸਹਿਜ ਹੈ, ਜਿਹੜਾ ਕਿਸੇ ਬਹੁਤ ਚੰਗੇ ਗਿਆਨੀ ਅਮੀਰ ਵਿਚ ਹੀ ਹੋ ਸਕਦਾ ਹੈ।
        ਧਨ ਹੋਣਾ ਕੋਈ ਬੁਰੀ ਗੱਲ ਨਹੀਂ, ਚੰਗੀ ਗੱਲ ਹੈ। ਪੰ੍ਰਤੂ ਗਿਆਨ ਅਤੇ ਚੰਗਿਆਈ ਦੀ ਢਾਲ ਨਾਲ ਹੀ ਬੰਦਾ ਇਸ ਦੇ ਮਾਰੂ ਵਾਰਾਂ ਤੋਂ ਬਚ ਸਕਦਾ ਹੈ। ਅਗਿਆਨੀ ਬੰਦੇ ਦਾ ਤਾਂ ਦੌਲਤ ਅਤੇ ਤਾਕਤ ਦਿਮਾਗ ਫੇਰ ਦਿੰਦੀ ਹੈ। ਦਿਮਾਗ ਤੋਂ ਕੀਮਤੀ ਚੀਜ਼ ਹੋਰ ਕੋਈ ਨਹੀਂ। ਬਾਕੀ ਤਾਂ ਸਿਰਫ਼ ਮਾਸ ਹੀ ਰਹਿ ਜਾਂਦਾ ਹੈ, ਸੱਠ ਕਿਲੋ, ਅੱਸੀ ਕਿਲੋ, ਸੌ ਕਿਲੋ।
     ਜੇ ਸੂਝਬੂਝ ਹੈ ਤਾਂ ਫਿਰ ਦੌਲਤ/ਤਾਕਤ ਆਉਣ ਤੋਂ ਬਾਅਦ ਵੀ ਸਹਿਜ ਬਿਰਤੀ ਬਣੀ ਰਹਿੰਦੀ ਹੈ ਤੇ ਧੰਨਵਾਦੀ ਹੋਣਾ ਵੱਡਾ ਗੁਣ ਬਣ ਜਾਂਦਾ ਹੈ। ਪਰ ਜੇ ਪੈਸਾ-ਧੇਲਾ ਆਉਣ ਨਾਲ ਹਵਸ ਬਹੁਤੀ ਵਧ ਜਾਵੇ ਤਾਂ ਫਿਰ ਕਦੀ ਰੱਜ ਨਹੀਂ ਆਉਂਦਾ। ਰੱਜਣ ਦੇ ਅਹਿਸਾਸ ਦਾ ਸਬੰਧ ਨੀਤ ਨਾਲ ਹੈ, ਧਨ ਨਾਲ ਨਹੀਂ। ਬੰਦਾ ਭਾਵੇਂ ਰੱਜਿਆ ਹੋਵੇ ਤੇ ਭਾਵੇਂ ਭੁੱਖਾ ਪਰ ਨੀਤ ਦਾ ਭੁੱਖਾ ਨਹੀਂ ਹੋਣਾ ਚਾਹੀਦਾ। ਨੀਤ ਦਾ ਭੁੱਖਾ ਸਾਰੀ ਜ਼ਿੰਦਗੀ ਭੁੱਖਾ ਹੀ ਰਹਿੰਦਾ ਹੈ। ਉਸ ਕੋਲ ਕਿਸੇ ਨੂੰ ਦੇਣ ਲਈ ਕਦੀ ਵੀ ਕੁਝ ਨਹੀਂ ਹੁੰਦਾ ਤੇ ਬਲਊਂ-ਬਲਊਂ ਕਰਦਾ ਇਵੇਂ ਹੀ ਸੰਸਾਰ ਤੋਂ ਚਲੇ ਜਾਂਦਾ ਹੈ। ਪੈਸਾ ਬੜਾ ਜ਼ੋਰਾਵਰ ਵੀ ਹੈ ਪਰ ਕੁਝ ਮੁਹੱਬਤੀ ਰਿਸ਼ਤਿਆਂ ਦੇ ਦਰਮਿਆਨ ਇਹ ਪੈਰ ਨਾ ਹੀ ਧਰੇ ਤਾਂ ਹੀ ਉਹ ਬਚਦੇ ਹਨ।
        ਸਮਾਜ ਦਾ ਪ੍ਰਬੰਧ ਇਸ ਤਰ੍ਹਾਂ ਦਾ ਤਾਂ ਹੋਣਾ ਹੀ ਚਾਹੀਦਾ ਹੈ, ਜਿਸ ਵਿਚ ਹਰ ਇਨਸਾਨ ਦੀ ਲਿਆਕਤ ਦਾ ਮੁੱਲ ਪਵੇ। ਡਿੱਗਿਆਂ ਨੂੰ ਉਠਾਉਣ ਦੀ ਚਿੰਤਾ ਹੋਵੇ। ਕਿਸੇ ਦੇ ਮੂੰਹ 'ਚੋਂ ਬੁਰਕੀ ਕੋਈ ਨਾ ਖੋਹਵੇ। ਗੁਣ ਬੰਦੇ ਦੀ ਵਡਿਆਈ ਬਣਨ, ਉਸ ਦੀ ਜਾਤ, ਜਾਂ ਹੋਰ ਫਾਲਤੂ ਗੱਲਾਂ ਨਹੀਂ। ਮੁਹੱਬਤ ਤੇ ਨਿਆਂ ਦਾ ਬੋਲਬਾਲਾ ਤੇ ਸਾਂਵੀਂ ਵੰਡ ਹੋਵੇ। ਭਾਵੇਂ ਲੰਮਾ ਸਮਾਂ ਲੱਗੇਗਾ ਅਜੇ ਇਨ੍ਹਾਂ ਗੱਲਾਂ ਨੂੰ। ਪਰ ਅਜਿਹੇ ਸਮਾਜ ਦੀ ਸਿਰਜਣਾ ਲਈ ਸੰਘਰਸ਼ ਵਕਤ ਦੀ ਲੋੜ ਹੈ। ਇਹ ਆਦਰਸ਼ ਹਨ। ਆਦਰਸ਼ਵਾਦ ਨਹੀਂ। ਆਦਰਸ਼ਵਾਦੀ ਤਾਂ ਉਸ ਨੂੰ ਆਖ ਸਕਦੇ ਹੋ, ਜਿਹੜਾ ਜ਼ਮੀਨੀ ਹਕੀਕਤ ਨਹੀਂ ਸਮਝਦਾ ਤੇ ਭੋਲੇ-ਭਾਲੇ ਲੋਕਾਂ ਨੂੰ ਉਦਾਂ ਹੀ ਹਵਾਈ ਗੱਲਾਂ ਦੇ ਸਬਜ਼ਬਾਗ ਵਿਖਾ-ਵਿਖਾ ਕੇ ਉਨ੍ਹਾਂ ਦਾ ਦਿਮਾਗ ਘੁਮਾਈ ਰੱਖਦਾ ਹੈ।
       ਕੋਈ ਸਮਾਜਿਕ ਰਾਜਸੀ ਪ੍ਰਬੰਧ ਉਸ ਸਮੇਂ ਹੀ ਆਪਣੇ-ਆਪ ਨੂੰ ਆਦਰਸ਼ਕ ਸਾਬਤ ਕਰ ਸਕਦਾ, ਜਦ ਸਾਰਿਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ। ਦੇਣ ਵਾਲੇ ਤੰਤਰ ਵਿਚ ਫ਼ਰਕ/ਵਿਤਕਰਾ ਨਾ ਹੋਵੇ। ਲੈਣ ਵਾਲਿਆਂ ਨੇ ਤਾਂ ਫਿਰ ਵੀ ਆਪਣੀ ਸਮਰੱਥਾ ਮੂਜਬ ਹੀ ਲੈਣਾ ਹੁੰਦਾ ਹੈ। ਕਿਉਂਕਿ ਗਿਆਨ, ਲਗਨ, ਹਿੰਮਤ, ਕੋਸ਼ਿਸ਼, ਸੂਝਬੂਝ, ਜੱਦੀ-ਪੁਸ਼ਤੀ ਸੰਸਕਾਰ ਤਾਂ ਆਪੋ-ਆਪਣੇ ਹੁੰਦੇ ਹਨ। ਹਿਸਾਬ ਦੇ ਸਵਾਲ ਵਾਂਗ ਲੋਕ ਨਾ-ਬਰਾਬਰ ਕੀਤੇ ਜਾ ਸਕਦੇ ਹਨ ਤੇ ਨਾ ਕੀਤੇ ਹੋਏ ਕਾਇਮ ਰਹਿ ਸਕਦੇ ਹਨ। ਨੇਕ ਰੂਹਾਂ ਇਨਸਾਨੀ ਸਮਾਜ ਦੀ ਭਲਾਈ ਲਈ ਯਤਨਸ਼ੀਲ ਤਾਂ ਰਹਿਣਗੀਆਂ ਹੀ, ਤਾਂ ਕਿ ਲੋਕ ਭੁੱਖ ਨੰਗ ਨੂੰ ਹੀ ਆਪਣੀ ਕਿਸਮਤ/ਹੋਣੀ ਨਾ ਸਮਝ ਲੈਣ। ਦੁਨਿਆਵੀ ਗਰੀਬੀ ਅਮੀਰੀ ਰੱਬ ਨੇ ਨਹੀਂ ਬਣਾਈ, ਬੰਦੇ ਦੀ ਬਣਾਈ ਹੋਈ ਹੈ। ਪਰ ਆਓ ਜ਼ਰਾ ਮਾਲ ਖਜ਼ਾਨਿਆਂ ਦੇ ਅਣਗੌਲੇ ਜਿਹੇ ਜ਼ਖੀਰਿਆਂ ਵੱਲ ਫੇਰਾ ਪਾਈਏ, ਜਿਨ੍ਹਾਂ ਉਤੇ ਕੋਈ ਕਬਜ਼ਾ ਕਰ ਹੀ ਨਹੀਂ ਸਕਦਾ। ਦੌਲਤ ਦੇ ਉਹ ਭੰਡਾਰ, ਜਿਨ੍ਹਾਂ ਦੇ ਆਪਣੇ ਹੋਣ ਦਾ ਅਹਿਸਾਸ ਹਰ ਕੋਈ ਕਰ ਸਕਦੈ।
         ਸੋਹਣੇ ਰੰਗ ਬਦਲਦਾ ਆਕਾਸ਼ ਅਤੇ ਖਾਸ ਕਰਕੇ ਰਾਤ ਨੂੰ ਤਾਰਿਆਂ ਨਾਲ ਭਰਿਆ ਅਸਮਾਨ ਉਸੇ ਦਾ ਹੈ ਸਾਰੇ ਦਾ ਸਾਰਾ, ਜਿਹੜਾ ਉਸ ਨੂੰ ਮੁਹੱਬਤ ਨਾਲ ਵੇਖਦਾ ਹੈ। ਚਾਂਦਨੀ ਰਾਤ ਤੇ ਬੱਦਲਾਂ ਵਿਚੋਂ ਦੀ ਤੁਰਦਾ ਚੰਦ। ਇਹ ਸੋਹਣਾ ਦ੍ਰਿਸ਼ ਰੋਜ਼ ਹਾਜ਼ਰ ਹੈ। ਇਸ ਦ੍ਰਿਸ਼ ਦੀ ਦੌਲਤ ਉਸ ਨੂੰ ਨਸੀਬ ਹੈ, ਜੋ ਇਸ ਨੂੰ ਜਿੰਨਾ ਨਿਹਾਰ ਲਵੇ। ਨਿਹਾਰਨ ਵਾਲਾ ਆਕਾਸ਼ ਵਰਗੀ ਵਿਸ਼ਾਲਤਾ ਨੂੰ ਹਿਰਦੇ ਵਿਚ ਸਮੋ ਲੈਂਦਾ ਹੈ। ਸੌੜੇਪਨ ਦੀ ਕੈਦ ਵਿਚੋਂ ਮੁਕਤ ਹੋ ਜਾਂਦਾ ਹੈ। ਕੁਦਰਤ ਨਾਲ ਜੁੜ ਕੇ ਕੁਦਰਤ ਵਰਗਾ ਹੋ ਜਾਂਦਾ ਹੈ। ਇਹ ਦ੍ਰਿਸ਼ ਆਮ ਕਰਕੇ ਖੁੱਲ੍ਹੇ ਅੰਬਰ ਹੇਠ ਰਾਤ ਨੂੰ ਮੰਜਿਆਂ ਉਤੇ ਸੌਣ ਵਾਲਿਆਂ ਦੇ ਭਾਗਾਂ ਵਿਚ ਹੈ। ਛੱਤਾਂ ਹੇਠ ਸੌਣ ਵਾਲਿਆਂ ਦੇ ਹਿੱਸੇ ਇਸ ਸੁੰਦਰਤਾ ਦੇ ਖਜ਼ਾਨੇ ਵਿਚੋਂ ਦਵਾਨੀ ਵੀ ਨਹੀਂ ਆਉਂਦੀ। ਅਰਬਾਂ ਸੂਰਜ ਹਾਜ਼ਰ ਹਨ ਸਾਡੇ ਲਈ ਪਰ ਵੇਖਣ ਵਾਲੀ ਅੱਖ ਵੀ ਤਾਂ ਹੋਵੇ। ਵਾਰੇ ਵਾਰੇ ਜਾਈਏ, ਸਵੇਰੇ ਤੇ ਸ਼ਾਮ ਦੇ, ਜਦ ਸੂਰਜ ਚੜ੍ਹਦਾ ਲਹਿੰਦਾ ਹੈ। ਜਦ ਸਵੇਰ ਹੋਣ ਲੱਗਦੀ ਹੈ, ਉਸ ਅੱਧੇ ਘੰਟੇ 'ਚ ਕੁਦਰਤ ਅਨੇਕਾਂ ਰੰਗ ਬਦਲਦੀ ਹੈ। ਉਸ ਅਹਿਸਾਸ ਨਾਲ ਉਹ ਮਾਲਾਮਾਲ ਹੈ, ਜੋ ਉਸ ਵਕਤ ਬਿਸਤਰੇ 'ਚੋਂ ਬਾਹਰ ਹੁੰਦਾ ਹੈ ਤੇ ਮਹਿਸੂਸ ਕਰਦਾ ਹੈ ਕਿ ਸੂਰਜ ਦੀ ਲਾਲੀ ਤੇ ਲੋਅ ਪੂਰਬ ਵੱਲੋਂ ਨਹੀਂ, ਸਗੋਂ ਮੇਰੇ ਮੱਥੇ ਵਿਚੋਂ ਨਿਕਲ ਰਹੀ ਹੈ। ਸੂਰਜ ਚੜ੍ਹਨ ਤੋਂ ਘੰਟਾ ਪਹਿਲਾਂ ਉਠ ਕੇ ਕੁਦਰਤ ਨੂੰ ਗਲਵਕੜੀ ਵਿਚ ਲੈਣ ਵਾਲਿਆਂ ਨੇ ਜੋ ਸਵਾਦ ਚੱਖਿਆ ਹੈ, ਉਸ ਦਾ ਲੁਤਫ਼ ਸਿਰਫ਼ ਉਹੀ ਜਾਣਦੇ ਹਨ। ਉਂਜ ਵੀ ਜਦ ਰੋਜ਼ ਰਾਤ ਮੁੱਕਣ 'ਤੇ ਆਉਂਦੀ ਹੈ ਤਾਂ ਪੰਛੀ ਤੇ ਰੁੱਖ ਬੂਟੇ ਵੇਲੇ ਸਿਰ ਖੁਦ ਜਾਗਦੇ ਹਨ ਤੇ ਸਾਨੂੰ ਦਿਨ ਚੜ੍ਹਨ ਦਾ ਅਹਿਸਾਸ ਕਰਵਾਉਂਦੇ ਹਨ। ਤਾਜ਼ੀ ਹਵਾ ਰੁਮਕਦੀ ਹੈ। ਹਰ ਜੀਵ ਅਤੇ ਪੱਤੇ ਦੀਆਂ ਰਗਾਂ ਵਿਚ ਦੌੜਦੀ ਹੈ। ਸਿਰਫ਼ ਉਦਮੀ ਨੂੰ ਪਛਾਣਦੀ ਹੈ, ਹੋਰ ਕਿਸੇ ਪਛਾਣ ਨੂੰ ਨਹੀਂ ਜਾਣਦੀ। ਜਿਹੜਾ ਮਰਜ਼ੀ ਝੋਲੀਆਂ ਭਰ ਲਵੇ, ਜਿੰਨੀਆਂ ਭਰ ਸਕਦਾ, ਮੁਫ਼ਤੋ-ਮੁਫ਼ਤ। ਇਸ ਤੋਂ ਵੱਡੀ ਨਾ ਕੋਈ ਖੁਰਾਕ, ਨਾ ਕੋਈ ਦਵਾਈ, ਨਾ ਕੋਈ ਕਮਾਈ। ਹਵਾ ਹੀ ਜ਼ਿੰਦਗੀ ਹੈ।
        ਪਰ ਇਥੇ ਇਕ ਭੇਦ ਹੈ। ਕੁਦਰਤ ਹਰ ਇਕ ਦੇ ਰੋਮ-ਰੋਮ ਵਿਚ ਹੈ, ਆਸ-ਪਾਸ ਹੈ। ਪਰ ਇਸ ਨੂੰ ਅੰਦਰ ਮਹਿਸੂਸ ਕਰਨ ਜਾਂ ਆਪਣੇ ਕੋਲ ਹੋਣ ਦਾ ਅਹਿਸਾਸ ਹਰ ਕਿਸੇ ਨੂੰ ਨਹੀਂ ਹੁੰਦਾ। ਇਸ ਲਈ ਕੁਦਰਤ ਦੀ ਵਡਿਆਈ ਦਾ ਗਿਆਨ ਅਤੇ ਇਸ ਨਾਲ ਜੋੜਨ ਵਾਲਾ ਭਾਵਨਾਤਮਿਕ ਲਗਾਅ ਵੀ ਤਾਂ ਹੋਣਾ ਚਾਹੀਦਾ ਹੈ। ਇਹੋ ਤਾਂ ਇਕੋ-ਇਕ ਗੱਲ ਹੈ, ਜਿਸ ਤਹਿਤ ਅਸੀਂ ਵੇਖਦੇ ਹਾਂ ਕਿ ਕੁਝ ਲੋਕ ਕੁਦਰਤੀ ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣ ਰਹੇ ਹਨ ਤੇ ਕਈ ਹੋਰ ਲੋਕ ਕੁਦਰਤ ਨਾਲ ਮੋਹ ਕਰਦੇ ਹੋਏ ਇਸ ਨੂੰ ਬੰਦੇ ਤੋਂ ਬਚਾਉਣ ਲਈ ਜ਼ਿੰਦਗੀਆਂ ਅਰਪਨ ਕਰੀ ਬੈਠੇ ਹਨ। ਪਰ ਫਿਰ ਵੀ ਕੁਦਰਤ ਆਪਣੀਆਂ ਰਹਿਮਤਾਂ ਦੀ ਬਖਸ਼ਿਸ਼ ਕਰਨ ਲੱਗਿਆਂ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਸਮਾਜ ਲਈ ਸੇਧ ਅਤੇ ਹੁਣ ਤੱਕ ਦੀ ਸਾਰੀ ਖੋਜ ਦੀਆਂ ਬਰਕਤਾਂ ਬੰਦੇ ਨੂੰ ਕੁਦਰਤ ਵੱਲ ਮੂੰਹ ਕਰਕੇ ਹੀ ਮਿਲੀਆਂ ਹਨ, ਪਿੱਠ ਕਰਕੇ ਨਹੀਂ।
       ਕੀ ਰਾਜ ਭਾਗ ਉਤੇ ਕਾਬਜ਼ ਲੋਕਾਂ ਦਾ, ਆਮ ਬੰਦਾ ਸਿਫਾਰਸ਼ ਦੇ ਖੇਤਰ ਵਿਚ ਮੁਕਾਬਲਾ ਕਰ ਲਵੇਗਾ? ਕਦੀ ਵੀ ਨਹੀਂ। ਕੀ ਸਰੀਰੋਂ ਹੱਟੇ-ਕੱਟੇ ਲੋਕਾਂ ਨੂੰ ਕਮਜ਼ੋਰ ਢਾਹ ਲੈਣਗੇ? ਕਦੀ ਵੀ ਨਹੀਂ। ਪਰ ਇਕ ਖੇਤਰ ਹੈਗਾ ਜਿਸ ਵਿਚ ਹਰ ਕੋਈ ਬੰਦਾ ਸਭਨਾਂ ਦਾ ਮੁਕਾਬਲਾ ਵੀ ਕਰ ਸਕਦਾ ਹੈ ਤੇ ਉਨ੍ਹਾਂ ਤੋਂ ਅੱਗੇ ਵੀ ਲੰਘ ਸਕਦਾ ਹੈ ਤੇ ਇਹ ਖੇਤਰ ਹੈ ਬੁੱਧੀ ਦਾ ਖੇਤਰ, ਦਿਮਾਗੀ ਰਿਆਜ਼, ਕਲਾ ਕੁਸ਼ਲਤਾ। ਜੇ ਆਪਾਂ ਨੂੰ ਸਹੀ-ਸਲਾਮਤ ਦਿਮਾਗ ਮਿਲਿਆ ਹੈ, ਤਾਂ ਸਮਝੋ ਬੜਾ ਕੁਝ ਮਿਲਿਆ ਹੈ। ਇਹ ਸਾਰੀਆਂ ਦੌਲਤਾਂ, ਖੁਸ਼ੀਆਂ, ਅਨੰਦਾਂ, ਸਬੰਧਾਂ ਦਾ ਸੋਮਾ ਹੈ। ਗਿਆਨ ਅਤੇ ਕਲਾ ਉਤੇ ਕਿਸੇ ਦਾ ਕਬਜ਼ਾ ਸੰਭਵ ਨਹੀਂ। ਇਹ ਉਸੇ ਦੇ ਹੋ ਜਾਣਗੇ ਜੋ ਰਿਆਜ਼ ਅਤੇ ਅਮਲ ਨਾਲ ਇਨ੍ਹਾਂ ਨੂੰ ਸਿੱਧ ਕਰ ਲਵੇਗਾ।
         ਤੰਦਰੁਸਤੀ ਵੀ ਬੜੀ ਦੁਰਲੱਭ ਸ਼ੈਅ ਹੈ। ਹਰ ਇਕ ਨੂੰ ਨਸੀਬ ਨਹੀਂ। ਇਸ ਸੰਸਾਰ ਨੂੰ ਜੀਵ ਨੇ ਸਿਹਤ ਦੇ ਜ਼ਰੀਏ ਹੀ ਭੋਗਣਾ ਹੈ। ਪੰਜੇ ਇੰਦਰੀਆਂ ਵੇਖਣਾ, ਚੱਖਣਾ, ਸੁੰਘਣਾ, ਛੂਹਣਾ ਹੀ ਜੀਵਨ ਵਿਚ ਰੰਗ ਰਸ ਦਾ ਸਾਧਨ ਹੈ। ਇਨ੍ਹਾਂ ਨਾਲ ਜੁੜੇ ਅੰਗ ਲਿੰਗ ਸਹੀ ਹਨ ਤਾਂ ਹੀ ਸੰਸਾਰ ਦਾ ਭੋਗ ਹੈ। ਨਹੀਂ ਤਾਂ ਕਾਹਦੀ ਜੂਨ। ਆਤਮਿਕ ਸੁਹੱਪਣ ਤੇ ਚੇਤਨਾ ਪ੍ਰਵਾਹ ਦਾ ਜ਼ਰੀਆ ਵੀ ਇਹੀ ਹੈ। ਬੌਧਿਕ-ਮਾਨਸਿਕ ਇਕਸੁਰਤਾ ਹੀ ਆਤਮਿਕ ਸ਼ੁੱਧਤਾ ਨੂੰ ਸਹਿਲ ਬਣਾਉਂਦੀ ਹੈ। ਜੋ ਸੁਹਿਰਦ ਹੈ, ਹਰ ਦਿਨ ਉਸ ਦੇ ਵਕਾਰ ਅਤੇ ਆਪਣਿਆਂ ਵਿਚ ਵਾਧਾ ਕਰਦਾ ਹੈ। ਚੰਗਿਆਈ ਦੀ ਮਹਿਕ ਫੈਲਦੀ ਹੈ ਤੇ ਦੂਜੇ ਉਸ ਦੀ ਸਫਲਤਾ ਲਈ ਦੁਆਵਾਂ ਤੇ ਕੋਸ਼ਿਸ਼ਾਂ ਕਰਦੇ ਹਨ। ਕੋਈ ਕਾਬਲੀਅਤ ਹੈ, ਨਿਰਸੰਕੋਚ ਵੰਡੋ। ਘਟੇਗੀ ਨਹੀਂ, ਸਗੋਂ ਵਧੇਗੀ। ਆਪਣੇ ਤੇ ਦੂਜਿਆਂ ਅੰਦਰਲੀਆਂ ਬਰਕਤਾਂ ਵੱਲ ਧਿਆਨ ਕਰੀਏ। ਚੰਗਿਆਈਆਂ ਵੇਖਣ ਦੀ ਆਦਤ ਬਣੇਗੀ। ਦੂਜਿਆਂ ਲਈ ਆਪਣੀ ਸਾਰਥਿਕਤਾ ਬਣਾਈ ਰੱਖਣੀ ਚਾਹੀਦੀ ਹੈ।
         ਕਈ ਲੋਕਾਂ ਦਾ ਖਿਆਲ ਹੈ ਕਿ ਪਹਿਲਾਂ ਸਮਾਜ ਪ੍ਰਬੰਧ ਬਦਲੇ ਤਦ ਹੀ ਇਨਸਾਨ ਬਦਲ ਸਕਦਾ ਹੈ। ਕੁਝ ਦਾ ਵਿਚਾਰ ਹੈ ਕਿ ਪਹਿਲਾਂ ਇਨਸਾਨ ਬਦਲਣ ਤੇ ਫਿਰ ਉਹ ਆਪੇ ਸਮਾਜਿਕ ਪ੍ਰਬੰਧ ਨੂੰ ਵਧੀਆ ਪਾਸੇ ਬਦਲਣਗੇ। ਬਹੁਤ ਸਾਰੇ ਲੋਕ ਇਨ੍ਹਾਂ ਦੋਵਾਂ ਸੋਚਾਂ ਨੂੰ ਇਕ-ਦੂਜੇ ਦੀਆਂ ਵਿਰੋਧੀ ਸਮਝੀ ਬੈਠੇ ਹਨ। ਪਰ ਇਹ ਵਿਰੋਧੀ ਨਹੀਂ, ਪੂਰਕ ਹਨ। ਮੁੱਕਦੀ ਗੱਲ ਹੈ ਕਿ ਇਨਸਾਨ ਬਦਲੇ ਚੰਗੇ ਪਾਸੇ ਨੂੰ, ਪਹਿਲੋਂ ਮਗਰੋਂ ਦੇ ਝਗੜੇ 'ਚ ਕਾਹਨੂੰ ਪੈਣਾ। ਜਿਊਂਦੇ ਜਾਗਦੇ ਇਨਸਾਨਾਂ 'ਚ ਤਬਦੀਲੀ ਤਾਂ ਚਲਦੀ ਰਹਿੰਦੀ ਹੈ, ਰਹਿੰਦੀ ਦੁਨੀਆ ਤੱਕ। ਪਰ ਆਪਾਂ ਮੂਲ ਫੜੀਏ। ਜ਼ਿੰਦਗੀ ਦਾ ਮੂਲ ਜਿਸ ਉਤੇ ਸਾਰਾ ਕੁਝ ਟਿਕਦਾ ਹੈ। ਮੂਲ ਦੀਆਂ ਤੰਦਾਂ 'ਚੋਂ ਇਕ ਤੰਦ ਹੈ ਨਜ਼ਰੀਆ, ਦ੍ਰਿਸ਼ਟੀਕੋਣ। ਨਜ਼ਰੀਏ 'ਚੋਂ ਹੀ ਉਸ ਨਜ਼ਰ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਨਾਲ ਸਾਰੀ ਸ੍ਰਿਸ਼ਟੀ/ਕਾਇਨਾਤ ਹੀ ਆਪਣੀ ਲੱਗਦੀ ਹੈ। ਦ੍ਰਿਸ਼ਟੀ 'ਚੋਂ ਹੀ ਦ੍ਰਿਸ਼ਾਂ ਦਾ ਸੁਹੱਪਣ ਦਿੱਸਦਾ ਹੈ। ਅੱਖਾਂ ਸਿਰਫ਼ ਵੇਖਦੀਆਂ ਹਨ, ਮਾਇਨੇ ਦ੍ਰਿਸ਼ਟੀ ਨਾਲ ਬਣਦੇ ਹਨ। ਅੱਖਾਂ ਨਾਲ ਸਿਰਫ਼ ਦਿੱਸਦਾ ਹੈ, ਦਿੱਸੇ ਦਾ ਪਤਾ ਨਹੀਂ ਲੱਗਦਾ। ਦਿਮਾਗ ਅੱਖਾਂ ਦੀਆਂ ਵੀ ਅੱਗੋਂ ਅੱਖਾਂ ਹਨ। ਵੇਖੇ ਦੀ ਸਮਝ ਆਉਂਦੀ ਹੈ। ਨਜ਼ਰ ਵਿਚ ਨਹੀਂ, ਨਜ਼ਰੀਏ ਵਿਚ ਹੀ ਹੈ ਕੁਝ ਹੋਣ ਤੇ ਨਾ ਹੋਣ ਦਾ ਅਹਿਸਾਸ। ਸਮਾਜ ਬਦਲਣ ਦਾ ਵੀ ਮਤਲਬ ਹੈ, ਨਜ਼ਰੀਆ ਬਦਲਣਾ। ਨਜ਼ਰੀਆ ਬਦਲਣਾ ਹੀ ਸਮਾਜਿਕ ਪ੍ਰਬੰਧ ਨੂੰ ਬਦਲਣ ਦਾ ਸਾਧਨ ਹੈ। ਨਜ਼ਰੀਏ ਦੀ ਤਾਕਤ ਹੀ ਇਨਸਾਨ ਦੀ ਅਡੋਲ ਤੇ ਅਜਿੱਤ ਸ਼ਕਤੀ ਹੈ। ਇਹ ਹੈ, ਤਾਂ ਸਾਡੇ ਕੋਲ ਸਭ ਕੁਝ ਹੈ। ਜੇ ਨਹੀਂ ਤਾਂ ਕੁਝ ਵੀ ਨਹੀਂ ਹੈ। ਜੋ ਹੈਗਾ, ਉਹ ਵੀ ਜਾਪੇਗਾ ਕਿ ਹੈ ਨਹੀਂ। ਸੋ ਕਿਉਂ ਨਾ ਕੁਝ ਹੋਣ ਦਾ ਅਹਿਸਾਸ ਕਰਿਆ ਕਰੀਏ ਤਾਂ ਕਿ ਆਪਣਾ ਆਪ ਭਰਿਆ-ਭਰਿਆ ਜਾਪੇ।
- ਡਾ. ਸੁਰਿੰਦਰ ਮੰਡ