ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਾਮਰੇਡਾਂ ਦੀ ਹਾਰ ਕਿਉਂ?


ਦੁਨੀਆਂ ਦੇ ਪ੍ਰਸਿੱਧ ਇਤਿਹਾਸਕਾਰ ਆਰਨਾਲਡ ਟੋਇਨਬੀ (Arnold Toynbee) ਨੇ ਬੜਾ ਖੂਬਸੁਰਤ ਤੇ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਜੋ ਕਾਰਲ ਮਾਰਕਸ ਨੇ ਆਪਣੀ ਸੋਚ ਤੇ ਬੁੱਧੀ ਅਨੁਸਾਰ ਕਮਿਉਨਿਜ਼ਮ, ਸਮਾਜ਼ਵਾਦ ਦਾ ਟੀਚਾ ਦਿੱਤਾ, ਜੋ ਸਮਾਜ਼ਵਾਦ ਦੀ ਪਾਲਿਸੀ ਪੇਸ਼ ਕੀਤੀ, ਉਹ ਸਭ ਕੁਝ ਸਿੱਖੀ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਵਿਚੋਂ ਹੀ ਲਿਆ ਗਿਆ ਹੈ ਕਿਉਕਿ ਗੁਰੂ ਨਾਨਕ ਸਾਹਿਬ ਨੇ ਜਬਰ-ਜੁਲਮ ਦੇ ਖਿਲਾਫ਼ ਅਵਾਜ਼ ਚੁੱਕਣੀ, ਕਿਰਤ ਵਿਚੋਂ ਦਸਵੰਧ ਕੱਢਣਾ, ਕਿਰਤ, ਵੰਡ ਛੱਕਣਾ ਅਤੇ ਬਰਾਬਰਤਾ ਵਾਲੀ ਨਿਰਾਲੀ ਵਿਚਾਰਧਾਰਾ ਸਮੁੱਚੀ ਲੁਕਾਈ ਨੂੰ ਦਿੱਤੀਆਂ ਅਤੇ ਖੁਦ ਇਸ ਫਿਲਾਸਫੀ ਉਤੇ ਪਹਿਰਾ ਦਿੰਦਿਆਂ ਇਸ ਸਿਧਾਂਤ ਨੂੰ ਕਾਇਮ ਕੀਤਾ। ਇਸ ਫ਼ਿਲਾਸਫੀ ਦੇ ਤਹਿਤ ਹੀ ਲੈਨਿਨ ਨੇ ਰੂਸ ਵਿਚ ਇਨਕਲਾਬੀ ਸੋਚ ਪੈਦਾ ਕੀਤੀ ਅਤੇ ਸਾਮਰਾਜਵਾਦੀ ਬਾਦਸ਼ਾਹੀ ਨੂੰ ਖਤਮ ਕਰਕੇ ਸੋਵੀਅਤ ਯੂਨੀਅਨ ਸਮਾਜ਼ਵਾਦ ਨੂੰ ਅੱਗੇ ਕੀਤਾ ਜਿਸ ਦੀ ਬਦੋਲਤ ਗੁਰੂ ਨਾਨਕ ਦੀ ਸੋਚ ਅਨੁਸਾਰ ਸੱਭਨਾਂ ਲਈ ਕੁੱਲੀ, ਜੁੱਲੀ ਅਤੇ ਗੁੱਲੀ ਹਰ ਇਕ ਲਈ ਮਿਲਣ ਦੀ ਵਿਵਸਥਾ ਸਥਾਪਿਤ ਹੋਈ। ਪਰ ਥੋੜ੍ਹੇ ਸਮੇਂ ਪਿਛੋਂ ਅਜ਼ਾਦ ਸੋਚ ਰੱਖਣ, ਬੋਲਣ ਅਤੇ ਲਿਖਣ ਵਾਲੇ ਮਨੁੱਖਾਂ ਦੀ ਆਜ਼ਾਦੀ ਨੂੰ ਕੁਚਲਣ ਲਈ ਉਹੀ ਕੁਝ ਹੋਣਾ ਸੁਰੂ ਹੋਇਆ ਜੋ ਸਟਾਲਿਨ ਦੇ ਸਾਮਰਾਜ਼ਵਾਦ ਵੇਲੇ ਹੁੰਦਾ ਸੀ, ਇਸ ਸਿਸਟਮ ਤੋਂ ਦੁਖੀ ਹੋ ਕੇ ਪਬਲਿਕ ਬਗਾਵਤ ਤੇ ਉੱਤਰ ਆਈ, ਜਿਸ ਕਾਰਣ ਸੋਵੀਅਤ ਯੂਨੀਅਨ ਟੁੱਟ ਕੇ ਕਈ ਭਾਗਾਂ ਵਿਚ ਵੰਡਿਆ ਗਿਆ, ਇਸ ਸ਼ਾਸਨ ਦੇ ਕਈ ਹੋਰ ਵੀ ਕਾਰਨ ਸਨ ਜਿਸ ਦੀ ਬਦੋਲਤ ਇਸ ਢਾਂਚੇ ਦਾ ਖਾਤਮਾ ਹੋਇਆ।
ਹਿੰਦੋਸਤਾਨ ਵਿਚ ਵੀ ਕਮਿਉਨਿਜ਼ਮ ਦੀ ਲਹਿਰ ਨੇ ਜੋਰ ਫੜਿਆ, ਇਥੇ ਵੀ 'ਕਮਿਊਨਿਸਟ ਪਾਰਟੀ ਆਫ ਇੰਡਿਆ' ਹੋਂਦ ਵਿੱਚ ਆਈ ਜਿਸਦਾ ਸਬੰਧ ਹਮੇਸ਼ਾ ਸੋਵੀਅਤ ਯੂਨੀਅਨ ਨਾਲ ਰਿਹਾ। ਸ਼ੁਰੂ-ਸ਼ੁਰੂ ਵਿੱਚ ਇਹ ਆਪਣੇ ਕਾਂਮਰੇਡੀ ਅਸੂਲਾਂ ਤੇ ਕਇਮ ਰਹੀ ਪਰ ਦੂਸਰੇ ਸੰਸਾਰ ਜੰਗ ਵਿਚ ਸਾਡੇ ਹਿੰਦੋਸਤਾਨੀ ਕਾਮਰੇਡਾਂ ਨੇ ਅੰਗਰੇਜ਼ਾਂ ਨਾਲ ਹੋਈ ਜੰਗ ਵਿੱਚ ਵਿਰੋਧ ਕਰਕੇ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ਵਿੱਚ ਬਗਾਵਤਾਂ ਕਰਵਾਈਆ, ਜਦੋਂ ਅੰਗਰੇਜਾਂ ਨਾਲ ਸੋਵੀਅਤ ਯੂਨੀਅਨ ਦੀ ਸੁਲ੍ਹਾ ਹੋ ਗਈ ਤਾਂ ਇਨ੍ਹਾ ਇਕਦਮ ਅੰਗਰੇਜਾਂ ਨਾਲ ਮਿਲ ਕੇ ਜਰਮਨ, ਇਟਲੀ ਅਤੇ ਜਪਾਨ ਦੇ ਖਿਲਾਫ ਇੱਕ ਹੋ ਕੇ ਲੜਾਈ ਦੇ ਮੈਦਾਨ ਵਿੱਚ ਆ ਗਏ । ਫਿਰ ਜਿਹੜੀਆਂ ਫੌਜਾਂ ਤੋਂ ਇਹਨਾਂ ਬਗਾਵਤਾਂ ਕਰਾਈਆ ਸਨ ਉਨ੍ਹਾਂ ਦਾ ਸਾਥ ਨਹੀ ਦਿੱਤਾ ਤੇ ਅੰਗਰੇਜ ਹਕੂਮਤ ਨੇ ਜੰਗ ਵਿੱਚ ਬਗਾਵਤ ਕਰਨ ਵਾਲਿਆ ਨੂੰ ਸਖ਼ਤ ਸਜਾਵਾਂ ਦੇ ਕੇ ਫਾਂਸੀ ਤੇ ਵੀ ਲਟਕਾਇਆ। ਅੰਗਰੇਜਾਂ ਵਲੋਂ ਕੀਤੇ ਜਾ ਰਹੇ ਇਸ ਵਹਿਸ਼ੀਆਨਾ ਜਬਰ-ਜ਼ੁਲਮ ਦੇ ਖਿਲਾਫ਼ ਇਹਨਾਂ ਕਾਮਰੇਡ ਵੀਰਾਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ।
ਇਸੇ ਸਮੇ ਦੌਰਾਨ 1943 ਵਿਚ ਸੀ. ਪੀ. ਆਈ ਨੇ ਜਦੋਂ ਹਿੰਦੋਸਤਾਨ ਵਿਚੋਂ ਅੰਗਰੇਜਾਂ ਦਾ ਰਾਜ ਖਤਮ ਹੋਣ ਸੀ ਤਾਂ ਸੀ ਪੀ ਆਈ ਦੇ ਲੀਡਰ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਖਾਲਿਸਤਾਨ ਦਾ ਮਤਾ ਲਿਖ ਕੇ ਪਾਸ ਕਰਵਾਇਆ ਪਰ ਪਿਛੋਂ ਇਨ੍ਹਾਂ ਨੇ ਇਸ ਮਤੇ ਨੂੰ ਅਣਗੌਲਿਆਂ ਕਰ ਕੇ ਇਸ ਦੀ ਪੈਰਵਾਈ ਛੱਡ ਦਿਤੀ। 1947 ਵਿਚ ਜੋ ਮਜ਼੍ਹਬ ਦੇ ਆਧਾਰ ਤੇ ਅੰਗਰੇਜ਼ਾਂ ਨੇ ਆਪਣੇ ਰਾਜ ਦੀ ਵੰਡ ਕੀਤੀ, ਹਿੰਦੂਆ ਲਈ ਹਿੰਦਸਤਾਨ ਅਤੇ ਮਸਲਮਾਨਾਂ ਲਈ ਪਾਕਿਸਤਾਨ ਬਣਾ ਦਿੱਤਾ ਪਰ ਇਨ੍ਹਾਂ ਕਾਮਰੇਡ ਆਗੂਆਂ ਅਤੇ ਸਿੱਖਾਂ ਦੇ ਕੁਝ ਦੀ ਸੋੜੀ ਸੋਚ ਕਾਰਨ ਸਿੱਖ ਕੋਮ ਨੂੰ ਸਿੱਖਾਂ ਲਈ ਕੁਝ ਵੀ ਪ੍ਰਾਪਤ ਨਹੀ ਹੋਇਆ ਕਿÀੁਂਕਿ ਕਾਮਰੇਡ ਧਿਰਾਂ ਨੇ ਹਿੰਦੂ ਬਹੁ-ਗਿਣਤੀ ਦੇ ਡਰੋ ਆਪਣੇ ਵਲੋ ਪਾਏ ਖਾਲਿਸਤਾਨ ਦੇ ਮਤੇ ਦਾ ਭੋਗ ਪਾ ਦਿਤਾ ਅਤੇ ਹਿੰਦੂਆਂ ਨਾਲ ਸੁਲ੍ਹਾ ਕਰਕੇ, ਹਿੰਦੂ ਰਾਸ਼ਟਰ ਨੂੰ ਕਬੂਲ ਕੀਤਾ।
ਕਮਿਉਨਿਸਟ ਵਿਚਾਰਧਾਰਾ ਉੱਤੇ ਕੱਟੜ ਹਿੰਦੂਤਵੀ ਬ੍ਰਾਹਮਣਾਂ ਨਿਪੂਦਰੀਪਾਦ, ਵਰਧਨ, ਜੋਤੀ ਵਾਸੂ, ਭੱਟਾਚਾਰੀਆ, ਸੋਮਨਾਥ ਚੈਟਰਜੀ ਆਦਿ ਬਹੁਤ ਸਾਰਿਆ ਨੇ ਕਬਜ਼ਾ ਜਮਾ ਲਿਆ, ਹਰਕ੍ਰਿਸ਼ਨ ਸਿੰਘ ਸੁਰਜੀਤ ਖੁਦ ਸਿੱਖ ਸਨ, ਪਰ ਉਹ ਵੀ ਕਮਿਉਨਿਜ਼ਮ ਉਤੇ ਭਾਰੀ ਹੋਏ ਹਿੰਦੂਵਾਦ ਤੋਂ ਪ੍ਰਭਾਵਿਤ ਹੋ ਕੇ ਕਾਮਰੇਡੀ ਸੋਚ ਨੂੰ ਕਾਇਮ ਨਾ ਰੱਖ ਸਕੇ। ਸਗੋ 1943 ਵਿਚ ਪਾਏ ਖ਼ਾਲਿਸਤਾਨ ਦੇ ਮਤੇ ਨੂੰ ਕਮਜੋਰ ਕਰਕੇ ਰਵਾਇਤੀ ਅਕਾਲੀਆ ਨਾਲ ਮਿਲ ਕੇ 1973 ਨੂੰ ਅਨੰਦਪੁਰ ਦੇ ਮਤਾ ਤਿਆਰ ਕੀਤਾ ਜਿਸਨੇ 1978 ਵਿੱਚ ਅਸਲੀ ਤੱਥਾਂ ਨੂੰ ਕੱਢ ਕੇ ਸਿੱਖ ਕੌਮ ਦੇ ਅੱਗੇ ਪਰੋਸ ਦਿੱਤਾ, ਜਿਹੜਾ ਰਵਾਇਤੀ ਅਕਾਲੀ ਆਗੂਆ ਦੀ ਸਵਾਰਥੀ ਸੋਚ ਕਰਕੇ ਇਕ ਕਾਗਜ਼ੀ ਮਤਾ ਹੀ ਬਣ ਕੇ ਸਿੱਖ ਕੋਮ ਦੇ ਗਲੇ ਦੀ ਹੱਡੀ ਬਣ ਗਿਆ ਜਿਸ ਨੂੰ ਲਾਗੂ ਕਰਵਾਉਣ ਦੀ ਬਜਾਏ ਇਨ੍ਹਾਂ ਆਗੂਆ ਦੀਆ ਨਿਜੀ ਗਰਜਾਂ ਹੀ ਅੱਗੇ ਰਹੀਆ ।
1984 ਵਿਚ ਜਾਲਮ ਇੰਦਰਾਂ ਦੀ ਹਿੰਦ-ਹਕੂਮਤ ਵਲੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੋਜੀ ਹਮਲਾ 'ਅਪ੍ਰੇਸਨ ਬਲਿਊ ਸਟਾਰ' ਕਰਵਾਇਆ ਜਿਸ ਨੂੰ ਬੀ. ਜੇ. ਪੀ ਦੇ ਆਗੂਆ ਦੀ ਹਮਾਇਤ ਹਾਸਲ ਸੀ (ਜਿਸ ਦਾ ਸਬੂਤ ਬੀ ਜੇ. ਪੀ ਆਗੂ ਐਲ. ਕੇ. ਅਡਵਾਨੀ ਵਲੋ ਲਿਖੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ਼' ਤੋਂ ਮਿਲਦਾ ਹੈ ਜਿਸ ਵਿਚ ਉਹ ਖੁਦ ਇਕਬਾਲ ਕਰਦੇ ਹਨ ਕਿ ਇੰਦਰਾ ਗਾਂਧੀ ਇਹ ਫੌਜੀ ਹਮਲਾ ਕਰਨ ਤੋਂ ਝਿਜਕਦੀ ਸੀ, ਪਰ ਅਸੀ ਉਸ ਨੂੰ ਹੱਲਾ-ਸ਼ੇਰੀ ਦੇ ਕੇ ਇਸ ਕਾਜ ਨੂੰ ਨੇਪਰੇ ਚਾੜਿਆ ਸੀ) ਕਾਮਰੇਡ ਧਿਰਾਂ ਸੀ. ਪੀ .ਆਈ, ਸੀ.ਪੀ .ਐਮ ਨੇ ਇਥੋ ਤੱਕ ਕਿ ਇੰਦਰਾ ਗਾਂਧੀ ਦੀ ਮੱਦਦ ਕੀਤੀ ਕਿ ਸੋਵਿਅਤ ਯੂਨੀਅਨ ਦੇ ਰੱਖਿਆ ਵਜੀਰ ਮਾਰਸ਼ਲ ਡਾਮੀਟਰੀ ਉਸਟਿਨੋਵ ਨੂੰ ਵਿਸ਼ੇਸ਼ ਤੌਰ 'ਤੇ ਦਿੱਲੀ ਬੁਲਾਕੇ ਇਹ ਭਰੋਸਾ ਦਿਤਾ ਕਿ ਜੇਕਰ ਅਪ੍ਰੇਸ਼ਨ ਬਲਿਊ ਸਟਾਰ ਦੇ ਦੌਰਾਨ ਸਿੱਖ ਕੌਮ ਬਗਾਵਤ ਕਰਦੀ ਹੈ ਜੇ ਇਸ ਬਗਾਵਤ ਦੀ ਅਮਰੀਕਾ ਮੱਦਦ ਕਰਦਾ ਹੈ ਤਾਂ ਸੋਵੀਅਤ ਯੂਨੀਅਨ ਹਿੰਦੋਸਤਾਨ ਦੇ ਨਾਲ ਡੱਟ ਕੇ ਖੜ੍ਹੇਗਾ। ਜਦੋਂ ਹਿੰਦੋਸਤਾਨ ਦਾ ਸਿੱਖਾਂ ਉਤੇ ਜ਼ੁਲਮ ਹੱਦ ਤੋਂ ਵੱਧ ਗਿਆ ਤਾਂ ਹੋਰ ਕੋਈ ਰਸਤਾ ਨਾ ਹੋਣ ਕਾਰਨ ਸਿੱਖ ਕੌਮ ਨੌਜੁਆਨੀ ਨੇ ਹਥਿਆਰ ਬੰਦ ਲੜਾਈ ਸੁਰੂ ਕਰ ਦਿੱਤੀ ਤਾਂ ਉਸ ਵਕਤ ਕਾਮਰੇਡ ਧਿਰਾਂ ਨੇ 1943 ਦੇ ਖਾਲਿਸਤਾਨ ਦੇ ਮਤੇ ਦੇ ਉਲਟ ਹਿੰਦ-ਰਾਸ਼ਟਰ ਦਾ ਹੀ ਸਾਥ ਦਿੱਤਾ। ਆਪਣੇ ਕਾਮਰੇਡੀ ਕੇਡਰ ਨੂੰ ਸਰਕਾਰੀ ਅਸਲਾ ਦੁਆ ਕੇ, ਪੰਜਾਬ ਪੁਲਸ ਅਤੇ ਫੌਜ ਦੇ ਦਸਤੇ ਬਣਾ ਕੇ ਇਸ ਹਥਿਆਰ ਬੰਦ ਲੜਾਈ ਦੇ ਅੱਗੇ ਕੀਤਾ ਅਤੇ ਮੁਖਬਰੀਆਂ ਕਰਕੇ ਸਿੱਖ ਕੌਮ ਦੇ ਨਾਲ ਸਿੱਧੀ ਲੜ ਕੇ ਗਦਾਰੀਆਂ ਵੀ ਕੀਤੀਆਂ ਇਥੇ ਇਨ੍ਹਾਂ ਕਾਮਰੇਡਾ ਵਲੋਂ ਕੀਤੀਆਂ ਗਦਾਰੀਆਂ ਦਾ ਅਫ਼ਸੋਸ ਨਹੀ ਕਿਉਂਕਿ 1947 ਤੋਂ ਇਹ ਕਾਮਰੇਡੀ ਸੋਚ ਹਿੰਦੂਤਵ ਮੁੱਖ ਧਾਰਾ ਵਿਚ ਸਾਮਲ ਹੋ ਚੁੱਕੀ ਸੀ ਇਨ੍ਹਾਂ ਵਲੋਂ ਕਾਂਗਰਸ, ਬੀ ਜੇ ਪੀ, ਆਰ ਐਸ ਐਸ ਅਤੇ ਹੋਰ ਸਿੱਖ ਵਿਰੋਧੀ ਤਾਕਤਾਂ ਦੀ ਕਬੂਲੀ ਅਧੀਨਗੀ ਤੋਂ ਸਿੱਖਾਂ ਦੇ ਭਲੇ ਦੀ ਉਮੀਦ ਹੀ ਨਹੀਂ ਰੱਖੀ ਜਾ ਸਕਦੀ ਇਥੇ ਦੁੱਖ ਇਸ ਗੱਲ ਦਾ ਵੀ ਹੈ ਕਿ ਜਿਸ ਕਾਮਰੇਡ ਕੇਡਰ ਨੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਖਿਲਾਫ ਹਥਿਆਰ ਚੁੱਕੇ ਉਹ ਆਪਣੇ ਲੀਡਰਾਂ ਦੀ ਦੋਗਲੀ ਵਿਚਾਰਧਾਰਾਂ ਅਤੇ ਉਨ੍ਹਾਂ ਉਤੇ ਪਏ ਹਿੰਦੂਤਵ ਦੇ ਪ੍ਰਭਾਵ ਨੂੰ ਨਹੀ ਸਮਝ ਸਕੇ। ਜਦੋਂ ਪੱਛਮੀ ਬੰਗਾਲ ਵਿਚ ਕਾਮਰੇਡਾਂ ਦੀ ਪਹਿਲੀ ਸਰਕਾਰ ਬਣੀ ਤਾਂ ਜਿਨ੍ਹਾਂ ਨਕਸਲਾਇਟਾਂ ਨੇ ਇਸ ਕੁਰਸੀ ਤੱਕ ਲੈ ਜਾਣ ਲਈ ਬਹੁਤ ਕੁਝ ਕੀਤਾ ਉਨ੍ਹਾਂ ਉਤੇ ਵੀ ਸਰਕਾਰ ਬਣਨ ਤੋਂ ਬਾਅਦ ਜਿਵੇਂ ਪਹਿਲੇ ਕਾਂਗਰਸ ਦੇ ਚੀਫ ਮਨਿਸਟਰ ਸ੍ਰੀ ਸਿਧਾਰਥ ਸ਼ੰਕਰ ਰੇਅ ਨੇ ਜ਼ਬਰ-ਜੁਲਮ ਕਰਕੇ ਹੁਗਲੀ ਦਰਿਆ ਨੂੰ ਨਕਸਲੀਆਂ ਦੇ ਖੂਨ ਦੇ ਨਾਲ ਲਾਲੋ-ਲਾਲ ਕੀਤਾ ਉਸੇ ਤਰ੍ਹਾਂ ਕਾਮਰੇਡਾਂ ਦੀ ਸਰਕਾਰ ਨੇ ਨਕਸਲਾਇਟਾਂ ਨੂੰ ਕੁੱਚਲਣ ਲਈ ਹਰ ਹਰਬਾਂ ਵਰਤਿਆ। ਬੀਤੇ ਸਮੇਂ ਚੀਫ਼ ਮਨਿਸਟਰ ਭੱਟਾਚਾਰਿਆ ਦੀ ਸਰਕਾਰ ਨੇ ਸਮਾਜਵਾਦ ਦੇ ਉਲਟ ਸਰਮਾਏਦਾਰੀ ਦਾ ਪੱਖ ਪੂਰਿਆ ਜਿਸ ਦੀ ਮਿਸਾਲ ਟਾਟਾ ਕੰਪਨੀ ਵੱਲੋਂ ਸਗੂਂੰਰ ਵਿਖੇ ਛੋਟੇ-ਛੋਟੇ ਜਿਮੀਂਦਾਰਾਂ ਨੂੰ ਬੇਘਰ ਕਰਕੇ ਜ਼ਬਰੀ ਜ਼ਮੀਨ ਐਕੁਆਇਰ ਕਰਨ ਤੋਂ ਮਿਲਦੀ ਹੈ ਜੋ ਇਸ ਦੇ ਵਿਰੋਧ ਵਿਚ ਉਠੀ ਲਹਿਰ ਨੂੰ ਵੀ ਹਿੰਦੂਤਵ ਪੱਖੀ ਕਾਂਗਰਸ ਅਤੇ ਬੀ ਜੇ ਪੀ ਵਰਗੀਆਂ ਸਰਮਾਏਦਾਰ ਪਾਰਟੀਆਂ ਵਾਂਗ ਦਬਾਉਣ ਲਈ ਘਟੀਆ ਹੱਥ-ਕੰਡੇ ਵਰਤੇ ਗਏ ਪਰ ਇਸ ਜ਼ਬਰ ਜੁਲਮ ਵਿਚੋਂ ਦੁਆਰਾ ਫਿਰ ਨਕਸਲਾਈਟ ਅਤੇ ਮਾਉਵਾਦੀ ਕਾਡਰ ਦੁਬਾਰਾ ਪੈਦਾ ਹੋ ਗਿਆ ਹੈ।
ਹੁਣ ਜਦੋਂ ਇਹ ਕਾਮਰੇਡ ਕਮਿਊਨਿਜ਼ਮ ਦੀ ਫਿਲਾਸਫ਼ੀ ਨੂੰ ਛੱਡ ਚੁਕੇ ਹਨ ਫਿਰ ਕਿਵੇ ਮੰਨਿਆ ਜਾਵੇ ਕਿ ਇਨ੍ਹਾਂ ਦੀ ਵਿਚਾਰਧਾਰਾਂ ਹਿੰਦੂਤਵ ਪੱਖੀ ਆਰ.ਐਸ.ਐਸ., ਕਾਂਗਰਸ, ਬੀ ਜੇ ਪੀ ਤੋ ਵੱਖਰੀ ਹੈ। ਜੋ ਕੁਝ ਇਹ ਸਰਮਾਏਦਾਰੀ ਪਾਰਟੀਆ ਨੇ ਹਿੰਦੋਸਤਾਨ ਵਿਚ ਪਹਿਲਾ ਕੀਤਾ ਅਤੇ ਹੁਣ ਵੀ ਕਰ ਰਹੀਆਂ ਹਨ ਉਨ੍ਹਾਂ ਨਾਲੋਂ ਕੁਝ ਵੀ ਵੱਖਰਾ ਨਜ਼ਰ ਨਹੀ ਆਉਦਾ। ਇਸ ਕਰਕੇ ਹੁਣੇ ਹੋਈਆਂ ਵੋਟਾਂ ਵਿਚ ਵੋਟਰ ਦੁਬਿਧਾ ਵਿਚ ਫਸ ਗਿਆ। ਉਸ ਦੁਬਿਧਾ ਵਿਚੋਂ ਉਸਨੇ ਤ੍ਰਿਣਮੂਲ ਕਾਂਗਰਸ ਨੂੰ ਪੱਛਮੀ ਬੰਗਾਲ ਵਿਚ ਅੱਗੇ ਲੈ ਆਉਦਾ ਅਤੇ ਕੇਰਲਾ ਵਿਚ ਕਾਂਗਰਸ ਦੇ ਹੱਕ ਵਿਚ ਵੋਟਾਂ ਪਾ ਦਿੱਤੀਆਂ। ਪੁਲੀਟੀਕਲੀ ਸੋਚ, ਫਿਲਾਸਫੀ, ਮਾਲੀ ਅਤੇ ਸਮਾਜਿਕ ਸੋਚ ਛੱਡਣ ਕਰਕੇ ਇਨ੍ਹਾ ਕਾਮਰੇਡਾਂ ਦਾ ਇਨ੍ਹਾਂ ਸਟੇਟਾਂ ਵਿਚ ਇਹ ਹਾਲ ਹੋਇਆ ਹੈ। ਜਦੋਂ ਕੋਈ ਵੀ ਪਾਰਟੀ ਆਪਣੀ ਫਿਲਾਸਫ਼ੀ, ਸਿਧਾਂਤ, ਅਸੂਲ, ਵਿਚਾਰਧਾਰਾ ਨੂੰ ਤਿਲਾਂਜਲੀ ਦੇ ਜਾਵੇ ਤਾਂ ਉਸਦਾ ਪਤਨ ਹੋਣਾ ਸੰਭਵ ਹੈ। ਇਹੀ ਹਾਲ ਪੰਜਾਬ ਅੰਦਰ ਬਾਦਲ ਦਲ ਦੀ ਹਕੂਮਤ ਦਾ ਹੋਣ ਵਾਲਾ ਹੈ ਕਿਉਕਿ ਉਹ ਵੀ ਹਿੰਦੁਤਵ ਦੇ ਪ੍ਰਭਾਵ ਹੇਠ ਆ ਕੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਭੁੱਲ ਕੇ ਆਪਣੀਆਂ ਨਿੱਜੀ ਗਰਜਾਂ ਵਿਚ ਉੱਲਝ ਕੇ ਰਹਿ ਗਏ ਹਨ।

- ਸਿਮਰਨਜੀਤ ਸਿੰਘ ਮਾਨ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ