ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਿਨ੍ਹਾਂ ਕਾਰਨ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ!


ਗੁਰਦਵਾਰਾ ਸ਼ਬਦ ਦਾ ਅਰਥ ਹੈ- ਗੁਰੂ ਦਾ ਦਰ, ਗੁਰੂ ਦਾ ਘਰ ਜਾਂ ਗੁਰੂਦੁਆਰਾ। ਜਿਥੇ ਜਿਥੇ ਵੀ ਗੁਰੂ ਸਾਹਿਬਾਨ ਜਾ ਕੇ ਬੈਠੇ ਉਥੇ ਉਥੇ ਹੀ ਗੁਰੂ ਦਾ ਦਰ, ਗੁਰੂ ਦਾ ਘਰ ਜਾਂ ਗੁਰੂਦੁਆਰਾ ਹੋਂਦ ਵਿਚ ਆਇਆ। ਗੁਰੂ ਸਾਹਿਬਾਨ ਵੱਲੋਂ ਨਿਸਚਿਤ ਕੀਤੀ ਗਈ ਰਹਿਤ ਮਰਯਾਦਾ ਅਨੁਸਾਰ ਹਰ ਮਨੁੱਖ ਮਜ਼੍ਹਬ, ਨਸਲ, ਕੁਲ, ਰੰਗ, ਜ਼ੁਬਾਨ, ਸਥਾਨ ਆਦਿ ਦੇ ਭੇਦ ਭਾਵਾਂ ਤੋਂ ਉੱਤੇ ਉਠ ਕੇ ਬੇਝਿਜਕ ਆਪਣੀ ਸ਼ਰਧਾ ਦੇ ਫੁੱਲ ਗੁਰਦੁਆਰੇ ਚੜ੍ਹਾਉਣ ਜਾਂਦਾ ਹੈ।
ਸ਼ੁਰੂ ਸ਼ੁਰੂ ਵਿਚ ਗੁਰਦੁਆਰਿਆਂ ਵਿਖੇ ਭਾਈ ਮਰਦਾਨੇ ਵਰਗੇ ਮੁਸਲਮਾਨ ਰਬਾਬੀ ਵੀ ਕੀਰਤਨ ਕਰਦੇ ਸਨ। ਗੁਰੂ ਘਰ ਦੇ ਪ੍ਰੇਮੀ ਸਰੋਤੇ ਗੁਰਬਾਣੀ ਅਤੇ ਗੁਰਬਾਣੀ ਨਾਲ ਸੰਬੰਧਤ ਰਾਗ ਰਾਹੀਂ ਵਰਸੋਏ ਜਾਂਦੇ ਸਨ। ਗੁਰ ਮਰਯਾਦਾ ਅਨੁਸਾਰ ਮਨੁੱਖ ਗੁਰਬਾਣੀ ਦੀ ਟੇਕ ਨਾਲ ਇਕੋ ਇਕ ਅਕਾਲ ਪੁਰਖ ਨੂੰ ਸਿਮਰਦਾ ਸੀ। ਉਹ ਗੁਰਦੁਆਰਾ ਸਾਹਿਬ ਵਿਖੇ ਆਪ ਤੋਂ ਛੁੱਟ ਸਰਬੱਤ ਦੇ ਭਲੇ ਵਾਸਤੇ ਅਰਦਾਸ ਵੀ ਕਰਦਾ ਸੀ। ਖਪਿਆ-ਤਪਿਆ ਮਨੁੱਖ ਗੁਰਦੁਆਰੇ ਦੇ ਸਰੋਵਰ ਵਿਚ ਇਸ਼ਨਾਨ ਕਰਕੇ ਤਨ ਅਤੇ ਮਨ ਦਾ ਥਕੇਵਾਂ ਲਾਹ ਸਕਦਾ ਸੀ ਅਤੇ ਸ਼ਾਂਤ ਅਤੇ ਸਵੱਛ ਹੋ ਸਕਦਾ ਸੀ। ਥੱਕਾ, ਟੁੱਟਾ, ਬੇਘਰਾ ਅਤੇ ਨਿਥਾਵਾਂ ਮਨੁੱਖ ਗੁਰੂ ਕੀ ਸਰਾਂ ਵਿਚ ਟਿਕ ਕੇ ਥਕੇਵਾਂ ਲਾਹ ਸਕਦਾ ਸੀ, ਸੁਸਤਾਅ ਸਕਦਾ ਸੀ। ਸਮਾਜ ਵਿਚਲੇ ਦੁਸ਼ਮਣਾਂ ਤੋਂ ਡਰਾਇਆ ਅਤੇ ਧਮਕਾਇਆ ਹੋਇਆ ਮਨੁੱਖ ਗੁਰੂ ਦੀ ਸ਼ਰਨ ਵਿਚ ਜਾ ਕੇ ਨਿਡਰ ਅਤੇ ਦਲੇਰ ਹੋ ਸਕਦਾ ਸੀ। ਗੱਲ ਕੀ, ਸਿੱਖ ਮਰਯਾਦਾ ਨੇ, ਗੁਰੂ ਸਾਹਿਬਾਨ ਦੀ ਕਿਰਪਾ ਨਾਲ ਬੰਦੇ ਨੂੰ ਬੰਦੇ ਦੀ ਮੁਥਾਜੀ ਤੋਂ ਮੁਕਤ ਕਰਨ ਦਾ ਆਦਰਸ਼ ਮਿਥਿਆ ਹੋਇਆ ਸੀ।
ਅਠਾਰ੍ਹਵੀਂ ਸਦੀ ਵਿਚ ਇਸ ਆਦਰਸ਼ ਅਨੁਸਾਰ ਚੱਲਦਿਆਂ ਸਿੱਖਾਂ ਨੇ ਮਨੁੱਖਤਾ ਲਈ ਸਫ਼ਲਤਾ ਪੂਰਵਕ ਘਾਲਣਾ ਘਾਲੀਆਂ। ਪੰਜਾਬ ਦੀ ਧਰਤੀ, ਜਿਸ ਤੇ ਗੁਰੂ ਸਾਹਿਬਾਨ ਨੇ ਨਿੱਠ ਕੇ ਆਪਣੇ ਆਦਰਸ਼ ਦਾ ਪ੍ਰਚਾਰ ਕੀਤਾ ਸੀ, ਨੂੰ ਤਜਰਬਾ ਖੇਤਰ ਬਣਾਇਆ ਸੀ। ਇਸੇ ਲਈ ਉਸ ਧਰਤੀ ਉਤੇ ਅਭਿਮਾਨੀ ਅਤੇ ਕਹਿੰਦੇ ਕਹਾਉਂਦੇ ਪਠਾਣ ਅਤੇ ਮੁਗ਼ਲ ਬਾਦਸ਼ਾਹ ਖਾਲਸਾਈ ਦਲ ਦੇ ਅੱਗੇ ਟਿਕ ਨਾ ਸਕੇ ਅਤੇ ਗੋਡੇ ਟੇਕ ਗਏ। ਸਿੱਟੇ ਵਜੋਂ ਸਿੱਖ ਸਰਦਾਰਾਂ ਦੇ ਹੱਥ ਵਿਚ ਰਾਜ-ਭਾਗ ਦਾ ਕੰਮ ਆ ਗਿਆ। ਰਾਜੇ ਮਹਾਰਾਜੇ ਬਣੇ ਇਹ ਲੋਕ, ਜੋ ਮਹਿਲ ਮਾੜੀਆਂ ਵਿਚ ਰਹਿਣ ਲੱਗ ਪਏ ਸਨ ਅਤੇ ਤਖ਼ਤ ਉੱਤੇ ਬੈਠਣ ਲੱਗ ਪਏ ਸਨ, ਸੰਗਤ ਅਤੇ ਪੰਗਤ ਵਿਚ ਬੈਠਣੋਂ ਝਿਜਕਣ ਲੱਗੇ। ਹੌਲੀ ਹੌਲੀ ਉਹ ਲੋਕ, ਜੋ ਕਦੇ ਗੁਰਬਾਣੀ ਅਤੇ ਗੁਰਮਤਿ ਸੰਗੀਤ ਦੇ ਸ਼ੈਦਾਈ ਸਨ, ਗੁਰੂ ਦਵਾਰਿਆਂ ਵਿਖੇ ਵਗਦੇ ਗੁਰਬਾਣੀ ਅਤੇ ਸੰਗੀਤ ਦੇ ਚਸ਼ਮਿਆਂ ਤੋਂ ਵੀ ਵਾਂਝੇ ਰਹਿਣ ਲੱਗੇ। ਇਸੇ ਕਰਕੇ ਰਬਾਬੀ ਕੀਰਤਨੀਏ ਅਤੇ ਸੰਗੀਤਕਾਰ ਵੀ ਪਿੱਛੇ ਪੈਂਦੇ ਗਏ ਅਤੇ ਪਵਿੱਤਰ ਗੁਰਦੁਆਰੇ ਐਸ਼-ਪ੍ਰਸਤ ਮਹੰਤਾਂ ਅਤੇ ਪੁਜਾਰੀਆਂ ਦੇ ਹੱਥਾਂ ਵਿਚ ਆ ਗਏ। ਅੰਗਰੇਜ਼ ਲੋਕਾਂ ਜਿਹੜੇ ਦੱਖਣ ਤੋਂ ਬਾਅਦ ਪੂਰਬ ਵੰਨੀਉਂ ਪੰਜਾਬ ਵੱਲ ਵਧ ਰਹੇ ਸਨ, ਨੇ ਪੰਜਾਹ ਕੁ ਸਾਲਾਂ ਵਿਚ ਹੀ ਰਾਜਿਆਂ ਮਹਾਰਾਜਿਆਂ ਨੂੰ ਆਮ ਸਰਦਾਰਾਂ ਵਿਚ ਬਦਲ ਦਿੱਤਾ। ਉਹ ਰਾਜ-ਮਸਤੀ ਦੀ ਥਾਂ ਗੁਲਾਮੀ ਦੀ ਮਸਤੀ ਵਿਚ ਜਾ ਡਿੱਗੇ। ਗੁਰਦੁਆਰਿਆਂ ਦੇ ਮਹੰਤ ਜਾਂ ਪੁਜਾਰੀ ਤਿੰਨ ਕਰਨ ਜਾਂ ਤੇਰ੍ਹਾਂ ਕਰਨ, ਉਨ੍ਹਾਂ ਦੀ ਜਾਣੇ ਬਲਾ। ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਸੀ।
ਪਰ ੧੭੯੯ ਈ. ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਕਿਸੇ ਮਹੰਤ ਜਾਂ ਕਿਸੇ ਪੁਜਾਰੀ ਦੇ ਹੱਥ ਹੇਠ ਨਹੀਂ ਸੀ। ਉਸ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ ਦਾ ਕੰਮ ਅਕਾਲੀ ਫੂਲਾ ਸਿੰਘ ਕੋਲ ਸੀ। ਦਸੰਬਰ ੧੮੦੨ ਈ. ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਉੱਤੇ ਕਬਜ਼ਾ ਕੀਤਾ ਤਾਂ ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਦੇਖ-ਭਾਲ ਕਰਨ ਲਈ ਭਾਵੇਂ ਸ. ਲਹਿਣਾ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਪਰ ਦਰਬਾਰ ਸਾਹਿਬ ਦੀ ਦੇਖ-ਭਾਲ ਦਾ ਕੰਮ ਅਕਾਲੀ ਫੂਲਾ ਸਿੰਘ ਕੋਲ ਹੀ ਰਹਿਣ ਦਿੱਤਾ ਗਿਆ। ਅਕਾਲੀ ਫੂਲਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਉਪਰੰਤ ਸਰਕਾਰ ਭਾਵੇਂ ਡੋਗਰੇ ਚਲਾ ਰਹੇ ਸਨ ਪਰ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਗੁਰਦੁਆਰਿਆਂ ਦੀ ਦੇਖ-ਭਾਲ ਦਾ ਕੰਮ ਮਹੰਤ ਅਤੇ ਪੁਜਾਰੀ ਚਲਾ ਰਹੇ ਸਨ, ਜੋ ਡੋਗਰਿਆਂ ਦੇ ਹੱਥ ਵਿਚ ਸਨ।
੧੮੪੯ ਈ. ਵਿਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਮਹੰਤ ਅਤੇ ਪੁਜਾਰੀ ਆਪਣੇ ਆਪ ਹੀ ਅੰਗਰੇਜ਼ ਸਰਕਾਰ ਦੇ ਅਧੀਨ ਹੋ ਗਏ। ਹੁਣ ਅੰਗਰੇਜ਼ਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ।
ਮਹੰਤ ਅਤੇ ਪੁਜਾਰੀ ਭਾਵੇਂ ਅੰਗਰੇਜ਼ਾਂ ਦੇ ਅਧੀਨ ਸਨ, ਪਰ ਉਨ੍ਹਾਂ ਨੇ ਦਸ ਸਾਲ ਚੰਮ ਦੀਆਂ ਚਲਾਈਆਂ। ਲਗਭਗ ੨੫੦ ਗੁਰਦੁਆਰਿਆਂ ਦੀ ਅਚੱਲ ਜਾਇਦਾਦ ਨੂੰ ਵੀ ਉਹ ਨਿੱਜੀ ਸਵਾਰਥ ਲਈ ਵਰਤਦੇ ਸਨ। ਉਹ ਗੁਰਦੁਆਰਿਆਂ ਦੇ ਚੜ੍ਹਾਵੇ ਨੂੰ ਸ਼ਰ੍ਹੇਆਮ ਵਰਤਦੇ ਸਨ। ਪਰ ਗੁਰਦੁਆਰਿਆਂ ਵਿਚ ਜਾਣ ਵਾਲੀ ਸਿੱਖ ਸੰਗਤ ਨੂੰ ਚੜ੍ਹਾਵਾ ਚਾੜ੍ਹ ਕੇ ਵੀ ਕੋਈ ਸਹੂਲਤ ਨਹੀਂ ਸੀ ਮਿਲਦੀ।
੧੮੫੯ ਈ. ਤਕ ਮਹੰਤਾਂ ਅਤੇ ਪੁਜਾਰੀਆਂ ਨੇ ਗੁਰਦੁਆਰਿਆਂ ਵਿਚ ਮਨ ਆਈਆਂ ਕੀਤੀਆਂ, ਕੁਕਰਮ ਕੀਤੇ। ਸਿੱਟੇ ਵਜੋਂ ਸਿੱਖ ਸੰਗਤਾਂ ਨੇ ਗੁਰਦੁਆਰਿਆਂ ਵੱਲੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ। ਇਸ ਤੇ ਰਾਜਾ ਤੇਜਾ ਸਿੰਘ, ਜੋਧ ਸਿੰਘ ਸਰਬਰਾਹ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸਤੰਬਰ ੧੮੫੯ ਨੂੰ ਮੀਟਿੰਗ ਕਰਕੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਗੁਰਦੁਆਰਾ ਸਾਹਿਬਾਨ ਬਾਰੇ ਜ਼ਾਬਤਾ ਤਿਆਰ ਕੀਤਾ। ਪਰ ਸਰਬਰਾਹ, ਗ੍ਰੰਥੀ ਅਤੇ ਪੁਜਾਰੀ ਆਪੋ-ਆਪਣੀ ਚਲਾਉਂਦੇ ਰਹੇ।
੧੮੭੩ ਈ. ਵਿਚ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ। ਉਸ ਨੇ ਗੁਰਦੁਆਰਿਆਂ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ, ਪਰ ਸਿੱਖਾਂ ਨੇ ਸਰਕਾਰ ਕੋਲ ਪਹੁੰਚ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਲਈ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ। ਸਿੱਖ ਆਗੂ, ਪੰਜਾਬ ਦੇ ਲੈਫਟੀਨੈਂਟ ਗਵਰਨਰ ਆਰ. ਈ. ਈਜਰਟਨ ਨੂੰ ਵੀ ਮਿਲੇ। ਗਵਰਨਰ ੱਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ। ਉਸ ਨੇ ਸਿੱਖਾਂ ਦੀ ਮੰਗ ਚਿੱਠੀ ਰਾਹੀਂ ਭਾਰਤ ਦੇ ਵਾਇਸਰਾਇ ਤੀਕ ਪੁੱਜਦੀ ਕਰ ਦਿੱਤੀ, ਕਿਉਂਕਿ ਅੰਗਰੇਜ਼ ਸਰਕਾਰ ਇਹ ਨਹੀਂ ਸੀ ਚਾਹੁੰਦੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲ ਚਲਾ ਜਾਵੇ। ਸਰਕਾਰ ਮਹਿਸੂਸ ਕਰਦੀ ਸੀ ਕਿ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਇਕ ਪਲੇਟਫਾਰਮ ਮੁਹੱਈਆ ਕਰੇਗੀ।
੧੮੮੬ ਈ. ਨੂੰ ਦਰਬਾਰ ਸਾਹਿਬ ਦੇ ਪੁਜਾਰੀਆਂ ਬਾਰੇ ਅਦਾਲਤ ਵਿਚ ਇਕ ਮੁਕੱਦਮਾ ਚੱਲਿਆ। ਅਦਾਲਤ ਨੇ ਫੈਸਲਾ ਦੇ ਦਿੱਤਾ- ੩੫ ਸਾਲਾਂ ਤੋਂ ਵੱਧ ਉਮਰ ਦਾ, ਕੇਵਲ ਰਹਿਤਵਾਨ ਸਿੱਖ ਹੀ ਦਰਬਾਰ ਸਾਹਿਬ ਦਾ ਗ੍ਰੰਥੀ ਬਣ ਸਕਦਾ ਹੈ। ਸਿੱਟੇ ਵਜੋਂ ਗੁਰਦੁਆਰਿਆਂ ਦਾ ਗ੍ਰੰਥੀ ਬਣਨ ਦੇ ਨਾਂ ਤੇ ਕਾਫੀ ਹੱਦ ਤਕ ਗੈਰ-ਸਿੱਖਾਂ ਦਾ ਦਖ਼ਲ ਘਟ ਗਿਆ।
੧੯੦੨ ਈ. ਤਕ ਅੰਨ੍ਹੇ ਨੂੰ ਬੋਲ਼ਾ ਘੜੀਸੀ ਤੁਰਿਆ ਗਿਆ। ੩੦ ਅਕਤੂਬਰ ੧੯੦੨ ਈ. ਨੂੰ ਚੀਫ਼ ਖਾਲਸਾ ਦੀਵਾਨ ਲਾਹੌਰ ਹੋਂਦ ਵਿਚ ਆਇਆ। ਉਸ ਨੇ ਲਗਭਗ ੫ ਸਾਲਾਂ ਬਾਅਦ ੮ ਅਪ੍ਰੈਲ ੧੯੦੭ ਈ. ਨੂੰ ਸਰਕਾਰ ਕੋਲ ਮੰਗ ਰੱਖੀ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਰਬਰਾਹ ਜਿਸ ਨੂੰ ਅੰਗਰੇਜ਼ ਸਰਕਾਰ ਨੇ ਨਿਯੁਕਤ ਕੀਤਾ ਸੀ, ਨੂੰ ਹਟਾ ਕੇ ਉਸ ਗੁਰਦੁਆਰੇ ਦੇ ਪ੍ਰਬੰਧ ਲਈ ਸਿੱਖ ਲੋਕਾਂ ਦੀ ਇਕ ਕਮੇਟੀ ਬਣਾਈ ਜਾਵੇ। ਜਦੋਂ ਸਰਕਾਰ ਨੇ ਉਸ ਮੰਗ ਵੱਲ ਕੋਈ ਧਿਆਨ ਨਾ ਦਿੱਤਾ ਤਾਂ ੧੯੧੨ ਈ. ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਨੇ 'ਖਾਲਸਾ ਦੀਵਾਨ, ਖਰਾ ਸੌਦਾ ਬਾਰ' ਨਾਂ ਦੀ ਜਥੇਬੰਦੀ ਬਣਾ ਕੇ ਗੁਰਦੁਆਰਿਆਂ ਦੇ ਸੁਧਾਰ ਦਾ ਮੁਢਲਾ ਕੰਮ ਸ਼ੁਰੂ ਕਰ ਦਿੱਤਾ। ਇਸੇ ਮੰਤਵ ਲਈ ੧੯੧੪ ਈ. ਵਿਚ ਭਾਈ ਮਹਿਤਾਬ ਸਿੰਘ ਬੀਰ ਨੇ 'ਖਾਲਸਾ ਬਿਰਾਦਰੀ ਕਾਰਜ ਸਾਧਕ ਦਲ' ਨਾਂ ਦਾ ਜਥਾ ਬਣਾ ਕੇ ਸੇਵਾ ਸ਼ੁਰੂ ਕਰ ਦਿੱਤੀ।
੧੯੧੧ ਈ. ਵਿਚ ਅੰਗਰੇਜ਼ ਸਰਕਾਰ ਨੇ ਕੋਲਕਾਤਾ ਦੀ ਥਾਂ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ੧੪ ਜਨਵਰੀ, ੧੯੧੪ ਨੂੰ ਅੰਗਰੇਜ਼ ਸਰਕਾਰ ਨੇ ਅੰਗਰੇਜ਼ ਵਾਇਸਰਾਇ ਦੀ ਕੋਠੀ ਵੱਲ ਸਿੱਧੀ ਸੜਕ ਕੱਢਣ ਵਾਸਤੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ। ਸ. ਹਰਚੰਦ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨੇ ਉਸ ਵਿਰੁੱਧ ਸੰਘਰਸ਼ ਸ਼ੁਰੂ ਕਰ ਦਿੱਤਾ। ਕਿਉਂਕਿ ਅਗਸਤ ੧੯੧੪ ਈ. ਨੂੰ ਵਿਸ਼ਵ ਦੀ ਪਹਿਲੀ ਜੰਗ ਸ਼ੁਰੂ ਹੋ ਗਈ ਸੀ, ਇਸ ਲਈ ਲਾਇਲਪੁਰ ਦੇ ਡਿਪਟੀ ਕਮਿਸ਼ਨਰ ਨੇ ਸ. ਹਰਚੰਦ ਸਿੰਘ ਲਾਇਲਪੁਰੀ ਨੂੰ ਸਮਝਾਇਆ ਹੁਣ ਜੰਗ ਸ਼ੁਰੂ ਹੋ ਚੁਕੀ ਹੈ, ਤੁਸੀਂ ਸੰਘਰਸ਼ ਬੰਦ ਕਰ ਦਿਓ। ਜੰਗ ਬੰਦ ਹੋਣ ਜਾਣ ਤੇ ਕੰਧ ਦੇ ਮਾਮਲੇ ਬਾਰੇ ਵਿਚਾਰਿਆ ਜਾਵੇਗਾ। ਸ. ਹਰਚੰਦ ਸਿੰਘ ਸਰਕਾਰੀ ਵਾਅਦੇ ਤੇ ਮੰਨ ਗਏ। ਨਵੰਬਰ ੧੯੧੮ ਈ. ਨੂੰ ਜੰਗ ਬੰਦ ਹੋ ਗਈ ਪਰ ਕੰਧ ਦਾ ਮਸਲਾ ਉਥੇ ਦਾ ਉਥੇ ਹੀ ਲਟਕਿਆ ਰਿਹਾ।
ਗੁਰਦੁਆਰਾ ਰਕਾਬ ਗੰਜ ਦੇ ਮਸਲੇ ਤੇ ਚੀਫ਼ ਖਾਲਸਾ ਦੀਵਾਨ ਸਿੱਖਾਂ ਵਿਚੋਂ ਆਪਣੀ ਸਾਖ ਗੁਆ ਬੈਠਾ ਸੀ। ਸਿੱਟੇ ਵਜੋਂ ਸਿੱਖਾਂ ਨੇ ਕਿਸੇ ਨਵੀਂ ਜਥੇਬੰਦੀ ਦੀ ਲੋੜ ਮਹਿਸੂਸ ਕੀਤੀ। ਇਸ ਤੇ ੨੭ ਦਸੰਬਰ ੧੯੧੯ ਦੇ ਦਿਨ ਸਿੱਖ ਲੀਗ ਕਾਇਮ ਹੋਈ, ਜਿਸ ਨੂੰ ਮਗਰੋਂ ਜਾ ਕੇ ਸੈਂਟਰਲ ਸਿੱਖ ਲੀਗ ਕਿਹਾ ਜਾਣ ਲੱਗਾ। ਪਰ, ਇਸ ਸੰਸਥਾ ਨੇ ਵੀ ਸਿਆਸੀ ਜਾਂ ਧਾਰਮਕ ਪੱਖੋਂ ਕੋਈ ਵੀ ਉਸਾਰੂ ਕਾਰਵਾਈ ਨਾ ਕੀਤੀ। ਗੁਰਦੁਆਰਿਆਂ ਵਿਚ ਉਵੇਂ ਹੀ ਲੁੱਟ ਜਾਰੀ ਰਹੀ। ਉਵੇਂ ਹੀ ਪਤਿਤਪੁਣਾ ਕਾਇਮ ਰਿਹਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਇਕੋ ਸਰਬਰਾਹ ਦੀਆਂ ਖੁਦਗਰਜ਼ੀਆਂ ਦਾ ਸ਼ਿਕਾਰ ਸਨ। ਗੁਰਦੁਆਰਾ ਨਨਕਾਣਾ ਸਾਹਿਬ ਦਾ ਮਹੰਤ ਨਰਾਇਣ ਦਾਸ ਆਪ-ਹੁਦਰੀਆਂ ਕਰ ਰਿਹਾ ਸੀ। ਗੁਰਦੁਆਰਾ ਮੁਕਤਸਰ ਦੇ ਪੁਜਾਰੀ ਨੂੰ ਅਗਸਤ ੧੯੦੬ ਈ. ਨੂੰ ਸਿੱਖ ਯਾਤਰੂਆਂ ਨੇ ਸ਼ਰਾਬ ਪੀਂਦਿਆਂ ਅਤੇ ਨਾਚੀਆਂ ਨਾਲ ਨਾਚ ਨੱਚਦਿਆਂ ਖੁਦ ਦੇਖਿਆ ਸੀ। ਗੁਰਦੁਆਰਾ ਪੰਜਾ ਸਾਹਿਬ ਦੇ ਮਹੰਤ, ਮੁਕੰਦ ਸਿੰਘ ਨੇ ਸਿੰਘ ਸਭੀਆਂ ਦਾ ਤਖ਼ਤ ਉੱਤੇ ਜਾਣਾ ਹੀ ਬੰਦ ਕਰ ਦਿੱਤਾ ਸੀ।
੪ ਫਰਵਰੀ ੧੯੧੮ ਈ. ਨੂੰ ਮਿਊਂਸਪਲ ਕਮੇਟੀ, ਅੰਮ੍ਰਿਤਸਰ ਨੇ ਮਤਾ ਪਾਸ ਕੀਤਾ ਸੀ ਕਿ ਸਫਾਈ ਨੂੰ ਮੁੱਖ ਰੱਖਦਿਆਂ ਸੰਤੋਖਸਰ ਸਰੋਵਰ ਨੂੰ ਪੂਰ ਦਿੱਤਾ ਜਾਵੇ। ਭਾਵੇਂ ਬਾਅਦ ਵਿਚ ਇਹ ਮਤਾ ਵਾਪਸ ਲੈ ਲਿਆ ਗਿਆ ਸੀ, ਪਰ ਇਹ ਮਤਾ ਪਾਸ ਕਰਨਾ ਹੀ ਸਿੱਖਾਂ ਲਈ ਇਕ ਚਣੌਤੀ ਸੀ।
ਇਸੇ ਤਰ੍ਹਾਂ ਸਿੱਖ ਧਰਮ ਵਿਰੁੱਧ ਸ਼ਰਮਨਾਕ ਇਕ ਹੋਰ ਹਰਕਤ ਇਹ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਖੇਤਰ ਵਿਚ ਥਾਂ ਥਾਂ ਉੱਤੇ ਫੱਟੇ ਲਗਾ ਦਿੱਤੇ ਗਏ ਸਨ ਕਿ ਕੋਈ ਅਛੂਤ ੧੧ ਵਜੇ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਦਾਖ਼ਲ ਨਾ ਹੋਵੇ। ਭਾਵੇਂ ਸਮਕਾਲੀ ਸਿੱਖ ਅਖ਼ਬਾਰਾਂ ਨੇ ਇਸ ਸ਼ਰਮਨਾਕ ਹਰਕਤ ਨੂੰ ਉਛਾਲਿਆ ਸੀ, ਪਰ ਪੁਜਾਰੀਆਂ ਅਤੇ ਸਰਕਾਰ ਦੇ ਕੰਨ ਉੱਤੇ ਜੂੰ ਵੀ ਨਾ ਸਰਕੀ। ਦੂਸਰੇ ਪਾਸੇ ਪੁਜਾਰੀਆਂ ਨੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਲਈ ਜ਼ਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਦੇ ਸਾਕੇ ਦੇ ਕਾਤਲ, ਪੰਜਾਬ ਦੇ ਗਵਰਨਰ ਉਡਵਾਇਰ ਨੂੰ ਸਿਰੋਪਾਉ ਦੇ ਕੇ ਸਨਮਾਨਿਆ ਗਿਆ।
੧੯੨੦ ਈ. ਦੀਆਂ ਗਰਮੀਆਂ ਵਿਚ ਸਰਕਾਰ ਅਤੇ ਪੁਜਾਰੀਆਂ/ਮਹੰਤਾਂ ਦਾ ਟਾਕਰਾ ਕਰਨ ਲਈ ਕੁਝ ਕੁ ਸੰਜੀਦਾ ਸਿੱਖ ਆਗੂਆਂ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ। ਉਨ੍ਹਾਂ ਨੇ ਸਿੱਖਾਂ ਦੀ ਧਾਰਮਕ ਅਤੇ ਸਿਆਸੀ ਹਾਲਤ ਬਾਰੇ ਵੀ ਵਿਚਾਰਾਂ ਕੀਤੀਆਂ। ੨੧ ਮਈ ੧੯੨੦ ਈ. ਨੂੰ ਮਾਸਟਰ ਸੁੰਦਰ ਸਿੰਘ, ਸ. ਹਰਚੰਦ ਸਿੰਘ, ਸ. ਸਰਦੂਲ ਸਿੰਘ ਕਵੀਸ਼ਰ, ਗਿਆਨੀ ਹੀਰਾ ਸਿੰਘ ਦਰਦ ਆਦਿ ਨੇ ਰੋਜ਼ਾਨਾ ਅਕਾਲੀ ਨਾਂ ਦਾ ਪਰਚਾ ਕੱਢਿਆ। ਇਸ ਅਖ਼ਬਾਰ ਦੇ ਸੰਚਾਲਕਾਂ ਅਤੇ ਪਾਠਕਾਂ ਨੂੰ ਅਕਾਲੀ ਆਖਿਆ ਜਾਣ ਲੱਗਾ।
ਅਰੂੜ ਸਿੰਘ (ਸਿੰਹੁ) ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਦਾ ਸਰਬਰਾਹ ਸੀ। ਗੁਰਦੁਆਰਾ ਸੇਵਕ ਕਮੇਟੀ ਅਰੂੜ ਸਿੰਘ ਦੀ ਸਰਬਰਾਹੀ ਪਸੰਦ ਨਹੀਂ ਸੀ ਕਰਦੀ। ਆਪਣੀ ਇੱਛਾ ਪੂਰਤੀ ਲਈ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਵੱਖ ਵੱਖ ਥਾਵਾਂ ਉੱਤੇ ਵੱਖ ਵੱਖ ਦੀਵਾਨ ਸਜਾਏ ਗਏ। ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ। ਸਿੱਟੇ ਵਜੋਂ ਅਰੂੜ ਸਿੰਘ ਨੂੰ ਦੋ ਮਹੀਨਿਆਂ ਦੀ ਛੁੱਟੀ ਉੱਤੇ ਜਾਣਾ ਪਿਆ। ਸਿੱਖਾਂ ਨੇ ਅਰੂੜ ਸਿੰਘ ਦੇ ਇਸ ਫੈਸਲੇ ਨੂੰ ਮਨਜ਼ੂਰ ਨਾ ਕੀਤਾ ਅਤੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। ਅੰਤ ਨੂੰ ਅਰੂੜ ਸਿੰਘ ਨੇ ਮੁਆਫੀ ਮੰਗੀ- 'ਮੈਂ ਅਠ੍ਹਾਰਾਂ ਵਰ੍ਹੇ ਗੁਰੂ ਰਾਮਦਾਸ ਜੀ ਅਤੇ ਖਾਲਸੇ ਦੀ ਸੇਵਾ ਕੀਤੀ ਹੈ, ਚੰਗੀ ਕੀਤੀ ਜਾਂ ਮੰਦੀ ਕੀਤੀ, ਆਪ ਕਬੂਲ ਕਰੋ। ਹੁਣ ਮੈਂ ਅਸਤੀਫਾ ਦਿੰਦਾ ਹਾਂ...।'
ਅਰੂੜ ਸਿੰਘ ਤੋਂ ਮੁਆਫੀ ਮੰਗਵਾਉਣੀ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਵੱਡੀ ਪ੍ਰਾਪਤੀ ਸੀ। ਇਸ ਪ੍ਰਾਪਤੀ ਨਾਲ ਸਿੱਖਾਂ ਦੇ ਹੌਂਸਲੇ, ਹਿੰਮਤ ਅਤੇ ਯਕੀਨ ਵਿਚ ਵਾਧਾ ਹੋਇਆ।
ਗੁਰਦੁਆਰਾ ਚੁਮਾਲਾ ਸਾਹਿਬ (ਲਾਹੌਰ) ਦੇ ਗ੍ਰੰਥੀ ਹਰੀ ਸਿੰਘ ਨੇ, ਜਿਸ ਨੂੰ ਜਪੁਜੀ ਸਾਹਿਬ ਅਤੇ ਰਹਿਰਾਸ ਸਾਹਿਬ ਦਾ ਪਾਠ ਵੀ ਨਹੀਂ ਸੀ ਆਉਂਦਾ, ਗੁਰਦੁਆਰੇ ਵਿਚ ਮਨਮੱਤ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਇਸ ਤੇ ਖ਼ਾਲਸਾ ਪ੍ਰਚਾਰਕ ਜਥੇ ਨੇ ਕਈ ਮੀਟਿੰਗਾਂ ਕੀਤੀਆਂ। ਸ. ਸਰਦੂਲ ਸਿੰਘ ਕਵੀਸ਼ਰ, ਸ. ਸੁੰਦਰ ਸਿੰਘ (ਚਾਵਲਾ) ਆਦਿ ਨੇ ਗੁਰਦੁਆਰੇ ਦੇ ਪ੍ਰਬੰਧ ਦੀ ਘਿਨਾਉਣੀ ਤਸਵੀਰ ਸਿੱਖ ਸੰਗਤਾਂ ਅੱਗੇ ਪੇਸ਼ ਕੀਤੀ। ਫਲਸਰੂਪ ੨੭ ਸਤੰਬਰ, ੧੯੨੦ ਨੂੰ ਗੁਰਦੁਆਰਾ ਚੁਮਾਲਾ ਸਾਹਿਬ ਉੱਤੇ ਮੁਕਾਮੀ ਸਿੱਖਾਂ ਨੇ ਕਬਜ਼ਾ ਕਰ ਲਿਆ। ਗੁਰਦੁਆਰੇ ਦੀ ਸੰਭਾਲ ਲਈ ੧੪ ਮੈਂਬਰਾਂ ਦਾ ਇਕ ਜਥਾ ਵੀ ਚੁਣ ਲਿਆ ਗਿਆ। ੨੧ ਅਕਤੂਬਰ ਨੂੰ ਗੁਰਦੁਆਰੇ ਦੇ ਪ੍ਰਬੰਧ ਲਈ ਬਾਕਾਇਦਾ ੧੨ ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ।
ਗੁਰਦੁਆਰਾ ਬਾਬੇ ਦੀ ਬੇਰ (ਸਿਆਲਕੋਟ) ਦੇ ਮਹੰਤ ਦੀ ੨੬ ਸਤੰਬਰ ੧੯੧੮ ਨੂੰ ਮੌਤ ਹੋ ਗਈ ਸੀ। ਉਸ ਦੇ ਪਿਤਾ ਪ੍ਰੇਮ ਸਿੰਘ ਨੇ ਆਪਣੇ ਨਾਬਾਲਗ ਪੋਤਰੇ ਗੁਰਚਰਨ ਸਿੰਘ ਨੂੰ ਮਹੰਤੀ ਦੇ ਦਿੱਤੀ ਸੀ। ਸਿੱਖਾਂ ਨੂੰ ਇਹ ਕਾਰਵਾਈ ਮਨਜ਼ੂਰ ਨਹੀਂ ਸੀ। ਉਨ੍ਹਾਂ ਦੀ ਮੁਖ਼ਾਲਫਤ ਦੇ ਬਾਵਜੂਦ ਡਿਪਟੀ ਕਮਿਸ਼ਨਰ ਸਿਆਲਕੋਟ ਨੇ ੬ ਮਈ ੧੯੧੯ ਨੂੰ ਜਮ੍ਹਾਂਬੰਦੀ ਵੀ ਗੁਰਚਰਨ ਸਿੰਘ ਦੇ ਨਾਂ ਤੇ ਕਰ ਦਿੱਤੀ। ਗੱਲ ਇਥੇ ਹੀ ਨਹੀਂ ਮੁੱਕਦੀ। ਦੂਸਰੇ ਪਾਸੇ ਹਰਨਾਮ ਸਿੰਘ ਦੀ ਬੇਵਾ ਨੇ ਇਕ ਪਤਿਤ ਇਨਸਾਨ ਗੰਡਾ ਸਿੰਘ (ਉਬਰਾਏ) ਨੂੰ ਆਪਣੇ ਪੁੱਤਰ ਗੁਰਚਰਨ ਸਿੰਘ ਦਾ ਰਖਵਾਲਾ ਅਤੇ ਗੁਰਦੁਆਰੇ ਦਾ ਮੈਨੇਜਰ ਲਾ ਦਿੱਤਾ। ਸਿੱਖਾਂ ਨੇ ਫਿਰ ਵਿਰੋਧ ਕੀਤਾ। ਫਿਰ ਵੀ ਸਰਕਾਰ ਨੇ ਗੰਡਾ ਸਿੰਘ ਦੀ ਮਹੰਤੀ ਮੰਨ ਲਈ। ਸਿੱਖਾਂ ਨੇ ਦਿਲ ਨਾ ਛੱਡਿਆ ਅਤੇ ਆਪਣੀ ਮੁਹਿੰਮ ਜਾਰੀ ਰੱਖੀ। ਸਿੱਟੇ ਵਜੋਂ ੨੩ ਜੁਲਾਈ ੧੯੧੯ ਈ. ਨੂੰ ਸਿੱਖਾਂ ਨੇ ੧੧ ਮੈਂਬਰੀ ਕਮੇਟੀ ਬਣਾ ਕੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ। ਇਸ ਤੇ ਸਰਕਾਰ ਨੇ ੨੦ ਅਗਸਤ ੧੯੨੦ ਨੂੰ ਫੈਸਲਾ ਸੁਣਾਇਆ ਕਿ ਸਿੱਖ ੫੦,੦੦੦ ਰੁਪਏ ਦੀ ਕੋਰਟ ਫੀਸ ਭਰ ਕੇ ੧੦ ਦਿਨਾਂ ਦੇ ਅੰਦਰ ਅੰਦਰ ਦਾਅਵਾ ਦਾਇਰ ਕਰਨ, ਪਰ ਸਿੱਖਾਂ ਨੇ ਫੀਸ ਭਰਨ ਦੀ ਥਾਂ ਐਜੀਟੇਸ਼ਨ ਕਰਨ ਦਾ ਫੈਸਲਾ ਕਰ ਲਿਆ। ਸਤੰਬਰ ਦੇ ਦੂਜੇ ਅੱਧ ਵਿਚ ਬਾਬੇ ਦੀ ਬੇਰ ਦਾ ਮਸਲਾ ਹੋਰ ਵੀ ਭਖ ਪਿਆ। ਸ. ਅਮਰ ਸਿੰਘ ਝੁਬਾਲ ਨੇ ਸਿਆਲਕੋਟ ਪੁੱਜ ਕੇ ਗੁਰਦੁਆਰੇ ਦੀ ਸੰਭਾਲ ਲਈ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ। ਕਮੇਟੀ ਨੇ ਭਾਰਤ ਦੇ ਵਾਇਸਰਾਇ ਨੂੰ ਸਲਾਹ ਦਿੱਤੀ ਕਿ ਗੰਡਾ ਸਿੰਹੁ ਨੂੰ ਹਟਾ ਕੇ ਗੁਰਦੁਆਰੇ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿਚ ਦੇ ਦਿੱਤਾ ਜਾਵੇ। ਇਸ ਦੇ ਉਲਟ ਸਰਕਾਰ ਨੇ ਸਿੱਖਾਂ ਨੂੰ ਬੰਦੀ ਬਣਾਇਆ, ਭਾਵੇਂ ਬਾਅਦ ਵਿਚ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਛੱਡ ਦਿੱਤਾ ਗਿਆ। ੪ ਅਕਤੂਬਰ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਭਾਰੀ ਦੀਵਾਨ ਹੋਇਆ। ਬਾਬਾ ਖੜਕ ਸਿੰਘ ਨੇ ਗੁਰਦੁਆਰੇ ਦਾ ਪ੍ਰਬੰਧ ਚਲਾਉਣ ਲਈ ੧੩ ਸਿੱਖਾਂ ਦੀ ਕਮੇਟੀ ਬਣਾ ਦਿੱਤੀ। ਅੰਤ ਨੂੰ ਗੁਰਦੁਆਰਾ ਬਾਬੇ ਦੀ ਬੇਰ ਉੱਤੇ ਵੀ ਸਿੱਖਾਂ ਦਾ ਕਬਜ਼ਾ ਹੋ ਗਿਆ।
ਅਕਤੂਬਰ ੧੯੨੦ ਈ. ਨੂੰ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਜਾਰੀ ਪੱਛੜੀਆਂ ਜਾਤੀਆਂ ਅਤੇ ਅਨੁਸੂਚਿਤ ਜਾਤੀ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਸਨ ਕਰਦੇ। 'ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ' ਦਾ ਕੇਂਦਰ, ਅਕਾਲ ਪੁਰਖ ਦੇ ਸਰੂਪ ਮਨੁੱਖ ਨੂੰ ਕੋਈ ਅਛੂਤ ਆਖੇ, ਇਸ ਨਾਲੋਂ ਗੁਰੂ ਸਿਧਾਂਤ ਤੇ ਗੁਰ ਮਰਯਾਦਾ ਦੀ ਹੋਰ ਵੱਡੀ ਨਿਰਾਦਰੀ ਕੀ ਹੋ ਸਕਦੀ ਸੀ? ਇਸ ਤੇ 'ਖਾਲਸਾ ਬਿਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵੱਲੋਂ ਜਲ੍ਹਿਆਂ ਵਾਲਾ ਬਾਗ ਦੇ ਦੀਵਾਨ ਵਿਚ ੧੧ ਅਕਤੂਬਰ ੧੯੨੦ ਦੀ ਰਾਤ ਨੂੰ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੀ ਸਵੇਰ ਨੂੰ ਅਖੌਤੀ ਪੱਛੜੀਆਂ ਅਤੇ ਅਨੁਸੂਚਿਤ ਜਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਵੇਂ ਹੀ ਹੋਇਆ, ਪਰ ਪੁਜਾਰੀਆਂ ਨੇ ਉਨ੍ਹਾਂ ਲੋਕਾਂ ਦਾ ਪ੍ਰਸ਼ਾਦ ਕਬੂਲ ਨਾ ਕੀਤਾ। ਸ. ਸੁੰਦਰ ਸਿੰਘ, ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇ. ਤੇਜਾ ਸਿੰਘ ਭੁੱਚਰ ਦੀ ਹਾਜ਼ਰੀ ਵਿਚ ਇਹ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਵੇ ਅਤੇ ਹੁਕਮਨਾਮੇ ਦੀ ਰੋਸ਼ਨੀ ਵਿਚ ਕੜਾਹ ਪ੍ਰਸ਼ਾਦ ਪ੍ਰਵਾਨ ਜਾਂ ਅਪ੍ਰਵਾਨ ਕੀਤਾ ਜਾਵੇ। ਸਹਿਮਤੀ ਨਾਲ ਹੁਕਮਨਾਮਾ ਲਿਆ ਗਿਆ। ਰਾਗ ਸੋਰਠਿ ਮਹਲਾ ੩ ਦੁਤੁਕੀ, (ਪੰਨਾ ੬੩੮) ਤੋਂ ਗੁਰੂ ਅਮਰਦਾਸ ਜੀ ਦਾ ਪਵਿੱਤਰ ਹੁਕਮਨਾਮਾ ਆਇਆ:
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ£
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ£
ਸਭਨੀਂ ਪਾਸੀਂ ਧੰਨ ਗੁਰੂ ਅਤੇ ਧੰਨ ਗੁਰੂ ਦੀਆਂ ਧੁਨਾਂ ਗੂੰਜ ਉੱਠੀਆਂ। ਸਿੱਟੇ ਵਜੋਂ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਅਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਉਪਰੰਤ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵਧੀਆਂ। ਸੰਗਤਾਂ ਦੀ ਆਮਦ ਅਤੇ ਉਤਸ਼ਾਹ ਨੂੰ ਵੇਖਦਿਆਂ ਉਥੋਂ ਦੇ ਪੁਜਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਛੱਡ ਕੇ ਨੱਸ ਗਏ। ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਸੰਭਾਲ ਲਈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ੧੭ ਮੈਂਬਰੀ ਕਮੇਟੀ ਹੋਂਦ ਵਿਚ ਆਈ ਅਤੇ ਇਸ ਕਮੇਟੀ ਦੇ ਜਥੇਦਾਰ ਵਜੋਂ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਥਾਪਿਆ ਗਿਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਰੁਤਬਾ ਰੱਖਦੇ ਹਨ।
ਸਿੱਖਾਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਦੇਖਦਿਆਂ ੧੩ ਅਕਤੂਬਰ ੧੯੨੦ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿੱਖ ਆਗੂਆਂ, ਗੁਰਦੁਆਰਿਆਂ ਦੇ ਸਰਬਰਾਹਾਂ ਅਤੇ ਪੁਜਾਰੀਆਂ ਦੀ ਮੀਟਿੰਗ ਸੱਦੀ ਅਤੇ ਹਾਜ਼ਰ ਲੋਕਾਂ ਦੀ ਹਾਜ਼ਰੀ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧ ਲਈ ੯ ਮੈਂਬਰੀ ਕਮੇਟੀ ਬਣਾਈ। ਕੁਝ ਕੁ ਦਿਨਾਂ ਮਗਰੋਂ ਉਸ ਕਮੇਟੀ ਦੇ ਇਕ ਮੈਂਬਰ ਡਾ. ਗੁਰਬਖਸ਼ ਸਿੰਘ ਨੇ ਸਿੱਖ ਪੰਥ ਦੇ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ ਕੀਤਾ-- ਸਮੂਹ ਖਾਲਸਾ ਜੀ ਪ੍ਰਤੀ ਵਿਦਿਤ ਹੋਵੇ ਕਿ ੧ ਮੱਘਰ ੧੯੭੭ ਸੰਮਤ ਨਾਨਕਸ਼ਾਹੀ ੪੫੧, ਮੁਤਾਬਿਕ ੧੫ ਨਵੰਬਰ ੧੯੨੦ ਨੂੰ, ਦਿਨ ਦੇ ੯ ਵਜੇ, ਇਕ ਮਹਾਨ ਪੰਥਕ ਇਕੱਠ ਅਕਾਲ ਤਖ਼ਤ ਸਾਹਮਣੇ ਹੋਵੇਗਾ, ਜਿਸ ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਸਮੂਹ ਗੁਰਦੁਆਰਿਆਂ ਆਦਿਕ ਦੇ ਇੰਤਜ਼ਾਮ ਵਾਸਤੇ, ਡੂੰਘੀ ਵਿਚਾਰ ਕਰਕੇ, ਇਕ ਨੁਮਾਇੰਦਾ ਪੰਥਕ ਕਮੇਟੀ ਚੁਣੀ ਜਾਵੇਗੀ। ਇਸ ਲਈ ਸਰਬੱਤ ਗੁਰੂ ਤਖ਼ਤਾਂ, ਗੁਰਦਵਾਰਿਆਂ, ਖਾਲਸਾ ਜਥਿਆਂ, ਸਿੱਖ ਪਲਟਣਾਂ, ਰਿਆਸਤੀ ਸਿੱਖ ਫੌਜਾਂ, ਹੇਠ ਲਿਖੀ ਧਾਰਨਾ ਵਾਲੇ ਸਿੰਘ ਹੇਠ ਲਿਖੀ ਵਿਉਂਤ ਮੁਤਾਬਕ ਚੁਣ ਕੇ ਭੇਜਣ ੧. (ਸਿੰਘ) ਅੰਮ੍ਰਿਤਧਾਰੀ ਹੋਵੇ, ੨. ਪੰਜਾਂ ਬਾਣੀਆਂ ਦਾ ਨੇਮੀ ਹੋਵੇ, ੩. ਪੰਜ ਕਕਾਰ ਦਾ ਰਹਿਤਵਾਨ ਹੋਵੇ, ੪. ਅੰਮ੍ਰਿਤ ਵੇਲੇ (ਪਹਿਰ ਰਾਤ) ਉੱਠਣ ਵਾਲਾ ਹੋਵੇ, ੫. ਦਸਵੰਧ ਦੇਣ ਵਾਲਾ ਹੋਵੇ।
ਨੁਮਾਇੰਦਿਆਂ ਦੀ ਚੋਣ ਵਿਉਂਤ ਇਸ ਪ੍ਰਕਾਰ ਸੀ:

੧) ਹਰ ਤਖ਼ਤ ਵੱਲੋਂ ੫-੫, ੨) ਗੁਰਦੁਆਰਿਆਂ ਵੱਲੋਂ ੧-੧, ੩) ਖਾਲਸਾ ਜਥਿਆਂ ਵੱਲੋਂ ੧੦੦ ਪਿੱਛੇ ੫ ਦੇ ਹਿਸਾਬ ਨਾਲ, ੪) ਸਕੂਲ/ਕਾਲਜਾਂ ਵੱਲੋਂ ੬, ਉਸਤਾਦਾਂ ਵਿਚੋਂ ੮, ਵਿਦਿਆਰਥੀਆਂ ਵਿਚੋਂ ੭, ੫) ਸਿੱਖ ਰਿਆਸਤਾਂ ਵੱਲੋਂ ੫-੫, ੬) ਸਿੱਖ ਰਿਸਾਲਿਆਂ ਵੱਲੋਂ ੨-੨, ੭) ਸਿੱਖ ਪਲਟਣਾਂ ਵਿਚੋਂ ੨-੨, ੮) ਪੂਰੀ ਸਿੱਖ ਪਲਟਣ ਹੋਵੇ ਤਾਂ ੫-੫, ੯) ਨਿਹੰਗ ਸਿੰਘਾਂ ਦੇ ਜਥਿਆਂ ਵੱਲੋਂ ੧੦੦ ਪਿੱਛੇ ੫ ਦੇ ਹਿਸਾਬ ਨਾਲ।
ਇਸ ਕਮੇਟੀ ਦਾ ਫੈਸਲਾ ਸਮੂਹ ਸਿੱਖ ਸੰਗਤਾਂ ਵਿਚ ਸੁਣਾਇਆ ਜਾਵੇਗਾ, ਜਿਸ ਵਿਚ ਗੁਰੂ ਘਰ ਦੇ ਸਰਬੱਤ ਸ਼ਰਧਾਲੂ ਸ਼ਾਮਲ ਹੋ ਸਕਦੇ ਹਨ, ਸੋ ਸਾਰੇ ਪ੍ਰੇਮੀ ਕ੍ਰਿਪਾ ਕਰਕੇ ਦਰਸ਼ਨ ਦੇਣ।
ਨੋਟ: ਇਸ ਦੀਵਾਨ ਸੰਬੰਧੀ ਲਿਖਤ ਪੜ੍ਹਤ ਸੇਵਕ ਨਾਲ ਕੀਤੀ ਜਾਵੇ। ਇਹ ਇਸ਼ਤਿਹਾਰ ਗੁਰੂ ਖਾਲਸਾ ਨੇ ਟਾਪੂਆਂ ਆਦਿ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਹਰੇਕ ਸ਼ਾਮਲ ਹੋਣ ਵਾਲੇ ਨੁਮਇੰਦੇ ਕੋਲ ਆਪਣੇ ਜਥੇਦਾਰ ਤੋਂ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਪ੍ਰਾਰਥਕ
ਡਾਕਟਰ ਗੁਰਬਖਸ਼ ਸਿੰਘ
ਸੇਵਕ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ।

ਅਕਤੂਬਰ ੧੯੨੦ ਦੇ ਆਖ਼ਰੀ ਹਫਤੇ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤ ੇ ਜਥੇਬੰਦੀ ਬਣਾਉਣ ਬਾਰੇ ਵਿਚਾਰਾਂ ਹੋਈਆਂ, ਪਰ ਗੱਲ ਸਿਰੇ ਨਾ ਚੜ੍ਹੀ। ਇਸ ਮਸਲੇ ਨੂੰ ਹੱਲ ਕਰਨ ਲਈ ੭ ਨਵੰਬਰ ੧੯੨੦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇਕ ਇਕੱਠ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ੧੫ ਨਵੰਬਰ ੧੯੨੦ ਨੂੰ ਸਰਬੱਤ ਖਾਲਸਾ ਦੇ ਇਕੱਠ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਇਕ ਕਮੇਟੀ ਚੁਣੀ ਜਾਏ। ਪਰ ੧੩ ਨਵੰਬਰ ਨੂੰ ਪੰਜਾਬ ਦੇ ਸਿਰਕੱਢ ਉਹ ਲੋਕ ਪੰਜਾਬ ਦੇ ਗਵਰਨਰ ਨੂੰ ਮਿਲੇ, ਜੋ ਇਸ ਕਾਰਜ ਵਿਚ ਰੋੜਾ ਅਟਕਾਉਣਾ ਚਾਹੁੰਦੇ ਸਨ। ਸਿੱਟੇ ਵਜੋਂ ਗਵਰਨਰ ਨੇ ਸਰਕਾਰੀ ਪਿੱਠੂਆਂ ਦੀ ੩੬ ਮੈਂਬਰੀ ਕਮੇਟੀ ਬਣਾ ਦਿੱਤੀ। ਉਨ੍ਹਾਂ ਮੈਂਬਰਾਂ ਵਿਚ ੨੫ ਮੈਂਬਰ ਗੈਰ-ਅੰਮ੍ਰਿਤਧਾਰੀ ਸਨ। ਸ. ਹਰਬੰਸ ਸਿੰਘ ਅਟਾਰੀ ਨੂੰ ਇਸ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ।
ਪਰ ੧੫ ਨਵੰਬਰ ੧੯੨੦ ਨੂੰ ਸਰਬੱਤ ਖਾਲਸਾ ਦਾ ਇਕੱਠ ਵੀ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਇਸ ਕਮੇਟੀ ਵਿਚ ੧੫੦ ਮੈਂਬਰ ਲਏ ਗਏ। ਸਰਕਾਰ ਨਾਲ ਟੱਕਰ ਨਾ ਲੈਣ ਦੇ ਆਸ਼ੇ ਨਾਲ ੨੫ ਮੈਂਬਰ ਸਰਕਾਰੀ ਕਮੇਟੀ ਵਿਚੋਂ ਵੀ ਲਏ ਗਏ। ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ ੧੭੫ ਹੋ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ (ਪ੍ਰਧਾਨ) ਦੀ ਚੋਣ ਲਈ ੧੬ ਨਵੰਬਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕੇਵਲ ੬੧ ਮੈਂਬਰ ਹੀ ਹਾਜ਼ਰ ਹੋਏ। ਉਸੇ ਰਾਤ ੭ ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕੀਤੀ ਗਈ। ਸ. ਸੁੰਦਰ ਸਿੰਘ ਮਜੀਠਾ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਮੀਤ ਪ੍ਰਧਾਨ, ਸ. ਸੁੰਦਰ ਸਿੰਘ ਰਾਮਗੜ੍ਹੀਆ ਸਕੱਤਰ ਅਤੇ ਬਾਵਾ ਹਰਕ੍ਰਿਸ਼ਨ ਸਿੰਘ ਮੀਤ ਸਕੱਤਰ ਚੁਣਿਆ ਗਿਆ। ਸ. ਜੋਧ ਸਿੰਘ, ਸ. ਤੇਜਾ ਸਿੰਘ, ਸ. ਬੂਟਾ ਸਿੰਘ ਵਕੀਲ, ਸ. ਹਰਬੰਸ ਸਿੰਘ, ਸ. ਚਰਨ ਸਿੰਘ, ਸ. ਅਮਰ ਸਿੰਘ ਲਾਇਲ ਗਜ਼ਟ ਅਤੇ ਬਾਬਾ ਕਿਹਰ ਸਿੰਘ ਪੱਟੀ ਐਗਜ਼ੈਕਟਿਵ ਵਿਚ ਲਏ ਗਏ।
ਪਰ ਇਸ ਚੋਣ ਵਿਚੋਂ ਸਾਜ਼ਿਸ਼ ਝਲਕਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਿਚੋਂ ਤਿੰਨ ਮੁੱਖ ਅਹੁਦੇਦਾਰ ਸਰਕਾਰ ਦਰਬਾਰ ਵਿਚ ਨੇੜਤਾ ਰੱਖਣ ਵਾਲੇ ਸਨ। ਇਸ ਚੋਣ ਨਾਲ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਸੀ। ਸਰਕਾਰ ਵੱਲੋਂ ਉਮੀਦ ਕੀਤੀ ਜਾਣ ਲੱਗੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਕੋਲੋਂ ਦੂਰ ਨਹੀਂ ਜਾ ਸਕੇਗੀ। ਪਰ ਛੇਤੀ ਹੀ ਸਰਕਾਰ ਦਾ ਇਹ ਵਿਚਾਰ ਇਕ ਭੁਲੇਖਾ ਬਣ ਕੇ ਰਹਿ ਗਿਆ। ਸ. ਸੁੰਦਰ ਸਿੰਘ ਮਜੀਠਾ ਵਾਇਸਰਾਇ ਦੀ ਐਗਜ਼ੈਕਟਿਵ ਕੌਂਸਲ ਦਾ ਮੈਂਬਰ ਬਣ ਗਿਆ। ਉਸ ਦੀ ਥਾਂ ਸ. ਹਰਬੰਸ ਸਿੰਘ ਅਟਾਰੀ ਨੇ ਲੈ ਲਈ। ੩੦ ਅਪ੍ਰੈਲ ੧੯੨੧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਜਿਸਟਰਡ ਕਰਵਾ ਲਿਆ ਗਿਆ।
੧੪ ਅਗਸਤ ੧੯੨੧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੂਸਰੀ ਚੋਣ ਹੋਈ। ਇਸ ਚੋਣ ਰਾਹੀਂ ਬਾਬਾ ਖੜਕ ਸਿੰਘ ਪ੍ਰਧਾਨ, ਸ. ਬ. ਮਹਿਤਾਬ ਸਿੰਘ ਮੀਤ ਪ੍ਰਧਾਨ ਅਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਸਕੱਤਰ ਚੁਣੇ ਗਏ।

ਪ੍ਰਿੰ. ਸੁਲੱਖਣ ਸਿੰਘ

ਮੀਤ - ਡਾਇਰੈਕਟਰ, ਸਿੱਖ ਇਤਿਹਾਸ ਰੀਸਰਚ ਬੋਰਡ,

ਸ਼੍ਰੋਮਣੀ ਗੁ:ਪ੍ਰ:ਕਮੇਟੀ,ਅੰਮ੍ਰਿਤਸਰ