ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੰਦਾ ਸਿੰਘ ਬਹਾਦਰ ਦਾ ਸੰਖੇਪ ਇਤਿਹਾਸ


ਬਾਬਾ ਬੰਦਾ ਸਿੰਘ ਦੀ ਸ਼ਕਤੀ ਦਾ ਉਭਾਰਜੋ ਸਿੱਖ ਇਨਕਲਾਬ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਅਤੇ ਜਿਸ ਦੀ ਸੰਪੂਰਨਤਾ 1699 ਈ: ਦੀ ਵਿਸਾਖੀ 'ਤੇ ਖ਼ਾਲਸੇ ਦੀ ਸਾਜਨਾ ਦੇ ਰੂਪ ਵਿਚ ਹੋਈ ਸੀ, ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਉਸੇ ਮਿਸ਼ਨ ਦੀ ਪੂਰਤੀ ਲਈ ਸੀ। ਖ਼ਾਲਸਾ ਪੰਥ ਇਕ ਸੁਤੰਤਰ ਅਤੇ ਸਵੈ-ਨਿਰਣਾਇਕ ਸਮਾਜ ਸੀ, ਜਿਸ ਨੇ ਸਿਰਫ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਵੀ ਸੰਸਾਰਕ ਵਿਅਕਤੀ ਅੱਗੇ ਆਪਣਾ ਸੀਸ ਨਹੀਂ ਨਿਵਾਉਣਾ ਸੀ। ਖ਼ਾਲਸੇ ਨੇ ਗੁਰੂ ਨਾਨਕ ਸਾਹਿਬ ਦੇ ਆਸ਼ੇ ਅਤੇ ਉਦੇਸ਼ਾਂ ਅਨੁਸਾਰ ਜ਼ੁਲਮ ਅਤੇ ਜਬਰ ਦੇ ਖਿਲਾਫ਼ ਸੰਘਰਸ਼ ਕਰਨਾ ਸੀ। ਇਸ ਸੰਘਰਸ਼ ਦੀ ਸਫਲਤਾ ਲਈ ਖ਼ਾਲਸਾ ਦਾ ਸੁਤੰਤਰ ਰੂਪ ਵਿਚ ਵਿਚਰਨਾ ਜ਼ਰੂਰੀ ਸੀ ਪਰ ਖ਼ਾਲਸੇ ਦੇ ਇਹ ਆਸ਼ੇ ਅਤੇ ਉਦੇਸ਼ ਅਤੇ ਉਸ ਦਾ ਸੁਤੰਤਰ ਰੁਤਬਾ ਸਮੇਂ ਦੀਆਂ ਹਕੂਮਤਾਂ ਨੂੰ ਮਨਜ਼ੂਰ ਨਹੀਂ ਹੋ ਸਕਦਾ ਸੀ। ਇਸੇ ਮੁੱਦੇ 'ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੇਕਾਂ ਲੜਾਈਆਂ ਕਰਨੀਆਂ ਪਈਆਂ ਸਨ ਅਤੇ ਇਸੇ ਹੀ ਰੁਤਬੇ ਨੂੰ ਬਰਕਰਾਰ ਰੱਖਣ ਲਈ ਗੁਰੂ ਜੀ ਨੇ ਅਕਤੂਬਰ, 1708 ਈ: ਵਿਚ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਖ਼ਾਲਸੇ ਦਾ ਰਾਜਨੀਤਕ ਨੇਤਾ ਥਾਪ ਕੇ ਭੇਜਿਆ ਸੀ। ਇਉਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਹੀ ਆਪਣੇ ਸੰਘਰਸ਼ ਨੂੰ ਸ਼ੁਰੂ ਕਰਨਾ ਸੀ। ਫਲਸਰੂਪ, ਬੰਦਾ ਸਿੰਘ ਬਹਾਦਰ ਨਾਂਦੇੜ ਸਾਹਿਬ ਤੋਂ ਅਕਤੂਬਰ 1708 ਵਿਚ ਤੁਰ ਕੇ ਇਸੇ ਸਾਲ ਦੇ ਅਖੀਰ ਵਿਚ ਪੰਜਾਬ ਵਿਚ ਪਹੁੰਚ ਗਿਆ ਸੀ। ਇਥੇ ਉਹ ਸਿਹਰ-ਖੰਡਾ ਪਿੰਡਾਂ ਦੀ ਜੂਹ ਵਿਚ ਆਪਣਾ ਡੇਰਾ ਲਗਾ ਕੇ ਬੈਠ ਗਿਆ ਸੀ। ਸਿਹਰ-ਖੰਡਾ ਦੇ ਦੋ ਜੁੜਵੇਂ ਪਿੰਡ ਸੋਨੀਪਤ ਅਤੇ ਰੋਹਤਕ ਦੇ ਤਕਰੀਬਨ ਵਿਚਕਾਰ ਖਰਖੌਦਾ ਕਸਬੇ ਨੇੜੇ ਸਥਿਤ ਹਨ।
ਚੱਪੜਚਿੜੀ ਦੀ ਲੜਾਈ ਬੰਦਾ ਸਿੰਘ ਬਹਾਦਰ ਵੱਲੋਂ ਲੜੀਆਂ ਗਈਆਂ ਉਨ੍ਹਾਂ ਲੜਾਈਆਂ ਦਾ ਸਿਖਰ ਸੀ, ਜਿਹੜੀਆਂ ਉਸ ਨੇ ਸਿਹਰ-ਖੰਡੇ (ਖਰਖੌਦਾ-ਹਰਿਆਣਾ) ਤੋਂ ਸ਼ੁਰੂ ਕਰਕੇ ਸੋਨੀਪਤ, ਕੈਥਲ, ਸਮਾਣਾ, ਘੁੜਾਮ, ਸ਼ਾਹਬਾਦ, ਕਪੂਰੀ ਅਤੇ ਸਢੌਰਾ ਦੇ ਹਾਕਮਾਂ ਨਾਲ ਲੜੀਆਂ ਸਨ। ਅਖਬਰ-ਏ-ਦਰਬਾਰ-ਏ-ਮੁਅੱਲਾ ਦੀਆਂ ਰਿਪੋਰਟਾਂ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਹਥਿਆਰਬੰਦ ਕਾਰਵਾਈਆਂ ਦੀ ਸ਼ੁਰੂਆਤ ਜਨਵਰੀ, 1709 ਵਿਚ ਕੀਤੀ ਸੀ। ਉਕਤ ਸਾਰੀਆਂ ਸੈਨਿਕ ਚੌਕੀਆਂ ਜਾਂ ਪੋਸਟਾਂ ਸਰਹਿੰਦ ਪ੍ਰਾਂਤ ਦੀਆਂ ਹੀ ਹਿੱਸਾ ਸਨ। ਇਕ ਕਿਸਮ ਨਾਲ ਇਹ ਸਾਰੀਆਂ ਚੌਕੀਆਂ ਸਰਹਿੰਦ ਲਈ ਬੁਲਵਰਕ ਦਾ ਹੀ ਕੰਮ ਕਰਦੀਆਂ ਸਨ। ਇਸ ਨੁਕਤੇ ਤੋਂ ਦੇਖਿਆਂ ਕਿਹਾ ਜਾ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਫਤਹਿ ਕਰਨ ਤੋਂ ਪਹਿਲਾਂ ਉਸ ਦੇ ਸੈਨਿਕ ਬੁਲਵਰਕ ਨੂੰ ਤੋੜਿਆ ਸੀ। ਇਸ ਤਰ੍ਹਾਂ ਇਨ੍ਹਾਂ ਸੈਨਿਕ ਚੌਕੀਆਂ ਨੂੰ ਫਤਹਿ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਸੈਨਿਕ ਪੱਖੋਂ ਬਿਲਕੁਲ ਲੁੰਜਾ ਕਰ ਦਿੱਤਾ ਸੀ। ਵਜ਼ੀਰ ਖਾਨ ਕਿਸੇ ਇਕ ਵੀ ਫੌਜਦਾਰ ਦੀ ਸਹਾਇਤਾ ਨਹੀਂ ਸੀ ਕਰ ਸਕਿਆ। ਉਹ ਸਰਹਿੰਦ ਦੇ ਕਿਲ੍ਹੇ ਵਿਚ ਹੀ ਬੈਠਾ ਸਿੰਘਾਂ ਦੇ ਹੱਲੇ ਦੀ ਉਡੀਕ ਕਰ ਰਿਹਾ ਸੀ। ਦੂਜੇ ਪਾਸੇ ਉਕਤ ਸੈਨਿਕ ਚੌਕੀਆਂ ਨੂੰ ਜਿੱਤ ਕੇ ਬੰਦਾ ਸਿੰਘ ਬਹਾਦਰ ਸੈਨਿਕ ਤਾਕਤ ਪੱਖੋਂ ਬਹੁਤ ਮਜ਼ਬੂਤ ਹੋ ਚੁੱਕਾ ਸੀ।
ਸਰਹਿੰਦ ਪ੍ਰਾਂਤ ਸਤਲੁਜ ਤੋਂ ਲੈ ਕੇ ਜਮੁਨਾ ਦਰਿਆ ਤੱਕ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਮਾਰੂਥਲਾਂ ਤੱਕ ਦਾ ਵਿਸ਼ਾਲ ਖੇਤਰ ਸੀ। ਇਸ ਤਰ੍ਹਾਂ ਖੇਤਰਫਲ ਪੱਖੋਂ ਸਰਹਿੰਦ ਪ੍ਰਾਂਤ ਲਾਹੌਰ ਅਤੇ ਮੁਲਤਾਨ ਤੋਂ ਵੀ ਜ਼ਿਆਦਾ ਵੱਡਾ ਪ੍ਰਾਂਤ ਸੀ। ਇਸ ਦਾ ਸੂਬੇਦਾਰ ਵਜ਼ੀਰ ਖਾਨ ਸੀ। ਵਜ਼ੀਰ ਖਾਨ ਸਿੱਖ ਧਰਮ ਦਾ ਕੱਟੜ ਵਿਰੋਧੀ ਸੀ ਅਤੇ ਉਸ ਨੇ ਸਿੱਖ ਧਰਮ ਨੂੰ ਦਬਾ ਕੇ ਰੱਖਣ ਲਈ ਬਹੁਤ ਮਾੜੇ ਹੱਥਕੰਡੇ ਅਪਣਾਏ ਸਨ।
ਭਾਵੇਂ ਬੰਦਾ ਸਿੰਘ ਬਹਾਦਰ ਪਾਸ ਨਾ ਹੀ ਤਾਂ ਸੁਸਿੱਖਿਅਤ ਫੌਜ ਸੀ ਅਤੇ ਨਾ ਹੀ ਉਸ ਪਾਸ ਮੁਗਲ ਫੌਜਦਾਰਾਂ ਵਾਂਗ ਤੋਪਖਾਨਾ ਅਤੇ ਹੋਰ ਬਰੂਦੀ-ਅਸਲਾ ਸੀ ਪਰ ਲੋਕ-ਸ਼ਕਤੀ ਪੱਖੋਂ ਬੰਦਾ ਸਿੰਘ ਪਾਸ ਅਣਗਿਣਤ ਐਸੇ ਸੂਰਮੇ ਸਨ, ਜਿਹੜੇ ਸਰਹਿੰਦ ਨੂੰ ਜਿੱਤਣ ਲਈ ਆਪਣੀ ਸਿਰ-ਧੜ ਦੀ ਬਾਜ਼ੀ ਲਾ ਕੇ ਆਏ ਸਨ। ਬੰਦਾ ਸਿੰਘ ਬਹਾਦਰ ਦੇ ਪਾਸ ਪੂਰਾ ਲੋਕ-ਸਮੂਹ ਸੀ। ਪੰਜਾਬ ਵਿਚ ਉਸ ਦੀ ਆਮਦ ਸੁਣ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ ਭੇਜੀਆਂ ਗਈਆਂ ਚਿੱਠੀਆਂ ਰਾਹੀਂ ਪਤਾ ਲੱਗਣ 'ਤੇ ਪੰਜਾਬ ਦਾ ਹਰ ਹਿੰਦੂ-ਸਿੱਖ ਉਸ ਨੂੰ ਮਿਲਣ ਲਈ ਉਮਡ ਪਿਆ ਸੀ। ਮਾਲਵਾ, ਮਾਝਾ ਅਤੇ ਦੁਆਬਾ ਦੇ ਸਿੱਖ ਆਪਮੁਹਾਰੇ ਹੀ ਸਿਹਰ-ਖੰਡੇ ਵੱਲ ਚੱਲ ਪਏ ਸਨ। ਮਾਲਵਾ ਨੇੜੇ ਹੋਣ ਕਾਰਨ ਇਥੋਂ ਦੇ ਲੋਕ ਛੇਤੀ ਪਹੁੰਚ ਗਏ ਸਨ। ਮਾਝਾ ਅਤੇ ਦੁਆਬਾ ਦੂਰ ਹੋਣ ਕਾਰਨ ਅਤੇ ਰਸਤੇ ਵਿਚ ਕਈ ਦਰਿਆਵਾਂ ਦੇ ਹੋਣ ਕਾਰਨ ਛੇਤੀ ਅਤੇ ਸੌਖਿਆਂ ਨਹੀਂ ਸਨ ਪਹੁੰਚ ਸਕਦੇ, ਕਿਉਂਕਿ ਹਕੂਮਤ ਦੀਆਂ ਫੌਜਾਂ ਨੇ ਦਰਿਆਵਾਂ ਦੇ ਪੱਤਣ ਰੋਕ ਲਏ ਸਨ। ਫਿਰ ਵੀ ਇਹ ਲੋਕ ਵੱਡੇ-ਵੱਡੇ ਜਥਿਆਂ ਦੇ ਰੂਪ ਵਿਚ ਕੀਰਤਪੁਰ ਸਾਹਿਬ ਵਾਲੇ ਘਾਟ 'ਤੇ ਇਕੱਠੇ ਹੋ ਗਏ ਸਨ ਪਰ ਅੱਗੋਂ ਸਰਹਿੰਦ ਦੀਆਂ ਫੌਜਾਂ ਨੇ ਇਸ ਘਾਟ ਨੂੰ ਪੂਰੀ ਮਜ਼ਬੂਤੀ ਨਾਲ ਰੋਕਿਆ ਹੋਇਆ ਸੀ।
ਸਿਹਰ-ਖੰਡਾ ਵਿਖੇ ਪੂਰਾ ਖ਼ਾਲਸਾਈ ਇਕੱਠ ਹੋ ਗਿਆ ਸੀ। ਬੰਦਾ ਸਿੰਘ ਬਹਾਦਰ ਨੇ ਇਥੋਂ ਹੀ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਨੀ ਸੀ। ਇਥੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਦਿੱਤਾ ਗਿਆ ਸੀ। ਇਹ ਸਾਰਾ ਇਲਾਕਾ (ਸੋਨੀਪਤ-ਰੋਹਤਕ) ਭਾਵੇਂ ਉਸ ਸਮੇਂ ਖੁਸ਼ਕ ਜੰਗਲਾਂ ਵਾਲਾ ਅਤੇ ਰੇਤੀਲਾ ਟਿੱਬਿਆਂ ਵਾਲਾ ਹੋਣ ਕਰਕੇ ਲਗਭਗ ਬੰਜਰ ਹੀ ਸੀ। ਬੰਜਰ ਇਲਾਕਾ ਹੋਣ ਕਰਕੇ ਇਹ ਸਮਾਜ ਦੇ ਗੰਦੇ ਅਨਸਰਾਂ ਜਿਵੇਂ ਕਿ ਡਾਕੂ, ਲੁਟੇਰੇ ਅਤੇ ਧਾੜਵੀ ਆਦਿ ਗਰੋਹਾਂ ਦੀ ਛੁਪਣਗਾਹ ਬਣੀ ਹੋਈ ਸੀ। ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਅਜਿਹੇ ਗਰੋਹਾਂ ਦੀ ਸੁਧਾਈ ਕੀਤੀ। ਉਪਰੰਤ ਉਸ ਨੇ ਆਪਣੇ ਪੂਰੇ ਖ਼ਾਲਸਾ ਲਸ਼ਕਰ ਸਮੇਤ ਇਥੋਂ ਮਾਰਚ ਸ਼ੁਰੂ ਕੀਤਾ।
ਇਕ ਗੱਲ ਵਿਸ਼ੇਸ਼ ਧਿਆਨ ਦੇਣਯੋਗ ਹੈ ਕਿ ਬੰਦਾ ਸਿੰਘ ਬਹਾਦਰ ਪਾਸ ਲੋਕ-ਸਮੂਹ ਸੀ। ਲੋਕ-ਸਮੂਹ ਦੀ ਕੋਈ ਗਿਣਤੀ ਨਹੀਂ ਹੁੰਦੀ। ਨਾ ਹੀ ਲੋਕ-ਸਮੂਹ ਅੱਗੇ ਕੋਈ ਹਕੂਮਤ ਠਹਿਰ ਸਕਦੀ ਹੈ। ਲੋਕ-ਸਮੂਹ ਦੇ ਉਭਾਰ ਨੂੰ ਆਧੁਨਿਕ ਬੋਲੀ ਵਿਚ ਇਨਕਲਾਬ ਕਿਹਾ ਗਿਆ ਹੈ। ਬੰਦਾ ਸਿੰਘ ਬਹਾਦਰ ਵੱਲੋਂ ਸਿਹਰ-ਖੰਡੇ ਤੋਂ ਕੀਤੇ ਗਏ ਮਾਰਚ ਨੂੰ ਖ਼ਾਲਸਾ ਇਨਕਲਾਬ ਹੀ ਕਹਿਣਾ ਚਾਹੀਦਾ ਹੈ। ਇਸ ਵਿਚ ਸਿੱਖਾਂ ਦਾ ਤਾਂ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਉਹ ਵਿਅਕਤੀ ਸ਼ਾਮਿਲ ਸੀ, ਜਿਹੜਾ ਕੋਈ ਨਾ ਕੋਈ ਹਥਿਆਰ ਚੁੱਕ ਕੇ ਤੁਰ ਸਕਦਾ ਸੀ। ਇਸ ਤੋਂ ਇਲਾਵਾ ਰੋਹਤਕ, ਸੋਨੀਪਤ, ਕੈਥਲ, ਜੀਂਦ, ਜਗਾਧਰੀ ਅਤੇ ਥਾਨੇਸਰ ਇਲਾਕਿਆਂ ਦੀ ਉਹ ਹਿੰਦੂ ਆਬਾਦੀ ਵੀ ਸ਼ਾਮਿਲ ਸੀ, ਜਿਹੜੀ ਗਰੀਬੀ ਦੇ ਪਹੀਏ ਹੇਠ ਪੀਸੀ ਜਾ ਰਹੀ ਸੀ। ਸਰਹਿੰਦ ਦੇ ਵਜ਼ੀਰ ਖਾਨ ਪਾਸ ਬਾਕਾਇਦਾ ਸੁਸਿੱਖਿਅਤ ਫੌਜਾਂ ਅਤੇ ਤੋਪਾਂ-ਬੰਦੂਕਾਂ ਦੇ ਰੂਪ ਵਿਚ ਲੋੜ ਨਾਲੋਂ ਵੀ ਜ਼ਿਆਦਾ ਬਾਰੂਦੀ ਅਸਲਾ ਸੀ। ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਹਕੂਮਤ ਦੇ ਖਿਲਾਫ਼ ਬਗਾਵਤ ਕਰਨ ਤੋਂ ਪਹਿਲਾਂ ਕੋਈ ਬਾਗੀ ਆਪਣੀ ਪੂਰੀ ਸੈਨਿਕ ਤਿਆਰੀ ਕਰਕੇ ਹੀ ਹਕੂਮਤ ਦੀਆਂ ਫੌਜਾਂ ਉੱਪਰ ਹਮਲਾ ਕਰੇ, ਜਦੋਂ ਕਿਸੇ ਹਾਕਮ ਵੱਲੋਂ ਦੂਜੇ ਹਾਕਮ ਉੱਪਰ ਹਮਲਾ ਕਰਨਾ ਹੁੰਦਾ ਹੈ, ਸਿਰਫ ਉਸ ਸਮੇਂ ਹੀ ਦੋਵੇਂ ਧਿਰਾਂ ਦੀ ਫੌਜੀ ਸ਼ਕਤੀ ਦੀ ਗਿਣਤੀ ਕੀਤੀ ਜਾਂਦੀ ਹੈ।
 ਬੰਦਾ ਸਿੰਘ ਬਹਾਦਰ ਨੇ ਜਿਸ ਤਿਆਰੀ ਨਾਲ ਸਿਹਰ-ਖੰਡੇ ਤੋਂ ਸੰਘਰਸ਼ ਸ਼ੁਰੂ ਕੀਤਾ ਸੀ, ਉਸ ਬਾਰੇ ਉਸ ਸਮੇਂ ਦੀਆਂ ਸਰਕਾਰੀ ਖੁਫ਼ੀਆ ਖਬਰਾਂ ਅਨੁਸਾਰ ਜੋ ਅੰਦਾਜ਼ੇ ਲਗਾਏ ਗਏ ਸਨ, ਉਨ੍ਹਾਂ ਅਨੁਸਾਰ ਉਸ ਪਾਸ ਕਦੇ ਚਾਲੀ ਹਜ਼ਾਰ ਦੀ ਗਿਣਤੀ ਦੱਸੀ ਜਾਂਦੀ ਸੀ, ਕਦੇ ਸੱਤਰ ਹਜ਼ਾਰ ਦੀ ਅਤੇ ਕਦੇ ਇਕ ਲੱਖ ਦੀ। ਪਿੱਛੋਂ ਦੀਆਂ ਗੁਰਮੁਖੀ ਲਿਖਤਾਂ ਵਿਚ ਵੀ ਇਸ ਗਿਣਤੀ ਬਾਰੇ ਅਣਗਿਣਤ ਲਸ਼ਕਰ ਦਾ ਸ਼ਬਦ ਹੀ ਵਰਤਿਆ ਗਿਆ ਹੈ।  ਕਿਸੇ ਵੀ ਸਿੱਖ ਲੇਖਕ ਨੇ ਬੰਦਾ ਸਿੰਘ ਬਹਾਦਰ ਦੇ ਪਾਸ ਕੋਈ ਨਿਸ਼ਚਿਤ ਗਿਣਤੀ ਨਹੀਂ ਦੱਸੀ ਪਰ ਸਮਕਾਲੀ ਮੁਸਲਿਮ ਲੇਖਕਾਂ ਨੇ ਇਹ ਗਿਣਤੀ ਚਾਲੀ ਹਜ਼ਾਰ ਤੋਂ ਲੈ ਕੇ, ਜਿਵੇਂ ਕਿ ਉੱਪਰ ਲਿਖਿਆ ਜਾ ਚੁੱਕਾ ਹੈ, ਇਕ ਲੱਖ ਤੱਕ ਦੀ ਦੱਸੀ ਹੈ। ਇਸ ਦਾ ਇਕੋ-ਇਕ ਭਾਵ ਇਹ ਹੀ ਲਿਆ ਜਾਣਾ ਚਾਹੀਦਾ ਹੈ ਕਿ ਬੰਦਾ ਸਿੰਘ ਬਹਾਦਰ ਪਾਸ ਲੋਕ-ਸ਼ਕਤੀ ਸੀ। ਲੋਕ-ਸ਼ਕਤੀ ਅਣਗਿਣਤ ਹੁੰਦੀ ਹੈ। ਲੋਕ-ਸ਼ਕਤੀ ਸਾਹਮਣੇ ਨਾ ਹਾਥੀ ਠਹਿਰ ਸਕਦੇ ਹਨ ਅਤੇ ਨਾ ਹੀ ਤੋਪਾਂ ਅਤੇ ਬੰਦੂਕਾਂ। ਲੋਕ-ਸ਼ਕਤੀ ਜਦੋਂ ਤੁਰਦੀ ਹੈ ਤਾਂ ਹੜ੍ਹ ਵਾਂਗ ਚਲਦੀ ਹੈ। ਜਿਸ ਤਰ੍ਹਾਂ ਕੱਖ-ਕਾਨੇ ਹੜ੍ਹ ਦੇ ਅੱਗੇ ਆਪਣੇ-ਆਪ ਵਹਿ ਤੁਰਦੇ ਹਨ, ਉਸੇ ਤਰ੍ਹਾਂ ਹਾਕਮ ਤੇ ਫੌਜਦਾਰ ਲੋਕ-ਸ਼ਕਤੀ ਰਾਹੀਂ ਕੁਚਲੇ ਅਤੇ ਲਿਤਾੜੇ ਜਾਂਦੇ ਹਨ। ਇਸ ਇਨਕਲਾਬ ਦੀ ਜਾਂ ਲੋਕ-ਸ਼ਕਤੀ ਦੀ ਕੋਈ ਯੁੱਧ-ਨੀਤੀ ਨਹੀਂ ਹੁੰਦੀ। ਯੁੱਧ-ਨੀਤੀ ਹਮੇਸ਼ਾ ਹਾਕਮਾਂ ਦੀ ਹੁੰਦੀ ਹੈ।    
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਪਹੁੰਚਣ ਤੱਕ ਜਿਨ੍ਹਾਂ-ਜਿਨ੍ਹਾਂ ਥਾਵਾਂ 'ਤੇ ਵੀ ਹਮਲਾ ਕੀਤਾ ਸੀ, ਉਹ ਥਾਵਾਂ ਥੇਹ ਬਣ ਗਈਆਂ ਸਨ। ਸਮਾਣਾ, ਘੁੜਾਮ, ਕਪੂਰੀ, ਸਢੌਰਾ ਅਤੇ ਬਨੂੜ ਸ਼ਹਿਰ ਥੇਹ ਬਣਾ ਦਿੱਤੇ ਗਏ ਸਨ। ਅੱਜ ਇਹ ਸਾਰੇ ਸ਼ਹਿਰ ਥੇਹਾਂ ਉੱਪਰ ਮੁੜ ਤੋਂ ਵਸੇ ਹੋਏ ਹਨ। ਸ਼ਹਿਰਾਂ ਦੀ ਅਜਿਹੀ ਤਬਾਹੀ ਸਿਰਫ ਲੋਕ-ਸ਼ਕਤੀ ਜਾਂ ਇਨਕਲਾਬ ਦੇ ਸਮੇਂ ਹੀ ਹੁੰਦੀ ਹੈ। ਇਨਕਲਾਬ ਦੀ ਵਿਸ਼ੇਸ਼ਤਾ ਹੀ ਇਹ ਹੁੰਦੀ ਹੈ ਕਿ ਉਸ ਨੇ ਆਪਣੇ ਸਮੇਂ ਦੀ ਸਥਾਪਤੀ ਨੂੰ ਮੁਕੰਮਲ ਰੂਪ ਵਿਚ ਥੇਹ ਕਰਕੇ ਫਿਰ ਤੋਂ ਨਵੇਂ ਰੂਪ ਵਿਚ ਆਪਣੀ ਸਥਾਪਤੀ ਕਰਨੀ ਹੁੰਦੀ ਹੈ। ਬੰਦਾ ਸਿੰਘ ਬਹਾਦਰ ਨੇ ਵੀ ਆਪਣੇ ਸਮੇਂ ਦੀ ਮੁਗਲ ਸਥਾਪਤੀ ਨੂੰ ਬਿਲਕੁਰ ਢਹਿ-ਢੇਰੀ ਕਰਕੇ ਉਸ ਦੀਆਂ ਕਬਰਾਂ ਉੱਪਰ ਆਪਣੀ ਸਥਾਪਤੀ ਕੀਤੀ ਸੀ। ਹਰ ਜਿੱਤੇ ਹੋਏ ਸ਼ਹਿਰ ਵਿਚ ਖ਼ਾਲਸਾ ਪੰਚਾਇਤ ਸਥਾਪਿਤ ਕੀਤੀ ਜਾਂਦੀ ਸੀ ਅਤੇ ਨਿਯੁਕਤ ਕੀਤੇ ਹੋਏ ਸਿੱਖ ਜਾਂ ਹਿੰਦੂ ਅਧਿਕਾਰੀ ਇਸ ਖ਼ਾਲਸਾ ਪੰਚਾਇਤ ਦੀ ਸਲਾਹ ਅਨੁਸਾਰ ਕੰਮ ਕਰਦੇ ਸਨ। ਖ਼ਾਲਸਾ ਪੰਚਾਇਤ ਲੋਕਾਂ ਦੀ ਸਲਾਹ ਅਨੁਸਾਰ ਕੰਮ ਕਰਦੀ ਸੀ। ਉਪਰੋਕਤ ਦੀ ਸਥਿਤੀ ਵਿਚ ਇਹ ਅੰਦਾਜ਼ਾ ਲਗਾਉਣਾ ਕਿ ਬੰਦਾ ਸਿੰਘ ਬਹਾਦਰ ਪਾਸ ਕਿੰਨੀ ਕੁ ਗਿਣਤੀ ਵਿਚ ਸਿੱਖ ਹੋਣਗੇ, ਇਹ ਸਿਰਫ ਸਾਡੇ ਅੰਦਾਜ਼ੇ ਦੀ ਹੀ ਗੱਲ ਹੈ।
ਅੱਗੋਂ ਦੁਸ਼ਮਣ ਵੀ ਘੱਟ ਨਹੀਂ ਸੀ। ਹਰ ਪਰਗਨੇ ਦੇ ਅਧਿਕਾਰੀ ਜਾਂ ਜਗੀਰਦਾਰ ਪਾਸ ਇਕ ਖਾਸ ਗਿਣਤੀ ਤੱਕ ਦੀ ਫੌਜ ਹੁੰਦੀ ਸੀ। ਗਿਣਤੀ ਦੀ ਇਹ ਫੌਜ ਉਸ ਸਮੇਂ ਤੱਕ ਤਾਂ ਆਪਣੀ ਗਿਣਤੀ ਅਨੁਸਾਰ ਹੀ ਵਿਚਰਦੀ ਸੀ, ਜਿਥੋਂ ਤੱਕ ਬਾਦਸ਼ਾਹ ਜਾਂ ਵੱਡੇ ਅਧਿਕਾਰੀ ਨੂੰ ਮਦਦ ਕਰਨ ਦੀ ਗੱਲ ਹੁੰਦੀ ਸੀ ਜਾਂ ਇਕ ਫੌਜਦਾਰ ਵੱਲੋਂ ਦੂਜੇ ਹਾਕਮ ਉੱਪਰ ਹਮਲਾ ਕਰਨ ਦੀ ਹੁੰਦੀ ਸੀ ਪਰ ਜਦੋਂ ਇਨ੍ਹਾਂ ਹੀ ਜਗੀਰਦਾਰਾਂ, ਫੌਜਦਾਰਾਂ ਅਤੇ ਸੂਬੇਦਾਰਾਂ ਜਾਂ ਇਥੋਂ ਤੱਕ ਕਿ ਸ਼ਾਹੀ ਜਰਨੈਲਾਂ ਅਤੇ ਬਾਦਸ਼ਾਹ ਵੱਲੋਂ ਬੰਦਾ ਸਿੰਘ ਬਹਾਦਰ ਦੀ ਲੋਕ-ਸ਼ਕਤੀ ਦਾ ਮੁਕਾਬਲਾ ਕਰਨ ਦੀ ਗੱਲ ਸੀ ਤਾਂ ਇਹ ਵੀ ਆਪਣੀ ਫੌਜ ਦੀ ਨਿਯਤ ਗਿਣਤੀ ਤੱਕ ਹੀ ਨਿਸ਼ਚਿਤ ਨਹੀਂ ਸਨ ਰਹਿੰਦੇ। ਫੌਜ ਤੋਂ ਇਲਾਵਾ ਇਹ ਵੀ ਮੁਸਲਮਾਨ ਗਾਜ਼ੀਆਂ ਨੂੰ ਇਸਲਾਮ ਦੇ ਨਾਂਅ 'ਤੇ ਕਾਫ਼ਰਾਂ ਦੇ ਖਿਲਾਫ਼ ਜਹਾਦ ਛੇੜਨ ਲਈ ਉਕਸਾਉਂਦੇ ਸਨ। ਇਉਂ ਮੁਗਲ ਹਾਕਮ ਵੀ ਬੰਦਾ ਸਿੰਘ ਬਹਾਦਰ ਦੀ ਲੋਕ-ਸ਼ਕਤੀ ਦਾ ਮੁਕਾਬਲਾ ਇਸਲਾਮ ਦੀ ਲੋਕ-ਸ਼ਕਤੀ ਨਾਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਬੰਦਾ ਸਿੰਘ ਬਹਾਦਰ ਅਤੇ ਮੁਗਲ ਹਕੂਮਤ ਦੇ ਸਮੁੱਚੇ ਸੰਘਰਸ਼ ਨੂੰ ਇਸੇ ਹੀ ਸਥਿਤੀ ਵਿਚ ਰੱਖ ਕੇ ਦੇਖਣ ਦੀ ਲੋੜ ਹੈ। ਭਾਵੇਂ ਕਿ ਬੰਦਾ ਸਿੰਘ ਬਹਾਦਰ ਨੇ ਕਦੇ ਵੀ ਇਸਲਾਮ ਦੇ ਵਿਰੁੱਧ ਜਹਾਦ ਨਹੀਂ ਸੀ ਛੇੜਿਆ, ਸਗੋਂ ਉਸ ਦਾ ਸੰਘਰਸ਼ ਮੁਗਲ ਹਕੂਮਤ ਦੇ ਵਿਰੁੱਧ ਸੀ।
ਸਢੌਰਾ ਅਤੇ ਮੁਖ਼ਲਿਸਪੁਰ (ਲੋਹਗੜ੍ਹ) 30 ਨਵੰਬਰ, 1709 ਤੱਕ ਜਿੱਤ ਲਏ ਗਏ ਸਨ। ਚੱਪੜਚਿੜੀ ਦੀ ਲੜਾਈ 22 ਮਈ, 1710 ਨੂੰ ਹੋਈ ਸੀ। ਇਸ ਦਾ ਭਾਵ ਹੈ ਕਿ ਦਸੰਬਰ, 1709 ਤੋਂ ਲੈ ਕੇ ਮਈ, 1710 ਤੱਕ ਦੇ ਜਿਹੜੇ ਪੰਜ-ਛੇ ਮਹੀਨੇ ਸਨ, ਇਨ੍ਹਾਂ ਮਹੀਨਿਆਂ ਵਿਚ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਅਤੇ ਸਢੌਰੇ ਵਿਚ ਆਪਣੇ-ਆਪ ਨੂੰ ਪੂਰੀ ਮਜ਼ਬੂਤੀ ਨਾਲ ਸਥਾਪਿਤ ਕਰ ਲਿਆ ਸੀ। ਸਮਾਣਾ, ਘੁੜਾਮ, ਸ਼ਾਹਬਾਦ, ਕਪੂਰੀ, ਸਢੌਰਾ ਅਤੇ ਮੁਖ਼ਲਿਸਪੁਰ (ਲੋਹਗੜ੍ਹ) ਦੇ ਜਿੱਤ ਲੈਣ ਨਾਲ ਘੱਗਰ ਦਰਿਆ ਤੋਂ ਲੈ ਕੇ ਜਮੁਨਾ ਦਰਿਆ ਤੱਕ ਦਾ ਸਾਰਾ ਪੂਰਬੀ ਪੰਜਾਬ (ਵਰਤਮਾਨ ਹਰਿਆਣਾ ਅਤੇ ਕੁਝ ਭਾਗ ਪਟਿਆਲਾ ਜ਼ਿਲ੍ਹੇ ਦਾ ਹਿੱਸਾ) ਬੰਦਾ ਸਿੰਘ ਬਹਾਦਰ ਦੇ ਕਬਜ਼ੇ ਵਿਚ ਆ ਗਿਆ ਸੀ। ਇਸ ਸਮੇਂ ਤੱਕ ਉਹ ਲੋਕ-ਸ਼ਕਤੀ ਉਸੇ ਤਰ੍ਹਾਂ ਕਾਇਮ ਸੀ, ਜਿਹੜੀ ਸਿਹਰ-ਖੰਡਾ ਤੋਂ ਤੁਰੀ ਸੀ, ਕਿਉਂਕਿ ਬੰਦਾ ਸਿੰਘ ਦਾ ਵੱਡਾ ਨਿਸ਼ਾਨਾ ਵਜ਼ੀਰ ਖਾਨ ਅਤੇ ਸਰਹਿੰਦ ਨੂੰ ਜਿੱਤਣ ਦਾ ਸੀ, ਇਸ ਲਈ ਲੋਹਗੜ੍ਹ ਅਤੇ ਸਢੌਰੇ ਨੂੰ ਆਪਣਾ ਮੁੱਖ ਆਧਾਰ ਬਣਾ ਕੇ ਉਹ ਮਈ, 1710 ਵਿਚ ਸਰਹਿੰਦ ਵੱਲ ਰਵਾਨਾ ਹੋਇਆ ਅਤੇ ਅੰਬਾਲਾ, ਛੱਤ ਅਤੇ ਬਨੂੜ ਦੀਆਂ ਸੈਨਿਕ ਚੌਕੀਆਂ ਨੂੰ ਜਿੱਤ ਕੇ ਉਹ ਬਨੂੜ ਵਿਖੇ ਆ ਖੜ੍ਹਿਆ ਸੀ। ਸਰਹਿੰਦ ਦੇ ਏਨੇ ਨੇੜਲੇ ਇਲਾਕੇ ਵਾਲੀ ਸੈਨਿਕ ਪੋਸਟ (ਚੌਕੀ) ਨੂੰ ਵੀ ਸਿੰਘਾਂ ਦੇ ਕਬਜ਼ੇ ਵਿਚ ਆਉਣ 'ਤੇ ਵਜ਼ੀਰ ਖਾਨ ਸਰਹਿੰਦ ਵਿਚੋਂ ਨਹੀਂ ਸੀ ਨਿਕਲਿਆ। ਇਹ ਗੱਲ ਉਸ ਦੀ ਮਨੋਸਥਿਤੀ ਨੂੰ ਦਰਸਾਉਂਦੀ ਹੈ ਕਿ ਉਹ ਖ਼ਾਲਸੇ ਦੇ ਹਮਲਿਆਂ ਤੋਂ ਕਿੰਨਾ ਘਬਰਾ ਗਿਆ ਸੀ। ਨਹੀਂ ਤਾਂ ਕੋਈ ਕਾਰਨ ਨਹੀਂ ਸੀ ਕਿ ਉਹ ਆਪਣੀਆਂ ਚੌਕੀਆਂ ਦੇ ਇਕ-ਇਕ ਕਰਕੇ ਜਿੱਤੇ ਜਾਣ 'ਤੇ ਬਾਹਰ ਨਾ ਨਿਕਲਦਾ।
ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਾ ਹੈ ਕਿ ਬੰਦਾ ਸਿੰਘ ਦੀ ਆਮਦ ਸੁਣ ਕੇ ਸਾਰੇ ਪੰਜਾਬ ਵਿਚ ਹੀ ਸਿੱਖ ਉਠ ਖੜ੍ਹੇ ਹੋਏ ਸਨ। ਮਾਲਵੇ ਵਾਲਿਆਂ ਨੂੰ ਬੰਦਾ ਸਿੰਘ ਤੱਕ ਪਹੁੰਚਣ ਵਿਚ ਕੋਈ ਮੁਸ਼ਕਿਲ ਨਹੀਂ ਆਈ ਸੀ ਪਰ ਮਾਝੇ ਅਤੇ ਦੁਆਬੇ ਦੇ ਸਿੱਖ ਜਥਿਆਂ ਨੂੰ ਦਰਿਆਵਾਂ ਦੇ ਪੱਤਣਾਂ 'ਤੇ ਰੋਕ ਲਿਆ ਗਿਆ ਸੀ। ਕੁਝ ਇਕ ਥਾਵਾਂ ਤੋਂ ਜਾਂ ਦੂਰ ਦਾ ਗੇੜ ਪਾ ਕੇ ਪਹੁੰਚੇ ਕੁਝ ਸਿੰਘਾਂ ਰਾਹੀਂ ਇਨ੍ਹਾਂ ਜਥਿਆਂ ਦਾ ਸਬੰਧ ਬੰਦਾ ਸਿੰਘ ਨਾਲ ਜੁੜਿਆ ਹੋਇਆ ਸੀ। ਬੰਦਾ ਸਿੰਘ ਦੀਆਂ ਇਨ੍ਹਾਂ ਨੂੰ ਹਦਾਇਤਾਂ ਸਨ ਕਿ ਮਾਝੇ-ਦੁਆਬੇ ਦੇ ਸਾਰੇ ਜਥੇ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਵਿਖੇ ਇਕੱਠੇ ਹੋ ਜਾਣ। ਇਕ ਤਾਂ ਇਹ ਇਲਾਕਾ ਪਹਾੜੀ ਰਿਆਸਤਾਂ ਵਿਚ ਸੀ, ਇਸ ਲਈ ਇਧਰ ਮੁਗਲ ਫੌਜ ਨੇ ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਣਾ ਸੀ, ਦੂਜਾ ਸਰਹਿੰਦ ਦੇ ਵਜ਼ੀਰ ਖਾਨ ਦਾ ਧਿਆਨ ਵੀ ਵੰਡਿਆ ਰਹਿਣਾ ਸੀ। ਬੰਦਾ ਸਿੰਘ ਦਾ ਕਹਿਣਾ ਸੀ ਕਿ ਉਹ ਜਿਉਂ ਹੀ ਸਰਹਿੰਦ ਦੇ ਨੇੜੇ ਪਹੁੰਚੇਗਾ ਤਾਂ ਇਹ ਜਥੇ ਇਕਦਮ ਹੰਭਲਾ ਮਾਰ ਕੇ ਸਤਲੁਜ ਨੂੰ ਪਾਰ ਕਰਕੇ ਉਸ ਨਾਲ ਆ ਮਿਲਣ। ਰੋਪੜ ਦੇ ਫੌਜਦਾਰ ਅਤੇ ਮਲੇਰਕੋਟਲੇ ਦੇ ਨਵਾਬ ਦੀਆਂ ਫੌਜਾਂ ਨੇ ਮਾਛੀਵਾੜਾ ਦੇ ਘਾਟ ਤੋਂ ਲੈ ਕੇ ਰੋਪੜ-ਕੀਰਤਪੁਰ ਸਾਹਿਬ ਤੱਕ ਦੇ ਸਾਰੇ ਘਾਟ ਰੋਕ ਰੱਖੇ ਸਨ।
ਜਿਉਂ ਹੀ ਬੰਦਾ ਸਿੰਘ ਬਨੂੜ ਵਿਖੇ ਪਹੁੰਚਿਆ ਤਾਂ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਵਿਖੇ ਰੁਕੇ ਵਿਸ਼ਾਲ ਖਾਲਸਾ ਦਲ ਨੇ ਇਕਦਮ ਹੱਲਾ ਕਰਕੇ ਦਰਿਆ ਨੂੰ ਪਾਰ ਕਰਨ ਲਈ ਹੰਭਲਾ ਮਾਰਿਆ। ਬੇਸ਼ੱਕ ਦੋ-ਤਿੰਨ ਦਿਨਾਂ ਤੱਕ ਇਥੇ ਲੜਾਈ ਹੁੰਦੀ ਰਹੀ ਸੀ ਪਰ ਆਖਰਕਾਰ ਖਾਲਸਾ ਦਲ ਨੇ ਦੁਸ਼ਮਣ ਫੌਜਾਂ ਨੂੰ ਹਰਾ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਮਲੇਰਕੋਟਲੇ ਦੇ ਨਵਾਬ ਦੇ ਦੋ ਭਰਾ ਇਸ ਲੜਾਈ ਵਿਚ ਮਾਰੇ ਗਏ ਸਨ। ਦੁਸ਼ਮਣ ਨੂੰ ਹਰਾ ਕੇ ਇਹ ਖਾਲਸਾ ਦਲ ਬੰਦਾ ਸਿੰਘ ਬਹਾਦਰ ਵੱਲ ਵਾਹੋ-ਦਾਹੀ ਵਧਦਾ ਆ ਰਿਹਾ ਸੀ। ਬੰਦਾ ਸਿੰਘ ਨੂੰ ਵੀ ਇਸ ਦੀ ਖਬਰ ਮਿਲ ਗਈ ਸੀ, ਇਸ ਕਰਕੇ ਉਹ ਵੀ ਬਨੂੜ ਤੋਂ ਪੂਰੀ ਤੇਜ਼ੀ ਨਾਲ ਆਪਣੇ ਲਾਓ-ਲਸ਼ਕਰ ਸਮੇਤ ਰੋਪੜ ਨੂੰ ਜਾਣ ਵਾਲੇ ਰਸਤੇ ਬਨੂੜ ਤੋਂ ਖਰੜ ਵੱਲ ਰਵਾਨਾ ਹੋ ਗਿਆ ਸੀ। ਬੰਦਾ ਸਿੰਘ ਚਾਹੁੰਦਾ ਸੀ ਕਿ ਸਰਹਿੰਦ ਉੱਪਰ ਹਮਲਾ ਕਰਨ ਤੋਂ ਪਹਿਲਾਂ ਮਾਝੇ-ਦੁਆਬੇ ਵੱਲੋਂ ਆ ਰਹੇ ਖਾਲਸਾ ਦਲ ਦਾ ਉਸ ਨਾਲ ਮਿਲਣਾ ਬਹੁਤ ਜ਼ਰੂਰੀ ਸੀ।
ਰੋਪੜ-ਕੀਰਤਪੁਰ ਸਾਹਿਬ ਦੇ ਘਾਟਾਂ 'ਤੇ ਮੁਗਲ ਫੌਜ ਦੇ ਹਾਰਨ ਦੀ ਖਬਰ ਸਰਹਿੰਦ ਵਿਖੇ ਵਜ਼ੀਰ ਖਾਨ ਨੂੰ ਵੀ ਮਿਲ ਗਈ ਸੀ। ਇਸ ਗੱਲ ਤੋਂ ਉਸ ਦਾ ਘਬਰਾ ਜਾਣਾ ਕੁਦਰਤੀ ਗੱਲ ਸੀ। ਉਸ ਨੇ ਸੋਚਿਆ ਕਿ ਘੱਟੋ-ਘੱਟ ਇਸ ਸਮੇਂ ਸਿੰਘਾਂ ਦੇ ਦੋਵਾਂ ਦਲਾਂ ਦਾ ਮਿਲਾਪ ਨਾ ਹੋਣ ਦਿੱਤਾ ਜਾਵੇ। ਬੰਦਾ ਸਿੰਘ ਤਾਂ ਪਹਿਲਾਂ ਹੀ ਸਭ ਕੁਝ ਤਬਾਹ ਕਰਦਾ ਆ ਰਿਹਾ ਸੀ। ਇਸ ਸਮੇਂ ਮਾਝੇ-ਦੁਆਬੇ ਵੱਲੋਂ ਆ ਰਹੇ ਖਾਲਸਾ ਦਲ ਦੇ ਰਲੇਵੇਂ ਨਾਲ ਤਾਂ ਉਸ ਦੀ ਸ਼ਕਤੀ ਪਹਿਲਾਂ ਨਾਲੋਂ ਵੀ ਦੁੱਗਣੀ ਹੋ ਜਾਵੇਗੀ। ਇਸ ਤੋਂ ਬਚਣ ਲਈ ਇਸ ਸਮੇਂ ਵਜ਼ੀਰ ਖਾਨ ਪਾਸ ਕੋਈ ਵੀ ਚਾਰਾ ਨਹੀਂ ਸੀ। ਅਖੀਰ ਉਹ ਇਸ ਸਕੀਮ ਅਨੁਸਾਰ ਆਪਣੀ ਫੌਜ ਅਤੇ ਅਸਲ੍ਹੇਖਾਨੇ ਨਾਲ ਸਰਹਿੰਦ ਤੋਂ ਰਵਾਨਾ ਹੋਇਆ ਕਿ ਦੋਵਾਂ ਦਲਾਂ ਦੇ ਮਿਲਣ ਵਾਲਾ ਰਾਹ ਰੋਕ ਲਿਆ ਜਾਵੇ। ਇਸ ਤਰ੍ਹਾਂ ਉਹ ਉਸੇ ਰਸਤੇ ਨੂੰ ਵਿਚੋਂ ਰੋਕਣ ਲਈ ਰਵਾਨਾ ਹੋ ਗਿਆ, ਜਿਸ ਰਸਤੇ ਰਾਹੀਂ ਬੰਦਾ ਸਿੰਘ ਅਤੇ ਖਾਲਸਾ ਦਲ ਨੇ ਇਕ-ਦੂਜੇ ਨੂੰ ਮਿਲਣਾ ਸੀ। ਦੋਵੇਂ ਦਲ ਚੱਪੜਚਿੜੀ ਦੇ ਪਿੰਡਾਂ ਦੀ ਜੂਹ ਵਿਚ ਇਕੱਠੇ ਹੋ ਗਏ।
ਚੱਪੜਚਿੜੀ ਨਾਂਅ ਦੇ ਦੋ ਪਿੰਡ ਹਨ : ਇਕ ਚੱਪੜਚਿੜੀ ਕਲਾਂ ਅਤੇ ਦੂਜਾ ਚੱਪੜਚਿੜੀ ਖੁਰਦ। ਇਹ ਦੋਵੇਂ ਪਿੰਡ ਬਨੂੜ-ਖਰੜ ਸੜਕ ਉੱਪਰ ਲਾਂਡਰਾਂ ਲੰਘ ਕੇ ਸਵਰਾਜ ਫੈਕਟਰੀ ਦੇ ਪਿਛਲੇ ਪਾਸੇ ਸਥਿਤ ਹਨ। ਇਥੋਂ ਸਰਹਿੰਦ ਸਿੱਧਾ 15-16 ਕੁ ਕਿਲੋਮੀਟਰ ਦੀ ਵਿੱਥ 'ਤੇ ਸਥਿਤ ਹੈ। ਪਹਿਲਾਂ ਚੱਪੜਚਿੜੀ ਖੁਰਦ ਆਉਂਦਾ ਹੈ, ਫਿਰ ਦੋ-ਢਾਈ ਕੁ ਕਿਲੋਮੀਟਰ ਹੋਰ ਅੱਗੇ ਜਾ ਕੇ ਚੱਪੜਚਿੜੀ ਕਲਾਂ ਆਉਂਦਾ ਹੈ। ਚੱਪੜਚਿੜੀ ਦਾ ਭਾਵ ਹੈ ਛੱਪੜ ਅਤੇ ਝਿੜੀ। ਝਿੜੀ ਦਰੱਖਤਾਂ ਦੇ ਝੁੰਡ ਨੂੰ ਕਹਿੰਦੇ ਹਨ। ਇਹ ਇਲਾਕਾ ਬੇਆਬਾਦ ਅਤੇ ਖੁਸ਼ਕ ਜੰਗਲਾਂ ਵਾਲਾ ਉੱਚਾ-ਨੀਵਾਂ ਇਲਾਕਾ ਸੀ। ਜ਼ਮੀਨ ਦੇ ਮੈਦਾਨ ਖੁੱਲ੍ਹੇ ਪਏ ਸਨ ਅਤੇ ਇਨ੍ਹਾਂ ਮੈਦਾਨਾਂ ਵਿਚ ਕਿਤੇ-ਕਿਤੇ ਛੱਪੜ ਅਤੇ ਝਿੜੀਆਂ ਸਨ। ਇਸੇ ਕਰਕੇ ਇਸ ਥਾਂ ਨੂੰ ਚੱਪੜਚਿੜੀ ਆਖਿਆ ਜਾਂਦਾ ਸੀ। ਚੱਪੜਚਿੜੀ ਪੁਆਧੀ ਬੋਲੀ ਹੋਣ ਕਰਕੇ ਛੱਪੜਝਿੜੀ ਦਾ ਹੀ ਭਾਵ ਰੱਖਦਾ ਹੈ। ਚੱਪੜਚਿੜੀ ਵਿਖੇ ਹੋਈ ਲੜਾਈ ਦਾ ਜ਼ਿਕਰ ਉਸ ਸਮੇਂ ਦੀ ਸਮਕਾਲੀ ਲਿਖਤ 'ਫਰੱਖ਼ਸੀਅਰਨਾਮਾ' ਵਿਚ ਆਉਂਦਾ ਹੈ।
ਇਸ ਇਲਾਕੇ ਵਿਚ ਦੀ ਇਕ ਨਦੀ ਵਗਦੀ ਸੀ, ਜਿਸ ਦਾ ਉਸ ਸਮੇਂ ਦਾ ਨਾਂਅ ਕਿਸੇ ਲਿਖਤ ਵਿਚੋਂ ਨਹੀਂ ਮਿਲਦਾ ਪਰ ਅੱਜਕਲ੍ਹ ਇਸ ਨਦੀ ਨੂੰ 'ਪਟਿਆਲਾ ਵਾਲੀ ਰਉ' ਕਿਹਾ ਜਾਂਦਾ ਹੈ। ਇਸ ਨਦੀ ਦੇ ਸੱਜੇ ਪਾਸੇ ਨਾਲ ਲੱਗਵਾਂ ਹੀ ਇਕ ਬਹੁਤ ਉੱਚਾ ਟਿੱਬਾ ਸੀ ਅਤੇ ਆਲੇ-ਦੁਆਲੇ ਕੁਝ ਪਾਣੀ ਵਾਲੇ ਛੱਪੜ ਵੀ ਸਨ। ਨਦੀ ਦੇ ਨਾਲ-ਨਾਲ ਹੀ ਦਰੱਖਤਾਂ ਦੀਆਂ ਸੰਘਣੀਆਂ ਝਿੜੀਆਂ ਸਨ। ਬੰਦਾ ਸਿੰਘ ਬਹਾਦਰ ਲੜਾਈ ਪੱਖੋਂ ਸਭ ਤੋਂ ਵਧੀਆ ਪਾਸਾ ਰੋਕ ਕੇ ਖੜੋ ਗਿਆ ਸੀ। ਬੰਦਾ ਸਿੰਘ ਉੱਚੇ ਟਿੱਬੇ ਉੱਪਰ ਮੋਰਚੇ ਲਾ ਕੇ ਬੈਠ ਗਿਆ ਸੀ। ਇਸ ਟਿੱਬੇ ਉਤੋਂ ਸਾਰੇ ਮੈਦਾਨ ਉੱਪਰ ਪੂਰੀ ਤਰ੍ਹਾਂ ਨਿਗ੍ਹਾ ਰੱਖੀ ਜਾ ਸਕਦੀ ਸੀ ਅਤੇ ਨਦੀ ਨੂੰ ਪਾਣੀ ਦੀ ਸਹੂਲਤ ਵਜੋਂ ਖਾਲਸਾ ਦਲਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਦਰੱਖਤਾਂ ਦੀਆਂ ਝਿੜੀਆਂ ਵਜ਼ੀਰ ਖਾਨ ਦੇ ਤੋਪਖਾਨੇ ਤੋਂ ਬਚਾਅ ਕਰਦੀਆਂ ਸਨ। ਜਿਵੇਂ ਕਿ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ ਕਿ ਬੰਦਾ ਸਿੰਘ ਪਾਸ ਸਿਰਫ ਲੋਕ-ਸ਼ਕਤੀ ਸੀ। ਇਸ ਲੋਕ-ਸ਼ਕਤੀ ਕੋਲ ਡਾਂਗਾਂ, ਬਰਛੇ, ਗੰਡਾਸੇ, ਤਲਵਾਰਾਂ ਦੇ ਹੀ ਹਥਿਆਰ ਸਨ। ਘੋੜ-ਸਵਾਰ ਵੀ ਸਨ ਅਤੇ ਬੰਦੂਕਾਂ ਵੀ ਸਨ ਪਰ ਤੋਪਖਾਨਾ ਅਤੇ ਹਾਥੀ ਨਹੀਂ ਸਨ। ਇਸ ਤੋਂ ਇਲਾਵਾ ਸਿੰਘਾਂ ਪਾਸ ਦ੍ਰਿੜ੍ਹਤਾ ਅਤੇ ਹਮਲਾ ਕਰਨ ਦੀ ਉਤਸੁਕਤਾ ਸੀ। ਸਿੰਘ ਦਲ ਪੂਰੀ ਤਰ੍ਹਾਂ ਮਰਨ-ਮਾਰਨ 'ਤੇ ਤੁਲੇ ਹੋਏ ਸਨ। ਉਨ੍ਹਾਂ ਪਾਸ ਨਫ਼ੇ-ਨੁਕਸਾਨ ਦੀ ਕੋਈ ਸੋਚ ਨਹੀਂ ਸੀ। ਇਸ ਤਰ੍ਹਾਂ ਬੰਦਾ ਸਿੰਘ ਦੇ ਸੱਜੇ ਪਾਸੇ ਭਾਈ ਬਾਜ ਸਿੰਘ ਅਤੇ ਖੱਬੇ ਪਾਸੇ ਭਾਈ ਫਤਿਹ ਸਿੰਘ ਤਾਇਨਾਤ ਸੀ। ਆਲੀ ਸਿੰਘ, ਮਾਲੀ ਸਿੰਘ, ਰਾਮ ਸਿੰਘ ਆਦਿ ਵਿਚਕਾਰ ਆਪੋ-ਆਪਣੇ ਜਥਿਆਂ ਨੂੰ ਲਈ ਖੜ੍ਹੇ ਸਨ।
ਦੂਜੇ ਪਾਸੇ ਵਜ਼ੀਰ ਖਾਨ ਆਪਣੀ ਪੂਰੀ ਸੈਨਿਕ ਤਾਕਤ ਨਾਲ ਆ ਖੜ੍ਹਿਆ ਸੀ। ਉਸ ਨੇ ਆਪਣੀ ਸੈਨਿਕ ਤਾਕਤ ਤੋਂ ਇਲਾਵਾ ਅੱਠ ਹਜ਼ਾਰ ਦੇ ਕਰੀਬ ਮੁਸਲਿਮ ਗਾਜ਼ੀ ਇਕੱਠੇ ਕਰ ਲਏ ਸਨ ਅਤੇ 20 ਹਜ਼ਾਰ ਦੇ ਕਰੀਬ ਸਭ ਕਿਸਮ ਦੀ ਉਸ ਦੀ ਆਪਣੀ ਸੈਨਾ ਸੀ। ਜਿਸ ਤਰ੍ਹਾਂ ਇਕ ਸੂਬੇਦਾਰ ਪਾਸ ਪੂਰੀ ਸੈਨਿਕ ਤਾਕਤ ਹੁੰਦੀ ਹੈ, ਉਸੇ ਤਰ੍ਹਾਂ ਵਜ਼ੀਰ ਖਾਨ ਪਾਸ ਘੋੜ-ਸਵਾਰ, ਹਾਥੀਆਂ ਦੇ ਦਸਤੇ, ਤੋਪਖਾਨਾ ਅਤੇ ਬੰਦੂਕਾਂ ਲੋੜ ਨਾਲੋਂ ਵੀ ਜ਼ਿਆਦਾ ਸਨ ਪਰ ਉਸ ਪਾਸ ਹੌਸਲੇ ਅਤੇ ਦ੍ਰਿੜ੍ਹਤਾ ਦੀ ਕਮੀ ਸੀ। ਉਸ ਦੇ ਸੱਜੇ-ਖੱਬੇ ਮਲੇਰਕੋਟਲੇ ਦਾ ਨਵਾਬ ਅਤੇ ਸੁੱਚਾ ਨੰਦ ਦੀਵਾਨ ਦੇ ਸੈਨਿਕ ਦਸਤੇ ਸਨ।
ਚੱਪੜਚਿੜੀ ਦੀ ਲੜਾਈ ਦੀ ਮਹੱਤਤਾ ਇਸ ਗੱਲੋਂ ਵੀ ਵਧ ਜਾਂਦੀ ਹੈ ਕਿ ਇਸ ਦਾ ਜ਼ਿਕਰ ਸਮਕਾਲੀ ਲਿਖਤਾਂ 'ਅਖਬਾਰ-ਏ-ਦਰਬਾਰ-ਏ ਮੁਅੱਲਾ' ਮੁਹੰਮਦ ਕਾਸਿਮ ਅਤੇ ਮਿਰਜ਼ਾ ਮੁਹੰਮਦ ਹਾਰੀਸੀ ਦੀਆਂ ਲਿਖਤਾਂ 'ਇਬਰਤਨਾਮਾ', ਮੁਹੰਮਦ ਹਾਦੀ ਕਾਮਵਰ ਖਾਨ ਦੀ ਲਿਖਤ 'ਤਜ਼ਕਿਰਾ-ਏ-ਸਲਾਤੀਨ-ਏ-ਚਗੱਤਾ' ਅਤੇ ਮੁਹੰਮਦ ਸ਼ਫ਼ੀ ਵਾਰਿਦ ਦੀ ਲਿਖਤ 'ਮੀਰਾਤ-ਏ-ਵਾਰੀਦਾਤ' ਵਿਚ ਵੀ ਆਇਆ ਹੈ। ਇਨ੍ਹਾਂ ਤੋਂ ਇਲਾਵਾ ਰਤਨ ਸਿੰਘ ਭੰਗੂ ਅਤੇ ਗਿਆਨੀ ਗਿਆਨ ਸਿੰਘ ਨੇ ਵੀ ਇਸ ਲੜਾਈ ਦਾ ਬਿਰਤਾਂਤ ਕਾਫ਼ੀ ਵਿਸਥਾਰ ਵਿਚ ਦਿੱਤਾ ਹੈ। ਜਿਥੋਂ ਤੱਕ ਇਸ ਲੜਾਈ ਦੀ ਮਿਤੀ ਦਾ ਸਵਾਲ ਹੈ, ਉਸ ਬਾਰੇ ਹਿਜਰੀ ਸੰਮਤ ਦੀ ਮਿਤੀ ਹੀ ਇਕੋ-ਇਕ ਸਹੀ ਮਿਤੀ ਹੈ। ਹਿਜ਼ਰੀ, ਸੰਮਤ 1122 ਦੀ 24 ਰੱਬੀ-ਉਲ-ਅੱਵਲ ਅਸਲ ਮਿਤੀ ਹੈ। ਇਸ ਦੀ ਬਿਕਰਮੀ ਸੰਮਤ ਅਤੇ ਈ: ਸੰਨ ਦੀ ਮਿਤੀ ਕੱਢਣ ਵਿਚ ਲਗਭਗ ਸਾਰੇ ਇਤਿਹਾਸਕਾਰਾਂ ਵਿਚ ਵਖਰੇਵਾਂ ਹੈ ਪਰ ਸਭ ਤੋਂ ਵੱਧ ਪ੍ਰਵਾਨ ਕਰਨ ਯੋਗ ਮਿਤੀ 22 ਮਈ, 1710 ਈ: ਹੀ ਹੈ। ਕਿਉਂਕਿ ਇਹ ਮਿਤੀ ਸਮਕਾਲੀ ਖਬਰਾਂ ਅਖਬਾਰ-ਏ-ਦਰਬਾਰ-ਏ-ਮੁਅੱਲਾ ਵਿਚ ਡਾ: ਗੰਡਾ ਸਿੰਘ ਵੱਲੋਂ ਅਤੇ ਵਿਲੀਅਮ ਇਰਵਿਨ ਵੱਲੋਂ ਦਿੱਤੀ ਗਈ ਹੈ। ਡਾ: ਗੰਡਾ ਸਿੰਘ ਨੇ ਆਪਣੀ ਕਿਤਾਬ ਬੰਦਾ ਸਿੰਘ ਬਹਾਦਰ (ਅੰਗਰੇਜ਼ੀ) ਦੀ ਪਹਿਲੀ ਖਾਲਸਾ ਕਾਲਜ ਵਾਲੀ ਐਡੀਸਨ ਵਿਚ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਅਤੇ ਗੁਰਦੇਵ ਸਿੰਘ ਦਿਉਲ ਵੱਲੋਂ ਵੀ ਇਹੋ ਮਿਤੀ ਦਿੱਤੀ ਗਈ ਹੈ।
ਜਿੰਨੀਆਂ ਵੀ ਲਿਖਤਾਂ ਵਿਚ ਇਸ ਲੜਾਈ ਦਾ ਵੇਰਵਾ ਮਿਲਦਾ ਹੈ, ਸਭ ਵਿਚ ਇਸੇ ਗੱਲ ਨੂੰ ਮੰਨਿਆ ਗਿਆ ਹੈ ਕਿ ਇਹ ਲੜਾਈ ਇਕੋ ਦਿਨ ਦੀ ਹੀ ਸੀ। 22 ਮਈ ਦੀ ਸਵੇਰ ਹੁੰਦਿਆਂ ਹੀ ਬੰਦਾ ਸਿੰਘ ਬਹਾਦਰ ਨੇ ਖਾਲਸਾ ਦਲਾਂ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਅਤੇ ਦੁਪਹਿਰ ਤੱਕ ਦੋਵੇਂ ਧਿਰਾਂ ਵਿਚਕਾਰ ਗਹਿਗੱਚ ਲੜਾਈ ਹੁੰਦੀ ਰਹੀ। ਇਹ ਗਹਿਗੱਚ ਲੜਾਈ ਆਖਰ ਹੱਥੋ-ਹੱਥ ਅਤੇ ਘਸੁੰਨ-ਮੁੱਕੀ ਦੀ ਨੌਬਤ ਤੱਕ ਪਹੁੰਚ ਗਈ। ਬੇਸ਼ੱਕ ਵਜ਼ੀਰ ਖਾਨ ਦੇ ਤੋਪਖਾਨੇ ਅਤੇ ਹਾਥੀਆਂ ਦੇ ਦਸਤਿਆਂ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਸੀ ਪਰ ਕਿਉਂਕਿ ਸਮੁੱਚਾ ਸਿੱਖ ਜਗਤ ਹੀ ਇਸ ਲੜਾਈ ਵਿਚ ਸ਼ਾਮਿਲ ਸੀ, ਇਸ ਲਈ ਸਿੰਘਾਂ ਦੀ ਲੜਨ-ਮਰਨ ਦੀ ਦ੍ਰਿੜ੍ਹਤਾ ਅੱਗੇ ਨਾ ਤਾਂ ਵਜ਼ੀਰ ਖਾਨ ਦਾ ਤੋਪਖਾਨਾ ਹੀ ਕੁਝ ਕਰ ਸਕਿਆ ਸੀ ਅਤੇ ਨਾ ਹੀ ਉਸ ਦੇ ਹਾਥੀਆਂ ਦੇ ਦਸਤੇ। ਸ਼ਾਮ ਹੋਣ ਤੱਕ ਖਾਲਸਾ ਦਲ ਮੁਗਲ ਫੌਜਾਂ ਨੂੰ ਦੱਬ ਕੇ ਲੈ ਗਏ। ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਅਤੇ ਭਾਈ ਫ਼ਤਿਹ ਸਿੰਘ ਨੂੰ ਨਾਲ ਲੈ ਕੇ ਵਜ਼ੀਰ ਖਾਨ ਨੂੰ ਜਾ ਘੇਰਿਆ। ਆਖਰ ਵਜ਼ੀਰ ਖਾਨ ਜ਼ਖਮੀ ਹੋਇਆ ਡਿੱਗ ਪਿਆ ਅਤੇ ਸਿੰਘਾਂ ਨੇ ਇਕਦਮ ਉਸ ਨੂੰ ਜਾ ਦਬੋਚਿਆ। ਮੁਗਲ ਸੈਨਾ ਦਾ ਜਿਧਰ ਵੀ ਮੂੰਹ ਹੋਇਆ, ਉਧਰ ਹੀ ਭੱਜ ਗਈ। ਮੈਦਾਨ ਸਿੰਘਾਂ ਦੇ ਹੱਥ ਆਇਆ। ਖਾਫ਼ੀ ਖਾਨ ਅਨੁਸਾਰ ਕੋਈ ਵੀ ਮੁਗਲ ਸਿਪਾਹੀ ਆਪਣੇ ਤਨ ਦੇ ਕੱਪੜਿਆਂ ਤੋਂ ਬਿਨਾਂ ਹੋਰ ਕੁਝ ਵੀ ਆਪਣੇ ਨਾਲ ਨਹੀਂ ਲਿਜਾ ਸਕਿਆ।
ਭਾਵੇਂ ਵਜ਼ੀਰ ਖਾਨ ਦੀ ਮੌਤ ਦੇ ਹਵਾਲੇ ਵੱਖਰੇ-ਵੱਖਰੇ ਮਿਲਦੇ ਹਨ। ਸਿੱਖ ਲੇਖਕਾਂ ਅਨੁਸਾਰ ਉਸ ਨੂੰ ਉਥੇ ਹੀ ਇਕ ਜੰਡ ਦੇ ਦਰੱਖਤ ਨਾਲ ਪੁੱਠਾ ਲਮਕਾਇਆ ਗਿਆ ਅਤੇ ਬਾਅਦ ਵਿਚ ਬਹਿੜਕਿਆਂ ਪਿੱਛੇ ਬੰਨ੍ਹ ਕੇ ਸਰਹਿੰਦ ਤੱਕ ਘੜੀਸ ਕੇ ਲਿਆਂਦਾ ਗਿਆ। ਇਸ ਤਰ੍ਹਾਂ ਉਹ ਦੁਸ਼ਟ ਮਰ ਗਿਆ। ਸਰਹਿੰਦ ਵਿਖੇ ਉਸ ਦੀ ਲਾਸ਼ ਕਾਵਾਂ-ਕੁੱਤਿਆਂ ਨੂੰ ਖਾਣ ਵਾਸਤੇ ਰੱਖ ਦਿੱਤੀ ਗਈ। ਸਤਲੁਜ ਤੋਂ ਲੈ ਕੇ ਜਮੁਨਾ ਤੱਕ ਦਾ ਅਤੇ ਸ਼ਿਵਾਲਿਕ ਪਹਾੜੀਆਂ ਤੋਂ ਲੈ ਕੇ ਰਾਜਪੁਤਾਨੇ ਤੱਕ ਦਾ ਵਿਸ਼ਾਲ ਖੇਤਰ ਸਿੰਘਾਂ ਦੇ ਕਬਜ਼ੇ ਵਿਚ ਆ ਗਿਆ ਸੀ। ਸਰਹਿੰਦ ਦੇ ਆਮ-ਖਾਸ ਬਾਗ ਵਿਚ, ਜਿਸ ਨੂੰ ਉਸ ਸਮੇਂ ਬਾਗ-ਏ-ਹਾਫਜ਼ੀ ਕਿਹਾ ਜਾਂਦਾ ਸੀ, ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਦਰਬਾਰ ਲਗਾਇਆ, ਜਿਸ ਵਿਚ ਖਾਲਸਾ ਗਣਰਾਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਅਤੇ ਸਮੁੱਚੇ ਪ੍ਰਾਂਤ ਵਿਚ ਸਿੱਖ ਅਤੇ ਹਿੰਦੂ ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।
ਮੁਹੰਮਦ ਕਾਸਿਮ ਅਤੇ ਰਤਨ ਸਿੰਘ ਭੰਗੂ ਅਨੁਸਾਰ ਭਾਈ ਬਾਜ ਸਿੰਘ ਬੱਲ ਨੂੰ ਸਰਹਿੰਦ ਦਾ ਨਾਜ਼ਿਮ (ਸੂਬੇਦਾਰ) ਨਿਯੁਕਤ ਕੀਤਾ ਗਿਆ। ਭਾਈ ਆਲੀ ਸਿੰਘ ਅਤੇ ਭਾਈ ਰਾਮ ਸਿੰਘ ਨੂੰ ਉਸ ਦੇ ਡਿਪਟੀ ਥਾਪਿਆ ਗਿਆ। ਭਾਈ ਫ਼ਤਹਿ ਸਿੰਘ ਨੂੰ ਸਮਾਣੇ ਦੀ ਸੂਬੇਦਾਰੀ ਵਿਚ ਪੱਕਿਆਂ ਕੀਤਾ ਗਿਆ। ਬਾਵਾ ਬਿਨੋਦ ਸਿੰਘ ਅਤੇ ਭਾਈ ਸ਼ਾਮ ਸਿੰਘ ਨੂੰ ਥਾਨੇਸਰ ਵਿਖੇ ਫੌਜਦਾਰਾਂ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਵਾਂ ਨੂੰ ਸਮਰਪਿਤ ਸ਼ਬਦਾਵਲੀ ਖਾਲਸਾ ਰਾਜ ਦੇ ਸਿੱਕਿਆਂ ਅਤੇ ਮੋਹਰਾਂ 'ਤੇ ਉਕਰਾਈ ਗਈ। ਐਲਾਨ ਕੀਤਾ ਗਿਆ ਕਿ ਖਾਲਸਾ ਰਾਜ ਤਹਿਤ ਆਉਣ ਵਾਲੀ ਸਮੁੱਚੀ ਜ਼ਮੀਨ ਹਲਵਾਹਕ ਕਿਸਾਨਾਂ ਦੀ ਹੋਵੇਗੀ। ਇਥੇ ਕੋਈ ਜਾਗੀਰਦਾਰ ਜਾਂ ਮਨਸਬਦਾਰ ਨਹੀਂ ਹੋਵੇਗਾ। ਯੁੱਗਾਂ ਤੋਂ ਲਿਤਾੜੀਆਂ ਆ ਰਹੀਆਂ ਛੋਟੀਆਂ ਜਾਤੀਆਂ ਦੇ ਲੋਕਾਂ ਨੂੰ ਪਿੰਡਾਂ ਦੇ ਚੌਧਰੀ ਜਾਂ ਮੁਖੀਏ ਥਾਪਿਆ ਗਿਆ। ਇਉਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਪ੍ਰਾਂਤ ਵਿਚ ਮੁਗਲ ਹਕੂਮਤ ਨੂੰ ਉਲਟਾ ਕੇ ਅਤੇ ਖਾਲਸਾ ਗਣਰਾਜ ਸਥਾਪਿਤ ਕਰਕੇ ਉਸ ਮਿਸ਼ਨ ਦੀ ਪੂਰਤੀ ਕਰ ਦਿੱਤੀ, ਜਿਸ ਮਿਸ਼ਨ ਦੀ ਪੂਰਤੀ ਲਈ ਗੁਰੂ ਨਾਨਕ ਦੇਵ ਜੀ ਨੇ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਸ ਨੂੰ ਖਾਲਸੇ ਦੀ ਸਾਜਨਾ ਨਾਲ ਬਾਕਾਇਦਾ ਨਿਸ਼ਚਿਤ ਦਿਸ਼ਾ ਦਿੱਤੀ ਗਈ ਸੀ।
ਇਸ ਤਰ੍ਹਾਂ ਗਿਆਰ੍ਹਵੀਂ ਸਦੀ ਤੋਂ ਲੈ ਕੇ 1710 ਈ: ਤੱਕ ਦੀ ਇਸ ਚੱਪੜਚਿੜੀ ਦੀ ਲੜਾਈ ਤੱਕ ਹਿੰਦੁਸਤਾਨ ਦੇ ਇਤਿਹਾਸ ਵਿਚ ਇਕ ਵੀ ਐਸੀ ਲੜਾਈ ਨਹੀਂ ਹੈ, ਜਿਸ ਵਿਚ ਹਿੰਦੁਸਤਾਨੀਆਂ ਦੀ ਫ਼ਤਹਿ ਹੋਈ ਹੋਵੇ। ਇਹ ਪਹਿਲੀ ਲੜਾਈ ਸੀ, ਜਿਸ ਵਿਚ ਪਹਿਲੀ ਵਾਰ ਹਿੰਦੁਸਤਾਨੀ ਲੋਕਾਂ ਨੇ ਵਿਦੇਸ਼ੀ ਸਾਮਰਾਜ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕੀਤਾ ਸੀ। ਇਸ ਖਾਲਸਾ ਗਣਰਾਜ ਦਾ ਮੁਖੀ ਬੰਦਾ ਸਿੰਘ ਬਹਾਦਰ ਸੀ ਅਤੇ ਚੱਪੜਚਿੜੀ ਦੀ ਲੜਾਈ ਹਿੰਦੁਸਤਾਨ ਦੀ ਸੁਤੰਤਰਤਾ ਲਈ ਲੜੀ ਗਈ ਪਹਿਲੀ ਲੜਾਈ ਸੀ।


- ਡਾ. ਸੁਖਦਿਆਲ ਸਿੰਘ