ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ ਦੀ ਰੌਸ਼ਨੀ ਵਿਚ ਕੀ ਹੈ ਸਰੀਰਕ ਆਰੋਗਤਾ ਦਾ ਸੰਕਲਪ?


ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਧੁਰ ਕੀ ਬਾਣੀ ਇਕ ਅਜਿਹੀ ਰਚਨਾ ਹੈ ਜੋ ਸ਼ਰਧਾ, ਵਿਸ਼ਵਾਸ ਅਤੇ ਤਰਕ ਦੀ ਪਰਖ ‘ਤੇ ਪੂਰਨ ਸੱਚ ਹੈ। ਆਮ ਤੌਰ ‘ਤੇ ਧਰਮ ਵਿਚ ਸ਼ਰਧਾ ਜ਼ਰੂਰੀ ਹੁੰਦੀ ਹੈ, ਜਿਸ ਦੀ ਆੜ ਵਿਚ ਉਸ ਦੀ ਸਾਰਥਿਕਤਾ ਪਰਖਣ ਲਈ ਤਰਕ ਨੂੰ ਕੋਈ ਥਾਂ ਨਹੀਂ ਦਿੱਤੀ ਜਾਂਦੀ। ਗੁਰਬਾਣੀ ਦਾ ਇਕ-ਇਕ ਸ਼ਬਦ ਅੱਜ ਵੀ ਓਨਾ ਹੀ ਸੱਚਾ ਤੇ ਇਨਸਾਨੀ ਜੀਵਨ ਵਿਚ ਰਾਹ ਦੱਸਣ ਯੋਗ ਹੈ, ਜਿੰਨਾ ਇਸ ਦੇ ਪ੍ਰਗਟ ਹੋਣ ਵੇਲੇ ਸੀ, ਕਿਉਂਕਿ ਇਹ ਜੀਵਨ ਦੇ ਹਰ ਪਹਿਲੂ ਦੇ ਕਾਰਨ ਤੇ ਨਿਵਾਰਨ ਦੱਸ ਕੇ ਗਿਆਨ ਦੇਣ ਦੀ ਬਖਸ਼ਿਸ਼ ਕਰਦੀ ਹੈ।
ਦੁਨੀਆ ਭਰ ਦੇ ਵਿਗਿਆਨੀ ਤੇ ਡਾਕਟਰ ਅੱਜ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਇਨਸਾਨ ਪਹਿਲਾਂ ਮਾਨਸਿਕ ਤੌਰ ‘ਤੇ ਰੋਗੀ ਹੁੰਦਾ ਹੈ, ਫਿਰ ਬਿਮਾਰੀ ਦੇ ਲੱਛਣ ਸਰੀਰ ‘ਤੇ ਰੋਗਾਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਇਸ ਲਈ ਪ੍ਰਾਣਾਯਾਮ, ਮੈਡੀਟੇਸ਼ਨ ਜਾਂ ਸਮਾਧੀ ਧਿਆਨ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਤੇ ਦਵਾਈਆਂ ਆਦਿ ਮਾਨਸਿਕ ਤੌਰ ‘ਤੇ ਨਿਰੋਗ ਹੋਣ ਲਈ ਦੱਸੀਆਂ ਜਾਂਦੀਆਂ ਹਨ। ਇਨ੍ਹਾਂ ਆਧੁਨਿਕ ਖੋਜਾਂ ਤੋਂ ਕਰੀਬ 500 ਸਾਲ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਮਾਰੀਆਂ ਦਾ ਕਾਰਨ ਮਾਨਸਿਕ ਰੋਗ ਬਿਆਨ ਕੀਤਾ ਹੈ। ਗੁਰੂ ਜੀ ਨੇ ਵੈਦ ਨੂੰ ਸੰਬੋਧਨ ਕਰਕੇ ਹੁਕਮ ਅੰਕਿਤ ਕੀਤਾ-
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।।
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ।।
ਹਕੀਮ ਮਰੀਜ਼ ਨੂੰ ਦਵਾਈ ਦੇਣ ਲਈ ਸੱਦਦਾ ਹੈ। ਉਸ ਦੀ ਬਾਂਹ ਫੜ ਕੇ, ਨਾੜੀ ਲੱਭ ਕੇ, ਉਸ ਦੀ ਬਿਮਾਰੀ ਲੱਭਣ ਦਾ ਯਤਨ ਕਰਦਾ ਹੈ ਪਰ ਹਕੀਮ ਇਹ ਨਹੀਂ ਜਾਣਦਾ ਕਿ ਪ੍ਰਭੂ ਤੋਂ ਵਿਛੋੜੇ ਦੀ ਪੀੜ ਇਨਸਾਨ ਦੇ ਦਿਲ ਵਿਚ ਹੋਇਆ ਕਰਦੀ ਹੈ। ਗੁਰੂ ਹੁਕਮ-
ਵੈਦਾ ਵੈਦੁ ਸੁ ਵੈਦੁ ਤੂ ਪਹਿਲਾਂ ਰੋਗੁ ਪਛਾਣੁ।।
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ।।
ਜਿਤੁ ਦਾਰੂ ਰੋਗ ਉਠਿਅਹਿ, ਤਨਿ ਸੁਖੁ ਵਸੈ ਆਇ।।
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ।।
ਵੈਦ ਨੂੰ ਉਪਦੇਸ਼ ਹੈ ਕਿ ਪਹਿਲਾਂ ਰੋਗ ਲੱਭ, ਅਜਿਹੀ ਦਵਾਈ ਵੀ ਲੱਭ, ਜਿਸ ਨਾਲ ਆਤਮਾ ਦੇ ਸਾਰੇ ਰੋਗ ਦੂਰ ਹੋ ਜਾਣ, ਜਿਸ ਨਾਲ ਸਰੀਰ ਵਿਚ ਸੁਖ ਆ ਵਸੇ। ਹੁਕਮ ਕੀਤਾ ਕਿ ਉਹ ਤਾਂ ਹੀ ਸਿਆਣਾ ਵੈਦ ਅਖਵਾਉਣ ਦਾ ਹੱਕਦਾਰ ਹੈ, ਜੇ ਉਹ ਪਹਿਲਾਂ ਆਪਣਾ ਰੋਗ ਦੂਰ ਕਰ ਲਵੇ। ਮਲਾਰ ਰਾਗ (ਅੰਗ 1256-1257) ਵਿਚ ਗੁਰੂ ਜੀ ਨੇ ਮਾਨਸਿਕ ਰੋਗ ਦੇ ਕਾਰਨ ਤੇ ਇਲਾਜ ਵਿਸਥਾਰ ਨਾਲ ਬਿਆਨ ਕਰਦੇ ਹੋਏ ਦਰਜ ਕੀਤਾ ਹੈ-
ਦੁਖੁ ਵਿਛੋੜਾ ਇਕੁ ਦੁਖੁ ਭੂਖ।।
ਇਕੁ ਦੁਖੁ ਸਕਤਵਾਰ ਜਮਦੂਤ।।
ਇਕੁ ਦੁਖੁ ਰੋਗੁ ਲਗੈ ਤਨਿ ਧਾਇ।।
ਵੈਦ ਨ ਭੋਲੇ ਦਾਰੂ ਲਾਇ।।੧।।
ਇਨਸਾਨ ਲਈ ਸਭ ਤੋਂ ਵੱਡਾ ਦੁੱਖ ਪ੍ਰਭੂ ਚਰਨਾਂ ਦੇ ਵਿਛੋੜੇ ਦਾ ਹੈ ਅਤੇ ਦੂਜਾ ਦੁੱਖ ਸੰਸਾਰਕ ਪਦਾਰਥਾਂ ਦੀ ਭੁੱਖ ਦਾ ਹੈ। ਇਸ ਤੋਂ ਇਲਾਵਾ ਇਕ ਹੋਰ ਰੋਗ ਜਮਦੂਤਾਂ ਜਾਂ ਮੌਤ ਦਾ ਡਰ ਵੀ ਹੈ। ਜਦੋਂ ਤੱਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਿਕ ਕਾਰਨ ਮੌਜੂਦ ਹਨ, ਉਦੋਂ ਤੱਕ ਵੈਦ ਵੱਲੋਂ ਸਰੀਰ ਦੀ ਤੰਦਰੁਸਤੀ ਲਈ ਦਿੱਤੀ ਅਜਿਹੀ ਕੋਈ ਦਵਾਈ ਪੂਰਨ ਲਾਭ ਅਤੇ ਸਦੀਵੀ ਮਾਨਸਿਕ ਅਤੇ ਸਰੀਰਕ ਅਰੋਗਤਾ ਨਹੀਂ ਦੇ ਸਕਦੀ।
ਦਰਦੁ ਹੋਵੈ ਦੁਖੁ ਰਹੈ ਸਰੀਰ।।
ਐਸਾ ਦਾਰੂ ਲਗੈ ਨ ਬੀਰ।।
ਵੈਦ ਨੂੰ ਦੱਸਿਆ ਹੈ ਕਿ ਉਸ ਦੀ ਸਰੀਰ ਲਈ ਦਿੱਤੀ ਦਵਾਈ ਅਸਰ ਨਹੀਂ ਕਰਦੀ, ਕਿਉਂਕਿ ਇਨਸਾਨ ਨੂੰ ਹਮੇਸ਼ਾ ਅਕਾਲ ਪੁਰਖ ਤੋਂ ਵਿਛੋੜੇ, ਮਾਇਆ ਦੀ ਭੁੱਖ ਤੇ ਮੌਤ ਦੇ ਫਰਿਸ਼ਤੇ ਦਾ ਮਾਨਸਿਕ ਡਰ ਲੱਗਾ ਰਹਿੰਦਾ ਹੈ। ਇਸ ਕਰਕੇ ਆਤਮਾ, ਡਰ ਤੇ ਲਾਲਚ ਕਾਰਨ ਵਾਰ-ਵਾਰ ਬਿਮਾਰ ਹੀ ਰਹਿੰਦੀ ਹੈ ਅਤੇ ਉਸ ਦੇ ਲੱਛਣ ਸਰੀਰ ‘ਤੇ ਬਿਮਾਰੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹੀ ਰਹਿੰਦੇ ਹਨ।
ਆਤਮਾ ਬਿਮਾਰ ਕਿਉਂ ਹੁੰਦੀ ਹੈ, ਇਸ ਦਾ ਕਾਰਨ ਹੈ-
ਖਸਮੁ ਵਿਸਾਰਿ ਕੀਏ ਰਸ ਭੋਗ।।
ਤਾਂ ਤਨਿ ਉਠਿ ਖਲੋਏ ਰੋਗ।।
ਮਨ ਅੰਧੇ ਕਉ ਮਿਲੈ ਸਜਾਇ।।
ਵੈਦ ਨ ਭੋਲੇ ਦਾਰੂ ਲਾਇ।। ੨।।
ਜਦੋਂ ਇਨਸਾਨ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਤੇ ਵਿਸਿਆਂ ਦੇ ਰਸ ਭੋਗਣੇ ਸ਼ੁਰੂ ਕਰ ਦਿੰਦਾ ਹੈ ਤਾਂ ਸਰੀਰ ਵਿਚ ਰੋਗ ਦੇ ਲੱਛਣ ਪ੍ਰਗਟ ਹੋ ਜਾਂਦੇ ਹਨ। ਕੁਰਾਹੇ ਪਏ ਇਨਸਾਨ ਨੂੰ ਸਹੀ ਰਸਤੇ ‘ਤੇ ਲਿਆਉਣ ਲਈ ਮਾਇਆ ਵਿਚ ਅੰਨ੍ਹੇ ਹੋਏ ਮਨ ਨੂੰ ਸਜ਼ਾ ਮਿਲਦੀ ਹੈ ਅਤੇ ਮਾਨਸਿਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ ਜਾਂਦੀ ਦਵਾਈ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਸੱਚ ਹੈ ਕਿ-
ਚੰਦਨ ਕਾ ਫਲੁ ਚੰਦਨ ਵਾਸੁ।।
ਮਾਣਸ ਕਾ ਫਲੁ ਘਟ ਮਹਿ ਸਾਸੁ।।
ਸਾਸਿ ਗਇਐ ਕਾਇਆ ਢਲਿ ਪਾਇ।।
ਤਾ ਕੈ ਪਾਛੈ ਕੋਇ ਨ ਖਾਇ।।੩।।
ਜਿਸ ਤਰ੍ਹਾਂ ਚੰਦਨ ਦੀ ਲੱਕੜ ਦੀ ਸੁਗੰਧਤਾ ਹੀ ਉਸ ਦੇ ਚੰਦਨ ਹੋਣ ਦੀ ਪਹਿਚਾਣ ਹੈ। ਜੇਕਰ ਉਸ ਵਿਚ ਚੰਦਨ ਦੀ ਖੁਸ਼ਬੋ ਖ਼ਤਮ ਹੋ ਜਾਵੇ ਤਾਂ ਆਮ ਲੱਕੜੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਨਸਾਨ ਦਾ ਜੀਵਨ ਸਾਹ ਨਾਲ ਚਲਦਾ ਹੈ। ਜਦੋਂ ਸਾਹ ਆਉਣੇ ਖ਼ਤਮ ਹੋ ਜਾਣ ਤਾਂ ਇਹ ਮਿੱਟੀ ਦੀ ਢੇਰੀ ਦੀ ਤਰ੍ਹਾਂ ਡਿੱਗ ਪੈਂਦਾ ਹੈ ਅਤੇ ਫਿਰ ਕੁਝ ਵੀ ਨਹੀਂ ਖਾ ਸਕਦਾ। ਵੈਦ ਡਾਕਟਰ ਦੀ ਦਵਾਈ ਵੀ ਨਹੀਂ। ਫਿਰ ਤਾਂ ਦਵਾਈ ਦੀ ਅਸਲ ਲੋੜ ਜੀਵ ਆਤਮਾ ਨੂੰ ਹੈ।
ਕੰਚਨ ਕਾਇਆ ਨਿਰਮਲ ਹੰਸੁ।।
ਜਿਸੁ ਮਹਿ ਨਾਮੁ ਨਿਰੰਜਨ ਅੰਸੁ।।
ਦੂਖ ਰੋਗ ਸਭਿ ਗਇਆ ਗਵਾਇ।।
ਨਾਨਕ ਛੂਟਸਿ ਸਾਚੈ ਨਾਇ।।੪।।
ਜਿਸ ਸਰੀਰ ਵਿਚ ਪ੍ਰਮਾਤਮਾ ਦਾ ਨਾਮ ਵਸਦਾ ਹੈ, ਪ੍ਰਮਾਤਮਾ ਦੀ ਜੋਤਿ ਹੈ, ਉਹ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ, ਉਸ ਵਿਚ ਵਸਦੀ ਜੀਵ ਆਤਮਾ ਵੀ ਨਰੋਈ ਰਹਿੰਦੀ ਹੈ। ਉਹ ਜੀਵ ਆਤਮਾ ਆਪਣੇ ਸਾਰੇ ਰੋਗ ਦੂਰ ਕਰਕੇ ਇਥੋਂ ਜਾਂਦੀ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਮੁਕਤੀ ਹਾਸਲ ਕਰੇਗਾ।
ਸਰੀਰ ਅਤੇ ਆਤਮਾ ਕਿਵੇਂ ਨਿਰਮਲ ਹੁੰਦੀ ਹੈ? ਮਾਹਿਰ ਡਾਕਟਰ ਮਾਨਸਿਕ ਬਿਮਾਰੀ ਦੇ ਕਾਰਨ ਲੱਭਦੇ ਫਿਰਦੇ ਹਨ। ਡਿਪਰੈਸ਼ਨ ਤੋਂ ਸੰਸਾਰ ਦੇ ਬਹੁਤ ਸਾਰੇ ਲੋਕ ਪੀੜਤ ਹਨ। ਇਸ ਦੇ ਇਲਾਜ ਲਈ ਡਾਕਟਰਾਂ ਕੋਲ ਨੀਂਦ ਲਿਆਉਣ ਵਾਲੀਆਂ ਜਾਂ ਘਟਾਉਣ ਵਾਲੀਆਂ ਦਵਾਈਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜੀਵਨ ਦੀ ਸਚਾਈ ਨੂੰ ਸਮਝਣ, ਆਪਣੀ ਵਿਚਾਰਧਾਰਾ ਤੇ ਜੀਵਨ ਵਿਚ ਤਬਦੀਲੀ ਲਿਆਉਣ ਬਾਰੇ ਡਾਕਟਰਾਂ ਕੋਲ ਮਾਨਸਿਕ ਤੇ ਸਰੀਰਕ ਮਜ਼ਬੂਤੀ ਲਈ ਨੁਸਖਾ ਨਹੀਂ ਹੈ।
ਗੁਰੂ ਨਾਨਕ ਦੇਵ ਜੀ ਨੇ ਮਾਨਸਿਕ ਬਿਮਾਰੀਆਂ ਦੇ ਕੇਵਲ ਕਾਰਨ ਹੀ ਦਰਜ ਨਹੀਂ ਕੀਤੇ, ਇਸ ਦੇ ਨਿਵਾਰਨ ਲਈ ਦਵਾਈ ਦਾ ਨੁਸਖਾ ਵੀ ਦਰਜ ਕੀਤਾ ਹੈ-
ਦੁਖ ਮਹੁਰਾ ਮਾਰਣ ਹਰਿ ਨਾਮੁ।।
ਸਿਲਾ ਸੰਤੋਖ ਪੀਸਣੁ ਹਥਿ ਦਾਨੁ।।
ਨਿਤ ਨਿਤ ਲੇਹੁ ਨ ਛੀਜੈ ਦੇਹ।।
ਅੰਤ ਕਾਲਿ ਜਮੁ ਮਾਰੈ ਠੇਹ।।੧।।
ਭਾਵ ਦੁਖ ਸੰਖੀਆ ਮੌਹਰਾ ਜ਼ਹਿਰ ਸਮਾਨ ਹਨ। ਜਿਸ ਦਾ ਜ਼ਹਿਰ ਇਨਸਾਨ ਦੇ ਜੀਵਨ ਨੂੰ ਖ਼ਤਮ ਕਰਨ ਲਈ ਕਾਫੀ ਹੁੰਦਾ ਹੈ ਪਰ ਜੇਕਰ ਇਸ ਜ਼ਹਿਰ ਦਾ ਕੁਸਤਾ ਕੀਤਾ ਜਾਵੇ ਤਾਂ ਇਹ ਦਵਾਈ ਦਾ ਰੂਪ ਬਣ ਜਾਂਦਾ ਹੈ। ਇਸ ਕੁਸਤੇ ਵਿਚ ਸੰਸਾਰਕ ਦੁੱਖ ਮੋਹਰੇ ਨਾਲ ਹਰੀ ਨਾਮ ਦੀ ਬੂਟੀ ਪਾਈ ਜਾਵੇ ਅਤੇ ਇਸ ਨੂੰ ਸੰਤੋਖ ਦੀ ਸਿਲ ‘ਤੇ ਰੱਖ ਕੇ ਦਾਨ ਦੇ ਵੱਟੇ ਨਾਲ ਰਗੜਿਆ ਜਾਵੇ ਤਾਂ ਤਿਆਰ ਹੋਏ ਦਾਰੂ ਜਾਂ ਕੁਸ਼ਤੇ ਨੂੰ ਜੇਕਰ ਰੋਜ਼ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਰੀਰ ਰੋਗੀ ਨਹੀਂ ਹੁੰਦਾ ਤੇ ਅੰਤ ਵੇਲੇ ਜਮ ਵੀ ਖਵਾਰ ਨਹੀਂ ਕਰਦੇ। ਸਿਮਰਨ, ਸੰਤੋਖ ਤੇ ਦਾਨ ਦੇ ਦਾਰੂ ਦੇ ਇਸਤੇਮਾਲ ਕਰਨ ਨਾਲ ਸਰੀਰ ਤੇ ਆਤਮਾ ਦੋਵੇਂ ਨਿਰੋਗ ਹੋ ਜਾਂਦੇ ਹਨ।
ਐਸਾ ਦਾਰੂ ਖਾਹਿ ਗਵਾਰ।।
ਜਿਤੁ ਖਾਧੈ ਤੇਰੇ ਜਾਹਿ ਵਿਕਾਰ।।
ਇਨਸਾਨ ਨੂੰ ਐਸੀ ਦਵਾ ਖਾਣ ਲਈ ਕਿਹਾ ਹੈ, ਜਿਸ ਨਾਲ ਉਸ ਦੇ ਸੰਪੂਰਨ ਵਿਕਾਰ ਦੂਰ ਹੋ ਜਾਣ। ਗੁਰੂ ਹੁਕਮ ਹੈ-
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ।।
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ।।੧।।
ਅੱਗੇ ਦਰਜ ਹੈ-
ਰਾਜੁ ਮਾਲੁ ਜੋਬਨੁ ਸਭੁ ਛਾਂਵ।।
ਰਥਿ ਫਿਰੰਦੈ ਦੀਸਹਿ ਥਾਵ।।
ਦੇਹ ਨ ਨਾਉ ਨ ਹੋਵੈ ਜਾਤਿ।।
ਓਥੈ ਦਿਹੁ ਐਥੈ ਸਭਿ ਰਾਤਿ।।
ਰਾਜ ਮਹੱਲ ਤੇ ਜੋਬਨ ਦੇ ਸੁਖ ਕੇਵਲ ਇਕ ਪ੍ਰਛਾਵੇਂ ਮਾਤਰ ਹੀ ਹਨ, ਜਿਨ੍ਹਾਂ ਦਾ ਮਾਣ ਇਸੇ ਹੀ ਸੰਸਾਰ ਵਿਚ ਹੈ। ਅਕਾਲ ਪੁਰਖ ਦੇ ਦਰਬਾਰ ਵਿਚ ਨਾ ਜਾਤ ਹੈ ਅਤੇ ਨਾ ਉੱਚਾ ਨਾਂਅ ਹੈ। ਉਥੇ ਤਾਂ ਕੇਵਲ ਚਾਨਣ ਹੀ ਹੈ। ਇਸ ਦੁਨੀਆ ਵਿਚ ਕੇਵਲ ਹਨੇਰਾ ਹੈ। ਇਸ ਦਵਾਈ ਦੇ ਕੁਸ਼ਤੇ ਨਾਲ ਜੇਕਰ ਇਕ ਯੱਗ ਵੀ ਕੀਤਾ ਜਾਵੇ ਤਾਂ ਫਿਰ ਇਨਸਾਨ ਦੁਨੀਆ ਵਿਚ ਸਤਿਕਾਰਯੋਗ ਹੋ ਜਾਂਦਾ ਹੈ।
ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ।।
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ।।
ਹੋਮ ਜਗ ਅਰੁ ਪਾਠ ਪੁਰਾਣ।।
ਜੋ ਤਿਸੁ ਭਾਵੈ ਸੋ ਪਰਵਾਣ।।
ਜੀਭ ਦੇ ਸਵਾਦ ਨੂੰ ਹਵਨ ਯੱਗ ਦੀਆਂ ਲੱਕੜੀਆਂ ਤੇ ਮਾਨਸਿਕ ਲਾਲਸਾ ਨੂੰ ਹਵਨ ਦਾ ਤੇਲ ਬਣਾਓ। ਕਾਮ ਤੇ ਕ੍ਰੋਧ ਨੂੰ ਯੱਗ ਦੀ ਅਗਨੀ ਵਿਚ ਪਾ ਦਿਓ। ਇਸ ਤਰ੍ਹਾਂ ਸਵਾਦਾਂ, ਤ੍ਰਿਸ਼ਨਾਵਾਂ, ਕਾਮ, ਕ੍ਰੋਧ ਨੂੰ ਸਾੜ ਕੇ ਕੀਤਾ ਹੋਇਆ ਹੋਮ ਯੱਗ ਅਕਾਲ ਪੁਰਖ ਨੂੰ ਜੇ ਭਾਵੇ ਤਾਂ ਪ੍ਰਵਾਨ ਹੋ ਜਾਵੇਗਾ-
ਤਪੁ ਕਾਗਦੁ ਤੇਰਾ ਨਾਮੁ ਨੀਸਾਨੁ।।
ਜਿਨ ਕਉ ਲਿਖਿਆ ਏਹੁ ਨਿਧਾਨੁ।।
ਸੇ ਧਨਵੰਤ ਦਿਸਹਿ ਘਰਿ ਜਾਇ।।
ਨਾਨਕ ਜਨਨੀ ਧੰਨੀ ਮਾਇ।।
ਅਕਾਲ ਪੁਰਖ ਦੇ ਘਰ ਸਤਿਕਾਰ ਦਾ ਪ੍ਰਵਾਨਾ, ਭਗਤੀ ਰੂਪੀ ਕਾਗਜ਼ ਤੇ ਸਿਮਰਨ ਰੂਪੀ ਨਾਮ ਦੇ ਨਿਸ਼ਾਨ ਨਾਲ ਲਿਖਿਆ ਜਾਂਦਾ ਹੈ ਪਰ ਇਹ ਭਗਤੀ ਕੇਵਲ ਉਹ ਇਨਸਾਨ ਹੀ ਕਰ ਸਕਦੇ ਹਨ, ਜਿਨ੍ਹਾਂ ਦੇ ਲੇਖ ਵਿਚ ਵਾਹਿਗੁਰੂ ਨੇ ਧੁਰੋਂ ਹੀ ਲਿਖਿਆ ਹੋਵੇ। ਜੋ ਇਨਸਾਨ ਗੁਰੂ ਨਾਨਕ ਦੀ ਬਣਾਈ ਜੀਵਨ ਜਾਚ ‘ਤੇ ਚਲਦੇ ਹਨ, ਉਹ ਵੀ ਧੰਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਧੰਨ ਹੋ ਜਾਂਦੇ ਹਨ।
ਸਰੀਰਕ ਤੇ ਮਾਨਸਿਕ ਅਰੋਗਤਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੁੱਖਾਂ ਦੇ ਪ੍ਰੀਖਣ ਤੋਂ ਬਾਅਦ ਦੱਸੇ ਹੋਏ ਕਾਰਨ ਤੇ ਉਨ੍ਹਾਂ ਦੇ ਨਿਵਾਰਣ ਲਈ ਦੱਸਿਆ ਔਸ਼ਧ/ਨੁਸਖੇ ਨੂੰ ਜੀਵਨ ਵਿਚ ਇਸਤੇਮਾਲ ਕਰਨ, ਜੀਵਨ ਜਿਊਣ ਦਾ ਢੰਗ ਤੇ ਸੋਚ ਬਦਲ ਕੇ, ਹਰ ਇਨਸਾਨ ਅੱਜ ਵੀ ਆਪਣੇ ਜੀਵਨ ਨੂੰ ਨਿਰੋਗ ਤੇ ਆਨੰਦਮਈ ਬਣਾ ਸਕਦਾ ਹੈ।