ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖੀ ਨਾਲ ਡੂੰਘਾ ਲਗਾਅ ਸੀ ਸੰਤ ਰਾਮ ਉਦਾਸੀ ਦਾ


ਕਿਰਤੀ ਲੋਕਾਂ ਦੇ ਦਰਦ ਵਿਚ ਧੁਰ ਵਜੂਦ ਤੱਕ ਪਿਘਲ ਜਾਣ ਵਾਲੇ, ਬੋਹਲਾਂ ਦੇ ਵਿਚਾਲੇ ਭੁੱਖੇ ਸੁੱਤੇ ਕਾਮਿਆਂ ਦੀ ਭੁੱਖ ਅਨੁਭਵ ਕਰਕੇ, ਕਲਵਲ ਹੋਣ ਵਾਲੇ, ਇਨਕਲਾਬ ਦੇ ਸੂਰਜ ਨੂੰ ਸਦਾ ਕੰਮੀਆਂ ਦੇ ਵਿਹੜੇ ਵਿਚ ਮਘਣ ਦੀ ਜੋਦੜੀ ਕਰਨ ਵਾਲੇ, ਸਿੱਖ ਇਤਿਹਾਸ, ਸਿੱਖ ਵਿਰਸੇ ਨੂੰ ਮੁੜ ਸੁਰਜੀਤ ਕਰਨ ਵਾਲੇ, ਗੁਰੂ ਸਾਹਿਬਾਨ ਜੀ ਦੇ ਚਰਨਾਂ ਵਿਚ ਹਮੇਸ਼ਾਂ ਪ੍ਰੀਤ ਰੱਖਣ ਵਾਲੇ ਮਹਾਨ ਸ਼ਾਇਰ, ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏਸਰ (ਨੇੜੇ ਬਰਨਾਲਾ) ਵਿਖੇ ਇੱਕ ਗਰੀਬ ਦਲਿਤ ਪ੍ਰਵਾਰ ਦੇ ਘਰ ਹੋਇਆ ਸੀ। ਮੈਨੂੰ ਇਹ ਗੱਲ ਦਾ ਫ਼ਖਰ ਹੈ ਕਿ ਅਜਿਹੇ ਮਹਾਨ ਇਨਸਾਨ ਮੇਰੇ ਪਾਪਾ ਜੀ ਸਨ ਤੇ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਉਹਨਾਂ ਦੀ ਧੀ ਹਾਂ।

ਪਾਪਾ ਜੀ ਪੰਜਾਬ ਵਿਚ ਚੱਲੀ ਨਕਸਲਬਾੜੀ ਲਹਿਰ ਦੇ ਪ੍ਰਮੁੱਖ ਕਵੀਆਂ ਵਿਚੋਂ ਹਨ। ਉਹਨਾਂ ਨੇ ਸਿਰਫ਼ ਲਿਖਕੇ ਜਾਂ ਗੀਤ ਗਾਕੇ ਹੀ ਇਸ ਲਹਿਰ ਦੀ ਹਮਦਰਦੀ ਨਹੀਂ ਕੀਤੀ ਸੀ, ਉਹ ਤਨੋ, ਮਨੋ ਇਸ ਲਹਿਰ ਵਿਚ ਸ਼ਾਮਲ ਹੋਏ ਸਨ ਤਾਂ ਕਿ ਉਹਨਾਂ ਦੇ ਕਿਰਤੀ ਲੋਕਾਂ ਦੀ ਇਸ ਲੋਟੂ ਨਿਜ਼ਾਮ ਤੋਂ ਮੁਕਤੀ ਹੋ ਸਕੇ। ਉਹਨਾਂ ਨੇ ਆਪਣੇ ਪਿੰਡੇ 'ਤੇ Àਹ ਅਕਹਿ ਤੇ ਅਸਹਿ ਜਬਰ ਝੱਲਕੇ ਦੇਖਿਆ ਸੀ, ਜੋ ਉਹਨਾਂ ਦੇ ਸ਼ਹੀਦ ਹੋਣ ਵਾਲੇ ਸਾਥੀਆਂ ਨੇ ਝੱਲਿਆ ਸੀ। ਪਾਪਾ ਜੀ ਇਕਹਿਰੇ ਬਦਨ ਦੇ ਇਨਸਾਨ ਸਨ, ਪਾਪਾ ਜੀ ਦੇ ਇਸ ਨਾਜ਼ੁਕ ਸਰੀਰ ਨੇ ਐਨਾ ਤਸ਼ੱਦਦ ਕਿਵੇਂ ਝੱਲਿਆ ਹੋਵੇਗਾ। ਇਹ ਕਲਪਨਾ ਕਰਕੇ ਮੇਰੀ ਰੂਹ ਕੰਬ ਜਾਂਦੀ ਹੈ। ਪਰ ਇਹ ਸਾਰਾ ਕੁਝ ਉਹਨਾਂ ਨੇ ਇਸ ਕਰਕੇ ਝੱਲਿਆ ਸੀ ਕਿਉਂਕਿ ਉਹ ਸਿੱਖ ਵਿਰਸੇ ਨਾਲ ਧੁਰ ਰੂਹ ਤੱਕ ਜੁੜੇ ਹੋਏ ਸਨ। ਉਹਨਾਂ ਦਾ ਪ੍ਰੇਰਨਾ ਸਰੋਤ ਸਿੱਖ ਇਤਿਹਾਸ ਸੀ, ਉਹਨਾਂ ਦੇ ਪ੍ਰੇਰਨਾ ਸਰੋਤ, ਆਰਿਆਂ ਨਾਲ ਚੀਰੇ ਜਾਂਦੇ, ਰੰਬੀਆਂ ਨਾਲ ਖੋਪੜੀਆਂ ਲੁਹਾਉਂਦੇ, ਤੱਤੀਆਂ ਤਵੀਆਂ ਉਪਰ ਬੈਠੇ, ਦੇਗਾਂ ਵਿਚ ਉਬਲਦੇ ਸਿੰਘ ਸ਼ਹੀਦ ਸਨ। ਉਹ ਤਨੋ-ਮਨੋ ਸਿੱਖ ਸਨ, ਉਹਨਾਂ ਨੇ ਸਾਰੀ ਉਮਰ ਹੋਰ ਕਾਮਰੇਡਾਂ ਵਾਂਗ ਕਦੇ ਕੇਸਾਂ ਨੂੰ ਕੈਂਚੀ ਨਹੀਂ ਲਗਵਾÂਂੀ ਤੇ ਨਾ ਹੀ ਕਦੇ ਤੰਬਾਕੂ ਦੀ ਵਰਤੋਂ ਕੀਤੀ ਸੀ ਅਤੇ ਨਾ ਹੀ ਉਹ ਤੰਬਾਕੂ ਵਰਤਣ ਵਾਲੇ ਕੋਲ ਬੈਠ ਸਕਦੇ ਸਨ।

ਮੇਰੇ ਪਾਪਾ ਲੋਕ ਕਵੀ ਉਦਾਸੀ ਜੀ ਨੇ ਆਪਣੀ ਸ਼ਾਇਰੀ ਦਾ ਸਫ਼ਰ ਹੀ ਸਿੱਖ ਇਤਿਹਾਸ ਨਾਲ ਸਬੰਧਤ ਧਾਰਮਿਕ ਗੀਤ ਲਿਖਣ ਨਾਲ ਸ਼ੁਰੂ ਕੀਤਾ ਸੀ। ਜਦਕਿ ਬਹੁਤੇ ਕਵੀ ਆਪਣੀ ਸ਼ਾਇਰੀ ਦੀ ਸ਼ੁਰੂਆਤ ਇਸ਼ਕ-ਮੁਸ਼ਕ ਦੇ ਰੁਮਾਂਟਿਕ ਗੀਤ ਲਿਖਣ ਤੋਂ ਕਰਦੇ ਹਨ। ਉਹਨਾਂ ਨੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਬੰਧੀ ਲਿਖਿਆ ਸੀ :

''ਅੱਜ ਕਿਹੀ ਦਿਹਾੜੀ ਆਈ ਏ
ਜ਼ੁਲਮਾਂ ਨੇ ਜਾਨ ਕੰਬਾਈ ਏ
ਆਹ ਵਰ੍ਹਦੇ ਨੇ ਅੰਗਿਆਰ ਪਏ।
ਹਰ ਪਾਸਿਓਂ ਹਾਹਾਕਾਰ ਪਏ।
ਘੁੱਗੀਆਂ ਨੇ ਜੀਭਾਂ ਨੇ ਕੱਢੀਆਂ ਨੇ,
ਸੂਰਜ ਨੇ ਲਾਟਾਂ ਛੱਡੀਆਂ ਨੇ
ਜ਼ਾਲਮ ਨੇ ਤਵੀ ਤਪਾਈ ਏ।''
''ਕਿਉਂ ਫੜੀ 'ਉਦਾਸੀ' ਬੱਚੀਏ ਜੀ
ਜੇ ਦੇਸ਼ ਕੌਮ ਤੋਂ ਮੱਚੀਏ ਜੀ
ਤਾਂ ਅਮਰ ਸ਼ਹੀਦ ਕਹਾਵਾਂਗਾ
ਬੰਧਨ ਸਭ ਤੋੜ ਵਖਾਵਾਂਗਾ।''

ਪਾਪਾ ਜੀ ਭਾਵੇਂ ਧਾਰਮਿਕ ਗੀਤ ਹੀ ਲਿਖਦੇ ਸਨ ਪਰ ਉਹਨਾਂ ਦੇ ਧਾਰਮਿਕ ਗੀਤ ਆਮ ਢਾਡੀਆਂ ਜਾਂ ਕਵੀਸ਼ਰਾਂ ਤੋਂ ਵੱਖਰੇ ਹੁੰਦੇ ਸਨ। ਉਹਨਾਂ ਦੇ ਗੀਤਾਂ ਵਿਚ ਇੱਕ ਸੁਨੇਹਾ ਹੁੰਦਾ ਸੀ। ਉਹਨਾਂ ਦੇ ਇੱਕ ਗੀਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਨੇਹਾ ਇੰਝ ਰੂਪਮਾਨ ਹੁੰਦਾ ਹੈ :

''ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ
ਇਹਨਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ।
ਮੈਂ ਨਾਈਆਂ, ਛੀਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।''

ਪਰ ਜਦ ਉਹ ਨਕਸਲਬਾੜੀ ਲਹਿਰ ਵਿਚ ਸ਼ਾਮਲ ਹੋ ਗਏ ਤਾਂ ਵੀ ਉਹਨਾਂ ਨੇ ਜੋ ਗੀਤ ਲਿਖੇ ਉਹ ਸਿੱਖ ਸਪਿਰਟ ਤੋਂ ਪ੍ਰੇਰਿਤ ਸਨ। ਉਹਨਾਂ ਨੇ ਸਮਝਿਆ ਸੀ ਕਿ ਨਕਸਲਬਾੜੀ ਲਹਿਰ ਮੁੜ ਸਿੱਖੀ ਦੀ ਲਹਿਰ ਹੀ ਸੁਰਜੀਤ ਹੋ ਗਈ ਹੈ। ਜਿਵੇਂ ਮੀਰ ਮੰਨੂ ਦੇ ਜ਼ੁਲਮਾਂ ਮੌਕੇ ਸਿੰਘ ਆਖਦੇ ਹੁੰਦੇ ਸਨ ਕਿ ''ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।'' ਉਸੇ ਤਰ੍ਹਾਂ ਹੀ ਪਾਪਾ ਜੀ ਨੇ ਸਮੇਂ ਦੀ ਸਰਕਾਰ ਨੂੰ ਲਲਕਾਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਰੋਸਾ ਦਿਵਾਇਆ ਸੀ :

''ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ
ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾ।''

ਪਾਪਾ ਜੀ ਗੁਰੂ ਸਾਹਿਬ ਜੀ ਨੂੰ ਇਹ ਭਰੋਸਾ ਵੀ ਦਿਵਾਉਂਦੇ ਹਨ ਕਿ ਜੋ ਸਾਡੀ ਲਹਿਰ ਹੈ, ਇਹ ਉਹ ਕੰਮ ਵੀ ਕਰੇਗੀ ਜੋ ਤੁਸੀਂ ਅਧੂਰੇ ਛੱਡ ਗਏ ਹੋ। ਜਿਵੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਸਰਸਾ ਨਦੀ 'ਤੇ ਗੁਰੂ ਸਾਹਿਬ ਜੀ ਦਾ ਜਿਥੇ ਪ੍ਰਵਾਰ ਨਾਲ ਵਿਛੋੜਾ ਪੈ ਗਿਆ ਸੀ, ਉਥੇ ਉਹਨਾਂ ਦਾ ਅਤੇ ਉਹਨਾਂ ਦੇ ਕਵੀਆਂ ਦਾ ਰਚਿਆ ਸਾਹਿਤ ਵੀ ਸਰਸਾ ਨਦੀ ਵਿਚ ਰੁੜ੍ਹ ਗਿਆ ਸੀ। ਪਰ ਪਾਪਾ ਜੀ ਨੂੰ ਐਨਾ ਭਰੋਸਾ ਹੈ ਕਿ ਗੁਰੂ ਸਾਹਿਬ ਜੀ ਦਾ ਗੁਆਚਿਆ ਖਜ਼ਾਨਾ ਵੀ ਉਹ ਹਾਸਲ ਕਰ ਲੈਣਗੇ :

''ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ
ਕਿਵੇਂ ਤਰਨ ਜੁਝਾਰ ਅਜੀਤ ਤੇਰੇ
ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।''

ਕਈ ਆਲੋਚਕ ਆਖਦੇ ਹਨ ਕਿ 1980 ਤੋਂ ਬਾਅਦ ਪਾਪਾ ਜੀ ਦੀ ਸ਼ਾਇਰੀ ਵਿਚ ਖੜੋਤ ਆ ਗਈ ਸੀ, ਮੈਂ ਸਮਝਦੀ ਹਾਂ ਕਿ ਇਹ ਖੜੋਤ ਆਉਣੀ ਸੁਭਾਵਿਕ ਸੀ ਕਿਉਂਕਿ ਉਹਨਾਂ ਨੇ ਨਕਸਲਬਾੜੀ ਲਹਿਰ ਨੂੰ ਸਿੱਖ ਲਹਿਰ ਦਾ ਰੂਪ ਹੀ ਸਮਝਿਆ ਪਰ ਜਦ ਇਹ ਲਹਿਰ ਹੀ ਖ਼ਤਮ ਹੋ ਗਈ ਤੇ ਬਾਕੀ ਗਰੁੱਪਾਂ ਵਿਚ ਵੰਡੀ ਗਈ ਲਹਿਰ ਜਦ ਸਿੱਖੀ ਤੋਂ ਦੂਰ ਹੋ ਗਈ ਤਾਂ ਪਾਪਾ ਜੀ ਇਸ ਲਹਿਰ ਬਾਰੇ ਕੀ ਲਿਖ ਸਕਦੇ ਸਨ? ਜਿਵੇਂ ਅੰਕਲ ਜਸਵੰਤ ਸਿੰਘ ਕੰਵਲ ਨੇ 'ਲਹੂ ਦੀ ਲੋਅ' ਨਾਵਲ ਲਿਖਿਆ ਹੈ, ਉਹ ਵੀ ਉਹਨਾਂ ਨੇ ਨਕਸਲਬਾੜੀ ਸੂਰਮਿਆਂ ਅਤੇ ਸ਼ਹੀਦਾਂ ਬਾਰੇ ਹੀ ਲਿਖਿਆ ਹੈ ਜੋ ਸਿੱਖੀ ਦੇ ਕੁਰਬਾਨੀ ਵਾਲੇ ਰਾਹ 'ਤੇ ਤੁਰੇ ਸਨ, ਬਾਦ ਵਿਚ ਝੋਲੇ ਮਾਰਕਾ ਕਾਮਰੇਡਾਂ ਬਾਰੇ 'ਲਹੂ ਦੀ ਲੋਅ' ਥੋੜੋ ਲਿਖਿਆ ਜਾ ਸਕਦਾ ਸੀ?

ਪਾਪਾ ਜੀ ਜਿੰਨਾ ਪਿਆਰ ਆਪਣੇ ਕਿਰਤੀ ਲੋਕਾਂ ਨੂੰ ਕਰਦੇ ਸਨ ਉਹਨਾਂ ਹੀ ਪਿਆਰ ਪੰਜਾਬ ਅਤੇ ਪੰਥ ਨੂੰ ਕਰਦੇ ਸਨ। ਜਦ ਸ੍ਰੋਮਣੀ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਤਾਂ ਪਾਪਾ ਜੀ ਨੇ ਇਸ ਮੋਰਚੇ ਦੀ ਪੂਰੀ ਹਿਮਾਇਤ ਕੀਤੀ ਸੀ ਕਿਉਂਕਿ ਇਹ ਸਮਝਦੇ ਸਨ ਕਿ ਇਹ ਮੋਰਚਾ ਪੂਰੀ ਤਰ੍ਹਾਂ ਪੰਜਾਬ ਪੱਖੀ ਹੈ। ਜਦ ਸਾਡੇ ਪਿੰਡ ਰਾਏਸਰ 'ਚੋਂ ਪਾਪਾ ਜੀ ਦੇ ਨੇੜਲੇ ਮਿੱਤਰ, ਪੁਰਾਣੇ ਨਕਸਲੀ ਤੋਂ ਜਥੇਦਾਰ ਬਣ ਚੁੱਕੇ ਚਾਚਾ ਹਰਜੀਤ ਸਿੰਘ ਜੀ ਦੇ ਮਾਤਾ ਬੇਰੇ ਗੁਰਨਾਮ ਕੌਰ ਜੀ ਜੱਥਾ ਲੈ ਕੇ ਮੋਰਚੇ ਵਿਚ ਗ੍ਰਿਫਤਾਰੀ ਦੇਣ ਗਏ ਸਨ ਤਾਂ ਮੇਰੇ ਦਾਦੀ ਜੀ ਅਤੇ ਮੇਰੇ ਵੱਡਾ ਭਰਾ ਇਕਬਾਲ ਸਿੰਘ ਬੱਲੀ ਵੀ ਉਹਨਾਂ ਨਾਲ ਸੋਲਾਂ ਦਿਨ ਤਿਹਾੜ ਜੇਲ੍ਹ ਵਿਚ ਰਹਿ ਕੇ ਆਇਆ ਸੀ। ਪਾਪਾ ਜੀ ਦੀ ਸੰਤ ਹਰਚੰਦ ਸਿੰਘ ਨਾਲ ਬਹੁਤ ਨੇੜਲੀ ਮਿੱਤਰਤਾ ਸੀ। ਸੰਤ ਜੀ ਅਕਸਰ ਹੀ ਆਖਦੇ ਹੁੰਦੇ ਸਨ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਉਦਾਸੀ ਜੀ ਕੋਲ ਰਾਤ ਰਹਿ ਕੇ ਆਵਾਂ ਕਿਉਂਕਿ ਪਾਪਾ ਜੀ ਦੀ ਸ਼ਾਇਰੀ ਦੇ ਹਰ ਸ਼ਬਦ ਵਿਚ ਸਿੱਖੀ ਬੋਲਦੀ ਸੀ। ਧਰਮ ਯੁੱਧ ਮੋਰਚੇ ਦੇ ਜਥੇ ਜਦੋਂ ਗ੍ਰਿਫਤਾਰੀਆਂ ਦੇਣ ਜਾਂਦੇ ਹੁੰਦੇ ਸਨ ਤਾਂ ਸਟੇਜਾਂ 'ਤੇ ਅਕਸਰ ਹੀ ਪਾਪਾ ਜੀ ਦਾ ਇਹ ਗੀਤ ਗਾਇਆ ਜਾਂਦਾ ਸੀ :

''ਦਿੱਲੀਏ ਦਿਆਲਾ ਦੇਖ ਦੇਗ਼ 'ਚ ਉਬਲਦਾ ਨੀ
ਅਜੇ ਤੇਰਾ ਦਿਲ ਨ੍ਹਾ ਠਰੇ
ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ
ਅਜੇ ਮਨ ਮੱਤੀਆਂ ਕਰੇ।
ਸੱਚ ਮੂਹਰੇ ਸਾਂਹ ਤੇਰੇ ਜਾਣਗੇ ਉਤਾਹਾਂ ਨੂੰ
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ
ਲੈ ਕੇ ਫ਼ੌਜੀ ਖ਼ਾਲਸੇ ਖੜੇ।''

ਜਦ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋਇਅ ਤਾਂ ਇਸ ਦੀਆਂ ਵਿਊਂਤਾਂ ਸਰਕਾਰ ਨੇ ਪਹਿਲਾਂ ਹੀ ਬਣਾ ਲਈਆਂ ਸਨ। ਮੇਰੇ ਪ੍ਰੈਪ ਕਲਾਸ ਦੇ ਪੇਪਰ ਅਪ੍ਰੈਲ ਵਿਚ ਹੋਏ ਸਨ ਪਰ ਸਾਡੇ ਪੇਪਰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਸਨ ਤੇ ਵਿਦਿਆਰਥੀਆਂ ਨੂੰ ਹੋਸਟਲਾਂ ਤੋਂ ਘਰ ਭੇਜਕੇ ਸਕੂਲ, ਕਾਲਜ, ਯੂਨੀਵਰਸਿਟੀਆਂ ਖਾਲੀ ਕਰਵਾ ਲਈਆਂ ਸਨ। ਮੈਂ ਵੀ ਹੋਸਟਲ ਤੋਂ ਘਰ ਆ ਗਈ ਸੀ। ਪਾਪਾ ਜੀ ਨੂੰ ਰੇਡੀਓ ਤੋਂ ਖ਼ਬਰਾਂ ਸੁਣਨ ਦਾ ਇੱਕ ਤਰ੍ਹਾਂ ਨਾਲ ਅਮਲ ਜਿਹਾ ਹੀ ਸੀ, ਉਹ ਗਈ ਰਾਤ ਤੱਕ ਖ਼ਬਰਾਂ ਸੁਣਦੇ ਰਹਿੰਦੇ ਸਨ। ਜਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਫੌਜ ਨੇ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਹੈ ਤਾਂ ਉਹਨਾਂ ਦਾ ਮਨ ਬੇਚੈਨ ਹੋ ਗਿਆ। ਨਾਲੇ ਊਹ ਵੇਹੜੇ ਵਿਚ ਨੰਗੇ ਪੈਰੀਂ ਘੁੰਮੀ ਜਾਂਦੇ ਸਨ ਤੇ ਨਾਲੇ ਕਹੀ ਜਾਂਦੇ ਸਨ ਕਿ ''ਲਓ ਹੁਣ ਕੋਈ ਕਾਰਾ ਹੋਊ।'' ਜਿਉਂ-ਜਿਉਂ ਰੇਡੀਓ ਤੋਂ ਗੋਲੀਬਾਰੀ ਦੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਪਾਪਾ ਜੀ ਬਹੁਤ ਹੀ ਬੇਚੈਨ ਹੋ ਗਏ ਸਨ। ਜਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਫੌਜ਼ ਨੇ ਟੈਕਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸ਼ਹੀਦ ਹੋ ਗਏ ਹਨ, ਉਦੋਂ ਤਾਂ ਪਾਪਾ ਜੀ ਦੀ ਹਾਲਤ ਵੇਖਣ ਵਾਲੀ ਸੀ। ਇੰਝ ਜਾਪਦਾ ਸੀ ਜਿਵੇਂ ਉਹ ਸਾਰੇ ਰੱਸੇ ਤੁੜਵਾ ਕੇ ਭੱਜ ਜਾਣਾ ਚਾਹੁੰਦੇ ਹੋਣ। 6 ਜੂਨ ਦੀ ਰਾਤ ਨੂੰ ਹਨੇਰੀ ਰਾਤ ਸੀ, ਲਾਈਟ ਤਾਂ ਕਈ ਦਿਨਾਂ ਤੋਂ ਕੱਟੀ ਹੋਈ ਸੀ, ਪਾਪਾ ਜੀ ਉਸੇ ਤਰ੍ਹਾਂ ਹੀ ਹੰਝੂ ਕੇਰਦੇ ਹੋਏ ਘੁੰਮੀ ਜਾ ਰਹੇ ਸਨ। ਉਹਨਾਂ ਨੇ ਸਿਰਫ਼ ਕਛਹਿਰਾ ਤੇ ਬੁਨੈਣ ਹੀ ਪਹਿਨੇ ਹੋਏ ਸਨ, ਮੈਂ ਉਹਨਾਂ ਨੂੰ ਕਿਹਾ, ਪਾਪਾ ਜੀ ਮੋਮਬੱਤੀ ਵਗੈਰਾ ਜਗਾ ਕੇ ਚਾਨਣ ਕਰ ਲਵਾਂ? ਮੈਨੂੰ ਕਹਿੰਦੇ ਪੁੱਤ ਹੁਣ ਜਗਾ ਚਾਹੇ ਨਾ ਜਗਾ, ਅੱਜ ਆਪਣਾ ਦੀਪ ਤਾਂ ਬੁਝ ਗਿਆ ਹੈ। ਪਤਾ ਨਹੀਂ ਉਹਨਾਂ ਦਾ ਇਸ਼ਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਢੈਹਣ ਵੱਲ ਸੀ ਜਾਂ ਸੰਤਾਂ ਦੇ ਸ਼ਹੀਦ ਹੋਣ ਵੱਲ ਸੀ। ਇਸ ਘਟਨਾ ਤੋਂ ਬਾਅਦ ਜਦ ਸਵੇਰੇ ਵੇਲੇ ਵੇਖੀਦਾ ਸੀ ਤਾਂ ਅਕਸਰ ਹੀ ਹੰਝੂਆਂ ਨਾਲ ਉਹਨਾਂ ਦਾ ਸਿਰਹਾਣਾ ਭਿੱਜਿਆ ਪਿਆ ਹੁੰਦਾ ਸੀ।

ਜਦ ਨਵੰਬਰ 1984 ਵਿਚ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਇਸ ਨਸਲਕੁਸੀ ਵਾਲੇ ਕਾਂਡ ਨੇ ਪਾਪਾ ਜੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਜਨਵਰੀ 1985 ਵਿਚ ਉਹ ਦਿੱਲੀ ਜਾ ਕੇ, ਆਪਣੀਆਂ ਅੱਖਾਂ ਨਾਲ ਸਾੜੀਆਂ ਗਈਆਂ ਸਿੱਖ ਬਸਤੀਆਂ, ਸਾੜੀਆਂ ਗਈਆਂ ਦੁਕਾਨਾਂ, ਸਾੜੇ ਗਏ ਮਕਾਨਾਂ, ਸਾੜੀਆਂ ਗਈਆਂ ਸਿੱਖਾਂ ਦੀ ਨਿਸ਼ਾਨੀਆਂ ਅੱਖੀਂ ਦੇਖ ਆਏ ਸਨ। ਸਿੱਖਾਂ ਦਾ ਇਹ ਕਤਲੇਆਮ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਸੀ। ਇਸ ਕਤਲੇਆਮ ਦਾ ਉਹਨਾਂ ਦੇ ਸੰਵੇਦਨਸ਼ੀਲ ਮਨ 'ਤੇ ਗਹਿਰਾ ਪ੍ਰਭਾਵ ਪਿਆ ਸੀ। ਉਹਨਾਂ ਨੂੰ ਇਹ ਅਹਿਸਾਸ ਬੜੀ ਸ਼ਿੱਦਤ ਨਾਲ ਹੋ ਗਿਆ ਸੀ ਕਿ ਇਹ ਦੇਸ਼ ਹੁਣ ਸਾਡਾ ਨਹੀਂ ਰਿਹਾ। ਉਹਨਾਂ ਦੇ ਮਨ ਵਿਚ ਜਿੱਥੇ ਬੇਗਾਨਗੀ ਦੀ ਭਾਵਨਾ ਪੈਦਾ ਹੋ ਗਈ ਸੀ ਉਥੇ ਇਸ ਦੇਸ਼ ਨਾਲ ਨਫ਼ਰਤ ਵੀ ਹੋ ਗਈ ਸੀ। ਇਸੇ ਪੀੜਾ ਵਿਚੋਂ ਹੀ ਪਾਪਾ ਜੀ ਨੇ ਲਿਖਿਆ ਸੀ :

''ਹੁਣ ਮੈਂ ਕਿਸ ਨੂੰ ਵਤਨ ਕਹੂੰਗਾ
ਹਰ ਥਾਂ ਖ਼ੂਨੋ-ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ,
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂਗਾਂ
ਕੌਣ ਸਿਆਣ ਕਰੇ ਮਾਂ-ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇੱਕੋ ਜਿਹੀ
ਕਿਸ ਕਿਸ ਲਈ ਮੈਂ ਕਫ਼ਨ ਲਵੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ।''

ਪਾਪਾ ਜੀ ਦੇ ਮਨ ਵਿਚ ਸਿੱਖ ਇਤਿਹਾਸ, ਸਿੱਖ ਗੁਰੂ ਸਾਹਿਬਾਨ ਤੇ ਉਹਨਾਂ ਸਾਹਿਬਜ਼ਾਦਿਆਂ ਪ੍ਰਤੀ ਕਿੰਨੀ ਸ਼ਰਧਾ ਅਤੇ ਪਿਆਰ ਸੀ, ਇਸ ਗੱਲ ਦਾ ਸਬੂਤ ਇਥੋਂ ਮਿਲਦਾ ਹੈ ਕਿ ਇਹਨਾਂ ਪੈਗੰਬਰਾਂ ਨਾਲ ਸਬੰਧਤ ਪ੍ਰੋਗਰਾਮ ਦਾ ਜਦੋਂ ਵੀ ਉਹਨਾਂ ਨੂੰ ਕੋਈ ਸੱਦਾ ਮਿਲਦਾ, ਉਹ ਭਾਵੇਂ ਪੰਜਾਬੋ ਬਾਹਰੋਂ ਹੋਵੇ, ਉਹ ਉਥੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜਰੂਰ ਪਹੁੰਚਦੇ ਸਨ। ਨਵੰਬਰ 1986 ਵਿਚ ਅਜਿਹਾ ਸੱਦਾ ਹੀ ਉਹਨਾ ਸ੍ਰੀ ਹਜੂਰ ਸਾਹਿਬ ਤੋਂ ਆਇਆ ਸੀ, ਉਥੇ ਦੀ ਪ੍ਰਬੰਧਕ ਕਮੇਟੀ ਛੋਟੇ ਸਾਹਿਬਜ਼ਾਦਿਆਂ ਨਾਲ ਸਬੰਧਤ ਕੋਈ ਵੱਡਾ ਤਿੰਨ ਰੋਜ਼ਾ ਸਮਾਗਮ ਕਰ ਰਹੀ ਸੀ। ਪਾਪਾ ਜੀ ਦੀ ਸਿਹਤ ਵੀ ਕੁੱਝ ਢਿੱਲੀ ਸੀ ਤੇ ਉਹ ਇਕੱਲੇ ਟਰੇਨ ਵਿਚ ਸਫ਼ਰ ਵੀ ਨਹੀਂ ਕਰਨਾ ਚਾਹੁੰਦੇ ਸਨ ਕਿਉਂ ਜਦ ਉਹ 1985 ਵਿਚ ਦਿੱਲੀ ਗਏ ਸਨ ਤਾਂ ਸਿੱਖ ਸਰੂਪ ਕਾਰਨ ਉਹਨਾਂ ਨੂੰ ਬਹੁਤ ਔਕੜਾਂ ਆਈਆਂ ਸਨ। ਉਹ ਦੱਸਦੇ ਸਨ ਕਿ ਹਿੰਦੂ ਜਨੂੰਨੀਆਂ ਵੱਲੋਂ ਉਹਨਾਂ ਦੇ ਸਾਹਮਣੇ ਬੀੜੀਆਂ ਦਾ ਧੂੰਆ ਉਹਨਾਂ ਦੇ ਮੂੰਹ 'ਤੇ ਛੱਡਿਆ ਜਾਂਦਾ ਸੀ ਤੇ ਦੂਰੋਂ ਬੀੜੀਆਂ ਦੇ ਟੋਟੇ ਉਹਨਾਂ ਦੇ ਉਪਰ ਸੁੱਟੇ ਜਾਂਦੇ ਸਨ। ਪਰ ਫਿਰ ਵੀ ਸ੍ਰੀ ਹਜੂਰ ਸਾਹਿਬ ਤੋਂ ਆਏ ਸੱਦੇ ਨੂੰ ਗੁਰੂ ਸਾਹਿਬਾਨ ਵੱਲੋਂ ਆਇਆ ਸੱਦਾ ਪ੍ਰਵਾਨ ਕਰਕੇ, ਉਥੇ ਚਲੇ ਗਏ ਸਨ। ਉਥੇ ਜਾ ਕੇ ਆਪਣੀ ਆਵਾਜ਼ ਰਾਹੀਂ ਜੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਭੇਟ ਕੀਤੀ ਹੈ, ਉਹ ਤਾਂ ਸਿਰਫ਼ ਉਥੇ ਰਿਕਾਰਡ ਹੋਈ ਉਹਨਾਂ ਦੀ ਆਵਾਜ਼ ਸੁਣਕੇ ਹੀ ਪਤਾ ਲੱਗ ਸਕਦਾ ਹੈ। ਉਹਨਾਂ ਦੀ ਆਵਾਜ਼ ਵਿਚ ਉਹ ਦਰਦ ਝਲਕਦਾ ਹੈ ਕਿ ਪ੍ਰਬੰਧਕਾਂ ਨੂੰ ਫ਼ਿਕਰ ਹੋ ਗਿਆ ਸੀ ਕਿ ਕਿਤੇ ਇਹ ਇੰਨੀ ਲੰਬੀ ਹੇਕ ਉਹਨਾਂ ਦਾ ਕੋਈ ਸਰੀਰਕ ਨੁਕਸਾਨ ਹੀ ਨਾ ਕਰ ਦੇਵੇ। ਪਰ ਜਦ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਬੜੀ ਰੂਹ ਨਾਲ ਸ਼ਰਧਾ ਦੇ ਫੁੱਲ ਭੇਟ ਕਰਕੇ ਵਾਪਸ ਆ ਰਹੇ ਸਨ ਤਾਂ 6 ਨਵੰਬਰ 1986 ਨੂੰ ਮਨਵਾੜ ਤੇ ਸ੍ਰੀ ਹਜੂਰ ਸਾਹਿਬ ਦੇ ਵਿਚਕਾਰ ਟਰੇਨ ਵਿਚ ਹੀ ਉਹਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਇਸ ਤੋਂ ਮਾੜੀ ਗੱਲ ਇਹ ਹੋ ਗਈ ਕਿ ਮਨਵਾੜ ਵਿਚ ਹੀ ਉਹਨਾਂ ਦਾ ਲਾਵਾਰਸਾਂ ਵਾਂਗ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਦੇਹ ਨੂੰ ਉਸ ਪੰਜਾਬ ਦੀ ਮਿੱਟੀ ਨਾ ਨਸੀਬ ਨਾ ਹੋਈ, ਜਿਸ ਨੂੰ ਉਹ ਅੰਤਾਂ ਦਾ ਪਿਆਰ ਕਰਦੇ ਸਨ।

ਕਈ ਵਾਰ ਜਗਦੀਆਂ ਰੂਹਾਂ ਨੂੰ ਜਾਂ ਕਹਿ ਲਵੋ ਕਿ ਜਿਨ੍ਹਾਂ 'ਤੇ ਗੁਰੂ ਸਾਹਿਬਾਨ ਜੀ ਦੀ ਕੋਈ ਇਲਾਹੀ ਬਖਸ਼ਿਸ਼ ਹੋਈ ਹੋਵੇ, ਉਹਨਾਂ ਨੂੰ ਆਪਣੇ ਆਉਣ ਵਾਲੇ ਸਮੇਂ ਜਾਂ ਆਪਣੇ ਨਾਲ ਵਾਪਰਨ ਵਾਲੇ ਭਾਣੇ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ। ਪਾਪਾ ਜੀ ਦੀ ਅੰਤਰ-ਆਤਮਾ ਨੂੰ ਉਹਨਾਂ ਨਾਲ ਵਾਪਰਨ ਵਾਲੇ ਭਾਣੇ ਦਾ ਸ਼ਾਇਦ ਬਹੁਤ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ, ਜਦ ਉਹਨਾਂ ਨੇ ਲਿਖਿਆ ਸੀ :

‘ਮੇਰੀ ਲੋਥ ਤਾਂ ਸ਼ਾਇਦ ਤੁਹਾਨੂੰ ਨਹੀਂ ਲੱਭਣੀ
ਤੇ ਨਾ ਹੀ ਪਤਾ ਲੱਗੇਗਾ, ਮੇਰੇ ਮਰਨ ਦੀ
ਤਾਰੀਕ ਤੇ ਬਕੂਏ ਦਾ
ਨਹੀਂ ਤਾਂ ਮੈਂ ਤੁਹਾਨੂੰ ਅੰਤਮ ਸੰਸਕਾਰ ਬਾਰੇ
ਵੀ ਲਿਖਣਾ ਸੀ ਜ਼ਰੂਰ।’
 

-ਪ੍ਰਿਤਪਾਲ ਕੌਰ ਉਦਾਸੀ
(ਸਪੁੱਤਰੀ ਲੋਕ ਕਵੀ ਸੰਤ ਰਾਮ ਉਦਾਸੀ)
ਮੋਬ: 98157-37051