ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅੰਧਾ ਆਗੂ ਜੇ ਥੀਐ .. .. ..


ਸਿੱਖ ਕੌਮ ਦਾ ਇਹ ਸੰਤਾਪ ਹੈ ਕਿ ਇਹ 'ਅੰਨ੍ਹੇ' ਆਗੂਆਂ ਦੇ ਵਸ ਪਈ ਹੋਈ ਹੈਇਹ 'ਅੰਨ੍ਹੇ' ਆਗੂ ਅਪਣੀਆਂ ਜ਼ਮੀਰਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਇਸ ਕਦਰ ਹਨੇਰੇ ਖੂਹਾਂ ਵਿੱਚ ਦਫ਼ਨ ਕਰ ਚੁੱਕੇ ਹਨ ਕਿ ਭਰੀ ਸਭਾ ਵਿੱਚ ਵੀ ਸਥਾਪਤੀ ਦੇ ਇਸ਼ਾਰਿਆਂ 'ਤੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿਣ ਦੀ ਅਪਣੀ ਬੇਸ਼ਰਮ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਚਿਕਿਚਾਉਂਦੇਇਸੇ ਵਿਸ਼ੇ 'ਤੇ ਸ. ਗੁਰਤੇਜ ਸਿੰਘ ਪ੍ਰੋ .ਆੱਵ ਸਿਖਇਜ਼ਮ ਦਾ ਇਹ ਲੇਖ ਪੇਸ਼ ਹੈ-

1947 ਤੋਂ ਬਾਅਦ ਦੀ ਸਿੱਖ ਤ੍ਰਾਸਦੀ ਨੂੰ ਸਮਝਣ ਲਈ ਅਜੇ ਤੱਕ ਵੀ ਕੁਈ ਵੱਡਾ ਉਪਰਾਲਾ ਨਾ ਸਿੱਖਾਂ ਵੱਲੋਂ ਹੋਇਆ ਹੈ ਨਾ ਦੂਜਿਆਂ ਵੱਲੋਂ। ‘ਰੋਗ’ ਤੇ ‘ਦਾਰੂ’ ਦੀ ਨਿਸ਼ਾਨਦੇਹੀ ਕਰਨ ਤੋਂ ਬਿਨਾਂ ਹੀ ਭਰਪੂਰ ਇਲਾਜ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨਨਤੀਜੇ ਵਜੋਂ ਨਾ ਤਾਂ ਮਰੀਜ਼ ਦੀ ਹਾਲਤ ਸੁਧਰ ਰਹੀ ਹੈ ਨਾ ਹੀ ਓਹੜ-ਪੋਹੜ ਬੰਦ ਹੋ ਰਹੇ ਹਨਮਰਜ਼ ਨੂੰ ਬੁੱਝਣਾ ਵੱਡਾ ਕੰਮ ਨਹੀਂ; ਓਸ ਦਾ ਕਾਰਗਰ ਇਲਾਜ ਵੀ ਪਹੁੰਚ ਅੰਦਰ ਹੈਪਰ ਕੌਮ ਦੇਸੀ ਸਿਆਣਿਆਂ (ਜਿਨ੍ਹਾਂ ਨੂੰ ਰਾਜਸਥਾਨ ਵਿੱਚ ਬੂਝ-ਬੁਝਾਕਲ ਆਖਦੇ ਹਨ) ਦੇ ਵੱਸ ਪਈ ਹੋਈ ਹੈ ਜਿਹੜੇ ਕਿ ਝਾੜੂ ਲੈ ਕੇ, ਲਕੀਰਾਂ ਵਲ਼ ਕੇ, ਪਰਛਾਵਿਆਂ ਨੂੰ ਕੁੱਟ ਕੇ, ਹਲਦੀ ਧੂੜ ਕੇ ਤਸੱਲੀ ਨਾਲ ਆਖਦੇ ਹਨ ਕਿ ਪ੍ਰੇਤ ਕੱਢ ਦਿੱਤਾ ਹੈ

ਸਥਿਤੀ ਇਉਂ ਹੈਇੱਕ ਪਿੰਡ ਵਿੱਚ ਰਾਤ ਨੂੰ ਹਾਥੀ ਆ ਕੇ ਚਰ੍ਹੀ ਦਾ ਖੇਤ ਉਜਾੜ ਗਿਆਅਗਲੇ ਦਿਨ ਲੋਕ ਹੈਰਾਨ ਕਿ ਏਨੀਆਂ ਵੱਡੀਆਂ ਪੈੜਾਂ ਛੱਡਣ ਵਾਲੀ ਕੀ ਬਲ਼ਾ ਸੀ ਜੋ ਇੱਕੋ ਰਾਤ ਵਿੱਚ ਏਨਾਂ ਨੁਕਸਾਨ ਕਰ ਗਈਸਭ ਤੋਂ ਸਿਆਣੇ ਬੂਝ-ਬੁਝਾਕਲ ਨੂੰ ਬੁਲਾਇਆ ਗਿਆਓਸ ਨੇ ਹਾਲਤ ਦਾ ਜਾਇਜ਼ਾ ਲੈ ਕੇ ਫ਼ੈਸਲਾ ਦਿੱਤਾ, ‘‘ਬੂਝ-ਬੁਝਾਕਲ ਬੂਝ ਗਇਆ ਥੇ ਕੇ ਜਾਣੋ ਅਨਜਾਣਚੱਕੀ ਕੇ ਪੁੜ ਬਾਂਧ ਕੇ ਚਰ ਗਇਓ ਮ੍ਰਿਗਾਨ।’’ ਭਾਵ ‘ਸਿਆਣੇ ਨੇ ਬੁਝ ਲਿਆ ਹੈ ਜੋ ਤੁਹਾਨੂੰ ਅਨਜਾਣਾਂ ਨੂੰ ਸਮਝ ਨਹੀਂ ਆਇਆਇਹ ਤਾਂ ਚੱਕੀ ਦੇ ਪੁੜ ਪੈਰਾਂ ਨਾਲ ਬੰਨ੍ਹ ਕੇ ਮ੍ਰਿਗ ਚਰ ਗਇਆ ਹੈ।’ ਜਿਨ੍ਹਾਂ ਨੇ ਕਦੇ ਹਾਥੀ ਵੇਖਿਆ ਨਹੀਂ ਸੀ ਵਾਹ! ਵਾਹ! ਕਰ ਉੱਠੇ ਅਤੇ ਬਾਕੀਆਂ ਵੀ ਝਕਦਿਆਂ-ਝਕਦਿਆਂ ਪ੍ਰਵਾਨ ਕਰ ਲਿਆ -- ਸਿਆਣੇ ਦੀ ਗੱਲ ਨੂੰ ਕੌਣ ਉਲਟਾਵੇ?

7 ਮਈ 2011 ਨੂੰ ‘ਕੇਸ ਸੰਭਾਲ ਪ੍ਰਚਾਰ ਸੰਸਥਾ’ ਵੱਲੋਂ ਦਿੱਲੀ ਭਾਈ ਵੀਰ ਸਿੰਘ ਸਦਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ਕਿ ‘‘ਸਿੱਖਾਂ ਵਿੱਚ ਏਕਤਾ ਤੇ ਇੱਕਸਾਰਤਾ ਕਿਵੇਂ ਲਿਆਂਦੀ ਜਾਵੇ?’’ ਇੱਕਸਾਰਤਾ ਤੋਂ ਮਤਲਬ ਰਹਿਤ-ਮਰਿਯਾਦਾ ਬਾਰੇ ਇੱਕਮੱਤ ਹੋਣ ਤੋਂ ਸੀ ਨਾ ਕਿ ਫ਼ੌਜੀ ਕਿਸਮ ਦੀ ਕਦਮ ਮਿਲਾ ਕੇ ਚੱਲਣ ਦੀ ਪ੍ਰਕਿਰਿਆ ਤੋਂਵਿਚਾਰਾਂ ਦੀ ਅਨੇਕਤਾ ਤਾਂ ਕੁਦਰਤ ਦੀ ਦਾਤ ਹੈ ਅਤੇ ਤਰੱਕੀ ਦਾ ਸੋਮਾ ਹੈਭਾਈ ਸੰਤੋਖ ਸਿੰਘ ਵੀ ਸਾਹਿਬ ਦਸਵੇਂ ਪਾਤਸ਼ਾਹ ਦੀ ਵੱਡੀ ਦੇਣ ਦਾ ਜ਼ਿਕਰ ਕਰਦੇ ਹੋਏ ਇੱਕਸਾਰਤਾ ਦੇ ਸੰਦਰਭ ਵਿੱਚ ਆਖਦੇ ਹਨ: ‘‘ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ .. .. .. ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ।’’

ਵੱਡੇ ਕੱਦ ਵਾਲੇ ਬੁਲਾਰਿਆਂ ਵਿੱਚੋਂ ਇੱਕ ਹਨ ਭਗਵੰਤ ਸਿੰਘ ਦਿਲਾਵਰੀਉਹਨਾਂ ਕੋਲ ‘ਹਰ ਮਸਾਲੇ ਪਿਪਲਾਮੂਲ’ ਵਾਂਗ ਹਰ ਸਮੱਸਿਆ ਦਾ ਇੱਕੋ ਹੀ ਇਲਾਜ ਹੈ ਅਤੇ ਓਸ ਨੂੰ ਹਰ ਮੰਚ ਤੋਂ ਉਹ ਬੜੇ ਜ਼ੋਰ-ਸ਼ੋਰ ਨਾਲ, ਬੜੀ ਧੜੱਲੇਦਾਰ ਰੰਗੀਨ ਸ਼ਬਦਾਵਲੀ ਵਿੱਚ ਪ੍ਰਚਾਰਦੇ ਹਨਆਉਂਦਿਆਂ ਸਾਰ ਉਹ ਫ਼ਤਹਿ ਬੁਲਾਉਂਦੇ ਹਨ (ਅਦਬ-ਸਤਿਕਾਰ ਨਾਲ ਨਹੀਂ ਬਲਕਿ) ਨਿਹੰਗ ਲਹਿਜ਼ੇ ਵਿੱਚਓਨੀਂ ਦੇਰ ਬਾਰ-ਬਾਰ ਬੁਲਾਉਂਦੇ ਰਹਿੰਦੇ ਹਨ ਜਿੰਨੀ ਦੇਰ ਉਹਨਾਂ ਨੂੰ ਓਸੇ ਕੱਬੇ ਲਹਿਜ਼ੇ ਵਿੱਚ ਸਾਰੀ ਸੰਗਤ ਤੋਂ ਜੁਆਬ ਨਾ ਮਿਲੇਇੱਕ ਸਤਿਕਾਰ ਦੇ ਸਾਧਨ ਤੋਂ ਹਟ ਕੇ ਉਹਨਾਂ ਦੀ ਫ਼ਤਹਿ ਗਲ਼ਾ ਪਾੜ ਕੇ ਚਿੱਲਾਉਣ ਦਾ ਮੈਚ ਹੋ ਨਿੱਬੜਦੀ ਹੈਜੇ ਤਿੰਨ-ਚਾਰ ਵਾਰੀ ਫ਼ਤਹਿ ਤੋਂ ਬਾਅਦ ਉਹਨਾਂ ਦੀ ਮਰਜ਼ੀ ਅਨੁਸਾਰ ਜੁਆਬ ਨਾ ਮਿਲੇ ਤਾਂ ਉਹ ਸੰਗਤ ਨੂੰ ਏਨਾਂ ਸ਼ਰਮਸਾਰ ਕਰਦੇ ਹਨ ਕਿ ਹਰ ਭਲ਼ਾਮਾਣਸ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸ਼ਾਇਦ ਉਹ ਨਿੰਦਕਾਂ ਦੀ ਸਭਾ ਵਿੱਚ ਆ ਗਿਆ ਹੈਇੱਕ ਵਾਰੀ ਚੰਡੀਗੜ੍ਹ ਦੀ ਸਭਾ ਵਿੱਚ ਉਹਨਾਂ ਦੀ ਕੰਨ-ਪਾੜ ਫ਼ਤਹਿ ਅਤੇ ਤਸੱਲੀ ਨਾ ਹੋਣ ਉਪਰੰਤ ਮਹਾਂ-ਕੌੜੇ ਪ੍ਰਵਚਨਾਂ ਵਿਰੁੱਧ ਮੈਂ ਹਲਕਾ ਜਿਹਾ ਇਤਰਾਜ਼ ਵੀ ਕੀਤਾ ਸੀ ਜਿਸ ਨੂੰ ਜਾਪਦਾ ਹੈ ਕਿ ਉਹ ਅਜੇ ਤੱਕ ਭੁੱਲੇ ਨਹੀਂ

ਉਹਨਾਂ ਦੇ ‘ਕੀਮਤੀ’ ਪ੍ਰਵਚਨਾਂ ਦਾ ਨਿਚੋੜ ਇਹ ਸੀ ਕਿ ਸਾਰੀਆਂ ਮੁਸ਼ਕਲਾਂ ਦੀ ਜੜ੍ਹ ‘ਅੰਮ੍ਰਿਤ ਵੇਲਾ’ ਨਾ ਸੰਭਾਲਣ ਦੀ ਕੁਰੀਤ ਹੈਉਹ ਬਰਦਾਸ਼ਤ ਨਹੀਂ ਕਰਦੇ ਕਿ ਛੇ-ਛੇ ਵਜੇ ਤੱਕ ਲੋਕ ਸੁੱਤੇ ਹੀ ਰਹਿਣਜ਼ਾਹਰ ਹੈ ਕਿ ਅੰਮ੍ਰਿਤ ਵੇਲਾ ਉਹ ਸਵੇਰ ਦੇ ਸਾਢੇ ਤਿੰਨ-ਚਾਰ ਵਜੇ ਦੇ ਸਮੇਂ ਨੂੰ ਜਾਣਦੇ ਹਨ ਨਾ ਕਿ ਓਸ ਘੜੀ ਨੂੰ ਜਿਸ ਘੜੀ ਕਿਸੇ ਨੂੰ ਪ੍ਰਮਾਤਮਾ ਦੀ, ਗੁਰੂ-ਪ੍ਰਮੇਸ਼ਰ ਦੀ ਯਾਦ ਆਵੇਉਹ ਬਾਣੀਆਂ ਦੇ ਤੋਤਾ-ਰਟਨ, ਜਿਸ ਸਬੰਧੀ ਸਿੱਖ-ਧਰਮ-ਉਪਦੇਸ਼ ਸਪਸ਼ਟ ਹਨ, ਦਾ ਨਿੱਤਨੇਮ ਕਰਨ ਨੂੰ ਹੀ ਅੰਮ੍ਰਿਤ ਵੇਲਾ ‘ਸੰਭਾਲਣ’ ਦੀ ਪ੍ਰਕਿਰਿਆ ਜਾਣਦੇ ਹਨਇਹ ਕਦੇ ਨਹੀਂ ਵੇਖਦੇ ਕਿ ਕਿਸ ਸਭਾ ਵਿੱਚ ਕਿਸ ਕਿਸਮ ਦੀ ਵਿਚਾਰ ਚੱਲ ਰਹੀ ਹੈਲੋਧੀਆਂ ਕੋਲ ਵੀ ਬੂਝ-ਬੁਝਾਕਲਾਂ ਨੇ ਦਾਅਵਾ ਕੀਤਾ ਸੀ ਕਿ ਉਹ ਬਾਬਰ ਦੀ ਫ਼ੌਜ ਨੂੰ ਮੰਤਰਾਂ ਨਾਲ ਅੰਨ੍ਹਾ ਕਰ ਦੇਣਗੇਬਾਬਰ-ਬਾਣੀ ਵਿੱਚ ਗੁਰੂ ਨਾਨਕ ਦੇ ਬਚਨ ਹਨ: ‘‘ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।’’ ਨਾ ਹੀ ਇਹ ਗੁਰ ਸੋਮਨਾਥ ਉੱਤੇ ਚੜ੍ਹਾਈ ਵੇਲੇ ਕੰਮ ਆਇਆ ਸੀਪਰ ਦਿਲਾਵਰੀ ਜੀ ਦਾ ਯਕੀਨ ਹੈ ਕਿ ਸਿੱਖਾਂ ਕੋਲ ਏਹੀ ਵੱਡਾ ਐਟਮ ਬੰਬ ਹੈ

ਉਹਨਾਂ ਦੇ ਭਾਸ਼ਣ ਦੇ ਅੱਧ ਵਿੱਚ ਸਪਸ਼ਟ ਹੋਇਆ ਕਿ ਉਹ ਸਿੱਖਾਂ ਲਈ ਬਹੁਤ ਕੁਢੱਬੇ ਸ਼ਬਦ ਵਾਰ-ਵਾਰ ਵਰਤ ਰਹੇ ਹਨ ਜਿਨ੍ਹਾਂ ਨੂੰ ਝਿੜਕਾਂ ਤੋਂ ਉੱਤੇ ਉੱਠ ਕੇ ਗਾਲ਼ੀ-ਗਲੋਚ ਦੀ ਹੱਦ ਛੂਹੰਦਿਆਂ ਸਾਫ਼ ਵੇਖ ਸਕਦੇ ਹਾਂਉਹਨਾਂ ਦੇ ਭਾਸ਼ਣ ਵਿੱਚ ਜੋ ਅਪਸ਼ਬਦ ਵਰਤੇ ਗਏ ਉਹਨਾਂ ਵਿੱਚ ਹਨ: ‘ਖੋਤਾ, ਬੇਸ਼ਰਮ, ਮਹਾਨ ਝੂਠੇ, ਬੇਈਮਾਨ, ਮਹਾਂ ਬੇਈਮਾਨ, ਮਰੇ ਹੋਏ, ਬੇਵਕੂਫ਼ ਆਦਿ।’ ਪੁਸ਼ਟੀ ਲਈ ਉਹਨਾਂ ਗੁਰਬਾਣੀ ਦੀ ਵਰਤੋਂ ਵੀ ਖ਼ੂਬ ਕੀਤੀ: ‘‘ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।।"

ਮੰਚ ਉੱਤੇ ਬੈਠੇ ਸੱਜਣਾਂ ਵੱਲ ਜਦ ਮੈਂ ਨਿਗਾਹ ਮਾਰੀ ਤਾਂ ਉਹਨਾਂ ਵਿੱਚੋਂ ਤਿੰਨ ਚੰਡੀਗੜ੍ਹ ਤੋਂ ਆਏ ਸਨ, ਦੋ ਅੰਮ੍ਰਿਤਸਰ ਤੋਂ, ਇੱਕ ਲੁਧਿਆਣੇ ਤੋਂਇਹ ਸਾਰੇ ਗੁਰੂ-ਪਿਆਰ ਦੀ ਡੋਰ ਨਾਲ ਹੀ ਖਿੱਚੇ ਆਏ ਸਨਦੂਜੇ ਪਾਸੇ ਪੰਜ ਕੁ ਨੌਜਵਾਨ ਸਨ ਜਿਹੜੇ ਕੰਮ-ਕਾਰ ਛੱਡ ਏਸੇ ਕਾਰਨ ਪਹੁੰਚੇ ਸਨਇਹਨਾਂ ਵਿੱਚੋਂ ਦੋ ਉਤਰਾਂਚਲ ਦੇ ਸਨਬਹੁਤਿਆਂ ਨੂੰ ਮੈਂ ਜਾਣਦਾ ਨਹੀਂ ਸਾਂਪਤਾ ਨਹੀਂ ਕਿਸ ਅਣਜਾਣ ਨੇ ਦਿਲਾਵਰੀ ਜੀ ਦੇ ਕੰਨਾਂ ਵਿੱਚ ਫੂਕ ਮਾਰੀ ਕਿ ਇਹ ਪ੍ਰਮਾਤਮਾ-ਪਿਆਰ ਤੋਂ ਬਿਨਾਂ ਹੀ ਏਥੇ ਚਲੇ ਆਏ ਸਨਕੋਈ ਆਖਣ ਲੱਗਾ ਸ਼ਾਇਦ ਉਕਤ ਤੁਕ ਵਿੱਚ ਵਰਣਤ ‘ਭਗਵੰਤ’ ਸ਼ਬਦ ਦਾ ਮਤਲਬ ਦਿਲਾਵਰੀ ਜੀ ‘ਭਗਵੰਤ ਸਿੰਘ ਦਿਲਾਵਰੀ’ ਸਮਝਦੇ ਹਨਉਹਨਾਂ ਦੇ ਲਹਿਜ਼ੇ ਤੋਂ ਵੀ ਏਹੀ ਸੰਕੇਤ ਮਿਲਦਾ ਸੀਜੇ ਇਹ ਦਰੁਸਤ ਹੈ ਤਾਂ ਉਹ ਸੱਚੇ ਸਨਏਨੀਆਂ ਗਾਲ੍ਹਾਂ ਖਾ ਕੇ ਭਗਵੰਤ (ਸਿੰਘ) ਨਾਲ ਪ੍ਰੀਤ ਕੌਣ ਕਰੇਅਸਲ ਭਗਵੰਤ ਦੀ ਨਿਸ਼ਾਨਦੇਹੀ ਕਰਦੇ ਹੋਏ ਸਾਹਿਬ ਆਖਦੇ ਹਨ, ‘‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।’’

ਸ਼ਾਇਦ ਦਿਲਾਵਰੀ ਜੀ ਨੂੰ ਖਿਆਲ ਨਹੀਂ ਕਿ ਸਦੀ ਪਹਿਲਾਂ ਸੂਫ਼ੀ ਹਾਸ਼ਮ ਕੀ ਆਖ ਗਏ ਸਨ:

ਰੱਬ ਦਾ ਆਸ਼ਕ ਹੋਣ ਸੁਖਾਲਾ ਏਹ ਸੌਖੀ ਏ ਬਾਜੀ

ਗੋਸ਼ਾ ਪਕੜ ਰਹੇ ਹੋ ਸਾਬਰ ਫੜ ਤਸਬੀ ਬਣੇ ਨਮਾਜ਼ੀ

ਸੁਖ ਆਰਾਮ ਜਗਤ ਵਿੱਚ ਸੋਭਾ ਵੇਖ ਹੋਵੇ ਜਗ ਰਾਜ਼ੀ

ਹਾਸ਼ਮ ਗਲੀਏ ਖਾਕ ਰੁਲਾਵੇ ਇਹ ਕਾਫ਼ਰ ਇਸ਼ਕ ਮਜਾਜ਼ੀ

ਸਭ ਬਲਾਵਾਂ ਰੱਬ ਦੀ ਖ਼ਲਕਤ ਨਾਲ ਇਸ਼ਕ ਕਰਨ ਵਾਲੇ ਨੂੰ ਹੀ ਪੈਂਦੀਆਂ ਹਨਜੇ ਯਕੀਨ ਨਾ ਹੋਵੇ ਤਾਂ ਤੱਤੀ ਤਵੀ ਉੱਤੇ ਬੈਠੇ ‘‘ਪਰਤਖ ਹਰਿ’’ ਗੁਰੂ ਅਰਜਨ ਨੂੰ ਪੁੱਛ ਵੇਖੋ

ਉਹਨਾਂ ਦਾ ਇਹ ਵਿਚਾਰ ਵੀ ਕੀਮਤੀ ਸੀ ਕਿ ਕੁਈ ਕਿਸੇ ਦੀ ਆਲੋਚਨਾ ਨਾ ਕਰੇਪਰ ਇਹ ‘ਕੁਕਰਮ’ ਤਾਂ ਓਥੇ ਹੋਇਆ ਹੀ ਨਹੀਂ ਸੀਦਿਲਾਵਰੀ ਆਖ਼ਰੀ ਬੁਲਾਰੇ ਸਨ ਅਤੇ ਉਹਨਾਂ ਤੋਂ ਬਾਅਦ ਇਹ ਕਿਸੇ ਕਰਨਾ ਵੀ ਨਹੀਂ ਸੀਪਰ ਕਿਉਂਕਿ ਕੰਨਾਂ ਨੂੰ ਸੁਣਨ ਲਈ ਸ਼ਬਦ ਪ੍ਰਭਾਵਸ਼ਾਲੀ ਜਾਪਦਾ ਹੈ, ਦਿਲਾਵਰੀ ਨੇ ਵਰਤ ਲਿਆਉਂਞ ਉਹਨਾਂ ਘੱਟੋ-ਘੱਟ ਦੋ ਵਾਰ ਨਕਾਰਨ ਦੇ ਕਿਨਾਰੇ ਖੜ੍ਹ ਕੇ ਮੇਰਾ ਨਾਂ ਜ਼ਰੂਰ ਲਿਆ ਅਤੇ ਅਤਿਅੰਤ ਕਉੜੀ ਅੱਖ ਨਾਲ ਮੇਰੇ ਵੱਲ ਵੇਖਿਆ - ਪਤਾ ਨਹੀਂ ਕਿਉਂ? ਸ਼ਾਇਦ ਕੁਈ ਪੁਰਾਣੀ ਕਿੜ ਕਾਰਨਸ਼ਾਇਦ ਏਸ ਕਿਸਮ ਦੀ ਵਿੰਗੀ-ਟੇਢੀ ਨਿੰਦਿਆ ਦੀ ਉਹਨਾਂ ਦੇ ਭਾਣੇ ਗੁਰਬਾਣੀ ਇਜਾਜ਼ਤ ਦਿੰਦੀ ਹੈ

ਦਿਲਾਵਰੀ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਦਸ-ਬਾਰਾਂ ਸਾਲ ਬਾਅਦ ਉਹਨਾਂ ਦੇ ਵਿਰਾਟ ਦਰਸ਼ਨ ਕੀਤੇ ਲੇਕਿਨ ਏਨੇਂ ਅਰਸੇ ਦੌਰਾਨ ਨਾ ਉਹਨਾਂ ਦੀ ਬਾਣੀ ਬਦਲੀ, ਨਾ ਲਹਿਜ਼ਾ, ਨਾ ਤੱਕਣੀ ਅਤੇ ਨਾ ਭਾਸ਼ਣ ਦਾ ਸਾਰਸਾਰੀ ਕੌਮ ਨੂੰ ਕੋਸਣ ਦੀ, ਸਭ ਨਾਲ ਨਫ਼ਰਤ ਦੀ ਪ੍ਰਚਾਰ-ਵਿਧੀ ਨੂੰ ਉਹ ਅੱਜ ਵੀ ਠੀਕ ਸਮਝ ਕੇ ਵਰਤ ਰਹੇ ਹਨ - ਆਪਣੇ-ਆਪ ਨੂੰ ਨਫ਼ਰਤ ਕਰਨ ਵਾਲੇ ਅਨੇਕਾਂ ਸਿੱਖ ਹੋਣਗੇ ਜਿਨ੍ਹਾਂ ਦੇ ਪਰਾਂ ਉੱਤੇ ਦਿਲਾਵਰੀ ਦੀ ਪਰਵਾਜ਼ ਕਾਇਮ ਹੈ

ਅਕਲ ਦਾਨ ਕਰਨ ਲਈ ਓਥੇ ਤਰਲੋਚਨ ਸਿੰਘ, ਐਮ.ਪੀ. (?) ਵੀ ਪਹੁੰਚੇ ਹੋਏ ਸਨਉਹਨਾਂ ਨੂੰ ਮੇਰੀ ਧਾਰਨਾ ਕਿ ਹਿੰਦੁਸਤਾਨ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਨੂੰ ਸਿੱਖੀ ਫੁੱਟੀ ਅੱਖ ਨਹੀਂ ਭਾਉਂਦੀ, ਉੱਤੇ ਸਖ਼ਤ ਇਤਰਾਜ਼ ਹੈ ਪਰ ਏਸ ਨੂੰ ਨਕਾਰਨ ਲਈ ਤੱਥ ਉਹਨਾਂ ਕੋਲ ਕੋਈ ਨਹੀਂਮੈਂ ਆਪਣੀ ਧਾਰਨਾ ਦਾ ਆਧਾਰ ਘੱਟੋ-ਘੱਟ 25 ਸਬੂਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਕੁਈ ਨਿਰਪੱਖ ਆਦਮੀ ਰੱਦ ਨਹੀਂ ਕਰ ਸਕਦਾ ਲੇਕਿਨ ਕਿਉਂਕਿ ਤਰਲੋਚਨ ਸਿੰਘ ਵੱਡੇ ਲੀਡਰ ਹਨ ਏਸ ਲਈ ਕੁਈ ਵੀ ਤੱਥ ਉਹਨਾਂ ਦੀ ਭਾਵਨਾ ਦੀ ਕਾਟ ਨਹੀਂ ਕਰ ਸਕਦਾ ਕਿਉਂਕਿ ਉਹ ਕੁਰਾਹੇ ਪਏ ਹਿੰਦੁਸਤਾਨੀਆਂ ਦੇ ਨਾਲ ਕਦਮ ਮਿਲਾ ਕੇ ਵਿਨਾਸ਼ ਵੱਲ ਤੁਰਨ ਨੂੰ ਦੇਸ਼-ਭਗਤੀ ਜਾਣਦੇ ਹਨਏਸ ਦੇ ਉਲਟ ਗ਼ਲਤ ਧਾਰਨਾ ਨੂੰ ਗ਼ਲਤ ਆਖ ਕੇ ਬਦਲਾਵ ਦੀ ਉਮੀਦ ਰੱਖਣ ਅਤੇ ਭਲ਼ੇ ਦਿਨਾਂ ਦੀ ਆਸ ਵਿੱਚ ਜਿਊਣ ਵਾਲਿਆਂ ਨੂੰ ਉਹ ਕੁਰਾਹੇ ਪਏ ਕੀੜੇ-ਮਕੌੜੇ ਸਮਝਦੇ ਹਨਤਰਕ, ਤੱਥਾਂ ਦੇ ਉਹ ਕਾਇਲ ਨਹੀਂ ਕਿਉਂਕਿ ਇਹ ਮਨੋਕਾਮਨਾਵਾਂ ਦੀ ਪੂਰਤੀ ਦੇ ਰਾਹ ਵਿੱਚ ਵੱਡਾ ਅੜਿੱਕਾ ਹੋ ਨਿੱਬੜਦੇ ਹਨ

 

ਡੀ. ਪੈਟਰੀ, ਕੇਂਦਰੀ ਸੀ.ਆਈ.ਡੀ. ਦੇ ਤਤਕਾਲੀ ਡਿਪਟੀ ਡਾਇਰੈਕਟਰ ਦੀ ਰਪਟ ਆਖਦੀ ਹੈ ਕਿ ਸਸਬਹੁ ਦਾ ਰੁਝਾਨ ਪ੍ਰਤੱਖ ਹੈ ਕਿ ਉਹ ਸਿੱਖਾਂ ਨੂੰ ਆਪਣੇ ਧਰਮ ਤੋਂ ਵਿਚਲਿਤ ਕਰ ਕੇ ਬਹੁਗਿਣਤੀ ਵਿੱਚ ਜਜ਼ਬ ਕਰਨ ਦੀ ਤੀਬਰ, ਕਮੀਨੀ, ਅਕ੍ਰਿਤਘਣ ਚਾਹ ਰੱਖਦੀ ਹੈਏਸ ਕਾਰਨ ਉਹ ਸਿੱਖਾਂ ਨੂੰ ਸਿੱਖੀ ਨੂੰ ਤਿਲਾਂਜਲੀ ਦੇਣ ਲਈ ਉਕਸਾਉਂਦੀ ਰਹਿੰਦੀ ਹੈਤਰਲੋਚਨ ਸਿੰਘ ਨੂੰ ਸਿਰਫ਼ ਪਤਿਤਪੁਣੇ ਦਾ ਸਟੇਜੀ ਗ਼ਮ ਹੈ, ਏਸ ਦੇ ਕਾਰਨਾਂ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂਕਾਰਨ ਬੁੱਝਣ ਦੀ ਖੁਆਰੀ ਹੰਢਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦਾ ਹਸ਼ਰ ਉਹਨਾਂ ਦੇ ਸਾਹਮਣੇ ਹੈ

ਉਹ ਪਾਰਲਾਮੈਂਟ ਦਾ ਮੈਂਬਰ ਰਿਹਾ ਹੈ ਜੋ ਕੁੱਲ ਹਿੰਦ ਦੀ ਸਵਾ ਅਰਬ ਆਬਾਦੀ ਦੀ ਨੁਮਾਇੰਦਾ ਸੰਸਥਾ ਹੈ ਪਰ ਸਰਬੱਤ ਖ਼ਾਲਸਾ ਦਾ ਸੰਕਲਪ ਓਸ ਨੂੰ ਸਮਝ ਨਹੀਂ ਆਉਂਦਾ ਕਿਉਂਕਿ ‘‘ਦੋ ਕਰੋੜ ਸਿੱਖ ਕਿਵੇਂ ਇੱਕ ਥਾਂ ਇਕੱਠੇ ਹੋ ਸਕਦੇ ਹਨ?" ਸਿੱਖਾਂ ਦੇ ਆਦਰਸ਼ ਨੂੰ ਕੋਈ ਵੀ ਮਖੌਲ ਕਰ ਸਕਦਾ ਹੈ, ਕੋਈ ਵੀ ਇਹਨਾਂ ਦੇ ਮੌਲਿਕ ਧਰਮ-ਸਿਧਾਂਤਾਂ ਉੱਤੇ ਚਿੱਕੜ ਸੁੱਟ ਸਕਦਾ ਹੈ ਕਿਉਂਕਿ ਇਹ ਤਾਂ ਵਿਨਾਸ਼ ਵੱਲ ਧੱਕੇ ਜਾ ਰਹੇ ਕਾਫ਼ਲਿਆਂ ਵਿੱਚ ਸ਼ਾਮਲ ਹਨਇਹਨਾਂ ਨਾਲ ਕਾਹਦੀ ਹਮਦਰਦੀ!!!

ਆਪਣੀ ਧਾਰਨਾ ਕਿ ਸਿੱਖਾਂ ਵਿੱਚ ਆਪਸੀ ਪਾਟੋਧਾੜ ਸਸਬਹੁ ਵੱਲੋਂ ਪੁਆਈ ਗਈ ਹੈ ਤਾਂ ਕਿ ਇਹਨਾਂ ਨੂੰ ਖੇਰੂੰ-ਖੇਰੂੰ ਕਰ ਕੇ, ਬਦਨਾਮ ਕਰ ਕੇ ਖ਼ਤਮ ਕੀਤਾ ਜਾ ਸਕੇ, ਨੂੰ ਬਲ਼ ਦੇਣ ਲਈ ਮੈਂ ਕਨਿਸ਼ਕ ਕਾਂਡ ਦਾ ਜ਼ਿਕਰ ਕੀਤਾ ਸੀਤਰਲੋਚਨ ਸਿੰਘ ਨੇ ਬੜੇ ਫ਼ਖ਼ਰ ਨਾਲ ਐਲਾਨ ਕੀਤਾ ਕਿ ਉਹਨਾਂ ਨੇ ਰਾਜ ਸਭਾ ਵਿੱਚ ਆਖਿਆ ਸੀ ਕਿ ਕੈਨੇਡਾ ਦੀ ਅਦਾਲਤ ਨੇ ਸਿੱਖਾਂ ਨੂੰ ਏਸ ਨੂੰ ਡੇਗਣ ਦੇ ਇਲਜ਼ਾਮ ਤੋਂ ਬਰੀ ਕਰ ਕੇ ਸਿੱਖਾਂ ਨਾਲ ਨਿਆਂ ਕੀਤਾ ਹੈ; ਫ਼ਲਾਨੇ ਨੇ ‘‘ਮੈਨੂੰ ਟੋਕਿਆ ਵੀ ਪਰ ਮੈਂ ਆਪਣੇ ਵਿਚਾਰ ਉੱਤੇ ਦ੍ਰਿੜ੍ਹ ਰਿਹਾ।" ਏਨੀਂ ਗੱਲ ਆਖ ਕੇ ਮੇਰੇ ਵੱਲ ਵੇਖਿਆ ਅਤੇ ਫ਼ੁਰਮਾਇਆ,‘‘ਹੋਰ ਦੱਸੋ ਕੀ ਹੋਵੇ? ਕੀ ਦੁਬਾਰਾ ਇੰਨਕੁਆਇਰੀ ਦੀ ਮੰਗ ਕਰੀਏ?" ਉਹ ਭੁੱਲ ਗਏ ਕਿ ਦੁਬਾਰਾ ਵੀ ਪੜਤਾਲ ਹੋ ਚੁੱਕੀ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਨਤੀ ਉੱਤੇ ਹੋਈ ਹੈਮੈਂ ਤਾਂ ਇਹ ਆਖਦਾ ਹਾਂ ਕਿ ਜਹਾਜ਼ ਡੇਗ ਕੇ ਸਿੱਖਾਂ ਸਿਰ ਮੜ੍ਹਨ ਦੀ ਹਰਕਤ ਇਹਨਾਂ ਨੂੰ ਬਦਨਾਮ ਕਰ ਕੇ ਖ਼ਤਮ ਕਰਨ ਦਾ ਸੰਕੇਤ ਹੈਏਸ ਬਾਰੇ ਤਰਲੋਚਨ ਸਿੰਘ ਜੀ ਨੇ ਇੱਕ ਲਫ਼ਜ਼ ਵੀ ਨਾ ਆਖਿਆ ਬਲਕਿ ਮੇਰਾ ਮੌਜੂ ਉਡਾਉਣ ਦੀ ਚੇਸ਼ਟਾ ਨੂੰ ਹੀ ਪ੍ਰਧਾਨ ਕਰਮ ਜਾਣਿਆਸਿੱਖ ਲੀਡਰਾਂ ਦੀ ਇਹ ਪਹੁੰਚ ਜਿੱਥੇ ਕੌਮ ਨੂੰ ਸੇਧ ਨਹੀਂ ਦੇ ਸਕਦੀ ਓਥੇ ਵਿਚਾਰਵਾਨਾਂ ਨੂੰ ਓਸੇ ਤਰਜ਼ ਉੱਤੇ ਬਦਨਾਮ ਕਰਨ ਲਈ ਕਾਫ਼ੀ ਹੈ ਜਿਸ ਤਰਜ਼ ਉੱਤੇ ਸਸਬਹੁ ਸਰਕਾਰਾਂ ਸਿੱਖਾਂ ਨੂੰ ਬਦਨਾਮ ਕਰਦੀਆਂ ਆਈਆਂ ਹਨਅਜਿਹੇ ਭੰਬਲਭੂਸੇ ਪੈਦਾ ਕਰਨੇ ਆਖ਼ਰ ਦੁਸ਼ਮਣ ਦੇ ਹੱਕ ਵਿੱਚ ਹੀ ਭੁਗਤਦੇ ਹਨਕਿਤੇ ਅਜਿਹਾ ਤਾਂ ਨਹੀਂ ਕਿ ‘ਅੱਧੀ ਤੇਰੀ ਆਂ ਮੁਲਾਹਜ਼ੇਦਾਰਾ ਤੇ ਅੱਧੀ ਆਂ ਮੈਂ ਹੌਲਦਾਰ ਦੀ।’

ਕਨਿਸ਼ਕ ਹਵਾਈ ਜਹਾਜ਼ ਨੂੰ ਡੇਗਣ ਦਾ ਇਲਜ਼ਾਮ ਸਿੱਖਾਂ ਦੇ ਗਲ਼ੋਂ ਲੱਥਣ ਦੇ ਫ਼ੈਸਲੇ ਦੀ ਉਹ ਰਾਜ ਸਭਾ ਵਿੱਚ ਸ਼ਲਾਘਾ ਕਰ ਚੁੱਕੇ ਹਨ ਪਰ ਉਹ ਫ਼ੈਸਲੇ ਦੇ ਓਸ ਹਿੱਸੇ ਨਾਲ ਸਹਿਮਤ ਨਹੀਂ ਜਿਸ ਵਿੱਚ ਸਪਸ਼ਟ ਸੰਕੇਤ ਹਨ ਕਿ ਇਹ ਹਿੰਦ ਸਰਕਾਰ ਦੀ ਖ਼ੁਫ਼ੀਆ ਏਜੰਸੀ ਦਾ ਕਾਰਾ ਸੀ; ਨਾ ਹੀ ਉਹ ਕੈਨੇਡਾ ਦੀਆਂ ਸਾਰੀਆਂ ਖ਼ੁਫ਼ੀਆ ਏਜੰਸੀਆਂ ਦੀ ਸਾਂਝੀ ਰਪਟ ਨੂੰ ਮਾਨਤਾ ਦੇਣ ਲਈ ਤਿਆਰ ਹੈ ਜਿਸ ਵਿੱਚ ਉਹ ਸਾਫ਼ ਲਫ਼ਜ਼ਾਂ ਵਿੱਚ ਆਖਦੀਆਂ ਹਨ ਕਿ ਕਨਿਸ਼ਕਾ ਨੂੰ ਡੇਗ ਕੇ ਦੋਸ਼ ਸਿੱਖਾਂ ਦੇ ਗਲ਼ ਮੜ੍ਹਨ ਵਿੱਚ ਹਿੰਦ ਦੇ ਕੈਨੇਡਾ ਵਿਚਲੇ ਸਫ਼ਾਰਤਖਾਨੇ ਦੀ ਖ਼ਾਸ ਭੂਮਿਕਾ ਸੀਇਹ ਕਉੜੇ ਤੱਥ ਹਨਅਜੇ ਸੁੱਖ ਨਾਲ ਤਰਲੋਚਨ ਸਿੰਘ ਦੀ ਬਹੁਤ ਉਮਰ ਬਾਕੀ ਹੈਕੌਣ ਜਾਣੇ ਕਿਸ ਮੋੜ ਉੱਤੇ ਕਿਸ ਸਰਕਾਰ ਦੀ ਲੋੜ ਪੈ ਜਾਵੇ! ਸਿੱਖਾਂ ਨਾਲ ਵਫ਼ਾਦਾਰੀ ਨਿਭਾਉਣ ਦੇ ਵੈਸੇ ਵੀ ਹੱਦ-ਬੰਨੇ ਹੁੰਦੇ ਹਨ! ਸਭ ‘ਸਮਝਦਾਰ’ ਸਿਆਸਤਦਾਨ ਏਸ ਤੱਥ ਤੋਂ ਭਲੀ ਭਾਂਤ ਵਾਕਫ਼ ਹਨ

ਦਸਮ ਗ੍ਰੰਥ’ ਸਬੰਧੀ ਮੇਰੇ ਵੱਲ ਖ਼ਾਸ ਇਸ਼ਾਰਾ ਕਰ ਕੇ ਆਪ ਨੇ ਫ਼ੁਰਮਾਇਆ ਕਿ ਸਿੱਖਾਂ ਦਾ ਭਲ਼ਾ ਤਾਂ ਹੋ ਸਕਦਾ ਹੈ ਜੇ ਅਗਲੇ ਪੱਚੀ ਸਾਲ ਤੱਕ ਕੁਈ ਨਵਾਂ ਵਿਵਾਦ ਨਾ ਛੇੜਿਆ ਜਾਵੇਸ਼ਾਇਦ ਦਰਬਾਰਾ ਸਿੰਘ ਵਾਂਗ ਉਹਨਾਂ ਦੀ ਸਮਝ ਵੀ ਏਹੋ ਆਖਦੀ ਹੈ ਕਿ ਸਭ ਕਾਲੀਆਂ-ਬੋਲ਼ੀਆਂ ਹਨੇਰੀਆਂ ਲਵੇਰੀ ਵਾਲੇ ਟਿੱਬੇ ਤੋਂ ਹੀ ਉੱਠਦੀਆਂ ਹਨ। 1999 ਵਿੱਚ ਓਸ ਵੇਲੇ ਦੇ ਗ੍ਰਹਿ ਮੰਤਰੀ ਦਾ ਪਾਰਲੀਮੈਂਟ ਵਿੱਚ ਬਿਆਨ ਸੀ ਕਿ ਸਰਕਾਰ ਨੇ 25-30 ਕਰੋੜ ਰੁਪਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ (‘ਦਸਮ ਗ੍ਰੰਥ’) ਨੂੰ ਪ੍ਰਚਾਰਨ ਉੱਤੇ ਖਰਚ ਕੀਤਾ ਹੈਕੀ ਤਰਲੋਚਨ ਸਿੰਘ ਨੂੰ ਏਸ ਗੱਲ ਤੋਂ ਕੋਈ ਭਿਣਕ ਪੈਂਦੀ ਹੈ ਕਿ ਵੱਡੇ ਵਿਵਾਦ ਅਤੇ ਬਖੇੜੇ ਸਸਬਹੁ ਦੇ ਇਸ਼ਾਰੇ ਉੱਤੇ ਕੌਣ ਪੈਦਾ ਕਰ ਰਿਹਾ ਹੈਸੁੱਤਿਆਂ ਨੂੰ ਤਾਂ ਕੋਈ ਜਗਾਏ, ਅੱਖਾਂ ਬੰਦ ਕਰ ਕੇ ਆਰਾਮ ਫ਼ਰਮਾ ਰਹੇ ਮਚਲਿਆਂ ਨੂੰ ਕੋਈ ਕੀ ਆਖੇ?ਤਰਲੋਚਨ ਸਿੰਘ ਦਾ ਖਿਆਲ ਸੀ ਕਿ ਪਿਛਲੀ ਸਦੀ ਵਿੱਚ ਵੀ ਕਈ ਵੱਡੇ ਵਿਦਵਾਨ ਹੋਏ ਹਨ ਪਰ ਵਾਦ-ਵਿਵਾਦ ਕੋਈ ਨਹੀਂ ਪੈਦਾ ਹੋਇਆ

ਵੱਡੇ ਵਿਦਵਾਨਾਂ ਵਿੱਚ ਉਹਨਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਤੇਜਾ ਸਿੰਘ ਆਦਿ ਨੂੰ ਵੀ ਗਿਣਿਆਏਸ ਅੰਤਰ-ਦ੍ਰਿਸ਼ਟੀ ਵਿੱਚ ਏਨੇਂ ਦੋਸ਼ ਹਨ ਜਿੰਨੇ ਕਿ ਛਾਣਨੀ ਵਿੱਚ ਛੇਕ ਹੁੰਦੇ ਹਨ; ਕਾਲ-ਦੋਸ਼ ਵੀ ਹੈਇਹ ਸਾਰੇ ਵਿਦਵਾਨ ਏਸੇ ਸਦੀ ਦੇ ਹਨਮੱਤਭੇਦਾਂ ਦਾ ਵੇਰਵਾ ਇਹ ਹੈ:

• ਵਿਆਹ ਹਵਨ-ਕੁੰਡ ਦੇ ਦੁਆਲੇ ਹੋਣ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ

• ਸਿੱਖ ਹਿੰਦੂ ਹਨ ਕਿ ਨਹੀਂ

• ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੋਣਾ ਚਾਹੀਦਾ ਹੈ ਕਿ ਨਹੀਂ

• ਦਰਬਾਰ ਸਾਹਿਬ ਵਿੱਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ

• ਅੰਗ੍ਰੇਜ਼ਾਂ ਨੂੰ ਪੰਥ-ਹਿਤੈਸ਼ੀ ਜਾਣਨਾ ਹੈ ਕਿ ਨਹੀਂ

• ਖ਼ਾਲਸਾ ਕੌਲਜ ਵਿੱਚ ਪ੍ਰਿੰਸ ਔਵ ਵੇਲਜ਼ ਆਵੇ ਜਾਂ ਨਾ ਆਵੇ

ਆਦਿ-ਆਦਿ ਅਨੇਕਾਂ ਵਿਵਾਦ ਸਨ

ਇਹ ਠੀਕ ਹੈ ਕਿ ਇਹ ਵਿਵਾਦ ਬਹੁਤੇ ਉੱਭਰੇ ਨਹੀਂਇਹ ਇਸ ਲਈ ਸੀ ਕਿਉਂਕਿ ਹਾਕਮ ਹੋਰ ਸਨ ਅਤੇ ਮੀਡੀਆ ਬਹੁਤ ਹੱਦ ਤੱਕ ਨਿਰਪੱਖ ਸੀਵਿਰੋਧੀ ਮੀਡੀਆ ਸਹਿਮਤ ਮੀਡੀਆ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਨਹੀਂ ਸੀ ਅਤੇ ਸਿੱਖ ਵੀ ਬਹੁਤੇ ਜਾਗਰੂਕ ਨਹੀਂ ਸਨਇਹ ਵੀ ਵਿਚਾਰਨਾ ਪਵੇਗਾ ਕਿ ਵਾਦ-ਵਿਵਾਦ ਸਦਾ ਮਾਰੂ ਹੀ ਹੁੰਦੇ ਹਨ ਜਾਂ ਕਦੇ ਉਸਾਰੂ ਵੀ? ਇਹ ਚੇਤੇ ਰੱਖਣਾ ਵੀ ਜ਼ਰੂਰੀ ਹੈ ਕਿ ਸਿੱਖੀ ਦਾ ਜਨਮ ਜਨੇਊ ਪਾਉਣ ਜਾਂ ਨਾ ਪਾਉਣ ਦੇ ਵਿਵਾਦ ਤੋਂ ਹੋਇਆ ਸੀ

ਕੈਨੇਡਾ ਸਰਕਾਰ ਦੀ ‘‘ਅਤਿਅੰਤ ਖ਼ੁਫ਼ੀਆ" ਰਪਟ ਅਤੇ ਸਪਸ਼ਟ ਅਦਾਲਤੀ ਫ਼ੈਸਲੇ ਦੇ ਹੁੰਦਿਆਂ ਵੀ ਡਾ. ਮਹੀਪ ਸਿੰਘ ਦਾ ਇਹ ਮੰਨਣ ਨੂੰ ਦਿਲ ਨਹੀਂ ਸੀ ਕਰਦਾ ਕਿ ਇਹ ਕਾਰਾ ਹਿੰਦ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਕਰਵਾਇਆ ਸੀਕੋਲ ਬੁਲਾ ਕੇ ਮੈਨੂੰ ਆਖਣ ਲੱਗੇ ਕਿ ਇਹ ਮੰਨਣਯੋਗ ਨਹੀਂਮੈਂ ‘‘ਅਤਿਅੰਤ ਖ਼ੁਫ਼ੀਆ" ਰਪਟ ਦਾ ਦੁਬਾਰਾ ਜ਼ਿਕਰ ਕੀਤਾ ਤਾਂ ਉਹਨਾਂ ਫ਼ੁਰਮਾਇਆ, ‘ਮੇਰਾ ਲੜਕਾ ਕੈਨੇਡਾ ਵਿੱਚ ਹੈਮੈਂ ਏਸ ਗੱਲ ਦੀ ਤਸਦੀਕ ਕਰ ਲੈਂਦਾ ਹਾਂ।’ ਮੈਨੂੰ ਜਾਣਕਾਰੀ ਨਹੀਂ ਕਿ ਕੈਨੇਡਾ ਰਹਿਣ ਵਾਲਾ ਹਰ ਆਦਮੀ ਸਰਕਾਰ ਦੀਆਂ ਖ਼ੁਫ਼ੀਆ ਰਪਟਾਂ ਵੇਖ ਸਕਦਾ ਹੈਹੋਰ ਕਿਸੇ ਮੁਲਕ ਵਿੱਚ ਅਜਿਹਾ ਕੋਈ ਦਸਤੂਰ ਜਾਂ ਅਮਲ ਨਹੀਂਏਨੀਂ ਵੱਡੀ ਸਮਰੱਥਾ ਵਾਲੇ ਅਤੇ ਹਿੰਦ ਉੱਤੇ ਰਾਜ ਕਰਦੇ ਠੱਗਾਂ ਪ੍ਰਤੀ ਕੁਈ ਅਣਸੁਖਾਵੀਂ ਭਾਵਨਾ ਮਨ ਵਿੱਚ ਨਾ ਵਸਾਉਣ ਵਾਲੇ ਇਹ ਸੱਜਣ ਵੀ ਕਾਫ਼ੀ ਸਮੇਂ ਤੋਂ ਸਿੱਖ ਪੰਥ ਨੂੰ ਸੇਧ (ਸੋਧ) ਦੇਣ ਵਿੱਚ ਮਸ਼ਰੂਫ਼ ਹਨ

ਮੈਂ ਤਾਂ ਦਿੱਲੀ ਕੋਈ ਸੇਧ ਪ੍ਰਾਪਤ ਕਰਨ ਲਈ ਗਿਆ ਸਾਂਘੱਟੋ ਘੱਟ ਮੈਨੂੰ ਉਮੀਦ ਸੀ ਕਿ ਮੇਰੀ ਤੱਥਾਂ ਦੇ ਆਧਾਰ ਉੱਤੇ ਬਣਾਈ ਧਾਰਨਾ ਦੀ ਉਸਾਰੂ ਆਲੋਚਨਾ ਹੋਵੇਗੀ ਅਤੇ ਮੈਨੂੰ ਆਪਣੇ ਸੰਕਲਪ ਸੋਧਣ ਦਾ ਮੌਕਾ ਮਿਲੇਗਾਪਰ ਜਦੋਂ ਮੈਂ ਵਾਪਸ ਆਉਣ ਲਈ ਗੱਡੀ ਵਿੱਚ ਬੈਠਾ ਤਾਂ ਮੇਰੀ ਚੇਤਨਾ ਏਸ ਮਿਲਣੀ ਦੇ ਸੰਦਰਭ ਵਿੱਚ ਭੋਰਾ ਭਰ ਵੀ ਤਿੱਖੀ ਨਹੀਂ ਸੀ ਜਾਪ ਰਹੀਮਨ ਉੱਤੇ ਆਸ਼ਾ ਦੀ ਹੱਸਦੀ, ਚਾਨਣ ਵੰਡਦੀ ਬਦਲੀ ਦੀ ਥਾਂ ਲੈਣ ਲਈ ਨਿਰਾਸ਼ਾ ਦੀਆਂ ਘਟਾਵਾਂ ਉਮੜ ਰਹੀਆਂ ਸਨ

ਉਹਨਾਂ ਨੂੰ ਵੀ ਕੀ ਦੋਸ਼ ਸੀਜਿਸ ਕੌਮ ਦੇ ਰਹਿਨੁਮਾ ਸਮਝੇ ਜਾਂਦੇ, ਵੱਡੇ-ਵੱਡੇ ਤੁਰਲਿਆਂ ਵਾਲੇ, ਤਿੰਨ-ਤਿੰਨ ਅੱਖਾਂ ਵਾਲੇ, ਚੀਲ ਦੇ ਦਰਖ਼ਤਾਂ ਜਿੱਡੇ ਪਹਾੜਾਂ ਦੇ ਹਾਣ ਦੇ ਮਨੁੱਖ ਵੀ ਗ਼ੁਲਾਮੀ ਨੂੰ ਏਸ ਹੱਦ ਤੱਕ ਗਲ ਲਗਾ ਚੁੱਕੇ ਹੋਣ ਕਿ ਸੱਚ-ਝੂਠ ਦੀ ਸ਼ਨਾਖ਼ਤ ਕਰਨਯੋਗ ਹੀ ਨਾ ਰਹੇ ਹੋਣ ਤਾਂ ਨਿਰਾਸ਼ਾ ਦੀਆਂ ਘਣਘੋਰ ਘਟਾਵਾਂ ਨੇ ਤਾਂ ਉਮੜ-ਉਮੜ ਆਉਣਾ ਹੀ ਸੀਪੂਰਾ ਜ਼ੋਰ ਲਾ ਕੇ ਮੈਂ ਇਹਨਾਂ ਨੂੰ ਪਿਛਾਂਹ ਧੱਕਿਆ ਅਤੇ ਭਾਈ ਸੰਤੋਖ ਸਿੰਘ ਦੇ ਬਚਨਾਂ ਵਿੱਚੋਂ ਪੂਰਾ ਧਰਵਾਸ ਪਾਇਆ:‘‘ਅਬ ਆਨ ਕੀ ਆਸ ਨਿਰਾਸ ਭਈ ਸ੍ਰੀ ਕਲਗ਼ੀਧਰ ਬਾਸ ਕੀਆ ਮਨ ਮਾਹੀਂ।"