ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਵਿਚਾਰਧਾਰਾ 'ਚ ਮੌਤ ਦਾ ਸੰਕਲਪ


ਸਿੱਖ ਵਿਚਾਰਧਾਰਾ ਵਿਚ ਮੌਤ ਦੇ ਸੰਕਲਪ ਨੂੰ ਸਮਝਣ ਲਈ ਪਹਿਲਾਂ ਸਾਨੂੰ ਸਿੱਖ ਵਿਚਾਰਧਾਰਾ ਵਿਚ ਜੀਵਨ ਦੇ ਸੰਕਲਪ ਨੂੰ ਸਮਝਣਾ ਪਵੇਗਾਆਪਣੇ ਜੀਵਨ ਨੂੰ ਸਮਝਣ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡੀ ਸੱਚਾਈ ਕੀ ਹੈਸੰਸਕ੍ਰਿਤ ਦੇ ਸ਼ਬਦ 'ਸੱਤ' ਅਤੇ ਪੰਜਾਬੀ ਦੇ ਸ਼ਬਦ 'ਸੱਚ' ਦਾ ਅਰਥ ਹੈ, ਸਦਾ ਰਹਿਣ ਵਾਲੀ ਚੀਜ਼ਸਾਡੇ ਜੀਵਨ ਵਿਚ ਕਿਹੜਾ ਪੱਖ ਸੱਚ ਹੈਕੀ ਸਾਡਾ ਬਾਹਰਲਾ ਢਾਂਚਾ (ਆਊਟਰ ਸ਼ੈਲ) ਸੱਚ ਹੈ ਜਾਂ ਸਾਡੀ ਜਿਸਮਾਨੀ ਹੋਂਦ, ਇਸ ਸੱਚ ਦੀ ਪ੍ਰੀਭਾਸ਼ਾ ਅਨੁਸਾਰ ਸੱਚ ਹੈ, ਇਹ ਪੰਜ ਭੂਤੀ ਸਰੀਰ? ਭੂਤੀ ਸ਼ਬਦ ਭੌਂਤਿਕ ਤੋਂ ਬਣਿਆ ਹੈ, ਜਿਸ ਨੂੰ ਅੰਗਰੇਜ਼ੀ ਵਿਚ ਫ਼ਿਜ਼ੀਕਲ ਐਲੀਮੈਂਟਸ ਕਹਿੰਦੇ ਹਨ, ਇਹ ਭੌਂਤਿਕ ਤੱਤ, ਭੌਂਤਿਕ ਤੱਤਾਂ ਵਿਚ ਮਿਲ ਜਾਂਦੇ ਹਨਜ਼ਾਹਰ ਹੈ ਕਿ ਸਾਡਾ ਸਰੀਰ ਇਸ ਰੂਪ ਵਿਚ ਸਦਾ ਰਹਿਣ ਵਾਲੀ ਸੱਚਾਈ ਨਹੀਂ ਹੈਬਾਹਰਲੇ ਢਾਂਚੇ ਦੇ ਅੰਦਰ ਸਾਡਾ ਅੰਦਰੂਨੀ ਸਰੀਰ ਹੈ, ਜਿਸ ਨੂੰ 'ਅੰਤਹਕਰਣ' (ਇਨਰ ਸੈਲਫ਼) ਕਿਹਾ ਜਾਂਦਾ ਹੈਇਸ ਵਿਚ ਮਨ, ਬੁੱਧੀ, ਚਿੱਤ ਤੇ ਹੰਕਾਰ , ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਮਾਈਂਡ, ਇਨਟਲੈਕਟ, ਮੈਮੋਰੀ ਅਤੇ ਈਗੋ ਕਿਹਾ ਜਾ ਸਕਦਾ ਹੈਇਹ ਵੀ ਸਦਾ ਰਹਿਣ ਵਾਲੇ ਨਹੀਂ ਅਤੇ ਜਿਸਮਾਨੀ ਮੌਤ ਦੇ ਨਾਲ ਹੀ ਖ਼ਤਮ ਹੋ ਜਾਂਦੇ ਹਨਇਸ ਲਈ ਇਹ ਵੀ ਸੱਚ ਦੀ ਪ੍ਰੀਭਾਸ਼ਾ 'ਤੇ ਪੂਰੇ ਨਹੀਂ ਉਤਰਦੇਇਨ੍ਹਾਂ ਤੋਂ ਅੱਗੇ ਹੈ ਆਤਮਿਕ ਤੱਤ ਜੋ ਕਿ ਵਿਆਪਕ ਚੇਤਨਾ ਦਾ ਅੰਸ਼ ਹੈਜਿਸਨੂੰ ਅੰਗਰੇਜ਼ੀ ਵਿਚ ਕਾਸਮਿਕ ਅਵੇਅਰਨੈਸ ਜਾਂ ਯੂਨੀਵਰਸਲ ਕਾਨਸ਼ੀਅਸਨੈਸ ਵੀ ਕਿਹਾ ਜਾ ਸਕਦਾ ਹੈਅਸੀਂ ਇਹ ਕਹਿ ਸਕਦੇ ਹਾਂ ਕਿ ਆਤਮਾ, ਪਰਮਾਤਮਾ ਦਾ ਅੰਸ਼ ਹੈਇਸ ਲਈ ਇਹ ਸੱਚ ਦੀ ਪ੍ਰੀਭਾਸ਼ਾ 'ਤੇ ਪੂਰੀ ਉਤਰਦੀ ਹੈਕਿਉਂਕਿ ਇਹ ਸਮੇਂ ਅਤੇ ਖਲਾਅ (ਟਾਈਮ ਐਂਡ ਸਪੇਸ) ਦੀ ਮਾਰ ਤੋਂ ਆਜ਼ਾਦ ਹੈਇਹ ਹੀ ਸਾਡਾ ਸਦਾ ਰਹਿਣ ਵਾਲਾ ਸੱਚ ਹੈ, ਜਿਸਨੂੰ ਅਸੀਂ ਸੱਚੀ ਹੋਂਦ (ਟਰੂ ਸੈਲਫ਼) ਕਹਿ ਸਕਦੇ ਹਾਂ

ਮਨਮੁੱਖ ਭਾਵ, ਉਹ ਮਨੁੱਖ ਜੋ ਆਪਣੇ ਮਨ ਤੋਂ ਸੇਧ ਲੈਂਦੇ ਹਨ, ਜਾਂ ਜਿਨ੍ਹਾਂ ਦਾ ਮੂੰਹ ਮਨ ਵੱਲ ਹੈ, ਹਉਮੈ (ਈਗੋ) ਨੂੰ ਹੀ ਆਪਣੀ ਸੱਚਾਈ ਮੰਨ ਲੈਂਦੇ ਹਨਅਰਥਾਤ ਉਸ ਅੰਸ਼ ਨੂੰ ਸੱਚ ਮੰਨ ਰਹੇ ਹਨ ਜੋ ਸੱਚ ਨਹੀਂ ਹੈਇਸ ਲਈ ਉਹ ਭਰਮ ਅਤੇ ਦੂਜ (ਡਾਊਟ ਐਂਡ ਡੀਊਐਲਿਟੀ) ਵਿਚ ਜੀਅ ਰਹੇ ਹਨਅਜਿਹੇ ਮਨੁੱਖਾਂ ਦਾ ਜੀਵਨ ਵੀ ਦੁੱਖਾਂ ਭਰਿਆ ਹੈ ਅਤੇ ਉਨ੍ਹਾਂ ਨੂੰ ਸਦਾ ਮੌਤ ਦਾ ਭੈਅ ਵੀ ਬਣਿਆ ਰਹਿੰਦਾ ਹੈਗੁਰਮੁੱਖ ਉਹ ਲੋਕ ਹਨ, ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੋ ਜਾਂਦਾ ਹੈ ਅਤੇ ਜੋ ਗੁਰੂ ਤੋਂ ਸੇਧ ਲੈਂਦੇ ਹਨਗੁਰੂ ਦਾ ਅਰਥ ਹੈ ਅੰਧਕਾਰ ਤੋਂ ਚਾਨਣ ਵਿਚ ਲਿਆਉਣ ਵਾਲਾ ਅਰਥਾਤ ਗਿਆਨਸੋ, ਗੁਰਮੁੱਖ ਉਹ ਹੈ ਜਿਸ ਨੂੰ ਗਿਆਨ ਦਾ ਚਾਨਣ ਹੋ ਗਿਆ ਹੈਗੁਰਮੁੱਖ ਨੇ ਹਉਮੈ ਨੂੰ ਮਾਰ ਦਿੱਤਾ ਹੈ ਅਤੇ ਆਪਣੇ ਜੀਵਨ ਦੇ ਸੱਚੇ ਤੱਤ ਨੂੰ ਪਛਾਣ ਲਿਆ ਹੈ ਅਤੇ ਇਹ ਸਮਝ ਲਿਆ ਹੈ ਕਿ ਮੌਤ ਤਾਂ ਸਿਰਫ਼ ਜਿਸਮਾਨੀ ਹੀ ਹੁੰਦੀ ਹੈਮਨੁੱਖ ਦਾ ਅਸਲੀ ਤੱਤ ਅਰਥਾਤ ਆਤਮਿਕ ਤੱਤ ਤਾਂ ਕਦੇ ਮਰ ਹੀ ਨਹੀਂ ਸਕਦਾਇਸ ਕਰਕੇ ਗੁਰਮੁੱਖ ਅਰਥਾਤ ਜਿਸ ਨੇ ਹਉਮੈ ਨੂੰ ਮਾਰ ਦਿੱਤਾ ਹੈ, ਮੌਤ ਦੇ ਭੈਅ ਤੋਂ ਮੁਕਤ ਹੋ ਜਾਂਦਾ ਹੈਪਰ ਮਨਮੁੱਖਾਂ ਦਾ ਸਾਰਾ ਜੀਵਨ ਹੀ ਮੌਤ ਦੇ ਭੈਅ ਵਿਚ ਗੁਜ਼ਰਦਾ ਹੈਇਸ ਭੈਅ ਕਾਰਨ ਉਹ ਵਾਰ-ਵਾਰ ਮਰਦੇ ਹਨਇਹ ਹੀ ਜੰਮਣ-ਮਰਨ ਦਾ ਚੱਕਰ ਹੈਗੁਰਮੁੱਖ ਜਦੋਂ ਹਉਮੈ ਨੂੰ ਮਾਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਕਦੇ ਵੀ ਮਰਨਾ ਨਹੀਂ ਪੈਂਦਾ

ਹੁਣ ਅਸੀਂ ਗੁਰਬਾਣੀ ਅਨੁਸਾਰ ਇਸ ਸਿਧਾਂਤ ਦੀ ਪੁਸ਼ਟੀ ਕਰਨ ਦਾ ਯਤਨ ਕਰਾਂਗੇ

ਕਬੀਰਾ ਮਰਤਾ ਮਰਤਾ ਜਗੁ ਮੂਆ ਮਰਿ ਭਿ ਨਾ ਜਾਨੈ ਕੋਇ

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ

ਸੰਸਾਰ ਮਰਦਾ ਜਾ ਰਿਹਾ ਹੈ ਅਤੇ ਅੰਤ ਨੂੰ ਹਰ ਕਿਸੇ ਨੇ ਮਰਨਾ ਹੈ, ਪਰ ਮਰਨ ਦੀ ਕਿਸੇ ਨੂੰ ਵੀ ਜਾਚ ਨਹੀਂ ਆਉਂਦੀਜਿਸਨੂੰ ਇਹ ਜਾਚ ਆ ਜਾਂਦੀ ਹੈ ਅਰਥਾਤ ਜੋ ਆਪਣੀ ਹਉਮੈ ਨੂੰ ਮਾਰ ਦਿੰਦਾ ਹੈ, ਉਹ ਮੁੜ ਕੇ ਨਹੀਂ ਮਰਦਾ

ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ

ਰੋਵਹੁ ਸਾਕਤ ਬਾਪੁਰੇ ਜੋ ਹਾਟੈ ਹਾਟ ਬਿਕਾਇ

ਸੰਤ (ਗੁਰਮੁੱਖ) ਦੇ ਮਰਨ 'ਤੇ ਕਿਉਂ ਰੋਈਏ, ਉਹ ਤਾਂ ਆਪਣੇ ਹੀ ਘਰ ਜਾ ਰਹੇ ਹੁੰਦੇ ਹਨਉਸ ਮਾਇਆ ਦੇ ਪੂਜਾਰੀ ਮਨਮੁੱਖ ਨੂੰ ਰੋਵੋ, ਜੋ ਹੱਟੀ-ਹੱਟੀ ਵਿਕਦਾ ਫ਼ਿਰਦਾ ਹੈ

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ

ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ

ਚਿੰਤਾ ਉਸ ਗੱਲ ਦੀ ਕਰਨੀ ਚਾਹੀਦੀ ਹੈ, ਜੋ ਕਦੇ ਨਾ ਵਾਪਰਨ ਵਾਲੀ ਹੋਵੇਇਸ ਸੰਸਾਰ ਵਿਚ ਕੋਈ ਵੀ ਸਦਾ (ਜਿਸਮਾਨੀ ਰੂਪ ਵਿਚ) ਨਹੀਂ ਰਹਿ ਸਕਦਾ

ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ

ਹੋਹ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ

ਮਨੁੱਖ ਪਰਮਾਤਮਾ ਦੇ ਨੇੜੇ ਤਾਂ ਹੀ ਆ ਸਕਦਾ ਹੈ, ਜੇ ਉਹ ਇਹ ਸਮਝ ਲਵੇ ਕਿ ਜਿਸਮਾਨੀ ਰੂਪ ਵਿਚ ਤਾਂ ਮਰਨਾ ਹੀ ਪਵੇਗਾ, ਪਰ ਜੇ ਉਹ ਆਪਣੀ ਹਉਮੈ ਨੂੰ ਮਾਰ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ ਤਾਂ ਉਸਦਾ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ, ਅਰਥਾਤ ਉਹ ਅਮਰ ਹੋ ਜਾਵੇਗਾ

ਜੋ ਉਪਜਿਉ ਸੋ ਬਿਨਸ ਹੈ ਪਰੈ ਆਜੁ ਕੈ ਕਾਲਿ

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ

ਜੋ ਵੀ ਜੰਮਿਆ ਹੈ, ਉਸਨੇ ਇਕ ਨਾ ਇਕ ਦਿਨ ਮਰਨਾ ਹੀ ਹੈ, ਭਾਵੇਂ ਅੱਜ ਮਰ ਜਾਵੇ ਭਾਵੇਂ ਕੱਲ੍ਹਇਸ ਲਈ ਉਸ ਪਰਮਾਤਮਾ ਦੇ ਗੁਣ ਗਾਓ ਅਤੇ ਸਾਰੇ ਜੰਜਾਲਾਂ ਤੋਂ ਮੁਕਤ ਹੋਵੋ ਅਰਥਾਤ ਆਪਣੀ ਚੇਤਨਾ ਉਜਾਗਰ ਕਰੋ ਅਤੇ ਭਰਮ ਅਤੇ ਦੂਜ ਦੇ ਜੰਜਾਲਾਂ ਵਿਚੋਂ ਨਿਕਲੋ

ਜੋ ਆਇਆ ਸੋ ਚਲਸੀ, ਸਭੁ ਕੋ ਆਈ ਵਾਰੀਐ

ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬ ਮਨਹੁ ਵਿਸਾਰੀਐ

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ

ਜੋ ਵੀ ਇਸ ਸੰਸਾਰ ਵਿਚ ਆਇਆ ਹੈ, ਉਸ ਦੀ ਇਥੋਂ ਜਾਣ ਦੀ ਵਾਰੀ ਆਉਣੀ ਹੈਜਿਸ ਪਰਮਾਤਮਾ ਨੇ ਇਹ ਜਿੰਦ ਤੇ ਪ੍ਰਾਣ (ਸੁਆਸ) ਦਿੱਤੇ ਹਨ, ਉਸਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾਆਪਣੇ ਹੱਥੀ ਆਪਣਾ ਕੰਮ ਆਪ ਹੀ ਸਵਾਰਨਾ ਚਾਹੀਦਾ ਹੈਅਰਥਾਤ ਉਦਮ ਕਰਕੇ ਇਸ ਜੀਵਨ ਦੀ ਸੱਚਾਈ ਨੂੰ ਸਮਝਣਾ ਚਾਹੀਦਾ ਹੈ

ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ

ਮਰਨੇ ਤੇ ਹੀ ਪਾਈਐ ਪੂਰਨ ਪਰਮਾਨੰਦ

ਜਿਸ ਮੌਤ ਤੋਂ ਸਾਰੀ ਦੁਨੀਆ ਡਰਦੀ ਹੈ, ਉਸ ਨਾਲ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈਹਉਮੈ ਮਾਰਨ ਨਾਲ ਹੀ ਪਰਮਾਤਮਾ ਜੋ ਕਿ ਆਨੰਦ ਦਾ ਸਰੂਪ ਹੈ, ਪ੍ਰਾਪਤ ਹੁੰਦਾ ਹੈ

ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ

ਅੰਜਨ ਮਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ

ਜੋ ਮਨੁੱਖ ਹਉਮੈ ਨੂੰ ਮਾਰ ਲੈਂਦਾ ਹੈ, ਉਹ ਮਰ ਕੇ ਵੀ ਜਿਊਂਦਾ ਹੈ, ਕਿਉਂਕਿ ਉਹ ਪਰਮਾਤਮਾ ਵਿਚ ਹੀ ਸਮਾਅ ਜਾਂਦਾ ਹੈਉਹ ਸੰਸਾਰ ਦੀ ਕਾਲਖ ਵਿਚ ਰਹਿ ਕੇ ਵੀ ਨਿਰਲੇਪ ਰਹਿੰਦਾ ਹੈ ਅਤੇ ਉਸਨੂੰ ਸੰਸਾਰ ਦੇ ਅਗਨ ਸਾਗਰ ਵਿਚੋਂ ਨਹੀਂ ਲੰਘਣਾ ਪੈਂਦਾ

ਮੇਰਾ ਇਹ ਪ੍ਰਭਾਵ ਹੈ ਕਿ ਸਮੂਹਿਕ ਅਤੇ ਵਿਆਪਕ ਚੇਤਨਾ ਹੀ ਬ੍ਰਹਮ ਗਿਆਨ ਹੈਗੁਰਮੁੱਖ ਨੂੰ ਇਸੇ ਗਿਆਨ ਦਾ ਚਾਨਣ ਹੋ ਜਾਂਦਾ ਹੈ ਅਤੇ ਇਹ ਉਸਦੀ ਚੇਤਨਾ ਦਾ ਹਿੱਸਾ ਬਣ ਜਾਂਦਾ ਹੈਦੂਜੇ ਸ਼ਬਦਾਂ ਵਿਚ ਉਸਦੀ ਚੇਤਨਾ ਵਿਆਪਕ ਚੇਤਨਾ ਨਾਲ ਇਕਮਿਕ ਹੋ ਜਾਂਦੀ ਹੈਗੁਰਮੁੱਖ ਦੇ ਜੀਵਨ ਕਾਲ ਵਿਚ ਹਾਸਲ ਕੀਤਾ ਅਨੁਭਵੀ ਗਿਆਨ ਸਮੂਿਹਕ ਅਤੇ ਵਿਆਪਕ ਚੇਤਨਾ ਦਾ ਹਿੱਸਾ ਬਣ ਜਾਂਦਾ ਹੈਇਸ ਤਰ੍ਹਾਂ ਅਨੁਭਵੀ ਗਿਆਨ ਬ੍ਰਹਮ ਗਿਆਨ ਵਿਚ ਸਮਾਅ ਜਾਂਦਾ ਹੈਇਹ ਹੀ ਸਾਡੇ ਜੀਵਨ ਦਾ ਮਨੋਰਥ ਹੈ ਕਿ ਅਸੀਂ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਹੋਈਏ ਅਤੇ ਉਸ ਗਿਆਨ ਦੀ ਰੋਸ਼ਨੀ ਵਿਚ ਆਪਣਾ ਅਨੁਭਵੀ ਗਿਆਨ ਹਾਸਲ ਕਰੀਏ ਅਤੇ ਫ਼ਿਰ ਉਸ ਅਨੁਭਵੀ ਗਿਆਨ ਨੂੰ ਵਿਆਪਕ ਚੇਤਨਾ/ ਬ੍ਰਹਮ ਗਿਆਨ ਵਿਚ ਸਮੋਅ ਦੇਈਏ, ਆਤਮਾ ਨੂੰ ਅਨੁਭਵੀ ਗਿਆਨ (ਨਿੱਜੀ ਚੇਤਨਾ) ਅਤੇ ਪਰਮਾਤਮਾ ਨੂੰ ਬ੍ਰਹਮ ਗਿਆਨ (ਵਿਆਪਕ ਚੇਤਨਾ) ਕਿਹਾ ਜਾ ਸਕਦਾ ਹੈਆਤਮਾ ਅਤੇ ਪਰਮਾਤਮਾ ਦਾ ਮਿਲਾਪ ਅਨੁਭਵੀ ਗਿਆਨ ਅਤੇ ਬ੍ਰਹਮ ਗਿਆਨ ਦਾ ਮਿਲਾਪ ਹੈਗੁਰਮੁੱਖ ਦਾ ਜੀਵਨ ਇਸ ਮਿਲਾਪ ਕਾਰਨ ਸਫ਼ਲ ਹੈ ਅਤੇ ਉਹ ਆਪਣੇ ਜੀਵਨ ਦਾ ਮਨੋਰਥ ਪੂਰਾ ਕਰ ਜਾਂਦਾ ਹੈਇਸਦੇ ਉਲਟ ਮਨਮੁੱਖ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਨਹੀਂ ਹੁੰਦਾਉਸਦੇ ਜੀਵਨ ਵਿਚ ਕਦੇ ਗਿਆਨ ਦਾ ਚਾਨਣ ਨਹੀਂ ਹੁੰਦਾਇਸ ਲਈ ਉਹ ਅਨੁਭਵੀ ਗਿਆਨ ਹਾਸਲ ਨਹੀਂ ਕਰ ਸਕਦਾਉਹ ਤਾਂ ਸਾਰਾ ਜੀਵਨ ਅਗਿਆਨ ਦੀ ਅਵਸਥਾ ਵਿਚ ਵੀ ਗੁਜ਼ਾਰ ਦਿੰਦਾ ਹੈਇਸ ਲਈ ਉਸ ਦਾ ਜੀਵਨ ਵਿਅਰਥ ਜਾਂਦਾ ਹੈਅਗਿਆਨਤਾ ਦੇ ਹਨੇਰੇ ਵਿਚ ਗੁਜ਼ਾਰੇ ਜੀਵਨ ਵਿਚ ਅਨੁਭਵੀ ਗਿਆਨ ਹਾਸਲ ਕਰਨ ਦਾ ਮੌਕਾ ਹੀ ਨਹੀਂ ਮਿਲਦਾਇਸ ਲਈ ਇਹ ਜੀਵਨ ਮਨੁੱਖ ਜੀਵਨ ਦੇ ਮਨੋਰਥ ਤੋਂ ਵਾਂਝਾ ਰਹਿ ਜਾਂਦਾ ਹੈ ਅਤੇ ਵਿਅਰਥ ਚਲਾ ਜਾਂਦਾ ਹੈਗਿਆਨ ਦਾ ਨਿਰੰਤਰ ਵਿਕਾਸ ਹੀ ਮਨੁੱਖੀ ਜੀਵਨ ਦਾ ਮਨੋਰਥ ਕਿਹਾ ਜਾ ਸਕਦਾ ਹੈਜਿਸ ਮਨੁੱਖ ਨੂੰ ਵੀ ਗਿਆਨ ਦਾ ਚਾਨਣ ਹੋ ਗਿਆ, ਉਸਦੇ ਜੀਵਨ ਦਾ ਮਨੋਰਥ ਪੂਰਾ ਹੋ ਗਿਆ, ਦੂਜੇ ਸ਼ਬਦਾਂ ਵਿਚ ਗਿਆਨ ਦਾ ਚਾਨਣ ਹੀ 'ਮਨੁੱਖ' ਨੂੰ 'ਮਨੁੱਖ' ਬਣਾਉਂਦਾ ਹੈ

ਡਾ. ਸਵਰਾਜ ਸਿੰਘ