ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


(ਅ)ਕਾਲੀ ਦਲ, ਸਿੱਖ ਅਤੇ ਅਨੁਵਾਦ ਦੀ ਰਾਜਨੀਤੀ


ਪੰਜਾਬ ਟਾਈਮਜ਼ ਵਿਚ ਸ਼. ਅਜਮੇਰ ਸਿੰਘ ਦੀ ਕਿਤਾਬ ਬਾਰੇ ਭਰਵੀਂ ਚਰਚਾ, ਜੋ ਕਿ ਪੰਜਾਬੀ ਕਾਮਰੇਡਾਂ ਦੇ ਸੁਭਾਅ ਮੁਤਾਬਕ ਬਹੁਤੀ ਵਾਰ ਚਰਚਾ ਨਾ ਰਹਿ ਕੇ ਨਿੱਜੀ ਗੁੱਭ-ਗੁਹਾਟ ਕੱਢਣ ਵੱਲ ਉਲਰ ਜਾਂਦੀ ਰਹੀ ਹੈ, ਨਿਰੰਤਰ ਜਾਰੀ ਹੈਸ਼ ਅਜਮੇਰ ਸਿੰਘ ਜਿਨ੍ਹਾਂ ਨੇ ਸਖਤ ਮਿਹਨਤ ਤੇ ਸਿਦਕ ਦਿਲੀ ਨਾਲ਼ ਸਿੱਖ ਸਿਆਸਤ ਵਿਚਲੇ ਰੁਝਾਨਾਂ ਦੀ ਪੜਤਾਲ਼ ਕੀਤੀ ਹੈ, ਇਸ ਉਪਰਾਲੇ ਲਈ ਵਧਾਈ ਦੇ ਹੱਕਦਾਰ ਹਨਇਸ ਦੇ ਨਾਲ਼ ਹੀ ਉਹ ਸਿੱਖ ਸਿਆਸਤ ਸਬੰਧੀ ਇਕ ਸੰਵਾਦ, ਜੋ ਕਿ ਕਾਮਰੇਡਾਂ ਦੀ ਖੱਪ-ਪਾਊ ਬਿਰਤੀ ਵਾਲ਼ੀ ਲੇਖਣੀ ਦੀ ਭਰਮਾਰ ਦੇ ਬਾਵਜੂਦ ਹਮੇਸ਼ਾ ਸੰਜੀਦਾ ਪ੍ਰਵਾਹ ਵਿਚ ਪਲਟਣ ਦੀ ਸੰਭਾਵਨਾ ਰੱਖਦਾ ਹੈ, ਨੂੰ ਉਤਸ਼ਾਹਿਤ ਕਰਨ ਲਈ ਵੀ ਧੰਨਵਾਦ ਦੇ ਹੱਕਦਾਰ ਹਨਮੌਜੂਦਾ ਬਹਿਸ ਕੁੱਝ ਅਹਿਮ ਨੁਕਤਿਆਂ ਬਾਰੇ ਬੁਨਿਆਦੀ ਸਮਝ ਤੇ ਇਕ ਤਰੋਤਾਜ਼ਾ ਪਹੁੰਚ ਦੀ ਮੰਗ ਕਰਦੀ ਹੈ: ਕੁੱਝ ਧਾਰਨਾਵਾਂ ਬਾਰੇ ਮੁੜ ਵਿਚਾਰ ਦੀ ਮੰਗ, ਜਿਹੜੀਆਂ ਕਿ ਕੱਚੀ ਦਾਰਸ਼ਨਿਕ ਤੇ ਸਿਆਸੀ ਸਮਝ ਦੀ ਪੈਦਾਇਸ਼ ਹੋਣ ਦੇ ਬਾਵਜੂਦ ਅੰਤਮ ਅਸਲੀਅਤਾਂ ਦੇ ਤੌਰ 'ਤੇ ਸਥਾਪਤ ਹੋ ਗਈਆਂ ਹਨ

ਵਿਚਾਰ ਵਿਚ ਹਿੱਸਾ ਲੈਣ ਦੇ ਜਤਨ ਵਜੋਂ ਮੈਂ ਆਪਣੀ ਗੱਲ ਡਾ: ਬਲਕਾਰ ਸਿੰਘ ਦੇ ਲੇਖਾਂ ਤੋਂ ਸ਼ੁਰੂ ਕਰਨੀ ਚਾਹਾਂਗਾਡਾ: ਬਲਕਾਰ ਸਿੰਘ ਨੇ ਸ਼ ਅਜਮੇਰ ਸਿੰਘ ਵੱਲੋਂ ਅਕਾਲੀਆਂ ਬਾਰੇ ਲਈ ਪਹੁੰਚ ਤੇ ਟਿੱਪਣੀ ਕਰਦਿਆਂ ਕਿਹਾ ਹੈ, "ਅਕਾਲੀ ਅਤੇ ਅਕਾਲੀਅਤ ਵਿਚ ਓਨਾ ਕੁ ਫਰਕ ਤਾਂ ਹੈ, ਜਿੰਨਾ ਕੁ ਸਿਧਾਂਤ ਅਤੇ ਅਮਲ ਵਿਚ ਅਕਸਰ ਰਹਿ ਜਾਂਦਾ ਹੈ" ਡਾ: ਸਾਹਿਬ ਦੀ ਇਸ ਫੈਸਲਾਨੁਮਾ ਟਿੱਪਣੀ ਤੋਂ ਸੁਆਲ ਪੈਦਾ ਹੁੰਦਾ ਹੈ ਕਿ ਅਕਾਲੀਅਤ ਦਾ ਸਿਧਾਂਤਕ ਆਧਾਰ ਕੀ ਹੈ? ਇਸ ਦਾ ਜੁਆਬ ਦਿੰਦਿਆਂ ਡਾ: ਸਾਹਿਬ ਆਖਦੇ ਹਨ ਕਿ ਇਹ ਸਿੰਘ ਸਭਾ ਲਹਿਰ ਦੀ ਸੁਜੱਗਤਾ ਨੇ ਪੈਦਾ ਕੀਤਾਹੁਣ ਵਿਚਾਰਨ ਵਾਲ਼ਾ ਨੁਕਤਾ ਹੈ ਕਿ ਅਕਾਲੀ ਲਹਿਰ ਦੇ ਸਿਧਾਂਤਕ ਆਧਾਰ ਸਿੰਘ ਸਭਾ ਬਿਰਤਾਂਤ ਦੀ ਬੁਨਿਆਦ ਅਸਲ ਵਿਚ ਕੀ ਹੈ?

ਡਾ: ਸਾਹਿਬ ਇਸ ਦਾ ਕੋਈ ਜੁਆਬ ਨਹੀਂ ਦਿੰਦੇ ਜਾਂ ਸ਼ਾਇਦ ਜੁਆਬ ਦੇਣ ਦੀ ਲੋੜ ਨਹੀਂ ਸਮਝਦੇਇਹ ਤਾਂ ਉਹ ਖੁਦ ਹੀ ਸਪੱਸ਼ਟ ਕਰ ਸਕਦੇ ਹਨ ਕਿ ਇਸ ਦੀ ਵਜ੍ਹਾ ਉਨ੍ਹਾਂ ਵੱਲੋਂ ਸਿੰਘ ਸਭਾ ਲਹਿਰ ਦੀ ਆਧੁਨਿਕਤਾਵਾਦੀ ਪਹੁੰਚ ਨੂੰ ਪ੍ਰਣਾਏ ਹੋਣਾ ਹੈ ਜਾਂ ਪਿਛਲੀ ਸਦੀ ਵਿਚ ਪ੍ਰਚਲਤ ਹੋਈਆਂ ਸਿੱਖੀ ਦੀਆਂ ਵਿਆਖਿਆ ਪ੍ਰਣਾਲੀਆਂ ਪ੍ਰਤੀ ਕਿਸੇ ਮੌਲਿਕ ਤੇ ਆਲੋਚਨਾਤਮਕ ਪਹੁੰਚ ਦੀ ਘਾਟ ਹੈਇਸ ਨੁਕਤੇ 'ਤੇ ਆਪਣੀ ਰਾਇ ਸਾਂਝੀ ਕਰਨ ਲਈ ਅਕਾਲੀ ਦਲ ਦੀ ਸਿਧਾਂਤਕ ਬੁਨਿਆਦ ਸਿੰਘ ਸਭਾ ਲਹਿਰ ਦੀ ਪਹੁੰਚ ਸਬੰਧੀ ਵਿਚਾਰ ਤੋਂ ਆਪਣੀ ਗੱਲ ਸ਼ੁਰੂ ਕਰਨੀ ਚਾਹਾਂਗਾਸਿੰਘ ਸਭਾ ਲਹਿਰ ਉਸ ਵਰਤਾਰੇ ਦਾ ਨਾਂ ਹੈ ਜਿਸ ਨੂੰ ਕੈਲੀ ਓਲਿਵਰ "ਮਨੋਵਿਗਿਆਨਕ ਪਸਾਰੇ ਦੇ ਬਸਤੀਕਰਨ" ਦਾ ਨਾਂ ਦਿੰਦੀ ਹੈਇਹ ਉਹ ਦਸ਼ਾ ਹੈ ਜਦੋਂ ਲੋਕ ਆਪਣਾ ਇਕ ਗੁਲਾਮ ਜਾਂ ਸਬਜੈਕਟ ਦੇ ਰੂਪ ਵਿਚ ਰੂਪਾਂਤਰਣ ਸਵੀਕਾਰ ਕਰ ਲੈਂਦੇ ਹਨ ਅਤੇ ਇਸ ਨੂੰ ਆਪਣੀ ਹੋਣੀ ਤਸਲੀਮ ਕਰਦੇ ਹੋਏ ਇਕ ਖਾਸ ਤਰਜ਼ ਵਿਚ ਪਰਿਭਾਸ਼ਤ ਸੁੰਗੜੇ ਹੋਏ ਦਾਇਰੇ ਵਿਚ ਹੀ ਵਿਚਰਨ ਨੂੰ ਪਹਿਲੀ ਤੇ ਆਖਰੀ ਚੋਣ ਮੰਨ ਲੈਂਦੇ ਹਨਅਜਿਹਾ ਮਾਨਸਿਕ ਧਰਾਤਲ ਤਿਆਰ ਕਰਨਾ ਯੂਰਪੀ ਬਸਤੀਵਾਦੀ ਬਿਰਤਾਂਤ ਦਾ ਸਪੱਸ਼ਟ ਤੇ ਲੋੜੀਂਦਾ ਲਕਸ਼ ਸੀਇਹ ਇਕ ਅਨੁਵਾਦ ਦਾ ਪ੍ਰਵਾਹ ਸੀ ਜਿਸ ਵਿਚ ਕਿਸੇ ਕੌਮ ਦੇ ਧਰਮਗ੍ਰੰਥਾਂ, ਇਤਿਹਾਸ, ਕਦਰਾਂ-ਕੀਮਤਾਂ, ਸੰਕਲਪਾਂ ਤੇ ਸਰੋਤਾਂ ਦਾ ਅਨੁਵਾਦ ਸ਼ਾਮਲ ਸੀਅਨੁਵਾਦ ਦਾ ਇਹ ਸਿਲਸਿਲਾ ਜੋ ਮਹਿਜ਼ ਲਿਖਤਾਂ ਦਾ ਅਨੁਵਾਦ ਨਾ ਹੋ ਕੇ ਸੱਭਿਆਚਾਰਕ ਅਨੁਵਾਦ ਸੀ, ਬਸਤੀਵਾਦੀਆਂ ਦੀ ਸਿੱਧੀ ਰਾਜਨੀਤੀ ਤੋਂ ਪ੍ਰੇਰਿਤ ਸੀ ਕਿ ਜਿਨ੍ਹਾਂ ਲੋਕਾਂ ਦੀ ਧਰਤੀ 'ਤੇ ਕਬਜ਼ਾ ਕੀਤਾ ਹੈ, ਉਨ੍ਹਾਂ ਦੇ ਮਾਨਸਿਕ ਧਰਾਤਲ ਦੇ ਹਰ ਖੂੰਜੇ ਵੀ ਆਪਣੀ ਮੋਹਰ ਲਾਉਣੀ ਹੈ ਤਾਂ ਕਿ ਸੰਸਾਰ ਪੱਛਮੀ ਕਦਰਾਂ ਕੀਮਤਾਂ ਦੀ ਵੱਖੋ ਵੱਖਰੇ ਪ੍ਰਸੰਗਾਂ ਵਿਚ ਵਿਆਖਿਆ ਕਰਦਾ ਹੋਇਆ ਉਨ੍ਹਾਂ ਦੀ ਇਜਾਰੇਦਾਰੀ ਨੂੰ ਹੀ ਮੁੜ-ਮੁੜ ਸਥਾਪਤ ਕਰੀ ਜਾਏਅਨੁਵਾਦ ਦੀ ਇਹ ਰਾਜਨੀਤੀ ਸਿਰਫ ਅਜਿਹਾ ਵਰਤਾਰਾ ਨਹੀਂ ਕਿ ਸਿੰਘ ਸਭਾ ਨੇ ਅੰਗਰੇਜ਼ੀ ਰਾਜ ਵਿਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ, ਜੋ ਕਿ ਈਸਾਈ ਪਾਦਰੀਆਂ ਤੇ ਆਰੀਆ ਸਮਾਜੀਆਂ ਦੀ ਘੁਸਪੈਠ ਦਾ ਨਤੀਜਾ ਸਨ, ਦੇ ਦਰਪੇਸ਼ ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਸਿੱਖੀ ਦੀ ਆਧੁਨਿਕ ਤਰਜ਼ ਤੇ ਪੁਨਰ ਵਿਆਖਿਆ ਕਰ ਦਿੱਤੀਅਸਲੀਅਤ ਇਹ ਹੈ ਅਨੁਵਾਦ ਇਕ ਘਟਨਾ ਹੈ ਜੋ ਸਿੰਘ ਸਭਾ ਲਹਿਰ ਦੇ ਪੈਦਾ ਹੋਣ ਤੋਂ ਪਹਿਲਾਂ, ਟਰੰਪ ਵੱਲੋਂ ਗੁਰਬਾਣੀ ਦਾ ਅਨੁਵਾਦ ਸ਼ੁਰੂ ਕਰਨ ਤੋਂ ਵੀ ਪਹਿਲਾਂ, ਜੇ ਸਿੱਖਾਂ ਵਿਚ ਨਹੀਂ ਤਾਂ ਘੱਟੋ-ਘੱਟ ਦੱਖਣ ਏਸ਼ੀਆਈ ਖਿੱਤੇ ਵਿਚ ਘਟ ਚੁੱਕੀ ਸੀਸਿੱਖ ਬਸਤੀਵਾਦੀ ਅਨੁਵਾਦ ਦੀ ਲਪੇਟ ਵਿਚ ਆਉਣ ਵਾਲੇ ਆਖਰੀ ਲੋਕ ਸਨਸਿੰਘ ਸਭਾ ਲਹਿਰ ਦੇ ਕਰਤੇ-ਧਰਤੇ ਤਾਂ ਅਨਿੰਨ ਸਿੱਖ ਹੋਣ ਦੇ ਬਾਵਜੂਦ, ਜਾਣੇ-ਅਣਜਾਣੇ ਵਿਚ, ਅਨੁਵਾਦ ਦੇ ਇਸ ਅਮਲ ਵਿਚੋਂ ਪੈਦਾ ਕੀਤੇ ਗਏ ਮਾਨਸਿਕ ਧਰਾਤਲ ਦੀ ਨੁਮਾਇੰਦਗੀ ਕਰਦੇ ਸਨ, ਕਿਉਂਕਿ ਇਸ ਮਾਨਸਿਕ ਧਰਾਤਲ ਦਾ ਬਸਤੀਕਰਨ ਪਹਿਲਾਂ ਹੀ ਹੋ ਚੁੱਕਾ ਸੀ, ਕਿਉਂਕਿ ਬਸਤੀਵਾਦੀ ਬਿਰਤਾਂਤ ਤੋਂ ਵੱਖਰੀ ਪਹੁੰਚ ਇਸ ਮਾਨਸਿਕਤਾ ਦੇ ਤਸੱਵਰ ਵਿਚ ਹੀ ਨਹੀਂ ਸੀ, ਇਸ ਲਈ ਇਸ ਦੌਰ ਦੇ ਸਿੱਖ ਵਿਦਵਾਨਾਂ ਨੇ (ਭਾਈ ਵੀਰ ਸਿੰਘ ਤੇ ਪ੍ਰੋ: ਪੂਰਨ ਸਿੰਘ ਨੂੰ ਛੱਡ ਕੇ) ਧਰਮ, ਰਾਜਨੀਤੀ ਤੇ ਕੌਮ ਆਦਿਕ ਬਾਰੇ ਬਸਤੀਵਾਦੀ ਧਾਰਨਾਵਾਂ ਹੀ ਪੁਨਰ ਸਥਾਪਤ ਕੀਤੀਆਂ

ਇੱਥੇ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਸਿੰਘ ਸਭਾ ਦੇ ਸੰਚਾਲਕ ਨੇਕ ਸਿੱਖ ਤੇ ਬੜੇ ਪ੍ਰਤੀਬਧ ਬੰਦੇ ਸਨ ਜੋ ਕਿ ਆਪਣੇ ਕਾਜ ਨੂੰ ਤਨੋਂਮਨੋਂ ਸਮਰਪਿਤ ਸਨਉਹ ਬੱਸ ਇਸ ਗੱਲ ਪ੍ਰਤੀ ਸੁਚੇਤ ਨਹੀਂ ਸਨ ਕਿ ਇਹ ਕਾਜ ਉਨ੍ਹਾਂ ਦਾ ਆਪਣਾ ਸੀ ਜਾਂ ਬਾਕਾਇਦਾ ਗਿਣੇ ਮਿਥੇ ਤਰੀਕੇ ਨਾਲ਼ ਉਨ੍ਹਾਂ ਦੇ ਗਲ਼ ਮੜ੍ਹਿਆ ਗਿਆ ਸੀਭਾਵੇਂ ਕਿ ਅਸੀਂ ਅੱਜ ਤੱਕ ਸਿੰਘ ਸਭਾ ਦੇ ਦੇਣਦਾਰ ਹਾਂ, ਤਾਂ ਵੀ ਇਸ ਵਰਤਾਰੇ ਨੂੰ ਨਵੇਂ ਸਿਰਿਓਂ ਸਮਝਣ ਦੀ ਲੋੜ ਹੈਸਿੰਘ ਸਭਾ ਦੇ ਦੌਰ ਵਿਚ ਸਿੱਖੀ ਦੀ ਵਿਆਖਿਆ ਦੇ ਸਥਾਪਤ ਹੋਏ ਦਾਰਸ਼ਨਿਕ ਆਧਾਰ, ਉਸ ਤੋਂ ਬਾਅਦ ਦੇ ਦੌਰ ਦੇ ਇਤਿਹਾਸ, ਰਾਜਨੀਤੀ, ਧਰਮ ਦੇ ਸਰੂਪ ਨੂੰ ਵਾਰ ਵਾਰ ਤੇ ਵੱਖ ਵੱਖ ਤਰੀਕਿਆਂ ਨਾਲ਼ ਗੰਭੀਰ ਰੂਪ ਵਿਚ ਪ੍ਰਭਾਵਿਤ ਕਰਦੇ ਆ ਰਹੇ ਹਨਇਸ ਲਈ ਅੱਜ ਦੀ ਸਥਿਤੀ ਦੇ ਦਰਪੇਸ਼ ਹੁੰਦਿਆਂ ਇਹ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤੇ ਜਾ ਸਕਦੇ

ਸਿੰਘ ਸਭਾ ਲਹਿਰ ਤੋਂ ਅਗਲੇ ਦੌਰ ਵਿਚ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿਚ, ਸਿੱਖ ਸੰਸਥਾਵਾਂ ਦਾ ਆਧੁਨਿਕੀਕਰਨ ਵਾਕਈ ਸਿੱਖ ਮਾਨਸਿਕਤਾ ਨੂੰ ਨਵੇਂ ਸਾਂਚੇ ਵਿਚ ਢੱਲਣ ਵਿਚ ਕਾਮਯਾਬ ਰਿਹਾਬਸਤੀਵਾਦੀ ਹਾਕਮ ਅੰਗਰੇਜ਼ ਦਾ ਮਨਸ਼ਾ ਹੀ ਇਹ ਸੀ ਕਿ ਸਿੱਖਾਂ ਦੀਆਂ ਪਰੰਪਰਕ ਸੰਸਥਾਵਾਂ ਅਪ੍ਰਸੰਗਕ ਬਣਾ ਦਿੱਤੀਆਂ ਜਾਣਪੱਛਮੀ ਤਰਜ਼ ਦੀਆਂ ਸਿਆਸੀ ਪਾਰਟੀਆਂ ਸਥਾਪਤ ਕਰਕੇ ਲੋਕਾਂ ਨੂੰ ਬਾਕਾਇਦਾ ਅੰਗਰੇਜ਼ੀ ਹਕੂਮਤ ਦੇ ਅਮਲ ਵਿਚ ਹਿੱਸੇਦਾਰ ਬਣਾਇਆ ਜਾਏ ਜਿਸ ਤਹਿਤ ਸੰਘਰਸ਼ ਦਾ ਅਰਥ ਸਿਰਫ ਅੰਗਰੇਜ਼ੀ ਹਕੂਮਤ ਤੋਂ ਕੁੱਝ ਮੰਗਾਂ ਮੰਨਵਾਉਣ ਤੱਕ ਸੀਮਤ ਹੋਵੇਲੋਕ ਅੰਗਰੇਜ਼ੀ ਹਕੂਮਤ ਨੂੰ ਇਕ ਅਟੱਲ ਹਕੀਕਤ ਦੇ ਤੌਰ 'ਤੇ ਮਾਨਤਾ ਦੇ ਕੇ ਹੋਰ ਕਿਸੇ ਬਦਲ ਬਾਰੇ ਸੋਚਣ ਦੀ ਜੁਰਅਤ ਵੀ ਨਾ ਕਰਨ

ਗੁਰਦੁਆਰਾ ਸੁਧਾਰ ਲਹਿਰ ਦੇ ਭਰਵੇਂ ਵੇਗ ਵਿਚੋਂ ਉਭਰ ਕੇ ਸਾਹਮਣੇ ਆਈ ਆਧੁਨਿਕ ਤਰਜ਼ ਦੀ ਪਹਿਲੀ ਸਿੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹ ਹੀ ਸਪੱਸ਼ਟ ਕਰਦੀ ਹੈ ਕਿ ਸਿੰਘ ਸਭਾ ਲਹਿਰ ਦੌਰਾਨ, ਇਸ ਦੇ ਸੰਚਾਲਕਾਂ ਦੀ ਸੁਹਿਰਦਤਾ ਦੇ ਬਾਵਜੂਦ, ਗੁਰਮਤਿ ਦੀ ਜਿਹੜੀ ਵਿਆਖਿਆ ਸਾਹਮਣੇ ਆਈ ਉਹ ਸਿੱਖੀ ਦਾ ਆਧੁਨਿਕ ਮੁਹਾਵਰੇ ਵਿਚ ਕੀਤਾ ਗਿਆ ਅਨੁਵਾਦ ਸੀਸ਼੍ਰੋਮਣੀ ਅਕਾਲੀ ਦਲ ਇਸ ਅਨੁਵਾਦ ਦਾ, ਬਿਰਤਾਂਤ ਤੋਂ ਬਾਅਦ, ਵਰਤਾਰੇ ਵਜੋਂ ਸਾਹਮਣੇ ਆਇਆ ਰੂਪ ਸੀ ਜੋ ਸਿੱਖ ਰਵਾਇਤਾਂ ਦੀ ਨਹੀਂ ਬਲਕਿ ਪੱਛਮੀ ਜਮਹੂਰੀਅਤ ਦੇ ਨਮੂਨੇ ਦੀ ਤਰਜਮਾਨੀ ਕਰਦਾ ਸੀਨਿਰਲੱਜਤਾ ਨੂੰ ਰੂਪਮਾਨ ਕਰਨ ਵਾਲ਼ਾ ਇਹ ਵਰਤਾਰਾ ਉਘੜ ਕੇ ਸਾਹਮਣੇ ਤਾਂ ਗੁਰਦੁਆਰਾ ਐਕਟ ਨੂੰ ਪ੍ਰਵਾਨ ਕਰਨ ਵੇਲ਼ੇ ਹੀ ਆ ਗਿਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਕੀਤਾ ਗਿਆ ਬੱਬਰ ਅਕਾਲੀਆਂ ਦੇ ਹਥਿਆਰਬੰਦ ਸੰਘਰਸ਼ ਦੀ ਨਿਖੇਧੀ ਕਰਨ ਵਾਲ਼ਾ ਮਤਾ ਇਸ ਵਰਤਾਰੇ ਦੀ ਸਿਖਰ ਸੀਇਹ ਸਿਰਫ ਇਕ ਜਮਹੂਰੀਅਤ ਨੂੰ ਪ੍ਰਣਾਈ ਹੋਈ ਪਾਰਟੀ ਵੱਲੋਂ ਹਥਿਆਰਬੰਦ ਸੰਘਰਸ਼ ਦੇ ਖਿਲਾਫ ਲਿਆ ਗਿਆ ਪੈਂਤੜਾ ਨਹੀਂ ਸੀ, ਇਸ ਦਾ ਅਰਥ ਤਾਂ ਇਹ ਸੀ ਕਿ ਅਕਾਲੀ ਸਿਰਫ ਨਾਂ ਦੇ ਹੀ ਅਕਾਲੀ ਰਹਿ ਗਏ ਸਨ, ਅਸਲ ਵਿਚ ਉਨ੍ਹਾਂ ਦੀ ਚੇਤਨਾ ਕਾਲ਼ ਦੇ ਪ੍ਰਭਾਵ ਤਹਿਤ ਚੱਲਣ ਲੱਗੀ ਸੀ()ਕਾਲੀ ਸਿੱਖੀ ਦੀ ਆਧੁਨਿਕ ਵਿਆਖਿਆ ਨੂੰ ਅਮਲ ਵਿਚ ਢਾਲ਼ ਰਹੇ ਸਨਉਹ ਸਿੱਖ ਅਮਲ ਨੂੰ ਵਕਤ ਦੀਆਂ ਮਜਬੂਰੀਆਂ ਦਾ ਮੁਥਾਜ ਬਣਾਉਂਦੇ ਹੋਏ ਉਸ ਦੀਆਂ ਹੱਦਾਂ ਨਿਸਚਿਤ ਕਰ ਰਹੇ ਸਨਅਜਿਹੀ ਪਹੁੰਚ ਲਈ ਅੰਗਰੇਜ਼ੀ ਹਕੂਮਤ, ਬਸਤੀਵਾਦੀ ਬਿਰਤਾਂਤ, ਕੌਮਵਾਦ ਅਤੇ ਪੱਛਮੀ ਜਮਹੂਰੀਅਤ ਸਭ ਅਬਦਲ ਹਕੀਕਤਾਂ ਸਨ ਜਿਨ੍ਹਾਂ ਦੇ ਘੇਰੇ ਵਿਚ ਰਹਿ ਕੇ ਹੀ ਕਿਸੇ ਕਿਸਮ ਦੇ ਸੰਘਰਸ਼ ਜਾਂ ਵਿਰੋਧ ਦੀ ਸੰਭਾਵਨਾ ਚਿਤਵੀ ਜਾ ਸਕਦੀ ਸੀਕੇਵਲ ਅਕਾਲ ਦੀ ਸੱਤਾ ਪ੍ਰਵਾਨ ਕਰਕੇ, ਵਕਤ ਦੇ ਹਾਕਮਾਂ ਨੂੰ ਕੂੜ ਦਾ ਬਿਨਸਨਹਾਰਾ ਰੂਪ ਜਾਣਦੇ ਹੋਏ, ਖਾਲਸੇ ਦੀ ਫਤਿਹ ਨੂੰ ਵਾਹਿਗੁਰੂ ਜੀ ਦੀ ਫਤਿਹ ਮੰਨ ਕੇ ਇਸ ਵਿਚ ਅਟੱਲ ਨਿਸਚਾ ਰੱਖਣਾ ਇਨ੍ਹਾਂ ਨਵੇਂ ()ਕਾਲੀਆਂ ਦੇ ਤਸੱਵਰ ਵਿਚੋਂ ਹੀ ਬਾਹਰ ਸੀਇਨ੍ਹਾਂ ਵਿਚੋਂ ਬਹੁਤਿਆਂ ਦੀ ਭਾਵਨਾ ਦੀ ਸ਼ੁੱਧਤਾ 'ਤੇ ਸ਼ੱਕ ਨਾ ਵੀ ਕਰੀਏ, ਤਾਂ ਵੀ ਮਸਲਾ ਇਹ ਹੈ ਕਿ ਇਸ ਵਰਗ ਦੇ ਮਾਨਸਿਕ ਧਰਾਤਲ ਦਾ ਬਸਤੀਕਰਨ ਹੋ ਚੁੱਕਾ ਸੀ ਜਿਸ ਦੀ ਸ਼ੁਰੂਆਤ ਇਸ ਲਹਿਰ ਦੇ ਚੱਲਣ ਤੋਂ ਬਹੁਤ ਪਹਿਲਾਂ ਹੀ ਹੋ ਚੁੱਕੀ ਸੀਇਹ ਥੀਸਿਸ ਉਤਰ-ਬਸਤੀਵਾਦੀ ਬਿਰਤਾਂਤ ਵਿਚ, ਬਹੁਤ ਸਾਰੀਆਂ ਧਿਰਾਂ ਨਾਲ਼ ਸਬੰਧਤ ਵਿਦਵਾਨਾਂ ਵੱਲੋਂ, ਬਹੁਤ ਸਾਰੇ ਪਹਿਲੂਆਂ ਤੋਂ ਕੀਤੇ ਗਏ ਅਧਿਐਨ ਵਿਚ, ਚੰਗੀ ਤਰ੍ਹਾਂ ਸਥਾਪਤ ਕੀਤਾ ਜਾ ਚੁੱਕਾ ਹੈਸਿੱਖ ਪ੍ਰਸੰਗ ਵਿਚ ਡਾ: ਅਰਵਿੰਦਪਾਲ ਸਿੰਘ ਮੰਡੇਰ ਦੀ ਪਿਛਲੇ ਵਰ੍ਹੇ ਛਪੀ ਕਿਤਾਬ Religion and Specter of the Westies ਇਸ ਸਾਰੇ ਬਿਰਤਾਂਤ 'ਤੇ ਨਵੀਂ ਰੋਸ਼ਨੀ ਪਾਉਂਦੀ ਹੈ

ਦੂਜੇ ਪਾਸੇ ਡਾ: ਬਲਕਾਰ ਸਿੰਘ ਕਹਿ ਰਹੇ ਹਨ ਕਿ ਅਕਾਲੀਅਤ ਕੋਈ ਆਦਰਸ਼ ਸਿਧਾਂਤਕ ਪਹੁੰਚ ਹੈ ਅਤੇ ਅਜੋਕੇ ()ਕਾਲੀਆਂ ਦਾ ਅਮਲ ਹੀ ਇਸ ਤੋਂ ਵੱਖਰਾ ਹੈਡਾ: ਸਾਹਿਬ ਸਪੱਸ਼ਟ ਕਰ ਦੇਣ ਤਾਂ ਉਨ੍ਹਾਂ ਦੀ ਮਿਹਰਬਾਨੀ ਪਰ ਮੇਰੇ ਲਈ ਉਨ੍ਹਾਂ ਦੇ ਇਸ ਦਾਅਵੇ ਦੀ ਕੋਈ ਵੀ ਤੁਕ ਬਣਾਉਣੀ ਔਖੀ ਹੈਮੇਰੀ ਇਹ ਜਾਣਨ ਵਿਚ ਦਿਲਚਸਪੀ ਹੈ ਕਿ ਡਾ: ਬਲਕਾਰ ਸਿੰਘ ਆਧੁਨਿਕਤਾਵਾਦੀ ਪਹੁੰਚ ਦੇ ਆਲੋਚਨਾਤਮਕ ਅਧਿਐਨ ਦੀ ਘਾਟ ਕਰਕੇ ਲਕੀਰ ਦੇ ਫਕੀਰ ਹੋ ਕੇ ਇਸ ਦੀ ਪੈਰਵਾਈ ਕਰ ਰਹੇ ਹਨ ਜਾਂ ਉਤਰਬਸਤੀਵਾਦੀ ਬਿਰਤਾਂਤ ਨਾਲ ਉਨ੍ਹਾਂ ਦੀ ਕੋਈ ਖਾਸ ਅਸਹਿਮਤੀ ਹੈਡਾ: ਬਲਕਾਰ ਸਿੰਘ ਆਪਣੀ ਗੱਲ ਅੱਗੇ ਤੋਰਦੇ ਹੋਏ ਜਾਂ ਆਪਣੇ ਕਾਰਟੀਜ਼ਿਅਨ ਦਵੰਦ ਨੂੰ ਹੋਰ ਉਜਾਗਰ ਕਰਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਥਾਂ ਨਿਸਚਿਤ ਕਰਨ ਦੀ ਕੋਸ਼ਿਸ਼ ਕਰਦੇ ਹਨਉਨ੍ਹਾਂ ਨੂੰ ਸੰਤਾਂ ਦੇ ਪੰਥਕ ਜਾਂ ਸ਼ਹੀਦ ਹੋਣ ਤੇ ਕੋਈ ਇਤਰਾਜ਼ ਨਹੀਂ ਪਰ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਦੀ ਸਿਆਸੀ ਦਲੀਲ ਬਣਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈਡਾ: ਬਲਕਾਰ ਸਿੰਘ ਦੀ ਸਮੁੱਚੀ ਪਹੁੰਚ ਦੇ ਪ੍ਰਸੰਗ ਵਿਚ ਵੇਖਿਆਂ ਅਜਿਹੀ ਸਮੱਸਿਆ ਕੋਈ ਹੈਰਾਨੀ ਵਾਲ਼ੀ ਗੱਲ ਨਹੀਂਉਹ ਆਪਣੀ ਸਾਰੀ ਦਲੀਲ ਬਸਤੀਵਾਦੀ ਬਿਰਤਾਂਤ ਦੇ ਘੇਰੇ ਵਿਚ ਹੀ ਬੁਣ ਰਹੇ ਹਨਜਿਵੇਂ ਕਿ ਅਸੀਂ ਸਪੱਸ਼ਟ ਕਰ ਚੁੱਕੇ ਹਾਂ, ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਮੁੱਚੀ ਸਥਿਤੀ ਤੋਂ ਅਲਹਿਦਗੀ ਵਿਚ ਚੱਲਣ ਵਾਲਾ ਕੋਈ ਅੱਡਰਾ ਵਰਤਾਰਾ ਨਹੀਂਇਹ ਸਿੰਘ ਸਭਾ ਲਹਿਰ ਦੇ ਅਨੁਭਵ ਵਿਚਲੇ ਅਨੁਵਾਦ ਦਾ ਅਮਲ ਵਿਚ ਢਲ ਜਾਣ ਦਾ ਨਤੀਜਾ ਹੈਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਨਾ ਇਸ ਬਿਰਤਾਂਤ ਦੇ ਘੇਰੇ ਨੂੰ ਤੋੜ ਸਕਿਆ ਹੈ ਤੇ ਨਾ ਹੀ ਇਸ ਨੇ ਸਿੱਖਾਂ ਨੂੰ ਕਿਸੇ ਤਣ ਪੱਤਣ ਲਾਉਣ ਦੀ ਕੋਈ ਆਸ ਵਿਖਾਈ ਹੈਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਫਰ ਸ਼ੁਰੂ ਹੀ ਕਿਸੇ ਹੋਰ ਪੜਾਅ ਤੋਂ ਹੁੰਦਾ ਹੈਸਿੱਖੀ ਦੀ ਜਿਹੜੀ ਵਿਆਖਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ਼ ਹੈ, ਉਸ ਬਾਰੇ ਸਾਡੇ ਸਾਰਿਆਂ ਦੇ ਬਹੁਤ ਸਾਰੇ ਨਜ਼ਰੀਏ ਤਾਂ ਹੋ ਸਕਦੇ ਹਨ ਪਰ ਇਕ ਗੱਲ ਜ਼ਰੂਰ ਹੈ ਕਿ ਉਹ ਵਿਆਖਿਆ ਬਸਤੀਵਾਦੀ ਪ੍ਰਵਾਹ ਦੇ ਵਿਚੋਂ ਦੀ ਹੋ ਕੇ ਨਹੀਂ ਆਈ

ਇਸ ਵਿਆਖਿਆ ਪ੍ਰਣਾਲੀ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਇਸ ਨੇ ਆਪਣੇ ਆਪ ਨੂੰ ਕਿਸੇ ਵੀ ਬਸਤੀਵਾਦੀ ਪ੍ਰਭਾਵ ਤੋਂ ਮੁਕਤ ਰੱਖਿਆ ਤੇ ਸਿੱਖ ਦੀ ਆਜ਼ਾਦ ਹਸਤੀ ਨੂੰ ਜਿਉਂਦਿਆਂ ਰੱਖਣ ਦਾ ਸਬੱਬ ਬਣੀਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਆਜ਼ਾਦ ਹਸਤੀ ਦਾ ਪ੍ਰਚੰਡ ਰੂਪ ਜ਼ਾਹਰ ਕਰਦੇ ਹਨਸੰਤਾਂ ਨੇ ਸਥਾਪਤੀ ਦੇ ਕਿਸੇ ਬਿਰਤਾਂਤ ਨੂੰ ਮਾਨਤਾ ਦਿੱਤੇ ਬਗੈਰ ਕਿਸੇ ਪ੍ਰਚਲਤ ਸਿਆਸੀ ਮੁਹਾਵਰੇ ਦੇ ਘੇਰੇ ਵਿਚ ਵਿਚਰਨ ਦੀ ਬਜਾਏ ਸਿੱਖ ਸੰਦਰਭ ਨੂੰ ਆਪਣੇ ਅਹਿਸਾਸ ਵਿਚ ਪਾਲਿਆ ਤੇ ਉਸ ਦੀ ਸਾਰਥਕਤਾ ਦਾ ਦਮ ਭਰਦਿਆਂ ਸਿੱਖਾਂ ਦੀ ਲਹਿਰ ਨੂੰ ਇਕ ਵੱਖਰਾ ਮੁਹਾਵਰਾ ਮੁਹੱਈਆ ਕਰਵਾਇਆਬਿਨਾਂ ਸ਼ੱਕ ਮੂਲ ਰੂਪ ਵਿਚ ਇਹ ਸਿਆਸੀ ਚਿੰਤਨ ਨਹੀਂ ਸੀ ਤੇ ਸਿਆਸੀ ਬਿਰਤਾਂਤ ਪੈਦਾ ਕਰਨਾ ਇਸ ਦਾ ਮੂਲ ਮਨੋਰਥ ਨਹੀਂ ਸੀਇਹ ਤਾਂ ਉਹ ਵਰਤਾਰਾ ਸੀ ਜੋ ਆਪਣੇ ਹੋਣ ਵਿਚ ਚਿੰਤਨ ਤੇ ਗਿਆਨ ਦੀਆਂ ਸੀਮਾਵਾਂ ਨਿਸਚਿਤ ਕਰਦਾ ਸੀ ਤੇ ਚੱਲ ਰਹੇ ਬਿਰਤਾਂਤਾਂ ਨੂੰ ਮਾਨਤਾ ਦੇਣ ਦੀ ਮਜਬੂਰੀ ਨੂੰ ਬੇਤੁਕੀ ਤੇ ਬੇਅਣਖ ਪਹੁੰਚ ਮੰਨਦਾ ਸੀਸੰਤਾਂ ਵੱਲੋਂ ਉਭਾਰ ਕੇ ਲਿਆਂਦਾ ਗਿਆ ਮੁਹਾਵਰਾ, ਅਨੁਵਾਦ ਦੀਆਂ ਪਰੰਪਰਾਵਾਂ ਨੂੰ ਅਹਿਸਾਸ ਨਾਲ ਪਾਰ ਕਰਨ ਵਾਲਾ, ਕਾਲ ਦੇ ਕਹਿਰਵਾਨ ਵੇਗ ਨੂੰ ਤੁੱਛ ਸਮਝਣ ਵਾਲਾ, ਸਿੱਖ ਆਪੇ ਨੂੰ ਇਸ ਦੀ ਨਿਰਮਲਤਾ ਵਿਚ ਵੇਖਣ ਦੀ ਨਜ਼ਰ ਰੱਖਣ ਵਾਲਾ, ਚੜ੍ਹਦੀ ਕਲਾ ਦੀ ਅਵਸਥਾ ਨੂੰ ਰੂਪਮਾਨ ਕਰਨ ਵਾਲਾ ਮੁਹਾਵਰਾ ਸੀਇਹ ਕੇਵਲ ਸਿਆਸੀ ਬਿਰਤਾਂਤ ਹੈ ਹੀ ਨਹੀਂ ਸੀਸਿੱਖੀ ਵਿਚ ਧਰਮ ਤੇ ਸਿਆਸਤ ਦੋ ਅੱਡ ਅੱਡ ਇਕਾਈਆਂ ਨਹੀਂ ਹਨ, ਸਗੋਂ ਧਰਮ ਦੀ ਜ਼ਿੰਦਗੀ ਦੇ ਕੁੱਲ ਪਹਿਲੂਆਂ ਨੂੰ ਕਲਾਵੇ ਵਿਚ ਲੈਣ ਵਾਲੀ ਪਹੁੰਚ ਵਿਚੋਂ ਸਿਆਸਤ ਇਕ ਪ੍ਰਗਟਾਵੇ ਦੇ ਰੂਪ ਵਿਚ ਹੀ ਸਾਹਮਣੇ ਆਉਂਦੀ ਹੈਠੀਕ ਇਸੇ ਤਰ੍ਹਾਂ ਸੰਤਾਂ ਨੇ ਸਿੱਖੀ ਦੀ ਅਨੁਵਾਦਾਂ ਵਿਚ ਗੁੰਮ ਕੀਤੀ ਸੁਰ ਇਸ ਦੀ ਤਾਜ਼ਗੀ ਵਿਚ ਅਨੁਭਵ ਕਰਕੇ ਜਜ਼ਬਾਤ ਦੀ ਸ਼ਿੱਦਤ ਦੀ ਹਰ ਸਿਖਰ ਨੂੰ ਛੁਹਣ ਵਾਲਾ ਇਕ ਅਲਾਪ ਲਿਆ ਜਿਸ ਨੇ ਪੰਥ ਦੀ ਸੁਰਤ ਵਿਚ ਸਲਾਮਤ ਪਰ ਡੂੰਘੀਆਂ ਦੱਬੀਆਂ ਸੁਰਾਂ ਦੇ ਪ੍ਰਗਟਾਅ ਤੇ ਵਿਗਾਸ ਲਈ ਨਵੇਂ ਦਿਸਹੱਦਿਆਂ ਦੀ ਦੱਸ ਪਾਈਧਰਮ ਦਾ ਰੰਗ ਇਸ ਦੇ ਪੂਰੇ ਜਲਾਲ ਵਿਚ ਉਜਾਗਰ ਕੀਤਾ ਗਿਆਸਿਆਸੀ ਬਿਰਤਾਂਤ ਇਸ ਦੇ ਨਤੀਜੇ ਦੇ ਤੌਰ 'ਤੇ ਜ਼ਾਹਰ ਹੋ ਗਿਆਇਸ ਅਹਿਸਾਸ ਦੀ ਬਿਰਤਾਂਤ ਦੇ ਰੂਪ ਵਿਚ ਇਕ ਪੇਸ਼ਕਾਰੀ ਲਗਭਗ ਉਸੇ ਦੌਰ ਵਿਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੀ 'ਸਹਿਜੇ ਰਚਿਓ ਖਾਲਸਾ' ਦੇ ਰੂਪ ਵਿਚ ਸਾਹਮਣੇ ਆਈ ਹੈ'ਸਹਿਜੇ ਰਚਿਓ ਖਾਲਸਾ' ਦੇ ਰੂਪ ਵਿਚ ਆਏ ਇਸ ਬਿਰਤਾਂਤ ਨਾਲ ਸਹਿਮਤੀ ਰੱਖੀਏ ਜਾਂ ਅਸਹਿਮਤੀ ਪਰ ਇਹ ਬਿਨਾਂ ਸ਼ੱਕ ਗੰਭੀਰ ਦਾਰਸ਼ਨਿਕ ਬਿਰਤਾਂਤ ਹੈ ਜੋ ਭਵਿੱਖ ਦੇ ਸਿੱਖ ਚਿੰਤਨ ਲਈ ਨਜ਼ਰਅੰਦਾਜ਼ ਕਰਨਾ ਸੰਭਵ ਨਹੀਂ ਹੋਵੇਗਾ ਭਾਵੇਂ ਨਵਾਂ ਸਿੱਖ ਚਿੰਤਨ ਇਸ ਨਾਲੋਂ ਅਸਲੋਂ ਹੀ ਵੱਖਰੇ ਨੁਕਤਿਆਂ ਤੋਂ ਸ਼ੁਰੂ ਹੁੰਦਾ ਹੈ

ਇਸ ਤਰ੍ਹਾਂ ਸੰਤਾਂ ਵੱਲੋਂ ਲਾਈ ਜਾਗ ਦੇ ਸਿੱਟੇ ਵਜੋਂ ਨਵਾਂ ਸਿੱਖ (ਸਿਆਸੀ) ਚਿੰਤਨ ਪੈਦਾ ਹੋ ਰਿਹਾ ਹੈ ਪਰ ਇਸ ਨੂੰ ਪੜ੍ਹਨ ਤੇ ਸਮਝਣ ਲਈ ਡਾ: ਬਲਕਾਰ ਸਿੰਘ ਨੂੰ ਆਪਣੇ ਕਾਰਟੀਜ਼ਿਅਨ ਦਵੰਦ ਤੋਂ ਮੁਕਤੀ ਹਾਸਲ ਕਰਨ ਦੀ ਲੋੜ ਪਵੇਗੀਬਸਤੀਵਾਦੀ ਬਿਰਤਾਂਤ ਦੀ ਸਰਦਾਰੀ ਵੇਲਾ ਵਿਹਾ ਚੁੱਕੀ ਹੈਲੋਕਾਂ ਦੇ ਆਜ਼ਾਦ ਆਪੇ ਵਿਚੋਂ ਉਮ੍ਹਲਦੀਆਂ ਆਜ਼ਾਦ ਤਰੰਗਾਂ ਨੇ ਆਪਣੇ ਦਿਸਹੱਦੇ ਤਲਾਸ਼ ਹੀ ਲੈਣੇ ਹਨ

(ਪ੍ਰਭਸ਼ਰਨਦੀਪ ਸਿੰਘ - ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ )