ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਅਪਣਾਈਏ


ਗੁਰੂ ਨਾਨਕ ਸਾਹਿਬ ਜੀ ਦੀ ਮਨੁੱਖਤਾਵਾਦੀ ਵਿਚਾਰਧਾਰਾ ਨੇ ਸਮਾਜ ਨੂੰ ਜੀਵਨ ਜਿਉਣ ਦਾ ਅਜਿਹਾ ਸੰਕਲਪ ਦਿੱਤਾ ਹੈ ਜਿਸ ਅਨੁਸਾਰ ਹਰ ਮਨੁੱਖ ਕਿਤਰ ਕਰਦਿਆਂ ਹੀ ਪ੍ਰਭੂ ਦੀ ਯਾਦ ਵਿਚ ਵਿਚਰ ਕੇ ਪ੍ਰਮਾਤਮਾ ਨਾਲ ਅਭੇਦ ਹੋ ਸਕਦਾ ਹੈ। ਗੁਰੂ ਕਾਲ ਸਮੇਂ ਅਤੇ ਬਹੁਤ ਹੱਦ ਤੱਕ ਅੱਜ ਵੀ ਭਾਰਤ ਦੇਸ਼ ਵਿਚ ਮਨੁੱਖੀ ਭਿੰਨਤਾ ਸਮਾਜ ਲਈ ਕਲੰਕ ਰਹੀ ਹੈ, ਇਸ ਭਿੰਨਤਾ ਦੇ ਸਿਰਜਕਾਂ ਨੇ ਆਪਣੇ ਲਾਭਾਂ ਲਈ ਜੋ ਸਮਾਜਿਕ ਕਾਨੂੰਨ ਦੇ ਨਿਯਮ ਤਹਿ ਕੀਤੇ ਸਨ ਉਹ ਹਰ ਮਨੁੱਖ ਨੂੰ ਰੱਬ ਦੇ ਭੈਅ ਦੀ ਥਾਂ ਪੁਜਾਰੀ ਵਰਗ ਜਾਂ ਹੁਕਮਰਾਨਾਂ ਦੀ ਬਾਦਸ਼ਾਹਤ ਨੂੰ ਕਬੂਲ ਕਰ ਲੈਣ ਦੇ ਹਾਮੀ ਸਨ ਭਾਵੇਂ ਕਿ ਇਸ ਧੱਕੇਸ਼ਾਹੀ ਨਾਲ ਮਨੁੱਖੀ ਜ਼ਿੰਦਗੀਆਂ ਨੂੰ ਪਸ਼ੂਆਂ ਨਾਲੋਂ ਵੀ ਭੈੜੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਿਉਂ ਨਾ ਹੋਣਾ ਪਵੇ। ਇਸੇ ਗੈਰਸਮਾਜਿਕ ਕਾਨੂੰਨ ਦੀ ਧੱਕੇਸ਼ਾਹੀ ਵਿਰੁੱਧ ਸਿੱਖ ਵਿਚਾਰਧਾਰਾ ਨੇ ਜਦੋਂ ਸਮਾਜ ਪੱਖੀ ਅਵਾਜ਼ ਬੁਲੰਦ ਕੀਤੀ ਤਾਂ ਸਦੀਆਂ ਤੋਂ ਗੁਲਾਮਾਂ ਦਾ ਜੀਵਨ ਬਤੀਤ ਕਰ ਰਹੀ ਭਾਰਤੀ ਲੋਕਾਈ ਵਿਚ ਚੇਤਨਤਾ ਦੀ ਇਕ ਲਹਿਰ ਖੜ੍ਹੀ ਹੋ ਗਈ ਜਿਸ ਨੂੰ ਭਾਰਤੀ ਬਹੁਗਿਣਤੀ ਸਮਾਜ ਆਪਣੇ ਲਈ ਇਕ ਵੰਗਾਰ ਸਮਝਦਾ ਸੀ। ਉਹਨਾਂ ਨੇ ਉਸ ਸਮੇਂ ਤੋਂ ਹੀ ਗੁਰੂ ਨਾਨਕ ਸਾਹਿਬ ਦੀ ਭੈਅ-ਮੁਕਤ ਜੀਵਨਧਾਰਾ ਨੂੰ ਮੁੜ ਆਪਣੇ ਪੁਜਾਰੀਵਾਦ ਦੇ ਭੈਅ ਹੇਠ ਲਿਆਉਣ ਲਈ ਸਰਗਰਮੀਆਂ ਚਾਲੂ ਕਰ ਦਿੱਤੀਆਂ ਜੋ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ। ਤਸੱਲੀ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਿੱਖਾਂ ਪਾਸ ਗੁਰਬਾਣੀ ਦੇ ਰੂਪ ਵਿਚ ਇਕ ਅਜਿਹੀ ਪੂੰਜੀ ਦਾ ਖਜ਼ਾਨਾ ਹੈ ਜੋ ਸਾਨੂੰ ਅਧਿਆਤਮਿਕ ਤੌਰ 'ਤੇ ਗਰੀਬ ਹੋਣ ਤੋਂ ਹਮੇਸ਼ਾ ਬਚਾਉਂਦਾ ਰਿਹਾ ਹੈ। ਅੱਜ ਵੀ ਜੇ ਸਿੱਖ ਹਰ ਪਾਸੇ ਤੋਂ ਹੋ ਰਹੇ ਹਮਲਿਆਂ ਤੋਂ ਬਚ ਰਹੇ ਹਨ ਤਾਂ ਇਸਦਾ ਇਕੋ ਇਕ ਕਾਰਨ ਗੁਰਬਾਣੀ ਦੇ ਰੂਪ ਵਿਚ ਸਾਡੇ ਪਾਸ ਸ਼ੁੱਧ ਗੁਰਬਾਣੀ ਦਾ ਹੋਣਾ ਹੈ ਜਿਸ ਦੇ ਅਧਾਰ 'ਤੇ ਅਸੀਂ ਦੁਬਿਧਾ ਦੇ ਹਰ ਸਵਾਲ ਨੂੰ ਆਪਣੇ ਆਪ ਹੱਲ ਕਰਨ ਦੇ ਸਮਰੱਥ ਹੋ ਜਾਂਦੇ ਹਾਂ।
ਸਿੱਖ ਵਿਚਾਰਧਾਰਾ ਨੂੰ ਧੁੰਦਲਾ ਕਰ ਦੇਣ ਵਾਲੀਆਂ ਬਹੁਗਿਣਤੀ ਤਾਕਤਾਂ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਜੇ ਸਿੱਖਾਂ ਵਿਚ ਅਧਿਆਤਮਿਕ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਤਾਂ ਸਦੀਆਂ ਤੋਂ ਚੱਲ ਰਹੀ ਉਹਨਾਂ ਦੀ ਸਿੱਧੀ ਜਾਂ ਅਸਿੱਧੀ ਜੰਗ ਜਿੱਤ ਵਿਚ ਬਦਲ ਸਕਦੀ ਹੈ। ਇਸ ਲਈ ਹੁਣ ਇਹਨਾਂ ਸਿੱਖ ਵਿਰੋਧੀ ਤਾਕਤਾਂ ਦਾ ਸਾਰਾ ਜ਼ੋਰ ਸਿੱਖਾਂ ਨੂੰ ਗੁਰਬਾਣੀ ਨਾਲੋਂ ਪਾਸੇ ਕਰਨ 'ਤੇ ਲੱਗਿਆ ਹੋਇਆ ਹੈ। ਸਿੱਖਾਂ ਵਿਚ ਗਰੀਬ ਵਰਗ ਨੂੰ ਗੁਰਬਾਣੀ ਤੋਂ ਪਾਸੇ ਕਰਨ ਲਈ ਅਜਿਹੇ ਡੇਰੇ ਪੈਦਾ ਕੀਤੇ ਜਾ ਚੁੱਕੇ ਹਨ ਜੋ ਭਾਵੇਂ ਦੇਖਣ ਨੂੰ ਇਹ ਸਿੱਖ ਸ਼ਕਲਾਂ ਵਾਲੇ ਅਤੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਹਨ ਪਰ ਅਸਲ ਵਿਚ ਇਹ ਗੁਰਬਾਣੀ ਦੇ ਮੂਲ ਸਿਧਾਂਤ ਨਾਲੋਂ ਹਟ ਕੇ ਸ਼ਬਦਾਂ ਦੀ ਅਜਿਹੀ ਮਨ-ਆਈ ਵਿਆਖਿਆ ਕਰਦੇ ਹਨ ਜਿਸ ਦਾ ਆਮ ਕਿਰਤੀ ਲੋਕਾਂ ਨੂੰ ਛੇਤੀ ਕਿਤੇ ਪਤਾ ਹੀ ਨਹੀਂ ਲੱਗਦਾ। ਉਹ ਇਹ ਸਮਝਦੇ ਹਨ ਕਿ ਸਗੋਂ ਇਹ ਕਥਿਤ ਸੰਤ ਹੀ ਸਾਨੂੰ ਅਸਲ ਗੁਰੂ ਨਾਨਕ ਸਾਹਿਬ ਦੀ ਗੱਲ ਸਮਝਾਉਣ ਦੇ ਕਾਬਲ ਹੈ। ਰਾਜਨੀਤਕ ਤੌਰ 'ਤੇ ਕਮਿਊਨਿਸਟ ਲਹਿਰ ਨੇ ਵੀ ਗੁਰਬਾਣੀ ਦੀ ਵਰਤੋਂ ਇੰਨੇ ਖੁਸ਼ਕ ਢੰਗ ਨਾਲ ਕੀਤੀ ਹੈ ਜਿਸ ਵਿਚ ਸ਼ਰਧਾ-ਭਾਵਨਾ ਦੀ ਗੱਲ ਨੂੰ ਖਤਮ ਕਰ ਦਿੱਤਾ ਗਿਆ ਹੈ ਇਹ ਯਤਨ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ।
ਇਸੇ ਤਰ੍ਹਾਂ ਸਿੱਖਾਂ ਦੇ ਆਰਥਿਕ ਤੌਰ 'ਤੇ ਅਮੀਰ ਵਰਗ ਨੂੰ ਗੁਰੂ ਨਾਨਕ ਸੰਕਲਪ ਤੋਂ ਪਾਸੇ ਕਰਨ ਲਈ ਜਿੱਥੇ ਵੱਖਰੇ ਅਮੀਰੀ ਸ਼ਾਨ ਵਾਲੇ ਡੇਰੇ ਸਥਾਪਿਤ ਕੀਤੇ ਗਏ ਹਨ ਉਥੇ ਇਹਨਾਂ ਸਿੱਖਾਂ ਨੂੰ ਨਸ਼ੇ ਵੱਲ ਰੁਚਿਤ ਕਰਨ ਅਤੇ ਗੈਰ ਇਖਲਾਕੀ ਕੰਮਾਂ ਵੱਲ ਪ੍ਰੇਰਿਤ ਕਰਨ ਲਈ ਯਤਨ ਜਾਰੀ ਹਨ। ਸਿੱਖਾਂ ਦਾ ਮੱਧ ਵਰਗੀ ਹਿੱਸਾ ਇਨ੍ਹਾਂ ਦੋਨਾਂ ਢੰਗਾਂ ਨਾਲ ਵਿਛਾਏ ਜਾਲ ਵਿਚ ਆਪਣੇ ਆਪ ਫਸ ਰਿਹਾ ਹੈ।
ਅਸੀਂ ਪਿੱਛੇ ਵਿਚਾਰ ਕਰ ਆਏ ਹਾਂ ਕਿ ਸਿੱਖ ਵਿਰੋਧੀ ਬਹੁਗਿਣਤੀ ਤਾਕਤਾਂ ਦਾ ਸਾਰਾ ਜ਼ੋਰ ਹੁਣ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਨ 'ਤੇ ਲੱਗਿਆ ਹੋਇਆ ਹੈ ਇਸੇ ਮਕਸਦ ਲਈ ਸਿੱਖਾਂ ਨੂੰ ਗੁਰੂ ਪ੍ਰਤੀ ਸ਼ਰਧਾ ਭਾਵਨਾ ਤੋਂ ਪਾਸੇ ਕਰਨ ਲਈ ਸਿੱਖ ਸਿਧਾਂਤ ਦੇ ਨਾਮ 'ਤੇ ਨਵੇਂ ਸੰਕਲਪ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਦਿਖਾਵੇ ਦੇ ਤੌਰ 'ਤੇ ਗੁਰੂਘਰਾਂ ਵਿਚ ਮੱਥਾ ਟੇਕਣ ਜਾਣਾ, ਘਰਾਂ ਵਿਚ 'ਜਾਪ' ਵਰਗੇ ਪ੍ਰੋਗਰਾਮਾਂ ਦੀ ਸ਼ੁਰੂਆਤ, ਸਰੀਰਕ ਸੁੱਖ ਵਾਲੀਆਂ ਵਸਤਾਂ ਦੀ ਭੇਟਾ ਲੈ ਕੇ ਦਾਨ ਵਰਗੇ ਸੰਕਲਪ ਨਾਲ ਜੋੜਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਹੋਰ ਰਚਨਾਵਾਂ ਨੂੰ ਮਾਨਤਾ ਦਿਵਾਉਣਾ, ਸਿੱਖ ਕੌਮ ਦਾ ਬੇਅਥਾਹ ਪੈਸਾ ਬੇਲੋੜੇ ਭੋਜਨ ਪਦਾਰਥਾਂ 'ਤੇ ਖਰਚ ਕਰਨ ਅਤੇ ਸੋਹਣੀ ਦਿਖ ਵਾਲੀਆਂ ਇਮਾਰਤਾਂ 'ਤੇ ਖਰਚ ਕਰਨਾ ਸ਼ਾਮਲ ਹੈ। ਇਹਨਾਂ ਬੁਰੀਆਂ ਚਾਲਾਂ ਤੋਂ ਇਲਾਵਾ ਸਿੱਖਾਂ ਨੂੰ ਆਰਥਿਕ ਵਸੀਲਿਆਂ ਨੂੰ ਕਮਜ਼ੋਰ ਕਰਕੇ ਕੌਮ ਨੂੰ ਗਰੀਬੀ ਵੱਲ ਧੱਕਣ ਅਤੇ ਸਿੱਖ ਬੱਚਿਆਂ ਵਿਚ ਉੱਚ ਪੱਧਰੀ ਪੜ੍ਹਾਈ ਦੀ ਅਣਹੋਂਦ ਨੂੰ ਬਣਾਈ ਰੱਖਣਾ ਵੀ ਇਕ ਨੀਤੀ ਵਜੋਂ ਵਰਤਿਆ ਜਾ ਰਿਹਾ ਹਥਿਆਰ ਹੈ। ਇਹਨਾਂ ਸਾਰੇ ਹਮਲਿਆਂ ਦੀ ਟੱਕਰ ਵਜੋਂ ਸਾਡੇ ਪਾਸ ਇਕੋ ਇਕ ਮਜ਼ਬੂਤ ਹਥਿਆਰ ਗੁਰਬਾਣੀ ਹੀ ਹੈ ਜੋ ਸਾਨੂੰ ਮੁੜ ਸਿੱਖੀ ਦੀ ਲੀਹ 'ਤੇ ਚਾੜ੍ਹੀ ਰੱਖਦੀ ਹੈ। ਇਸੇ ਗੁਰਬਾਣੀ ਦੇ ਪ੍ਰਤਾਪ ਕਰਕੇ ਅਸੀਂ ਹਰ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਤਾਂ ਹੋ ਹੀ ਜਾਂਦੇ ਹਾਂ ਨਾਲੋਂ ਨਾਲ ਅਸੀਂ ਆਪਣੇ ਜੀਵਨ ਦੇ ਮੁੱਖ ਮਨੋਰਥ ਨੂੰ ਸਮਝਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਜ਼ਿੰਦਗੀ ਦਾ ਸਮਤੋਲ ਬਣਾਈ ਰੱਖਣ 'ਚ ਸਫਲ ਰਹਿ ਸਕਦੇ ਹਾਂ। ਇਸ ਲਈ ਸਾਨੂੰ ਮੁੱਖ ਲੋੜ ਇਹ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੇ ਮਨੁੱਖਤਾਵਾਦੀ ਵਿਚਾਰਾਂ ਨੂੰ ਗੁਰਬਾਣੀ ਰਾਹੀਂ ਸਮਝ ਕੇ ਆਪਣੇ ਜੀਵਨ 'ਚ ਲਾਗੂ ਕਰਨ ਦਾ ਪ੍ਰਣ ਕਰੀਏ ਅਤੇ ਸਰੀਰਕ ਸੁੱਖ-ਸਹੂਲਤਾਂ ਦੀ ਥਾਂ ਮਾਨਸਿਕਤਾ ਦਾ ਇਸਨਾਨ ਕਰਕੇ ਤਰੋ-ਤਾਜ਼ਾ ਰਹਿ ਸਕਣ ਦਾ ਸੁਭਾਅ ਬਣਾਈਏ।